Showing posts with label sarpanch. Show all posts
Showing posts with label sarpanch. Show all posts

Saturday, October 5, 2024

                                                          ਸਿਰਕੱਢ ਨੇਤਾ
                               ਸਿਆਸੀ ਸਫ਼ਰ ‘ਵਾਇਆ ਸਰਪੰਚੀ’
                                                          ਚਰਨਜੀਤ ਭੁੱਲਰ 

ਚੰਡੀਗੜ੍ਹ : ਕੋਈ ਜ਼ਮਾਨਾ ਸੀ, ਜਦੋਂ ਸਿਖਰਲੀ ਸਿਆਸਤ ਦਾ ਰਾਹ ‘ਵਾਇਆ ਸਰਪੰਚੀ’ ਖੁੱਲ੍ਹਦਾ ਸੀ। ਸਿਆਸਤ ਦੀ ਇਸ ਪਹਿਲੀ ਪੌੜੀ ’ਤੇ ਪੈਰ ਧਰ ਕੇ ਹੀ ਪੰਜਾਬ ’ਚ ਕਈ ਆਗੂ ਮੁੱਖ ਮੰਤਰੀ ਬਣੇ ਅਤੇ ਸਰਪੰਚੀ ਦੇ ਸਫ਼ਰ ਮਗਰੋਂ ਬਹੁਤੇ ਵਜ਼ੀਰ ਵੀ ਬਣੇ। ਸਿਆਸਤ ਦਾ ਹੁਣ ਮੁਹਾਂਦਰਾ ਬਦਲਿਆ ਹੈ, ਜਿਸ ’ਚ ਜ਼ਮੀਨ ਤੋਂ ਉੱਠੇ ਆਗੂ ਰਾਹਾਂ ’ਚ ਹੀ ਗੁਆਚ ਜਾਂਦੇ ਹਨ। ਪੰਚਾਇਤ ਚੋਣਾਂ ਦਾ ਹੁਣ ਘੜਮੱਸ ਪੈ ਰਿਹਾ ਹੈ, ਜਦਕਿ ਇਨ੍ਹਾਂ ਚੋਣਾਂ ਨੇ ਭਲੇ ਵੇਲਿਆਂ ਵਿਚ ਪੰਜਾਬ ਨੂੰ ਸਿਰਕੱਢ ਨੇਤਾ ਦਿੱਤੇ ਸਨ। ਉਤਾਂਹ ਤੋਂ ਨਜ਼ਰ ਮਾਰੀਏ ਤਾਂ ਮਰਹੂਮ ਪ੍ਰਕਾਸ਼ ਸਿੰਘ ਬਾਦਲ ਨੇ ਆਪਣਾ ਸਿਆਸੀ ਸਫ਼ਰ ਪਿੰਡ ਬਾਦਲ ਦੀ ਸਰਪੰਚੀ ਤੋਂ ਸ਼ੁਰੂ ਕੀਤਾ ਸੀ। ਉਹ ਸਰਬਸੰਮਤੀ ਨਾਲ ਸਰਪੰਚ ਬਣੇ ਸਨ ਅਤੇ ਮੁੜ ਕਦੇ ਪਿਛਾਂਹ ਨਹੀਂ ਦੇਖਿਆ। ਉਨ੍ਹਾਂ ਦੀ ਕਾਮਯਾਬੀ ’ਚ ਕਿਤੇ ਨਾ ਕਿਤੇ ਸਰਪੰਚੀ ਦਾ ਯੋਗਦਾਨ ਵੀ ਰਿਹਾ। ਸਾਬਕਾ ਮੁੱਖ ਮੰਤਰੀ ਮਰਹੂਮ ਬੇਅੰਤ ਸਿੰਘ ਨੇ ਵੀ ਪਿੰਡ ਦੀ ਸਰਪੰਚੀ ਚੋਂ ਸਿਆਸਤ ਵਿਚ ਪੈਰ ਰੱਖਿਆ ਸੀ। ਬਾਅਦ ਵਿਚ ਉਨ੍ਹਾਂ ਦਾ ਲੜਕਾ ਅਤੇ ਪੋਤਰਾ ਵੀ ਸਰਪੰਚ ਬਣੇ। 

         ਕੇਂਦਰੀ ਵਜ਼ਾਰਤ ਤੱਕ ਪੁੱਜੇ ਸੁਖਦੇਵ ਸਿੰਘ ਢੀਂਡਸਾ ਨੇ ਜਿਵੇਂ ਹੀ ਕਾਲਜ ਦੀ ਪੜ੍ਹਾਈ ਪੂਰੀ ਕੀਤੀ ਤਾਂ ਉਨ੍ਹਾਂ ਨੂੰ ਜੱਦੀ ਪਿੰਡ ਉਭਾਵਾਲ ਦੇ ਲੋਕਾਂ ਨੇ ਸਰਪੰਚ ਬਣਾ ਦਿੱਤਾ ਸੀ ਅਤੇ ਮਗਰੋਂ ਉਹ ਬਲਾਕ ਸਮਿਤੀ ਮੈਂਬਰ ਵੀ ਰਹੇ। ਰਾਜ ਸਭਾ ਮੈਂਬਰ ਅਤੇ ਕੈਬਨਿਟ ਵਜ਼ੀਰ ਰਹੇ ਬਲਵਿੰਦਰ ਸਿੰਘ ਭੂੰਦੜ, ਜੋ ਹੁਣ ਸ਼੍ਰੋਮਣੀ ਅਕਾਲੀ ਦਲ ਦੇ ਕਾਰਜਕਾਰੀ ਪ੍ਰਧਾਨ ਵੀ ਹਨ, ਆਪਣੇ ਪਿੰਡ ਭੂੰਦੜ ਦੇ 1964 ਤੋਂ 1972 ਤੱਕ ਸਰਪੰਚ ਰਹੇ। ਸੰਸਦ ਮੈਂਬਰ ਸੁਖਜਿੰਦਰ ਸਿੰਘ ਰੰਧਾਵਾ ਦੇ ਪਿਤਾ ਸੰਤੋਖ ਸਿੰਘ ਰੰਧਾਵਾ, ਜੋ ਪੰਚਾਇਤ ਮੰਤਰੀ ਵੀ ਰਹੇ ਸਨ, ਨੇ ਵੀ ਆਪਣਾ ਸਿਆਸੀ ਸਫ਼ਰ ਪਿੰਡ ਧਾਰੋਵਾਲੀ ਦੀ ਸਰਪੰਚੀ ਤੋਂ ਸ਼ੁਰੂ ਕੀਤਾ ਸੀ। ਸੰਤੋਖ ਸਿੰਘ ਰੰਧਾਵਾ ਪੰਜਾਬ ਦੇ ਸਭ ਤੋਂ ਛੋਟੀ ਉਮਰ ਦੇ ਸਰਪੰਚ ਬਣੇ ਸਨ ਅਤੇ ਉਨ੍ਹਾਂ ਨੇ ਪੰਚਾਇਤ ਮੰਤਰੀ ਰਹਿੰਦਿਆਂ ਪੰਚਾਇਤੀ ਰਾਜ ਐਕਟ ਬਣਾਉਣ ਵਿਚ ਯੋਗਦਾਨ ਪਾਇਆ ਸੀ।ਮੌਜੂਦਾ ‘ਆਪ’ ਸਰਕਾਰ ਦੀ ਗੱਲ ਕਰੀਏ ਤਾਂ ਵਿਧਾਨ ਸਭਾ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਵੀ ਸਿਆਸੀ ਸਫ਼ਰ ਪਿੰਡ ਸੰਧਵਾਂ ਦੀ ਸਰਪੰਚੀ ਤੋਂ ਸ਼ੁਰੂ ਕੀਤਾ। ਉਹ 2003-08 ਦੌਰਾਨ ਪਿੰਡ ਦੇ ਸਰਪੰਚ ਰਹੇ। 

          ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਆਪਣੇ ਜੱਦੀ ਪਿੰਡ ਜਗਦੇਵ ਕਲਾਂ ਦੇ ਸਰਪੰਚ ਰਹੇ ਹਨ। ਧਾਲੀਵਾਲ ਨੇ ਕਿਹਾ ਕਿ ਅਸਲ ਵਿਚ ਸਰਪੰਚੀ ਸਿਆਸਤ ਦੀ ਨਰਸਰੀ ਹੈ। ਕੈਬਨਿਟ ਮੰਤਰੀ ਲਾਲ ਚੰਦ ਕਟਾਰੂਚੱਕ ਵੀ ਆਪਣੇ ਜੱਦੀ ਪਿੰਡ ਕਟਾਰੂਚੱਕ ਦੇ ਸਰਪੰਚ ਰਹੇ ਹਨ। ਸ਼੍ਰੋਮਣੀ ਅਕਾਲੀ ਦਲ ਸੁਧਾਰ ਲਹਿਰ ਦੇ ਕਨਵੀਨਰ ਗੁਰਪ੍ਰਤਾਪ ਸਿੰਘ ਵਡਾਲਾ ਵੀ ਸਿਆਸਤ ਦੀ ਪੌੜੀ ਸਰਪੰਚੀ ਦੇ ਡੰਡੇ ਤੋਂ ਚੜ੍ਹੇ ਹਨ। ਪਹਿਲਾਂ ਉਨ੍ਹਾਂ ਦੇ ਪਿਤਾ ਕੁਲਦੀਪ ਸਿੰਘ ਵਡਾਲਾ ਵੀ ਪਿੰਡ ਦੇ ਸਰਪੰਚ ਰਹੇ। ਵਿਧਾਇਕ ਰਹੇ ਇਕਬਾਲ ਸਿੰਘ ਝੂੰਦਾਂ ਆਪਣੇ ਪਿੰਡ ਦੇ ਤਿੰਨ ਵਾਰ ਸਰਪੰਚ ਰਹੇ ਜਦੋਂ ਕਿ ਦੋ ਵਾਰ ਅਕਾਲੀ ਵਿਧਾਇਕ ਰਹੇ ਲਖਵੀਰ ਸਿੰਘ ਲੋਧੀਨੰਗਲ ਛੇ ਵਾਰ ਸਰਪੰਚ ਰਹੇ ਹਨ। ਸਾਬਕਾ ਮੰਤਰੀ ਸਿਕੰਦਰ ਸਿੰਘ ਮਲੂਕਾ ਪਿੰਡ ਮਲੂਕਾ ਦੇ ਸਰਪੰਚ ਰਹੇ ਸਨ। ਜਗਦੇਵ ਸਿੰਘ ਤਲਵੰਡੀ ਵੀ ਆਪਣੇ ਪਿੰਡ ਦੇ ਦਸ ਸਾਲ ਸਰਪੰਚ ਰਹੇ ਸਨ। ਪੰਜਾਬ ਮੰਡੀ ਬੋਰਡ ਦੇ ਚੇਅਰਮੈਨ ਰਹੇ ਹਰਚਰਨ ਸਿੰਘ ਹੀਰੋ, ਜੋ ਪੰਜਾਬ ਕਾਂਗਰਸ ਦੇ ਪ੍ਰਧਾਨ ਵੀ ਰਹੇ ਸਨ, ਨੇ ਵੀ ਆਪਣਾ ਸਫ਼ਰ ਸਰਪੰਚੀ ਤੋਂ ਸ਼ੁਰੂ ਕੀਤਾ ਸੀ।

