Tuesday, August 30, 2022

                                                     ਬਿਮਾਰੀ ਤੋਂ ਨਿਰਾਸ਼ 
                               ਖ਼ੁਦਕੁਸ਼ੀਆਂ ਦੇ ਰਾਹ ਪਏ ਪੰਜਾਬੀ
                                                       ਚਰਨਜੀਤ ਭੁੱਲਰ  

ਚੰਡੀਗੜ੍ਹ : ਪੰਜਾਬ ਦਾ ਇਹ ਰੁਝਾਨ ਕੋਈ ਸੁਖਾਵਾਂ ਨਹੀਂ ਹੈ ਕਿ ਬਿਮਾਰੀ ਤੋਂ ਅੱਕੇ ਲੋਕ ਜ਼ਿੰਦਗੀ ਨੂੰ ਅਲਵਿਦਾ ਆਖ ਰਹੇ ਹਨ। ਪਿਛਲਾ ਵਰਤਾਰਾ ਇਹ ਰਿਹਾ ਹੈ ਕਿ ਸਿਰ ਚੜ੍ਹੇ ਕਰਜ਼ੇ ਦੇ ਬੋਝ ਹੇਠਾਂ ਦੱਬ ਕੇ ਕਿਸਾਨ ਖ਼ੁਦਕੁਸ਼ੀ ਦੇ ਰਾਹ ਪਏ ਸਨ। ਨਵੇਂ ਤੱਥ ਉੱਭਰੇ ਹਨ ਕਿ ਪੰਜਾਬੀਆਂ ਨੂੰ ਬਿਮਾਰੀਆਂ ਨੇ ਵੀ ਦੱਬ ਲਿਆ ਹੈ ਜਿਸ ਕਰ ਕੇ ਨਿਰਾਸ਼ ਲੋਕ ਖ਼ੁਦਕੁਸ਼ੀ ਵਰਗਾ ਕਦਮ ਚੁੱਕਣ ਲੱਗੇ ਹਨ। ਕੌਮੀ ਕ੍ਰਾਈਮ ਰਿਕਾਰਡ ਬਿਊਰੋ ਦੀ ਵਰ੍ਹਾ 2021 ਦੀ ਤਾਜ਼ਾ ਰਿਪੋਰਟ ਪ੍ਰੇਸ਼ਾਨ ਕਰਨ ਵਾਲੀ ਹੈ ਕਿ ਸਮੁੱਚੇ ਦੇਸ਼ ’ਚੋਂ ਪੰਜਾਬ ਸਿਖ਼ਰ ’ਤੇ ਹੈ ਜਿੱਥੇ ਵਰ੍ਹਾ 2021 ’ਚ ਲੋਕਾਂ ਨੇ ਬਿਮਾਰੀ ਤੋਂ ਹਾਰ ਮੰਨ ਕੇ ਖ਼ੁਦਕੁਸ਼ੀ ਦਾ ਰਾਹ ਚੁਣਿਆ। ਕੌਮੀ ਕ੍ਰਾਈਮ ਰਿਕਾਰਡ ਬਿਊਰੋ ਦੀ ਜਾਰੀ ਰਿਪੋਰਟ ਅਨੁਸਾਰ ਪੰਜਾਬ ਵਿਚ ਵਰ੍ਹਾ 2021 ਦੌਰਾਨ ਹੋਈਆਂ ਖੁਦਕੁਸ਼ੀਆਂ ’ਚੋਂ 44.8 ਫ਼ੀਸਦੀ ਖੁਦਕੁਸ਼ੀਆਂ ਦਾ ਕਾਰਨ ਬਿਮਾਰੀ ਬਣੀ ਹੈ। ਪੰਜਾਬ ’ਚ 1164 ਲੋਕਾਂ ਨੇ ਬਿਮਾਰੀ ਤੋਂ ਅੱਕ ਕੇ ਮੌਤ ਨੂੰ ਗਲ਼ ਲਾਇਆ ਹੈ। ਮਤਲਬ ਕਿ ਔਸਤਨ ਰੋਜ਼ਾਨਾ ਤਿੰਨ ਲੋਕਾਂ ਨੇ ਬਿਮਾਰੀ ਅੱਗੇ ਹਾਰ ਮੰਨ ਕੇ ਖ਼ੁਦਕੁਸ਼ੀ ਵਰਗਾ ਕਦਮ ਚੁੱਕ ਲਿਆ। 

