Monday, January 13, 2025

                                                          ਕੌਣ ਹੱਥ ਪਾਊ
                                 ਕਿਸਾਨ ਵੀ ਵੱਡੇ, ਕਰਜ਼ੇ ਵੀ ਵੱਡੇ !
                                                         ਚਰਨਜੀਤ ਭੁੱਲਰ 

ਚੰਡੀਗੜ੍ਹ : ਵੱਡੇ ਕਿਸਾਨਾਂ ਵੱਲ ਸਹਿਕਾਰੀ ਖੇਤੀ ਵਿਕਾਸ ਬੈਂਕਾਂ ਦੇ ਕਰਜ਼ੇ ਵੀ ਵੱਡੇ ਹਨ। ਪੰਜਾਬ ਸਰਕਾਰ ਇਨ੍ਹਾਂ ਨੂੰ ਹੱਥ ਪਾਉਣ ਤੋਂ ਡਰ ਰਹੀ ਹੈ ਕਿਉਂਕਿ ਇਹ ਡਿਫਾਲਟਰ ਕਿਸੇ ਨਾ ਕਿਸੇ ਸਿਆਸੀ ਪਾਰਟੀ ਨਾਲ ਜੁੜੇ ਹੋਏ ਹਨ। ਖੇਤੀ ਵਿਕਾਸ ਬੈਂਕਾਂ ਦੇ 3006.26 ਕਰੋੜ ਰੁਪਏ ਕਿਸਾਨਾਂ ਵੱਲ ਫਸੇ ਹੋਏ ਹਨ, ਜਿਨ੍ਹਾਂ ’ਚੋਂ 12 ਫ਼ੀਸਦੀ ਰਾਸ਼ੀ ਇਕੱਲੀ ਵੱਡੇ ਕਿਸਾਨਾਂ ਵੱਲ ਖੜ੍ਹੀ ਹੈ। ਖੇਤੀ ਵਿਕਾਸ ਬੈਂਕਾਂ ਨੇ ਨਵੇਂ ਕਰਜ਼ੇ ਦੇਣੇ ਬੰਦ ਕਰ ਦਿੱਤੇ ਹਨ, ਕਿਉਂਕਿ 55,574 ਕਿਸਾਨ ਡਿਫਾਲਟਰ ਹੋ ਗਏ ਹਨ ਜਿਨ੍ਹਾਂ ਵੱਲ 3006.26 ਕਰੋੜ ਰੁਪਏ ਦਾ ਕਰਜ਼ਾ ਬਕਾਇਆ ਖੜ੍ਹਾ ਹੈ। ਇਨ੍ਹਾਂ ਕਿਸਾਨਾਂ ਵੱਲ ਮੂਲ ਕਰਜ਼ਾ 1444.45 ਕਰੋੜ ਰੁਪਏ ਸੀ, ਜਿਸ ’ਤੇ 1450.01 ਕਰੋੜ ਰੁਪਏ ਵਿਆਜ ਲੱਗ ਗਿਆ ਹੈ। ਪੰਜਾਬ ਵਿਧਾਨ ਸਭਾ ਦੀ ਸਹਿਕਾਰਤਾ ਅਤੇ ਉਸ ਨਾਲ ਸਬੰਧਤ ਮਾਮਲਿਆਂ ਬਾਰੇ ਬਣੀ ਕਮੇਟੀ ਨੇ ਵੱਡੇ ਕਿਸਾਨਾਂ ਵੱਲ ਖੜ੍ਹੇ ਕਰਜ਼ਿਆਂ ਬਾਰੇ ਫ਼ਿਕਰਮੰਦੀ ਜ਼ਾਹਿਰ ਕੀਤੀ ਹੈ। ਖੇਤੀ ਵਿਕਾਸ ਬੈਂਕਾਂ ਦੇ 10 ਏਕੜ ਤੋਂ ਵੱਧ ਜ਼ਮੀਨ ਵਾਲੇ 3645 ਕਿਸਾਨਾਂ ਵੱਲ 366.96 ਕਰੋੜ ਰੁਪਏ ਫਸੇ ਹੋਏ ਹਨ। ਮਤਲਬ ਕਿ ਹਰੇਕ ਵੱਡੇ ਕਿਸਾਨ ਵੱਲ ਔਸਤ 10.06 ਲੱਖ ਰੁਪਏ ਦੀ ਬਕਾਇਆ ਰਾਸ਼ੀ ਖੜ੍ਹੀ ਹੈ। 

