Monday, August 15, 2022

                                                       ‘ਹਰ ਘਰ ਤਿਰੰਗਾ’
                                  ਪੰਜਾਬ ਦੇ ਲੋਕਾਂ ਨੂੰ ਪੰਜ ਕਰੋੜ ’ਚ ਪਏਗਾ 
                                                        ਚਰਨਜੀਤ ਭੁੱਲਰ  

ਚੰਡੀਗੜ੍ਹ: ਕੇਂਦਰ ਸਰਕਾਰ ਦੀ ‘ਹਰ ਘਰ ਤਿਰੰਗਾ’ ਮੁਹਿੰਮ ਪੰਜਾਬ ਦੇ ਲੋਕਾਂ ਨੂੰ ਪੰਜ ਕਰੋੜ ਰੁਪਏ ਵਿੱਚ ਪਏਗੀ। ਆਜ਼ਾਦੀ ਦੀ 75ਵੀਂ ਵਰ੍ਹੇਗੰਢ ਦੇ ਜਸ਼ਨਾਂ ਤਹਿਤ ਕਈ ਦਿਨਾਂ ਤੋਂ ਸਰਕਾਰੀ ਵਿਭਾਗਾਂ ਵੱਲੋਂ ਲੋਕਾਂ ਨੂੰ ਤਿਰੰਗੇ ਵੰਡੇ ਜਾ ਰਹੇ ਹਨ। ਕੇਂਦਰ ਵੱਲੋਂ ਪੰਜਾਬ ਨੂੰ ਕਰੀਬ 30 ਲੱਖ ਝੰਡੇ ਵੇਚਣ ਦਾ ਟੀਚਾ ਦਿੱਤਾ ਗਿਆ ਸੀ, ਜਿਸ ’ਚੋਂ ਪੰਜਾਬ ਨੇ ਹੁਣ ਤੱਕ 24.96 ਲੱਖ ਤਿਰੰਗੇ ਵੰਡ ਦਿੱਤੇ ਹਨ। ਸਮੁੱਚੇ ਦੇਸ਼ ਵਿੱਚ 13 ਅਗਸਤ ਤੋਂ 15 ਅਗਸਤ ਤੱਕ ਹਰ ਘਰ ’ਤੇ ਤਿਰੰਗਾ ਲਹਿਰਾਉਣ ਦੀ ਮੁਹਿੰਮ ਚੱਲ ਰਹੀ ਹੈ। ਵੇਰਵਿਆਂ ਅਨੁਸਾਰ ਕੇਂਦਰ ਅਤੇ ਸੂਬਾ ਸਰਕਾਰਾਂ ਵੱਲੋਂ ਕਿਧਰੇ ਵੀ ਲੋਕਾਂ ਨੂੰ ਮੁਫ਼ਤ ਵਿੱਚ ਝੰਡੇ ਨਹੀਂ ਵੰਡੇ ਜਾ ਰਹੇ। ਤਿਰੰਗੇ ਸਬੰਧੀ ਕੇਂਦਰ ਸਰਕਾਰ ਵੱਲੋਂ ਤਿੰਨ ਤਰ੍ਹਾਂ ਦੀ ਕੀਮਤ ਤੈਅ ਕੀਤੀ ਗਈ ਹੈ। ਛੋਟੇ ਝੰਡੇ ਦਾ ਮੁੱਲ 9 ਰੁਪਏ, ਦਰਮਿਆਨੇ ਦਾ 18 ਤੇ ਵੱਡੇ ਝੰਡੇ ਦਾ ਮੁੱਲ 25 ਰੁਪਏ ਨੀਯਤ ਕੀਤਾ ਗਿਆ ਹੈ, ਜਿਸ ਦਾ ਨੋਡਲ ਦਫ਼ਤਰ ਪੰਜਾਬ ਦੇ ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਨੂੰ ਬਣਾਇਆ ਗਿਆ ਹੈ। ਇਨ੍ਹਾਂ ਦਫ਼ਤਰਾਂ ਵੱਲੋਂ ਬਠਿੰਡਾ ਤੇ ਜਲੰਧਰ ਵਿੱਚ ਦੋ ਸੈਂਟਰ ਬਣਾਏ ਗਏ ਹਨ, ਜਿਥੋਂ ਅੱਗੇ ਬਾਕੀ ਜ਼ਿਲ੍ਹਿਆਂ ਨੂੰ ਝੰਡੇ ਵੰਡੇ ਗਏ ਹਨ। 

