ਕੇਹਾ ‘ਬਦਲਾਅ’
ਬਿਨਾਂ ਕਮਾਂਡਰ ਤੋਂ ਖੇਤੀ ’ਵਰਸਿਟੀ
ਚਰਨਜੀਤ ਭੁੱਲਰ
ਚੰਡੀਗੜ੍ਹ : ਪੰਜਾਬ ਖੇਤੀ ਯੂਨੀਵਰਸਿਟੀ ’ਚ ਕੋਈ ‘ਬਦਲਾਅ’ ਨਹੀਂ ਆਇਆ। ’ਵਰਸਿਟੀ ਕੋਲ ਨਾ ਵਾਈਸ ਚਾਂਸਲਰ ਹੈ, ਨਾ ਹੀ ਰਜਿਸਟਰਾਰ, ਹੋਰ ਤਾਂ ਹੋਰ ਡੀਨ ਤੇ ਨਿਰਦੇਸ਼ਕ ਵੀ ਨਹੀਂ ਹਨ। ਕਮਾਨ ਉੱਚ ਅਫ਼ਸਰਾਂ ਕੋਲ ਹੈ ਤੇ ’ਵਰਸਿਟੀ ਪੱਕੇ ਵਾਈਸ ਚਾਂਸਲਰ ਲਈ ਰਾਹ ਤੱਕ ਰਹੀ ਹੈ। ਪੰਜਾਬ ’ਚ ਇਸ ਵੇਲੇ ਖੇਤੀ ਸੰਕਟ ਹੈ ਪਰ ਸੂਬੇ ਦੀ ਇਕਲੌਤੀ ਸਿਰਮੌਰ ਸੰਸਥਾ ’ਚ ਅਸਾਮੀਆਂ ਖਾਲੀ ਹਨ। ਨਵੀਂ ਸਰਕਾਰ ਨੇ ਵੀ ’ਵਰਸਿਟੀ ਦੇ ਬਜਟ ’ਚ ਵਾਧਾ ਨਹੀਂ ਕੀਤਾ। ਪਹਿਲਾਂ ਕੈਪਟਨ ਅਮਰਿੰਦਰ ਸਿੰਘ ਤੇ ਮਗਰੋਂ ਚਰਨਜੀਤ ਚੰਨੀ ਵੀ ਬਤੌਰ ਮੁੱਖ ਮੰਤਰੀ ਇਸ ’ਵਰਸਿਟੀ ’ਚ ਨਵਾਂ ਵਾਈਸ ਚਾਂਸਲਰ ਨਹੀਂ ਲਾ ਸਕੇ। ‘ਆਪ’ ਸਰਕਾਰ ਨੇ ਅਪਰੈਲ 2022 ’ਚ ਨਵੇਂ ਵੀਸੀ ਲਈ ਅਰਜ਼ੀਆਂ ਮੰਗੀਆਂ ਸਨ ਪਰ ਚਾਰ ਮਹੀਨਿਆਂ ਮਗਰੋਂ ਵੀ ਨਿਯੁਕਤੀ ਨਹੀਂ ਹੋਈ।
ਖੇਤੀ ’ਵਰਸਿਟੀ ਨੂੰ ਰੈਗੂਲਰ ਵੀਸੀ 1 ਜੂਨ 2011 ਨੂੰ ਡਾ. ਬਲਦੇਵ ਸਿੰਘ ਢਿੱਲੋਂ ਮਿਲੇ ਸਨ ਜਿਨ੍ਹਾਂ ਨੇ 30 ਜੂਨ 2021 ਨੂੰ ਹੀ ਘਰੇਲੂ ਮਜਬੂਰੀਆਂ ਦਾ ਹਵਾਲਾ ਦੇ ਕੇ ਅਸਤੀਫ਼ਾ ਦੇ ਦਿੱਤਾ ਸੀ। ਇਸ ਮਗਰੋਂ ’ਵਰਸਿਟੀ ’ਚ ਵਾਧੂ ਚਾਰਜ ਦਾ ਸਿਲਸਿਲਾ ਸ਼ੁਰੂ ਹੋਇਆ। ‘ਆਪ’ ਸਰਕਾਰ ਨੇ ਵੀ ’ਵਰਸਿਟੀ ਦੇ ਵੀਸੀ ਦਾ ਵਾਧੂ ਚਾਰਜ ਵਧੀਕ ਮੁੱਖ ਸਕੱਤਰ (ਖੇਤੀ) ਸਰਵਜੀਤ ਸਿੰਘ ਨੂੰ ਦਿੱਤਾ ਹੈ। ਇਕੱਲਾ ਵੀਸੀ ਨਹੀਂ ਬਲਕਿ 1 ਦਸੰਬਰ 2021 ਤੋਂ ’ਵਰਸਿਟੀ ਦੇ ਰਜਿਸਟਰਾਰ ਦਾ ਅਹੁਦਾ ਵੀ ਖ਼ਾਲੀ ਪਿਆ ਹੈ। ਇਸੇ ਤਰ੍ਹਾਂ ਡੀਨ (ਖੇਤੀਬਾੜੀ ਕਾਲਜ) ਦਾ ਅਹੁਦਾ 1 ਜੁਲਾਈ 2021 ਤੋਂ ਤੇ ਡੀਨ (ਪੋਸਟ ਗਰੈਜੂਏਟ ਸਟੱਡੀਜ਼) ਦਾ ਅਹੁਦਾ 1 ਅਗਸਤ 2021 ਤੋਂ ਖ਼ਾਲੀ ਹਨ। ਨਿਰਦੇਸ਼ਕ (ਪਸਾਰ ਸਿੱਖਿਆ) ਦਾ ਵੀ ਅਹੁਦਾ 1 ਫਰਵਰੀ 2022 ਤੋਂ ਤੇ ਨਿਰਦੇਸ਼ਕ (ਖੋਜ) ਦਾ ਅਹੁਦਾ 1 ਦਸੰਬਰ 2021 ਤੋਂ ਖ਼ਾਲੀ ਹੈ।
