Tuesday, January 21, 2025

                                        ਟੋਏ-ਟੋਏ ’ਤੇ ਤੋਏ-ਤੋਏ
                                                        ਚਰਨਜੀਤ ਭੁੱਲਰ  

ਚੰਡੀਗੜ੍ਹ : ਬੋਲਣਾ ਇੱਕ ਕਲਾ ਹੈ, ਚੁੱਪ ਰਹਿਣਾ ਉਸ ਤੋਂ ਵੱਡੀ ਕਲਾ। ਕਿਤੇ ਇਹ ਗੱਲ ਭਾਜਪਾਈ ਰਮੇਸ਼ ਬਿਧੂੜੀ ਪੱਲੇ ਬੰਨ੍ਹ ਲੈਂਦਾ ਤਾਂ ਦਿੱਲੀ ਚੋਣਾਂ ’ਚ ਤੋਏ-ਤੋਏ ਨਹੀਂ ਹੋਣੀ ਸੀ। ਆਖ਼ਰ ਬਿਧੂੜੀਪੁਣਾ ਦਿਖਾ ਹੀ ਗਿਆ। ਦਿੱਲੀ ਦੀਆਂ ਸੜਕਾਂ ’ਤੇ ਟੋਏ ਹੀ ਟੋਏ ਨੇ, ਚਰਤੋ ਦੇਵੀ ਦੇ ਮੁੰਡੇ ਬਿਧੂੜੀ ਤੋਂ ਰਿਹਾ ਨਾ ਗਿਆ। ਮੁਖਾਰਬਿੰਦ ਤੋਂ ਇੰਜ ਫ਼ਰਮਾਏ, ਪਿਆਰੇ ਵੋਟਰੋ! ਤੁਸੀਂ ਦਾਸ ਨੂੰ ਜਿਤਾਓ, ਸੜਕਾਂ ਪ੍ਰਿਅੰਕਾ ਗਾਂਧੀ ਦੀਆਂ ਗੱਲ੍ਹਾਂ ਵਰਗੀਆਂ ਬਣਾ ਦਿਆਂਗਾ। ਬਿਧੂੜੀ ਦੇ ਮੂੰਹ ’ਚੋਂ ਕਿਰੇ ਫੁੱਲਾਂ ਨੇ ਨਵੀਂ ਭਸੂੜੀ ਪਾ ਦਿੱਤੀ।

        ਪੁਆੜੇ ਦੀ ਅਸਲ ਜੜ੍ਹ ਲਾਲੂ ਪ੍ਰਸ਼ਾਦ ਯਾਦਵ ਨੇ। ਯਾਦ ਕਰੋ ਉਹ ਦਿਨ ਜਦੋਂ ਕਿਸੇ ਨੇ ਲਾਲੂ ਨੂੰ ਕਿਹਾ ਕਿ ਨੇਤਾ ਜੀ! ਬਿਹਾਰ ’ਚ ਸੜਕਾਂ ਦਾ ਹਾਲ ਓਮਪੁਰੀ ਦੀਆਂ ਗੱਲ੍ਹਾਂ ਵਰਗਾ ਹੋਇਆ ਪਿਐ, ਕੁਝ ਤਾਂ ਕਰੋ। ਅੱਗਿਓਂ ਬਿਹਾਰੀ ਬਾਬੂ ਨੇ ਆਪਣਾ ਇਸ਼ਟ ਧਿਆ ਵਾਅਦਾ ਕਰ’ਤਾ ਕਿ ‘ਬਿਹਾਰੀ ਸੜਕਾਂ ਨੂੰ ਹੇਮਾ ਮਾਲਿਨੀ ਦੀਆਂ ਗੱਲ੍ਹਾਂ ਵਰਗੀਆਂ ਬਣਾ ਦੇਣਗੇ।’ ‘ਕੋਠਾ ਉੱਸਰਿਆ, ਤਰਖਾਣ ਵਿੱਸਰਿਆ’। ‘ਢੂਡਤੇ ਰਹਿ ਜਾਓਗੇ’ ਵਾਂਗ ਜਨਤਾ ਟੋਇਆ ਵਿਚੋਂ ਸੜਕਾਂ ਲੱਭਦੀ ਘੁੰਮ ਰਹੀ ਹੈ।

