Friday, August 26, 2022

                                                    ਏਹ ਕਿਹੜਾ ਮਾਡਲ 
                   ਗੁਰਦੁਆਰੇ ਤੇ ਧਰਮਸ਼ਾਲਾ ’ਚ ਚੱਲਦੇ  ਸਿਹਤ ਕੇਂਦਰ
                                                       ਚਰਨਜੀਤ ਭੁੱਲਰ   

ਚੰਡੀਗੜ੍ਹ : ਪੰਜਾਬ ਦਾ ਇਹ ਕਿਹੜਾ ਮਾਡਲ ਹੈ ਕਿ ਸਿਹਤ ਕੇਂਦਰਾਂ ਲਈ ਕਿਤੇ ਇਮਾਰਤ ਨਹੀਂ, ਇਮਾਰਤ ਹੈ ਤਾਂ ਦਰਵਾਜ਼ੇ ਨਹੀਂ, ਦਰਵਾਜ਼ੇ ਹਨ ਤਾਂ ਦਵਾਈ ਨਹੀਂ, ਦਵਾਈ ਹੈ ਤਾਂ ਡਾਕਟਰ ਨਹੀਂ। ਜਿੱਥੇ ਕਿਤੇ ਦਵਾਈ ਹੈ ਤੇ ਡਾਕਟਰ ਵੀ ਹੈ, ਉੱਥੇ ਇਮਾਰਤ ਅਣਸੇਫ ਹੈ। ‘ਗਾਰਡੀਅਨ ਆਫ਼ ਗਵਰਨੈਂਸ’ (ਖ਼ੁਸ਼ਹਾਲੀ ਦੇ ਰਾਖੇ) ਵੱਲੋਂ ਪੰਜਾਬ ਦੇ ਸਿਹਤ ਕੇਂਦਰਾਂ ਬਾਰੇ ਜੁਲਾਈ 2022 ਨੂੰ ਪੇਸ਼ ਕੀਤੀ ਰਿਪੋਰਟ ਆਮ ਆਦਮੀ ਦੀ ਸਿਹਤ ਬਾਰੇ ਖ਼ਾਸ ਤੱਥਾਂ ’ਤੇ ਉਂਗਲ ਰੱਖਦੀ ਹੈ।ਦੱਸਣਯੋਗ ਹੈ ਕਿ ਜਦੋਂ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਬਣੇ ਸਨ ਤਾਂ ਉਨ੍ਹਾਂ ਨੇ ਕੇਂਦਰੀ ਤੇ ਸੂਬਾਈ ਸਕੀਮਾਂ ਦੀ ਜ਼ਮੀਨੀ ਸਮੀਖਿਆ ਲਈ ਐਕਸ ਸਰਵਿਸਮੈਂਨਾਂ ਨੂੰ ਬਤੌਰ ਵਲੰਟੀਅਰ ਭਰਤੀ ਕੀਤਾ ਸੀ। ਇਨ੍ਹਾਂ ਵਲੰਟੀਅਰਾਂ ਨੇ ਪੰਜਾਬ ਦੇ ਸਿਹਤ ਢਾਂਚੇ ਦਾ ਸ਼ੀਸ਼ਾ ਦਿਖਾਇਆ ਹੈ। ‘ਆਪ’ ਸਰਕਾਰ ਦੇ ‘ਆਮ ਆਦਮੀ ਕਲੀਨਿਕ’ ਤਾਂ ਹਾਲੇ ਸੱਜਰੇ ਬਣੇ ਹਨ ਪ੍ਰੰਤੂ ਮੌਜੂਦਾ ਸਿਹਤ ਕੇਂਦਰ ਸਰਕਾਰ ਦਾ ਵੱਡਾ ਧਿਆਨ ਮੰਗਦੇ ਹਨ। ਇਨ੍ਹਾਂ ਦੀ ਤਾਜ਼ਾ ਰਿਪੋਰਟ ਦੱਸਦੀ ਹੈ ਕਿ ਪੰਜਾਬ ਦੇ 33 ਫ਼ੀਸਦੀ ਸਿਹਤ ਕੇਂਦਰਾਂ ਚੋਂ ਦਵਾਈ ਨਾ ਹੋਣ ਕਰਕੇ ਮਰੀਜ਼ ਖ਼ਾਲੀ ਹੱਥ ਮੁੜਦੇ ਹਨ।

          31 ਜੁਲਾਈ 2022 ਦੀ ਇਸ ਰਿਪੋਰਟ ਅਨੁਸਾਰ 18 ਨਵੰਬਰ 2020 ਵਿਚ ਸਿਰਫ਼ 25 ਫ਼ੀਸਦੀ ਸਿਹਤ ਕੇਂਦਰਾਂ ’ਚ ਦਵਾਈ ਨਹੀਂ ਸੀ ਜਦੋਂ ਕਿ ਹੁਣ 33 ਫ਼ੀਸਦੀ ਸਿਹਤ ਕੇਂਦਰ ਦਵਾਈ ਤੋਂ ਸੱਖਣੇ ਹਨ। ਨਵੰਬਰ 2020 ਵਿਚ 15 ਫ਼ੀਸਦੀ ਸਿਹਤ ਕੇਂਦਰਾਂ ਵਿਚ ਸਟਾਫ਼ ਤਸੱਲੀਬਖ਼ਸ਼ ਨਹੀਂ ਸੀ ਜਦੋਂ ਕਿ ਹੁਣ 20 ਫ਼ੀਸਦੀ ਕੇਂਦਰਾਂ ’ਚ ਸਟਾਫ਼ ਤਸੱਲੀਬਖ਼ਸ਼ ਨਹੀਂ। ਲੰਘੇ 14 ਮਹੀਨਿਆਂ ਵਿਚ ਸਿਹਤ ਕੇਂਦਰਾਂ ਵਿਚ ਦਵਾਈਆਂ ਦਾ ਬੁਰਾ ਹਾਲ ਹੈ। ਇਨ੍ਹਾਂ ਵਲੰਟੀਅਰਾਂ ਵੱਲੋਂ ਪੰਜਾਬ ਦੇ ਹਰ ਤਰ੍ਹਾਂ ਦੇ 4956 ਸਿਹਤ ਕੇਂਦਰਾਂ ਦੀ ਜ਼ਮੀਨੀ ਰਿਪੋਰਟ ਤਿਆਰ ਕੀਤੀ ਗਈ ਹੈ ਜਿਸ ਮੁਤਾਬਿਕ 828 ਸਿਹਤ ਕੇਂਦਰਾਂ ਵਿਚ ਸਟਾਫ਼ ਦੀ ਕਮੀ ਹੈ ਜਦੋਂ ਕਿ 1354 ਸਿਹਤ ਕੇਂਦਰਾਂ ਵਿਚ ਦਵਾਈਆਂ ਦੀ ਕਮੀ ਹੈ। ਇਸੇ ਤਰ੍ਹਾਂ 925 ਸਿਹਤ ਕੇਂਦਰਾਂ ਵਿਚ ਸਫ਼ਾਈ ਦਾ ਮੰਦਾ ਹਾਲ ਹੈ। ‘ਖ਼ੁਸ਼ਹਾਲੀ ਦੇ ਰਾਖੇ’ ਆਪਣੀ ਰਿਪੋਰਟ ’ਚ ਦੱਸਦੇ ਹਨ ਕਿ ਜਲੰਧਰ ਜ਼ਿਲ੍ਹੇ ਦੇ 50 ਸਿਹਤ ਕੇਂਦਰਾਂ ਵਿਚ ਦਵਾਈ ਅਤੇ ਸਫ਼ਾਈ ਦਾ ਹਾਲ ਇੱਕੋ ਜਿਨ੍ਹਾਂ ਮੰਦਾ ਹੈ। ਮੁਕਤਸਰ ਜ਼ਿਲ੍ਹੇ ਵਿਚ 50 ਫ਼ੀਸਦੀ ਸਿਹਤ ਕੇਂਦਰਾਂ ਦੀ ਇਮਾਰਤ ਖਸਤਾ ਹਾਲ ਵਿਚ ਹੈ ਜਦੋਂ ਕਿ ਅੰਮ੍ਰਿਤਸਰ ਜ਼ਿਲ੍ਹੇ ਦੇ 60 ਸਿਹਤ ਕੇਂਦਰਾਂ ਵਿਚ ਦਵਾਈਆਂ ਦਾ ਮਾੜਾ ਹਾਲ ਹੈ।