         ਵੱਡੇ ਕਿਸਾਨ ਕੰਬਾਈਨਾਂ, ਬੋਰਿੰਗ ਮਸ਼ੀਨਾਂ ਅਤੇ ਟੈਂਟਾਂ ਵਾਸਤੇ ਕਰਜ਼ੇ ਲੈ ਚੁੱਕੇ ਹਨ ਜੋ ਕਿ ਗੈਰ ਖੇਤੀ ਕਰਜ਼ੇ ਹਨ। ਵੱਡਿਆਂ ਵਿੱਚ ਇੱਕ ਮੌਜੂਦਾ ਚੇਅਰਮੈਨ ਵੀ ਸ਼ਾਮਲ ਹੈ ਜਿਸ ਵੱਲ ਕਰੀਬ ਦੋ ਕਰੋੜ ਰੁਪਏ ਦਾ ਕਰਜ਼ਾ ਖੜ੍ਹਾ ਹੈ। ਇਸ ਚੇਅਰਮੈਨ ਨੇ ਆਪਣੇ ਅਤੇ ਪਤਨੀ ਦੇ ਨਾਮ ’ਤੇ 13 ਕਰਜ਼ੇ ਚੁੱਕੇ ਹੋਏ ਹਨ। ਵੱਡੇ ਡਿਫਾਲਟਰਾਂ ਵਿੱਚ ਮੁਕਤਸਰ ਜ਼ਿਲ੍ਹੇ ਦੇ ਇੱਕ ਸ਼ਹਿਰ ਦੀ ਨਗਰ ਕੌਂਸਲ ਦਾ ਸਾਬਕਾ ਪ੍ਰਧਾਨ 66.17 ਲੱਖ ਦਾ ਡਿਫਾਲਟਰ ਅਤੇ ਇਸ ਜ਼ਿਲ੍ਹੇ ਦਾ ਇੱਕ ਅਕਾਲੀ ਆਗੂ 1.13 ਕਰੋੜ ਰੁਪਏ ਦਾ ਡਿਫਾਲਟਰ ਹੈ। ਬਰਨਾਲਾ ਦਾ ਇੱਕ ਸਾਬਕਾ ਬੈਂਕ ਡਾਇਰੈਕਟਰ 75 ਲੱਖ ਰੁਪਏ (ਜਿਸ ’ਚੋਂ ਕਾਫੀ ਰਾਸ਼ੀ ’ਤਾਰੀ ਜਾ ਚੁੱਕੀ ਹੈ) ਦਾ ਅਤੇ ਸ਼ੇਰਪੁਰ ਖੇਤੀ ਵਿਕਾਸ ਬੈਂਕ ਦਾ ਇੱਕ ਕਿਸਾਨ ਆਗੂ 19.62 ਲੱਖ ਰੁਪਏ ਦਾ ਡਿਫਾਲਟਰ ਹੈ। ਲਹਿਰਾਗਾਗਾ ਦੇ ਦੋ ਕਾਂਗਰਸੀ ਆਗੂ 75.09 ਲੱਖ ਰੁਪਏ ਦੇ ਡਿਫਾਲਟਰ ਹਨ। ਫ਼ਿਰੋਜ਼ਪੁਰ ਤੇ ਜਲਾਲਾਬਾਦ ਦੇ ਦੋ ਪਿੰਡਾਂ ਦੇ ਸਾਬਕਾ ਅਕਾਲੀ ਸਰਪੰਚ ਵੀ ਕਰੀਬ 94 ਲੱਖ ਰੁਪਏ ਦੇ ਡਿਫਾਲਟਰ ਹਨ। ਗਿੱਦੜਬਾਹਾ ਦੇ ਇੱਕ ਪਿੰਡ ਦਾ ਕਿਸਾਨ ਆਗੂ 63.37 ਲੱਖ ਰੁਪਏ ਅਤੇ ਕਪੂਰਥਲਾ ਦਾ ਯੂਥ ਅਕਾਲੀ ਦਲ ਦਾ ਇੱਕ ਆਗੂ 47.48 ਲੱਖ ਰੁਪਏ ਦਾ ਡਿਫਾਲਟਰ ਹੈ।

