Showing posts with label Delhi election. Show all posts
Showing posts with label Delhi election. Show all posts

Friday, January 31, 2025

                                             ਡੁਬਕੋ-ਡੁਬਕੀ           
                                                       ਚਰਨਜੀਤ ਭੁੱਲਰ   

ਚੰਡੀਗੜ੍ਹ : ਹੁਣ ਨਾ ਦਿੱਲੀ ਦੂਰ ਹੈ, ਨਾ ਹੀ ਪ੍ਰਯਾਗਰਾਜ। ਰਾਜਨੇਤਾ ਠੀਕ 12 ਸਾਲਾਂ ਬਾਅਦ ਸੱਚ ਬੋਲਦੇ ਨੇ, ਉਹ ਵੀ ਕੁੰਭ ਦੇ ਮੇਲੇ ’ਤੇ। ਬਈ! ਐਤਕੀਂ ਤਾਂ ਓਹ ਵੀ ਮੌਕਾ ਖੁੰਝ ਗਿਆ, ਦਿੱਲੀ ’ਚ ਚੋਣਾਂ ਦਾ ਘੜਮੱਸ ਜੋ ਪਿਐ। ਇੱਧਰ ਮਹਾਕੁੰਭ ਦਾ ਮੇਲਾ, ਓਧਰ ਦਿੱਲੀ ਚੋਣਾਂ ਦਾ ਮੇਲਾ ਭਰਿਐ। ਦਿੱਲੀ ਵਾਲਿਆਂ ਨੂੰ ਸਰਦੀ ’ਚ ਗਰਮੀ ਦਾ ਅਹਿਸਾਸ ਹੋ ਰਿਹੈ। ਨੇਤਾ ਜਣਾਂ ਦੇ ਕਿਰਦਾਰ ਗਲੋਟੇ ਵਾਂਗੂ ਉੱਧੜ ਰਹੇ ਨੇ। ਸੱਤਾ ਦੀ ਚਾਰ ਟੰਗੀ ਕੁਰਸੀ ਲਈ, ਸਭ ਦੋ ਟੰਗੇ ਪਾਣੀਓਂ ਪਾਣੀ ਹੀ ਨਹੀਂ, ਡੁਬਕੋ-ਡੁਬਕੀ ਵੀ ਹੋਏ ਪਏ ਨੇ। ਅਸਲ ’ਚ ਦੁੱਧ ਧੋਤੇ ਹੁੰਦੇ ਤਾਂ ਡੁਬਕੀ ਨਾ ਲਾਉਣੀ ਪੈਂਦੀ।

        ਯੂ.ਪੀ. ਵਾਲੇ ਯੋਗੀ ਫ਼ਰਮਾ ਰਹੇ ਨੇ, ‘ਅਸਾਂ ਨੇ ਮੰਤਰੀ ਜਣਾਂ ਨਾਲ ਗੰਗਾ ’ਚ ਡੁਬਕੀ ਲਾਈ ਐ, ਕੇਜਰੀਵਾਲ ਯਮੁਨਾ ’ਚ ਡੁਬਕੀ ਲਾ ਕੇ ਦਿਖਾਵੇ।’ ਲੱਗਦੇ ਹੱਥ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਵੀ ਮਸ਼ਵਰਾ ਛੱਡਿਐ, ‘ਗੰਗਾ ’ਚ ਡੁਬਕੀ ਲਾ ਆਓ, ਝੂਠ ਬੋਲਣ ਦੇ ਸਭ ਪਾਪ ਧੋਤੇ ਜਾਣਗੇ।’ ਭਾਜਪਾਈ ਪ੍ਰਵੇਸ਼ ਵਰਮਾ ਤਾਂ ਕੇਜਰੀਵਾਲ ਦੇ ਕੱਟਆਊਟ ਨੂੰ ਹੀ ਯਮੁਨਾ ਇਸ਼ਨਾਨ ਕਰਾ ਲਿਆਇਐ। ਕਈ ਮਹੀਨੇ ਪਹਿਲੋਂ ਗੰਦਾ ਪਾਣੀ ਦਿਖਾਉਣ ਲਈ ਦਿੱਲੀ ਭਾਜਪਾ ਦੇ ਪ੍ਰਧਾਨ ਵਰਿੰਦਰ ਸਚਦੇਵਾ ਨੇ ਯਮੁਨਾ ’ਚ ਐਸੀ ਡੁਬਕੀ ਲਾਈ, ਵਿਚਾਰੇ ਦੇ ਖੁਰਕ ਪੈ ਗਈ।

         ਕੈਸਾ ਅਜੀਬ ਸੰਗਮ ਹੈ, ਜਿਵੇਂ ਗੰਗਾ ਤੇ ਯਮੁਨਾ ਦਾ, ਉਵੇਂ ਮਹਾਂਕੁੰਭ ਤੇ ਦਿੱਲੀ ਚੋਣਾਂ ਦਾ। ਰਾਜ ਕਪੂਰ ਦਾ ਆਪਣਾ ਸੰਗਮ ਹੈ, ‘ਮੇਰੇ ਮਨ ਕੀ ਗੰਗਾ, ਤੇਰੇ ਮਨ ਕੀ ਯਮੁਨਾ ਕਾ, ਬੋਲ ਰਾਧਾ ਬੋਲ ਸੰਗਮ ਹੋਗਾ ਕਿ ਨਹੀਂ।’ ਬੋਲ ਤਾਂ ਕੇਜਰੀਵਾਲ ਦਾ ਭੋਲਾ ਭਾਲਾ ਚਿਹਰੇ ਵੀ ਸਕਦੈ, ਪਤਾ ਨਹੀਂ ਉਹ ਕਿਹੜੀ ਗੱਲੋਂ ਚੁੱਪ ਐ। ਕੇਜਰੀਵਾਲ ਦੇ ਹੱਥ ‘ਇਮਾਨਦਾਰੀ’ ਨਾਲ ਲਿਬੜੇ ਹੋਏ ਨੇ, ਭਾਜਪਾ ਦੀ ਚਾਲ ਐ ਕਿ ਜਦੋਂ ਓਹ ਯਮੁਨਾ ’ਚ ਡੁਬਕੀ ਲਾਊ, ਹੱਥ ਵੀ ਧੋਤੇ ਜਾਣਗੇ। ਗੰਗਾ ਯਮੁਨਾ ਨੂੰ ਤਾਂ ਛੱਡੋ, ਜੋ ਭਾਜਪਾ ਨੇ ਦਿੱਲੀ ਚੋਣਾਂ ਦੇ ਸਿਆਸੀ ਦਰਿਆ ’ਚ ਗੰਦ ਭਰਿਐ, ਉਸ ਦੀ ਸਫ਼ਾਈ ਲਈ ਜ਼ਰੂਰ ਕਾਰ ਸੇਵਾ ਵਾਲੇ ਬਾਬੇ ਸੱਦਣੇ ਪੈਣਗੇ।

        ਆਓ ਪਹਿਲਾਂ ਗਾਣਾ ਧਿਆਈਏ, ‘ਰਾਮ ਤੇਰੀ ਗੰਗਾ ਮੈਲੀ ਹੋ ਗਈ...।’ ਹੇ ਰਾਮ! ਤੇਰੀ ਇਹ ਗੰਗਾ ਉਨੀ ਨਾਲਿਆਂ ਦੇ ਗੰਦ ਕਰਕੇ ਨਹੀਂ, ਜਿੰਨੀ ਨੇਤਾਵਾਂ ਦੇ ਨਹਾਉਣ ਨਾਲ ਗੰਦੀ ਹੋਈ ਹੈ। ਮਹਾਂਪੁਰਸ਼ ਆਖਦੇ ਨੇ, ‘ਗੰਗਾ ਨਹਾਉਣ ਨਾਲ ਸਰੀਰਕ ਮੈਲ ਹੀ ਨਹੀਂ ਬਲਕਿ ਪਾਪ ਵੀ ਧੋਤੇ ਜਾਂਦੇ ਨੇ।’ ਲਓ ਜੀ ਫੇਰ ਤਾਂ ਮਹਾਕੁੰਭ ’ਤੇ ਗੰਗਾ ਦੀ ਖ਼ੈਰ ਨਹੀਂ। ਕਰੋਧ, ਲੋਭ ਤੇ ਹੰਕਾਰ ਦਾ ਜ਼ਹਿਰ ਗੰਗਾ ਨੂੰ ਕਿਤੇ ਪਲੀਤ ਹੀ ਨਾ ਕਰ ਦੇਵੇ। ਸਿਆਸੀ ਡਾਰਾਂ ਡੁਬਕੀ ਲਾਉਂਦੀਆਂ ਨੇ, ਹੰਸ ਬਣ ਉੱਡਦੀਆਂ ਨੇ। ਗੰਗਾ ਕਿਨਾਰੇ ਰੇਡੀਓ ’ਤੇ ਗਾਣਾ ਵੱਜਿਐ...‘ਪਾਣੀ ਰੇ ਪਾਣੀ ਤੇਰਾ ਰੰਗ ਕੈਸਾ।’

