Wednesday, August 31, 2022

                                                        ਕੇਹਾ ‘ਬਦਲਾਅ’
                                ਸਵਾ ਸੌ ਕਿਸਾਨਾਂ-ਮਜ਼ਦੂਰਾਂ ਨੇ ਕੀਤੀ ਖ਼ੁਦਕੁਸ਼ੀ
                                                        ਚਰਨਜੀਤ ਭੁੱਲਰ  

ਚੰਡੀਗੜ੍ਹ :‘ਆਪ’ ਸਰਕਾਰ ਦੇ ਪਹਿਲੇ ਪੰਜ ਮਹੀਨੇ ਦਾ ਅਰਸਾ ਦੇਖੀਏ ਤਾਂ ਇਸ ਦੌਰਾਨ ਪੰਜਾਬ ’ਚ ਕਰੀਬ ਸਵਾ ਸੌ ਕਿਸਾਨ ਤੇ ਮਜ਼ਦੂਰ ਖੁਦਕੁਸ਼ੀ ਕਰ ਗਏ ਹਨ। ਖੁਦਕੁਸ਼ੀ ਦਾ ਸਿਲਸਿਲਾ ਕਦੋਂ ਰੁਕੇਗਾ, ਇਸ ਸਵਾਲ ਦਾ ਜਵਾਬ ਸਮੁੱਚੀ ਕਿਸਾਨੀ ਤਲਾਸ਼ ਰਹੀ ਹੈ। ਐਤਕੀਂ ਨਰਮਾ ਪੱਟੀ ’ਚ ਚਿੱਟੀ ਮੱਖੀ ਅਤੇ ਗੁਲਾਬੀ ਸੁੰਡੀ ਨੇ ਸੱਥਰ ਵਿਛਾਏ ਹਨ। ਮੁਕਤਸਰ ਤੇ ਫਾਜ਼ਿਲਕਾ ਵਿੱਚ ਮੀਂਹ ਨੇ ਫ਼ਸਲ ਤਬਾਹ ਕਰ ਦਿੱਤੀ ਹੈ, ਜਦਕਿ ਬਠਿੰਡਾ ਤੇ ਮਾਨਸਾ ਵਿੱਚ ਚਿੱਟੀ ਮੱਖੀ ਤੇ ਗੁਲਾਬੀ ਸੁੰਡੀ ਨੇ ਖੇਤ ਚਪਟ ਕਰ ਦਿੱਤੇ ਹਨ। ਕਿੰਨੇ ਹੀ ਕਿਸਾਨ ਤੇ ਮਜ਼ਦੂਰ ਖੁਦਕੁਸ਼ੀ ਕਰ ਗਏ ਕਿਉਂਕਿ ਉਹ ਆਪਣੇ ਖੇਤਾਂ ਨੂੰ ਸੁੰਡੀ ਤੋਂ ਬਚਾਅ ਨਾ ਸਕੇ। ਬੀਕੇਯੂ (ਉਗਰਾਹਾਂ) ਦੇ ਸੁਖਪਾਲ ਸਿੰਘ ਮਾਣਕ ਵੱਲੋਂ ਪਿੰਡਾਂ ’ਚੋਂ ਆਈਆਂ ਰਿਪੋਰਟਾਂ ਦੇ ਆਧਾਰ ’ਤੇ ਅੰਕੜਾ ਇਕੱਤਰ ਕੀਤਾ ਗਿਆ ਹੈ। ਇਸ ਦੇ ਅਨੁਸਾਰ ਪਹਿਲੀ ਜਨਵਰੀ 2022 ਤੋਂ 30 ਅਗਸਤ ਤੱਕ 163 ਕਿਸਾਨ ਅਤੇ ਮਜ਼ਦੂਰ ਖੁਦਕੁਸ਼ੀ ਦੇ ਰਾਹ ਪਏ ਹਨ। ਪੰਜਾਬ ਵਿੱਚ ਨਵੀਂ ਸਰਕਾਰ ਬਣਨ ਮਗਰੋਂ 124 ਕਿਸਾਨਾਂ ਤੇ ਮਜ਼ਦੂਰਾਂ ਨੇ ਖੁਦਕੁਸ਼ੀ ਕੀਤੀ ਹੈ। 

