Saturday, August 13, 2022

                                                       ਲੜਾਂਗੇ ਤੇ ਜਿੱਤਾਂਗੇ
                                            ਏਸ ਸੰਕਟ ਦੀ ਕੀ ਮਜਾਲ ਏ..
                                                         ਚਰਨਜੀਤ ਭੁੱਲਰ   

ਚੰਡੀਗੜ੍ਹ : ਚਿੱਟੀ ਮੱਖੀ ਦੇ ਸਤਾਏ ਨਰਮਾ ਪੱਟੀ ਦੇ ਕਿਸਾਨ ਜਦੋਂ ਫ਼ਸਲਾਂ ਵਾਹ ਰਹੇ ਹਨ ਤਾਂ ਅਜਿਹੇ ਸੈਂਕੜੇ ਕਿਸਾਨ ਵੀ ਨਿੱਤਰੇ ਹਨ ਜਿਨ੍ਹਾਂ ਇਸ ਸੰਕਟ ਨਾਲ ਟੱਕਰ ਲੈਣ ਦੀ ਠਾਣੀ ਹੈ। ਅਜਿਹੇ ਕਿਸਾਨਾਂ ਦਾ ਅੰਕੜਾ ਛੋਟਾ ਨਹੀਂ ਹੈ ਜਿਨ੍ਹਾਂ ਪਹਿਲਾਂ ਨਰਮੇ ਦੀ ਫ਼ਸਲ ਵਾਹੁਣ ਦੀ ਤਿਆਰੀ ਖਿੱਚੀ ਸੀ ਪ੍ਰੰਤੂ ਆਖ਼ਰੀ ਪੜਾਅ ’ਤੇ ਚਿੱਟਾ ਸੋਨਾ ਚਮਕਣ ਦੀ ਆਸ ’ਚ ਹੁਣ ਸੰਕਟ ਨਾਲ ਲੜਨ ਦਾ ਫ਼ੈਸਲਾ ਕੀਤਾ ਹੈ। ਬਠਿੰਡਾ ਦੇ ਪਿੰਡ ਬਾਜਕ ਦੇ ਕਿਸਾਨ ਬਲਦੇਵ ਸਿੰਘ ਨੇ ਠੇਕੇ ’ਤੇ ਜ਼ਮੀਨ ਲੈ ਕੇ ਚਾਰ ਏਕੜ ’ਚ ਨਰਮੇ ਦੀ ਬਿਜਾਈ ਕੀਤੀ ਹੈ। ਬਲਦੇਵ ਸਿੰਘ ਨੇ ਕਿਹਾ ਕਿ ਉਹ ਕੀਟਨਾਸ਼ਕਾਂ ਦੇ ਤਿੰਨ ਛਿੜਕਾਅ ਕਰ ਚੁੱਕਿਆ ਹੈ। ਚਿੱਟੀ ਮੱਖੀ ਦੀ ਮਾਰ ਜ਼ਰੂਰ ਪਈ ਹੈ ਪਰ ਹੁਣ ਉਨ੍ਹਾਂ ਫ਼ੈਸਲਾ ਕੀਤਾ ਹੈ ਕਿ ‘ਸੰਕਟ ਨਾਲ ਲੜਾਂਗੇ ਤੇ ਜਿੱਤਾਂਗੇ ਵੀ।’ ਇਸੇ ਪਿੰਡ ਦੇ ਕਿਸਾਨ ਭੁਪਿੰਦਰ ਸਿੰਘ ਨੇ ਵੀ ਫ਼ਸਲ ਵਾਹੁਣ ਦਾ ਫ਼ੈਸਲਾ ਛੱਡ ਦਿੱਤਾ ਹੈ। ਉਸ ਦੀ ਦਲੀਲ ਹੈ ਕਿ ਜੇ ਨਰਮਾ ਵਾਹ ਕੇ ਝੋਨਾ ਲਾਇਆ ਤਾਂ ਵੀ ਪ੍ਰਤੀ ਏਕੜ 10 ਹਜ਼ਾਰ ਦਾ ਹੋਰ ਖ਼ਰਚਾ ਆਵੇਗਾ। ਇਸ ਦੀ ਬਜਾਏ ਉਨ੍ਹਾਂ ਨਰਮੇ ਨੂੰ ਬਚਾਉਣ ਦਾ ਫ਼ੈਸਲਾ ਕੀਤਾ ਹੈ।                                  

           ਇਨ੍ਹਾਂ ਕਿਸਾਨਾਂ ਦਾ ਕਹਿਣਾ ਹੈ ਕਿ ਐਤਕੀਂ ਨਰਮੇ ਦੇ ਭਾਅ ਚੰਗੇ ਰਹਿਣ ਦੀ ਆਸ ਹੈ। ਤਲਵੰਡੀ ਸਾਬੋ ਦੇ ਪਿੰਡ ਮਲਕਾਣਾ ਦੇ ਕਿਸਾਨ ਮੰਗਾ ਸਿੰਘ ਆਪਣੀ ਛੇ ਏਕੜ ਫ਼ਸਲ ਵਾਹੁਣਾ ਸ਼ੁਰੂ ਕਰਨ ਲੱਗਾ ਸੀ ਕਿ ਕੁੱਝ ਲੋਕਾਂ ਨੇ ਨਰਮੇ ਦੇ ਭਾਅ ਚੰਗੇ ਰਹਿਣ ਦੀ ਮੱਤ ਦੇ ਦਿੱਤੀ। ‘ਮੈਂ ਨਰਮਾ ਵਾਹ ਕੇ ਝੋਨਾ ਲਾਉਣ ਦਾ ਫ਼ੈਸਲਾ ਕੀਤਾ ਸੀ। ਪੁੱਤਾਂ ਵਾਂਗ ਪਾਲੀ ਫ਼ਸਲ ਵਾਹੁਣ ਦਾ ਕਿਸ ਨੂੰ ਦਿਲ ਕਰਦਾ ਹੈ। ਹੁਣ ਵਕਤ ਨਾਲ ਟੱਕਰ ਲੈਣ ਦਾ ਫ਼ੈਸਲਾ ਕੀਤਾ ਹੈ।’ ਦੱਸ ਦੇਈਏ ਕਿ ਸਰਕਾਰੀ ਰਿਪੋਰਟ ਅਨੁਸਾਰ ਬਠਿੰਡਾ ਜ਼ਿਲ੍ਹੇ ਵਿਚ 700 ਏਕੜ ਅਤੇ ਮਾਨਸਾ ਜ਼ਿਲ੍ਹੇ ਵਿਚ 175 ਏਕੜ ਨਰਮੇ ਦੀ ਫ਼ਸਲ ਕਿਸਾਨਾਂ ਨੇ ਹੁਣ ਤੱਕ ਵਾਹ ਦਿੱਤੀ ਹੈ। ਕਿਸਾਨ ਧਿਰਾਂ ਮੁਤਾਬਕ ਵਾਹੇ ਗਏ ਰਕਬੇ ਦਾ ਅੰਕੜਾ ਇਸ ਤੋਂ ਕਿਤੇ ਜ਼ਿਆਦਾ ਹੈ। ਮੁੱਖ ਮੰਤਰੀ ਭਗਵੰਤ ਮਾਨ ਨੇ ਪਿਛਲੇ ਦਿਨੀਂ ਐਲਾਨ ਕੀਤਾ ਸੀ ਕਿ ਫ਼ਸਲਾਂ ਨੂੰ ਬਚਾਉਣ ਲਈ ਕਿਸਾਨਾਂ ਦਾ ਜੋ ਲਾਗਤ ਖ਼ਰਚਾ ਆਵੇਗਾ, ਉਸ ਦੀ ਭਰਪਾਈ ਸਰਕਾਰ ਕਰੇਗੀ। ਵੇਰਵਿਆਂ ਅਨੁਸਾਰ ਫ਼ਾਜ਼ਿਲਕਾ ਅਤੇ ਮੁਕਤਸਰ ਜ਼ਿਲ੍ਹੇ ਵਿਚ 25 ਹਜ਼ਾਰ ਏਕੜ ਫ਼ਸਲ ਖ਼ਰਾਬੇ ਹੇਠ ਆ ਗਈ ਹੈ ਕਿਉਂਕਿ ਭਰਵੀਂ ਬਾਰਸ਼ ਨੇ ਕਿਸਾਨਾਂ ਦੀ ਗੱਡੀ ਲੀਹੋਂ ਲਾਹ ਦਿੱਤੀ ਹੈ।                                                                                                    

