Saturday, February 1, 2025

                                                      ਸਰਕਾਰੀ ਕੌਤਕ 
                              ‘ਰਾਕੇਟ’ ਬਣਿਆ ਮਾਲ ਅਫ਼ਸਰ..!
                                                       ਚਰਨਜੀਤ ਭੁੱਲਰ  

ਚੰਡੀਗੜ੍ਹ : ਮਾਲ ਮਹਿਕਮੇ ’ਚ ਮਾਲ ਅਫ਼ਸਰ ਏਨਾ ਫੁਰਤੀਲਾ ਨਿਕਲਿਆ ਕਿ ਉਸ ਨੇ ਰਾਕੇਟ ਨੂੰ ਵੀ ਮਾਤ ਪਾ ਦਿੱਤੀ। ਜਗਰਾਓਂ ਦੇ ਤਹਿਸੀਲਦਾਰ ਦੀ ਕੌਤਕੀ ਰਫ਼ਤਾਰ ਨੇ ਉਨ੍ਹਾਂ ਦੇ ਮੂੰਹ ਬੰਦ ਕਰ ਦਿੱਤੇ ਹਨ ਜਿਹੜੇ ਮਾਲ ਮਹਿਕਮੇ ’ਤੇ ਸੁਸਤ ਚਾਲ ਦੇ ਇਲਜ਼ਾਮ ਲਾਉਂਦੇ ਹਨ। ਮਾਲ ਵਿਭਾਗ ਪੰਜਾਬ ਨੇ ਜਦੋਂ ਇੱਕ ਸ਼ਿਕਾਇਤ ਦੇ ਆਧਾਰ ’ਤੇ ਰਿਕਾਰਡ ਦੀ ਘੋਖ ਕੀਤੀ ਤਾਂ ਜਗਰਾਓਂ ਦੇ ਤਹਿਸੀਲਦਾਰ ਰਣਜੀਤ ਸਿੰਘ ਦੀ ਇਸ ‘ਫੁਰਤੀ’ ਦਾ ਪਤਾ ਲੱਗਿਆ। ਵਧੀਕ ਮੁੱਖ ਸਕੱਤਰ (ਮਾਲ) ਅਨੁਰਾਗ ਵਰਮਾ ਨੇ ਅੱਜ ਇਸ ਤਹਿਸੀਲਦਾਰ ਨੂੰ ਨੌਕਰੀ ਤੋਂ ਮੁਅੱਤਲ ਕਰ ਦਿੱਤਾ ਹੈ। ਇੰਜ ਹੋਇਆ ਕਿ ਕਿਸੇ ਵਿਅਕਤੀ ਨੇ ਮਾਲ ਵਿਭਾਗ ਦੇ ਉੱਚ ਅਫ਼ਸਰਾਂ ਕੋਲ ਇਸ ਤਹਿਸੀਲਦਾਰ ਦੀ ਸ਼ਿਕਾਇਤ ਕੀਤੀ ਸੀ, ਜਿਸ ਦੀ ਮੁੱਢਲੀ ਰਿਪੋਰਟ ਪੰਜਾਬ ਲੈਂਡ ਰਿਕਾਰਡ ਸੁਸਾਇਟੀ ਤੋਂ ਲਈ ਗਈ। ਰਣਜੀਤ ਸਿੰਘ ਇਸ ਵੇਲੇ ਜਗਰਾਓਂ ਤਹਿਸੀਲ ਵਿਚ ਤਾਇਨਾਤ ਹੈ ਅਤੇ ਉਸ ਕੋਲ ਲੁਧਿਆਣਾ (ਪੂਰਬੀ) ਦਾ ਵਾਧੂ ਚਾਰਜ ਹੈ। 

