Friday, January 31, 2025

                                             ਡੁਬਕੋ-ਡੁਬਕੀ           
                                                       ਚਰਨਜੀਤ ਭੁੱਲਰ   

ਚੰਡੀਗੜ੍ਹ : ਹੁਣ ਨਾ ਦਿੱਲੀ ਦੂਰ ਹੈ, ਨਾ ਹੀ ਪ੍ਰਯਾਗਰਾਜ। ਰਾਜਨੇਤਾ ਠੀਕ 12 ਸਾਲਾਂ ਬਾਅਦ ਸੱਚ ਬੋਲਦੇ ਨੇ, ਉਹ ਵੀ ਕੁੰਭ ਦੇ ਮੇਲੇ ’ਤੇ। ਬਈ! ਐਤਕੀਂ ਤਾਂ ਓਹ ਵੀ ਮੌਕਾ ਖੁੰਝ ਗਿਆ, ਦਿੱਲੀ ’ਚ ਚੋਣਾਂ ਦਾ ਘੜਮੱਸ ਜੋ ਪਿਐ। ਇੱਧਰ ਮਹਾਕੁੰਭ ਦਾ ਮੇਲਾ, ਓਧਰ ਦਿੱਲੀ ਚੋਣਾਂ ਦਾ ਮੇਲਾ ਭਰਿਐ। ਦਿੱਲੀ ਵਾਲਿਆਂ ਨੂੰ ਸਰਦੀ ’ਚ ਗਰਮੀ ਦਾ ਅਹਿਸਾਸ ਹੋ ਰਿਹੈ। ਨੇਤਾ ਜਣਾਂ ਦੇ ਕਿਰਦਾਰ ਗਲੋਟੇ ਵਾਂਗੂ ਉੱਧੜ ਰਹੇ ਨੇ। ਸੱਤਾ ਦੀ ਚਾਰ ਟੰਗੀ ਕੁਰਸੀ ਲਈ, ਸਭ ਦੋ ਟੰਗੇ ਪਾਣੀਓਂ ਪਾਣੀ ਹੀ ਨਹੀਂ, ਡੁਬਕੋ-ਡੁਬਕੀ ਵੀ ਹੋਏ ਪਏ ਨੇ। ਅਸਲ ’ਚ ਦੁੱਧ ਧੋਤੇ ਹੁੰਦੇ ਤਾਂ ਡੁਬਕੀ ਨਾ ਲਾਉਣੀ ਪੈਂਦੀ।

        ਯੂ.ਪੀ. ਵਾਲੇ ਯੋਗੀ ਫ਼ਰਮਾ ਰਹੇ ਨੇ, ‘ਅਸਾਂ ਨੇ ਮੰਤਰੀ ਜਣਾਂ ਨਾਲ ਗੰਗਾ ’ਚ ਡੁਬਕੀ ਲਾਈ ਐ, ਕੇਜਰੀਵਾਲ ਯਮੁਨਾ ’ਚ ਡੁਬਕੀ ਲਾ ਕੇ ਦਿਖਾਵੇ।’ ਲੱਗਦੇ ਹੱਥ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਵੀ ਮਸ਼ਵਰਾ ਛੱਡਿਐ, ‘ਗੰਗਾ ’ਚ ਡੁਬਕੀ ਲਾ ਆਓ, ਝੂਠ ਬੋਲਣ ਦੇ ਸਭ ਪਾਪ ਧੋਤੇ ਜਾਣਗੇ।’ ਭਾਜਪਾਈ ਪ੍ਰਵੇਸ਼ ਵਰਮਾ ਤਾਂ ਕੇਜਰੀਵਾਲ ਦੇ ਕੱਟਆਊਟ ਨੂੰ ਹੀ ਯਮੁਨਾ ਇਸ਼ਨਾਨ ਕਰਾ ਲਿਆਇਐ। ਕਈ ਮਹੀਨੇ ਪਹਿਲੋਂ ਗੰਦਾ ਪਾਣੀ ਦਿਖਾਉਣ ਲਈ ਦਿੱਲੀ ਭਾਜਪਾ ਦੇ ਪ੍ਰਧਾਨ ਵਰਿੰਦਰ ਸਚਦੇਵਾ ਨੇ ਯਮੁਨਾ ’ਚ ਐਸੀ ਡੁਬਕੀ ਲਾਈ, ਵਿਚਾਰੇ ਦੇ ਖੁਰਕ ਪੈ ਗਈ।

