Saturday, August 6, 2022

                                                            ਉਲਟੀ ਗੰਗਾ
                                        ਅਸਾਂ ਤਰੱਕੀ ਨਹੀਂ ਲੈਣੀ..
                                                          ਚਰਨਜੀਤ ਭੁੱਲਰ  

ਚੰਡੀਗੜ੍ਹ: ਕੋਈ ਜ਼ਮਾਨਾ ਸੀ ਜਦੋਂ ਤਰੱਕੀ ਲੈਣ ਲਈ ਅਧਿਆਪਕ ਧਰਨੇ ਲਾਉਂਦੇ ਸਨ ਪ੍ਰੰਤੂ ਹੁਣ ਉਲਟੀ ਗੰਗਾ ਵਹਿ ਰਹੀ ਹੈ ਕਿ ਈਟੀਟੀ ਅਧਿਆਪਕਾਂ ਆਖ ਰਹੇ ਹਨ ਕਿ ਉਨ੍ਹਾਂ ਨੇ ਸਕੂਲ ਮੁਖੀ ਵਜੋਂ ਤਰੱਕੀ ਨਹੀਂ ਲੈਣੀ। ਪੰਜਾਬ ਦੇ ਵੱਡੀ ਗਿਣਤੀ ਈਟੀਟੀ ਅਧਿਆਪਕਾਂ ਨੇ ਤਰੱਕੀ ਲੈਣ ਤੋਂ ਨਾਂਹ ਕਰ ਦਿੱਤੀ ਹੈ। ਪੰਜਾਬ ਸਰਕਾਰ ਨੇ ਬਠਿੰਡਾ ਜ਼ਿਲ੍ਹੇ ਵਿੱਚ ਕਰੀਬ 10 ਈਟੀਟੀ ਅਧਿਆਪਕਾਂ ਨੂੰ ਸਕੂਲ ਮੁਖੀ ਵਜੋਂ ਤਰੱਕੀ ਦੇ ਦਿੱਤੀ ਸੀ ਪਰ ਇਹ ਸਕੂਲ ਮੁਖੀ ਹੁਣ ਮੁੜ ਈਟੀਟੀ ਅਧਿਆਪਕ ਦੀ ਅਸਾਮੀ ’ਤੇ ਆ ਗਏ ਹਨ। ਲਿਖਤੀ ਰਿਕਾਰਡ ’ਚ ਇਨ੍ਹਾਂ ਨੇ ਆਖਿਆ ਹੈ ਕਿ ਉਨ੍ਹਾਂ ਦੀ ਘਰੇਲੂ ਮਜਬੂਰੀ ਹੈ ਪਰ ਹਕੀਕਤ ਇਹ ਹੈ ਕਿ ਸਕੂਲ ਮੁਖੀ ਨੂੰ ਕੰਮ ਵੱਧ ਹੈ ਅਤੇ ਸਕੂਲਾਂ ਵਿੱਚ ਫ਼ੰਡਾਂ ਤੇ ਪ੍ਰਬੰਧਾਂ ਦੀ ਘਾਟ ਹੈ।