        ‘ਓਹੀ ਰਾਜ ਚੰਗਾ, ਜਿੱਥੇ ਦੁੱਧ ਦਹੀਂ ਗੰਗਾ।’ ਇਸੇ ਗੰਗਾ ’ਚ ਇਸ਼ਨਾਨ ਕਰਕੇ ਅਦਾਕਾਰਾ ਮਮਤਾ ਕੁਲਕਰਨੀ ਅਖੀਰਲੀ ਉਮਰੇ ਸਾਧਣੀ ਸਜੀ ਹੈ। ‘ਹੁਣ ਰੱਬ ਦੀ ਭਗਤਣੀ ਹੋਈ, ਜਵਾਨੀ ਵੇਲੇ ਲੁੱਟੇ ਬਾਣੀਏ।’ ਖ਼ੈਰ, ਕੇਜਰੀਵਾਲ ਆਪਣੇ ਆਪ ਨੂੰ ਸਿਆਣਾ ਬਾਣੀਆ ਮਾਣ ਨਾਲ ਆਖਦੈ। ਇੱਕ ਪਾਸੇ ’ਕੱਲਾ ਕੇਜਰੀਵਾਲ, ਦੂਜੇ ਪਾਸੇ ਕੇਂਦਰੀ ਤੇ ਕਈ ਸੂਬਿਆਂ ਦੀ ਹਕੂਮਤ। ਕੇਜਰੀਵਾਲ ਕਿੰਨਾ ਕੁ ਸਾਊ ਐ, ਵੈਸੇ ਅੱਜ ਕੱਲ੍ਹ ਪੰਜਾਬ ਵੱਧ ਜਾਣਦੈ। ਕੁਝ ਵੀ ਹੋਵੇ, ਹਰਿਆਣਾ ਦੇ ਬਾਣੀਏ ਨੇ ਭਾਜਪਾ ਆਲੇ ਵਾਹਣੀਂ ਪਾਏ ਪਏ ਨੇ।

         ਭਾਜਪਾਈ ਇਸ ਵਿਚਾਰੇ ‘ਆਮ ਆਦਮੀ’ ਦੇ ਸ਼ੀਸ਼ ਮਹਿਲ ਪਿੱਛੇ ਕਿਉਂ ਪਏ ਨੇ, ਕੁੱਲੀ ਤਾਂ ਹਰ ਕੋਈ ਚਾਹੁੰਦੈ। ਠੀਕ ਓਵੇਂ ਜਿਵੇਂ ਕਿਸੇ ਵੇਲੇ ਪੰਜਾਬ ਗੂੰਜਿਆਂ ਸੀ, ‘ਚਾਹੁੰਦਾ ਹੈ ਪੰਜਾਬ...।’ ਕਿੰਨੀ ਭੈੜੀ ਐ ਏਹ ਪ੍ਰਜਾਤੀ, ਅਖੇ! ਕੇਜਰੀਵਾਲ ਤਾਂ ਘੁਟਾਲੇਬਾਜ਼ ਹੈ। ਝਾੜੂ ਆਲੇ ਆਖਦੇ ਨੇ, ਸਾਡਾ ਨੇਤਾ ਤਾਂ ਫ਼ੌਲਾਦੀ ਹੈ, ਜੀਹਦੇ ਅਸੂਲ ਵੀ ਲੋਹੇ ਵਰਗੇ ਨੇ। ਤਾਹੀਂ ਗਲੀ ਗਲੀ ਗਾਉਂਦਾ ਫਿਰਦੈ, ‘ਕੌਣ ਸੱਚਾ ਹੈ, ਕੌਣ ਝੂਠਾ ਹੈ, ਪਹਿਲੇ ਯੇ ਜਾਨ ਲੋ, ਫਿਰ ਆਪਣੀ ਵੋਟ ਦੋ।’ ਦਿੱਲੀ ਚੋਣਾਂ ’ਚ ਪੂਰਨ ਸਿੰਘ ਦੇ ਅਸਲੀ ਢਾਬੇ ਵਾਂਗੂੰ ਕੇਜਰੀਵਾਲ ਦੀ ਰਿਉੜੀਆਂ ਦੀ ਪੁਰਾਣੀ ਹੱਟੀ  ਸਜੀ ਹੈ, ਭਾਜਪਾ ਨੇ ਨਵੀਂ ਖੋਲ੍ਹੀ ਹੈ। ‘ਖ਼ਜ਼ਾਨਾ ਲੁਟਾਓ, ਵੋਟ ਕਮਾਓ’।

        ਗੁਰਦਾਸ ਮਾਨ ਐਵੇਂ ਫ਼ਿਕਰ ਕਰੀਂ ਜਾਂਦੈ, ‘ਕੀ ਬਣੂੰ ਦੁਨੀਆ ਦਾ...।’ ਜੁਆਬ ਨੁਸਰਤ ਫ਼ਤਿਹ ਅਲੀ ਖ਼ਾਨ ਦੇ ਰਿਹਾ ਹੈ, ‘ਉਥੇ ਅਮਲਾਂ ਦੇ ਹੋਣੇ ਨੇ ਨਬੇੜੇ...।’ ਦਿੱਲੀ ਦੀ ਝੁੱਗੀ ਝੌਂਪੜੀ ਦੀ ਪਰਿਕਰਮਾ ਕਰਦੇ ਨੇਤਾ ਜਣਾਂ ਨੂੰ ਕੌਣ ਸਮਝਾਏ ਕਿ ਜ਼ਿੰਦਗੀ ਮਧੂ ਬਾਲਾ ਨਹੀਂ, ਪ੍ਰੇਮ ਚੋਪੜਾ ਵੀ ਹੁੰਦੀ ਹੈ। ਗ਼ਰੀਬ ਲਈ ਕਾਹਦੇ ਗੰਗਾ ਇਸ਼ਨਾਨ, ਉਨ੍ਹਾਂ ਨੂੰ ਪੰਜ ਇਸ਼ਨਾਨਾ ਮਸਾਂ ਜੁੁੜਦੈ। ਉਨ੍ਹਾਂ ਦੇ ਤਨ ਦੀ ਮੈਲ ਗਵਾਹ ਹੈ ਕਿ ਲੀਡਰਾਂ ਦੇ ਮਨਾਂ ’ਚ ਕਿੰਨੀ ਮੈਲ ਐ। ਭਾਜਪਾ ਆਲੇ ਯਮੁਨਾ ਇਸ਼ਨਾਨ ਦੀ ਰਟ ਲਾਈ ਬੈਠੇ ਨੇ। ਮੰਨ ਗਏ ਥੋਨੂੰ, ਕੱਲ੍ਹ ਨੂੰ ਕਹੋਗੇ ਕਿ ਤੁਸੀਂ ਪਹਿਲਾਂ ਪੰਜਾਬ ਆਲੇ ਬੁੱਢੇ ਨਾਲੇ ’ਚ ਡੁਬਕੀ ਲਾ ਕੇ ਆਓ।

        ਜਿਹੜੇ ਨੇਤਾ ਗੰਗਾ ਨਹਾ ਚੋਣਾਂ ਦੇ ਪਿੜ ’ਚ ਕੁੱਦੇ ਨੇ, ਉਨ੍ਹਾਂ ਦੀ ਬੋਲਬਾਣੀ ਤੋਂ ਲੱਗਦੈ ਕਿ ਓਹ ਨਹਾਉਣ ਸਮੇਂ ਧੀਰਜ ਤੇ ਸਲੀਕਾ ਕਿਤੇ ਗੰਗਾ ’ਚ ਹੀ ਸੁੱਟ ਆਏ ਨੇ। ਚੋਣਾਂ ਦਾ ਮਾਹੌਲ ਜੰਨਤ ਫ਼ਿਲਮ ਦੇ ਡਾਇਲਾਗ ਵਰਗੈ, ‘ਹਾਰਨੇ ਕਾ ਡਰ ਔਰ ਜੀਤਨੇ ਕੀ ਉਮੀਦ, ਇਨ ਦੋਨੋਂ ਕੇ ਬੀਚ ਜੋ ਟੈਨਸ਼ਨ ਵਾਲਾ ਵਕਤ ਹੋਤਾ ਹੈ, ਕਮਾਲ ਕਾ ਹੋਤਾ ਹੈ।’ ਬਾਊ ਕੇਜਰੀਵਾਲ ਜੀ, ਇੱਕ ਗੱਲ ਲੜ ਬੰਨ੍ਹ ਲਓ, ਸ਼ਹਿਦ ਖਾਣਾ ਹੋਵੇ ਤਾਂ ਡੰਗ ਸਹਿਣਾ ਪੈਂਦੈ। ਬੱਸ ਗਰੰਟੀਆਂ ਆਲਾ ਟੋਕਰਾ ਊਣਾ ਨਹੀਂ ਹੋਣ ਦੇਣਾ। ਕਿਸੇ ਲੱਲੀ ਛੱਲੀ ਦੀ ਕੀ ਮਜਾਲ, ਜਦੋਂ ਪੂਰਾ ਪੰਜਾਬ ਤੁਸਾਂ ਦੇ ਨਾਲ ਐ। ਭਾਜਪਾ ਨੂੰ ਤੇਰੀ ਆਲੀ ਪਿੱਚ ’ਤੇ ਖੇਡਣਾ ਪੈ ਗਿਆ, ਇਹ ਕੋਈ ਛੋਟੀ ਗੱਲ ਐ। ਪਿਆਰੇ ਸਭ ਤੋਂ ਨਿਆਰੇ, ਵਿਲੀਅਮ ਟੈੱਲ ਬਣੋ।