         ਕੈਸਾ ਅਜੀਬ ਸੰਗਮ ਹੈ, ਜਿਵੇਂ ਗੰਗਾ ਤੇ ਯਮੁਨਾ ਦਾ, ਉਵੇਂ ਮਹਾਂਕੁੰਭ ਤੇ ਦਿੱਲੀ ਚੋਣਾਂ ਦਾ। ਰਾਜ ਕਪੂਰ ਦਾ ਆਪਣਾ ਸੰਗਮ ਹੈ, ‘ਮੇਰੇ ਮਨ ਕੀ ਗੰਗਾ, ਤੇਰੇ ਮਨ ਕੀ ਯਮੁਨਾ ਕਾ, ਬੋਲ ਰਾਧਾ ਬੋਲ ਸੰਗਮ ਹੋਗਾ ਕਿ ਨਹੀਂ।’ ਬੋਲ ਤਾਂ ਕੇਜਰੀਵਾਲ ਦਾ ਭੋਲਾ ਭਾਲਾ ਚਿਹਰੇ ਵੀ ਸਕਦੈ, ਪਤਾ ਨਹੀਂ ਉਹ ਕਿਹੜੀ ਗੱਲੋਂ ਚੁੱਪ ਐ। ਕੇਜਰੀਵਾਲ ਦੇ ਹੱਥ ‘ਇਮਾਨਦਾਰੀ’ ਨਾਲ ਲਿਬੜੇ ਹੋਏ ਨੇ, ਭਾਜਪਾ ਦੀ ਚਾਲ ਐ ਕਿ ਜਦੋਂ ਓਹ ਯਮੁਨਾ ’ਚ ਡੁਬਕੀ ਲਾਊ, ਹੱਥ ਵੀ ਧੋਤੇ ਜਾਣਗੇ। ਗੰਗਾ ਯਮੁਨਾ ਨੂੰ ਤਾਂ ਛੱਡੋ, ਜੋ ਭਾਜਪਾ ਨੇ ਦਿੱਲੀ ਚੋਣਾਂ ਦੇ ਸਿਆਸੀ ਦਰਿਆ ’ਚ ਗੰਦ ਭਰਿਐ, ਉਸ ਦੀ ਸਫ਼ਾਈ ਲਈ ਜ਼ਰੂਰ ਕਾਰ ਸੇਵਾ ਵਾਲੇ ਬਾਬੇ ਸੱਦਣੇ ਪੈਣਗੇ।

        ਆਓ ਪਹਿਲਾਂ ਗਾਣਾ ਧਿਆਈਏ, ‘ਰਾਮ ਤੇਰੀ ਗੰਗਾ ਮੈਲੀ ਹੋ ਗਈ...।’ ਹੇ ਰਾਮ! ਤੇਰੀ ਇਹ ਗੰਗਾ ਉਨੀ ਨਾਲਿਆਂ ਦੇ ਗੰਦ ਕਰਕੇ ਨਹੀਂ, ਜਿੰਨੀ ਨੇਤਾਵਾਂ ਦੇ ਨਹਾਉਣ ਨਾਲ ਗੰਦੀ ਹੋਈ ਹੈ। ਮਹਾਂਪੁਰਸ਼ ਆਖਦੇ ਨੇ, ‘ਗੰਗਾ ਨਹਾਉਣ ਨਾਲ ਸਰੀਰਕ ਮੈਲ ਹੀ ਨਹੀਂ ਬਲਕਿ ਪਾਪ ਵੀ ਧੋਤੇ ਜਾਂਦੇ ਨੇ।’ ਲਓ ਜੀ ਫੇਰ ਤਾਂ ਮਹਾਕੁੰਭ ’ਤੇ ਗੰਗਾ ਦੀ ਖ਼ੈਰ ਨਹੀਂ। ਕਰੋਧ, ਲੋਭ ਤੇ ਹੰਕਾਰ ਦਾ ਜ਼ਹਿਰ ਗੰਗਾ ਨੂੰ ਕਿਤੇ ਪਲੀਤ ਹੀ ਨਾ ਕਰ ਦੇਵੇ। ਸਿਆਸੀ ਡਾਰਾਂ ਡੁਬਕੀ ਲਾਉਂਦੀਆਂ ਨੇ, ਹੰਸ ਬਣ ਉੱਡਦੀਆਂ ਨੇ। ਗੰਗਾ ਕਿਨਾਰੇ ਰੇਡੀਓ ’ਤੇ ਗਾਣਾ ਵੱਜਿਐ...‘ਪਾਣੀ ਰੇ ਪਾਣੀ ਤੇਰਾ ਰੰਗ ਕੈਸਾ।’