          ਵੇਰਵਿਆਂ ਅਨੁਸਾਰ ਜ਼ਿਲ੍ਹਾ ਬਠਿੰਡਾ ਵਿਚ 4 ਜੁਲਾਈ ਨੂੰ 72 ਈਟੀਟੀ ਅਧਿਆਪਕਾਂ ਨੂੰ ਸਕੂਲ ਮੁਖੀ ਵਜੋਂ ਤਰੱਕੀ ਦੇਣ ਲਈ ਬੁਲਾਇਆ ਸੀ ਪ੍ਰੰਤੂ ਕਿਸੇ ਅਧਿਆਪਕਾਂ ਨੇ ਰੁਚੀ ਨਹੀਂ ਦਿਖਾਈ। ਇਸ ਤੋਂ ਪਹਿਲਾਂ 18 ਜੂਨ ਨੂੰ ਅਧਿਆਪਕ ਸੱਦੇ ਸਨ ਅਤੇ ਉਦੋਂ ਵੀ ਇਵੇਂ ਹੀ ਹੋਇਆ ਸੀ। ਪੂਹਲਾ ਪਿੰਡ ਦੇ ਦੋ ਸਕੂਲਾਂ ਵਿਚ ਤਾਇਨਾਤ ਦੋ ਪਤੀ-ਪਤਨੀ ਸਕੂਲ ਮੁਖੀ ਤੋਂ ਹੁਣ ਮੁੜ ਰਿਵਰਟ ਹੋ ਕੇ ਈਟੀਟੀ ਅਧਿਆਪਕ ਬਣ ਗਏ ਹਨ। ਜੰਡਾਂਵਾਲਾ ਸਕੂਲ ਤੋਂ ਰੇਸ਼ਮ ਸਿੰਘ ਨੇ ਤਰੱਕੀ ਛੱਡ ਦਿੱਤੀ ਹੈ ਅਤੇ ਸੰਗਤ ਸਕੂਲ ’ਚੋਂ ਮਹਿਲਾ ਅਧਿਆਪਕਾ ਸਵਿਤਾ ਨੇ ਤਰੱਕੀ ਛੱਡ ਕੇ ਮੁੜ ਈਟੀਟੀ ਦੀ ਅਸਾਮੀ ’ਤੇ ਆ ਗਈ ਹੈ। ਜ਼ਿਲ੍ਹਾ ਸਿੱਖਿਆ ਅਫ਼ਸਰ (ਐਲੀਮੈਂਟਰੀ) ਬਠਿੰਡਾ ਸ਼ਿਵ ਪਾਲ ਨੇ ਆਖਿਆ ਕਿ ਤਰੱਕੀ ਛੱਡਣ ਦੇ ਕਈ ਕਾਰਨ ਹਨ, ਜਿਨ੍ਹਾਂ ’ਚੋਂ ਇੱਕ ਤਾਂ ਇਹ ਕਿ ਈਟੀਟੀ ਅਧਿਆਪਕ ਸਕੂਲ ਮੁਖੀ ਦੀ ਤਰੱਕੀ ਲੈਣ ਦੀ ਥਾਂ ਮਾਸਟਰ ਕਾਡਰ ਵਿਚ ਤਰੱਕੀ ਲੈਣ ਨੂੰ ਤਰਜੀਹ ਦਿੰਦੇ ਹਨ। 

         ਉਨ੍ਹਾਂ ਦੱਸਿਆ ਕਿ ਸਕੂਲ ਮੁਖੀਆਂ ਨੂੰ ਡੀਡੀਓ ਪਾਵਰਾਂ ਨਾ ਮਿਲਣ ਕਰਕੇ ਵੀ ਇਹ ਅਧਿਆਪਕ ਸਕੂਲ ਮੁਖੀ ਦੀ ਜ਼ਿੰਮੇਵਾਰੀ ਚੁੱਕਣ ਨੂੰ ਤਿਆਰ ਨਹੀਂ ਹੁੰਦੇ ਹਨ। ਜਾਣਕਾਰੀ ਅਨੁਸਾਰ ਸਮੁੱਚੇ ਪੰਜਾਬ ਵਿਚ ਅਜਿਹਾ ਹੀ ਵਾਪਰ ਰਿਹਾ ਹੈ। ਜ਼ਿਲ੍ਹਾ ਮਾਨਸਾ ਵਿਚ ਪੰਜ ਅਧਿਆਪਕਾਂ ਨੂੰ ਸਕੂਲ ਮੁਖੀ ਵਜੋਂ ਪਦਉਨਤ ਕੀਤਾ ਸੀ ਜੋ ਹੁਣ ਮੁੜ ਅਧਿਆਪਕ ਦੀ ਅਸਾਮੀ ’ਤੇ ਆ ਗਏ ਹਨ। ਸਰਹੱਦੀ ਜ਼ਿਲ੍ਹੇ ਤਰਨ ਤਾਰਨ ਵਿਚ 3 ਈਟੀਟੀ ਅਧਿਆਪਕਾਂ ਨੇ ਤਰੱਕੀ ਲੈਣ ਮਗਰੋਂ ਮੁੜ ਈਟੀਟੀ ਅਧਿਆਪਕ ਦੀ ਅਸਾਮੀ ’ਤੇ ਆਉਣ ਨੂੰ ਤਰਜੀਹ ਦਿੱਤੀ ਹੈ। ਜ਼ਿਲ੍ਹਾ ਪਟਿਆਲਾ ਵਿੱਚ ਤਾਂ ਦੋ ਸੀਐਚਟੀ ਨੂੰ ਤਰੱਕੀ ਦੇ ਕੇ ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ ਬਣਾਇਆ ਗਿਆ ਸੀ ਜਿਨ੍ਹਾਂ ਨੇ ਹੁਣ ਮੁੜ ਰਿਵਰਟ ਹੋ ਕੇ ਸੀਐਚਟੀ ਦਾ ਅਹੁਦਾ ਸੰਭਾਲ ਲਿਆ ਹੈ।