          ਪੰਚਾਇਤ ਮੰਤਰੀ ਰਹੇ ਬਲਦੇਵ ਸਿੰਘ ਖਿਆਲਾ ਵੀ ਆਪਣੇ ਪਿੰਡ ਖਿਆਲਾ (ਜ਼ਿਲ੍ਹਾ ਮਾਨਸਾ) ਦੇ ਸਰਪੰਚ ਰਹੇ ਸਨ ਅਤੇ ਮਾਨਸਾ ਜ਼ਿਲ੍ਹੇ ਦੇ ਹੀ ਕਾਂਗਰਸ ਸਰਕਾਰ ’ਚ ਵਜ਼ੀਰ ਰਹੇ ਸ਼ੇਰ ਸਿੰਘ ਗਾਗੋਵਾਲ ਨੇ ਵੀ ਸਰਪੰਚੀ ਤੋਂ ਹੀ ਆਪਣਾ ਸਿਆਸੀ ਸਬਕ ਸ਼ੁਰੂ ਕੀਤਾ ਸੀ। ਇਸ ਜ਼ਿਲ੍ਹੇ ਦੇ ਹੀ ਸੰਸਦ ਮੈਂਬਰ ਰਹੇ ਮਰਹੂਮ ਚਤਿੰਨ ਸਿੰਘ ਸਮਾਓ ਵੀ ਪਿੰਡ ਦੇ ਸਰਪੰਚ ਰਹੇ ਸਨ। ਬਠਿੰਡਾ ਜ਼ਿਲ੍ਹੇ ’ਚੋਂ ਸਾਬਕਾ ਮੰਤਰੀ ਹਰਮਿੰਦਰ ਸਿੰਘ ਜੱਸੀ ਨੇ ਵੀ ਆਪਣੇ ਪਿੰਡ ਜੱਸੀ ਬਾਗ ਵਾਲੀ ਦੀ ਸਰਪੰਚੀ ਤੋਂ ਸ਼ੁਰੂਆਤ ਕੀਤੀ ਸੀ। ਸ਼੍ਰੋਮਣੀ ਅਕਾਲੀ ਦਲ ਦੇ ਖ਼ਜ਼ਾਨਚੀ ਅਤੇ ਮੁੱਖ ਸੰਸਦੀ ਸਕੱਤਰ ਰਹੇ ਐੱਨਕੇ ਸ਼ਰਮਾ ਵੀ ਪਿੰਡ ਲੋਹਗੜ੍ਹ ਦੇ ਸਰਪੰਚ ਰਹਿ ਚੁੱਕੇ ਹਨ। ਮਰਹੂਮ ਜਥੇਦਾਰ ਤੋਤਾ ਸਿੰਘ, ਜੋ ਸਿੱਖਿਆ ਮੰਤਰੀ ਰਹੇ, ਵੀ ਆਪਣੇ ਜੱਦੀ ਪਿੰਡ ਦੀਦਾਰ ਸਿੰਘ ਵਾਲਾ ਦੇ ਸਰਪੰਚ ਚੁਣੇ ਗਏ ਸਨ। ਭਾਜਪਾ ਦੇ ਸੀਨੀਅਰ ਆਗੂ ਨਿਧੜਕ ਸਿੰਘ ਬਰਾੜ ਮੁਤਾਬਕ ਜ਼ਰੂਰੀ ਨਹੀਂ ਕਿ ਸਰਪੰਚੀ ਹੀ ਸਿਆਸਤਦਾਨਾਂ ਦੀ ਕਾਮਯਾਬੀ ਦਾ ਆਧਾਰ ਹੋਵੇ। ਸਰਪੰਚੀ ਜ਼ਮੀਨੀ ਹਕੀਕਤ ਜਾਣਨ ’ਚ ਜ਼ਰੂਰ ਸਹਾਈ ਹੁੰਦੀ ਹੈ।

          ਅਕਾਲੀ ਦਲ ਦੇ ਐਕਟਿੰਗ ਪ੍ਰਧਾਨ ਰਹੇ ਉਜਾਗਰ ਸਿੰਘ ਸੇਖਵਾਂ, ਸਾਬਕਾ ਮੰਤਰੀ ਮਰਹੂਮ ਅਜੀਤ ਸਿੰਘ ਕੋਹਾੜ, ਸੀਨੀਅਰ ਅਕਾਲੀ ਆਗੂ ਮਰਹੂਮ ਰਣਜੀਤ ਸਿੰਘ ਬ੍ਰਹਮਪੁਰਾ, ਦੋ ਵਾਰ ਵਿਧਾਇਕ ਰਹੇ ਮੋਹਨ ਲਾਲ ਬਹਿਰਾਮ, ਸਾਬਕਾ ਵਿਧਾਇਕ ਅਜੀਤਇੰਦਰ ਸਿੰਘ ਮੋਫਰ ਤੋਂ ਇਲਾਵਾ ਮਲਕੀਤ ਸਿੰਘ ਕੀਤੂ ਵੀ ਆਪੋ ਆਪਣੇ ਪਿੰਡਾਂ ਦੇ ਸਰਪੰਚ ਰਹੇ ਸਨ। ਮੌਜੂਦਾ ‘ਆਪ’ ਵਿਧਾਇਕ ਗੁਰਪ੍ਰੀਤ ਸਿੰਘ ਵਣਾਂਵਾਲੀ ਦੇ ਪਿਤਾ ਵੀ ਪਿੰਡ ਦੇ ਸਰਬਸੰਮਤੀ ਨਾਲ ਸਰਪੰਚ ਰਹੇ ਹਨ।