          ਕੌਮੀ ਔਸਤਨ ਦੇਖੀਏ ਤਾਂ 18.6 ਫ਼ੀਸਦੀ ਲੋਕਾਂ ਨੇ ਬਿਮਾਰੀ ਕਰਕੇ ਖ਼ੁਦਕੁਸ਼ੀ ਦਾ ਰਾਹ ਚੁਣਿਆ ਹੈ ਜਦੋਂ ਕਿ ਪੰਜਾਬ ਦੀ ਇਹੋ ਦਰ 44.8 ਫ਼ੀਸਦੀ ਬਣਦੀ ਹੈ। ਗੁਆਂਢੀ ਸੂਬਾ ਹਰਿਆਣਾ ਇਸ ਮਾਮਲੇ ਵਿਚ ਦੇਸ਼ ’ਚੋਂ 13ਵੇਂ ਨੰਬਰ ’ਤੇ ਹੈ। ਦੂਜੇ ਨੰਬਰ ’ਤੇ ਸਿੱਕਮ ਅਤੇ ਛੇਵੇਂ ਨੰਬਰ ’ਤੇ ਹਿਮਾਚਲ ਪ੍ਰਦੇਸ਼ ਹੈ। ਇਸ ਤਰ੍ਹਾਂ ਦੇ ਹਾਲਾਤ ਤਾਂ ਯੂ.ਪੀ. ਅਤੇ ਬਿਹਾਰ ਵਿਚ ਵੀ ਨਹੀਂ ਹਨ। ਅੱਗੇ ਦੇਖੀਏ ਤਾਂ ਪੰਜਾਬ ਵਿਚ 15 ਕੈਂਸਰ ਮਰੀਜ਼ਾਂ ਨੇ ਖ਼ੁਦਕੁਸ਼ੀ ਕੀਤੀ ਹੈ ਅਤੇ ਅਧਰੰਗ ਕਰਕੇ ਵੀ ਪੰਜ ਜਾਨਾਂ ਮੌਤ ਦੇ ਮੂੰਹ ਇਸੇ ਰਸਤੇ ਪਈਆਂ ਹਨ। ਪੰਜਾਬ ਵਿਚ ਡਿਪਰੈਸ਼ਨ ਵੀ ਕਾਫ਼ੀ ਸਿਖਰ ’ਤੇ ਹੈ ਅਤੇ ਇੱਕੋ ਵਰ੍ਹੇ ’ਚ ਡਿਪਰੈਸ਼ਨ ਦੇ 1095 ਮਰੀਜ਼ਾਂ ਨੇ ਖ਼ੁਦਕੁਸ਼ੀ ਕੀਤੀ ਹੈ। ਸਮੁੱਚੀ ਖ਼ੁਦਕੁਸ਼ੀ ਦਰ ’ਤੇ ਨਜ਼ਰ ਮਾਰੀਏ ਤਾਂ ਪੰਜਾਬ ਵਿਚ ਇਹ ਦਰ 8.1 ਫ਼ੀਸਦੀ ਹੈ ਜਦੋਂ ਕਿ ਕੌਮੀ ਦਰ 12 ਫ਼ੀਸਦੀ ਹੈ। ਪੰਜਾਬ ਵਿਚ 2021 ਦੌਰਾਨ ਕੁੱਲ 2600 ਲੋਕਾਂ ਨੇ ਖ਼ੁਦਕੁਸ਼ੀ ਕੀਤੀ ਹੈ ਜੋ ਕਿ ਸਾਲ 2020 ਨਾਲੋਂ ਇੱਕ ਫ਼ੀਸਦੀ ਘੱਟ ਹਨ। ਰਿਪੋਰਟ ਅਨੁਸਾਰ ਲੰਘੇ ਵਰ੍ਹੇ ਵਿਚ 154 ਕਿਸਾਨਾਂ ਨੇ ਖ਼ੁਦਕੁਸ਼ੀ ਕੀਤੀ ਹੈ ਜਦੋਂ ਕਿ 99 ਮਜ਼ਦੂਰਾਂ ਨੇ ਖ਼ੁਦਕੁਸ਼ੀ ਕੀਤੀ ਹੈ। 