         ਛੋਟੀ ਸਿਆਸਤ ’ਤੇ ਉਤਾਰੂ ਨੇ ਵੱਡੇ ਨੇਤਾ। ਨਹਿਰੂ, ਪਟੇਲ ਤੇ ਵਾਜਪਾਈ ’ਕੱਲੇ ਫ਼ੌਤ ਨਹੀਂ ਹੋਏ, ਸਿਆਸੀ ਇਖ਼ਲਾਕ ਤੇ ਤਹਿਜ਼ੀਬ ਵੀ ਨਾਲ ਸਤੀ ਹੋ ਗਈ। ਕਬੀਰ ਆਖਦੇ ਨੇ, ‘ਸਾਚ ਬਰੋਬਰ ਤਪ ਨਹੀਂ, ਝੂਠ ਬਰੋਬਰ ਪਾਪ।’  ਰਾਜਸੀ ਫ਼ਕੀਰ ਦੀ ਫੁੰਕਾਰ ਤੋਂ ਕੇਜਰੀਵਾਲ ਕਿਥੇ ਦੱਬਦੈ, ਜ਼ਰੂਰ ਕਿਸੇ ਨੇ ਆਹ ਗਾਣਾ ਵਜਾਇਆ ਹੋਊ, ‘ਵੈਲੀ ਬਣ ਮਿੱਤਰਾ, ਬੜੇ ਡਰਾਵੇ ਜਰ ਲਏ।’ ਜਦੋਂ ਓਹ ਅੱਲਾ ਦੋਸਤ ਹੋਵੇ ਤਾਂ ਫਿਰ ਡਰ ਕਾਹੇ ਕਾ। ‘ਮਰਦ’ ਫ਼ਿਲਮ ਦੇ ਤਾਂਗੇ ਵਾਲੇ ਨੂੰ ਧਿਆਓ, ਜੋ ਦਿੱਲੀ ਚੋਣਾਂ ’ਚ ਗੰਗਾ ਦੀ ਮੁਫ਼ਤ ਤੀਰਥ ਯਾਤਰਾ ਕਰਾਉਂਦਾ ਪਿਐ।

        ਔਹ ਦੇਖੋ, ਅਮਿਤਾਭ ਬੱਚਨ ਕਿਵੇਂ ਗੰਗਾ ਵੱਲ ਤਾਂਗਾ ਭਰੀ ਜਾ ਰਿਹਾ ਹੈ। ਪਿੱਛੇ ਬਿਧੂੜੀ ਤੇ ਪ੍ਰਵੇਸ਼ ਵਰਮਾ ਬੈਠੇ ਨੇ। ਮੁਫਤ ਦੀ ਸਵਾਈ ਦੇਖ ਦੋ ਤਿੰਨ ਝਾੜੂ ਆਲੇ ਵੀ ਤਾਂਗੇ ’ਤੇ ਲਮਕਗੇ। ਲੰਬੂ ਭਈਆ! ਕਰੋ ਮਨਜ਼ੂਰ ਸਾਡੀ ਸੇਵਕਾਂ ਦੀ ਸੇਵਾ, ਲੱਗਦੇ ਹੱਥ ‘ਰੰਗਲੇ ਪੰਜਾਬ’ ਨੂੰ ਵੀ ਤਾਂਗੇ ’ਚ ਬਿਠਾ ਗੰਗਾ ਇਸ਼ਨਾਨ ਕਰਾ ਲਿਆਓ, ਬੜੀ ਗਰਦ ਜੰਮੀ ਪਈ ਐ, ਡੁਬਕੀ ਲਵਾ ਦਿਓ। ਨਾਲੇ ਗੌਣ ਪਾਣੀ ਵੀ ਸੁਣਾ ਦਿਓ..‘ ਮੈਂ ਹੂੰ ਮਰਦ ਤਾਂਗੇਵਾਲਾ...।’ ਕਾਂਗਰਸੀ ਮਲਿਕਾਰਜੁਨ ਖੜਗੇ ਸੁਆਲ ਕਰਦੇ ਪਏ ਨੇ, ‘ਕੀ ਡੁਬਕੀ ਲਾਉਣ ਨਾਲ ਗ਼ਰੀਬੀ ਦੂਰ ਹੋ ਜਾਏਗੀ, ਕੀ ਗ਼ਰੀਬ ਨੂੰ ਪੇਟ ਭਰਨ ਲਈ ਭੋਜਨ ਮਿਲ ਜਾਏਗਾ?

        ਕਿਤੇ ਗੰਗਾ ਗ਼ਰੀਬੀ ਨੂੰ ਧੋਂਦੀ ਹੁੰਦੀ ਤਾਂ ਨਿੱਤ ਕੁੰਭ ਸਜਦੇ, ਫਿਰ ਇੱਕ ਤਾਂਗੇ ਨਾਲ ਕਿਥੇ ਸਰਨਾ ਸੀ। ਦਿੱਲੀ ਚੋਣਾਂ ’ਚ ਹੁਣ ਝੁੱਗੀਆਂ ਦਾ ਮੁੱਲ ਪਿਐ, ਜਦੋਂ ਟਰੰਪ ਅਹਿਮਦਾਬਾਦ ਆਇਆ ਸੀ, ਉਦੋਂ ਝੁੱਗੀਆਂ ’ਤੇ ਪਰਦਾ ਪਿਆ ਸੀ। ਚੋਣਾਂ ’ਚ ਲੀਡਰਾਂ ਨੇ ਏਅਰ ਕੁਆਲਿਟੀ ਖ਼ਰਾਬ ਕਰ ਰੱਖੀ ਐ। ਪੰਜਾਬ ਦੀ ਪਰਾਲੀ ਤਾਂ ਐਵੇਂ ਬਦਨਾਮ ਹੈ। ਚੋਰ ਦੋ ਤਰ੍ਹਾਂ ਦੇ ਹੁੰਦੇ ਨੇ, ਇੱਕ ਸੁੱਤਿਆਂ ਨੂੰ ਲੁੱਟਦੇ ਨੇ, ਦੂਜੇ ਜਾਗਦਿਆਂ ਨੂੰ। ਦਿੱਲੀ ਨੂੰ ਕੌਣ ਲੁੱਟੇਗਾ, ਇਹ ਚੋਣ ਨਤੀਜੇ ਦੱਸਣਗੇ। ਹਾਲੇ ਤਾਂ ਓਹ ਵੋਟਰਾਂ ਨੂੰ ਕੁਲਦੀਪ ਮਾਣਕ ਵਾਂਗੂ ਵਾਜਾਂ ਮਾਰ ਰਹੇ ਨੇ, ‘ਪਾਦੇ ਖ਼ੈਰ ਹਾਕਾਂ ਮਾਰਦੇ ਫ਼ਕੀਰ ਸਹਿਤੀਏ...।’

(28 ਜਨਵਰੀ 2025)

Tuesday, January 21, 2025

                                        ਟੋਏ-ਟੋਏ ’ਤੇ ਤੋਏ-ਤੋਏ
                                                        ਚਰਨਜੀਤ ਭੁੱਲਰ  

ਚੰਡੀਗੜ੍ਹ : ਬੋਲਣਾ ਇੱਕ ਕਲਾ ਹੈ, ਚੁੱਪ ਰਹਿਣਾ ਉਸ ਤੋਂ ਵੱਡੀ ਕਲਾ। ਕਿਤੇ ਇਹ ਗੱਲ ਭਾਜਪਾਈ ਰਮੇਸ਼ ਬਿਧੂੜੀ ਪੱਲੇ ਬੰਨ੍ਹ ਲੈਂਦਾ ਤਾਂ ਦਿੱਲੀ ਚੋਣਾਂ ’ਚ ਤੋਏ-ਤੋਏ ਨਹੀਂ ਹੋਣੀ ਸੀ। ਆਖ਼ਰ ਬਿਧੂੜੀਪੁਣਾ ਦਿਖਾ ਹੀ ਗਿਆ। ਦਿੱਲੀ ਦੀਆਂ ਸੜਕਾਂ ’ਤੇ ਟੋਏ ਹੀ ਟੋਏ ਨੇ, ਚਰਤੋ ਦੇਵੀ ਦੇ ਮੁੰਡੇ ਬਿਧੂੜੀ ਤੋਂ ਰਿਹਾ ਨਾ ਗਿਆ। ਮੁਖਾਰਬਿੰਦ ਤੋਂ ਇੰਜ ਫ਼ਰਮਾਏ, ਪਿਆਰੇ ਵੋਟਰੋ! ਤੁਸੀਂ ਦਾਸ ਨੂੰ ਜਿਤਾਓ, ਸੜਕਾਂ ਪ੍ਰਿਅੰਕਾ ਗਾਂਧੀ ਦੀਆਂ ਗੱਲ੍ਹਾਂ ਵਰਗੀਆਂ ਬਣਾ ਦਿਆਂਗਾ। ਬਿਧੂੜੀ ਦੇ ਮੂੰਹ ’ਚੋਂ ਕਿਰੇ ਫੁੱਲਾਂ ਨੇ ਨਵੀਂ ਭਸੂੜੀ ਪਾ ਦਿੱਤੀ।

        ਪੁਆੜੇ ਦੀ ਅਸਲ ਜੜ੍ਹ ਲਾਲੂ ਪ੍ਰਸ਼ਾਦ ਯਾਦਵ ਨੇ। ਯਾਦ ਕਰੋ ਉਹ ਦਿਨ ਜਦੋਂ ਕਿਸੇ ਨੇ ਲਾਲੂ ਨੂੰ ਕਿਹਾ ਕਿ ਨੇਤਾ ਜੀ! ਬਿਹਾਰ ’ਚ ਸੜਕਾਂ ਦਾ ਹਾਲ ਓਮਪੁਰੀ ਦੀਆਂ ਗੱਲ੍ਹਾਂ ਵਰਗਾ ਹੋਇਆ ਪਿਐ, ਕੁਝ ਤਾਂ ਕਰੋ। ਅੱਗਿਓਂ ਬਿਹਾਰੀ ਬਾਬੂ ਨੇ ਆਪਣਾ ਇਸ਼ਟ ਧਿਆ ਵਾਅਦਾ ਕਰ’ਤਾ ਕਿ ‘ਬਿਹਾਰੀ ਸੜਕਾਂ ਨੂੰ ਹੇਮਾ ਮਾਲਿਨੀ ਦੀਆਂ ਗੱਲ੍ਹਾਂ ਵਰਗੀਆਂ ਬਣਾ ਦੇਣਗੇ।’ ‘ਕੋਠਾ ਉੱਸਰਿਆ, ਤਰਖਾਣ ਵਿੱਸਰਿਆ’। ‘ਢੂਡਤੇ ਰਹਿ ਜਾਓਗੇ’ ਵਾਂਗ ਜਨਤਾ ਟੋਇਆ ਵਿਚੋਂ ਸੜਕਾਂ ਲੱਭਦੀ ਘੁੰਮ ਰਹੀ ਹੈ।