          ਜਲੰਧਰ ਕੇਂਦਰ ਨੂੰ 13 ਲੱਖ ਤੇ ਬਠਿੰਡਾ ਕੇਂਦਰ ਨੂੰ 10.96 ਲੱਖ ਝੰਡੇ ਵੰਡੇ ਗਏ ਸਨ। ਜਲੰਧਰ ਜ਼ਿਲ੍ਹੇ ਨੂੰ 1.86 ਲੱਖ ਝੰਡੇ ਦਿੱਤੇ ਗਏ ਹਨ ਅਤੇ ਅੱਗੇ ਇਹ ਝੰਡੇ ਜ਼ਿਲ੍ਹੇ ਦੇ ਸ਼ਰਾਬ ਦੇ ਠੇਕੇਦਾਰਾਂ ਨੂੰ ਦਿੱਤੇ ਗਏ ਹਨ। ਸਭ ਤੋਂ ਵੱਧ 2.48 ਲੱਖ ਝੰਡੇ ਜ਼ਿਲ੍ਹਾ ਲੁਧਿਆਣਾ ਨੂੰ ਦਿੱਤੇ ਗਏ ਹਨ, ਜਦਕਿ ਅੰਮ੍ਰਿਤਸਰ ਜ਼ਿਲ੍ਹੇ ਨੂੰ 2.01 ਲੱਖ ਝੰਡੇ ਦਿੱਤੇ ਗਏ ਹਨ। ਇਸ ਤੋਂ ਇਲਾਵਾ ਕਰੀਬ ਛੇ ਲੱਖ ਝੰਡੇ ਲੋਕਾਂ ਨੂੰ ਸਿੱਧੇ ਤੌਰ ’ਤੇ ਵੇਚੇ ਗਏ ਹਨ। ਸਰਕਾਰੀ ਵਿਭਾਗਾਂ ਨੂੰ 15 ਲੱਖ ਝੰਡੇ ਦਿੱਤੇ ਗਏ ਹਨ। ਮਿੱਥੀ ਕੀਮਤ ਦੇ ਹਿਸਾਬ ਨਾਲ ਇਨ੍ਹਾਂ ਝੰਡਿਆਂ ਤੋਂ ਕਰੀਬ ਪੰਜ ਕਰੋੜ ਰੁਪਏ ਦੀ ਵਿੱਕਰੀ ਹੋਵੇਗੀ।  ਬੀਤੇ ਦੋ ਦਿਨਾਂ ਤੋਂ ਪੰਜਾਬ ਦੇ ਥਾਣਿਆਂ, ਤਹਿਸੀਲਾਂ, ਹਸਪਤਾਲਾਂ ਅਤੇ ਸਰਕਾਰੀ ਦਫ਼ਤਰਾਂ ਵਿੱਚ ਅਫ਼ਸਰਾਂ ਤੇ ਮੁਲਾਜ਼ਮਾਂ ਵੱਲੋਂ ਝੰਡੇ ਵੰਡੇ ਜਾ ਰਹੇ ਹਨ। ਸਮਾਜਿਕ ਕਾਰਕੁਨ ਰੁਪਿੰਦਰ ਸਿੰਘ ਤਲਵੰਡੀ ਸਾਬੋ ਆਖਦੇ ਹਨ ਕਿ ਸਰਕਾਰਾਂ ਵੱਲੋਂ ਤਾਕਤ ਦੇ ਜ਼ੋਰ ਨਾਲ ਝੰਡਿਆਂ ਦੀ ਵੰਡ ਕਰਨੀ ਇਖ਼ਲਾਕੀ ’ਤੇ ਕਾਨੂੰਨੀ ਤੌਰ ’ਤੇ ਜਾਇਜ਼ ਨਹੀਂ ਜਾਪਦੀ। ਉਨ੍ਹਾਂ ਕਿਹਾ ਕਿ ਤਿਰੰਗੇ ਨਾਲ ਲੋਕ ਭਾਵੁਕ ਤੌਰ ’ਤੇ ਇੰਨਾ ਜੁੜੇ ਹੋਏ ਹਨ ਕਿ ਜੇਕਰ ਸਰਕਾਰਾਂ ਵੱਲੋਂ  ਮੁਫ਼ਤ ਵਿੱਚ ਝੰਡੇ ਵੰਡੇ ਜਾਂਦੇ ਤਾਂ ਪੂਰਾ ਪੰਜਾਬ ਤਿਰੰਗੇ ਦੇ ਰੰਗ ਵਿੱਚ ਰੰਗਿਆ ਜਾਣਾ ਸੀ।

