Showing posts with label woman. Show all posts
Showing posts with label woman. Show all posts

Tuesday, January 7, 2025

                                                        ਪੜ੍ਹੀਏ-ਪੜ੍ਹਾਈਏ
                             ਅਧਿਆਪਨ ’ਚ ਬੀਬੀਆਂ ਦੀ ਬੱਲੇ ਬੱਲੇ
                                                         ਚਰਨਜੀਤ ਭੁੱਲਰ  

ਚੰਡੀਗੜ੍ਹ : ਪੰਜਾਬ ਦੇ ਸਰਕਾਰੀ ਸਕੂਲਾਂ ’ਚ ਮਹਿਲਾ ਅਧਿਆਪਕਾਂ ਦੀ ਬੱਲੇ ਬੱਲੇ ਹੈ ਜਦਕਿ ਪੁਰਸ਼ ਅਧਿਆਪਕ ਘੱਟ ਗਿਣਤੀ ’ਚ ਰਹਿ ਗਏ ਹਨ। ਕੇਂਦਰੀ ਸਿੱਖਿਆ ਮੰਤਰਾਲੇ ਦੀ ਤਾਜ਼ਾ ਰਿਪੋਰਟ ਅਨੁਸਾਰ ਸਕੂਲੀ ਅਧਿਆਪਨ ’ਚ ਕੁੜੀਆਂ ਦੀ ਕਾਮਯਾਬੀ ਦਰ ਵਧ ਗਈ ਹੈ ਜਦਕਿ ਲੜਕਿਆਂ ਲਈ ਅਧਿਆਪਨ ਹੁਣ ਪਸੰਦੀਦਾ ਕਿੱਤਾ ਨਹੀਂ ਜਾਪਦਾ ਹੈ। ਸਿਆਸੀ ਮਾਹਿਰਾਂ ਅਨੁਸਾਰ ਇਹੀ ਰੁਝਾਨ ਰਿਹਾ ਤਾਂ ਸਕੂਲਾਂ ’ਚ ਪੁਰਸ਼ ਅਧਿਆਪਕ ਟਾਵੇਂ ਹੀ ਰਹਿ ਜਾਣਗੇ। ਕੇਂਦਰੀ ਸਿੱਖਿਆ ਮੰਤਰਾਲੇ ਵੱਲੋਂ ਜਾਰੀ ਸਾਲ 2023-24 ਦੀ ਰਿਪੋਰਟ ਅਨੁਸਾਰ ਪੰਜਾਬ ਦੇ ਸਰਕਾਰੀ ਪ੍ਰੀ-ਪ੍ਰਾਇਮਰੀ ਤੋਂ ਸੀਨੀਅਰ ਸੈਕੰਡਰੀ ਸਕੂਲਾਂ ਦੀ ਗਿਣਤੀ 19,242 ਹੈ, ਜਿਨ੍ਹਾਂ ’ਚ ਕੁੱਲ 1,26,136 ਅਧਿਆਪਕ ਪੜ੍ਹਾ ਰਹੇ ਹਨ। ਇਨ੍ਹਾਂ ’ਚੋਂ 45,023 (35.69 ਫ਼ੀਸਦ) ਪੁਰਸ਼ ਅਧਿਆਪਕ ਹਨ ਅਤੇ ਮਹਿਲਾ ਅਧਿਆਪਕ 81,113 (64.30 ਫ਼ੀਸਦ) ਹਨ, ਜਿਨ੍ਹਾਂ ਕੁੜੀਆਂ ਨੇ ਪਹਿਲਾਂ ਪ੍ਰੀਖਿਆਵਾਂ ’ਚ ਬਾਜ਼ੀ ਮਾਰੀ, ਉਨ੍ਹਾਂ ਹੀ ਹੁਣ ਅਧਿਆਪਨ ’ਚ ਲੜਕਿਆਂ ਨੂੰ ਪਛਾੜਿਆ ਹੈ। 

