Monday, August 29, 2022

                                                     ਮਿਸ਼ਨ 2024
                             ਪੰਜਾਬ ਨੂੰ ਪਲੋਸਣ ਲੱਗੀ ਭਾਜਪਾ
                                                    ਚਰਨਜੀਤ ਭੁੱਲਰ  

ਚੰਡੀਗੜ੍ਹ : ਭਾਜਪਾ ਦੀ ਕੇਂਦਰੀ ਲੀਡਰਸ਼ਿਪ ਹੁਣ ਪੰਜਾਬ ਨੂੰ ਪਲੋਸਣ ਦੇ ਰਾਹ ਪਈ ਹੈ ਅਤੇ ‘ਮਿਸ਼ਨ ਪੰਜਾਬ’ ਤਹਿਤ ਭਾਜਪਾ ਦਾ ਸਿੱਖ ਭਾਈਚਾਰੇ ਨਾਲ ਨੇੜਤਾ ਬਣਾਉਣ ਦਾ ਏਜੰਡਾ ਹੈ। ਦਲਿਤ ਵਰਗ ਨੂੰ ਨਾਲ ਜੋੜਨਾ ਵੀ ਇਸੇ ਕੜੀ ਦਾ ਹਿੱਸਾ ਹੈ। ਭਾਜਪਾ ਤਰਫ਼ੋਂ ਪੰਜਾਬ ਵਿੱਚ 9 ਲੋਕ ਸਭਾ ਹਲਕੇ ਸ਼ਨਾਖ਼ਤ ਕੀਤੇ ਗਏ ਹਨ ਜਿਨ੍ਹਾਂ ਵਿੱਚ ਤਿੰਨ ਕੇਂਦਰੀ ਵਜ਼ੀਰਾਂ ਦੀ ਡਿਊਟੀ ਲਾਈ ਗਈ ਹੈ। ‘ਲੋਕ ਸਭਾ ਪਰਵਾਸ ਯੋਜਨਾ’ ਤਹਿਤ ਪੰਜਾਬ ਦੇ ਧਰਾਤਲ ’ਤੇ ਲੋਕਾਂ ਨਾਲ ਨੇੜਤਾ ਵਧਾਏ ਜਾਣ ਦੀ ਵਿਉਂਤਬੰਦੀ ਹੈ। ਘੱਟ ਗਿਣਤੀ ਭਾਈਚਾਰੇ ਦੀ ਨਾਰਾਜ਼ਗੀ ਦੂਰ ਕਰਨ ਤਹਿਤ ਗੁਪਤ ਏਜੰਡੇ ਵੀ ਉਲੀਕੇ ਗਏ ਹਨ। ਭਾਰਤੀ ਜਨਤਾ ਪਾਰਟੀ ਦੀ ਪੰਜਾਬ ਲੀਡਰਸ਼ਿਪ ’ਚ ਤਬਦੀਲੀ ਦੀ ਗੱਲ ਚੱਲ ਰਹੀ ਹੈ ਜਿਸ ਤਹਿਤ ਕਾਂਗਰਸ ’ਚੋਂ ਆਏ ਚਿਹਰਿਆਂ ਨੂੰ ਭਾਜਪਾ ਦੇ ਸੰਗਠਨ ਵਿਚ ਥਾਂ ਦਿੱਤੀ ਜਾਣੀ ਹੈ। ਵੱਡਾ ਚਿਹਰਾ ਸੁਨੀਲ ਜਾਖੜ ਹਨ ਜਿਨ੍ਹਾਂ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਵੀ ਸਿਆਸੀ ਵਜ਼ਨ ਦਿੰਦੇ ਹਨ। ਉਨ੍ਹਾਂ ਨੂੰ ਪ੍ਰਧਾਨ ਬਣਾਏ ਜਾਣ ਦੇ ਚਰਚੇ ਹਨ ਕਿਉਂਕਿ ਭਾਜਪਾ ਹਾਈਕਮਾਨ ਜਾਖੜ ਨੂੰ ਜਾਟ ਨੇਤਾ ਵਜੋਂ ਵੀ ਦੇਖਦੀ ਹੈ। 