          ਤਹਿਸੀਲ ਜਗਰਾਓਂ ਤੇ ਲੁਧਿਆਣਾ (ਪੂਰਬੀ) ’ਚ 17 ਜਨਵਰੀ ਨੂੰ ਹੋਈਆਂ ਰਜਿਸਟਰੀਆਂ ਦੀ ਜਦੋਂ ਜਾਂਚ ਕੀਤੀ ਗਈ ਤਾਂ ਹੈਰਾਨੀ ਭਰੇ ਤੱਥ ਸਾਹਮਣੇ ਆਏ, ਜਿਨ੍ਹਾਂ ਦੇ ਆਧਾਰ ’ਤੇ ਤਹਿਸੀਲਦਾਰ ਖ਼ਿਲਾਫ਼ ਕਾਰਵਾਈ ਹੋਈ ਹੈ। ‘ਪੰਜਾਬੀ ਟ੍ਰਿਬਿਊਨ’ ਕੋਲ ਮੌਜੂਦ ਦਸਤਾਵੇਜ਼ਾਂ ਅਨੁਸਾਰ ਇਸ ਤਹਿਸੀਲਦਾਰ ਨੇ 17 ਜਨਵਰੀ ਦੀ ਸ਼ਾਮ ਨੂੰ 5.12 ਵਜੇ ਇੱਕ ਰਜਿਸਟਰੀ ਕੀਤੀ ਜਦੋਂ ਕਿ ਉਸੇ ਦਿਨ ਦੀ ਸ਼ਾਮ ਨੂੰ ਇਸੇ ਤਹਿਸੀਲਦਾਰ ਨੇ ਜਗਰਾਓਂ ਤਹਿਸੀਲ ’ਚ ਸ਼ਾਮ 5.16 ਵਜੇ ਦੂਜੀ ਰਜਿਸਟਰੀ ਕੀਤੀ। ਦੋਹਾਂ ਰਜਿਸਟਰੀਆਂ ’ਚ ਸਿਰਫ਼ ਚਾਰ ਮਿੰਟ ਦਾ ਵਕਫ਼ਾ ਹੈ। ਰਿਪੋਰਟ ’ਚ ਲਿਖਿਆ ਹੈ ਕਿ ਇਹ ਸੰਭਵ ਨਹੀਂ ਹੈ ਕਿ ਇੱਕ ਤਹਿਸੀਲਦਾਰ ਸਿਰਫ਼ ਚਾਰ ਮਿੰਟਾਂ ’ਚ ਹੀ ਲੁਧਿਆਣਾ ਤੋਂ ਜਗਰਾਓਂ ਪੁੱਜ ਗਿਆ ਹੋਵੇ। ਦੇਖਿਆ ਜਾਵੇ ਤਾਂ ਲੁਧਿਆਣਾ ਪੂਰਬੀ ਤੋਂ ਜਗਰਾਓਂ ਤਹਿਸੀਲ ਦਾ ਰਸਤਾ ਕਰੀਬ 40 ਕਿਲੋਮੀਟਰ ਬਣਦਾ ਹੈ, ਜਿਹੜਾ ਸੜਕੀ ਰਸਤੇ ਘੱਟੋ-ਘੱਟ ਪੌਣੇ ਘੰਟੇ ਵਿਚ ਤੈਅ ਹੁੰਦਾ ਹੈ।

          ਸਰਕਾਰੀ ਰਿਪੋਰਟ ਅਨੁਸਾਰ ਇਸ ਤਹਿਸੀਲਦਾਰ ਨੇ ਸਿਰਫ਼ ਚਾਰ ਮਿੰਟਾਂ ’ਚ ਹੀ ਇਹ ਰਸਤਾ ਤੈਅ ਕੀਤਾ ਹੈ। ਮਾਲ ਵਿਭਾਗ ਨੇ ਹੁਣ ਇਸ ਤਹਿਸੀਲਦਾਰ ਨੂੰ ਮੁਅੱਤਲ ਕਰਕੇ ਪਠਾਨਕੋਟ ਦੇ ਐੱਸਡੀਐੱਮ ਦਫ਼ਤਰ ਧਾਰ ਕਲਾਂ ਵਿੱਚ ਹੈੱਡਕੁਆਰਟਰ ਭੇਜ ਦਿੱਤਾ ਹੈ। ਪਠਾਨਕੋਟ ਦੇ ਡਿਪਟੀ ਕਮਿਸ਼ਨਰ ਨੂੰ ਉਸ ਦੀ ਰੋਜ਼ਾਨਾ ਹਾਜ਼ਰੀ ਰਿਪੋਰਟ ਭੇਜਣ ਲਈ ਕਿਹਾ ਹੈ। ਮਾਲ ਮਹਿਕਮੇ ਦੇ ਉੱਚ ਅਧਿਕਾਰੀ ਅਨੁਸਾਰ ਇਹ ਗੰਭੀਰ ਕੁਤਾਹੀ ਹੈ ਜਿਸ ਕਰਕੇ ਇਸ ਮਾਲ ਅਧਿਕਾਰੀ ਨੂੰ ਚਾਰਜਸ਼ੀਟ ਕੀਤਾ ਜਾ ਰਿਹਾ ਹੈ ਅਤੇ ਇਸ ਦੀ ਡੂੰਘਾਈ ਨਾਲ ਜਾਂਚ ਕਰਨ ਵਾਸਤੇ ਵਿਸਥਾਰਤ ਪੜਤਾਲ ਕਰਵਾਈ ਜਾਵੇਗੀ। ਅਧਿਕਾਰੀ ਆਖਦੇ ਹਨ ਕਿ ਮੁੱਢਲੀ ਨਜ਼ਰੇ ਇਹ ਜਾਪਦਾ ਹੈ ਕਿ ਅਸਲ ਵਿਚ ਲੁਧਿਆਣਾ (ਪੂਰਬੀ) ਦੇ ਦਫ਼ਤਰ ਵਿਚ ਬੈਠ ਕੇ ਹੀ ਇਹ ਤਹਿਸੀਲਦਾਰ ਜਗਰਾਓਂ ਦੀਆਂ ਰਜਿਸਟਰੀ ਕਰ ਰਿਹਾ ਸੀ।