Wednesday, November 27, 2019

                    ‘ਸਿੰਗਲ ਮੈਨ ਆਰਮੀ’ 
        ਸਰਪੰਚ ਨੇ ਤਸਕਰ ਵਾਹਣੀ ਪਾਏ
                         ਚਰਨਜੀਤ ਭੁੱਲਰ
ਬਠਿੰਡਾ : ਮਾਨਸਾ ਜ਼ਿਲ੍ਹੇ ਦੇ ਪਿੰਡ ਬਹਿਣੀਵਾਲ ਦਾ ਦਲਿਤ ਸਰਪੰਚ ‘ਸਿੰਗਲ ਮੈਨ ਆਰਮੀ’ ਹੈ ਜਿਸ ਨੇ ਨਸ਼ਾ ਤਸਕਰ ਵਾਹਣੀ ਪਾ ਲਏ ਹਨ। ਸਰਪੰਚ ਗੁਰਜੰਟ ਸਿੰਘ ਸਾਬਕਾ ਫੌਜੀ ਹੈ ਜੋ ਨਸ਼ਿਆਂ ਖਿਲਾਫ ਇਕੱਲਾ ਮੋਰਚੇ ’ਤੇ ਡਟਿਆ ਹੈ। ਸਮੁੱਚੀ ਪੰਚਾਇਤ ਸਾਬਕਾ ਫੌਜੀ ਦੀ ਪਿੱਠ ’ਤੇ ਖੜ੍ਹੀ ਹੈ ਜਦੋਂ ਕਿ ਪਿੰਡ ਦਾ ਥਾਪੜਾ ਹੈ। ਜਦੋਂ ਪਿੰਡ ਦੀ ਸਰਪੰਚੀ ਰਾਖਵੀਂ ਹੋ ਗਈ ਤਾਂ ਮੋਹਤਬਾਰਾਂ ਨੇ ਸਾਬਕਾ ਫੌਜੀ ਗੁਰਜੰਟ ਸਿੰਘ ਨੂੰ ਉਮੀਦਵਾਰੀ ਲਈ ਰਜਾਮੰਦ ਕੀਤਾ। ਦੋ ਲੱਖ ਰੁਪਏ ਲੋਕਾਂ ਨੇ ਪੱਲਿਓ ਦਿੱਤੇ। ਚੋਣਾਂ ’ਚ ਨਾ ਨਸ਼ਾ ਵੰਡਿਆ ਤੇ ਨਾ ਹੀ ਪੈਸਾ। ਬਹਿਣੀਵਾਲ ਪਿੰਡ ਦੀ ਕਰੀਬ 2850 ਵੋਟ ਹੈ ਅਤੇ ਨੌ ਮੈਂਬਰੀ ਪੰਚਾਇਤ ਹੈ। ਅਰਸਾ ਪਹਿਲਾਂ ਸਰਪੰਚ ਦੇ ਦੋ ਚਚੇਰੇ ਭਰਾ ਨਸ਼ੇ ’ਚ ਜਾਨ ਗੁਆ ਬੈਠੇ। ਗੁਰਜੰਟ ਸਿੰਘ ਨੇ ਗੋਦ ਲਏ ਪੁੱਤਰ ਅਮਰਿੰਦਰ ਨੂੰ ਇਹ ਹਵਾ ਤੋਂ ਬਚਾਉਣ ਲਈ ਬਠਿੰਡਾ ਰਿਹਾਇਸ਼ ਕਰ ਲਈ। ਜਦੋਂ ਹੁਣ ਲੋਕਾਂ ਨੇ ਸਾਬਕਾ ਫੌਜੀ ਨੂੰ ਪਿੰਡ ਦਾ ਮੁਖੀਆ ਥਾਪ ਦਿੱਤਾ ਤਾਂ ਉਸ ਨੇ ਨਸ਼ਾ ਤਸਕਰਾਂ ਨੂੰ ਲਲਕਾਰ ਮਾਰੀ। ਤਿੰਨ ਨਸ਼ਾ ਤਸਕਰ ਪਿਛਲੇ ਸਮੇਂ ਦੌਰਾਨ ਉਸ ਨੇ ਜੇਲ੍ਹ ਭਿਜਵਾਏ ਹਨ। ਕਰੀਬ ਇੱਕ ਦਰਜਨ ਨਸ਼ਾ ਤਸਕਰਾਂ ਨੇ ਸਰਪੰਚ ਅੱਗੇ ਤਸਕਰੀ ਤੋਂ ਤੌਬਾ ਕਰ ਲਈ ਹੈ। ਸਰਪੰਚ ਗੁਰਜੰਟ ਸਿੰਘ ਨੇ ਘਰੋ ਘਰੀ ਜਾ ਕੇ ਨਸ਼ਿਆਂ ਖਿਲਾਫ ਪ੍ਰਚਾਰ ਕੀਤਾ ਅਤੇ ਨੰਗਾ ਚਿੱਟਾ ਐਲਾਨ ਕੀਤਾ ਕਿ ਉਹ ਨਸ਼ਾ ਬਰਦਾਸ਼ਿਤ ਨਹੀਂ ਕਰੇਗਾ। ਪੁਲੀਸ ਪਿਛੇ ਹਟੀ ਤਾਂ ਖੁਦ ਟੱਕਰੇਗਾ।
                ਪਹਿਲੀ ਅਪਰੈਲ ਤੋਂ ਸ਼ਰਾਬ ਦਾ ਠੇਕਾ ਪਿੰਡੋਂ ਬਾਹਰ ਚਲਾ ਜਾਵੇਗਾ। ਸਰਪੰਚ ਗੁਰਜੰਟ ਸਿੰਘ ਆਖਦਾ ਹੈ ਕਿ ਉਸ ਨੇ ਪਹਿਲਾਂ ਖੁਦ ਸ਼ਰਾਬ ਨੂੰ ਹੱਥ ਲਾਉਣਾ ਬੰਦ ਕੀਤਾ। ਐਸ.ਐਸ.ਪੀ ਮਾਨਸਾ ਡਾ.ਨਰਿੰਦਰ ਭਾਰਗਵ ਖੁਦ ਇਸ ਸਰਪੰਚ ਨੂੰ ਹੱਲਾਸ਼ੇਰੀ ਦੇਣ ਲਈ ਪਿੰਡ ਬਹਿਣੀਵਾਲ ਪਹੁੰਚੇ। ਸਰਪੰਚ ਆਖਦਾ ਹੈ ਕਿ ਬਹਿਣੀਵਾਲ ’ਚ ਨਸ਼ਾ ਰਹੇਗਾ ਜਾਂ ਫਿਰ ਸਰਪੰਚ।ਬਹਿਣੀਵਾਲ ਦੀ ਮਹਿਲਾ ਨੰਬਰਦਾਰ ਸਿਮਰਜੀਤ ਕੌਰ ਦੱਸਦੀ ਹੈ ਕਿ ਮੌਜੂਦਾ ਸਰਪੰਚ ਨੇ ਕਿੰਨੀਆਂ ਧੀਆਂ ਭੈਣਾਂ ਦੇ ਘਰੇਲੂ ਝਗੜੇ ਰਜਾਮੰਦੀ ਨਾਲ ਸਿਰੇ ਲਾ ਦਿੱਤੇ ਹਨ। ਜਲਦੀ ਕੋਈ ਮਾਮਲਾ ਹੁਣ ਪੁਲੀਸ ’ਚ ਨਹੀਂ ਜਾਂਦਾ। ਜਾਣਕਾਰੀ ਅਨੁਸਾਰ ਵੱਡੀ ਗੱਲ ਇਹ ਕਿ ਸਾਬਕਾ ਫੌਜੀ ਨੇ ਪਿੰਡ ਦੇ ਸ਼ਹੀਦ ਫੌਜੀਆਂ ਅਤੇ ਸਾਬਕਾ ਸੈਨਿਕਾਂ ਦੀ ਯਾਦ ਤਾਜਾ ਕਰ ਦਿੱਤੀ ਹੈ। ਪਹਿਲੀ ਸੰਸਾਰ ਜੰਗ ’ਚ ਕੁੱਦੇ ਸੂਬੇਦਾਰ ਮੇਜਰ ਕਿਸ਼ਨ ਸਿੰਘ ਦੀ ਯਾਦ ਵਿਚ ਚੌਂਕ ਦਾ ਨਾਮਕਰਨ ਕੀਤਾ ਹੈ ਜਿਸ ਨੇ ਬੰਗਲੇ ਨੂੰ ਲੱਗੀ ਅੱਗ ਦੌਰਾਨ ਅੰਗਰੇਜ ਦੇ ਬੱਚਿਆਂ ਨੂੰ ਬਚਾਇਆ ਸੀ। ਕਿਸ਼ਨ ਸਿੰਘ ਨੂੰ ‘ਸਰਦਾਰ ਬਹਾਦਰ’ ਦਾ ਖਿਤਾਬ ਮਿਲਿਆ ਸੀ।