       ਲਾਲੂ ਦੀ ਹਾਜ਼ਰ ਜੁਆਬੀ ਦੇਖੋ, ਭਲਿਓ! ਹੇਮਾ ਮਾਲਿਨੀ ਦੀਆਂ ਗੱਲ੍ਹਾਂ ’ਚ ਵੀ ਤਾਂ ਟੋਏ ਹੀ ਨੇ। ਅਸਾਂ ਤਾਂ ਤੁਸਾਂ ਦੇ ਹੀ ਬੋਲ ਪੁਗਾਏ ਨੇ। ਕੋਈ ਸ਼ੱਕ ਹੋਵੇ ਤਾਂ ਹਰਭਜਨ ਮਾਨ ਦਾ ਗਾਣਾ ਵਜਾ ਲੈਣਾ..‘ਗੱਲ੍ਹਾਂ ਗੋਰੀਆਂ, ਦੇ ਵਿਚ ਟੋਏ..।’ ਲਾਲੂ ਨੂੰ ਕੋਈ ਪੁੱਛਣ ਵਾਲਾ ਪੁੱਛੇ ਕਿ ਬਈ! ਕਿਥੇ ਹੇਮਾ ਮਾਲਿਨੀ, ਕਿਥੇ ਓਮਪੁਰੀ ਦੀਆਂ ਗੱਲ੍ਹਾਂ। ਕਿਥੇ ਰਾਜਾ ਭੋਜ ਤੇ ਕਿਥੇ ਗੰਗੂ ਤੇਲੀ। ਜਮਹੂਰੀ ਦਰਬਾਰ ਦਾ ਗੰਗੂ ਤੇਲੀ ਤਾਂ ਸੜਕਾਂ ਨੂੰ ਹੀ ਤਰਸ ਗਿਐ। ਨੇਤਾ ਜਣਾਂ ਨੇ ਉਹਦੀ ਜ਼ਿੰਦਗੀ ਦਾ ਤੇਲ ਜੋ ਕੱਢ ਰੱਖਿਐ।

       ਜਦੋਂ ਅਗਲੀ ਚੋਣ ਤਸ਼ਰੀਫ਼ ਲਿਆਉਂਦੀ ਹੈ ਤਾਂ ਆਖਦੇ ਨੇ, ‘ਤੇਲ ਦੇਖੋ, ਤੇਲ ਦੀ ਧਾਰ ਦੇਖੋ।’ ਦੇਸ਼ ਹੁਣ ਦਿੱਲੀ ਚੋਣਾਂ ਨੂੰ ਦੇਖ ਰਿਹਾ ਹੈ। ਬਿਧੂੜੀ ਵਰਗੇ ਸੱਜਣ ਤਾਂ ਦੀਵਾ ਲੈ ਕੇ ਭਾਲਣੇ ਪੈਂਦੇ ਨੇ, ਭਾਜਪਾ ਨੇ ਪਤਾ ਨੀ ਕਿਵੇਂ ਲੱਭੇ ਨੇ। ਦਿੱਲੀ ਚੋਣਾਂ ’ਚ ਕਾਹਦਾ ਕੁੱਦਿਆ, ਬਿਧੂੜੀ ਤਾਂ ਹੁਣ ਮਿਰਜ਼ੇ ਦਾ ਸਾਢੂ ਬਣਿਆ ਫਿਰਦੈ। ਆਪਣੇ ਤਰਕਸ਼ ਵਿਚੋਂ ਕੱਢ ਪਹਿਲਾ ਤੀਰ ਆਤਿਸ਼ੀ ’ਤੇ, ਦੂਜਾ ਪ੍ਰਿਅੰਕਾ ਗਾਂਧੀ ਵੱਲ ਚਲਾ ਦਿੱਤਾ। ਬਿਧੂੜੀ ਨੂੰ ਕੌਣ ਆਖੇ, ‘ਧੀਆਂ ਭੈਣਾਂ ਵਾਲਾ ਘਰ ਐ, ਭਾਈ! ਮੂੰਹ ਸੰਭਾਲ ਕੇ ਬੋਲ। ਮਨੋ ਮਨੀ ਜ਼ਰੂਰ ਕਿਸੇ ਮਾਈ ਨੇ ਕਿਹਾ ਹੋਊ, ‘ਦੇਖ ਕਿਵੇਂ ਲੁਤਰੋ ਚੱਲਦੀ ਐ।’

       ਮਾਈ ਇੱਥੇ ਤਾਂ ਆਵਾ ਹੀ ਊਤਿਆ ਪਿਐ। ਰਾਜਸਥਾਨ ਦੇ ਇੱਕ ਮੰਤਰੀ ਨੇ ਥੋੜ੍ਹੇ ਸਾਲ ਪਹਿਲਾਂ ਜਦੋਂ ਲੋਕਾਂ ਨੂੰ ਹੇਮਾ ਮਾਲਿਨੀ ਦੀਆਂ ਗੱਲ੍ਹਾਂ ਵਰਗੀਆਂ ਸੜਕਾਂ ਬਣਾਏ ਜਾਣ ਦੀ ਗੱਲ ਕੀਤੀ ਤਾਂ ਵਿਚੋਂ ਕਿਸੇ ਨੇ ਟੋਕ ਦਿੱਤਾ, ‘ਹੇਮਾ ਮਾਲਿਨੀ ਤਾਂ ਬੁੱਢੀ ਹੋ ਗਈ ਐ।’ ਚਲੋ ਫਿਰ ਕੈਟਰੀਨਾ ਕੈਫ ਦੀਆਂ ਗੱਲਾਂ ਵਰਗੀਆਂ ਬਣਾ ਦਿੰਦੇ ਹਾਂ, ਮੰਤਰੀ ਇੰਨਾ ਆਖ ਤੁਰਦੇ ਬਣੇ। ਇੱਕ ਵਾਰੀ ਮਹਾਰਾਸ਼ਟਰ ਦੇ ਭਾਜਪਾਈ ਮੰਤਰੀ ਵਿਜੇ ਕੁਮਾਰ ਗਾਇਤ ਨੇ ਬਿਨਾਂ ਮੰਗਿਆ ਮਸ਼ਵਰਾ ਲੋਕਾਂ ਨੂੰ ਦਿੱਤਾ, ‘ਐਸ਼ਵਰਿਆ ਰਾਏ ਰੋਜ਼ਾਨਾ ਮੱਛੀ ਖਾਂਦੀ ਹੈ, ਤੁਸੀਂ ਖਾਉਗੇ ਤਾਂ ਥੋਡੀਆਂ ਅੱਖਾਂ ਵੀ ਐਸ਼ਵਰਿਆ ਵਰਗੀਆਂ ਹੋ ਜਾਣਗੀਆਂ।’

        ਸਿਆਣੇ ਆਖਦੇ ਨੇ, ਚਰਿੱਤਰ ਅਜਿਹੀ ਸ਼ੈਅ ਹੈ ਜਿਹੜੀ ਕਿਸੇ ਵੀ ਧੋਬੀ ਘਾਟ ’ਤੇ ਨਹੀਂ ਧੋਤੀ ਜਾ ਸਕਦੀ। ਚੁਣਾਵੀਂ ਮਾਹੌਲ ਲੋਹੜੀ ਵਰਗਾ ਹੁੰਦੈ, ਜਿੱਥੇ ਨੇਤਾ ਰਿਉੜੀਆਂ ਵੰਡਦੇ ਨੇ, ਜਨਤਾ ਲੱਪ ਭਰ ਭਰ ਛਕਦੀ ਹੈ। ਉੱਪਰੋਂ ਨੇਤਾਵਾਂ ਦੇ ਬਿਧੂੜੀ ਪ੍ਰਵਚਨ ਮੁਫਤੋਂ ਮੁਫ਼ਤ ’ਚ ਮਿਲਦੇ ਨੇ। ਇਨ੍ਹਾਂ ਨਾਲੋਂ ਤਾਂ ਅਸਾਡਾ ਜਥੇਦਾਰ ਸੁਖਬੀਰ ਬਾਦਲ ਸੌ ਗੁਣਾ ਚੰਗੈ, ਪਹਿਲਾਂ ਜਰਨੈਲੀ ਸੜਕਾਂ ਬਣਾਈਆਂ, ਫਿਰ ਜੈਕਾਰਾ ਛੱਡ ਕੇ ਇੰਜ ਗੱਜੇ ਸਨ, ‘ਆਹ ਚੁੱਕੋ ਬੰਬਾਂ ਵਾਲੀਆਂ ਸੜਕਾਂ, ਮਜਾਲ ਐ ਕੋਈ ਸੜਕ ਟੁੱਟ ਜਾਏ।’ ਪੰਜਾਬ ਦੀ ‘ਆਪ’ ਸਰਕਾਰ ਦੇ ਇੱਕ ਮੰਤਰੀ ਨੂੰ ਕਿਸੇ ਨੇ ਟੁੱਟੀਆਂ ਸੜਕਾਂ ਦਿਖਾਈਆਂ ਤਾਂ ਅੱਗਾ ਪਿੱਛਾ ਦੇਖ ਕੇ ਮੰਤਰੀ ਜੀ ਫ਼ਰਮਾਏ, ‘ਭਾਊ ਦੇਖਦੇ ਜਾਇਓ, ਸੜਕਾਂ ਬਣਾਵਾਂਗੇ ਰਾਘਵ ਚੱਢੇ ਦੀਆਂ ਗੱਲ੍ਹਾਂ ਵਰਗੀਆਂ।’