           ਪ੍ਰਧਾਨ ਮੰਤਰੀ ਮੋਦੀ ਨੇ ਪੰਜਾਬ ਫੇਰੀ ਦੌਰਾਨ ਆਪਣੀ ਦਿਲ ਦੀ ਗੱਲ ਵੀ ਭਾਜਪਾ ਲੀਡਰਸ਼ਿਪ ਨਾਲ ਸਾਂਝੀ ਕੀਤੀ ਸੀ। ਪ੍ਰਧਾਨ ਮੰਤਰੀ ਇਸ ਗੱਲੋਂ ਤਸੱਲੀ ਵਿੱਚ ਸਨ ਕਿ ਚਾਰ ਸਾਹਿਬਜ਼ਾਦਿਆਂ ਨੂੰ ਸਮਰਪਿਤ 26 ਦਸੰਬਰ ਨੂੰ ‘ਵੀਰ ਬਾਲ ਦਿਵਸ’ ਮਨਾਏ ਜਾਣ ਦੇ ਐਲਾਨ ਨਾਲ ਦੱਖਣ ਵੀ ਇਸ ਸ਼ਹਾਦਤ ਬਾਰੇ ਡੂੰਘਾਈ ’ਚ ਜਾਣੂ ਹੋਇਆ ਹੈ। ਸੂਤਰ ਦੱਸਦੇ ਹਨ ਕਿ ਪ੍ਰਧਾਨ ਮੰਤਰੀ ਸਤੰਬਰ ਮਹੀਨੇ ’ਚ ਮੁੜ ਪੰਜਾਬ ਦੌਰੇ ’ਤੇ ਆਉਣਗੇ ਅਤੇ ਉਨ੍ਹਾਂ ਨੇ ਫ਼ਿਰੋਜ਼ਪੁਰ ਅਤੇ ਬਠਿੰਡਾ ਦੀ ਫੇਰੀ ਦੀ ਗੱਲ ਕੀਤੀ ਹੈ। ਪ੍ਰਧਾਨ ਮੰਤਰੀ ਇਸ ਗੱਲ ਤੋਂ ਜਾਣੂ ਹਨ ਕਿ ਪੰਜਾਬ ਅਤੇ ਖ਼ਾਸਕਰ ਸਿੱਖ ਭਾਈਚਾਰੇ ਦੀ ਨਾਰਾਜ਼ਗੀ ਹਾਲੇ ਦੂਰ ਨਹੀਂ ਹੋਈ ਹੈ। ਪੇਂਡੂ ਪੰਜਾਬ ਦੇ ਮਨਾਂ ਵਿੱਚ ਪਈ ਦਰਾਰ ਭਰਨੀ ਭਾਜਪਾ ਲਈ ਸੌਖੀ ਨਹੀਂ ਹੈ। ਤਿੰਨ ਖੇਤੀ ਕਾਨੂੰਨਾਂ ਖ਼ਿਲਾਫ਼ ਚੱਲੇ ਸੰਘਰਸ਼ ਵਿਚ ਵੱਧ ਸ਼ਹਾਦਤਾਂ ਪੰਜਾਬ ਦੇ ਕਿਸਾਨਾਂ ਤੇ ਕਿਸਾਨਾਂ ਤੇ ਮਜ਼ਦੂਰਾਂ ਨੇ ਦਿੱਤੀਆਂ ਹਨ। ਸਭ ਕੋਸ਼ਿਸ਼ਾਂ ਦੇ ਬਾਵਜੂਦ ਭਾਜਪਾ ਦੀ ਇਹ ਸਮਝ ਪੱਕੀ ਹੋਈ ਹੈ ਕਿ ਪੰਜਾਬ ਨੂੰ ਅਸੈਂਬਲੀ ਚੋਣਾਂ ਵਿੱਚ ਇਕੱਲੇ ਤੌਰ ’ਤੇ ਜਿੱਤਣਾ ਸੌਖਾ ਨਹੀਂ ਹੈ। ਕੇਂਦਰੀ ਵਜ਼ੀਰ ਮੀਨਾਕਸ਼ੀ ਲੇਖੀ ਨੇ ਗੁਰਦਾਸਪੁਰ ਹਲਕੇ ਦਾ ਦੌਰਾ ਸ਼ੁਰੂ ਕੀਤਾ ਹੈ ਜਦਕਿ ਪੰਜਾਬ ਭਾਜਪਾ ਦੇ ਇੰਚਾਰਜ ਅਤੇ ਕੇਂਦਰੀ ਮੰਤਰੀ ਗਜੇਂਦਰ ਸ਼ੇਖਾਵਤ 30 ਅਤੇ 31 ਅਗਸਤ ਨੂੰ ਸ੍ਰੀ ਆਨੰਦਪੁਰ ਸਾਹਿਬ ਲੋਕ ਸਭਾ ਹਲਕੇ ਦਾ ਦੌਰਾ ਕਰਨਗੇ।