       ਏਸ਼ੀਅਨ ਗੋਲਡ ਮੈਡਲਿਸਟ ਸੂਬੇਦਾਰ ਗੋਬਿੰਦ ਸਿੰਘ ਦੀ ਯਾਦ ਨੂੰ ਵੀ ਇੱਕ ਹੋਰ ਚੌਂਕ ਤਾਜਾ ਕਰਦਾ ਹੈ। ਸੂਬੇਦਾਰ ਮੇਜਰ ਹੰਸਾ ਸਿੰਘ ਦੀ ਯਾਦ ਵਿਚ ਇੱਕ ਚੌਂਕ ਬਣਿਆ ਹੈ। ਪਿੰਡ ਦੀਆਂ ਗਲੀਆਂ ਦੇ ਨਾਮ ਸਾਬਕਾ ਫੌਜੀਆਂ ਦੇ ਨਾਵਾਂ ’ਤੇ ਰੱਖੇ ਗਏ ਹਨ। ਜਿਵੇਂ ਜੰਗ ਸਿੰਘ ਵਾਲੀ ਗਲੀ, ਸੌਦਾਗਰ ਸਿੰਘ ਵਾਲੀ ਗਲੀ ਆਦਿ। ਇੱਕ ਗਲੀ ਦਾ ਨਾਮ ਮਾਸਟਰ ਮਿਠੂ ਸਿੰਘ ਦੇ ਨਾਮ ’ਤੇ ਰੱਖਿਆ ਹੈ। ਬਹਿਣੀਵਾਲ ਦੇ ਸ਼ਹੀਦ ਭਗਤ ਸਿੰਘ ਸਪੋਰਟਸ ਕਲੱਬ ਦੇ ਜਨਰਲ ਸਕੱਤਰ ਕੁਲਵਿੰਦਰ ਸਿੰਘ ਮਾਨ ਦਾ ਕਹਿਣਾ ਸੀ ਕਿ ਸਰਪੰਚ ਹੱਕ ਸੱਚ ’ਤੇ ਪਹਿਰਾ ਦੇ ਰਿਹਾ ਹੈ ਜਿਸ ਕਰਕੇ ਹੁਣ 80 ਫੀਸਦੀ ਮਾਮਲੇ ਪਿੰਡ ਵਿਚ ਹੀ ਨਿਪਟ ਜਾਂਦੇ ਹਨ। ਬਠਿੰਡਾ ਤੋਂ ਰੋਜ਼ਾਨਾ ਪਿੰਡ ਆ ਕੇ ਰੈਗੂਲਰ ਵਿਕਾਸ ਕੰਮ ਕਰਾ ਰਿਹਾ ਹੈ।
             ਉਹ ਦੱਸਦਾ ਹੈ ਕਿ ਪਿੰਡ ਚੋਂ ਹੱਡਾ ਰੋੜੀ ਬਾਹਰ ਕੱਢੀ ਜਾਵੇਗੀ। ਜਦੋਂ ਸਰਪੰਚ ਨੂੰ ਪੁੱਛਿਆ ਕਿ ਤਸਕਰਾਂ ਤੋਂ ਡਰ ਨਹੀਂ ਲੱਗਦਾ, ਉਸ ਦਾ ਜੁਆਬ ਸੀ, ‘ਸੱਚੇ ਮਾਰਗ ਚੱਲਦਿਆ…..।’ ਪੰਚਾਇਤ ਮੈਂਬਰ ਜੁਗਰਾਜ ਸਿੰਘ ਦੱਸਦਾ ਹੈ ਕਿ ਸਰਪੰਚ ਨੇ ਤਾਂ ਭੁੱਲੇ ਵਿਰਸੇ ਬਜ਼ੁਰਗ ਫੌਜੀ ਪਿੰਡ ਨੂੰ ਯਾਦ ਕਰਾ ਦਿੱਤੇ ਹਨ। ਸਕੂਲ ਵਿਚ ਪਾਰਕ ਬਣਾਇਆ ਜਾ ਰਿਹਾ ਹੈ ਅਤੇ ਨਸ਼ੇ ਦੇ ਵਿਰੁਧ ਡਟਣ ਕਰਕੇ ਪਿੰਡ ਸਾਥ ਦੇ ਰਿਹਾ ਹੈ। ਪਤਾ ਲੱਗਾ ਹੈ ਕਿ ਕੁਝ ਵੱਡੇ ਲੋਕਾਂ ਨੂੰ ਸਰਪੰਚ ਹਜ਼ਮ ਵੀ ਨਹੀਂ ਹੋ ਰਿਹਾ ਹੈ। ਸ਼ਹੀਦ ਭਗਤ ਸਿੰਘ ਨਸ਼ਾ ਵਿਰੋਧੀ ਮੰਚ ਦੇ ਮੇਜਰ ਸਿੰਘ ਕਮਾਲੂ ਵੀ ਪਿੰਡ ਬਹਿਣੀਵਾਲ ਵਿਚ ਗਏ ਹਨ ਅਤੇ ਇੱਕ ਪ੍ਰੋਗਰਾਮ ਵੀ ਨਸ਼ਿਆਂ ਖਿਲਾਫ ਕਰਾਇਆ ਹੈ।
                       ਦਲਿਤ ਸਰਪੰਚ ਦਾ ਅਨੋਖਾ ਐਲਾਨ
ਸਰਪੰਚ ਗੁਰਜੰਟ ਸਿੰਘ ਨੇ ਵੱਖਰਾ ਐਲਾਨ ਕੀਤਾ ਹੈ ਕਿ ਉਹ ਢਾਈ ਵਰ੍ਹਿਆਂ ਦੇ ਕਾਰਜਕਾਲ ਮਗਰੋਂ ਸਮੁੱਚੇ ਪਿੰਡ ਦਾ ਇਕੱਠ ਕਰੇਗਾ। ਆਪਣੇ ਸਾਰੇ ਕੰਮਾਂ ਦਾ ਵੇਰਵਾ ਲੋਕਾਂ ਵਿਚ ਰੱਖੇਗਾ। ਉੁਹ ਆਖਦਾ ਹੈ ਕਿ ਅਗਰ ਲੋਕਾਂ ਨੂੰ ਉਸ ਦੇ ਕੰਮ ਪਸੰਦ ਨਾ ਹੋਏ ਤਾਂ ਉਹ ਸਰਪੰਚੀ ਛੱਡ ਦੇਵੇਗਾ ਅਤੇ ਨਵੇਂ ਸਰਪੰਚ ਨੂੰ ਮੌਕਾ ਦੇਵੇਗਾ। ਪੰਚਾਇਤੀ ਲੋਕ ਰਾਜ ਵਿਚ ਇਹ ਇੱਕ ਨਵਾਂ ਤਜ਼ਰਬਾ ਹੈ ਅਤੇ ਕਈ ਪੱਛਮੀ ਮੁਲਕਾਂ ਵਿਚ ਇਸ ਤਰ੍ਹਾਂ ਦਾ ‘ਰੀਕਾਲ ਸਿਸਟਮ’ ਮੌਜੂਦ ਹੈ।
   