        ਸਿਆਸੀ ਨੇਤਾ ਮਰਦ ਬੱਚੇ ਹੁੰਦੇ ਨੇ ਜਿਨ੍ਹਾਂ ਨੂੰ ਨਾ ਸ਼ਰਮ ਲੱਗਦੀ ਹੈ ਅਤੇ ਨਾ ਹੀ ਠੰਢ। ਦਿੱਲੀ ਚੋਣਾਂ ’ਚ ਕਾਵਾਂ ਰੌਲੀ ਪਈ ਹੋਈ ਹੈ, ਦਿੱਲੀ ਦੀ ਜਨਤਾ ਦੀ ਹਾਲਤ ਗ਼ਾਲਿਬ ਦੇ ਸ਼ੇਅਰ ਵਰਗੀ ਹੋਈ ਪਈ ਐ, ‘ਮੈਂ ਭੀ ਮੂੰਹ ਮੇਂ ਜ਼ੁਬਾਨ ਰਖਤਾ ਹੂੰ, ਕਾਸ਼! ਪੂਛੋ ਕਿ ਮੁੱਦਾ ਕਿਆ ਹੈ।’ ਸਿਆਸੀ ਲੋਕ ਕੁੱਛੜ ’ਚ ਲੱਕੜ ਦੇ ਮੁੰਡੇ ਚੁੱਕੀ ਫਿਰਦੇ ਨੇ। ਦਿੱਲੀ ’ਚ ਪੇਚ ਫਸਿਐ। ਕੇਜਰੀਵਾਲ ਦੀ ਜਿੰਦ ਕੁੜਿੱਕੀ ’ਚ ਫਸੀ ਹੋਈ ਐ। ਕਦੇ ਪੇਂਟ ਵਾਲਾ ਡੱਬਾ ਚੁੱਕ ਪੰਜਾਬ ਨੂੰ ਰੰਗਲਾ ਬਣਾਉਣ ਲਈ ਦੌੜਨਾ ਪੈਂਦੈ, ਕਦੇ ਦਿੱਲੀ ’ਚ ਰਿਉੜੀਆਂ ਵਾਲਾ ਝੋਲਾ ਚੁੱਕਣਾ ਪੈਂਦੈ।

       ਦਿੱਲੀ ਦੀ ਕੱਟੜ ਇਮਾਨਦਾਰੀ ਨੂੰ ਪੰਜਾਬ ਨੀਝ ਨਾਲ ਦੇਖਦਾ ਪਿਐ। ਮਾੜੇ ਬੰਦੇ ਕੋਲ ਇੱਕ ‘ਬਦਲਾ’ ਹੀ ਹੁੰਦਾ ਹੈ ਜੋ ਜਮਹੂਰੀ ਵਰਕਸ਼ਾਪ ਦਾ ਸਭ ਤੋਂ ਘਾਤਕ ਸੰਦ ਹੁੰਦਾ ਹੈ ਪਰ ਵਰਤਿਆ ਚੋਣਾਂ ’ਚ ਹੀ ਜਾਂਦੈ। ਪੜ੍ਹੇ ਲਿਖੇ ਇਸ ਨੂੰ ਸੰਦ ਨਹੀਂ, ਵੋਟ ਆਖਦੇ ਨੇ। ਪੰਜਾਬ ਤੰਦੂਰ ਵਾਂਗੂ ਤਪਣ ਲੱਗਿਐ, ਪਤਾ ਨਹੀਂ ਕਿਹੜੇ ਵੇਲੇ ਕੀਹਦਾ ਵਹਿਮ ਕੱਢ ਦੇਵੇ। ਦਿੱਲੀ ਤੇ ਪੰਜਾਬ ’ਚ ਇੱਕੋ ‘ਇਨਕਲਾਬੀ’ ਸਾਂਝ ਹੈ ਕਿ ਦੋਵਾਂ ਦੀਆਂ ਸੜਕਾਂ ਦੇ ਟੋਇਆ ਦਾ ਸਾਈਜ਼ ਇੱਕੋ ਜੇਹਾ ਹੈ। ਸੁਰਿੰਦਰ ਕੌਰ ਪਤਾ ਨੀ ਕਿਹੜੀ ਸੜਕ ਦੀ ਗੱਲ ਪਈ ਕਰਦੀ ਐ, ‘ਸੜਕੇ ਸੜਕੇ ਜਾਂਦੀਏ ਮੁਟਿਆਰੇ ਨੀ..।’

        ਕਿਸੇ ਜਲਸੇ ’ਚ ਸੰਤੋਖ ਸਿੰਘ ਧੀਰ ਵਾਂਗੂ ਉਂਗਲ ਸਿੱਧੀ ਕਰ ਕੇ ਪ੍ਰਤਾਪ ਬਾਜਵਾ ਬੋਲੇ, ‘ਦਿਖਾਓ ਕਿਥੇ ਹੈ ਵਿਕਾਸ’। ਪਿੱਛੇ ਖੜੀ ਇੱਕ ਪ੍ਰਵਾਸੀ ਦੀ ਪਤਨੀ ਨੇ ਕੁੱਛੜ ਚੁੱਕੇ ਮੁੰਡੇ ਨੂੰ ਉਪਰ ਹਵਾ ’ਚ ਉਛਾਲਿਆ,‘ਆਹ ਦੇਖ ਲੋ ਵਿਕਾਸ’। ਅਸਲ ’ਚ ਬੀਬੀ ਦੇ ਬੱਚੇ ਦਾ ਨਾਮ ਹੀ ਵਿਕਾਸ ਯਾਦਵ ਸੀ। ਹਾਸੜ ਉਦੋਂ ਮੱਚਿਆ ਜਦੋਂ ਮਝੈਲ ਬਾਜਵੇ ਨੇ ਮੋੜਵੇਂ ਜੁਆਬ ’ਚ ਕਿਹਾ ਕਿ ‘ਬੀਬਾ ਜੀ! ਵਿਕਾਸ ਹਾਲੇ ਨਿਆਣੈ।’   ਗੱਲ ਦਿੱਲੀ ਦੀ ਕਰਦੇ ਪਏ ਸੀ, ਹੋਰ ਪਾਸੇ ਹੀ ਤਿਲਕ ਗਈ, ਅਸਲ ’ਚ ਮਲਾਈਦਾਰ ਸੜਕਾਂ ’ਤੇ ਤਿਲ੍ਹਕਣ ਹੀ ਲੋਹੜੇ ਦੀ ਹੈ।

        ਚੋਣਾਂ ਮੌਕੇ ਮਜਮਾ ਹੀ ਬੱਝਦੈ। ਲੀਡਰਾਂ ਦੀਆਂ ਸਿਆਸੀ ਲੋਰੀਆਂ ਸੁਣ ਸੁਣ ਕੇ ਮੁੱਦੇ ਸੌਂ ਹੀ ਜਾਂਦੇ ਨੇ। ਜਦੋਂ ਜਾਗ ਖੁੱਲ੍ਹਦੀ ਹੈ, ਉਦੋਂ ਕੋਈ ਨਵਾਂ ਜਣਾ ਮੁੱਖ ਮੰਤਰੀ ਦੇ ਅਹੁਦੇ ਦੀ ਸਹੁੰ ਚੁੱਕ ਰਿਹਾ ਹੁੰਦਾ ਹੈ। ਨੇਤਾ ਲੋਕ ਹਰ ਕਲਾਬਾਜ਼ੀ ਤੋਂ ਜਾਣੂ ਹੁੰਦੇ ਨੇ, ਤੁਸੀਂ ਇਨ੍ਹਾਂ ਨੂੰ ਸ਼ਾਹਰੁੱਖ਼ ਖ਼ਾਨ ਵਾਲੀ ਫ਼ਿਲਮ ਬਾਜ਼ੀਗਰ ਦੇ ਨਾਇਕ ਹੀ ਸਮਝੋ। ਕਦੇ ਗੁਰਸ਼ਰਨ ਭਾ’ਜੀ ਦਾ ਨਾਟਕ ‘ਟੋਆ’ ਵੀ ਦੇਖਿਓ। ਟੋਏ ’ਚ ਡਿੱਗਿਆ ਆਮ ਆਦਮੀ ਲੇਲ੍ਹੜੀਆਂ ਕੱਢਦੈ ਕਿ ਬਈ ਕੋਈ ਤਾਂ ਮੈਨੂੰ ਬਾਹਰ ਕੱਢੋ। ਕਦੇ ਸਾਧੂ ਆਉਂਦਾ ਤੇ ਕਦੇ ਨੇਤਾ, ਜੋ ਟੋਏ ਵਿਚਲੀ ਆਵਾਜ਼ ਸੁਣ ਆਸ਼ੀਰਵਾਦ ਦੇ ਛੱਡਦੇ ਨੇ, ਬੱਚਾ! ਜਿੱਥੇ ਵੀ ਰਹੋ, ਖ਼ੁਸ਼ ਰਵੋਂ। ਟੋਏ ਵਿਚੋਂ ਉਦਾਸਮਈ ਆਵਾਜ਼ ਆਈ, ‘ਚਾਹੇ ਟੋਏ ’ਚ ਹੀ ਰਵਾਂ।’ ਹਾਂ ਬੱਚਾ, ਅੱਗਿਓਂ ਜੁਆਬ ਮਿਲਦੈ।