        ‘ਓਹੀ ਰਾਜ ਚੰਗਾ, ਜਿੱਥੇ ਦੁੱਧ ਦਹੀਂ ਗੰਗਾ।’ ਇਸੇ ਗੰਗਾ ’ਚ ਇਸ਼ਨਾਨ ਕਰਕੇ ਅਦਾਕਾਰਾ ਮਮਤਾ ਕੁਲਕਰਨੀ ਅਖੀਰਲੀ ਉਮਰੇ ਸਾਧਣੀ ਸਜੀ ਹੈ। ‘ਹੁਣ ਰੱਬ ਦੀ ਭਗਤਣੀ ਹੋਈ, ਜਵਾਨੀ ਵੇਲੇ ਲੁੱਟੇ ਬਾਣੀਏ।’ ਖ਼ੈਰ, ਕੇਜਰੀਵਾਲ ਆਪਣੇ ਆਪ ਨੂੰ ਸਿਆਣਾ ਬਾਣੀਆ ਮਾਣ ਨਾਲ ਆਖਦੈ। ਇੱਕ ਪਾਸੇ ’ਕੱਲਾ ਕੇਜਰੀਵਾਲ, ਦੂਜੇ ਪਾਸੇ ਕੇਂਦਰੀ ਤੇ ਕਈ ਸੂਬਿਆਂ ਦੀ ਹਕੂਮਤ। ਕੇਜਰੀਵਾਲ ਕਿੰਨਾ ਕੁ ਸਾਊ ਐ, ਵੈਸੇ ਅੱਜ ਕੱਲ੍ਹ ਪੰਜਾਬ ਵੱਧ ਜਾਣਦੈ। ਕੁਝ ਵੀ ਹੋਵੇ, ਹਰਿਆਣਾ ਦੇ ਬਾਣੀਏ ਨੇ ਭਾਜਪਾ ਆਲੇ ਵਾਹਣੀਂ ਪਾਏ ਪਏ ਨੇ।

         ਭਾਜਪਾਈ ਇਸ ਵਿਚਾਰੇ ‘ਆਮ ਆਦਮੀ’ ਦੇ ਸ਼ੀਸ਼ ਮਹਿਲ ਪਿੱਛੇ ਕਿਉਂ ਪਏ ਨੇ, ਕੁੱਲੀ ਤਾਂ ਹਰ ਕੋਈ ਚਾਹੁੰਦੈ। ਠੀਕ ਓਵੇਂ ਜਿਵੇਂ ਕਿਸੇ ਵੇਲੇ ਪੰਜਾਬ ਗੂੰਜਿਆਂ ਸੀ, ‘ਚਾਹੁੰਦਾ ਹੈ ਪੰਜਾਬ...।’ ਕਿੰਨੀ ਭੈੜੀ ਐ ਏਹ ਪ੍ਰਜਾਤੀ, ਅਖੇ! ਕੇਜਰੀਵਾਲ ਤਾਂ ਘੁਟਾਲੇਬਾਜ਼ ਹੈ। ਝਾੜੂ ਆਲੇ ਆਖਦੇ ਨੇ, ਸਾਡਾ ਨੇਤਾ ਤਾਂ ਫ਼ੌਲਾਦੀ ਹੈ, ਜੀਹਦੇ ਅਸੂਲ ਵੀ ਲੋਹੇ ਵਰਗੇ ਨੇ। ਤਾਹੀਂ ਗਲੀ ਗਲੀ ਗਾਉਂਦਾ ਫਿਰਦੈ, ‘ਕੌਣ ਸੱਚਾ ਹੈ, ਕੌਣ ਝੂਠਾ ਹੈ, ਪਹਿਲੇ ਯੇ ਜਾਨ ਲੋ, ਫਿਰ ਆਪਣੀ ਵੋਟ ਦੋ।’ ਦਿੱਲੀ ਚੋਣਾਂ ’ਚ ਪੂਰਨ ਸਿੰਘ ਦੇ ਅਸਲੀ ਢਾਬੇ ਵਾਂਗੂੰ ਕੇਜਰੀਵਾਲ ਦੀ ਰਿਉੜੀਆਂ ਦੀ ਪੁਰਾਣੀ ਹੱਟੀ  ਸਜੀ ਹੈ, ਭਾਜਪਾ ਨੇ ਨਵੀਂ ਖੋਲ੍ਹੀ ਹੈ। ‘ਖ਼ਜ਼ਾਨਾ ਲੁਟਾਓ, ਵੋਟ ਕਮਾਓ’।

        ਗੁਰਦਾਸ ਮਾਨ ਐਵੇਂ ਫ਼ਿਕਰ ਕਰੀਂ ਜਾਂਦੈ, ‘ਕੀ ਬਣੂੰ ਦੁਨੀਆ ਦਾ...।’ ਜੁਆਬ ਨੁਸਰਤ ਫ਼ਤਿਹ ਅਲੀ ਖ਼ਾਨ ਦੇ ਰਿਹਾ ਹੈ, ‘ਉਥੇ ਅਮਲਾਂ ਦੇ ਹੋਣੇ ਨੇ ਨਬੇੜੇ...।’ ਦਿੱਲੀ ਦੀ ਝੁੱਗੀ ਝੌਂਪੜੀ ਦੀ ਪਰਿਕਰਮਾ ਕਰਦੇ ਨੇਤਾ ਜਣਾਂ ਨੂੰ ਕੌਣ ਸਮਝਾਏ ਕਿ ਜ਼ਿੰਦਗੀ ਮਧੂ ਬਾਲਾ ਨਹੀਂ, ਪ੍ਰੇਮ ਚੋਪੜਾ ਵੀ ਹੁੰਦੀ ਹੈ। ਗ਼ਰੀਬ ਲਈ ਕਾਹਦੇ ਗੰਗਾ ਇਸ਼ਨਾਨ, ਉਨ੍ਹਾਂ ਨੂੰ ਪੰਜ ਇਸ਼ਨਾਨਾ ਮਸਾਂ ਜੁੁੜਦੈ। ਉਨ੍ਹਾਂ ਦੇ ਤਨ ਦੀ ਮੈਲ ਗਵਾਹ ਹੈ ਕਿ ਲੀਡਰਾਂ ਦੇ ਮਨਾਂ ’ਚ ਕਿੰਨੀ ਮੈਲ ਐ। ਭਾਜਪਾ ਆਲੇ ਯਮੁਨਾ ਇਸ਼ਨਾਨ ਦੀ ਰਟ ਲਾਈ ਬੈਠੇ ਨੇ। ਮੰਨ ਗਏ ਥੋਨੂੰ, ਕੱਲ੍ਹ ਨੂੰ ਕਹੋਗੇ ਕਿ ਤੁਸੀਂ ਪਹਿਲਾਂ ਪੰਜਾਬ ਆਲੇ ਬੁੱਢੇ ਨਾਲੇ ’ਚ ਡੁਬਕੀ ਲਾ ਕੇ ਆਓ।