          ਐਤਕੀਂ ਚਿੱਟੀ ਮੱਖੀ ਨੇ ਕਿਸਾਨਾਂ ਦਾ ਵੱਡਾ ਵਿੱਤੀ ਨੁਕਸਾਨ ਕੀਤਾ ਹੈ ਜਿਸ ਨਾਲ ਖੇਤੀ ਵਿਭਿੰਨਤਾ ਦੇ ਏਜੰਡੇ ਨੂੰ ਵੀ ਸੱਟ ਵਜੇਗੀ। ਫਰੀਦਕੋਟ ਦੇ ਪਿੰਡ ਸੰਧਵਾਂ ਦੇ ਕਿਸਾਨ ਹਰਜਿੰਦਰ ਸਿੰਘ ਨੇ ਦੱਸਿਆ ਕਿ ਦੋ ਏਕੜ ਨਰਮੇ ਦੀ ਫ਼ਸਲ ਬਚਾਉਣ ਲਈ ਉਹ ਚਾਰ ਛਿੜਕਾਅ ਕਰ ਚੁੱਕਾ ਹੈ। ਉਸ ਨੇ ਨਰਮਾ ਵਾਹੁਣ ਤੋਂ ਪਹਿਲਾਂ ਪਨੀਰੀ ਦਾ ਪ੍ਰਬੰਧ ਵੀ ਕਰ ਲਿਆ ਸੀ ਪ੍ਰੰਤੂ ਹੁਣ ਦੱਸਦੇ ਹਨ ਕਿ ਨਰਮੇ ਦਾ ਭਾਅ ਚੰਗਾ ਰਹੇਗਾ ਜਿਸ ਕਰਕੇ ਉਸ ਨੇ ਫ਼ਸਲ ਬਚਾਉਣ ਲਈ ਪੂਰੀ ਵਾਹ ਲਾਉਣ ਦਾ ਫ਼ੈਸਲਾ ਕੀਤਾ ਹੈ। ਨਥਾਣਾ ਬਲਾਕ ਦੇ ਪਿੰਡ ਗੋਬਿੰਦਪੁਰਾ ਦੇ ਕਿਸਾਨ ਜਗਜੀਤ ਸਿੰਘ ਦੀ ਫ਼ਸਲ ਦਾ ਪਿਛਲੇ ਵਰ੍ਹੇ ਵੀ ਨੁਕਸਾਨ ਹੋਇਆ ਸੀ। ਇਸ ਵਾਰ ਵੀ ਉਹ ਫ਼ਸਲ ਵਾਹੁਣ ਲੱਗਾ ਸੀ। ਚੰਗਾ ਭਾਅ ਮਿਲਣ ਦੀ ਆਸ ’ਚ ਉਸ ਨੇ ਫ਼ੈਸਲਾ ਬਦਲ ਲਿਆ ਹੈ। ਅਜਿਹੇ ਸੈਂਕੜੇ ਕਿਸਾਨ ਹਨ ਜਿਨ੍ਹਾਂ ਦਾ ਫ਼ੈਸਲਾ ਧਰਵਾਸ ਦੇਣ ਵਾਲਾ ਹੈ। ਮਾਹਿਰਾਂ ਅਨੁਸਾਰ ਕੌਮਾਂਤਰੀ ਬਾਜ਼ਾਰ ਵਿਚ ਰੂਈ ਦੀ ਮੰਗ ਜ਼ਿਆਦਾ ਰਹੇਗੀ ਕਿਉਂਕਿ ਅਮਰੀਕਾ ਦੀ ਨਰਮਾ ਪੱਟੀ ਵਿਚ ਸੋਕਾ ਪੈਣ ਦੀਆਂ ਖ਼ਬਰਾਂ ਹਨ। ਇਸੇ ਤਰ੍ਹਾਂ ਦੱਖਣ ਵਿਚ ਬਾਰਸ਼ਾਂ ਕਰਕੇ ਨਰਮੇ ਦੀ ਫ਼ਸਲ ਨੁਕਸਾਨੀ ਗਈ ਹੈ। ਉੱਤਰੀ ਭਾਰਤ ਵਿਚ ਚਿੱਟੀ ਮੱਖੀ ਨੇ ਫ਼ਸਲ ਦਾ ਨੁਕਸਾਨ ਕਰ ਦਿੱਤਾ ਹੈ।                              