ਕਰੀਬ 15 ਵਿਭਾਗਾਂ ਦਾ ਕੰਮ ਵਾਧੂ ਚਾਰਜ ਨਾਲ ਚੱਲ ਰਿਹਾ ਹੈ। ਖੇਤੀ ਵਰਸਿਟੀ ਦੇ ਵਿਦਿਆਰਥੀ ਦੋ ਦਿਨਾਂ ਤੋਂ ਹੜਤਾਲ ’ਤੇ ਬੈਠੇ ਹਨ ਜਿਨ੍ਹਾਂ ਦੀ ਮੰਗ ਹੈ ਕਿ ਪੰਜਾਬ ਸਰਕਾਰ ਵੱਲੋਂ ਜੋ ਨਵੀਂ ਭਰਤੀ ਸ਼ੁਰੂ ਕੀਤੀ ਗਈ ਹੈ, ਉਸ ਵਿਚ ਏਡੀਓ ਅਤੇ ਬਾਗ਼ਬਾਨੀ ਅਫ਼ਸਰਾਂ ਦੀਆਂ ਅਸਾਮੀਆਂ ਪ੍ਰਕਾਸ਼ਿਤ ਨਹੀਂ ਕੀਤੀਆਂ ਗਈਆਂ। ਪੀਏਯੂ ਟੀਚਰਜ਼ ਐਸੋਸੀਏਸ਼ਨ ਦੇ ਸਕੱਤਰ ਮਨਦੀਪ ਸਿੰਘ ਆਖਦੇ ਹਨ ਕਿ ਕਮਾਨ ਤੋਂ ਖ਼ਾਲੀ ਖੇਤੀ ਵਰਸਿਟੀ ਦੇ ਕੰਮ ਪ੍ਰਭਾਵਿਤ ਹੋ ਰਹੇ ਹਨ। ਸਰਕਾਰ ਫ਼ੌਰੀ ਵੀਸੀ ਦੀ ਤਾਇਨਾਤੀ ਕਰੇ ਅਤੇ ਖੇਤੀ ਬਜਟ ਵਿਚ ਵਾਧਾ ਕਰੇ। ਉਨ੍ਹਾਂ ਕਿਹਾ ਕਿ ਕੋਈ ਬਦਲਾਅ ਨਾ ਆਇਆ ਤਾਂ ਖੇਤੀ ਵਰਸਿਟੀ ਦੀ ਪੁੱਠੀ ਗਿਣਤੀ ਸ਼ੁਰੂ ਹੋਣ ਦਾ ਖ਼ਦਸ਼ਾ ਹੈ।
ਜਲਦ ਮਿਲੇਗਾ ਨਵਾਂ ਵੀਸੀ: ਧਾਲੀਵਾਲ
ਖੇਤੀ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਦਾ ਕਹਿਣਾ ਸੀ ਕਿ ਖੇਤੀ ਵਰਸਿਟੀ ਨੂੰ ਪੈਰਾਂ ਸਿਰ ਕਰਨਾ ਤਰਜੀਹੀ ਏਜੰਡਾ ਹੈ। ਵੀਸੀ ਦੀ ਨਿਯੁਕਤੀ ਲਈ ਪੰਜ ਨਾਮ ਫਾਈਨਲ ਕਰ ਲਏ ਗਏ ਹਨ ਅਤੇ ਮੁੱਖ ਮੰਤਰੀ ਨਾਲ ਮੀਟਿੰਗ ਕਰਕੇ ਜਲਦ ਹੀ ਨਵੇਂ ਵੀਸੀ ਦੀ ਨਿਯੁਕਤੀ ਕਰ ਦਿੱਤੀ ਜਾਵੇਗੀ। ਉਸ ਮਗਰੋਂ ਹੀ ਬਾਕੀ ਅਸਾਮੀਆਂ ਭਰੀਆਂ ਜਾਣਗੀਆਂ। ਉਹ ਕੇਂਦਰੀ ਖੇਤੀ ਮੰਤਰੀ ਨੂੰ ਮਿਲ ਕੇ ’ਵਰਸਿਟੀ ਦੇ ਖੋਜ ਕਾਰਜਾਂ ਲਈ ਵਿਸ਼ੇਸ਼ ਗਰਾਂਟ ਦੀ ਮੰਗ ਕਰਨਗੇ।
No comments:
Post a Comment