          ਭਾਜਪਾ ਦਲਿਤ ਭਾਈਚਾਰੇ ਨਾਲ ਵੀ ਮੋਹ ਦਿਖਾਉਣ ਲੱਗੀ ਹੈ। ਕੇਂਦਰੀ ਸਿਹਤ ਮੰਤਰੀ ਮਨਸੁਖ ਮਾਂਡਵੀਆ ਨੇ ਸੰਗਰੂਰ ਲੋਕ ਹਲਕੇ ਦੇ ਦੌਰੇ ਦੌਰਾਨ ਧੂਰੀ ਲਾਗਲੇ ਫ਼ਤਿਹਗੜ੍ਹ ਪਿੰਡ ਦੇ ਪਰਗਟ ਸਿੰਘ ਦੇ ਦਲਿਤ ਪਰਿਵਾਰ ਦੇ ਘਰ ਦੁਪਹਿਰ ਦਾ ਭੋਜਨ ਕੀਤਾ ਅਤੇ ਇਸੇ ਤਰ੍ਹਾਂ ਕੇਂਦਰੀ ਹਰਦੀਪ ਪੁਰੀ ਨੇ ਬਠਿੰਡਾ ਲੋਕ ਸਭਾ ਹਲਕੇ ਦੇ ਦੌਰੇ ਦੌਰਾਨ ਦਲਿਤ ਬਸਤੀ ਵਿਚ ਭੋਜਨ ਕੀਤਾ ਸੀ। ਕੇਂਦਰੀ ਲੀਡਰਸ਼ਿਪ ਵੱਲੋਂ ਮੰਤਰੀਆਂ ਨੂੰ ਹਦਾਇਤ ਹੈ ਕਿ ਹਰ ਮਹੀਨੇ ਲੋਕ ਸਭਾ ਹਲਕੇ ਵਿੱਚ ਦੋ ਦਿਨ ਗੁਜ਼ਾਰਨ। ਇੱਕ ਦਿਨ ਦਲਿਤ ਪਰਿਵਾਰ ਨਾਲ ਭੋਜਨ ਕਰਨ ਦੀ ਹਦਾਇਤ ਹੈ। ਸਭ ਕੇਂਦਰੀ ਵਜ਼ੀਰਾਂ ਨੂੰ ਇਹ ਵੀ ਹਦਾਇਤ ਹੈ ਕਿ ਉਹ ਹਰ ਮਹੀਨੇ ਦੌਰੇ ਦੌਰਾਨ ਗੁਰੂ ਘਰਾਂ ਵਿੱਚ ਦਰਸ਼ਨਾਂ ਲਈ ਜ਼ਰੂਰ ਜਾਣ। ਕੇਂਦਰੀ ਵਜ਼ੀਰ ਹਰਦੀਪ ਪੁਰੀ ਬਠਿੰਡਾ ਦੇ ਕਿਲ੍ਹਾ ਮੁਬਾਰਕ ਗੁਰੂ ਘਰ ਵਿੱਚ ਦਰਸ਼ਨਾਂ ਲਈ ਗਏ ਸਨ ਜਦੋਂ ਕਿ ਮਨਸੁਖ ਮਾਂਡਵੀਆ ਗੁਰਦੁਆਰਾ ਮਸਤੂਆਣਾ ਸਾਹਿਬ ਗਏ ਸਨ। ਸਟੇਜਾਂ ’ਤੇ ਸਿੱਖ ਚਿਹਰਿਆਂ ਨੂੰ ਅੱਗੇ ਰੱਖਣ ਦੀ ਵੀ ਹਦਾਇਤ ਹੈ। ਸੂਤਰ ਦੱਸਦੇ ਹਨ ਕਿ ਕੇਂਦਰੀ ਲੀਡਰਸ਼ਿਪ ਕੋਲ ਇਹ ਜ਼ਮੀਨੀ ਰਿਪੋਰਟ ਪੁੱਜੀ ਹੈ ਕਿ ਬੇਸ਼ੱਕ ਭਾਜਪਾ ਦੀ ਮੈਂਬਰਸ਼ਿਪ ਅਤੇ ਯੂਨਿਟ ਤਾਂ ਵਧੇ ਹਨ ਪਰ ਲੋਕਾਂ ਦੇ ਮਨਾਂ ਵਿੱਚ ਕੋਈ ਤਬਦੀਲੀ ਨਹੀਂ ਆਈ ਹੈ। ਸੂਤਰ ਆਖਦੇ ਹਨ ਕਿ ਕਿਸਾਨ ਭਾਈਚਾਰੇ ਦੀ ਨਾਰਾਜ਼ਗੀ ਦੂਰ ਕਰਨ ਵਾਸਤੇ ਕੇਂਦਰ ਸਰਕਾਰ ਲੋਕ ਸਭਾ  ਚੋਣਾਂ ਤੋਂ ਪਹਿਲਾਂ ਕੋਈ ਪੈਕੇਜ ਐਲਾਨੇਗੀ, ਇਸ ਦੀ ਵੀ ਚਰਚਾ ਹੈ।

No comments:

Post a Comment