ਦੀਵੇ ਥੱਲੇ ਹਨੇਰਾ
ਕਿਤਾਬਾਂ ਦੇ ਪਰਛਾਵੇਂ ਤੋਂ ਦੂਰ ਹੋਏ ਵਿਧਾਇਕ..!
ਚਰਨਜੀਤ ਭੁੱਲਰ
ਚੰਡੀਗੜ੍ਹ : ਬੇਸ਼ੱਕ ‘ਆਪ’ ਵਿਧਾਇਕਾਂ ਦੀ ਪੜ੍ਹਾਈ-ਲਿਖਾਈ ’ਚ ਝੰਡੀ ਹੈ, ਪਰ ਅੱਜਕੱਲ੍ਹ ਵੱਡੀ ਗਿਣਤੀ ‘ਆਪ’ ਵਿਧਾਇਕ ਵਿਧਾਨ ਸਭਾ ਦੀ ਲਾਇਬਰੇਰੀ ਤੋਂ ਪਾਸਾ ਵੱਟ ਕੇ ਲੰਘ ਰਹੇ ਹਨ। ਮੌਜੂਦਾ ਸਰਕਾਰ ਦੇ ਪੜ੍ਹਨ ਲਿਖਣ ਦੇ ਮਾਮਲੇ ਵਿੱਚ ਪੰਜ ਮਹੀਨਿਆਂ ਦੇ ਰਿਪੋਰਟ ਕਾਰਡ ’ਤੇ ਨਜ਼ਰ ਮਾਰੀਏ ਤਾਂ ਬਹੁਗਿਣਤੀ ਵਿਧਾਇਕਾਂ ਨੇ ਵਿਧਾਨ ਸਭਾ ਦੀ ਲਾਇਬਰੇਰੀ ’ਚ ਪੈਰ ਵੀ ਨਹੀਂ ਪਾਇਆ। ਪੰਜਾਬ ਦੇ ਪੰਦਰਾਂ ਕੈਬਨਿਟ ਵਜ਼ੀਰਾਂ ’ਚੋਂ ਸਿਰਫ ਫੌਜਾ ਸਿੰਘ ਸਰਾਰੀ ਹੀ ਇਕਲੌਤੇ ਮੰਤਰੀ ਹਨ, ਜਿਨ੍ਹਾਂ ਨੇ ਵਿਧਾਨ ਸਭਾ ਲਾਇਬਰੇਰੀ ’ਚੋਂ ਪੰਜ ਪੁਸਤਕਾਂ ਜਾਰੀ ਕਰਾਈਆਂ ਹਨ। ਸਭ ਤੋਂ ਵੱਧ ਪੁਸਤਕਾਂ ਜਾਰੀ ਕਰਵਾਉਣ ਵਾਲੇ ਵਜ਼ੀਰ ਵੀ ਫੌਜਾ ਸਿੰਘ ਸਰਾਰੀ ਹੀ ਹਨ।ਵੇਰਵਿਆਂ ਅਨੁਸਾਰ ਵਿਧਾਨ ਸਭਾ ਦੀ ਲਾਇਬਰੇਰੀ ਵਿੱਚ ਅਨਮੋਲ ਬੌਧਿਕ ਭੰਡਾਰ ਪਿਆ ਹੈ। ਉਮੀਦ ਸੀ ਕਿ ‘ਆਪ’ ਦੇ ਨਵੇਂ ਵਿਧਾਇਕਾਂ ਨੂੰ ਲਾਇਬਰੇਰੀ ਦਾ ਚਾਅ ਹੋਵੇਗਾ, ਪਰ ਲੰਘੇ ਪੰਜ ਮਹੀਨਿਆਂ ’ਚ ਕਿਤਾਬਾਂ ਪ੍ਰਤੀ ‘ਆਪ’ ਵਿਧਾਇਕਾਂ ਦੀ ਰੁਚੀ ਵੀ ਬਹੁਤੀ ਨਿਖਰ ਕੇ ਸਾਹਮਣੇ ਨਹੀਂ ਆਈ ਹੈ।
‘ਆਪ’ ਦੇ 92 ਵਿਧਾਇਕਾਂ/ਵਜ਼ੀਰਾਂ ਚੋਂ ਹੁਣ ਤੱਕ ਸਿਰਫ਼ ਇੱਕ ਮੰਤਰੀ ਅਤੇ ਸੱਤ ਵਿਧਾਇਕਾਂ ਨੇ ਹੀ ਲਾਇਬਰੇਰੀ ’ਚੋਂ ਕਿਤਾਬਾਂ ਲਈਆਂ ਹਨ। ਇਸੇ ਤਰ੍ਹਾਂ ਕਾਂਗਰਸ ਦੇ ਡੇਢ ਦਰਜਨ ਵਿਧਾਇਕਾਂ ’ਚੋਂ ਸਿਰਫ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਅਤੇ ਰਾਣਾ ਗੁਰਜੀਤ ਸਿੰਘ ਨੇ ਇੱਕ ਇੱਕ ਕਿਤਾਬ ਲਈ ਹੈ। ‘ਆਪ’ ਵਿਧਾਇਕਾਂ ’ਚੋਂ ਨਰਿੰਦਰ ਕੌਰ ਭਰਾਜ ਨੇ ਤਿੰਨ ਪੁਸਤਕਾਂ ਜਾਰੀ ਕਰਾਈਆਂ ਹਨ ਜਿਨ੍ਹਾਂ ਵਿਚ ‘ਅਗਨਿ-ਪੰਥ’, ‘ਮਾਸਟਰ ਤਾਰਾ ਸਿੰਘ’ ਅਤੇ ਵਿਧਾਨ ਸਭਾ ਦੀਆਂ ਡਿਬੇਟਸ ਸ਼ਾਮਲ ਹਨ। ਪ੍ਰੋ. ਬਲਜਿੰਦਰ ਕੌਰ ਨੇ ‘ਪੰਚਾਇਤੀ ਰਾਜ ਐਕਟ 1994’ ਇਸ਼ੂ ਕਰਾਇਆ ਹੈ। ਵਿਧਾਇਕ ਮਨਜਿੰਦਰ ਸਿੰਘ ਲਾਲਪੁਰਾ, ਗੁਰਵਿੰਦਰ ਸਿੰਘ ਗੈਰੀ ਵੜਿੰਗ, ਦਿਨੇਸ਼ ਕੁਮਾਰ ਚੱਢਾ ਅਤੇ ਰੁਪਿੰਦਰ ਸਿੰਘ ਬੱਸੀ ਪਠਾਣਾ ਨੇ ਲਾਇਬਰੇਰੀ ’ਚੋਂ ਕਿਤਾਬਾਂ ਲੈਣ ਦਾ ਮਹੂਰਤ ਕੀਤਾ ਹੈ। ਇਨ੍ਹਾਂ ਪੰਜ ਮਹੀਨਿਆਂ ਵਿਚ ਅੱਠ ਸਾਬਕਾ ਵਿਧਾਇਕਾਂ ਨੇ ਵੀ ਕਿਤਾਬਾਂ ਲਈਆਂ ਹਨ। ਸਾਬਕਾ ਮੁੱਖ ਮੰਤਰੀ ਚਰਨਜੀਤ ਚੰਨੀ ਨੇ ਚਾਰ ਕਿਤਾਬਾਂ ਲਈਆਂ ਹਨ। ਦੇਖਿਆ ਜਾਵੇ ਤਾਂ ਵਜ਼ੀਰਾਂ ਵਿਚੋਂ ਅਮਨ ਅਰੋੜਾ, ਮੀਤ ਹੇਅਰ, ਹਰਪਾਲ ਚੀਮਾ ਅਤੇ ਹਰਜੋਤ ਸਿੰਘ ਬੈਂਸ ਪੁਸਤਕ ਪ੍ਰੇਮੀ ਜਾਪਦੇ ਹਨ ਪ੍ਰੰਤੂ ਇਨ੍ਹਾਂ ਵਜ਼ੀਰਾਂ ਨੇ ਕੋਈ ਕਿਤਾਬ ਹਾਲੇ ਤੱਕ ਇਸ਼ੂ ਨਹੀਂ ਕਰਾਈ।
ਪੰਜਾਬ ਦੇ 117 ਵਿਧਾਨ ਸਭਾ ਮੈਂਬਰਾਂ ’ਚੋਂ 1.71 ਫੀਸਦੀ ਪੀਐਚ.ਡੀ. ਹਨ ਜਦੋਂ ਕਿ 17.95 ਫੀਸਦੀ ਪੋਸਟ ਗਰੈਜੂਏਟ ਹਨ। 19.66 ਫੀਸਦੀ ਗਰੈਜੂਏਟ ਪ੍ਰੋਫੈਸ਼ਨਲ ਹਨ ਅਤੇ 17.95 ਫੀਸਦੀ ਗਰੈਜੂਏਟ ਹਨ। ‘ਆਪ’ ਦੇ 92 ਵਿਧਾਇਕਾਂ ਦੀ ਵਿਦਿਅਕ ਪ੍ਰੋਫਾਈਲ ਦੇਖੀਏ ਤਾਂ ਇਨ੍ਹਾਂ ਚੋਂ 18.48 ਫੀਸਦੀ ਪੋਸਟ ਗਰੈਜੂਏਟ ਹਨ ਅਤੇ 23.91 ਫੀਸਦੀ ਗਰੈਜੂਏਟ ਪ੍ਰੋਫੈਸ਼ਨਲ ਹਨ। ਇਸੇ ਤਰ੍ਹਾਂ 13.04 ਫੀਸਦੀ ਗਰੈਜੂਏਟ ਹਨ ਅਤੇ 2.17 ਫੀਸਦੀ ਪੀਐਚ.