         ਪਟਿਆਲਾ ਵਿਚ ਹੀ ਤਿੰਨ ਹੋਰ ਸੀਐੱਚਟੀ ਨੂੰ ਤਰੱਕੀ ਦੇ ਕੇ ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ ਬਣਾਇਆ ਜਾਣਾ ਸੀ ਪ੍ਰੰਤੂ ਉਨ੍ਹਾਂ ਤਰੱਕੀ ਲੈਣ ਤੋਂ ਇਨਕਾਰ ਕਰ ਦਿੱਤਾ ਹੈ। ਜ਼ਿਲ੍ਹਾ ਮੁਕਤਸਰ ਵਿੱਚ ਦਰਜਨ ਸਕੂਲ ਮੁਖੀਆਂ ਨੇ ਰਿਵਰਟ ਹੋਣ ਵਿਚ ਰੁਚੀ ਦਿਖਾਈ ਜਿਨ੍ਹਾਂ ਨੂੰ ਮਹਿਕਮੇ ਨੇ ਮੁੜ ਈਟੀਟੀ ਅਧਿਆਪਕ ਦੀ ਅਸਾਮੀ ’ਤੇ ਤਾਇਨਾਤ ਕਰ ਦਿੱਤਾ ਹੈ। ਇਸ ਤਰ੍ਹਾਂ ਦਾ ਰੁਝਾਨ ਸਭ ਪਾਸੇ ਹੈ। ਖ਼ਾਸ ਕਰਕੇ ਮਹਿਲਾ ਅਧਿਆਪਕ ਤਰੱਕੀ ਤੋਂ ਤੌਬਾ ਕਰ ਰਹੀਆਂ ਹਨ।ਇਸੇ ਤਰ੍ਹਾਂ ਫਰੀਦਕੋਟ ਤੇ ਮੋਗਾ ਜ਼ਿਲ੍ਹੇ ਵਿਚ ਕਰੀਬ ਡੇਢ ਦਰਜਨ ਸਕੂਲ ਮੁਖੀ ਆਪਣੀ ਇੱਛਾ ਅਨੁਸਾਰ ਮੁੜ ਈਟੀਟੀ ਅਧਿਆਪਕ ਬਣ ਗਏ ਹਨ।

                                           ਕੰਮ ਦਾ ਬਹੁਤ ਬੋਝ ਹੈ: ਰੇਸ਼ਮ ਸਿੰਘ

ਡੀਟੀਐੱਫ ਦੇ ਬਠਿੰਡਾ ਜ਼ਿਲ੍ਹੇ ਦੇ ਪ੍ਰਧਾਨ ਰੇਸ਼ਮ ਸਿੰਘ ਨੇ ਦੱਸਿਆ ਕਿ ਹੁਣ ਪ੍ਰਾਇਮਰੀ ਸਕੂਲਾਂ ਵਿਚ ਨਾ ਤਾਂ ਫ਼ੰਡ ਹਨ ਅਤੇ ਨਾ ਹੀ ਕੋਈ ਪ੍ਰਬੰਧ ਹਨ ਜਿਸ ਕਰਕੇ ਕੋਈ ਵੀ ਸਕੂਲ ਮੁਖੀ ਬਣਨ ਨੂੰ ਤਿਆਰ ਨਹੀਂ ਹੁੰਦਾ ਹੈ। ਉਨ੍ਹਾਂ ਦੱਸਿਆ ਕਿ ਸਕੂਲ ਮੁਖੀ ਤਰੱਕੀ ਮਿਲਣ ਮਗਰੋਂ ਕੋਈ ਇੰਕਰੀਮੈਂਟ ਵੀ ਵਾਧੂ ਪਹਿਲਾਂ ਵਾਂਗ ਨਹੀਂ ਲੱਗਦਾ ਹੈ ਜਦੋਂ ਕਿ ਜ਼ਿੰਮੇਵਾਰੀ ਤੇ ਵਰਕ ਲੋਡ ਕਿਤੇ ਜ਼ਿਆਦਾ ਹੈ। ਉਨ੍ਹਾਂ ਕਿਹਾ ਕਿ ਸਫ਼ਾਈ ਸੇਵਕਾਂ ਦਾ ਪ੍ਰਬੰਧ ਵੀ ਸਕੂਲ ਮੁਖੀਆਂ ਨੂੰ ਆਪਣੀ ਜੇਬ ਚੋਂ ਕਰਨਾ ਪੈਂਦਾ ਹੈ।

No comments:

Post a Comment