       ਦਿੱਲੀ ਦੀ ਕੱਟੜ ਇਮਾਨਦਾਰੀ ਤਰਫ਼ੋਂ ਇੱਕ ਬਾਬਾ ਹੱਥ ਜੋੜ ਮੁਆਫ਼ੀ ਮੰਗ ਰਿਹਾ ਹੈ, ‘ਮਾਫ਼ ਕਰਨਾ ਜੀ ਅਸੀਂ ਨਿਮਾਣਿਆਂ ਨੂੰ, ਕੌਣ ਜੰਮਿਆ ਜੋ ਗੁਨਾਹਗਾਰ ਨਾਹੀਂ।’ ਚੋਣਾਂ ਅਤੇ ਵਿਆਹ ਦਾ ਮਾਹੌਲ ਇੱਕੋ ਜੇਹਾ ਜਾਪਦੈ। ਜਿਵੇਂ ਵਿਆਹ ’ਚ ਫੁੱਫੜ ਅਬਾ ਤਬਾ ਬੋਲਦੈ, ਉਵੇਂ ਨੇਤਾ ਜਣ ਚੋਣਾਂ ਮੌਕੇ ਚਾਂਭਲ ਜਾਂਦੇ ਨੇ। ਚੋਣਾਂ ਮੌਕੇ ਨਫ਼ਰਤ ਦੀ ਦੁਕਾਨ ਦਿਨ ਰਾਤ ਖੁੱਲ੍ਹਦੀ ਹੈ। ਬਿਧੂੜੀ ਭਈਆ! ਨਿਰਾਸ਼ ਨਹੀਂ ਹੋਣਾ, ਤੇਰਾ ਬਿਨਾਂ ਅਪਮਾਨ ਵੀ ਨਹੀਂ ਹੋਣਾ। ਬੀਬਾ ਆਤਿਸ਼ੀ ਹੋਵੇ ਤੇ ਚਾਹੇ ਪ੍ਰਿਅੰਕਾ, ਕਿਸੇ ਦੀ ਕੀ ਮਜਾਲ ਹੈ। ਤੇਰਾ ਵਾਲ ਵਿੰਗਾਂ ਨਹੀਂ ਹੋਣ ਦਿਆਂਗੇ। ਅਪਮਾਨ ਦੀ ਕਲੋਰੋਫ਼ਾਰਮ ਕਿੰਨਾ ਕੁ ਕੰਮ ਕਰਦੀ ਹੈ, ਦਿੱਲੀ ਦੀ ਜਨਤਾ ਵੋਟਾਂ ਵਾਲੇ ਦਿਨ ਦੱਸੇਗੀ। ਨਗਰੀ ਵੱਸਦੀ ਭਲੀ, ਸਾਧੂ ਚੱਲਦੇ ਭਲੇ। ਛੱਡੋ ਜੈਕਾਰਾ! ਬਿਧੂੜੀ ਤੇਰੀ ਸੋਚ ’ਤੇ...।

(16 ਜਨਵਰੀ 2025)

