ਫਸਲ ਤਬਾਹ
ਖੇਤੀ ਮੰਤਰੀ ਤੋਂ ਖਫ਼ਾ ਹੋਏ ਕਿਸਾਨ
ਚਰਨਜੀਤ ਭੁੱਲਰ
ਚੰਡੀਗੜ੍ਹ : ਨਰਮਾ ਪੱਟੀ ਦੇ ਕਿਸਾਨ ਹੁਣ ਖੇਤੀ ਮੰਤਰੀ ਤੋਂ ਖਫ਼ਾ ਹਨ। ਇੱਕ ਤਾਂ ਚਿੱਟੀ ਮੱਖੀ ਕਾਰਨ ਫਸਲ ਨੁਕਸਾਨੀ ਗਈ ਉਪਰੋਂ ਮੀਂਹ ਨੇ ਨਰਮੇ ਦੀ ਫਸਲ ਤਬਾਹ ਕਰ ਦਿੱਤੀ ਹੈ। ਕਿਸਾਨ ਇਸ ਗੱਲੋਂ ਔਖੇ ਹਨ ਕਿ ਖੇਤੀ ਮੰਤਰੀ 12 ਜੁਲਾਈ ਨੂੰ ਇਕੱਲੇ ਬਠਿੰਡਾ ਜ਼ਿਲ੍ਹੇ ਦਾ ਦੌਰਾ ਕਰਕੇ ਮੁੜ ਗਏ। ਉਨ੍ਹਾਂ 28 ਜੁਲਾਈ ਨੂੰ ਆਉਣ ਦਾ ਵਾਅਦਾ ਕੀਤਾ ਸੀ ਪਰ ਖੇਤੀ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਮੁੜ ਨਰਮਾ ਪੱਟੀ ਦਾ ਗੇੜਾ ਹੀ ਨਹੀਂ ਮਾਰਿਆ। ਕਿਸਾਨ ਆਖਦੇ ਹਨ ਕਿ ਮੰਤਰੀ ਨੇ ਵਾਅਦਾ ਕੀਤਾ ਸੀ ਕਿ ਫੌਰੀ ਹੈਲਪਲਾਈਨ ਬਣਾਈ ਜਾਵੇਗੀ ਅਤੇ ਗੁਜਰਾਤੀ ਬੀਜ ਦੀ ਜਾਂਚ ਕਰਾਈ ਜਾਵੇਗੀ ਪਰ ਇਹ ਦੋਵੇਂ ਵਾਅਦੇ ਅੱਜ ਤੱਕ ਪੂਰੇ ਨਹੀਂ ਕੀਤੇ ਗਏ ਹਨ।ਪੰਜਾਬ ’ਚ ਪਹਿਲੀ ਦਫਾ ਹੈ ਕਿ ਨਰਮਾ ਪੱਟੀ ’ਚ ਰਕਬਾ ਘਟ ਕੇ 2.48 ਲੱਖ ਹੈਕਟੇਅਰ ਹੀ ਰਹਿ ਗਿਆ ਹੈ। ਮੁਕਤਸਰ ਅਤੇ ਫਾਜ਼ਿਲਕਾ ਜ਼ਿਲ੍ਹੇ ਵਿਚ ਤਾਂ ਮੀਂਹ ਕਰਕੇ ਕਰੀਬ 25 ਹਜ਼ਾਰ ਏਕੜ ਰਕਬਾ ਪ੍ਰਭਾਵਿਤ ਹੋਇਆ ਹੈ।