        ਜਿਹੜੇ ਨੇਤਾ ਗੰਗਾ ਨਹਾ ਚੋਣਾਂ ਦੇ ਪਿੜ ’ਚ ਕੁੱਦੇ ਨੇ, ਉਨ੍ਹਾਂ ਦੀ ਬੋਲਬਾਣੀ ਤੋਂ ਲੱਗਦੈ ਕਿ ਓਹ ਨਹਾਉਣ ਸਮੇਂ ਧੀਰਜ ਤੇ ਸਲੀਕਾ ਕਿਤੇ ਗੰਗਾ ’ਚ ਹੀ ਸੁੱਟ ਆਏ ਨੇ। ਚੋਣਾਂ ਦਾ ਮਾਹੌਲ ਜੰਨਤ ਫ਼ਿਲਮ ਦੇ ਡਾਇਲਾਗ ਵਰਗੈ, ‘ਹਾਰਨੇ ਕਾ ਡਰ ਔਰ ਜੀਤਨੇ ਕੀ ਉਮੀਦ, ਇਨ ਦੋਨੋਂ ਕੇ ਬੀਚ ਜੋ ਟੈਨਸ਼ਨ ਵਾਲਾ ਵਕਤ ਹੋਤਾ ਹੈ, ਕਮਾਲ ਕਾ ਹੋਤਾ ਹੈ।’ ਬਾਊ ਕੇਜਰੀਵਾਲ ਜੀ, ਇੱਕ ਗੱਲ ਲੜ ਬੰਨ੍ਹ ਲਓ, ਸ਼ਹਿਦ ਖਾਣਾ ਹੋਵੇ ਤਾਂ ਡੰਗ ਸਹਿਣਾ ਪੈਂਦੈ। ਬੱਸ ਗਰੰਟੀਆਂ ਆਲਾ ਟੋਕਰਾ ਊਣਾ ਨਹੀਂ ਹੋਣ ਦੇਣਾ। ਕਿਸੇ ਲੱਲੀ ਛੱਲੀ ਦੀ ਕੀ ਮਜਾਲ, ਜਦੋਂ ਪੂਰਾ ਪੰਜਾਬ ਤੁਸਾਂ ਦੇ ਨਾਲ ਐ। ਭਾਜਪਾ ਨੂੰ ਤੇਰੀ ਆਲੀ ਪਿੱਚ ’ਤੇ ਖੇਡਣਾ ਪੈ ਗਿਆ, ਇਹ ਕੋਈ ਛੋਟੀ ਗੱਲ ਐ। ਪਿਆਰੇ ਸਭ ਤੋਂ ਨਿਆਰੇ, ਵਿਲੀਅਮ ਟੈੱਲ ਬਣੋ।

         ਛੋਟੀ ਸਿਆਸਤ ’ਤੇ ਉਤਾਰੂ ਨੇ ਵੱਡੇ ਨੇਤਾ। ਨਹਿਰੂ, ਪਟੇਲ ਤੇ ਵਾਜਪਾਈ ’ਕੱਲੇ ਫ਼ੌਤ ਨਹੀਂ ਹੋਏ, ਸਿਆਸੀ ਇਖ਼ਲਾਕ ਤੇ ਤਹਿਜ਼ੀਬ ਵੀ ਨਾਲ ਸਤੀ ਹੋ ਗਈ। ਕਬੀਰ ਆਖਦੇ ਨੇ, ‘ਸਾਚ ਬਰੋਬਰ ਤਪ ਨਹੀਂ, ਝੂਠ ਬਰੋਬਰ ਪਾਪ।’  ਰਾਜਸੀ ਫ਼ਕੀਰ ਦੀ ਫੁੰਕਾਰ ਤੋਂ ਕੇਜਰੀਵਾਲ ਕਿਥੇ ਦੱਬਦੈ, ਜ਼ਰੂਰ ਕਿਸੇ ਨੇ ਆਹ ਗਾਣਾ ਵਜਾਇਆ ਹੋਊ, ‘ਵੈਲੀ ਬਣ ਮਿੱਤਰਾ, ਬੜੇ ਡਰਾਵੇ ਜਰ ਲਏ।’ ਜਦੋਂ ਓਹ ਅੱਲਾ ਦੋਸਤ ਹੋਵੇ ਤਾਂ ਫਿਰ ਡਰ ਕਾਹੇ ਕਾ। ‘ਮਰਦ’ ਫ਼ਿਲਮ ਦੇ ਤਾਂਗੇ ਵਾਲੇ ਨੂੰ ਧਿਆਓ, ਜੋ ਦਿੱਲੀ ਚੋਣਾਂ ’ਚ ਗੰਗਾ ਦੀ ਮੁਫ਼ਤ ਤੀਰਥ ਯਾਤਰਾ ਕਰਾਉਂਦਾ ਪਿਐ।