Thursday, January 3, 2019

                          ਮਹਿਲਾ ਸਰਪੰਚ
        ਸਿਆਸੀ ਵਗਾਰਾਂ ਦਾ ਦੁੱਖ ਤੋੜਿਆ
                           ਚਰਨਜੀਤ ਭੁੱਲਰ
ਬਠਿੰਡਾ : ਪਿੰਡ ਸੁੱਖਾ ਸਿੰਘ ਵਾਲਾ ਦੀ ਨਵੀਂ ਮਹਿਲਾ ਸਰਪੰਚ ਨੇ ਸਿਆਸੀ ਵਗਾਰਾਂ ਨੂੰ ਚੁਣੌਤੀ ਦੇ ਕੇ ਸਮੁੱਚੇ ਪਿੰਡ ਤੋਂ ਸਿਆਸੀ ਬੋਝ ਲਾਹੁਣ ਦਾ ਫ਼ੈਸਲਾ ਕੀਤਾ ਹੈ। ਨਵੀਂ ਚੁਣੀ ਮਹਿਲਾ ਸਰਪੰਚ ਜਸਪਾਲ ਕੌਰ ਨੇ ਐਲਾਨ ਕੀਤਾ ਹੈ ਕਿ ਪੰਚਾਇਤ ਕਿਸੇ ਵੀ ਸਿਆਸੀ ਰੈਲੀ ਵਿਚ ਲੋਕਾਂ ਨੂੰ ਨਹੀਂ ਲੈ ਕੇ ਜਾਏਗੀ ਅਤੇ ਨਾ ਹੀ ਸਿਆਸੀ ਧਿਰਾਂ ਦੀਆਂ ਰੈਲੀਆਂ ਵਾਸਤੇ ਬੱਸਾਂ ਵਿਚ ਚੜ੍ਹਨ ਲਈ ਕਿਸੇ ਵੀ ਪਿੰਡ ਵਾਸੀ ਨੂੰ ਆਖੇਗੀ। ਸਮੁੱਚੀ ਪੰਚਾਇਤ ਦੀ ਹਾਜ਼ਰੀ ਵਿਚ ਮਹਿਲਾ ਸਰਪੰਚ ਨੇ ਆਖਿਆ ਕਿ ਉਹ ਪੰਚਾਇਤ ਨੂੰ ਹਰ ਤਰ੍ਹਾਂ ਦੀ ਵਗਾਰ ਤੋਂ ਮੁਕਤ ਕਰਨਗੇ। ਜੋ ਵਗਾਰਾਂ ਦਾ ਦਾਗ਼ ਸਰਪੰਚਾਂ ਦੇ ਮੱਥੇ ’ਤੇ ਲੱਗਦਾ ਹੈ, ਉਸ ਨੂੰ ਧੋਣ ਲਈ ਮੁਹਿੰਮ ਵੀ ਵਿੱਢੀ ਜਾਵੇਗੀ। ਪਿੰਡ ਸੁੱਖਾ ਸਿੰਘ ਵਾਲਾ ਨੂੰ ਪਿੰਡ ਦੇ ਨੌਜਵਾਨਾਂ ਨੇ ਪਹਿਚਾਣ ਦਿੱਤੀ ਹੈ ਜਿਨ੍ਹਾਂ ਨੇ ਸਮੁੱਚੇ ਪਿੰਡ ਨੂੰ ਸਫ਼ੈਦ ਰੰਗ ਕਰਕੇ ਅਤੇ ਸਾਫ਼ ਸੁਥਰਾ ਬਣਾ ਕੇ ਸਵੱਛ ਪਿੰਡ ਹੋਣ ਦਾ ਖ਼ਿਤਾਬ ਜਿੱਤਿਆ ਹੈ। ਇਕਲੌਤਾ ਪਿੰਡ ਹੋਵੇਗਾ ਜਿਸ ਦੇ ਟੋਭੇ ਵਿਚ ਕਿਸ਼ਤੀਆਂ ਚੱਲਦੀਆਂ ਹਨ। ਪਿੰਡ ਵਿਚ ਕਰੀਬ 200 ਘਰ ਹਨ ਅਤੇ 636 ਵੋਟਾਂ ਹਨ। ਮਹਿਲਾ ਸਰਪੰਚ ਜਸਪਾਲ ਕੌਰ ਨੇ ਆਪਣੀ ਵਿਰੋਧੀ ਕਾਂਗਰਸ ਦੀ ਉਮੀਦਵਾਰ ਨੂੰ ਹਰਾਇਆ ਹੈ। ਮਹਿਲਾ ਸਰਪੰਚ ਦਾ ਪਤੀ ਹਰਦੀਪ ਸਿੰਘ ਪਿੰਡ ਦੇ ਵਿਕਾਸ ਵਿਚ ਯੋਗਦਾਨ ਪਾਉਣ ਵਿਚ ਮੋਹਰੀ ਰਿਹਾ ਹੈ ਅਤੇ ਉਸ ਨੇ ਇੱਥੋਂ ਤੱਕ ਕਿ ਪਿੰਡ ਦੀਆਂ ਨਾਲੀਆਂ ਦੀ ਸਫ਼ਾਈ ਵੀ ਖੁਦ ਕੀਤੀ ਹੈ।
                 ਪੰਚਾਇਤ ਮੈਂਬਰਾਂ ਵਿਚ ਜਸਵੀਰ ਸਿੰਘ,ਕਰਮਜੀਤ ਸਿੰਘ,ਜੀਤਾ ਰਾਮ,ਗੁਰਮੇਲ ਕੌਰ  ਅਤੇ ਵੀਰਦਾਸ ਸ਼ਾਮਿਲ ਹਨ ਜਿਨ੍ਹਾਂ ਨੇ ਮਹਿਲਾ ਸਰਪੰਚ ਨੂੰ ਪੂਰਨ ਹਮਾਇਤ ਦਿੱਤੀ ਹੈ। ਮਹਿਲਾ ਸਰਪੰਚ ਨੇ ਜਿੱਤਣ ਮਗਰੋਂ ਐਲਾਨ ਕੀਤਾ ਹੈ ਕਿ ਅੱਜ ਤੋਂ ਪੰਚਾਇਤ ਕਿਸੇ ਵੀ ਸਿਆਸੀ ਰੈਲੀ ਵਿਚ ਲੋਕਾਂ ਨੂੰ ਨਹੀਂ ਲੈ ਕੇ ਜਾਵੇਗੀ। ਲੋਕ ਆਪਣੀ ਮਰਜ਼ੀ ਨਾਲ ਜਾ ਸਕਦੇ ਹਨ ਪ੍ਰੰਤੂ ਪੰਚਾਇਤ ਕਿਸੇ ਨੂੰ ਜਾਣ ਲਈ ਨਹੀਂ ਆਖੇਗੀ। ਸਰਪੰਚ ਨੇ ਦੱਸਿਆ ਕਿ ਪੰਚਾਇਤ ਨਾ ਕਿਸੇ ਵੀ ਤਰ੍ਹਾਂ ਦੀ ਵਗਾਰ ਲਏਗੀ ਅਤੇ ਨਾ ਹੀ ਕਿਸੇ ਅਧਿਕਾਰੀ ਜਾਂ ਸਿਆਸੀ ਵਿਅਕਤੀ ਨੂੰ ਵਗਾਰ ਦੇਵੇਗੀ। ਮਹਿਲਾ ਸਰਪੰਚ ਨੇ ਦ੍ਰਿੜ੍ਹਤਾ ਨਾਲ ਆਖਿਆ ਕਿ ਉਹ ਪਿੰਡ ਨੂੰ ਸਿਆਸੀ ਧੜੇਬੰਦੀ ਤੋਂ ਮੁਕਤ ਕਰਨਾ ਚਾਹੁੰਦੀ ਹੈ ਅਤੇ ਲੋਕਾਂ ਵਿਚ ਪਈਆਂ ਲਕੀਰਾਂ ਨੂੰ ਮੇਟਣਾ ਚਾਹੁੰਦੀ ਹੈ। ਭਾਈਚਾਰਕ ਸਾਂਝ ਨੂੰ ਮਜ਼ਬੂਤ ਕਰਨਾ ਉਸ ਦੀ ਤਰਜੀਹ ਹੋਵੇਗੀ।  ਪੰਚਾਇਤ ਨੇ ਫ਼ੈਸਲਾ ਕੀਤਾ ਹੈ ਕਿ ਕਿਸੇ ਵੀ ਸਿਆਸੀ ਧਿਰ ਦਾ ਕੋਈ ਵੀ ਆਗੂ ਜਦੋਂ ਪਿੰਡ ਵਿਚ ਆਵੇਗਾ ਤਾਂ ਉਸ ਦਾ ਸਤਿਕਾਰ ਤੇ ਸਨਮਾਨ ਪੰਚਾਇਤ ਤਰਫ਼ੋਂ ਕੀਤਾ ਜਾਵੇਗਾ। ਪੰਚਾਇਤ ਪਿੰਡ ਦੇ ਵਿਕਾਸ ਲਈ ਹਰ ਸਿਆਸੀ ਨੇਤਾ ਕੋਲ ਜਾਏਗੀ।
                  ਦੱਸਣਯੋਗ ਹੈ ਕਿ ਇਸ ਪਿੰਡ ਵਿਚ ਸ਼ਰਾਬ ਦਾ ਠੇਕਾ ਨਹੀਂ ਹੈ ਅਤੇ ਪਿੰਡ ਨੂੰ ਨਸ਼ਾ ਮੁਕਤ ਕਰਨ ਦਾ ਫ਼ੈਸਲਾ ਵੀ ਪੰਚਾਇਤ ਨੇ ਕੀਤਾ ਹੈ। ਪੰਚਾਇਤ ਨੇ ਦੱਸਿਆ ਕਿ ਉਹ ਪਿੰਡ ਦਾ ਕੋਈ ਝਗੜਾ ਥਾਣੇ ਕਚਹਿਰੀ ਨਹੀਂ ਜਾਣ ਦੇਣਗੇ। ਜਦੋਂ ਪੰਚਾਇਤ ਦੇ ਵਿੱਤੋਂ ਬਾਹਰੀ ਗੱਲ ਹੋ ਗਈ ਤਾਂ ਕੋਈ ਵੀ ਅਗਲਾ ਕਦਮ ਚੁੱਕ ਸਕਦਾ ਹੈ। ਪੰਚਾਇਤ ਨੂੰ ਬਿਨਾਂ ਪੁੱਛੇ ਕੋਈ ਵੀ ਵਿਅਕਤੀ ਸਿੱਧਾ ਥਾਣੇ ਰਪਟ ਲਿਖਾਏਗਾ ਤਾਂ ਪੰਚਾਇਤ ਉਸ ਦਾ ਬਿਲਕੁਲ ਸਾਥ ਨਹੀਂ ਦੇਵੇਗੀ। ਮਹਿਲਾ ਸਰਪੰਚ ਨੇ ਆਖਿਆ ਕਿ ਉਹ ਪਿੰਡ ਦੀਆਂ ਅੌਰਤਾਂ ਨੂੰ ਹਰ ਕੰਮ ਵਿਚ ਅੱਗੇ ਲਾਏਗੀ ਤਾਂ ਜੋ ਉਹ ਫ਼ੈਸਲੇ ਕਰਨ ਵਿਚ ਸਮਰੱਥ ਹੋ ਸਕਣ। ਪੰਚਾਇਤ ਨੇ ਪਿੰਡ ਦੇ ਸਰਕਾਰੀ ਸਕੂਲ ਵਿਚ ਸਹੁੰ ਚੁੱਕਣ ਤੋਂ ਪਹਿਲਾਂ ਹੀ ਵਿਕਾਸ ਕੰਮ ਸ਼ੁਰੂ ਕਰਾ ਦਿੱਤਾ ਹੈ। ਪਿੰਡ ਦੀਆਂ ਬਾਹਰੀ ਬਸਤੀਆਂ ਨੂੰ ਹੁਣ ਦਿੱਖ ਦੇਣ ਨੂੰ ਪੰਚਾਇਤ ਨੇ ਏਜੰਡੇ ’ਤੇ ਰੱਖਿਆ ਹੈ। ਵੱਡੀ ਸਮੱਸਿਆ ਨਿਕਾਸ ਦੀ ਹੈ ਜਿਸ ਦੇ ਹੱਲ ਲਈ ਕੰਮ ਬਾਜ਼ੀਗਰ ਬਸਤੀ ਤੋਂ ਸ਼ੁਰੂ ਕੀਤਾ ਜਾਣਾ ਹੈ। ਦੱਸਣਯੋਗ ਹੈ ਕਿ ਜ਼ਿਲ੍ਹਾ ਅਧਿਕਾਰੀ ਪਿੰਡ ਦੇ ਨੌਜਵਾਨਾਂ ਦੇ ਉੱਦਮ ਨੂੰ ਦੇਖਣ ਲਈ ਪਿੰਡ ਸੁੱਖਾ ਸਿੰਘ ਵਾਲਾ ਦਾ ਕਈ ਵਾਰ ਗੇੜਾ ਮਾਰ ਚੁੱਕੇ ਹਨ। ਹੁਣ ਨਵੀਂ ਪੰਚਾਇਤ ਨੇ ਨਵੀਆਂ ਪੈੜਾਂ ਪਾਉਣ ਦਾ ਫ਼ੈਸਲਾ ਕੀਤਾ ਹੈ।