ਇਸੇ ਤਰ੍ਹਾਂ ਪੰਜਾਬ ਵਿਚ 10 ਹਜ਼ਾਰ ਹੈਕਟੇਅਰ ਰਕਬਾ ਕਿਸਾਨਾਂ ਨੇ ਚਿੱਟੀ ਮੱਖੀ ਕਾਰਨ ਵਾਹ ਦਿੱਤਾ। ਖੇਤੀ ਮਹਿਕਮੇ ਦੇ ਸਰਕਾਰੀ ਅੰਕੜੇ ਮੁਤਾਬਕ ਪੰਜਾਬ ਵਿਚ ਮੀਂਹ ਤੇ ਚਿੱਟੀ ਮੱਖੀ ਕਰਕੇ 32.50 ਲੱਖ ਏਕੜ ਰਕਬਾ ਪ੍ਰਭਾਵਿਤ ਹੋਇਆ ਹੈ। ਪਿੰਡ ਕੋਟਗੁਰੂ ਦੇ ਕਿਸਾਨ ਗੁਰਮੀਤ ਸਿੰਘ ਨੇ ਦੱਸਿਆ ਕਿ ਐਤਕੀਂ ਕੀਟਨਾਸ਼ਕਾਂ ਦੇ ਛਿੜਕਾਅ ਨੇ ਲਾਗਤ ਖਰਚੇ ਵਧਾ ਦਿੱਤੇ ਹਨ। ਇਸ ਦੇ ਬਾਵਜੂਦ ਫ਼ਸਲ ਦੇ ਝਾੜ ’ਤੇ ਵੱਡਾ ਅਸਰ ਪਵੇਗਾ। ਨਰਮਾ ਪੱਟੀ ਵਿਚ ਇਸ ਵਾਰ ਗੁਜਰਾਤ ਵਿਚੋਂ ਵੀ ਕਾਫੀ ਬੀਜ ਆਇਆ ਹੈ। ਜਦੋਂ ਕਿਸਾਨ ਗੈਰਕਾਨੂੰਨੀ ਬੀਜ ਲਿਆ ਰਹੇ ਸਨ ਤਾਂ ਖੇਤੀ ਮਹਿਕਮਾ ਸੌਂ ਰਿਹਾ ਸੀ। ਹੁਣ ਫਸਲ ਤਬਾਹ ਹੋ ਚੁੱਕੀ ਹੈ ਤਾਂ ਖੇਤੀ ਵਿਭਾਗ ਦੇ ਅਧਿਕਾਰੀਆਂ ਨੇ ਖੇਤਾਂ ਵਿਚ ਗੇੜੇ ਮਾਰਨੇ ਸ਼ੁਰੂ ਕਰ ਦਿੱਤੇ ਹਨ। ਪਿਛਲੇ ਵਰ੍ਹੇ ਵੀ ਨਰਮੇ ਦੀ ਫਸਲ ਪ੍ਰਭਾਵਿਤ ਹੋਈ ਸੀ ਅਤੇ ਲੰਘੇ ਵਰ੍ਹੇ ਦੀ ਮੁਆਵਜ਼ਾ ਰਾਸ਼ੀ ਵੰਡਣ ਦਾ ਕੰਮ ਹਾਲੇ ਵੀ ਚੱਲ ਰਿਹਾ ਹੈ।
ਭਾਰਤੀ ਕਿਸਾਨ ਯੂਨੀਅਨ (ਉਗਰਾਹਾਂ) ਮਾਨਸਾ ਦੇ ਜ਼ਿਲ੍ਹਾ ਪ੍ਰਧਾਨ ਰਾਮ ਸਿੰਘ ਭੈਣੀਬਾਘਾ ਦਾ ਕਹਿਣਾ ਸੀ ਕਿ ਨਰਮਾ ਪੱਟੀ ਵਿਚੋਂ ਸਭ ਤੋਂ ਵੱਧ ਨਰਮੇ ਦਾ ਨੁਕਸਾਨ ਜ਼ਿਲ੍ਹਾ ਮਾਨਸਾ ਵਿਚ ਹੋਇਆ ਹੈ, ਸਰਕਾਰ ਨੇ ਗਿਰਦਾਵਰੀ ਦਾ ਐਲਾਨ ਵੀ ਨਹੀਂ ਕੀਤਾ ਹੈ।