       ਲਾਲੂ ਦੀ ਹਾਜ਼ਰ ਜੁਆਬੀ ਦੇਖੋ, ਭਲਿਓ! ਹੇਮਾ ਮਾਲਿਨੀ ਦੀਆਂ ਗੱਲ੍ਹਾਂ ’ਚ ਵੀ ਤਾਂ ਟੋਏ ਹੀ ਨੇ। ਅਸਾਂ ਤਾਂ ਤੁਸਾਂ ਦੇ ਹੀ ਬੋਲ ਪੁਗਾਏ ਨੇ। ਕੋਈ ਸ਼ੱਕ ਹੋਵੇ ਤਾਂ ਹਰਭਜਨ ਮਾਨ ਦਾ ਗਾਣਾ ਵਜਾ ਲੈਣਾ..‘ਗੱਲ੍ਹਾਂ ਗੋਰੀਆਂ, ਦੇ ਵਿਚ ਟੋਏ..।’ ਲਾਲੂ ਨੂੰ ਕੋਈ ਪੁੱਛਣ ਵਾਲਾ ਪੁੱਛੇ ਕਿ ਬਈ! ਕਿਥੇ ਹੇਮਾ ਮਾਲਿਨੀ, ਕਿਥੇ ਓਮਪੁਰੀ ਦੀਆਂ ਗੱਲ੍ਹਾਂ। ਕਿਥੇ ਰਾਜਾ ਭੋਜ ਤੇ ਕਿਥੇ ਗੰਗੂ ਤੇਲੀ। ਜਮਹੂਰੀ ਦਰਬਾਰ ਦਾ ਗੰਗੂ ਤੇਲੀ ਤਾਂ ਸੜਕਾਂ ਨੂੰ ਹੀ ਤਰਸ ਗਿਐ। ਨੇਤਾ ਜਣਾਂ ਨੇ ਉਹਦੀ ਜ਼ਿੰਦਗੀ ਦਾ ਤੇਲ ਜੋ ਕੱਢ ਰੱਖਿਐ।

       ਜਦੋਂ ਅਗਲੀ ਚੋਣ ਤਸ਼ਰੀਫ਼ ਲਿਆਉਂਦੀ ਹੈ ਤਾਂ ਆਖਦੇ ਨੇ, ‘ਤੇਲ ਦੇਖੋ, ਤੇਲ ਦੀ ਧਾਰ ਦੇਖੋ।’ ਦੇਸ਼ ਹੁਣ ਦਿੱਲੀ ਚੋਣਾਂ ਨੂੰ ਦੇਖ ਰਿਹਾ ਹੈ। ਬਿਧੂੜੀ ਵਰਗੇ ਸੱਜਣ ਤਾਂ ਦੀਵਾ ਲੈ ਕੇ ਭਾਲਣੇ ਪੈਂਦੇ ਨੇ, ਭਾਜਪਾ ਨੇ ਪਤਾ ਨੀ ਕਿਵੇਂ ਲੱਭੇ ਨੇ। ਦਿੱਲੀ ਚੋਣਾਂ ’ਚ ਕਾਹਦਾ ਕੁੱਦਿਆ, ਬਿਧੂੜੀ ਤਾਂ ਹੁਣ ਮਿਰਜ਼ੇ ਦਾ ਸਾਢੂ ਬਣਿਆ ਫਿਰਦੈ। ਆਪਣੇ ਤਰਕਸ਼ ਵਿਚੋਂ ਕੱਢ ਪਹਿਲਾ ਤੀਰ ਆਤਿਸ਼ੀ ’ਤੇ, ਦੂਜਾ ਪ੍ਰਿਅੰਕਾ ਗਾਂਧੀ ਵੱਲ ਚਲਾ ਦਿੱਤਾ। ਬਿਧੂੜੀ ਨੂੰ ਕੌਣ ਆਖੇ, ‘ਧੀਆਂ ਭੈਣਾਂ ਵਾਲਾ ਘਰ ਐ, ਭਾਈ! ਮੂੰਹ ਸੰਭਾਲ ਕੇ ਬੋਲ। ਮਨੋ ਮਨੀ ਜ਼ਰੂਰ ਕਿਸੇ ਮਾਈ ਨੇ ਕਿਹਾ ਹੋਊ, ‘ਦੇਖ ਕਿਵੇਂ ਲੁਤਰੋ ਚੱਲਦੀ ਐ।’