          ਇਸੇ ਤਰ੍ਹਾਂ ਜਲਾਲਾਬਾਦ ਦਾ ਇੱਕ ਅਕਾਲੀ ਆਗੂ 82 ਲੱਖ ਰੁਪਏ ਦਾ ਡਿਫਾਲਟਰ ਹੈ। ਇਹ ਸਾਰੇ ਖੇਤੀ ਵਿਕਾਸ ਬੈਂਕਾਂ ਦੇ ਚੋਟੀ ਦੇ 100 ਡਿਫਾਲਟਰਾਂ ਦੀ ਸੂਚੀ ਵਿੱਚ ਸ਼ਾਮਲ ਹਨ। ਪੰਜਾਬ ਦੇ ਪੰਜ ਤੋਂ 10 ਏਕੜ ਜ਼ਮੀਨ ਵਾਲੇ 13,784 ਕਿਸਾਨਾਂ ਵੱਲ 902.94 ਕਰੋੜ ਰੁਪਏ ਦਾ ਕਰਜ਼ਾ ਬਕਾਇਆ ਖੜ੍ਹਾ ਹੈ ਜੋ ਕਿ ਪ੍ਰਤੀ ਕਿਸਾਨ ਔਸਤ 6.55 ਲੱਖ ਰੁਪਏ ਬਣਦਾ ਹੈ। ਪੰਜ ਏਕੜ ਤੱਕ ਦੀ ਮਾਲਕੀ ਵਾਲੇ 38,145 ਕਿਸਾਨਾਂ ਵੱਲ 1736.33 ਕਰੋੜ ਰੁਪਏ ਦਾ ਬਕਾਇਆ ਖੜ੍ਹਾ ਹੈ ਜੋ ਕਿ ਪ੍ਰਤੀ ਕਿਸਾਨ ਔਸਤ 4.55 ਲੱਖ ਰੁਪਏ ਬਣਦਾ ਹੈ। ਛੋਟੀ ਕਿਸਾਨੀ ਨੇ ਜ਼ਿਆਦਾ ਟਿਊਬਵੈੱਲ ਕਰਜ਼ੇ ਲਏ ਹਨ। ਇਕੱਲੇ ਬਠਿੰਡਾ ਖੇਤਰ ਦੇ ਅਜਿਹੇ ਦੋ ਹਜ਼ਾਰ ਕਿਸਾਨ ਹਨ ਜਿਨ੍ਹਾਂ ਨੇ ਟਿਊਬਵੈੱਲ ਲਈ ਕਰਜ਼ਾ ਚੁੱਕਿਆ ਹੈ। ਖੇਤੀ ਵਿਕਾਸ ਬੈਂਕਾਂ ਦੇ ਲੈਣ-ਦੇਣ ਦਾ ਕੰਮ ਠੱਪ ਹੋਣ ਕਰ ਕੇ ਪੁਰਾਣੀ ਵਸੂਲੀ ਵੀ ਬੰਦ ਵਰਗੀ ਹਾਲਤ ਵਿੱਚ ਹੈ। ਇਨ੍ਹਾਂ ਬੈਂਕਾਂ ਵੱਲੋਂ ਇਸ ਵੇਲੇ ਸਿਰਫ਼ ਨਾਬਾਰਡ ਦੀ ਕਿਸ਼ਤ ਤੇ ਮੁਲਾਜ਼ਮਾਂ ਦੀਆਂ ਤਨਖ਼ਾਹਾਂ ਹੀ ਦਿੱਤੀਆਂ ਜਾ ਰਹੀਆਂ ਹਨ। 