ਖੇਤੀ ਮੰਤਰੀ ਕੁਲਦੀਪ ਧਾਲੀਵਾਲ ਦਾ ਕਹਿਣਾ ਸੀ ਕਿ ਉਹ ਅਗਲੇ ਹਫਤੇ ਨਰਮਾ ਪੱਟੀ ਦਾ ਦੌਰਾ ਕਰਨ ਜਾ ਰਹੇ ਹਨ ਅਤੇ ਖਰਾਬੇ ਬਾਰੇ ਗਿਰਦਾਵਰੀ ਦੇ ਹੁਕਮ ਜਾਰੀ ਕਰ ਦਿੱਤੇ ਗਏ ਹਨ। ਦੱਸਣਾ ਬਣਦਾ ਹੈ ਕਿ ਦੇਸ਼ ਭਰ ਦੇ ਗਿਆਰਾਂ ਸੂਬਿਆਂ ਵਿਚ ਨਰਮੇ ਦੀ ਕਾਸ਼ਤ ਹੁੰਦੀ ਹੈ। ਨੌਂ ਸੂਬਿਆਂ ਵਿਚ ਪਿਛਲੇ ਸਾਲ ਦੇ ਮੁਕਾਬਲੇ ਨਰਮੇ ਹੇਠ ਰਕਬਾ ਵਧਿਆ ਹੈ ਪਰ ਪੰਜਾਬ ਅਤੇ ਹਰਿਆਣਾ ਨਰਮੇ ਹੇਠ ਰਕਬਾ ਘਟਿਆ ਹੈ। ਮਹਾਰਾਸ਼ਟਰ ਵਿਚ ਰਕਬਾ 38 ਲੱਖ ਹੈਕਟੇਅਰ ਤੋਂ ਵੱਧ ਕੇ 42 ਲੱਖ ਹੈਕਟੇਅਰ ਹੋ ਗਿਆ ਹੈ ਅਤੇ ਇਸੇ ਤਰ੍ਹਾਂ ਗੁਜਰਾਤ ਵਿਚ ਦੋ ਲੱਖ ਹੈਕਟੇਅਰ ਰਕਬਾ ਪਿਛਲੇ ਵਰ੍ਹੇ ਦੇ ਮੁਕਾਬਲੇ ਵਧਿਆ ਹੈ।
ਸਰਕਾਰ ਨੇ ਸਿਰਫ ਲਾਰੇ ਹੀ ਦਿੱਤੇ ਹਨ: ਕਿਸਾਨ ਆਗੂ
ਭਾਰਤੀ ਕਿਸਾਨ ਯੂਨੀਅਨ (ਡਕੌਂਦਾ) ਦੇ ਸੂਬਾ ਪ੍ਰਧਾਨ ਬੂਟਾ ਸਿੰਘ ਬੁਰਜ ਗਿੱਲ ਆਖਦੇ ਹਨ ਕਿ ‘ਆਪ’ ਸਰਕਾਰ ਦੇ ਨਵੇਂ ਖੇਤੀ ਮੰਤਰੀ ਹਰ ਵਾਰ ਲਾਰਾ ਲਾ ਰਹੇ ਹਨ ਜਿਨ੍ਹਾਂ ਨੇ ਨਰਮਾ ਕਾਸ਼ਤਕਾਰਾਂ ਦੇ ਮਸਲੇ ’ਤੇ ਕਿਸਾਨ ਆਗੂਆਂ ਦੀ ਮੀਟਿੰਗ ਮੁੱਖ ਮੰਤਰੀ ਨਾਲ ਨਹੀਂ ਕਰਵਾਈ। ਬੀ.ਕੇ.ਯੂ (ਸਿੱਧੂਪੁਰ) ਦੇ ਸੂਬਾ ਜਨਰਲ ਸਕੱਤਰ ਕਾਕਾ ਸਿੰਘ ਕੋਟੜਾ ਨੇ ਕਿਹਾ ਕਿ ਖੇਤੀ ਮਹਿਕਮੇ ਨੇ ਜਾਣ ਬੁੱਝ ਕੇ ਚਿੱਟੀ ਮੱਖੀ ਕਾਰਨ ਪ੍ਰਭਾਵਿਤ ਫਸਲ ਦੀ ਗਿਰਦਾਵਰੀ ਦਾ ਕੰਮ ਲੇਟ ਕੀਤਾ ਹੈ ਤਾਂ ਕਿ ਉਨ੍ਹਾਂ ਖੇਤਾਂ ਵਿਚ ਕਿਸਾਨ ਹੋਰ ਫਸਲਾਂ ਦੀ ਬਿਜਾਈ ਕਰ ਲੈਣ।
No comments:
Post a Comment