       ਮਾਈ ਇੱਥੇ ਤਾਂ ਆਵਾ ਹੀ ਊਤਿਆ ਪਿਐ। ਰਾਜਸਥਾਨ ਦੇ ਇੱਕ ਮੰਤਰੀ ਨੇ ਥੋੜ੍ਹੇ ਸਾਲ ਪਹਿਲਾਂ ਜਦੋਂ ਲੋਕਾਂ ਨੂੰ ਹੇਮਾ ਮਾਲਿਨੀ ਦੀਆਂ ਗੱਲ੍ਹਾਂ ਵਰਗੀਆਂ ਸੜਕਾਂ ਬਣਾਏ ਜਾਣ ਦੀ ਗੱਲ ਕੀਤੀ ਤਾਂ ਵਿਚੋਂ ਕਿਸੇ ਨੇ ਟੋਕ ਦਿੱਤਾ, ‘ਹੇਮਾ ਮਾਲਿਨੀ ਤਾਂ ਬੁੱਢੀ ਹੋ ਗਈ ਐ।’ ਚਲੋ ਫਿਰ ਕੈਟਰੀਨਾ ਕੈਫ ਦੀਆਂ ਗੱਲਾਂ ਵਰਗੀਆਂ ਬਣਾ ਦਿੰਦੇ ਹਾਂ, ਮੰਤਰੀ ਇੰਨਾ ਆਖ ਤੁਰਦੇ ਬਣੇ। ਇੱਕ ਵਾਰੀ ਮਹਾਰਾਸ਼ਟਰ ਦੇ ਭਾਜਪਾਈ ਮੰਤਰੀ ਵਿਜੇ ਕੁਮਾਰ ਗਾਇਤ ਨੇ ਬਿਨਾਂ ਮੰਗਿਆ ਮਸ਼ਵਰਾ ਲੋਕਾਂ ਨੂੰ ਦਿੱਤਾ, ‘ਐਸ਼ਵਰਿਆ ਰਾਏ ਰੋਜ਼ਾਨਾ ਮੱਛੀ ਖਾਂਦੀ ਹੈ, ਤੁਸੀਂ ਖਾਉਗੇ ਤਾਂ ਥੋਡੀਆਂ ਅੱਖਾਂ ਵੀ ਐਸ਼ਵਰਿਆ ਵਰਗੀਆਂ ਹੋ ਜਾਣਗੀਆਂ।’

        ਸਿਆਣੇ ਆਖਦੇ ਨੇ, ਚਰਿੱਤਰ ਅਜਿਹੀ ਸ਼ੈਅ ਹੈ ਜਿਹੜੀ ਕਿਸੇ ਵੀ ਧੋਬੀ ਘਾਟ ’ਤੇ ਨਹੀਂ ਧੋਤੀ ਜਾ ਸਕਦੀ। ਚੁਣਾਵੀਂ ਮਾਹੌਲ ਲੋਹੜੀ ਵਰਗਾ ਹੁੰਦੈ, ਜਿੱਥੇ ਨੇਤਾ ਰਿਉੜੀਆਂ ਵੰਡਦੇ ਨੇ, ਜਨਤਾ ਲੱਪ ਭਰ ਭਰ ਛਕਦੀ ਹੈ। ਉੱਪਰੋਂ ਨੇਤਾਵਾਂ ਦੇ ਬਿਧੂੜੀ ਪ੍ਰਵਚਨ ਮੁਫਤੋਂ ਮੁਫ਼ਤ ’ਚ ਮਿਲਦੇ ਨੇ। ਇਨ੍ਹਾਂ ਨਾਲੋਂ ਤਾਂ ਅਸਾਡਾ ਜਥੇਦਾਰ ਸੁਖਬੀਰ ਬਾਦਲ ਸੌ ਗੁਣਾ ਚੰਗੈ, ਪਹਿਲਾਂ ਜਰਨੈਲੀ ਸੜਕਾਂ ਬਣਾਈਆਂ, ਫਿਰ ਜੈਕਾਰਾ ਛੱਡ ਕੇ ਇੰਜ ਗੱਜੇ ਸਨ, ‘ਆਹ ਚੁੱਕੋ ਬੰਬਾਂ ਵਾਲੀਆਂ ਸੜਕਾਂ, ਮਜਾਲ ਐ ਕੋਈ ਸੜਕ ਟੁੱਟ ਜਾਏ।’ ਪੰਜਾਬ ਦੀ ‘ਆਪ’ ਸਰਕਾਰ ਦੇ ਇੱਕ ਮੰਤਰੀ ਨੂੰ ਕਿਸੇ ਨੇ ਟੁੱਟੀਆਂ ਸੜਕਾਂ ਦਿਖਾਈਆਂ ਤਾਂ ਅੱਗਾ ਪਿੱਛਾ ਦੇਖ ਕੇ ਮੰਤਰੀ ਜੀ ਫ਼ਰਮਾਏ, ‘ਭਾਊ ਦੇਖਦੇ ਜਾਇਓ, ਸੜਕਾਂ ਬਣਾਵਾਂਗੇ ਰਾਘਵ ਚੱਢੇ ਦੀਆਂ ਗੱਲ੍ਹਾਂ ਵਰਗੀਆਂ।’