          ਇਸੇ ਵਰ੍ਹੇ ਦੇ ਅਪਰੈਲ ਮਹੀਨੇ ਵਿੱਚ 35 , ਮਈ ਮਹੀਨੇ ਵਿੱਚ 24, ਜੂਨ ਵਿੱਚ 16, ਜੁਲਾਈ ਵਿੱਚ 22 ਅਤੇ ਅਗਸਤ ਮਹੀਨੇ ਵਿੱਚ 20 ਖੁਦਕੁਸ਼ੀਆਂ ਹੋਈਆਂ ਹਨ। ਖੁਦਕੁਸ਼ੀ ਕਰਨ ਵਾਲਿਆਂ ਵਿੱਚ ਕਿਸਾਨ, ਮਜ਼ਦੂਰ ਅਤੇ ਉਨ੍ਹਾਂ ਦੇ ਪਰਿਵਾਰਾਂ ਦੀਆਂ ਔਰਤਾਂ ਸ਼ਾਮਲ ਹਨ। ਮਈ ਮਹੀਨੇ ਵਿੱਚ ਬਠਿੰਡਾ ਜ਼ਿਲ੍ਹੇ ਦੇ ਪਿੰਡ ਕੋਟਲੀ ਕਲਾਂ ਦਾ ਮਜ਼ਦੂਰ ਸੇਵਾ ਸਿੰਘ ਖੁਦਕੁਸ਼ੀ ਕਰ ਗਿਆ। ਨਾ ਫ਼ਸਲ ਬਚੀ ਅਤੇ ਨਾ ਹੀ ਉਸ ਦੀ ਜ਼ਿੰਦਗੀ। ਉਸ ਦੀਆਂ ਚਾਰ ਧੀਆਂ ਨੂੰ ਵਿਰਾਸਤ ਵਿੱਚ ਛੇ ਲੱਖ ਦਾ ਕਰਜ਼ਾ ਮਿਲਿਆ ਹੈ। ਪਿੰਡ ਧੰਨ ਸਿੰਘ ਖਾਨਾ ਦਾ 57 ਸਾਲ ਦਾ ਕਿਸਾਨ ਪੁਸ਼ਪਿੰਦਰ ਸਿੰਘ ਆਖਰ ਸੁੰਡੀ ਤੋਂ ਹਾਰ ਗਿਆ, ਪਿਛਲੀਆਂ ਤਿੰਨ ਫ਼ਸਲਾਂ ਸੁੰਡੀ ਦੀ ਲਪੇਟ ਵਿੱਚ ਆਉਣ ਕਾਰਨ ਉਹ ਖੁਦਕੁਸ਼ੀ ਦੇ ਰਾਹ ਪੈ ਗਿਆ। 12 ਲੱਖ ਦਾ ਕਰਜ਼ਾ ਪਰਿਵਾਰ ਲਈ ਵੱਡਾ ਝੋਰਾ ਬਣ ਗਿਆ ਹੈ। ਮੁਕਤਸਰ ਦੇ ਪਿੰਡ ਗੰਧੜ ਦੇ ਕਿਸਾਨ ਨੱਥਾ ਸਿੰਘ ਨੇ ਤਿੰਨ ਦਿਨ ਪਹਿਲਾਂ ਹੀ ਖੁਦਕੁਸ਼ੀ ਕਰ ਲਈ ਹੈ। ਉਹ ਆਪਣੀ ਨਰਮੇ ਦੀ ਫ਼ਸਲ ਨੂੰ ਸਿਰੇ ਨਾ ਲਾ ਸਕਿਆ। ਬੀਤੇ ਦਿਨ ਮੁਕਤਸਰ ਵਿੱਚ ਚੱਲ ਰਹੇ ਕਿਸਾਨ ਧਰਨੇ ਵਿੱਚ ਬਠਿੰਡਾ ਦੇ ਪਿੰਡ ਰਾਏਕੇ ਕਲਾਂ ਦਾ ਕਿਸਾਨ ਬਲਵਿੰਦਰ ਸਿੰਘ ਸਲਫਾਸ ਖਾ ਗਿਆ। 