           ਵੇਰਵਿਆਂ ਅਨੁਸਾਰ ਮੁੱਖ ਮੰਤਰੀ ਭਗਵੰਤ ਮਾਨ ਦੇ ਜੱਦੀ ਜ਼ਿਲ੍ਹੇ ਸੰਗਰੂਰ ਵਿੱਚ 1.44 ਲੱਖ ਝੰਡੇ ਦਿੱਤੇ ਗਏ ਹਨ ਜਦਕਿ ਬਠਿੰਡਾ ਜ਼ਿਲ੍ਹੇ ਵਿੱਚ 1.54 ਲੱਖ ਝੰਡੇ ਵੰਡੇ ਗਏ ਹਨ। ਪੰਜਾਬ ਦੇ ਕਈ ਹਸਪਤਾਲਾਂ ਵਿੱਚ ਓਪੀਡੀ ਵਾਲੀ ਖਿੜਕੀ ’ਤੇ ਮਰੀਜ਼ਾਂ ਨੂੰ ਝੰਡੇ ਵੇਚੇ ਜਾ ਰਹੇ ਹਨ। ਪੰਚਾਇਤਾਂ ਅਤੇ ਸਕੂਲਾਂ ਲਈ ਕੋਟੇ ਤੈਅ ਕਰਕੇ ਝੰਡੇ ਦਿੱਤੇ ਗਏ ਹਨ। ਆਜ਼ਾਦੀ ਦੀ 75ਵੀਂ ਵਰ੍ਹੇਗੰਢ ਮੌਕੇ ਇਸ ਤਰ੍ਹਾਂ ਝੰਡਿਆਂ ਦੀ ਵਿੱਕਰੀ ਕੀਤੇ ਜਾਣ ਨੂੰ ਲੋਕ ਚੰਗਾ ਨਹੀਂ ਸਮਝ ਰਹੇ। ਸਰਕਾਰ ਦੀ ਇਸ ਮੁਹਿੰਮ ਦਾ ਭਾਰ ਲੋਕਾਂ ’ਤੇ ਹੀ ਪੈ ਰਿਹਾ ਹੈ। ਕਰੀਬ 12 ਹਜ਼ਾਰ ਝੰਡੇ ਨੁਕਸਦਾਰ ਹੋਣ ਕਰਕੇ ਜ਼ਿਲ੍ਹਿਆਂ ਨੇ ਵਾਪਸ ਵੀ ਕਰ ਦਿੱਤੇ ਹਨ। ਹੁਸ਼ਿਆਰਪੁਰ ਜ਼ਿਲ੍ਹੇ ਵਿੱਚ ਸਭ ਤੋਂ ਵੱਧ 97,798 ਝੰਡੇ ਲੋਕਾਂ ਨੂੰ ਸਿੱਧੇ ਤੌਰ ’ਤੇ ਵੰਡੇ ਗਏ ਹਨ। 

                                ਸਿਆਸੀ ਪਾਰਟੀਆਂ ਵੱਲੋਂ ਤਿਰੰਗਾ ਯਾਤਰਾ ਜਾਰੀ

‘ਆਪ’ ਸਰਕਾਰ ਵੱਲੋਂ ਪੰਜਾਬ ਦੇ ਸ਼ਹਿਰਾਂ ਵਿੱਚ ਤਿਰੰਗਾ ਯਾਤਰਾ ਵੀ ਕੱਢੀ ਜਾ ਰਹੀ ਹੈ। ਪੰਚਾਇਤ ਮੰਤਰੀ ਕੁਲਦੀਪ ਧਾਲੀਵਾਲ ਨੇ ਅਜਨਾਲਾ ਅਤੇ ਬਟਾਲਾ ਵਿੱਚ ਤਿਰੰਗਾ ਯਾਤਰਾ ਦੀ ਅਗਵਾਈ ਕੀਤੀ ਹੈ, ਜਦਕਿ ਹਲਕਾ ਧੂਰੀ ਵਿੱਚ ਮੁੱਖ ਮੰਤਰੀ ਦੀ ਪਤਨੀ ਡਾ. ਗੁਰਪ੍ਰੀਤ ਕੌਰ ਤੇ ਭੇਣ ਮਨਪ੍ਰੀਤ ਕੌਰ ਨੇ ਤਿਰੰਗਾ ਯਾਤਰਾ ਦੀ ਅਗਵਾਈ ਕੀਤੀ ਹੈ। ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਨੇ ਦਰਜਨਾਂ ਸ਼ਹਿਰਾਂ ਵਿੱਚ, ਜਦਕਿ ਭਾਜਪਾ ਦੇ ਜਨਰਲ ਸਕੱਤਰ ਦਿਆਲ ਸੋਢੀ ਨੇ ਮੌੜ ਸ਼ਹਿਰ ਵਿੱਚ ਤਿਰੰਗਾ ਯਾਤਰਾ ਕੱਢੀ ਹੈ। ਤਿਰੰਗਾ ਯਾਤਰਾ ਨੂੰ ਸ਼ਹਿਰਾਂ ਵਿੱਚ ਜ਼ਿਆਦਾ ਹੁੰਗਾਰਾ ਮਿਲਿਆ ਹੈ। ਇਸੇ ਤਰ੍ਹਾਂ ਪੰਜਾਬ ਸਰਕਾਰ ਨੇ ਭਲਕੇ ਆਜ਼ਾਦੀ ਜਸ਼ਨਾਂ ਲਈ ਪ੍ਰਤੀ ਜ਼ਿਲ੍ਹਾ ਕਰੀਬ ਚਾਰ-ਚਾਰ ਲੱਖ ਰੁਪਏ ਹੀ ਅਲਾਟ ਕੀਤੇ ਹਨ। 

No comments:

Post a Comment