          ਭਾਰਤੀ ਖ਼ੁਰਾਕ ਨਿਗਮ ਦੇ ਸੀਨੀਅਰ ਅਧਿਕਾਰੀ ਆਖਦੇ ਹਨ ਕਿ ਹਾਲਾਤ ਤੋਂ ਜਾਪਦਾ ਹੈ ਕਿ ਨਰਮੇ ਦੇ ਭਾਅ ਸ਼ੁਰੂ ਵਿਚ ਹੀ ਵਧ ਰਹਿਣ ਦੀ ਸੰਭਾਵਨਾ ਹੈ ਕਿਉਂਕਿ ਨਰਮੇ ਦੀ ਪੈਦਾਵਾਰ ਘਟਣ ਦਾ ਅਨੁਮਾਨ ਹੈ। ਤਿਲੰਗਾਨਾ ਅਤੇ ਗੁਜਰਾਤ ਵਿਚ ਮੀਂਹ ਨੇ ਫ਼ਸਲ ਦਾ ਨੁਕਸਾਨ ਕਰ ਦਿੱਤਾ ਹੈ। ਪਿਛਲੇ ਵਰ੍ਹੇ ਮਾਰਚ ਮਹੀਨੇ ਵਿਚ ਨਰਮੇ ਦਾ ਭਾਅ 13 ਹਜ਼ਾਰ ਰੁਪਏ ਪ੍ਰਤੀ ਕੁਇੰਟਲ ਨੂੰ ਛੂਹ ਗਿਆ ਸੀ। ਇਸ ਵਾਰ ਵੀ ਭਾਅ 10 ਹਜ਼ਾਰ ਤੋਂ ਵਧ ਰਹਿਣ ਦੀ ਸੰਭਾਵਨਾ ਹੈ। ਮਾਹਿਰਾਂ ਮੁਤਾਬਕ ਜਿਨ੍ਹਾਂ ਕਿਸਾਨਾਂ ਨੇ ਫ਼ਸਲ ਬਚਾ ਲਈ ਹੈ, ਉਨ੍ਹਾਂ ਦੇ ਘਾਟੇ-ਵਾਧੇ ਨਰਮੇ ਦੇ ਭਾਅ ਨੇ ਪੂਰੇ ਕਰ ਦੇਣੇ ਹਨ। ਖੇਤੀ ਮਹਿਕਮੇ ਦੇ ਡਾਇਰੈਕਟਰ ਗੁਰਬਿੰਦਰ ਸਿੰਘ ਨੇ ਕਿਹਾ ਕਿ ਨਰਮੇ ਦਾ ਭਾਅ ਚੰਗਾ ਰਹੇਗਾ ਜਿਸ ਕਰਕੇ ਕਿਸਾਨਾਂ ਨੂੰ ਹਿੰਮਤ ਨਹੀਂ ਹਾਰਨੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਮੌਸਮ ਨੇ ਵੀ ਚਿੱਟੀ ਮੱਖੀ ਦੇ ਪ੍ਰਕੋਪ ਨੂੰ ਘਟਾਇਆ ਹੈ।

                                                  ਉਹ ਵੀ ਦਿਨ ਸਨ..

ਪੰਜਾਬ ਦੇ ਉਹ ਦਿਨ ਦੂਰ ਚਲੇ ਗਏ ਹਨ, ਜਦੋਂ ਚਿੱਟੇ ਸੋਨੇ ਦੀ ਧਾਕ ਪੈਂਦੀ ਸੀ। 1990-91 ਵਿਚ ਸੂਬੇ ’ਚ 7.01 ਲੱਖ ਹੈਕਟੇਅਰ ਨਰਮੇ ਦੀ ਬਿਜਾਂਦ ਹੋਈ ਸੀ ਅਤੇ ਇਹ ਰਿਕਾਰਡ ਅੱਜ ਤੱਕ ਟੁੱਟ ਨਹੀਂ ਸਕਿਆ ਹੈ। ਸਾਲ 2006-07 ਵਿਚ ਇਹ ਰਕਬਾ 6.14 ਲੱਖ ਹੈਕਟੇਅਰ ਸੀ ਜਦੋਂ ਕਿ ਐਤਕੀਂ ਰਕਬਾ ਸਿਰਫ਼ 2.48 ਲੱਖ ਹੈਕਟੇਅਰ ਰਹਿ ਗਿਆ ਹੈ। ਪੈਦਾਵਾਰ ਵੱਲ ਦੇਖੀਏ ਤਾਂ 2006-07 ਵਿਚ ਨਰਮੇ ਦੀਆਂ 27 ਲੱਖ ਗੱਠਾਂ ਦੀ ਪੈਦਾਵਾਰ ਹੋਈ ਸੀ ਅਤੇ ਮੁੜ ਇਹ ਦਿਨ ਕਦੇ ਨਸੀਬ ਨਹੀਂ ਹੋਏ ਹਨ। 2019-20 ਵਿਚ ਇਹ ਪੈਦਾਵਾਰ ਸਿਰਫ਼ 12 ਲੱਖ ਗੱਠਾਂ ਦੀ ਰਹਿ ਗਈ ਸੀ।

No comments:

Post a Comment