           ਇਵੇਂ ਹੀ ਅਕਾਲੀ ਹਕੂਮਤ ਸਮੇਂ ਬਠਿੰਡਾ ’ਚ ਸਾਲ 2015 ਵਿੱਚ ਚੱਲ ਰਹੇ ਧਰਨੇ ਦੌਰਾਨ ਪਿੰਡ ਚੁੱਘੇ ਕਲਾਂ ਦੇ ਕਿਸਾਨ ਨੇ ਖੁਦਕੁਸ਼ੀ ਕਰ ਲਈ ਸੀ। ਬੀਕੇਯੂ ਆਗੂ ਸ਼ਿੰਗਾਰਾ ਸਿੰਘ ਮਾਨ ਆਖਦੇ ਹਨ ਕਿ ਸਾਲ 2017 ਦੀਆਂ ਚੋਣਾਂ ਤੋਂ ਪਹਿਲਾਂ ਕੈਪਟਨ ਅਮਰਿੰਦਰ ਸਿੰਘ ਆਖਦੇ ਹੁੰਦੇ ਸਨ ਕਿ ਕਿਸਾਨ ਥੋੜਾ ਸਮਾਂ ਹੋਰ ਉਡੀਕ ਕਰ ਲੈਣ, ਖੁਦਕੁਸ਼ੀ ਨਾ ਕਰਨ। ਕਿਸਾਨ ਆਗੂ ਆਖਦਾ ਹੈ ਕਿ ਕਾਂਗਰਸੀ ਹਕੂਮਤ ਦੌਰਾਨ ਖੁਦਕੁਸ਼ੀਆਂ ਦਾ ਦੌਰ ਨਹੀਂ ਰੁਕ ਸਕਿਆ ਸੀ। ਉਨ੍ਹਾਂ ਕਿਹਾ ਕਿ ਸਾਲ 2022 ਦੀਆਂ ਚੋਣਾਂ ਦੇ ਪ੍ਰਚਾਰ ਦੌਰਾਨ ਭਗਵੰਤ ਮਾਨ ਕਿਸਾਨਾਂ ਨੂੰ ਖੁਦਕੁਸ਼ੀ ਵਰਗਾ ਕਦਮ ਨਾ ਚੁੱਕਣ ਦੀ ਅਪੀਲ ਕਰਦੇ ਰਹੇ ਹਨ। ਕਿਸਾਨ ਆਖਦੇ ਹਨ ਕਿ ਨਵੀਂ ਸਰਕਾਰ ਵੀ ਸੱਤਾ ਵਿੱਚ ਆ ਗਈ ਹੈ ਪ੍ਰੰਤੂ ਕਿਸਾਨ ਘਰਾਂ ਦੀ ਤਕਦੀਰ ਫਿਰ ਵੀ ਨਹੀਂ ਬਦਲੀ ਹੈ।

                                        ਸਲਫਾਸ ਨੇ ਵਿਛਾਏ ਘਰਾਂ ’ਚ ਸੱਥਰ

ਪੰਜਾਬ ਵਿੱਚ ‘ਸਲਫਾਸ’ ਘਰਾਂ ਵਿੱਚ ਸੱਥਰ ਵਿਛਾ ਰਹੀ ਹੈ। ਕੌਮੀ ਅਪਰਾਧ ਰਿਕਾਰਡ ਬਿਊਰੋ ਦੀ ਤਾਜ਼ਾ ਰਿਪੋਰਟ ਅਨੁਸਾਰ ਸਾਲ 2021 ਦੌਰਾਨ ਪੰਜਾਬ ਦੇ 497 ਲੋਕਾਂ ਨੇ ਕੀਟਨਾਸ਼ਕ ਪੀ ਕੇ ਆਤਮ ਹੱਤਿਆ ਕੀਤੀ ਹੈ। ਬਹੁਤੇ ਕਿਸਾਨਾਂ ਨੇ ਸਲਫਾਸ ਨਾਲ ਜ਼ਿੰਦਗੀ ਖਤਮ ਕਰ ਲਈ ਹੈ। ਕੀਟਨਾਸ਼ਕਾਂ ਦਾ ਛਿੜਕਾਅ ਸੁੰਡੀ ਨੂੰ ਮਾਰ ਨਹੀਂ ਰਿਹਾ ਜਦੋਂ ਕਿ ਇਹ ਜ਼ਹਿਰ ਮਨੁੱਖੀ ਜਾਨਾਂ ਦਾ ਅੰਤ ਕਰ ਰਿਹਾ ਹੈ। ਸਭ ਤੋਂ ਵੱਧ ਪੰਜਾਬ ਵਿੱਚ 1396 ਲੋਕਾਂ ਨੇ ਫਾਹਾ ਲੈ ਕੇ ਆਪਣੇ ਜੀਵਨ ਦਾ ਅੰਤ ਕੀਤਾ ਹੈ ਜਦੋਂ ਕਿ 253 ਵਿਅਕਤੀਆਂ ਨੇ ਰੇਲ ਮਾਰਗਾਂ ’ਤੇ ਆਪਣੀ ਜ਼ਿੰਦਗੀ ਨੂੰ ਅਲਵਿਦਾ ਕਿਹਾ ਹੈ।

No comments:

Post a Comment