         ਪਟਿਆਲਾ ਜ਼ਿਲ੍ਹੇ ਦੇ 29 ਸਿਹਤ ਕੇਂਦਰਾਂ ਅਤੇ ਲੁਧਿਆਣਾ ਦੇ 50 ਸਿਹਤ ਕੇਂਦਰਾਂ ਵਿਚ ਮਰੀਜ਼ਾਂ ਨੂੰ ਦਵਾਈ ਨਹੀਂ ਮਿਲਦੀ ਹੈ। ਤਰਨਤਾਰਨ ਦੇ 20 ਸਿਹਤ ਕੇਂਦਰਾਂ ’ਚ ਦਵਾਈ ਦਾ ਟੋਟਾ ਹੈ। ਏਨੇ ਵਰਿ੍ਹਆਂ ਮਗਰੋਂ ਵੀ ਗ਼ਰੀਬ ਮਰੀਜ਼ਾਂ ਲਈ ਇਲਾਜ ਦੇ ਘਰ ਦੂਰ ਹਨ। ਨਵੀਂ ਸਰਕਾਰ ਨੇ ਸਿਹਤ ਬਜਟ ’ਚ ਵਾਧਾ ਕੀਤਾ ਹੈ ਅਤੇ ਸਿਹਤ ਨੂੰ ਤਰਜੀਹੀ ਏਜੰਡੇ ’ਤੇ ਰੱਖਿਆ ਹੈ। ਸੁਆਲ ਉੱਠੇ ਹਨ ਕਿ ‘ਆਪ’ ਸਰਕਾਰ ਪੁਰਾਣੇ ਸਿਹਤ ਕੇਂਦਰਾਂ ’ਤੇ ਵੀ ਫੋਕਸ ਕਰੇਗੀ ਜਾਂ ਫਿਰ ‘ਆਮ ਆਦਮੀ ਕਲੀਨਿਕ’ ਹੀ ਸਰਕਾਰ ਦੇ ਏਜੰਡੇ ’ਤੇ ਰਹਿਣਗੇ। ਪੰਜਾਬ ਦੇ ਸਿਹਤ ਕੇਂਦਰਾਂ ’ਤੇ ਨਜ਼ਰ ਮਾਨਸਾ ਜ਼ਿਲ੍ਹੇ ਤੋਂ ਸ਼ੁਰੂ ਕਰਦੇ ਹਾਂ। ਮਾਨਸਾ ਦੇ ਪਿੰਡ ਭੱਦਰਪੁਰ ਦਾ ਸਿਹਤ ਕੇਂਦਰ ਸੁਵਿਧਾ ਕੇਂਦਰ ’ਚ ਚੱਲਦਾ ਹੈ ਜਦੋਂ ਕਿ ਰਾਮਪੁਰ ’ਚ ਇਮਾਰਤ ਹੀ ਨਹੀਂ। ਅਤਲਾ ਕਲਾਂ, ਕਿਸ਼ਨਗੜ੍ਹ, ਭੁਪਾਲ ਤੇ ਚਕੇਰੀਆਂ ਦੇ ਸਿਹਤ ਕੇਂਦਰ ਧਰਮਸ਼ਾਲਾ ਵਿਚ ਚੱਲ ਰਹੇ ਹਨ। ਬੁਢਲਾਡਾ ਦਾ ਸਿਹਤ ਕੇਂਦਰ ਪੰਚਾਇਤ ਘਰ ਵਿਚ ਹੈ। ਕਪੂਰਥਲਾ ਦੇ ਪਿੰਡ ਸੰਗਤਪੁਰ ਵਿਚ ਜਦੋਂ ਬਾਰਸ਼ ਆਉਂਦੀ ਹੈ ਤਾਂ ਸਿਹਤ ਕੇਂਦਰ ਦੀ ਪੂਰੀ ਛੱਤ ਚੋਣ ਲੱਗ ਜਾਂਦੀ ਹੈ, ਨਾ ਇੱਥੇ ਗੇਟ ਹੈ ਅਤੇ ਨਾ ਹੀ ਚਾਰਦੀਵਾਰੀ।