ਡੀ. ਹਨ। ‘ਆਪ’ ਦੇ ਦਸ ਵਿਧਾਇਕ ਤਾਂ ਡਾਕਟਰ ਹੀ ਹਨ ਅਤੇ ਕਈ ਵਕੀਲ ਵੀ ਹਨ। ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਵੱਲੋਂ ਵਿਧਾਨ ਸਭਾ ਦੀਆਂ ਪੁਰਾਣੀਆਂ ਡਿਬੇਟਸ ਪੜ੍ਹੀਆਂ ਜਾ ਰਹੀਆਂ ਹਨ। ਸੰਧਵਾਂ ਨੇ ਕਿਹਾ ਕਿ ਵਿਧਾਨ ਸਭਾ ਦੀ ਲਾਇਬਰੇਰੀ ਦੀ ਸਾਰੇ ਮੈਂਬਰਾਂ ਨੂੰ ਸਹੂਲਤ ਲੈਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਬਹੁਤੇ ਵਿਧਾਇਕ ਨਵੇਂ ਹਨ ਅਤੇ ਉਨ੍ਹਾਂ ਲਈ ਸਿਖਲਾਈ ਪ੍ਰੋਗਰਾਮ ਉਲੀਕਿਆ ਗਿਆ ਸੀ, ਜੋ ਰੱਦ ਕਰਨਾ ਪੈ ਗਿਆ ਸੀ। ਉਨ੍ਹਾਂ ਕਿਹਾ ਕਿ ਉਹ ਸਾਰੇ ਮੈਂਬਰਾਂ ਨੂੰ ਕਿਤਾਬਾਂ ਪੜ੍ਹਨ ਲਈ ਪ੍ਰੇਰਨਗੇ।
ਲਾਇਬਰੇਰੀ ਕਮੇਟੀ ਵੀ ਕਿਤਾਬਾਂ ਤੋਂ ਦੂਰ
ਪੰਜਾਬ ਵਿਧਾਨ ਸਭਾ ਦੀ ਲਾਇਬਰੇਰੀ ਕਮੇਟੀ ਦੇ ਚੇਅਰਮੈਨ ਜਗਦੀਪ ਸਿੰਘ ਗੋਲਡੀ ਹਨ ਅਤੇ ਅੱਠ ਮੈਂਬਰ ਹਨ। ਦਿਲਚਸਪ ਗੱਲ ਇਹ ਹੈ ਕਿ ਲਾਇਬਰੇਰੀ ਕਮੇਟੀ ਦੇ ਚੇਅਰਮੈਨ ਅਤੇ ਕਿਸੇ ਵੀ ਮੈਂਬਰ ਨੇ ਹਾਲੇ ਤੱਕ ਕੋਈ ਕਿਤਾਬ ਜਾਰੀ ਨਹੀਂ ਕਰਾਈ ਹੈ। ਲਾਇਬਰੇਰੀ ਕਮੇਟੀ ਨੇ ਲਾਇਬਰੇਰੀ ਲਈ ਕਿਤਾਬਾਂ ਖਰੀਦਣ ਵਾਸਤੇ ਸਲਾਹ ਦੇਣੀ ਹੁੰਦੀ ਹੈ। ਇਸ ਕਮੇਟੀ ਦੀਆਂ ਮੀਟਿੰਗਾਂ ਵੀ ਰੈਗੂਲਰ ਹੁੰਦੀਆਂ ਹਨ ਪ੍ਰੰਤੂ ਇਸ ਕਮੇਟੀ ਦੇ ਕਿਸੇ ਮੈਂਬਰ ਨੇ ਵਿਧਾਨ ਸਭਾ ਦੀ ਲਾਇਬਰੇਰੀ ’ਚੋਂ ਕਿਤਾਬਾਂ ਲੈਣ ਵਿਚ ਕੋਈ ਰੁਚੀ ਨਹੀਂ ਦਿਖਾਈ ਹੈ।
No comments:
Post a Comment