Sunday, February 16, 2020

                         ਵਿਚਲੀ ਗੱਲ
              ਸਾਢੂ ਨੂੰ ਮੰਦਾ ਨਾ ਬੋਲੀਂ..!
                         ਚਰਨਜੀਤ ਭੁੱਲਰ
ਬਠਿੰਡਾ: ਟੇਸ਼ਨ ’ਤੇ ਟਕਸਾਲੀ ਖੜ੍ਹੇ ਰਹਿ ਗਏ। ਗੱਡੀ ਬੋਨੀ ਅਜਨਾਲਾ ਚੜ੍ਹ ਗਿਆ। ਜਹਾਂ ਦਾਣੇ, ਤਹਾਂ ਖਾਣੇ। ਤਿੱਤਰ ਸੱਤ ਬਿਗਾਨੇ ਵੀ ਹੋਣ, ਤਲੀਆਂ ’ਤੇ ਚੋਗ ਚੁਗਾਉਣਾ ਪੈਂਦੈ। ਹਰੀਕੇ ਜਲਗਾਹ, ਅਜਨਾਲੇ ਤੋਂ ਬਹੁਤੀ ਦੂਰ ਨਹੀਂ। ਪਰਵਾਸੀ ਪੰਛੀ ਆਉਂਦੇ ਨੇ, ਤਿੱਤਰਾਂ ਦਾ ਪਤਾ ਨਹੀਂ। ਮੌਸਮ ਬਦਲਿਆ, ਟਿਕਾਣਾ ਬਦਲਿਆ। ਸਾਇਬੇਰੀਆ ਤੋਂ ਕੂੰਜਾਂ ਆਉਂਦੀਆਂ ਨੇ, ਘਰਾਂ ਨੂੰ ਮੁੜ ਜਾਣਾ ਦਸਤੂਰ ਪੁਰਾਣਾ ਹੈ। ਪੰਛੀਆਂ ਦੀ ਕਾਹਦੀ ਪੱਕੀ ਠਾਹਰ। ਇਕ ਅੰਦਾਜ਼ਾ ਹੈ, ਜਦੋਂ ਬੋਨੀ ਨਿੱਕਾ ਹੁੰਦਾ ਸੀ, ਹਰੀਕੇ ਜਲਗਾਹ ’ਤੇ ਜ਼ਰੂਰ ਗਿਆ ਹੋਊ, ਸਾਇਬੇਰੀਅਨ ਕੂੰਜਾਂ ਵੇਖਣ। ’ਡਾਰ ਨਾਲੋਂ ਕੂੰਜ ਵਿੱਛੜੀ’। ਢੀਂਡਸਾ ਕਹਿੰਦਾ, ਕੋਈ ਫ਼ਰਕ ਨਹੀਂ ਪੈਂਦਾ। ਸੇਖਵਾਂ ਬੋਲਿਆ, ‘‘ਪੈਂਦਾ ਕਿਉਂ ਨਹੀਂ, ਇਕੱਠਿਆਂ ਸਹੁੰ ਖਾਧੀ ਸੀ। ਲੇਖਾ ਤਾਂ ਦਰਗਾਹਾਂ ’ਚ ਹੋਊ।’’ ਅਗਲੇ ਜਨਮਾਂ ਨੂੰ ਛੱਡੋ ਜੀ, ਲੇਖਾ ਮਾਂਵਾਂ ਧੀਆਂ ਦਾ। ਮਾਂ ਪਾਰਟੀ ’ਚ ਬੋਨੀ ਗਿਐ। ਢਿੱਡ ਪੀੜ ਲੋਕਾਂ ਦੇ ਹੋਈ ਜਾਂਦੀ ਐ। ਅਜਨਾਲਾ ਪਿਓ ਪੁੱਤ, ਟਕਸਾਲੀ ਤੋਂ ਅਕਾਲੀ, ਹੁਣੇ ਬਣੇ ਨੇ। ਚੋਣਾਂ ਦਾ ਮੌਸਮ ਦੂਰ ਨਹੀਂ। ਅੱਜ ਟਿਕਾਣਾ ਇੱਥੇ, ਮਗਰੋਂ ਸਾਧੂ ਚੱਲਦੇ ਭਲੇ। ਸਿਆਸੀ ਪੰਛੀ ਵੀ ਇਹੋ ਫਿਤਰਤ ਰੱਖਦੇ ਨੇ। ਬਾਦਲਾਂ ਦੇ ਕੋਠੇ ’ਤੇ ਲੱਗੀ ਛੱਤਰੀ ਵੱਲ ਵੇਖੋ। ਕਿੰਨੇ ਕੁ ਕਬੂਤਰ ਬੈਠਦੇ ਨੇ, ਛੇਤੀ ਪਤਾ ਲੱਗੂ। ਜਵਾਨੀ ਉਮਰੇ ਟਕਸਾਲੀ, ਕਬੂਤਰਾਂ ਦੀ ਬਾਜ਼ੀ ਵੇਖਦੇ ਰਹੇ ਨੇ, ਕੋਈ ਪੱਕਾ ਪਤਾ ਨਹੀਂ। ਅਕਾਲੀਆਂ ਦੇ ਵਿਹੜੇ ’ਚ ਜੋ ਕੰਧ ਨਿਕਲੀ ਹੈ, ਉਸ ਨੂੰ ਜੱਗ ਜਾਣਦੈ। ਦਿੱਲੀ ’ਚ ਹੁਣੇ ਨਫ਼ਰਤੀ ਕੰਧ ਡਿੱਗੀ ਐ। ਕਾਮਰੇਡਾਂ ਦੇ ‘ਦਾਤੀ ਹਥੌੜੇ’ ਨਾਲੋਂ ਤਕੜੇ ਨਿਕਲੇ ਦਿੱਲੀ ਵਾਲੇ। ਕੰਧਾਂ ਹਿਲਾ ਦਿੱਤੀਆਂ। ਮਹਾਰਾਜੇ ਨੂੰ ਜ਼ਰੂਰ ਭੁਲੇਖਾ ਪਿਆ ਹੋਊ, ਦੇਖਿਓ ਕਿਤੇ ਕੋਈ ਭੂਚਾਲ ਤਾਂ ਨਹੀਂ ਆਇਆ।
                ਭਾਜਪਾ ਨੂੰ ਹਾਈ ਵੋਲਟੇਜ ਦਾ ਕਰੰਟ ਲੱਗਿਐ। ਅਮਿਤ ਸ਼ਾਹ ਜੀ ਹੁਣੇ ਬੋਲੇ ਨੇ, ਮੂੰਹ ਖੋਲ੍ਹੇ ਨੇ, ਅਖੇ ਨਫ਼ਰਤੀ ਬੋਲ ਬਾਣੀ ਲੈ ਬੈਠੀ। ਬੇਸ਼ਰਮਾਂ ਦੀ ਡੁੱਲ ਗਈ ਦਾਲ..। ਮਨੋਜ ਤਿਵਾੜੀ ਕਹਿੰਦਾ, ਭਾਜਪਾਈ ਵੋਟ ਫ਼ੀਸਦ ਤਾਂ ਵਧਿਆ ਹੈ। ਮੰਤਰੀ ਅਨੁਰਾਗ ਠਾਕੁਰ ਦੇ ਕੰਨ ਜ਼ਰੂਰ ਮਾਂ ਨੇ ਪੁੱਟੇ ਹੋਣਗੇ। ਚੋਣ ਨਤੀਜੇ ਦਿੱਲੀ ਦੇ ਆਏ ਨੇ। ਥਰ- ਥਰ ਪੰਜਾਬ ਕੰਬੀਂ ਜਾ ਰਿਹੈ। ਸ੍ਰੀਮਤੀ ਜਸ਼ੋਦਾਬੇਨ, ਪ੍ਰਧਾਨ ਮੰਤਰੀ ਮੋਦੀ ਦੀ ਪਤਨੀ, ਢਿੱਡੋਂ- ਢਿੱਡ ਹੱਸੀ ਹੋਵੇਗੀ। ਢਿੱਡ ਕਿਸ ਕੋਲ ਫਰੋਲੇ। ਭੈਣ ਜੀ, ਥੋੜ੍ਹੀ ਉਡੀਕ ਕਰੋ। ਮਿਲੇਨੀਆ ਟਰੰਪ, ਆਪਣੇ ਅਮਰੀਕਾ ਵਾਲੇ ਟਰੰਪ ਦੀ ਬੀਵੀ, ਗੁਜਰਾਤ ਆ ਰਹੀ ਹੈ। ਕਿਸੇ ਕੰਧ ਓਹਲੇ ਬੈਠ ਕੇ ਕਰ ਲਿਓ, ਖੁੱਲ੍ਹੀਆਂ ਗੱਲਾਂ। ਏਨਾਂ ਕੁ ਖਿਆਲ ਰੱਖਿਓ, ਕੰਧਾਂ ਦੇ ਕੰਨ ਵੀ ਹੁੰਦੇ ਨੇ। ਸ਼ਿਵ ਕੁਮਾਰ ਬਟਾਲਵੀ, ਗੁਣਗਾਉਂਦਾ ਮਰ ਗਿਆ, ‘ਮੈਨੂੰ ਜਗ ਨੇ ਕੰਧਾਂ ਦਿੱਤੀਆਂ, ਮੈਂ ਕੀ ਜੱਗ ਨੂੰ ਵੰਡਾਂ’। ਸ਼ਾਹੀਨ ਬਾਗ਼ ਵਿਚੋਂ ਆਵਾਜ਼ ਆਈ, ਮੋਦੀ ਜੀ ਆਓ, ਪਿਆਰ ਵਾਲੇ ਦਿਨ (ਵੈਲੇਨਟਾਈਨ ਡੇਅ), ਗੱਲ ਕਰੋ ਸਾਡੇ ਨਾਲ, ਤੋਹਫ਼ੇ ਵੀ ਦਿਆਂਗੇ। ਫਰਾਹ ਨਕਵੀ ਦੇ ਬੋਲ ਵੀ ਗੂੰਜੇ ਨੇ, ‘ਦਰਿਆ ਤੋ ਭਰ ਗਿਆ, ਮੈਂ ਅਬ ਸੈਲਾਬ ਹੂੰ… ਨਜ਼ਰ ਘੁਮਾ, ਮੈਂ ਹਰ ਸ਼ਹਿਰ ਕਾ ਸ਼ਾਹੀਨ ਬਾਗ਼ ਹੂੰ।’ ਇਕੱਲਾ ਮਾਨਸਾ-ਲੁਧਿਆਣਾ ਕੀ, ਮਾਲੇਰਕੋਟਲਾ ਵੀ ਅੱਜ ਸ਼ਾਹੀਨ ਬਾਗ਼ ਬਣੇਗਾ। ਤੌੜੀ ਵਾਲਾ ਦੁੱਧ ਪੀਤਾ ਹੁੰਦਾ। ਪ੍ਰੇਮ ਦੇ ਬਾਗਾਂ ਦੇ ਮਾਲੀ ਬਣਦੇ। ਨੇਕੀ ਦੀ ਦੀਵਾਰ ਖੜ੍ਹੀ ਕਰਦੇ। ਚੌਂਤਰੇ ’ਤੇ ਮੁਹੱਬਤੀ ਗਾਰਾ ਫੇਰਦੇ। ਕੰਧੋਲ਼ੀਆਂ ’ਤੇ ਪੈਲਾਂ ਪਾਉਂਦੇ ਮੋਰ ਵਾਹੁੰਦੇ। ਸ਼ਾਇਦ ਘਰ ਦੀ ਸੁਆਣੀ ਹੁਣ ਜਾਗ ਪਵੇ।
