ਕੇਂਦਰੀ ਰਿਪੋਰਟ
ਗੁਰੂ ਉਡੀਕ ਰਹੇ ਨੇ ਸ਼ਿਸ਼…!
ਚਰਨਜੀਤ ਭੁੱਲਰ
ਚੰਡੀਗੜ੍ਹ : ਪੰਜਾਬ ’ਚ ਕਰੀਬ 15 ਸਕੂਲ ਅਜਿਹੇ ਹਨ ਜਿਨ੍ਹਾਂ ’ਚ ਕੋਈ ਪੜ੍ਹਨ ਵਾਲਾ ਹੀ ਨਹੀਂ ਹੈ ਜਦੋਂਕਿ ਪੜ੍ਹਾਉਣ ਵਾਲੇ 35 ਅਧਿਆਪਕ ਤਾਇਨਾਤ ਹਨ। ਹਰ ਸਕੂਲ ਵਿੱਚ ਔਸਤਨ ਤਿੰਨ ਅਧਿਆਪਕਾਂ ਦੀ ਤਾਇਨਾਤੀ ਹੈ ਪਰ ਇਨ੍ਹਾਂ ਅਧਿਆਪਕਾਂ ਕੋਲ ਪੜ੍ਹਨ ਵਾਲਾ ਕੋਈ ਬੱਚਾ ਹੀ ਨਹੀਂ ਹੈ। ਕੇਂਦਰੀ ਸਿੱਖਿਆ ਮੰਤਰਾਲੇ ਦੀ ਸਾਲ 2023-24 ਦੀ ਤਾਜ਼ਾ ਰਿਪੋਰਟ ’ਚ ਇਹ ਤੱਥ ਉਭਰੇ ਹਨ ਪਰ ਇਸ ’ਚ ਇਹ ਖ਼ੁਲਾਸਾ ਨਹੀਂ ਕੀਤਾ ਗਿਆ ਕਿ ਬਿਨਾਂ ਵਿਦਿਆਰਥੀਆਂ ਵਾਲੇ ਸਕੂਲ ਸਰਕਾਰੀ ਹਨ ਜਾਂ ਪ੍ਰਾਈਵੇਟ? ਸੂਤਰਾਂ ਮੁਤਾਬਕ ਕੋਈ ਪ੍ਰਾਈਵੇਟ ਅਦਾਰਾ ਬਿਨਾਂ ਬੱਚਿਆਂ ਤੋਂ ਅਧਿਆਪਕਾਂ ਨੂੰ ਤਨਖ਼ਾਹ ਨਹੀਂ ਦੇਵੇਗਾ। ਪੰਜਾਬ ਵਿੱਚ ਕੁੱਲ 27,404 ਸਕੂਲ (ਸਰਕਾਰੀ, ਸਹਾਇਤਾ ਪ੍ਰਾਪਤ ਤੇ ਪ੍ਰਾਈਵੇਟ) ਹਨ ਜਿਨ੍ਹਾਂ ’ਚੋਂ ਉਪਰੋਕਤ ਬਿਨਾਂ ਵਿਦਿਆਰਥੀਆਂ ਵਾਲੇ ਸਕੂਲਾਂ ਦੀ ਸ਼ਨਾਖ਼ਤ ਹੋਈ ਹੈ। ਸਾਲ 2022-23 ਦੀ ਪਿਛਲੀ ਰਿਪੋਰਟ ’ਚ ਬਿਨਾਂ ਵਿਦਿਆਰਥੀਆਂ ਵਾਲੇ ਸਕੂਲਾਂ ਦੀ ਗਿਣਤੀ ਛੇ ਸੀ ਜਿਨ੍ਹਾਂ ’ਚ 20 ਅਧਿਆਪਕਾਂ ਦੀ ਤਾਇਨਾਤੀ ਸੀ। ਇੱਕ ਸਾਲ ’ਚ ਬਿਨਾਂ ਬੱਚਿਆਂ ਵਾਲੇ ਸਕੂਲਾਂ ਦੀ ਗਿਣਤੀ 15 ਜਦਕਿ ਅਧਿਆਪਕਾਂ ਦੀ ਗਿਣਤੀ 35 ਹੋ ਗਈ ਹੈ।
ਹਰਿਆਣਾ ਇਸ ਮਾਮਲੇ ’ਚ ਪੰਜਾਬ ਤੋਂ ਅੱਗੇ ਹੈ ਜਿੱਥੇ ਤਾਜ਼ਾ ਰਿਪੋਰਟ ਅਨੁਸਾਰ 81 ਸਕੂਲ ਬਿਨਾਂ ਵਿਦਿਆਰਥੀਆਂ ਤੋਂ ਹਨ ਜਿਨ੍ਹਾਂ ’ਚ 178 ਅਧਿਆਪਕ ਵੀ ਤਾਇਨਾਤ ਹਨ। ਕੇਂਦਰੀ ਮੰਤਰਾਲੇ ਦੀ ਰਿਪੋਰਟ ਅਨੁਸਾਰ ਦਸ ਅਧਿਆਪਕ ਔਸਤਨ ਪ੍ਰਤੀ ਸਕੂਲ ਹਨ ਅਤੇ ਵਿਦਿਆਰਥੀ-ਅਧਿਆਪਕ ਅਨੁਪਾਤ ਵੀ 22 ਦਾ ਹੈ। ਇਸੇ ਤਰ੍ਹਾਂ ਔਸਤਨ 219 ਵਿਦਿਆਰਥੀ ਪ੍ਰਤੀ ਸਕੂਲ ਹਨ। ਜੇ ਪੂਰੇ ਦੇਸ਼ ’ਤੇ ਨਜ਼ਰ ਮਾਰੀਏ ਤਾਂ ਭਾਰਤ ’ਚ 1,10,971 ਸਕੂਲ ਅਜਿਹੇ ਹਨ ਜਿਨ੍ਹਾਂ ਵਿੱਚ ਸਿਰਫ਼ ਇੱਕ ਅਧਿਆਪਕ ਹੈ ਜਦਕਿ ਸਾਲ 2022-23 ਵਿੱਚ ਅਜਿਹੇ ਸਕੂਲਾਂ ਦਾ ਅੰਕੜਾ 1,18,190 ਸੀ। ਸਾਲ ਵਿੱਚ 7219 ਇੱਕ ਅਧਿਆਪਕ ਵਾਲੇ ਸਕੂਲਾਂ ਦੀ ਕਟੌਤੀ ਹੋਈ ਹੈ। ਇੱਕ ਅਧਿਆਪਕ ਵਾਲੇ ਸਕੂਲਾਂ ਵਿੱਚ ਮੱਧ ਪ੍ਰਦੇਸ਼ ਦੀ ਝੰਡੀ ਹੈ ਜਿੱਥੇ ਸਭ ਤੋਂ ਵੱਧ 13,198 ਸਕੂਲਾਂ ’ਚ ਇੱਕ-ਇੱਕ ਅਧਿਆਪਕ ਹਨ ਜਦੋਂਕਿ ਦੂਜੇ ਨੰਬਰ ’ਤੇ ਆਂਧਰਾ ਪ੍ਰਦੇਸ਼ ਹੈ ਜਿੱਥੇ 12,611 ਸਕੂਲਾਂ ਵਿੱਚ ਇੱਕ-ਇੱਕ ਅਧਿਆਪਕ ਹੈ। ਕੋਈ ਵੀ ਸਰਕਾਰ ਸਕੂਲਾਂ ਵਿੱਚ ਅਧਿਆਪਕਾਂ ਦੀ ਪੂਰਤੀ ਕਰਨ ਵਿੱਚ ਸਫ਼ਲ ਨਹੀਂ ਹੋਈ ਹੈ। ਪੰਜਾਬ ਦੇ ਸਕੂਲਾਂ ’ਚ ਕੁੱਲ 2.73 ਲੱਖ ਅਧਿਆਪਕ ਹਨ ਜਿਨ੍ਹਾਂ ਵਿੱਚੋਂ 1.26 ਲੱਖ ਅਧਿਆਪਕ ਸਰਕਾਰੀ ਸਕੂਲਾਂ ’ਚ ਹਨ।
ਪੰਜਾਬ ਦੇ ਕੁੱਲ 27,404 ਸਕੂਲਾਂ ਵਿੱਚ ਸਾਲ 2023-24 ਦੌਰਾਨ 59.88 ਲੱਖ ਬੱਚੇ ਪੜ੍ਹਦੇ ਸਨ। ਪੰਜਾਬ ਵਿੱਚ ਕੁੱਲ 13,468 ਪ੍ਰਾਇਮਰੀ ਸਕੂਲ ਹਨ। ਦੇਖਿਆ ਜਾਵੇ ਤਾਂ ਪੰਜਾਬ ਵਿੱਚ ਬੀ.ਐੱਡ ਬੇਰੁਜ਼ਗਾਰ ਅਧਿਆਪਕਾਂ ਦੀ ਵੱਡੀ ਗਿਣਤੀ ਹੈ ਪਰ ਸਰਕਾਰ ਵੱਲੋਂ ਰੈਗੂਲਰ ਭਰਤੀ ਤੇਜ਼ੀ ਨਾਲ ਨਹੀਂ ਕੀਤੀ ਜਾ ਰਹੀ। ਸੂਤਰਾਂ ਅਨੁਸਾਰ ਬਿਨਾਂ ਬੱਚਿਆਂ ਵਾਲੇ ਸਕੂਲਾਂ ਵਿੱਚ ਅਧਿਆਪਕਾਂ ਦੀਆਂ ਅਸਾਮੀਆਂ ਵੀ ਪ੍ਰਵਾਨਿਤ ਹਨ ਪਰ ਇਨ੍ਹਾਂ ਵਿੱਚ ਬੱਚੇ ਨਹੀਂ ਹਨ। ਰਿਪੋਰਟ ਅਨੁਸਾਰ ਪੰਜਾਬ ਵਿੱਚ ਸਾਲ 2023-24 ’ਚ ਅਜਿਹੇ 2,092 ਸਕੂਲਾਂ ਦੀ ਵੀ ਸ਼ਨਾਖ਼ਤ ਹੋਈ ਹੈ ਜਿਨ੍ਹਾਂ ਵਿੱਚ ਸਿਰਫ਼ ਇੱਕ-ਇੱਕ ਅਧਿਆਪਕ ਕੰਮ ਕਰ ਰਿਹਾ ਹੈ। ਇਨ੍ਹਾਂ ਸਕੂਲਾਂ ਵਿੱਚ 69,532 ਵਿਦਿਆਰਥੀ ਪੜ੍ਹ ਰਹੇ ਹਨ। ਸਾਲ 2022-23 ਵਿੱਚ ਅਜਿਹੇ ਸਕੂਲਾਂ ਦੀ ਗਿਣਤੀ 2,311 ਸੀ ਜੋ ਐਤਕੀਂ ਘਟ ਗਈ ਹੈ। ਪੰਜਾਬ ਵਿੱਚ ਬੱਚਿਆਂ ਦੀ ਗਿਣਤੀ ਦੇ ਲਿਹਾਜ਼ ਨਾਲ ਅਧਿਆਪਕਾਂ ਦੀ ਭਰਤੀ ਦੀ ਦਰ ’ਚ ਵਾਧਾ ਨਹੀਂ ਹੋ ਰਿਹਾ।
No comments:
Post a Comment