        ਸਿਆਸੀ ਨੇਤਾ ਮਰਦ ਬੱਚੇ ਹੁੰਦੇ ਨੇ ਜਿਨ੍ਹਾਂ ਨੂੰ ਨਾ ਸ਼ਰਮ ਲੱਗਦੀ ਹੈ ਅਤੇ ਨਾ ਹੀ ਠੰਢ। ਦਿੱਲੀ ਚੋਣਾਂ ’ਚ ਕਾਵਾਂ ਰੌਲੀ ਪਈ ਹੋਈ ਹੈ, ਦਿੱਲੀ ਦੀ ਜਨਤਾ ਦੀ ਹਾਲਤ ਗ਼ਾਲਿਬ ਦੇ ਸ਼ੇਅਰ ਵਰਗੀ ਹੋਈ ਪਈ ਐ, ‘ਮੈਂ ਭੀ ਮੂੰਹ ਮੇਂ ਜ਼ੁਬਾਨ ਰਖਤਾ ਹੂੰ, ਕਾਸ਼! ਪੂਛੋ ਕਿ ਮੁੱਦਾ ਕਿਆ ਹੈ।’ ਸਿਆਸੀ ਲੋਕ ਕੁੱਛੜ ’ਚ ਲੱਕੜ ਦੇ ਮੁੰਡੇ ਚੁੱਕੀ ਫਿਰਦੇ ਨੇ। ਦਿੱਲੀ ’ਚ ਪੇਚ ਫਸਿਐ। ਕੇਜਰੀਵਾਲ ਦੀ ਜਿੰਦ ਕੁੜਿੱਕੀ ’ਚ ਫਸੀ ਹੋਈ ਐ। ਕਦੇ ਪੇਂਟ ਵਾਲਾ ਡੱਬਾ ਚੁੱਕ ਪੰਜਾਬ ਨੂੰ ਰੰਗਲਾ ਬਣਾਉਣ ਲਈ ਦੌੜਨਾ ਪੈਂਦੈ, ਕਦੇ ਦਿੱਲੀ ’ਚ ਰਿਉੜੀਆਂ ਵਾਲਾ ਝੋਲਾ ਚੁੱਕਣਾ ਪੈਂਦੈ।

       ਦਿੱਲੀ ਦੀ ਕੱਟੜ ਇਮਾਨਦਾਰੀ ਨੂੰ ਪੰਜਾਬ ਨੀਝ ਨਾਲ ਦੇਖਦਾ ਪਿਐ। ਮਾੜੇ ਬੰਦੇ ਕੋਲ ਇੱਕ ‘ਬਦਲਾ’ ਹੀ ਹੁੰਦਾ ਹੈ ਜੋ ਜਮਹੂਰੀ ਵਰਕਸ਼ਾਪ ਦਾ ਸਭ ਤੋਂ ਘਾਤਕ ਸੰਦ ਹੁੰਦਾ ਹੈ ਪਰ ਵਰਤਿਆ ਚੋਣਾਂ ’ਚ ਹੀ ਜਾਂਦੈ। ਪੜ੍ਹੇ ਲਿਖੇ ਇਸ ਨੂੰ ਸੰਦ ਨਹੀਂ, ਵੋਟ ਆਖਦੇ ਨੇ। ਪੰਜਾਬ ਤੰਦੂਰ ਵਾਂਗੂ ਤਪਣ ਲੱਗਿਐ, ਪਤਾ ਨਹੀਂ ਕਿਹੜੇ ਵੇਲੇ ਕੀਹਦਾ ਵਹਿਮ ਕੱਢ ਦੇਵੇ। ਦਿੱਲੀ ਤੇ ਪੰਜਾਬ ’ਚ ਇੱਕੋ ‘ਇਨਕਲਾਬੀ’ ਸਾਂਝ ਹੈ ਕਿ ਦੋਵਾਂ ਦੀਆਂ ਸੜਕਾਂ ਦੇ ਟੋਇਆ ਦਾ ਸਾਈਜ਼ ਇੱਕੋ ਜੇਹਾ ਹੈ। ਸੁਰਿੰਦਰ ਕੌਰ ਪਤਾ ਨੀ ਕਿਹੜੀ ਸੜਕ ਦੀ ਗੱਲ ਪਈ ਕਰਦੀ ਐ, ‘ਸੜਕੇ ਸੜਕੇ ਜਾਂਦੀਏ ਮੁਟਿਆਰੇ ਨੀ..।’