Sunday, January 14, 2018

                        ਤੇਰਾ ਕੌਣ ਵਿਚਾਰਾ..
     ਬਾਦਲ ਦੇ ਸਹੁਰੇ ਪਿੰਡ ਦੇ ਹੋਣਗੇ ਟੋਟੇ !
                           ਚਰਨਜੀਤ ਭੁੱਲਰ
ਬਠਿੰਡਾ : ਪਹਿਲਾਂ ਪ੍ਰਕਾਸ਼ ਸਿੰਘ ਬਾਦਲ ਨੇ ਆਪਣੇ ਸਾਲਿਆਂ ਨੂੰ ਖੁਸ਼ ਕਰਨ ਲਈ ਆਪਣੇ ਸਹੁਰੇ ਪਿੰਡ ਚੱਕ ਫਤਹਿ ਸਿੰਘ ਵਾਲਾ ਦੇ ਦੋ ਟੋਟੇ ਕਰ ਦਿੱਤੇ ਸਨ, ਹੁਣ ਕੈਪਟਨ ਹਕੂਮਤ ਉਸੇ ਰਾਹ ’ਤੇ ਪੈ ਗਈ ਹੈ। ਬਠਿੰਡਾ ਦਾ ਚੱਕ ਫਤਹਿ ਸਿੰਘ ਵਾਲਾ ਬਹੁਤਾ ਵੱਡਾ ਪਿੰਡ ਨਹੀਂ ਹੈ। ਉਂਜ, ਬਾਦਲ ਦਾ ਸਹੁਰਾ ਪਿੰਡ ਹੋਣ ਕਰਕੇ ‘ਛੋਟਾ’ ਵੀ ਨਹੀਂ। ਪਿਛੇ ਝਾਤ ਮਾਰੀਏ ਤਾਂ ਵਰ੍ਹਾ 1998 ’ਚ ਤਤਕਾਲੀ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਆਪਣੇ ਦੋ ਸਾਲਿ਼ਆਂ ਨੂੰ ਸਰਪੰਚ ਬਣਾਉਣ ਲਈ ਰਾਤੋਂ ਰਾਤ ਪਿੰਡ ਚੱਕ ਫ਼ਤਿਹ ਸਿੰਘ ਵਾਲਾ ਚੋਂ ਇੱਕ ਨਵੀਂ ਪੰਚਾਇਤ ਭਾਈ ਹਰਜੋਗਿੰਦਰ ਨਗਰ ਬਣਾ ਦਿੱਤੀ ਸੀ। ਦੋਹਾਂ ਪੰਚਾਇਤਾਂ ’ਤੇ ਬਾਦਲ ਦੇ ਰਿਸ਼ਤੇਦਾਰ ਕਾਬਜ਼ ਹੋਏ ਸਨ। ਉਦੋਂ ਇਸ ਗੱਲ ਦੇ ਕਾਫ਼ੀ ਸਿਆਸੀ ਚਰਚੇ ਹੋਏ ਸਨ। ਕਾਂਗਰਸ ਸਰਕਾਰ ਹੁਣ ਚੱਕ ਫ਼ਤਿਹ ਸਿੰਘ ਵਾਲਾ ਚੋਂ ਇੱਕ ਹੋਰ ਨਵੀਂ ਪੰਚਾਇਤ ਬਣਾਉਣ ਦੀ ਤਿਆਰੀ ’ਚ ਹੈ। ਭਾਵੇਂ ਹੁਣ ਚੱਕ ਫ਼ਤਿਹ ਸਿੰਘ ਵਾਲਾ ਦੀ ਮੌਜੂਦਾ ਪੰਚਾਇਤ ਨੇ ਮਤਾ ਪਾਸ ਕਰਕੇ ਸਹਿਮਤੀ ਦਿੱਤੀ ਹੈ ਪ੍ਰੰਤੂ ਮਹਿਲਾ ਸਰਪੰਚ ਹਰਦੀਪ ਕੌਰ ਦਾ ਕਹਿਣਾ ਸੀ ਕਿ ਉਹ ਇਸ ਹੱਕ ’ਚ ਨਹੀਂ ਕਿ ਪਿੰਡ ਚੋਂ ਇੱਕ ਹੋਰ ਨਵੀਂ ਪੰਚਾਇਤ ਬਣੇ, ਇਸ ਨਾਲ ਧੜੇਬੰਦੀ ਵਧੇਗੀ।
                 ਪੰਚਾਇਤ ਮੈਂਬਰਾਂ ਸਮੇਤ ਕਈ ਮੋਹਤਬਾਰ ਲੋਕਾਂ ਨੇ ਡਿਪਟੀ ਕਮਿਸ਼ਨਰ ਨੂੰ ਦਰਖਾਸਤ ਦੇ ਮੰਗ ਕੀਤੀ ਹੈ ਕਿ ਪਿੰਡ ਨੂੰ ਹੋਰ ਟੋਟੇ ਨਾ ਕੀਤਾ ਜਾਵੇ। ਮਤਲਬ ਕਿ ਨਵੀਂ ਪੰਚਾਇਤ ਨਾ ਬਣੇ। ਪੰਚਾਇਤ ਮੈਂਬਰ ਬੂਟਾ ਸਿੰਘ ਆਖਦਾ ਹੈ ਕਿ ਚੱਕ ਬਖਤੂ ਰੋਡ ’ਤੇ ਕੁਝ ਆਬਾਦੀ ਹੈ ਜੋ ਅਲੱਗ ਪੰਚਾਇਤ ਬਣਾਉਣਾ ਚਾਹੁੰਦੀ ਹੈ। ਸਾਬਕਾ ਪੰਚਾਇਤ ਮੈਂਬਰ ਗੁਰਜੀਤ ਮਾਨ ਦਾ ਕਹਿਣਾ ਸੀ ਕਿ ਪਹਿਲੋਂ ਪਿੰਡ ਨੂੰ ਦੋ ਟੋਟਿਆਂ ਵਿਚ ਵੰਡ ਦਿੱਤਾ ਗਿਆ ਸੀ ਅਤੇ ਹੁਣ ਉਹ ਹੋਰ ਟੋਟਾ ਨਹੀਂ ਹੋਣ ਦੇਣਗੇ। ਉਹ ਇਸ ਮਾਮਲੇ ਤੇ ਹਲਕਾ ਵਿਧਾਇਕ ਪ੍ਰੀਤਮ ਕੋਟਭਾਈ ਤੇ ਡਿਪਟੀ ਕਮਿਸ਼ਨਰ ਨੂੰ ਵੀ ਮਿਲੇ ਸਨ ਕਿ ਨਵਾਂ ਪਿੰਡ ਨਾ ਬਣਾਇਆ ਜਾਵੇ। ਉਨ੍ਹਾਂ ਤਰਕ ਦਿੱਤਾ ਕਿ ਜਦੋਂ ਚੱਕ ਫ਼ਤਿਹ ਸਿੰਘ ਵਾਲਾ ਚੋਂ ਜੋ ਭਾਈ ਹਰਜੋਗਿੰਦਰ ਨਗਰ ਪੰਚਾਇਤ ਬਣੀ ਸੀ, ਉਸ ਨੂੰ ਕੋਈ ਜ਼ਮੀਨ ਨਹੀਂ ਦਿੱਤੀ ਗਈ ਸੀ। ਹੁਣ ਨਵੀਂ ਪੰਚਾਇਤ ਬਣੀ ਤਾਂ ਕੋਈ ਵਿਕਾਸ ਨਹੀਂ ਹੋਣਾ ਕਿਉਂਕਿ ਉਨ੍ਹਾਂ ਦੇ ਹਿੱਸੇ ਤਾਂ ਸ਼ਮਸ਼ਾਨਘਾਟ ਵੀ ਨਹੀਂ ਆਉਣਾ। ਪੰਚਾਇਤ ਮੈਂਬਰ ਮੱਖਣ ਸਿੰਘ ਦਾ ਕਹਿਣਾ ਸੀ ਕਿ ਪਿੰਡ ਦਾ ਹੋਰ ਟੋਟਾ ਨਹੀਂ ਹੋਣਾ ਚਾਹੀਦਾ ਕਿਉਂਕਿ ਇਸ ਨਾਲ ਮੌਜੂਦਾ ਪਿੰਡ ਦੇ ਵਿਕਾਸ ਤੇ ਅਸਰ ਪਵੇਗਾ।
         ਨੰਬਰਦਾਰ ਵਿਸਾਖਾ ਸਿੰਘ ਨੇ ਕਿਹਾ ਕਿ ਉਹ ਸਮਾਜਿਕ ਤੇ ਭਾਵੁਕ ਤੌਰ ਤੇ ਚੱਕ ਫ਼ਤਿਹ ਸਿੰਘ ਵਾਲਾ ਨਾਲ ਜੁੜੇ ਹੋਏ ਹਨ ਪ੍ਰੰਤੂ ਕੁਝ ਲੋਕਾਂ ਨੇ ਜਾਲ੍ਹਸਾਜੀ ਕਰਕੇ ਨਵੀਂ ਪੰਚਾਇਤ ਬਣਾਏ ਜਾਣ ਦੀਆਂ ਦਰਖਾਸਤਾਂ ਦਿੱਤੀਆਂ ਹਨ। ਉਨ੍ਹਾਂ ਨੇ ਇਸ ਮਾਮਲੇ ਦੀ ਜਾਂਚ ਵੀ ਮੰਗੀ ਹੈ ਜਿਸ ਬਾਰੇ ਬੀ.ਡੀ.ਪੀ.ਓ ਨੇ ਸਰਪੰਚ ਨੂੰ ਪੜਤਾਲ ਲਈ ਪੱਤਰ ਵੀ ਭੇਜਿਆ ਸੀ। ਦੱਸਣਯੋਗ ਹੈ ਕਿ ਚੱਕ ਫ਼ਤਿਹ ਸਿੰਘ ਵਾਲਾ ਦੀ ਇਸ ਵੇਲੇ ਕਰੀਬ 2100 ਵੋਟ ਹੈ ਜਦੋਂ ਕਿ ਭਾਈ ਹਰਜੋਗਿੰਦਰ ਨਗਰ ਦੀ 1300 ਦੇ ਕਰੀਬ ਵੋਟ ਹੈ। ਪਿੰਡ ਚੱਕ ਫ਼ਤਿਹ ਸਿੰਘ ਵਾਲਾ ਕੋਲ ਕਰੀਬ 70 ਏਕੜ ਪੰਚਾਇਤੀ ਜ਼ਮੀਨ ਹੈ। ਬਠਿੰਡਾ ਜ਼ਿਲ੍ਹੇ ਚੋਂ ਕਰੀਬ 10 ਨਵੀਆਂ ਪੰਚਾਇਤਾਂ ਬਣਾਏ ਜਾਣ ਦੇ ਕੇਸ ਗਏ ਹੋਏ ਹਨ।
                 ਬੀ.ਕੇ.ਯ ੂ(ਉਗਰਾਹਾਂ) ਦੇ ਸੀਨੀਅਰ ਆਗੂ ਅਤੇ ਪਿੰਡ ਚੱਕ ਫ਼ਤਿਹ ਸਿੰਘ ਵਾਲਾ ਦੇ ਵਸਨੀਕ ਹੁਸ਼ਿਆਰ ਸਿੰਘ ਦਾ ਕਹਿਣਾ ਸੀ ਕਿ ਕਾਂਗਰਸ ਹਕੂਮਤ ਸਿਆਸੀ ਲਾਹੇ ਖਾਤਰ ਪਿੰਡ ਦਾ ਇੱਕ ਹੋਰ ਟੋਟਾ ਕਰ ਰਹੀ ਹੈ ਜੋ ਨਹੀਂ ਹੋਣਾ ਚਾਹੀਦਾ ਹੈ। ਦੱਸਣਯੋਗ ਹੈ ਕਿ ਇਸ ਪਿੰਡ ਚੋਂ ਨਵੀਂ ਪੰਚਾਇਤ ‘ਸ਼ਹੀਦ ਬਾਬਾ ਜੀਵਨ ਸਿੰਘ ਨਗਰ’ ਬਣਾਏ ਜਾਣ ਦਾ ਮਤਾ ਪਾਇਆ ਗਿਆ ਹੈ। ਜ਼ਿਲ੍ਹਾ ਵਿਕਾਸ ਤੇ ਪੰਚਾਇਤ ਅਫਸਰ ਹਰਜਿੰਦਰ ਸਿੰਘ ਜੱਸਲ ਦਾ ਕਹਿਣਾ ਸੀ ਕਿ ਚੱਕ ਫ਼ਤਿਹ ਸਿੰਘ ਵਾਲਾ ਚੋਂ ਨਵੀਂ ਪੰਚਾਇਤ ਬਣਾਏ ਜਾਣ ਦਾ ਕੇਸ ਮੁੱਖ ਦਫ਼ਤਰ ਨੂੰ ਭੇਜਿਆ ਗਿਆ ਹੈ ਜਿਸ ਬਾਰੇ ਆਖਰੀ ਫੈਸਲੇ ਮੁੱਖ ਦਫ਼ਤਰ ਪੱਧਰ ਤੇ ਹੋਣਾ ਹੈ।