          ਪਟਿਆਲਾ ਦੇ ਪਿੰਡ ਖਾਨੇਵਾਲ ਦੇ ਸਿਹਤ ਕੇਂਦਰ ਦੀ ਇਮਾਰਤ ਅਣਸੇਫ ਐਲਾਨੀ ਜਾ ਚੁੱਕੀ ਹੈ। ਮਰੀਜ਼ਾਂ ਦੀ ਜ਼ਿੰਦਗੀ ਇਸ ਸਿਹਤ ਕੇਂਦਰ ਵਿਚ ਜਾ ਕੇ ਖ਼ਤਰੇ ਵਿਚ ਪੈ ਜਾਂਦੀ ਹੈ। ਇਵੇਂ ਮੋਗਾ ਜ਼ਿਲ੍ਹੇ ਦੇ ਪਿੰਡ ਚੰਦ ਨਵਾਂ ਵਿਚ ਸਿਹਤ ਕੇਂਦਰ ਦੀ ਇਮਾਰਤ ਅਣਸੇਫ ਹੈ। ਰਿਪੋਰਟ ਅਨੁਸਾਰ ਮੁਕਤਸਰ ਦੇ ਪਿੰਡ ਅਬਲਖੁਰਾਣਾ ਦਾ ਸਬ ਸੈਂਟਰ ਮਾਰਚ 2020 ਤੋਂ ਬੰਦ ਹੋ ਗਿਆ ਹੈ। ਨਵਾਂ ਸ਼ਹਿਰ ਦੇ ਪਿੰਡ ਕੱਟਵਾਰਾ ਵਿਚ ਇਮਾਰਤ ਤਾਂ ਹੈ ਪ੍ਰੰਤੂ ਸਿਹਤ ਕੇਂਦਰ ਵਿਚ ਬਿਜਲੀ ਨਹੀਂ ਹੈ। ਪਠਾਨਕੋਟ ਦੇ ਪਿੰਡ ਬਸਰੂਪ ਦਾ ਸਿਹਤ ਕੇਂਦਰ ਆਂਗਣਵਾੜੀ ਕੇਂਦਰ ਵਿਚ ਚੱਲਦਾ ਹੈ। ਅੱਗੇ ਚੱਲਦੇ ਹਾਂ ਕਿ ਫ਼ਿਰੋਜ਼ਪੁਰ ਦੇ ਪਿੰਡ ਕਾਹਨਪੁਰ, ਮੱਲਵਾਲਾ ਕਾਦਿਮ ਅਤੇ ਫ਼ਿਰੋਜ਼ਸ਼ਾਹ ਦੇ ਸਿਹਤ ਕੇਂਦਰ ਵਿਚ ਨਾ ਦਵਾਈ, ਨਾ ਸਟਾਫ਼ ਅਤੇ ਨਾ ਹੀ ਸਫ਼ਾਈ ਤਸੱਲੀਬਖ਼ਸ਼ ਹੈ। ਫ਼ਾਜ਼ਿਲਕਾ ਦੇ ਪਿੰਡ ਆਜਮਵਾਲਾ ਦੇ ਸਿਹਤ ਕੇਂਦਰ ਵਿਚ ਨਾ ਫ਼ਰਨੀਚਰ ਹੈ ਅਤੇ ਨਾ ਪੀਣ ਵਾਲੇ ਪਾਣੀ ਦਾ ਪ੍ਰਬੰਧ। ਗੁਰਦਾਸਪੁਰ ਦੇ ਪਿੰਡ ਰੋਜਾ ਦੀ ਆਯੁਰਵੈਦਿਕ ਡਿਸਪੈਂਸਰੀ ਗੁਰਦੁਆਰੇ ਵਿਚ ਚੱਲ ਰਹੀ ਹੈ। ਹੁਸ਼ਿਆਰਪੁਰ ਦੇ ਪਿੰਡ ਅਰਗੋਵਾਲ ਦੇ ਸਿਹਤ ਕੇਂਦਰ ਦੀ ਅਣਸੇਫ ਇਮਾਰਤ ਹੈ ਅਤੇ ਪੰਜ ਵਰਿ੍ਹਆਂ ਤੋਂ ਇਸ ਇਮਾਰਤ ਨੂੰ ਜਿੰਦਰਾ ਲੱਗਾ ਹੋਇਆ ਹੈ। 