        ਕਿਸੇ ਜਲਸੇ ’ਚ ਸੰਤੋਖ ਸਿੰਘ ਧੀਰ ਵਾਂਗੂ ਉਂਗਲ ਸਿੱਧੀ ਕਰ ਕੇ ਪ੍ਰਤਾਪ ਬਾਜਵਾ ਬੋਲੇ, ‘ਦਿਖਾਓ ਕਿਥੇ ਹੈ ਵਿਕਾਸ’। ਪਿੱਛੇ ਖੜੀ ਇੱਕ ਪ੍ਰਵਾਸੀ ਦੀ ਪਤਨੀ ਨੇ ਕੁੱਛੜ ਚੁੱਕੇ ਮੁੰਡੇ ਨੂੰ ਉਪਰ ਹਵਾ ’ਚ ਉਛਾਲਿਆ,‘ਆਹ ਦੇਖ ਲੋ ਵਿਕਾਸ’। ਅਸਲ ’ਚ ਬੀਬੀ ਦੇ ਬੱਚੇ ਦਾ ਨਾਮ ਹੀ ਵਿਕਾਸ ਯਾਦਵ ਸੀ। ਹਾਸੜ ਉਦੋਂ ਮੱਚਿਆ ਜਦੋਂ ਮਝੈਲ ਬਾਜਵੇ ਨੇ ਮੋੜਵੇਂ ਜੁਆਬ ’ਚ ਕਿਹਾ ਕਿ ‘ਬੀਬਾ ਜੀ! ਵਿਕਾਸ ਹਾਲੇ ਨਿਆਣੈ।’   ਗੱਲ ਦਿੱਲੀ ਦੀ ਕਰਦੇ ਪਏ ਸੀ, ਹੋਰ ਪਾਸੇ ਹੀ ਤਿਲਕ ਗਈ, ਅਸਲ ’ਚ ਮਲਾਈਦਾਰ ਸੜਕਾਂ ’ਤੇ ਤਿਲ੍ਹਕਣ ਹੀ ਲੋਹੜੇ ਦੀ ਹੈ।

        ਚੋਣਾਂ ਮੌਕੇ ਮਜਮਾ ਹੀ ਬੱਝਦੈ। ਲੀਡਰਾਂ ਦੀਆਂ ਸਿਆਸੀ ਲੋਰੀਆਂ ਸੁਣ ਸੁਣ ਕੇ ਮੁੱਦੇ ਸੌਂ ਹੀ ਜਾਂਦੇ ਨੇ। ਜਦੋਂ ਜਾਗ ਖੁੱਲ੍ਹਦੀ ਹੈ, ਉਦੋਂ ਕੋਈ ਨਵਾਂ ਜਣਾ ਮੁੱਖ ਮੰਤਰੀ ਦੇ ਅਹੁਦੇ ਦੀ ਸਹੁੰ ਚੁੱਕ ਰਿਹਾ ਹੁੰਦਾ ਹੈ। ਨੇਤਾ ਲੋਕ ਹਰ ਕਲਾਬਾਜ਼ੀ ਤੋਂ ਜਾਣੂ ਹੁੰਦੇ ਨੇ, ਤੁਸੀਂ ਇਨ੍ਹਾਂ ਨੂੰ ਸ਼ਾਹਰੁੱਖ਼ ਖ਼ਾਨ ਵਾਲੀ ਫ਼ਿਲਮ ਬਾਜ਼ੀਗਰ ਦੇ ਨਾਇਕ ਹੀ ਸਮਝੋ। ਕਦੇ ਗੁਰਸ਼ਰਨ ਭਾ’ਜੀ ਦਾ ਨਾਟਕ ‘ਟੋਆ’ ਵੀ ਦੇਖਿਓ। ਟੋਏ ’ਚ ਡਿੱਗਿਆ ਆਮ ਆਦਮੀ ਲੇਲ੍ਹੜੀਆਂ ਕੱਢਦੈ ਕਿ ਬਈ ਕੋਈ ਤਾਂ ਮੈਨੂੰ ਬਾਹਰ ਕੱਢੋ। ਕਦੇ ਸਾਧੂ ਆਉਂਦਾ ਤੇ ਕਦੇ ਨੇਤਾ, ਜੋ ਟੋਏ ਵਿਚਲੀ ਆਵਾਜ਼ ਸੁਣ ਆਸ਼ੀਰਵਾਦ ਦੇ ਛੱਡਦੇ ਨੇ, ਬੱਚਾ! ਜਿੱਥੇ ਵੀ ਰਹੋ, ਖ਼ੁਸ਼ ਰਵੋਂ। ਟੋਏ ਵਿਚੋਂ ਉਦਾਸਮਈ ਆਵਾਜ਼ ਆਈ, ‘ਚਾਹੇ ਟੋਏ ’ਚ ਹੀ ਰਵਾਂ।’ ਹਾਂ ਬੱਚਾ, ਅੱਗਿਓਂ ਜੁਆਬ ਮਿਲਦੈ।