Wednesday, September 28, 2016

                             ਸਿਆਸੀ ਤੋਹਫਾ
     ਸਰਪੰਚਾਂ ਨੂੰ ਮਿਲੇਗੀ ਗੱਡੀ ਤੇ ਗੰਨਮੈਨ !
                              ਚਰਨਜੀਤ ਭੁੱਲਰ
ਬਠਿੰਡਾ : ਪੰਜਾਬ ਸਰਕਾਰ ਹੁਣ ਐਨ ਚੋਣਾਂ ਤੋਂ ਪਹਿਲਾਂ ਸਰਪੰਚਾਂ ਨੂੰ ਲਾਲ ਬੱਤੀ ਵਾਲੀ ਗੱਡੀ ਅਤੇ ਗੰਨਮੈਨ ਦੇਣ ਦੀ ਤਰਕੀਬ ਬਣਾਉਣ ਲੱਗੀ ਹੈ। ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਨੇ ਇਸ ਮਾਮਲੇ ਤੇ ਵਿਭਾਗੀ ਅਫਸਰਾਂ ਤੋਂ ਮਸ਼ਵਰਾ ਮੰਗਿਆ ਹੈ। ਭਾਵੇਂ ਇਹ ਯੋਜਨਾ ਮੁਢਲੇ ਪੜਾਅ ਤੇ ਹੈ ਪ੍ਰੰਤੂ ਪੰਚਾਇਤ ਵਿਭਾਗ ਨੇ ਗੱਡੀ ਤੇ ਗੰਨਮੈਨ ਦੇ ਮਾਮਲੇ ਤੇ ਸੰਜੀਦਗੀ ਨਾਲ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ। ਬਲਾਕ ਡੇਰਾ ਬੱਸੀ ਦੇ ਦਰਜਨਾਂ ਸਰਪੰਚਾਂ ਨੇ ਪੰਜਾਬ ਸਰਕਾਰ ਕੋਲ ਇਹ ਮਸਲਾ ਉਠਾਇਆ ਸੀ। ਮੁੱਖ ਮੰਤਰੀ ਪੰਜਾਬ ਨੂੰ ਵੀ ਇਨ•ਾਂ ਸਰਪੰਚਾਂ ਨੇ ਪੱਤਰ ਲਿਖੇ ਸਨ ਕਿ ਪਿੰਡਾਂ ਦੇ ਸਰਪੰਚਾਂ ਨੂੰ ਕੇਰਲਾ ਪੈਟਰਨ ਤੇ ਲਾਲ ਬੱਤੀ ਵਾਲੀ ਗੱਡੀ ਅਤੇ ਗੰਨਮੈਨ ਦਿੱਤੇ ਜਾਣ। ਉਂਜ ਸਰਪੰਚਾਂ ਦੇ ਮਾਣ ਭੱਤੇ ਵਿਚ ਵਾਧੇ ਵਾਲਾ ਮਾਮਲਾ ਵੀ ਪੈਂਡਿੰਗ ਪਿਆ ਹੈ। ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਪੰਜਾਬ ਨੇ ਜਲੰਧਰ,ਪਟਿਆਲਾ ਅਤੇ ਫਿਰੋਜ਼ਪੁਰ ਦੇ ਡਵੀਜ਼ਨਲ ਡਿਪਟੀ ਡਾਇਰੈਕਟਰ ਨੂੰ ਲਿਖਤੀ ਪੱਤਰ ਭੇਜੇ ਹਨ ਜਿਸ ਵਿਚ ਪਿੰਡਾਂ ਦੇ ਸਰਪੰਚਾਂ ਨੂੰ ਲਾਲ ਬੱਤੀ ਵਾਲੀ ਗੱਡੀ ਤੇ ਗੰਨਮੈਨ ਦੇਣ ਦੇ ਮਾਮਲੇ ਤੇ ਸੁਝਾਓ ਮੰਗੇ ਗਏ ਹਨ। ਪੱਤਰ ਵਿਚ ਲਿਖਿਆ ਹੈ ਕਿ ਪਿੰਡਾਂ ਦੇ ਸਰਪੰਚਾਂ ਨੂੰ ਲੋਕਾਂ ਦੇ ਕੰਮ ਕਾਰ ਚੰਗੀ ਤਰ•ਾਂ ਅਤੇ ਸੰਚਾਰੂ ਢੰਗ ਨਾਲ ਕਰਨ ਲਈ ਕੇਰਲਾ ਪੈਟਰਨ ਦੀ ਤਰ•ਾਂ 73ਵੀਂ ਸੋਧ ਪੰਜਾਬ ਸਰਕਾਰ ਨੂੰ ਵੀ ਲਾਗੂ ਕਰਨ ਲਈ ਇੱਕ ਹਫਤੇ ਵਿਚ ਸੁਝਾਓ ਦਿੱਤੇ ਜਾਣ।
                      ਡਵੀਜ਼ਨਲ ਡਿਪਟੀ ਡਾਇਰੈਕਟਰਾਂ ਨੇ ਇਸ ਮਸਲੇ ਤੇ ਅੱਗਿਓਂ ਜ਼ਿਲ•ਾ ਵਿਕਾਸ ਤੇ ਪੰਚਾਇਤ ਅਫਸਰਾਂ ਤੋਂ ਸੁਝਾਓ ਮੰਗ ਲਏ ਹਨ। ਪਤਾ ਲੱਗਾ ਹੈ ਕਿ ਫੀਲਡ ਅਫਸਰਾਂ ਵਲੋਂ ਅੱÎਗਿਓ ਪਿੰਡਾਂ ਦੇ ਸਰਪੰਚਾਂ ਤੋਂ ਮਸ਼ਵਰਾ ਲਿਆ ਜਾਵੇਗਾ ਤਹਿਸੀਲ ਡੇਰਾ ਬੱਸੀ ਦੇ ਪਿੰਡ ਜਿਊਲੀ ਦੇ ਸਰਪੰਚ ਨਰਿੰਦਰ ਸਿੰਘ ਨੇ ਇਸ ਮਾਮਲੇ ਵਿਚ ਪਹਿਲ ਕੀਤੀ ਹੈ ਜਿਨ•ਾਂ ਨੇ ਹੋਰਨਾਂ ਦਰਜਨਾਂ ਸਰਪੰਚਾਂ ਸਮੇਤ ਲਾਲ ਬੱਤੀ ਵਾਲੀ ਗੱਡੀ ਅਤੇ ਗੰਨਮੈਨ ਲੈਣ ਲਈ ਮੁੱਖ ਮੰਤਰੀ ਅਤੇ ਪੰਚਾਇਤ ਮੰਤਰੀ ਨੂੰ ਲਿਖਤੀ ਪੱਤਰ ਭੇਜੇ ਸਨ ਜਿਨ•ਾਂ ਤੇ ਸਰਕਾਰ ਨੇ ਹੁਣ ਗੌਰ ਕਰਨੀ ਸ਼ੁਰੂ ਕਰ ਦਿੱਤੀ ਹੈ। ਸੂਤਰ  ਆਖਦੇ ਹਨ ਕਿ ਪੰਜਾਬ ਸਰਕਾਰ ਚੋਣਾਂ ਤੋਂ ਪਹਿਲਾਂ ਸਰਪੰਚਾਂ ਨੂੰ ਖੁਸ਼ ਕਰਨ ਦੇ ਚੱਕਰ ਵਿਚ ਗੱਡੀ ਅਤੇ ਗੰਨਮੈਨ ਦੇ ਵੀ ਸਕਦੀ ਹੈ। ਪੰਜਾਬ ਵਿਚ ਇਸ ਵੇਲੇ 13040 ਪੰਚਾਇਤਾਂ ਹਨ ਜਿਨ•ਾਂ ਨੂੰ ਗੱਡੀ ਅਤੇ ਗੰਨਮੈਨ ਦੇਣ ਲਈ ਵੱਡੇ ਬਜਟ ਦੀ ਲੋੜ ਹੈ। ਪੰਜਾਬ ਵਿਚ ਪਹਿਲਾਂ ਹੀ ਗੰਨਮੈਨਾਂ ਦੀ ਫੌਜ ਵੀ.ਆਈ.ਪੀਜ਼ ਨਾਲ ਤਾਇਨਾਤ ਹੈ। ਸੂਤਰ ਆਖਦੇ ਹਨ ਕਿ ਸਰਕਾਰ ਸੰਜੀਦਗੀ ਨਾਲ ਮਾਮਲਾ ਵਿਚਾਰ ਰਹੀ ਹੈ।ਪਿੰਡ ਜਿਊਲੀ ਦੇ ਸਰਪੰਚ ਨਰਿੰਦਰ ਸਿੰਘ ਨੇ ਇਸ ਪੱਤਰਕਾਰ ਨੂੰ ਦੱਸਿਆ ਕਿ ਇਹ ਮੰਗ ਕਾਨੂੰਨੀ ਦਾਇਰੇ ਵਿਚ ਆਉਂਦੀ ਹੈ ਕਿਉਂਕਿ ਸਰਪੰਚਾਂ ਨੂੰ ਪੰਚਾਇਤੀ ਕੰਮਾਂ ਕਾਰਾਂ ਲਈ ਅਦਾਲਤਾਂ ਅਤੇ ਦਫ਼ਤਰਾਂ ਵਿਚ ਜਾਣਾ ਪੈਂਦਾ ਹੈ ਜਿਸ ਵਾਸਤੇ ਗੱਡੀ ਦੀ ਜਰੂਰਤ ਪੈਂਦੀ ਹੈ।
                    ਉਨ•ਾਂ ਆਖਿਆ ਕਿ ਇਵੇਂ ਪੰਚਾਇਤੀ ਜ਼ਮੀਨਾਂ ਤੋਂ ਨਾਜਾਇਜ਼ ਕਬਜ਼ੇ ਹਟਾਉਣ ਅਤੇ ਬਰਸਾਤਾਂ ਦੇ ਦਿਨਾਂ ਵਿਚ ਪਾਣੀ ਦੀ ਨਿਕਾਸੀ ਨੂੰ ਲੈ ਕੇ ਪਿੰਡਾਂ ਵਿਚ ਟਕਰਾਓ ਵਾਲੀ ਸਥਿਤੀ ਬਣ ਜਾਂਦੀ ਜਿਸ ਕਰਕੇ ਸੁਰੱਖਿਆ ਦੀ ਲੋੜ ਵੀ ਪੈਂਦੀ ਹੈ।ਪੰਚਾਇਤਾਂ ਨੂੰ 29 ਵਿਭਾਗ ਸੌਂਪੇ ਗਏ ਹਨ ਜਿਸ ਕਰਕੇ ਸਰਪੰਚਾਂ ਦਾ ਕੰਮ ਕਾਰ ਕਾਫ਼ੀ ਵਧ ਗਿਆ ਹੈ। ਉਨ•ਾਂ ਆਖਿਆ ਕਿ ਸਰਪੰਚਾਂ ਦੀ ਇਹ ਮੰਗ ਜਾਇਜ਼ ਹੈ। ਜਦੋਂ ਕਿ ਪੰਜਾਬ ਵਿਚ 'ਆਪ' ਤਰਫ਼ੋਂ ਵੀ.ਆਈ.ਪੀ ਕਲਚਰ ਖਤਮ ਕਰਨ ਦਾ ਹੋਕਾ ਦਿੱਤਾ ਜਾ ਰਿਹਾ ਹੈ ਤਾਂ ਠੀਕ ਉਸ ਸਮੇਂ ਡੇਰਾ ਬੱਸੀ ਦੇ ਪਿੰਡ ਜਿਊਲੀ, ਸਿਉਲੀ, ਧਰਮਗੜ•, ਮੀਆਂਪੁਰ, ਸੀਂਹਪੁਰ, ਬਿਜਨਪੁਰ ,ਜਵਾਹਰਪੁਰ, ਅਬਛਪਾ ਆਦਿ ਦੇ ਸਰਪੰਚਾਂ ਨੇ ਗੱਡੀ ਅਤੇ ਗੰਨਮੈਨ ਪੰਜਾਬ ਭਰ ਦੇ ਸਰਪੰਚਾਂ ਨੂੰ ਦਿੱਤੇ ਜਾਣ ਦੀ ਮੰਗ ਉਠਾਈ ਹੈ। ਪੰਚਾਇਤ ਯੂਨੀਅਨ ਪੰਜਾਬ ਦੇ ਪ੍ਰਧਾਨ ਹਰਦੇਵ ਸਿੰਘ ਸਿਆਲੂ ਦਾ ਪ੍ਰਤੀਕਰਮ ਸੀ ਕਿ ਪੰਜਾਬ ਸਰਕਾਰ ਲਾਲ ਬੱਤੀ ਅਤੇ ਗੰਨਮੈਨ ਦੇਣ ਦੀ ਥਾਂ ਪਹਿਲਾਂ ਸਰਪੰਚਾਂ ਨੂੰ ਬਣਦੇ ਅਧਿਕਾਰ ਦੇਵੇ ਕਿਉਂਕਿ ਅਫ਼ਸਰਸ਼ਾਹੀ ਹੀ ਚੁਣੇ ਹੋਏ ਪ੍ਰਤੀਨਿਧਾਂ ਤੇ ਭਾਰੂ ਹੈ। ਉਨ•ਾਂ ਆਖਿਆ ਕਿ ਪੰਚਾਇਤਾਂ ਨੂੰ ਪ੍ਰਸ਼ਾਸਨਿਕ ਅਤੇ ਵਿੱਤੀ ਅਧਿਕਾਰ ਦਿੱਤੇ ਜਾਣ। ਮਾਣ ਭੱਤੇ ਵਿਚ ਵਾਧਾ ਕੀਤਾ ਜਾਵੇ।
                                      ਮਾਮਲਾ ਵਿਚਾਰ ਅਧੀਨ ਨਹੀਂ : ਡਾਇਰੈਕਟਰ
ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਪੰਜਾਬ ਦੇ ਡਾਇਰੈਕਟਰ ਸ੍ਰੀ ਜੀ.ਕੇ.ਸਿੰਘ ਦਾ ਕਹਿਣਾ ਸੀ ਕਿ ਅਜਿਹਾ ਕੋਈ ਮਾਮਲਾ ਵਿਚਾਰ ਅਧੀਨ ਨਹੀਂ ਹੈ। ਕੁਝ ਸਰਪੰਚਾਂ ਨੇ ਗੱਡੀ ਤੇ ਗੰਨਮੈਨ ਲੈਣ ਸਬੰਧੀ ਮਹਿਕਮੇ ਨੂੰ ਮੰਗ ਪੱਤਰ ਦਿੱਤਾ ਸੀ ਜਿਸ ਉਪਰ ਫੀਲਡ ਅਫਸਰਾਂ ਤੋਂ ਟਿੱਪਣੀ ਮੰਗੀ ਗਈ ਹੈ। ਉਨ•ਾਂ ਆਖਿਆ ਕਿ ਸਿਰਫ਼ ਸੁਝਾਓ ਹੀ ਮੰਗੇ ਗਏ ਹਨ।