         ਠੇਕੇ ’ਤੇ ਜ਼ਮੀਨਾਂ ਲੈ ਕੇ ਕਾਸ਼ਤ ਕਰਨ ਵਾਲੇ 19 ਕਿਸਾਨਾਂ ਨੇ ਇਹ ਕਦਮ ਚੁੱਕਿਆ ਹੈ। ਇਸੇ ਤਰ੍ਹਾਂ ਬੇਰੁਜ਼ਗਾਰੀ ਕਰਕੇ 53 ਲੋਕਾਂ ਨੇ ਜ਼ਿੰਦਗੀ ਨੂੰ ਅਲਵਿਦਾ ਆਖਿਆ ਹੈ। ਪ੍ਰੇਸ਼ਾਨ ਕਰਨ ਵਾਲੇ ਤੱਥ ਹਨ ਕਿ ਇਸ ਵਰ੍ਹੇ ਦੌਰਾਨ ਖ਼ੁਦਕੁਸ਼ੀ ਕਰਨ ਵਾਲਿਆਂ ਵਿਚ 166 ਵਿਦਿਆਰਥੀ ਵੀ ਸ਼ਾਮਲ ਹਨ ਜਿਨ੍ਹਾਂ ’ਚੋਂ 20 ਵਿਦਿਆਰਥੀਆਂ ਨੇ ਪ੍ਰੀਖਿਆਵਾਂ ਵਿਚੋਂ ਫ਼ੇਲ੍ਹ ਹੋਣ ਮਗਰੋਂ ਖ਼ੁਦਕੁਸ਼ੀ ਕਰ ਲਈ। ਦੇਖਿਆ ਜਾਵੇ ਤਾਂ ਪੰਜਾਬ ਵਿਚ ਕਈ ਉਨ੍ਹਾਂ ਵਿਦਿਆਰਥੀਆਂ ਨੇ ਵੀ ਖ਼ੁਦਕੁਸ਼ੀ ਕੀਤੀ ਹੈ ਜਿਹੜੇ ਆਈਲੈੱਟਸ ਪ੍ਰੀਖਿਆ ਵਿਚ ਲੋੜੀਂਦੇ ਬੈਂਡ ਨਹੀਂ ਲੈ ਸਕੇ ਸਨ। ਇਸ ਤੋਂ ਇਲਾਵਾ 78 ਨਸ਼ੇ ਦੇ ਆਦੀ ਵਿਅਕਤੀਆਂ ਨੇ ਵੀ ਖ਼ੁਦਕੁਸ਼ੀ ਕੀਤੀ ਹੈ। ਮਾਹਿਰ ਆਖਦੇ ਹਨ ਕਿ ਕਮਜ਼ੋਰ ਆਰਥਿਕਤਾ ਅਤੇ ਮਹਿੰਗੇ ਇਲਾਜ ਵੀ ਇਸ ਰੁਝਾਨ ਲਈ ਜ਼ਿੰਮੇਵਾਰ ਹਨ। ਮੁੱਖ ਮੰਤਰੀ ਭਗਵੰਤ ਮਾਨ ਆਖਦੇ ਹਨ ਕਿ ਸਿਹਤ ਅਤੇ ਸਿੱਖਿਆ ਉਨ੍ਹਾਂ ਦਾ ਤਰਜੀਹੀ ਏਜੰਡਾ ਹੈ ਅਤੇ ਉਹ ‘ਹੱਸਦਾ ਵੱਸਦਾ ਪੰਜਾਬ’ ਬਣਾਉਣਗੇ। 