       ਦਿੱਲੀ ਦੀ ਕੱਟੜ ਇਮਾਨਦਾਰੀ ਤਰਫ਼ੋਂ ਇੱਕ ਬਾਬਾ ਹੱਥ ਜੋੜ ਮੁਆਫ਼ੀ ਮੰਗ ਰਿਹਾ ਹੈ, ‘ਮਾਫ਼ ਕਰਨਾ ਜੀ ਅਸੀਂ ਨਿਮਾਣਿਆਂ ਨੂੰ, ਕੌਣ ਜੰਮਿਆ ਜੋ ਗੁਨਾਹਗਾਰ ਨਾਹੀਂ।’ ਚੋਣਾਂ ਅਤੇ ਵਿਆਹ ਦਾ ਮਾਹੌਲ ਇੱਕੋ ਜੇਹਾ ਜਾਪਦੈ। ਜਿਵੇਂ ਵਿਆਹ ’ਚ ਫੁੱਫੜ ਅਬਾ ਤਬਾ ਬੋਲਦੈ, ਉਵੇਂ ਨੇਤਾ ਜਣ ਚੋਣਾਂ ਮੌਕੇ ਚਾਂਭਲ ਜਾਂਦੇ ਨੇ। ਚੋਣਾਂ ਮੌਕੇ ਨਫ਼ਰਤ ਦੀ ਦੁਕਾਨ ਦਿਨ ਰਾਤ ਖੁੱਲ੍ਹਦੀ ਹੈ। ਬਿਧੂੜੀ ਭਈਆ! ਨਿਰਾਸ਼ ਨਹੀਂ ਹੋਣਾ, ਤੇਰਾ ਬਿਨਾਂ ਅਪਮਾਨ ਵੀ ਨਹੀਂ ਹੋਣਾ। ਬੀਬਾ ਆਤਿਸ਼ੀ ਹੋਵੇ ਤੇ ਚਾਹੇ ਪ੍ਰਿਅੰਕਾ, ਕਿਸੇ ਦੀ ਕੀ ਮਜਾਲ ਹੈ। ਤੇਰਾ ਵਾਲ ਵਿੰਗਾਂ ਨਹੀਂ ਹੋਣ ਦਿਆਂਗੇ। ਅਪਮਾਨ ਦੀ ਕਲੋਰੋਫ਼ਾਰਮ ਕਿੰਨਾ ਕੁ ਕੰਮ ਕਰਦੀ ਹੈ, ਦਿੱਲੀ ਦੀ ਜਨਤਾ ਵੋਟਾਂ ਵਾਲੇ ਦਿਨ ਦੱਸੇਗੀ। ਨਗਰੀ ਵੱਸਦੀ ਭਲੀ, ਸਾਧੂ ਚੱਲਦੇ ਭਲੇ। ਛੱਡੋ ਜੈਕਾਰਾ! ਬਿਧੂੜੀ ਤੇਰੀ ਸੋਚ ’ਤੇ...।

(16 ਜਨਵਰੀ 2025)

No comments:

Post a Comment