           ਸਾਲ 2018-19 ਵਿਚ ਸਰਕਾਰੀ ਸਕੂਲਾਂ ’ਚ ਕੁੱਲ 1,16,932 ਅਧਿਆਪਕ ਸਨ। ਲੰਘੇ ਛੇ ਵਰ੍ਹਿਆਂ ’ਚ ਸਰਕਾਰੀ ਅਧਿਆਪਕਾਂ ਦੀ ਕੁੱਲ ਗਿਣਤੀ ’ਚ ਸਿਰਫ਼ 9,204 ਅਧਿਆਪਕਾਂ ਦਾ ਵਾਧਾ ਹੋਇਆ ਹੈ। ਸਾਲ 2018-19 ਵਿੱਚ 44,722 (38.24 ਫ਼ੀਸਦ) ਪੁਰਸ਼ ਅਧਿਆਪਕ ਸਨ, ਜਦਕਿ 72,210 ਮਹਿਲਾ ਅਧਿਆਪਕ (61.75 ਫ਼ੀਸਦ) ਸਨ। ਇਸੇ ਤਰ੍ਹਾਂ ਸਾਲ 2022-23 ਵਿੱਚ ਸਰਕਾਰੀ ਸਕੂਲਾਂ ਵਿਚ ਕੁੱਲ 1,23,630 ਅਧਿਆਪਕ ਸਨ, ਜਿਨ੍ਹਾਂ ’ਚੋਂ ਪੁਰਸ਼ ਅਧਿਆਪਕ 44,778 (36.21 ਫ਼ੀਸਦ) ਤੇ ਮਹਿਲਾ ਅਧਿਆਪਕ 78,852 (63.78 ਫ਼ੀਸਦ) ਸਨ। ਪੰਜਾਬ ਦੇ ਸਮੁੱਚੇ 27,404 ਸਕੂਲਾਂ (ਸਰਕਾਰੀ, ਸਰਕਾਰੀ ਸਹਾਇਤਾ ਪ੍ਰਾਪਤ ਅਤੇ ਪ੍ਰਾਈਵੇਟ) ’ਚ 2,73,092 ਅਧਿਆਪਕ ਹਨ, ਜਿਨ੍ਹਾਂ ’ਚੋਂ 23.92 ਫ਼ੀਸਦ ਪੁਰਸ਼ ਅਤੇ 76.07 ਫ਼ੀਸਦ ਮਹਿਲਾ ਅਧਿਆਪਕ ਹਨ। ਸਾਲ 2022-23 ਵਿਚ ਇਹ ਪੁਰਸ਼ ਅਧਿਆਪਕ 24.52 ਫ਼ੀਸਦ ਸਨ ਅਤੇ ਮਹਿਲਾ ਅਧਿਆਪਕ 75.47 ਫ਼ੀਸਦ ਸਨ। 

          ਸਾਲ 2018-19 ਵਿਚ ਪੁਰਸ਼ ਅਧਿਆਪਕ 24.57 ਫ਼ੀਸਦ ਅਤੇ 75.42 ਫ਼ੀਸਦ ਮਹਿਲਾ ਅਧਿਆਪਕ ਸਨ। ਕੋਈ ਵੇਲਾ ਸੀ ਜਦੋਂ ਕਿ ਕੁੜੀਆਂ ਨੂੰ ਪਿੰਡ ਦੀ ਜੂਹ ਚੋਂ ਬਾਹਰ ਪੜ੍ਹਨ ਨਹੀਂ ਭੇਜਿਆ ਜਾਂਦਾ ਸੀ, ਹੁਣ ਸਮੇਂ ਬਦਲੇ ਹਨ ਕਿ ਕੁੜੀਆਂ ਨੇ ਪਹਿਲਾਂ ਖੁਦ ਪੜ੍ਹ ਕੇ ਅਤੇ ਫਿਰ ਪੜਾਉਣਾ ਸ਼ੁਰੂ ਕਰਕੇ ਆਪਣੀ ਕਾਬਲੀਅਤ ਦਿਖਾ ਰਹੀਆਂ ਹਨ। ਸੂਬੇ ਵਿਚ ਸਭ ਤੋਂ ਵੱਧ 19,242 ਸਰਕਾਰੀ ਸਕੂਲ ਹਨ ਜਦਕਿ ਸਰਕਾਰੀ ਸਹਾਇਤਾ ਪ੍ਰਾਪਤ 444 ਸਕੂਲ ਤੇ 7704 ਪ੍ਰਾਈਵੇਟ ਸਕੂਲ ਹਨ। ਸੂਬੇ ਵਿੱਚ ਕਰੀਬ 70 ਫ਼ੀਸਦੀ ਸਕੂਲ ਸਰਕਾਰੀ ਹਨ। ਇਸੇ ਤਰ੍ਹਾਂ ਸਰਕਾਰੀ ਸਕੂਲਾਂ ਵਿਚ ਜਨਰਲ ਕੈਟਾਗਰੀ ਦੇ ਸਿਰਫ਼ 47.8 ਫ਼ੀਸਦ ਬੱਚੇ ਪੜ੍ਹਦੇ ਹਨ ਜਦਕਿ ਅਨੁਸੂਚਿਤ ਜਾਤੀਆਂ ਦੇ 36.6 ਫ਼ੀਸਦ ਤੇ ਪੱਛੜੀਆਂ ਸ਼੍ਰੇਣੀਆਂ ਦੇ 15.5 ਫ਼ੀਸਦੀ ਬੱਚੇ ਪੜ੍ਹਦੇ ਹਨ। ਸੂਬੇ ਵਿਚ ਸਭ ਤੋਂ ਵੱਧ 13,468 ਸਰਕਾਰੀ ਪ੍ਰਾਇਮਰੀ ਸਕੂਲ ਹਨ। ਪ੍ਰਿੰਸੀਪਲ ਤਿਰਲੋਕ ਬੰਧੂ ਆਖਦੇ ਹਨ ਕਿ ਈਟੀਟੀ ਅਤੇ ਬੀਐੱਡ ਕੋਰਸਾਂ ਵਿੱਚ ਹੀ ਲੜਕੀਆਂ ਦੀ ਦਾਖਲਾ ਦਰ ਜ਼ਿਆਦਾ ਹੈ ਅਤੇ ਮੁਕਾਬਲੇ ਦੀਆਂ ਪ੍ਰੀਖਿਆਵਾਂ ਵਿਚ ਵੀ ਲੜਕੇ ਪੱਛੜ ਜਾਂਦੇ ਹਨ ਜਿਸ ਕਰਕੇ ਸਕੂਲਾਂ ਵਿਚ ਪੁਰਸ਼ ਅਧਿਆਪਕਾਂ ਦੀ ਗਿਣਤੀ ਘਟਣਾ ਸੁਭਾਵਿਕ ਹੈ।

                                         ਦਾਖਲਾ ਦਰ ’ਚ ਲੜਕੇ ਅੱਗੇ

ਕੇਂਦਰੀ ਰਿਪੋਰਟ ਅਨੁਸਾਰ ਦਾਖਲਾ ਦਰ ’ਚ ਲੜਕੇ ਅੱਗੇ ਹਨ। ਸਾਲ 2023-24 ’ਚ ਸਰਕਾਰੀ ਸਕੂਲਾਂ ਵਿਚ ਕੁੱਲ 28.23 ਲੱਖ ਵਿਦਿਆਰਥੀ ਪੜ੍ਹਦੇ ਸਨ ਜਿਨ੍ਹਾਂ ’ਚੋਂ 14.46 ਲੱਖ ਲੜਕੇ ਅਤੇ 13.77 ਲੱਖ ਲੜਕੀਆਂ ਸਨ। ਪੰਜਾਬ ਦੇ ਸਮੁੱਚੇ 27,404 ਸਕੂਲਾਂ (ਸਰਕਾਰੀ, ਸਰਕਾਰੀ ਸਹਾਇਤਾ ਪ੍ਰਾਪਤ ਅਤੇ ਪ੍ਰਾਈਵੇਟ) ’ਤੇ ਨਜ਼ਰ ਮਾਰਦੇ ਹਾਂ ਤਾਂ ਇਨ੍ਹਾਂ ਸਕੂਲਾਂ ਦੀ ਕੁੱਲ ਗਿਣਤੀ 27,404 ਬਣਦੀ ਹੈ ਜਿਨ੍ਹਾਂ ’ਚ ਸਾਲ 2023-24 ਦੌਰਾਨ 59.88 ਲੱਖ ਬੱਚੇ ਪੜ੍ਹਦੇ ਸਨ ਅਤੇ ਇਨ੍ਹਾਂ ’ਚੋਂ 32.07 ਲੱਖ ਲੜਕੇ ਅਤੇ 27.81 ਲੱਖ ਲੜਕੀਆਂ ਹਨ। ਰਿਪੋਰਟ ਅਨੁਸਾਰ ਉਪਰੋਕਤ ਵਰ੍ਹੇ ਦੌਰਾਨ ਸਰਕਾਰੀ ਸਕੂਲਾਂ ਵਿਚ 47.14 ਫ਼ੀਸਦ ਬੱਚੇ ਹੀ ਪੜ੍ਹਦੇ ਹਨ।

Thursday, January 3, 2019

                          ਮਹਿਲਾ ਸਰਪੰਚ
        ਸਿਆਸੀ ਵਗਾਰਾਂ ਦਾ ਦੁੱਖ ਤੋੜਿਆ
                           ਚਰਨਜੀਤ ਭੁੱਲਰ
ਬਠਿੰਡਾ : ਪਿੰਡ ਸੁੱਖਾ ਸਿੰਘ ਵਾਲਾ ਦੀ ਨਵੀਂ ਮਹਿਲਾ ਸਰਪੰਚ ਨੇ ਸਿਆਸੀ ਵਗਾਰਾਂ ਨੂੰ ਚੁਣੌਤੀ ਦੇ ਕੇ ਸਮੁੱਚੇ ਪਿੰਡ ਤੋਂ ਸਿਆਸੀ ਬੋਝ ਲਾਹੁਣ ਦਾ ਫ਼ੈਸਲਾ ਕੀਤਾ ਹੈ। ਨਵੀਂ ਚੁਣੀ ਮਹਿਲਾ ਸਰਪੰਚ ਜਸਪਾਲ ਕੌਰ ਨੇ ਐਲਾਨ ਕੀਤਾ ਹੈ ਕਿ ਪੰਚਾਇਤ ਕਿਸੇ ਵੀ ਸਿਆਸੀ ਰੈਲੀ ਵਿਚ ਲੋਕਾਂ ਨੂੰ ਨਹੀਂ ਲੈ ਕੇ ਜਾਏਗੀ ਅਤੇ ਨਾ ਹੀ ਸਿਆਸੀ ਧਿਰਾਂ ਦੀਆਂ ਰੈਲੀਆਂ ਵਾਸਤੇ ਬੱਸਾਂ ਵਿਚ ਚੜ੍ਹਨ ਲਈ ਕਿਸੇ ਵੀ ਪਿੰਡ ਵਾਸੀ ਨੂੰ ਆਖੇਗੀ। ਸਮੁੱਚੀ ਪੰਚਾਇਤ ਦੀ ਹਾਜ਼ਰੀ ਵਿਚ ਮਹਿਲਾ ਸਰਪੰਚ ਨੇ ਆਖਿਆ ਕਿ ਉਹ ਪੰਚਾਇਤ ਨੂੰ ਹਰ ਤਰ੍ਹਾਂ ਦੀ ਵਗਾਰ ਤੋਂ ਮੁਕਤ ਕਰਨਗੇ। ਜੋ ਵਗਾਰਾਂ ਦਾ ਦਾਗ਼ ਸਰਪੰਚਾਂ ਦੇ ਮੱਥੇ ’ਤੇ ਲੱਗਦਾ ਹੈ, ਉਸ ਨੂੰ ਧੋਣ ਲਈ ਮੁਹਿੰਮ ਵੀ ਵਿੱਢੀ ਜਾਵੇਗੀ। ਪਿੰਡ ਸੁੱਖਾ ਸਿੰਘ ਵਾਲਾ ਨੂੰ ਪਿੰਡ ਦੇ ਨੌਜਵਾਨਾਂ ਨੇ ਪਹਿਚਾਣ ਦਿੱਤੀ ਹੈ ਜਿਨ੍ਹਾਂ ਨੇ ਸਮੁੱਚੇ ਪਿੰਡ ਨੂੰ ਸਫ਼ੈਦ ਰੰਗ ਕਰਕੇ ਅਤੇ ਸਾਫ਼ ਸੁਥਰਾ ਬਣਾ ਕੇ ਸਵੱਛ ਪਿੰਡ ਹੋਣ ਦਾ ਖ਼ਿਤਾਬ ਜਿੱਤਿਆ ਹੈ। ਇਕਲੌਤਾ ਪਿੰਡ ਹੋਵੇਗਾ ਜਿਸ ਦੇ ਟੋਭੇ ਵਿਚ ਕਿਸ਼ਤੀਆਂ ਚੱਲਦੀਆਂ ਹਨ। ਪਿੰਡ ਵਿਚ ਕਰੀਬ 200 ਘਰ ਹਨ ਅਤੇ 636 ਵੋਟਾਂ ਹਨ। ਮਹਿਲਾ ਸਰਪੰਚ ਜਸਪਾਲ ਕੌਰ ਨੇ ਆਪਣੀ ਵਿਰੋਧੀ ਕਾਂਗਰਸ ਦੀ ਉਮੀਦਵਾਰ ਨੂੰ ਹਰਾਇਆ ਹੈ। ਮਹਿਲਾ ਸਰਪੰਚ ਦਾ ਪਤੀ ਹਰਦੀਪ ਸਿੰਘ ਪਿੰਡ ਦੇ ਵਿਕਾਸ ਵਿਚ ਯੋਗਦਾਨ ਪਾਉਣ ਵਿਚ ਮੋਹਰੀ ਰਿਹਾ ਹੈ ਅਤੇ ਉਸ ਨੇ ਇੱਥੋਂ ਤੱਕ ਕਿ ਪਿੰਡ ਦੀਆਂ ਨਾਲੀਆਂ ਦੀ ਸਫ਼ਾਈ ਵੀ ਖੁਦ ਕੀਤੀ ਹੈ।
                 ਪੰਚਾਇਤ ਮੈਂਬਰਾਂ ਵਿਚ ਜਸਵੀਰ ਸਿੰਘ,ਕਰਮਜੀਤ ਸਿੰਘ,ਜੀਤਾ ਰਾਮ,ਗੁਰਮੇਲ ਕੌਰ  ਅਤੇ ਵੀਰਦਾਸ ਸ਼ਾਮਿਲ ਹਨ ਜਿਨ੍ਹਾਂ ਨੇ ਮਹਿਲਾ ਸਰਪੰਚ ਨੂੰ ਪੂਰਨ ਹਮਾਇਤ ਦਿੱਤੀ ਹੈ। ਮਹਿਲਾ ਸਰਪੰਚ ਨੇ ਜਿੱਤਣ ਮਗਰੋਂ ਐਲਾਨ ਕੀਤਾ ਹੈ ਕਿ ਅੱਜ ਤੋਂ ਪੰਚਾਇਤ ਕਿਸੇ ਵੀ ਸਿਆਸੀ ਰੈਲੀ ਵਿਚ ਲੋਕਾਂ ਨੂੰ ਨਹੀਂ ਲੈ ਕੇ ਜਾਵੇਗੀ। ਲੋਕ ਆਪਣੀ ਮਰਜ਼ੀ ਨਾਲ ਜਾ ਸਕਦੇ ਹਨ ਪ੍ਰੰਤੂ ਪੰਚਾਇਤ ਕਿਸੇ ਨੂੰ ਜਾਣ ਲਈ ਨਹੀਂ ਆਖੇਗੀ। ਸਰਪੰਚ ਨੇ ਦੱਸਿਆ ਕਿ ਪੰਚਾਇਤ ਨਾ ਕਿਸੇ ਵੀ ਤਰ੍ਹਾਂ ਦੀ ਵਗਾਰ ਲਏਗੀ ਅਤੇ ਨਾ ਹੀ ਕਿਸੇ ਅਧਿਕਾਰੀ ਜਾਂ ਸਿਆਸੀ ਵਿਅਕਤੀ ਨੂੰ ਵਗਾਰ ਦੇਵੇਗੀ। ਮਹਿਲਾ ਸਰਪੰਚ ਨੇ ਦ੍ਰਿੜ੍ਹਤਾ ਨਾਲ ਆਖਿਆ ਕਿ ਉਹ ਪਿੰਡ ਨੂੰ ਸਿਆਸੀ ਧੜੇਬੰਦੀ ਤੋਂ ਮੁਕਤ ਕਰਨਾ ਚਾਹੁੰਦੀ ਹੈ ਅਤੇ ਲੋਕਾਂ ਵਿਚ ਪਈਆਂ ਲਕੀਰਾਂ ਨੂੰ ਮੇਟਣਾ ਚਾਹੁੰਦੀ ਹੈ। ਭਾਈਚਾਰਕ ਸਾਂਝ ਨੂੰ ਮਜ਼ਬੂਤ ਕਰਨਾ ਉਸ ਦੀ ਤਰਜੀਹ ਹੋਵੇਗੀ।  ਪੰਚਾਇਤ ਨੇ ਫ਼ੈਸਲਾ ਕੀਤਾ ਹੈ ਕਿ ਕਿਸੇ ਵੀ ਸਿਆਸੀ ਧਿਰ ਦਾ ਕੋਈ ਵੀ ਆਗੂ ਜਦੋਂ ਪਿੰਡ ਵਿਚ ਆਵੇਗਾ ਤਾਂ ਉਸ ਦਾ ਸਤਿਕਾਰ ਤੇ ਸਨਮਾਨ ਪੰਚਾਇਤ ਤਰਫ਼ੋਂ ਕੀਤਾ ਜਾਵੇਗਾ। ਪੰਚਾਇਤ ਪਿੰਡ ਦੇ ਵਿਕਾਸ ਲਈ ਹਰ ਸਿਆਸੀ ਨੇਤਾ ਕੋਲ ਜਾਏਗੀ।