         ਹਾਲਾਂਕਿ ਜਦੋਂ ਵਰ੍ਹਾ 2022 ਦੀ ਨਵੀਂ ਰਿਪੋਰਟ ਸਾਹਮਣੇ ਆਵੇਗੀ, ਉਹ ‘ਆਪ’ ਸਰਕਾਰ ਦੀ ਪਰਖ਼ ਦਾ ਇੱਕ ਪੈਮਾਨਾ ਵੀ ਬਣੇਗੀ। ਪ੍ਰਿੰਸੀਪਲ ਡਾ. ਤਰਲੋਕ ਬੰਧੂ ਆਖਦੇ ਹਨ ਕਿ ਨਾ ਠੀਕ ਹੋਣ ਯੋਗ ਬਿਮਾਰੀਆਂ ਦੇ ਮਨੋਵਿਗਿਆਨਕ ਅਸਰ ਬੰਦੇ ਨੂੰ ਗੰਭੀਰ ਉਦਾਸੀ, ਤਣਾਅ, ਚਿੰਤਾ ਅਤੇ ਡਰ ਵਾਲੀ ਸਥਿਤੀ ਵਿਚ ਲੈ ਜਾਂਦੇ ਹਨ ਜੋ ਸਮੁੱਚੇ ਰੂਪ ਵਿਚ ਨਾਉਮੀਦੀ ਵਿਚ ਵਿਚਰ ਰਹੇ ਬਿਮਾਰ ਮਨੁੱਖ ਨੂੰ ਆਤਮਹੱਤਿਆ ਵੱਲ ਧੱਕ ਸਕਦੇ ਹਨ। ਪਰਿਵਾਰਕ ਮੈਂਬਰਾਂ ’ਤੇ ਬੋਝ ਨਾ ਬਣਨ ਦੀ ਸੋਚ ਵੀ ਇਸ ਦਾ ਕਾਰਨ ਬਣਦੀ ਹੈ। ਉਨ੍ਹਾਂ ਕਿਹਾ ਕਿ ਸਰਕਾਰ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਇਸ ਰੁਝਾਨ ਨੂੰ ਠੱਲ੍ਹਣ ਲਈ ਕਦਮ ਚੁੱਕੇ।

                                    ਅਧੂਰਾ ਜੀਵਨ ਮੁਆਫ਼ਕ ਨਹੀਂ: ਭੰਦੋਹਲ

ਐਡਵੋਕੇਟ ਜਗਦੇਵ ਸਿੰਘ ਭੰਦੋਹਲ ਇਸ ਰੁਝਾਨ ਦਾ ਸਮਾਜਿਕ ਨਜ਼ਰੀਆ ਪੇਸ਼ ਕਰਦੇ ਹਨ ਕਿ ਅਸਲ ਵਿਚ ਪੰਜਾਬੀ ਲੋਕ ਭਰਪੂਰ ਜ਼ਿੰਦਗੀ ਜਿਊਣ ’ਚ ਹੀ ਯਕੀਨ ਰੱਖਦੇ ਹਨ ਅਤੇ ਉਨ੍ਹਾਂ ਨੂੰ ਅਧੂਰਾ ਜੀਵਨ ਮੁਆਫ਼ਕ ਨਹੀਂ ਹੈ। ਉਨ੍ਹਾਂ ਕਿਹਾ ਕਿ ਕਾਰਨ ਕੋਈ ਹੋਰ ਵੀ ਹੋ ਸਕਦੇ ਹਨ ਪਰ ਇੱਕ ਗੱਲ ਸਪੱਸ਼ਟ ਹੈ ਕਿ ਪੰਜਾਬੀ ਲਟਕਣਾ ਪਸੰਦ ਨਹੀਂ ਕਰਦੇ ਤੇ ਇਸ ਤਰ੍ਹਾਂ ਦਾ ਵਰਤਾਰਾ ਉੱਭਰਦਾ ਹੈ।

No comments:

Post a Comment