         ਹਲਕਾ ਸੁਲਤਾਨਪੁਰ ਲੋਧੀ ਦੇ ਵਿਧਾਇਕ ਰਾਣਾ ਇੰਦਰ ਪ੍ਰਤਾਪ ਸਿੰਘ ਦਾ ਕਹਿਣਾ ਸੀ ਕਿ ਸਹਿਕਾਰੀ ਬੈਂਕਾਂ ਨੂੰ ਵਸੂਲੀ ਲਈ ਕੋਈ ਨਾ ਕੋਈ ਰਾਹ ਕੱਢਣਾ ਪਵੇਗਾ ਅਤੇ ਛੋਟੀ ਕਿਸਾਨੀ ਨੂੰ ਰਾਹਤ ਦੇਣੀ ਹੋਵੇਗੀ। ਜਾਣਕਾਰੀ ਅਨੁਸਾਰ ਇਨ੍ਹਾਂ ਬੈਂਕਾਂ ’ਚ ਪਿਛਲੇ ਸਮੇਂ ਦੌਰਾਨ ਇੱਕ ਧੋਖਾਧੜੀ ਇਹ ਵੀ ਹੋਈ ਹੈ ਕਿ ਕਰਜ਼ਈ ਕਿਸਾਨਾਂ ਨੇ ਮਿਲੀਭੁਗਤ ਕਰ ਕੇ ਮਾਲ ਵਿਭਾਗ ਦੇ ਰਿਕਾਰਡ ’ਚੋਂ ਬੈਂਕਾਂ ਕੋਲ ਗਹਿਣੇ ਕੀਤੀ ਜ਼ਮੀਨ ਦੀ ਐਂਟਰੀ ਹੀ ਡਿਲੀਟ ਕਰਵਾ ਦਿੱਤੀ, ਜਿਸ ਕਰ ਕੇ ਬੈਂਕਾਂ ਹੱਥੋਂ ਵਿੱਤੀ ਸੁਰੱਖਿਆ ਵਾਸਤੇ ਗਹਿਣੇ ਰੱਖੀ ਜ਼ਮੀਨ ਵੀ ਨਿਕਲ ਗਈ ਹੈ। ਪਤਾ ਲੱਗਿਆ ਹੈ ਕਿ 561 ਕਿਸਾਨਾਂ ਨੇ ਗਹਿਣੇ ਰੱਖੀ ਜ਼ਮੀਨ ਵੀ ਅੱਗੇ ਟਰਾਂਸਫ਼ਰ ਕਰ ਦਿੱਤੀ ਹੈ। ਇਨ੍ਹਾਂ ਬੈਂਕਾਂ ਵੱਲੋਂ ਇਸ ਮਾਮਲੇ ਵਿੱਚ ਹਾਲੇ ਤੱਕ ਨਾ ਕਿਸੇ ਖ਼ਿਲਾਫ਼ ਕਾਰਵਾਈ ਕੀਤੀ ਗਈ ਹੈ ਅਤੇ ਨਾ ਹੀ ਕਿਸੇ ਅਧਿਕਾਰੀ ਜਾਂ ਮੁਲਾਜ਼ਮ ਦੀ ਜ਼ਿੰਮੇਵਾਰੀ ਤੈਅ ਕੀਤੀ ਹੈ। 

                                ਬੈਂਕ ਯਕਮੁਸ਼ਤ ਸਕੀਮ ਲਿਆਉਣ: ਬਣਾਂਵਾਲੀ

ਪੰਜਾਬ ਵਿਧਾਨ ਸਭਾ ਦੀ ਸਹਿਕਾਰਤਾ ਤੇ ਸਬੰਧਤ ਮਾਮਲੇ ਬਾਰੇ ਕਮੇਟੀ ਦੇ ਚੇਅਰਮੈਨ ਅਤੇ ਹਲਕਾ ਸਰਦੂਲਗੜ੍ਹ ਤੋਂ ਵਿਧਾਇਕ ਗੁਰਪ੍ਰੀਤ ਸਿੰਘ ਬਣਾਂਵਾਲੀ ਨਾਲ ਇਸ ਬਾਰੇ ਗੱਲ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਕਮੇਟੀ ਵੱਲੋਂ ਖੇਤੀ ਵਿਕਾਸ ਬੈਂਕਾਂ ਨੂੰ ਇਸ ਵਸੂਲੀ ਵਾਸਤੇ ਯਕਮੁਸ਼ਤ ਸਕੀਮ ਲਿਆਉਣ ਨੂੰ ਕਿਹਾ ਗਿਆ ਹੈ ਤਾਂ ਜੋ ਡੁੱਬੀ ਹੋਈ ਰਾਸ਼ੀ ਪ੍ਰਾਪਤ ਹੋ ਸਕੇ। ਉਨ੍ਹਾਂ ਕਿਹਾ ਕਿ ਕਿਸਾਨਾਂ ਵੱਲੋਂ ਗਹਿਣੇ ਰੱਖੀ ਜ਼ਮੀਨ ਅੱਗੇ ਟਰਾਂਸਫ਼ਰ ਕੀਤੇ ਜਾਣ ਦੇ ਮਾਮਲੇ ਵਿੱਚ ਵੀ ਅਧਿਕਾਰੀਆਂ ਤੇ ਮੁਲਾਜ਼ਮਾਂ ਦੀ ਜ਼ਿੰਮੇਵਾਰੀ ਤੈਅ ਕਰਨ ਨੂੰ ਕਿਹਾ ਗਿਆ ਹੈ।

No comments:

Post a Comment