                  ਦੱਸਣਯੋਗ ਹੈ ਕਿ ਇਸ ਪਿੰਡ ਵਿਚ ਸ਼ਰਾਬ ਦਾ ਠੇਕਾ ਨਹੀਂ ਹੈ ਅਤੇ ਪਿੰਡ ਨੂੰ ਨਸ਼ਾ ਮੁਕਤ ਕਰਨ ਦਾ ਫ਼ੈਸਲਾ ਵੀ ਪੰਚਾਇਤ ਨੇ ਕੀਤਾ ਹੈ। ਪੰਚਾਇਤ ਨੇ ਦੱਸਿਆ ਕਿ ਉਹ ਪਿੰਡ ਦਾ ਕੋਈ ਝਗੜਾ ਥਾਣੇ ਕਚਹਿਰੀ ਨਹੀਂ ਜਾਣ ਦੇਣਗੇ। ਜਦੋਂ ਪੰਚਾਇਤ ਦੇ ਵਿੱਤੋਂ ਬਾਹਰੀ ਗੱਲ ਹੋ ਗਈ ਤਾਂ ਕੋਈ ਵੀ ਅਗਲਾ ਕਦਮ ਚੁੱਕ ਸਕਦਾ ਹੈ। ਪੰਚਾਇਤ ਨੂੰ ਬਿਨਾਂ ਪੁੱਛੇ ਕੋਈ ਵੀ ਵਿਅਕਤੀ ਸਿੱਧਾ ਥਾਣੇ ਰਪਟ ਲਿਖਾਏਗਾ ਤਾਂ ਪੰਚਾਇਤ ਉਸ ਦਾ ਬਿਲਕੁਲ ਸਾਥ ਨਹੀਂ ਦੇਵੇਗੀ। ਮਹਿਲਾ ਸਰਪੰਚ ਨੇ ਆਖਿਆ ਕਿ ਉਹ ਪਿੰਡ ਦੀਆਂ ਅੌਰਤਾਂ ਨੂੰ ਹਰ ਕੰਮ ਵਿਚ ਅੱਗੇ ਲਾਏਗੀ ਤਾਂ ਜੋ ਉਹ ਫ਼ੈਸਲੇ ਕਰਨ ਵਿਚ ਸਮਰੱਥ ਹੋ ਸਕਣ। ਪੰਚਾਇਤ ਨੇ ਪਿੰਡ ਦੇ ਸਰਕਾਰੀ ਸਕੂਲ ਵਿਚ ਸਹੁੰ ਚੁੱਕਣ ਤੋਂ ਪਹਿਲਾਂ ਹੀ ਵਿਕਾਸ ਕੰਮ ਸ਼ੁਰੂ ਕਰਾ ਦਿੱਤਾ ਹੈ। ਪਿੰਡ ਦੀਆਂ ਬਾਹਰੀ ਬਸਤੀਆਂ ਨੂੰ ਹੁਣ ਦਿੱਖ ਦੇਣ ਨੂੰ ਪੰਚਾਇਤ ਨੇ ਏਜੰਡੇ ’ਤੇ ਰੱਖਿਆ ਹੈ। ਵੱਡੀ ਸਮੱਸਿਆ ਨਿਕਾਸ ਦੀ ਹੈ ਜਿਸ ਦੇ ਹੱਲ ਲਈ ਕੰਮ ਬਾਜ਼ੀਗਰ ਬਸਤੀ ਤੋਂ ਸ਼ੁਰੂ ਕੀਤਾ ਜਾਣਾ ਹੈ। ਦੱਸਣਯੋਗ ਹੈ ਕਿ ਜ਼ਿਲ੍ਹਾ ਅਧਿਕਾਰੀ ਪਿੰਡ ਦੇ ਨੌਜਵਾਨਾਂ ਦੇ ਉੱਦਮ ਨੂੰ ਦੇਖਣ ਲਈ ਪਿੰਡ ਸੁੱਖਾ ਸਿੰਘ ਵਾਲਾ ਦਾ ਕਈ ਵਾਰ ਗੇੜਾ ਮਾਰ ਚੁੱਕੇ ਹਨ। ਹੁਣ ਨਵੀਂ ਪੰਚਾਇਤ ਨੇ ਨਵੀਆਂ ਪੈੜਾਂ ਪਾਉਣ ਦਾ ਫ਼ੈਸਲਾ ਕੀਤਾ ਹੈ।