                 ਪ੍ਰੇਮ ਦੀਆਂ ਇੱਟਾਂ ’ਚ ਕਿਵੇਂ ਚਿਣਾਈ ਕਰੀਏ, ਦੂਰ ਜਾਣ ਦੀ ਲੋੜ ਨਹੀਂ, ਕੇਜਰੀਵਾਲ ਨੂੰ ਹੀ ਪੁੱਛ ਲਓ। ਚੰਗਾ ਕਾਰੀਗਰ ਹੈ, ਬਸ ਅੱਜ ਸਹੁੰ ਚੁੱਕ ਲੈਣ ਦਿਓ। ਬਿਹਾਰ ਜਾਓਗੇ, ਪਹਿਲਾਂ ਕੰਧ ’ਤੇ ਲਿਖਿਆ ਪੜ੍ਹਿਓ। ਈਰਖਾ ਦੀ ਦੀਵਾਰ ਦੇ ਦਿਨ ਲੱਦੇ ਨੇ। ਟੈਲੀਵਿਜ਼ਨ ’ਤੇ ਇਕ ਮਸ਼ਹੂਰੀ ਵੇਖੀ ਹੋਵੇਗੀ, ‘ਭਈਆ, ਯੇ ਦੀਵਾਰ ਟੂਟਤੀ ਕਿਉਂ ਨਹੀਂ।’ ਦਿੱਲੀ ’ਚ ਤਾਂ ਟੁੱਟ ਗਈ। ਭਰਮਾਂ ਦੀ ਕੰਧ ਤੇ ਈਰਖਾ ਦਾ ਬਨੇਰਾ। ਪੀਲੂ ਦਾ ਕਿੱਸਾ ‘ਮਿਰਜ਼ਾ ਸਾਹਿਬਾਂ’ ਪੜ੍ਹੋਗੇ। ਚਾਨਣ ਹੋ ਜਾਏਗਾ, ਵੀਰ ਸ਼ਮੀਰ ਹਰ ਯੁੱਗ ’ਚ ਰਹੇ ਨੇ। ਕੋਈ ਜ਼ਮਾਨਾ ਨਹੀਂ ਬਚਿਆ। ਕਿਤੇ ਮੁਹੱਬਤ ਦਾ ਪਹਿਰਾ ਰਿਹੈ। ਕਿਤੇ ਨਫ਼ਰਤ ਦੇ ਚੌਕੀਦਾਰ ਬੁੱਕੇ ਨੇ। ਜਸਬੀਰ ਭੁੱਲਰ ਦੀ ਕਹਾਣੀ ਹੈ, ‘ਤਿੰਨ ਕੰਧਾਂ ਵਾਲਾ ਘਰ’, ਪ੍ਰਤੱਖ ਦਰਸ਼ਨ ਕਰਾਉਂਦੀ ਐ। ਦਰਸ਼ਨ ‘ਡਿਜੀਟਲ ਇੰਡੀਆ’ ਦੇ ਵੀ ਕਰੋ, ਜੋ ਘਰ ਨਹੀਂ ਬਣਾਉਂਦਾ, ਕੰਧਾਂ ਕੱਢਦਾ ਹੈ। ਡੋਨਲਡ ਟਰੰਪ ਕਸੂਤਾ ਫਸਿਆ। ਭਾਰਤ ਆਉਣ ਤੋਂ ਪਹਿਲਾਂ ਹੀ ਘਰ ਵਾਲੀ ਕੋਲ ਫੜ ਮਾਰ ਬੈਠਾ, ਅਖੇ ਗੁਜਰਾਤ ’ਚ 40 ਲੱਖ ਬੰਦਾ ਮੇਰਾ ਸਵਾਗਤ ਕਰੂ। ਸਦਕੇ ਜਾਵਾਂ ਸ਼ੇਰ ਬੱਚੀ ਦੇ। ਕਹਿੰਦੀ.. ਜਿੱਥੇ ਚੱਲੇਂਗਾ ਚੱਲੂੰਗੀ ਨਾਲ ਤੇਰੇ..। ਨਰਿੰਦਰ ਮੋਦੀ ਨੂੰ ਧੁੜਕੂ ਲੱਗਿਐ, ਕਿਤੇ ’ਕੱਠ ਘੱਟ ਨਾ ਰਹਿ ਜਾਏ। ਟਰੰਪ ਅਗਲੇ ਹਫ਼ਤੇ ਆਊ ਭਾਰਤ। ਅਹਿਮਦਾਬਾਦ ਸ਼ਹਿਰ ਵੀ ਜਾਣਾ ਹੈ। ਤਾਹੀਓਂ ਏਅਰਪੋਰਟ ਰੋਡ ’ਤੇ ਨਵੀਂ ਕੰਧ ਕੱਢੀ ਜਾ ਰਹੀ ਹੈ। ਇਸ ਸੜਕ ’ਤੇ ਝੁੱਗੀ ਝੌਂਪੜੀ ਹੈ। ਕਿਤੇ ਟਰੰਪ ਝੌਂਪੜੀਆਂ ਨਾ ਦੇਖ ਲਵੇ, ਝੌਂਪੜੀਆਂ ਵਾਲੇ ਪਾਸੇ ਉੱਚੀ ਕੰਧ ਹੀ ਕੱਢ ਦਿੱਤੀ। ਨਾ ਰਹੇਗਾ ਬਾਂਸ..।
               ਭਲੇਮਾਣਸੋ, ਡੋਨਲਡ ਟਰੰਪ ਨੂੰ ਤਾਂ ਕੰਧ ਵੇਖ ਚਾਅ ਚੜ੍ਹੇਗਾ। ਗ਼ਰੀਬ ਬਸਤੀ ਕਿੱਥੋਂ ਦਿਖਣੀ ਐ। ਸ਼ਾਇਦ ਕੰਧ ਵੇਖ ਤਾਂ ਟਰੰਪ ਰੁਕ ਵੀ ਜਾਵੇ। ਮੋਦੀ ਦਾ ਮੱਥਾ ਠਣਕੇਗਾ, ਜੇ ਕਿਤੇ ਟਰੰਪ ਨੇ ਕੰਧ ਉੱਤੋਂ ਦੀ ਝਾਤੀ ਮਾਰ ਲਈ। ਛਪੰਜਾ ਇੰਚ ਦੀ ਛਾਤੀ ਸੁੰਗੜਨ ਲੱਗੇਗੀ ਤਾਂ ਅਮਿਤ ਸ਼ਾਹ ਮੁਸਕਰਾਏਗਾ। ‘ਮੈਂ ਹੂੰ ਨਾ’। ਟਰੰਪ ਨੇ ਬਾਗੋ ਬਾਗ ਹੋਣੈ। ਮੋਦੀ ਦੀ ਕੰਧ ’ਚੋਂ ਉਸ ਨੂੰ ਮੈਕਸਿਕੋ ਦੀ ਕੰਧ ਦਾ ਝਉਲਾ ਪੈਣੈ। ਹੋ ਸਕਦੈ ਕੰਧ ਕੋਲ ਯਾਦਗਾਰੀ ਫੋਟੋ ਵੀ ਕਰਾਏ। ਰਾਸ਼ੀ ਦਾ ਤਾਂ ਪਤਾ ਨਹੀਂ, ਸੁਭਾਅ ਟਰੰਪ ਤੇ ਮੋਦੀ ਦਾ ਇੰਨ-ਬਿੰਨ ਇਕੋ ਹੈ। ਨਾਲੇ ਸੋਚ ਵੀ। ਉਪਰੋਂ ਹੁਣ ‘ਕੰਧ ਸਾਢੂ’ ਵੀ ਬਣ ਜਾਣਗੇ। ਲਓ ਜੀ, ਬਾਕੀ ਗੱਲਾਂ ਮਗਰੋਂ, ‘ਪੌੜੀ ਸਾਢੂ’ ਚੇਤੇ ਆਏ ਨੇ। ਪਹਿਲਾਂ ਉਨ੍ਹਾਂ ਦੀ ਵੀ ਸੁਣੋ। ਗੁਰਬਚਨ ਸਿੰਘ ਭੁੱਲਰ ਦੀ ਕਿਤਾਬ ‘ਅਸਾਂ ਮਰਨਾ ਨਾਹੀਂ’ ਫਰੋਲੀ। ਵਿਚੋਂ ‘ਪੌੜੀ ਸਾਢੂ’ ਲੱਭ ਪਏ। ਦਵਿੰਦਰ ਸਤਿਆਰਥੀ ਦੇ ਰੇਖਾ ਚਿੱਤਰ ਦਾ ਇਕ ਸੰਖੇਪ ਬਿਰਤਾਂਤ। ‘ਸਤਿਆਰਥੀ ‘ਆਰਸੀ’ ਵਿਚ ਅੰਮ੍ਰਿਤਾ ਪ੍ਰੀਤਮ ਬਾਰੇ ਨਾਖੁਸ਼ੀ ਵਾਲਾ ਕੁਛ ਲਿਖ ਬੈਠੇ। ਅੰਮ੍ਰਿਤਾ ਨਾਰਾਜ਼ ਹੋ ਗਈ, ਸਤਿਆਰਥੀ ਮੁਆਫ਼ੀ ਮੰਗਣ ਤੁਰ ਪਏ। ਅੰਮ੍ਰਿਤਾ ਨੇ ਪੌੜੀਆਂ ’ਚੋਂ ਮੋੜ ਦਿੱਤਾ। ਇਵੇਂ ਭੁੱਲਰ ਦੀ ਕਹਾਣੀ ‘ਕਸਵੱਟੀ’ ਤੋਂ ਅੰਮ੍ਰਿਤਾ ਗੁੱਸੇ ਹੋ ਗਈ। ਸਤਿਆਰਥੀ ਨੂੰ ਵੀ ਇਸ ਰੁਸੇਵੇਂ ਦੀ ਭਿਣਕ ਪੈ ਗਈ। ਪਹਿਲੀ ਦਫ਼ਾ ਜਦੋਂ ਕੋਈ ਭੁੱਲਰ ਦੀ ਸਤਿਆਰਥੀ ਨਾਲ ਜਾਣ-ਪਛਾਣ ਕਰਾਉਣ ਲੱਗਾ। ਅੱਗਿਓਂ ਸਤਿਆਰਥੀ ਜੀ ਬੋਲ ਪਏ, ਲਓ ਜੀ ਏਹ ਤਾਂ ਮੇਰੇ ‘ਪੌੜੀ ਸਾਢੂ’ ਨੇ। ਉਹ ਕਿਵੇਂ..‘ਇੱਕੋ ਪੌੜੀਆਂ ਨੇ ਜੋ ਸਾਡੇ ਦੋਵਾਂ ਲਈ ਵਰਜਿਤ ਨੇ।’
               ਗੱਲ ਕਦੋਂ ਤਿਲਕ ਜਾਏ, ਪਤਾ ਨਹੀਂ ਲੱਗਦਾ। ਟਰੰਪ ਨੂੰ ਕੰਧ ਕੋਲ ’ਕੱਲਾ ਛੱਡ ਆਏ। ਹੋਰ ਪਾਸੇ ਹੀ ਘੋੜਾ ਭਜਾ ਲਿਆ। ਟਰੰਪ ਨੇ ਚਾਹੇ ਕੰਧ ਨਾਲ ਪੌੜੀ ਲਾ ਲਈ ਹੋਵੇ। ਬਸਤੀ ਵਾਲੇ ਆਖਦੇ ਨੇ, ਕੰਧ ਦੀ ਥਾਂ ਮੋਦੀ ਸਾਡੇ ਘਰ ਹੀ ਬਣਾ ਦਿੰਦਾ। ਅਡਵਾਨੀ ਦੀ ਕੋਈ ਪੇਸ਼ ਨਹੀਂ ਜਾ ਰਹੀ। ਦਿੱਲੀ ਦੀ ਹਾਰ ਨੇ ਕਾਲਜੇ ਠੰਢ ਪਾਈ ਹੋਊ। ਦੱਸਦੇ ਨੇ, ਜਦੋਂ ਦਿੱਲੀ ਚੋਣਾਂ ਸਨ, ਉਦੋਂ ਕਰੋਨਾਵਾਇਰਸ ਵੀ ਪੁੱਠਾ ਮੁੜ ਗਿਆ। ਚੀਨ ਦੀ ਦੀਵਾਰ ਉੱਪਰੋਂ ਕਰੋਨਾਵਾਇਰਸ ਝਾਕਿਆ। ਇਹ ਸੋਚ ਕੇ ਪਿਛਾਂਹ ਪੌੜੀ ਉਤਰ ਗਿਆ। ਅਖੇ, ਉਥੇ ਤਾਂ ਮੈਥੋਂ ਵੱਡੇ ਵਾਇਰਸ ਬੈਠੇ ਨੇ। ਵੇਲਾ ਹੁਣ ਬੈਠਣ ਦਾ ਨਹੀਂ, ਦਿੱਲੀ ਦੀ ਜਿੱਤ ਨੇ ਪੈਰਾਂ ਹੇਠ ਅੱਗ ਮਚਾ ਦਿੱਤੀ ਐ। ਬਿਹਾਰ ਤੇ ਬੰਗਾਲ ਜਿੱਤਣੇ ਨੇ। ਕੰਧ ਢਾਹੁਣੀ ਪਊ, ਸਮਾਜੀ ਪਾੜੇ ਦੀ। ਇਨ੍ਹਾਂ ਕੰਧਾਂ ਨੇ ਦਿਲਾਂ ਨੂੰ ਵੰਡ ਦਿੱਤਾ ਹੈ।ਭਾਰਤ ਦੇ ਵਿਹੜੇ ‘ਚ ਕੋਈ ਬੋਧੀ ਰੁੱਖ ਲਾਉਣਾ ਪੈਣੈ। ਕੰਧਾਂ ਦੀ ਥਾਂ ਹੁਣ ਹੱਲ ਕੱਢਣੇ ਪੈਣੇ ਨੇ। ਮੁਲਕ ’ਚੋਂ ਨਾ ਕੱਢੋ, ਵਾਸੇ ਲਈ ਸਮਾਂ ਕੱਢੋ। ਹੰਸ ਰਾਜ ਗਾ ਰਿਹੈ.. ‘ਜ਼ਿੱਦ ਨਾਲ ਮਸਲੇ ਵਿਗੜ ਜਾਂਦੇ ਨੇ..।’ ਰੇਡੀਓ ‘ਤੇ ਬੋਲ ਗੂੰਜ ਰਹੇ ਹਨ..‘ਰਾਮ ਚੰਦਰ ਕਹਿ ਗਏ ਸੀਆ ਸੇ, ਐਸਾ ਕਲਯੁਗ ਆਏਗਾ/ਹੰਸ ਚੁਗੇਗਾ ਦਾਨਾ ਦੁਨਕਾ, ਕਊਆ ਮੋਤੀ ਖਾਏਗਾ’। ਕੋਠੇ ’ਤੇ ਛੱਜੂ ਰਾਮ ਚੜ੍ਹਿਐ। ਇਕ ਹੱਥ ’ਚ ਗੁਲੇਲ ਐ, ਦੂਜੇ ਹੱਥ ’ਚ ਇਕ ਮਰਿਆ ਕਾਂ। ਬਨੇਰੇ ’ਤੇ ਜਗ੍ਹਾ ਲੱਭ ਰਿਹੈ, ਟੰਗਣ ਲਈ…।