                                         ਹੁਣ ਜੁਗਤਾਂ ਲਾ ਰਹੇ ਨੇ ਮਾਲ ਅਫ਼ਸਰ

ਮਾਲ ਮਹਿਕਮੇ ਵੱਲੋਂ 160 ਤਹਿਸੀਲਾਂ ਵਿਚ ਸੀਸੀਟੀਵੀ ਕੈਮਰੇ ਚਾਲੂ ਕਰ ਦਿੱਤੇ ਗਏ ਹਨ। ਪਹਿਲੀ ਪੜਤਾਲ ਵਿੱਚ 180 ਤਹਿਸੀਲਾਂ ’ਚੋਂ ਸਿਰਫ਼ ਤਿੰਨ ਤਹਿਸੀਲਾਂ ਵਿਚ ਹੀ ਕੈਮਰੇ ਚੱਲ ਰਹੇ ਸਨ। ਜਦੋਂ ਪੰਜਾਬ ਸਰਕਾਰ ਨੇ ਸਖ਼ਤੀ ਕੀਤੀ ਤਾਂ ਹੁਣ 160 ਤਹਿਸੀਲਾਂ ਵਿਚ ਕੈਮਰੇ ਚਾਲੂ ਹੋ ਗਏ ਹਨ ਪਰ ਮਾਲ ਅਫ਼ਸਰ ਹਾਲੇ ਵੀ ਜੁਗਤਾਂ ਲਾ ਰਹੇ ਹਨ। ਜਦੋਂ ਹੁਣ ਦੁਬਾਰਾ ਦੇਖਿਆ ਗਿਆ ਤਾਂ ਪਟਿਆਲਾ, ਮਾਨਸਾ ਤੇ ਮੋਹਾਲੀ ਆਦਿ ’ਚ ਕੈਮਰਿਆਂ ਦਾ ਫੋਕਸ ਸਹੀ ਜਗ੍ਹਾ ਨਹੀਂ ਸੀ ਅਤੇ ਖਡੂਰ ਸਾਹਿਬ, ਰਾਜਪੁਰਾ ਅਤੇ ਖਰੜ ਤਹਿਸੀਲ ਦੇ ਸੀਸੀਟੀਵੀ ਕੈਮਰਿਆਂ ਦਾ ਮੂੰਹ ਹੀ ਬੇਲੋੜੀਆਂ ਥਾਵਾਂ ਵੱਲ ਕੀਤਾ ਹੋਇਆ ਸੀ। ਹੁਣ ਮਾਲ ਅਫ਼ਸਰਾਂ ਨੂੰ ਤਾੜਨਾ ਕੀਤੀ ਗਈ ਹੈ ਕਿ ਇੱਕ ਕੈਮਰਾ ਤਹਿਸੀਲਦਾਰ, ਦੂਜਾ ਰਜਿਸਟਰੀ ਕਲਰਕ, ਤੀਜਾ ਲੋਕਾਂ ਨੂੰ ਰਜਿਸਟਰੀ ਸੌਂਪਣ ਵਾਲੇ ਕਰਮਚਾਰੀ ਅਤੇ ਚੌਥਾ ਕੈਮਰਾ ਦਫ਼ਤਰ ਦੇ ਬਾਹਰ ਵਾਰੀ ਉਡੀਕ ਰਹੀ ਆਮ ਪਬਲਿਕ ’ਤੇ ਫੋਕਸ ਹੋਣਾ ਚਾਹੀਦਾ ਹੈ।

No comments:

Post a Comment