‘ਝੂਠ’ ਫੜਨ ਲਈ
ਗੁਜਰਾਤ ਨਹੀਂ ਜਾਣਾ ਪਵੇਗਾ…!
ਚਰਨਜੀਤ ਭੁੱਲਰ
ਚੰਡੀਗੜ੍ਹ : ਜਦੋਂ ਵੀ ਪੰਜਾਬ ਪੁਲੀਸ ਨੇ ਕਿਸੇ ਮੁਜਰਮ ਦਾ ਝੂਠ ਫੜਨ ਵਾਲਾ ਟੈਸਟ (ਪੌਲੀਗਰਾਫ ਟੈਸਟ) ਕਰਵਾਉਣਾ ਹੁੰਦਾ ਹੈ ਤਾਂ ਇਸ ਵਾਸਤੇ ਗੁਜਰਾਤ ਜਾਂ ਫਿਰ ਦਿੱਲੀ ਜਾਣਾ ਪੈਂਦਾ ਹੈ। ਪੰਜਾਬ ਪੁਲੀਸ ਕੋਲ ਹਾਲੇ ਤੱਕ ‘ਝੂਠ ਫੜਨ ਵਾਲੀ ਮਸ਼ੀਨ’ (ਲਾਈ ਡਿਟੈਕਟਰ) ਹੀ ਨਹੀਂ ਹੈ। ਹੁਣ ਗ੍ਰਹਿ ਵਿਭਾਗ ਪੰਜਾਬ ਨੇ ‘ਲਾਈ ਡਿਟੇਕਟਰ’ ਦੀ ਖ਼ਰੀਦ ਲਈ ਹਰੀ ਝੰਡੀ ਦੇ ਦਿੱਤੀ ਹੈ। ਪੰਜਾਬ ਪੁਲੀਸ ਨੇ ਇਸ ਮਸ਼ੀਨ ਦੀ ਖ਼ਰੀਦ ਲਈ ਰਸਮੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ। ਚੇਤੇ ਰਹੇ ਕਿ ਪੰਜ ਕੁ ਸਾਲ ਪਹਿਲਾਂ ਹਿਮਾਚਲ ਪੁਲੀਸ ਨੇ ਵੀ ‘ਲਾਈ ਡਿਟੈਕਟਰ’ ਟੈਸਟ ਮਸ਼ੀਨ ਖ਼ਰੀਦੀ ਹੈ। ਜਾਣਕਾਰੀ ਅਨੁਸਾਰ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਇੱਕ ਕੇਸ ਦੇ ਸਿਲਸਿਲੇ ਵਿੱਚ ਗ੍ਰਹਿ ਵਿਭਾਗ ਨੂੰ ਤਲਬ ਕੀਤਾ ਸੀ ਅਤੇ ਇਸ ਕੇਸ ਦੀ ਤਫ਼ਸੀਲ ਦੌਰਾਨ ਪੰਜਾਬ ਪੁਲੀਸ ਨੂੰ ਫੋਰੈਂਸਿਕ ਲੈਬਜ਼ ਨੂੰ ਅਪਗਰੇਡ ਕਰਨ ਦਾ ਮਸ਼ਵਰਾ ਦਿੱਤਾ ਸੀ। ਇਸ ਮਗਰੋਂ ਵਿਭਾਗ ਨੇ ਇਸ ਦਿਸ਼ਾ ’ਚ ਕਦਮ ਚੁੱਕਣੇ ਸ਼ੁਰੂ ਕੀਤੇ ਅਤੇ ਇਸੇ ਕੜੀ ਵਿੱਚ ਲਾਈ ਡਿਟੈਕਟਰ ਟੈਸਟ ਮਸ਼ੀਨ ਖ਼ਰੀਦਣ ਦਾ ਫ਼ੈਸਲਾ ਕੀਤਾ।
ਚੇਤੇ ਰਹੇ ਕਿ ਪਿਛਲੇ ਸਮੇਂ ਦੌਰਾਨ ਵਿਸ਼ੇਸ਼ ਜਾਂਚ ਟੀਮ ਵੱਲੋਂ ਕੋਟਕਪੂਰਾ ਗੋਲੀ ਕਾਂਡ ਦੇ ਮਾਮਲੇ ’ਚ ਤਿੰਨ ਪੁਲੀਸ ਅਫ਼ਸਰਾਂ ਦਾ ‘ਪੌਲੀਗਰਾਫ ਟੈਸਟ’ ਕਰਾਉਣ ਦਾ ਫ਼ੈਸਲਾ ਕੀਤਾ ਗਿਆ ਸੀ। ਸਾਬਕਾ ਡੀਜੀਪੀ ਸੁਮੇਧ ਸੈਣੀ ਅਤੇ ਸੀਨੀਅਰ ਪੁਲੀਸ ਅਧਿਕਾਰੀ ਚਰਨਜੀਤ ਸ਼ਰਮਾ ਇਸ ਟੈਸਟ ਲਈ ਸਹਿਮਤ ਨਹੀਂ ਹੋਏ ਸਨ ਜਦੋਂਕਿ ਪੁਲੀਸ ਅਧਿਕਾਰੀ ਪਰਮਰਾਜ ਸਿੰਘ ਉਮਰਾਨੰਗਲ ਨੇ ਸਹਿਮਤੀ ਦੇ ਦਿੱਤੀ ਸੀ। ਇਸ ਅਧਿਕਾਰੀ ਨੇ ਦਿੱਲੀ ਤੋਂ ਟੈਸਟ ਕਰਾਉਣ ਤੋਂ ਨਾਂਹ ਕਰ ਦਿੱਤੀ ਸੀ। ਸੂਤਰ ਦੱਸਦੇ ਹਨ ਕਿ ਪੰਜਾਬ ਪੁਲੀਸ ਨੂੰ ਗੁਜਰਾਤ ਵਿਚਲੀ ਗਾਂਧੀਨਗਰ ਫੋਰੈਂਸਿਕ ਸਾਇੰਸ ਲੈਬਾਰਟਰੀ ’ਚੋਂ ਤਰੀਕ ਹੀ ਨਹੀਂ ਮਿਲ ਸਕੀ ਸੀ। ਗਾਂਧੀਨਗਰ ਦੀ ਇਸ ਲੈਬ ਵੱਲੋਂ ਆਮ ਤੌਰ ’ਤੇ ਇੱਕ ਮਹੀਨੇ ’ਚ ਦੋ ਟੈਸਟ ਹੀ ਕੀਤੇ ਜਾਂਦੇ ਹਨ। ਪੰਜਾਬ ਵਿੱਚ ਫੋਰੈਂਸਿਕ ਸਾਇੰਸ ਲੈਬਜ਼ ਤਾਂ ਮੌਜੂਦ ਹਨ ਪ੍ਰੰਤੂ ਕਿਸੇ ਵੀ ਲੈਬ ਵਿੱਚ ਲਾਈ ਡਿਟੈਕਟਰ ਮਸ਼ੀਨ ਨਹੀਂ ਹੈ।
ਹਾਲਾਂਕਿ ਇਸ ਮਸ਼ੀਨ ਦੀ ਕੀਮਤ ਵੀ ਕੋਈ ਬਹੁਤੀ ਨਹੀਂ ਹੈ ਅਤੇ ਪੌਲੀਗਰਾਫ ਟੈਸਟ ਵੀ ਸਾਲਾਨਾ ਕੋਈ ਬਹੁਤੇ ਨਹੀਂ ਹੁੰਦੇ ਹਨ। ਫਿਰ ਵੀ ਜਦੋਂ ਲੋੜ ਪੈਂਦੀ ਹੈ ਤਾਂ ਪੁਲੀਸ ਨੂੰ ਦੂਸਰੇ ਸੂਬਿਆਂ ਵੱਲ ਰੁਖ਼ ਕਰਨਾ ਪੈਂਦਾ ਹੈ। ਕੇਂਦਰ ਸਰਕਾਰ ਤਰਫ਼ੋਂ ਵੀ ਪੁਲੀਸ ਦੇ ਆਧੁਨਿਕੀਕਰਨ ਵਾਸਤੇ ਪੰਜਾਬ ਨੂੰ ਫੰਡ ਮਿਲਦੇ ਹਨ। ਮਾਹਿਰ ਆਖਦੇ ਹਨ ਕਿ ਪੌਲੀਗਰਾਫ ਟੈਸਟ ਵਿਅਕਤੀ ਦੀ ਸਹਿਮਤੀ ਨਾਲ ਹੀ ਕੀਤਾ ਜਾ ਸਕਦਾ ਹੈ ਅਤੇ ਇਸ ਟੈਸਟ ਦੀ ਰਿਪੋਰਟ ਨੂੰ ਅਦਾਲਤ ’ਚ ਸਬੂਤ ਵਜੋਂ ਨਹੀਂ ਮੰਨਿਆ ਜਾ ਸਕਦਾ। ਪੁਲੀਸ ਅਕਸਰ ਇਸ ਟੈਸਟ ਜ਼ਰੀਏ ਜੁਰਮ ਦੀ ਸੂਹ ਲਾਉਣ ਲਈ ਕਦਮ ਪੁੱਟਦੀ ਹੈ। ਗ੍ਰਹਿ ਵਿਭਾਗ ਦੇ ਇੱਕ ਸੀਨੀਅਰ ਅਧਿਕਾਰੀ ਦਾ ਕਹਿਣਾ ਸੀ ਕਿ ਲਾਈ ਡਿਟੈਕਟਰ ਮਸ਼ੀਨ ਦੀ ਖ਼ਰੀਦ ਲਈ ਪ੍ਰਕਿਰਿਆ ਵਿੱਢੀ ਗਈ ਹੈ ਅਤੇ ਜਲਦ ਇਸ ਪ੍ਰਕਿਰਿਆ ਨੂੰ ਨੇਪਰੇ ਚਾੜ੍ਹ ਲਿਆ ਜਾਵੇਗਾ।
No comments:
Post a Comment