        ਔਹ ਦੇਖੋ, ਅਮਿਤਾਭ ਬੱਚਨ ਕਿਵੇਂ ਗੰਗਾ ਵੱਲ ਤਾਂਗਾ ਭਰੀ ਜਾ ਰਿਹਾ ਹੈ। ਪਿੱਛੇ ਬਿਧੂੜੀ ਤੇ ਪ੍ਰਵੇਸ਼ ਵਰਮਾ ਬੈਠੇ ਨੇ। ਮੁਫਤ ਦੀ ਸਵਾਈ ਦੇਖ ਦੋ ਤਿੰਨ ਝਾੜੂ ਆਲੇ ਵੀ ਤਾਂਗੇ ’ਤੇ ਲਮਕਗੇ। ਲੰਬੂ ਭਈਆ! ਕਰੋ ਮਨਜ਼ੂਰ ਸਾਡੀ ਸੇਵਕਾਂ ਦੀ ਸੇਵਾ, ਲੱਗਦੇ ਹੱਥ ‘ਰੰਗਲੇ ਪੰਜਾਬ’ ਨੂੰ ਵੀ ਤਾਂਗੇ ’ਚ ਬਿਠਾ ਗੰਗਾ ਇਸ਼ਨਾਨ ਕਰਾ ਲਿਆਓ, ਬੜੀ ਗਰਦ ਜੰਮੀ ਪਈ ਐ, ਡੁਬਕੀ ਲਵਾ ਦਿਓ। ਨਾਲੇ ਗੌਣ ਪਾਣੀ ਵੀ ਸੁਣਾ ਦਿਓ..‘ ਮੈਂ ਹੂੰ ਮਰਦ ਤਾਂਗੇਵਾਲਾ...।’ ਕਾਂਗਰਸੀ ਮਲਿਕਾਰਜੁਨ ਖੜਗੇ ਸੁਆਲ ਕਰਦੇ ਪਏ ਨੇ, ‘ਕੀ ਡੁਬਕੀ ਲਾਉਣ ਨਾਲ ਗ਼ਰੀਬੀ ਦੂਰ ਹੋ ਜਾਏਗੀ, ਕੀ ਗ਼ਰੀਬ ਨੂੰ ਪੇਟ ਭਰਨ ਲਈ ਭੋਜਨ ਮਿਲ ਜਾਏਗਾ?

        ਕਿਤੇ ਗੰਗਾ ਗ਼ਰੀਬੀ ਨੂੰ ਧੋਂਦੀ ਹੁੰਦੀ ਤਾਂ ਨਿੱਤ ਕੁੰਭ ਸਜਦੇ, ਫਿਰ ਇੱਕ ਤਾਂਗੇ ਨਾਲ ਕਿਥੇ ਸਰਨਾ ਸੀ। ਦਿੱਲੀ ਚੋਣਾਂ ’ਚ ਹੁਣ ਝੁੱਗੀਆਂ ਦਾ ਮੁੱਲ ਪਿਐ, ਜਦੋਂ ਟਰੰਪ ਅਹਿਮਦਾਬਾਦ ਆਇਆ ਸੀ, ਉਦੋਂ ਝੁੱਗੀਆਂ ’ਤੇ ਪਰਦਾ ਪਿਆ ਸੀ। ਚੋਣਾਂ ’ਚ ਲੀਡਰਾਂ ਨੇ ਏਅਰ ਕੁਆਲਿਟੀ ਖ਼ਰਾਬ ਕਰ ਰੱਖੀ ਐ। ਪੰਜਾਬ ਦੀ ਪਰਾਲੀ ਤਾਂ ਐਵੇਂ ਬਦਨਾਮ ਹੈ। ਚੋਰ ਦੋ ਤਰ੍ਹਾਂ ਦੇ ਹੁੰਦੇ ਨੇ, ਇੱਕ ਸੁੱਤਿਆਂ ਨੂੰ ਲੁੱਟਦੇ ਨੇ, ਦੂਜੇ ਜਾਗਦਿਆਂ ਨੂੰ। ਦਿੱਲੀ ਨੂੰ ਕੌਣ ਲੁੱਟੇਗਾ, ਇਹ ਚੋਣ ਨਤੀਜੇ ਦੱਸਣਗੇ। ਹਾਲੇ ਤਾਂ ਓਹ ਵੋਟਰਾਂ ਨੂੰ ਕੁਲਦੀਪ ਮਾਣਕ ਵਾਂਗੂ ਵਾਜਾਂ ਮਾਰ ਰਹੇ ਨੇ, ‘ਪਾਦੇ ਖ਼ੈਰ ਹਾਕਾਂ ਮਾਰਦੇ ਫ਼ਕੀਰ ਸਹਿਤੀਏ...।’

(28 ਜਨਵਰੀ 2025)

No comments:

Post a Comment