           ਹੁਣ ਸਿਹਤ ਕੇਂਦਰ ਪੰਚਾਇਤ ਘਰ ਵਿਚ ਚੱਲ ਰਿਹਾ ਹੈ। ਇਨ੍ਹਾਂ ਪਿੰਡਾਂ ਦੇ ਲੋਕ ਆਖਦੇ ਹਨ ਕਿ ਸਿਹਤ ਮੰਤਰੀ ਚੇਤਨ ਸਿੰਘ ਜੌੜਾਮਾਜਰਾ ਉਨ੍ਹਾਂ ਦੇ ਪਿੰਡਾਂ ਦਾ ਗੇੜਾ ਜ਼ਰੂਰ ਮਾਰਨ। ਉਹ ਗੱਦੇ ਨਹੀਂ, ਸਿਰਫ਼ ਦਵਾਈਆਂ ਤੇ ਸਟਾਫ਼ ਦੀ ਮੰਗ ਕਰਦੇ ਹਨ। ਹੁਸ਼ਿਆਰਪੁਰ ਦੇ ਪਿੰਡ ਬਲਾਲਾ ਦਾ ਸਿਹਤ ਕੇਂਦਰ ਗੁਰਦੁਆਰੇ ਵਿਚ ਚੱਲਦਾ ਹੈ। ਬਠਿੰਡਾ ਜ਼ਿਲ੍ਹੇ ਦੇ ਪਿੰਡ ਨੰਦਗੜ੍ਹ ਵਿਚ ਸਿਹਤ ਕੇਂਦਰ ਦੀ ਇਮਾਰਤ ਮੰਦੇ ਹਾਲ ਹੈ। ਜੰਗੀਰਾਣਾ, ਭਾਗੀ ਵਾਂਦਰ ਅਤੇ ਚੱਕ ਰੁਲਦੂ ਸਿੰਘ ਵਾਲਾ ਦੇ ਸਿਹਤ ਕੇਂਦਰ ਵੀ ਸਰਕਾਰ ਦਾ ਧਿਆਨ ਮੰਗਦੇ ਹਨ। ਇਨ੍ਹਾਂ ਸਿਹਤ ਕੇਂਦਰਾਂ ਨੂੰ ਨਵੀਂ ਸਰਕਾਰ ਤੋਂ ਆਸ ਹੈ ਅਤੇ ਲੋਕਾਂ ਨੂੰ ਖ਼ਦਸ਼ਾ ਹੈ ਕਿ ਕਿਤੇ ‘ਆਮ ਆਦਮੀ ਕਲੀਨਿਕ’ ਹੀ ਸਰਕਾਰ ਦਾ ਸਾਰਾ ਧਿਆਨ ਨਾ ਖਾ ਜਾਣ।ਸਿਹਤ ਮੰਤਰੀ ਚੇਤਨ ਸਿੰਘ ਜੌੜੇਮਾਜਰਾ ਨੇ ਆਖਿਆ ਕਿ ਉਨ੍ਹਾਂ ਨੂੰ ਅਜਿਹੀ ਕੋਈ ਰਿਪੋਰਟ ਪ੍ਰਾਪਤ ਨਹੀਂ ਹੋਈ ਹੈ। ਪਰ ਪੰਜਾਬ ਸਰਕਾਰ ਵੱਲੋਂ ਜਲਦ ਹੀ ਸੂਬੇ ਦੇ ਸਿਹਤ ਕੇਂਦਰਾਂ ਦੇ ਬੁਨਿਆਦੀ ਢਾਂਚੇ ਨੂੰ ਦਰੁਸਤ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਦਵਾਈ ਤੇ ਡਾਕਟਰਾਂ ਦੀ ਘਾਟ ਜਲਦ ਹੀ ਪੂਰੀ ਹੋ ਜਾਵੇਗੀ। ੳਨ੍ਹਾਂ ਆਖਿਆ ਕਿ ਸਰਕਾਰ ਨੇ ਸਿਹਤ ਬਜਟ ਵਿੱਚ ਵਾਧਾ ਕੀਤਾ ਹੈ ਤਾਂ ਜੋ ਸਮੁੱਚੇ ਸਿਹਤ ਢਾਂਚੇ ਨੂੰ ਠੀਕ ਕੀਤਾ ਜਾ ਸਕੇ 


No comments:

Post a Comment