Tuesday, June 14, 2016

                             ਗੁਪਤ ਫਰਮਾਨ
        ਹੁਣ ਸਰਪੰਚ ਦੇਣਗੇ ਵੱਡੀ 'ਕੁਰਬਾਨੀ'
                              ਚਰਨਜੀਤ ਭੁੱਲਰ
ਬਠਿੰਡਾ : ਪੰਜਾਬ ਸਰਕਾਰ ਨੇ ਹੁਣ ਗੁਪਤ ਤੌਰ ਤੇ ਦਰਿਆਈ ਪਾਣੀਆਂ ਦੇ ਮਾਮਲੇ ਤੇ ਅਖਾੜਾ ਭਖਾਉਣਾ ਸ਼ੁਰੂ ਕਰ ਦਿੱਤਾ ਹੈ ਜਿਸ ਤਹਿਤ ਪੰਚਾਇਤਾਂ ਨੂੰ ਵੱਡੀ ਕੁਰਬਾਨੀ ਲਈ ਤਿਆਰ ਕੀਤਾ ਜਾ ਰਿਹਾ ਹੈ। ਪੰਚਾਇਤਾਂ ਨੂੰ ਜੁਬਾਨੀ ਹੁਕਮ ਕੀਤੇ ਗਏ ਹਨ ਕਿ ਉਹ ਪੰਜਾਬ ਦੇ ਦਰਿਆਈ ਪਾਣੀਆਂ ਨੂੰ ਮੁੱਦੇ ਤੇ ਪੰਚਾਇਤੀ ਮਤੇ ਪਾਸ ਕਰਨ। ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਵਲੋਂ ਦੋ ਸਫਿਆ ਦਾ ਲਿਖਤੀ ਮਤਾ ਪੰਚਾਇਤਾਂ ਨੂੰ ਵੰਡਿਆ ਗਿਆ ਹੈ ਜਿਸ ਮੁਤਾਬਿਕ ਪੰਚਾਇਤਾਂ ਮਤੇ ਪਾਸ ਕਰਨ ਵਿਚ ਜੁੱਟ ਗਈਆਂ ਹਨ। ਇਨ•ਾਂ ਮਤਿਆਂ ਨੂੰ ਸਿਆਸੀ ਪੁੱਠ ਵੀ ਚਾੜ•ੀ ਜਾ ਰਹੀ ਹੈ ਜਿਸ ਤਹਿਤ ਆਮ ਆਦਮੀ ਪਾਰਟੀ ਨੂੰ ਵੀ ਰਗੜਾ ਲਾਇਆ ਗਿਆ ਹੈ। ਸਰਕਾਰ ਨੇ 17 ਜੂਨ ਤੱਕ ਸਾਰੀਆਂ ਪੰਚਾਇਤਾਂ ਤੋਂ ਇਹ ਮਤੇ ਹਾਸਲ ਕਰਨੇ ਹਨ। ਅਹਿਮ ਸੂਤਰਾਂ ਅਨੁਸਾਰ ਪੰਜਾਬ ਭਰ ਦੇ ਬਲਾਕ ਵਿਕਾਸ ਤੇ ਪੰਚਾਇਤ ਅਫਸਰਾਂ ਅਤੇ ਜ਼ਿਲ•ਾ ਵਿਕਾਸ ਤੇ ਪੰਚਾਇਤਾਂ ਅਫਸਰਾਂ ਨੂੰ ਸ਼ੁੱਕਰਵਾਰ ਨੂੰ ਉੱਚ ਪੱਧਰੀ ਹੋਈ ਮੀਟਿੰਗ ਵਿਚ ਜ਼ਬਾਨੀ ਹਦਾਇਤਾਂ ਦਿੱਤੀਆਂ ਸਨ ਕਿ ਪੰਚਾਇਤਾਂ ਤੋਂ ਇੱਕ ਹਫਤੇ ਵਿਚ ਮਤੇ ਪਵਾਏ ਜਾਣ ਅਤੇ ਮਤਿਆਂ ਵਾਲੇ ਦੋ ਸਫ਼ੇ ਵੀ ਅਫਸਰਾਂ ਨੂੰ ਦੇ ਦਿੱਤੇ ਗਏ ਸਨ ਜਿਨ•ਾਂ ਮੁਤਾਬਿਕ ਹੁਣ ਮਤੇ ਪਵਾਏ ਜਾ ਰਹੇ ਹਨ। ਮਾਲਵਾ ਖ਼ਿੱਤੇ ਵਿਚ ਦੋ ਦਿਨਾਂ ਵਿਚ ਵੱਡੀ ਗਿਣਤੀ ਵਿਚ ਪੰਚਾਇਤਾਂ ਨੇ ਮਤੇ ਪਾਸ ਵੀ ਕਰ ਦਿੱਤੇ ਹਨ। ਹਰ ਪੰਚਾਇਤ ਵਲੋਂ ਇਹ ਵੀ ਲਿਖਿਆ ਜਾ ਰਿਹਾ ਹੈ ਕਿ ‘ਪੰਜਾਬ ਦੇ ਪਾਣੀਆਂ ਦਾ ਫੈਸਲਾ ਕੇਵਲ ਰਾਈਪੇਰੀਅਨ ਸਿਧਾਂਤ ਅਨੁਸਾਰ ਕਰਵਾਉਣ ਲਈ ਅਸੀਂ ਵੱਡੀ ਤੋਂ ਵੱਡੀ ਕੁਰਬਾਨੀ ਦੇਣ ਲਈ ਤਿਆਰ ਬਰ ਤਿਆਰ ਹਾਂ’ ।
                    ਪੰਚਾਇਤਾਂ ਵਲੋਂ ਮਤਿਆਂ ਵਿਚ ਪੰਜਾਬ ਦੇ ਖੁਰਾਕ ਭੰਡਾਰ ਵਿਚਲੇ ਯੋਗਦਾਨ ਅਤੇ ਪਾਣੀਆਂ ਦੇ ਮਾਮਲੇ ਤੇ ਪੰਜਾਬ ਨਾਲ ਹੁੰਦੀ ਆ ਰਹੀ ਬੇਇਨਸਾਫ਼ੀ ਤੋਂ ਇਲਾਵਾ ਪੰਜਾਬ ਵਿਰੁਧ ਬੇਇਨਸਾਫ਼ੀ ਵਾਲਾ ਕੋਈ ਵੀ ਫੈਸਲਾ ਮਨਜ਼ੂਰ ਨਾ ਹੋਣ ਦੀ ਗੱਲ ਵੀ ਆਖੀ ਜਾ ਰਹੀ ਹੈ। ਸਭ ਮਤਿਆਂ ਦੀ ਇੱਕੋ ਭਾਸ਼ਾ ਹੈ ਜਿਸ ਵਿਚ ਰਾਸ਼ਟਰਪਤੀ ਅਤੇ ਪ੍ਰਧਾਨ ਮੰਤਰੀ ਨੂੰ ਦਰਿਆਈ ਪਾਣੀਆਂ ਦੇ ਮਸਲੇ ਰਾਈਪੇਰੀਅਨ ਸਿਧਾਂਤ ਅਧੀਨ ਕਰਨ ਦੀ ਅਪੀਲ ਵੀ  ਕੀਤੀ ਗਈ ਹੈ। ਜ਼ਿਲ•ਾ ਵਿਕਾਸ ਤੇ ਪੰਚਾਇਤ ਅਫਸਰ ਬਠਿੰਡਾ ਸ੍ਰੀ ਅਰੁਣ ਜਿੰਦਲ ਦਾ ਕਹਿਣ ਸੀ ਕਿ ਪੰਚਾਇਤਾਂ ਸਵੈ ਇੱਛਾ ਅਨੁਸਾਰ ਮਤੇ ਪਾਸ ਕਰ ਰਹੀਆਂ ਹਨ ਜਿਨ•ਾਂ ਨੂੰ ਬੁਧਵਾਰ ਤੱਕ ਦਾ ਸਮਾਂ ਦਿੱਤਾ ਗਿਆ ਹੈ। ਪੰਚਾਇਤਾਂ ਵਲੋਂ 17 ਜੂਨ ਨੂੰ ਡਿਪਟੀ ਕਮਿਸ਼ਨਰ ਨੂੰ ਇਸ ਮਾਮਲੇ ਤੇ ਮੰਗ ਪੱਤਰ ਦਿੱਤਾ ਜਾਵੇਗਾ ਪੰਚਾਇਤਾਂ ਵਲੋਂ ਪਾਏ ਮਤਿਆਂ ਆਮ ਆਦਮੀ ਪਾਰਟੀ ਤੇ ਵੀ ਨਿਸ਼ਾਨਾ ਲਾਇਆ ਜਾ ਰਿਹਾ ਹੈ। ਮਤਿਆਂ ਵਿਚ ਲਿਖਿਆ ਜਾ ਰਿਹਾ ਹੈ ਕਿ ‘ ਅਸੀਂ ਦਿੱਲੀ ਦੀ ਸੂਬਾਈ ਸਰਕਾਰ ਵਲੋਂ ਪੰਜਾਬੀਆਂ ਦੀਆਂ ਅੱਖਾਂ ਵਿਚ ਘੱਟਾ ਪਾਉਣ ਲਈ ਅਤੇ ਜ਼ਿੰਦਗੀ ਮੌਤ ਦੇ ਇਸ ਮਸਲੇ ਉੱਤੇ ਪੰਜਾਬੀਆਂ ਨਾਲ ਧ੍ਰੋਹ ਕਮਾਉਣ ਲਈ ਵਰਤੇ ਜਾ ਰਹੇ ਹੱਥ ਕੰਢਿਆਂ ਦੀ ਭਰਪੂਰ ਨਿਖੇਧੀ ਕਰਦੇ ਹਾਂ’।  ਪੰਚਾਇਤੀ ਮਤਿਆਂ ਦੇ ਅਖੀਰ ਵਿਚ ਪੰਜਾਬ ਦੁਸ਼ਮਣ ਅਤੇ ਕਿਸਾਨ ਵਿਰੋਧੀਆਂ ਵਿਅਕਤੀਆਂ ਤੇ ਸੰਗਠਨਾਂ ਨੂੰ ਪੰਜਾਬੀਆਂ ਦੇ ਜਜ਼ਬਾਤਾਂ ਅਤੇ ਭਵਿੱਖ ਨਾਲ ਖਿਲਵਾੜ ਕਰਨਾ ਬੰਦ ਕਰਨ ਪ੍ਰਤੀ ਵੀ ਸੁਚੇਤ ਕੀਤਾ ਗਿਆ ਹੈ।
                 ਜ਼ਿਲ•ਾ ਵਿਕਾਸ ਤੇ ਪੰਚਾਇਤ ਅਫਸਰ ਮੁਕਤਸਰ ਸ੍ਰੀ ਨਵਲ ਰਾਮ ਦਾ ਕਹਿਣਾ ਸੀ ਕਿ ਪੰਜਾਬ ਦੇ ਹਿੱਤਾਂ ਲਈ ਪੰਚਾਇਤਾਂ ਖੁਦ ਮਤੇ ਪਾ ਰਹੀਆਂ ਹਨ ਅਤੇ ਬੀ.ਡੀ.ਪੀ.ਓਜ ਰਾਹੀਂ ਇਹ ਮਤੇ ਇਕੱਠੇ ਕੀਤੇ ਜਾਣਗੇ। ਪੰਜਾਬੀ ਟ੍ਰਿਬਿਊਨ ਨੂੰ ਕਈ ਸਰਪੰਚਾਂ ਨੇ ਦੱਸਿਆ ਕਿ ਉਨ•ਾਂ ਨੇ ਮਤੇ ਪਾਸ ਕਰਕੇ ਵਿਭਾਗੀ ਅਫਸਰਾਂ ਨੂੰ ਦੇ ਦਿੱਤੇ ਹਨ। ਪੰਚਾਇਤ ਯੂਨੀਅਨ ਪੰਜਾਬ ਦੇ ਪ੍ਰਧਾਨ ਹਰਦੇਵ ਸਿੰਘ ਸਿਆਲੂ ਦਾ ਪ੍ਰਤੀਕਰਮ ਸੀ ਕਿ ਪਾਣੀਆਂ ਤੇ ਪੰਜਾਬ ਦਾ ਪੂਰਨ ਹੱਕ ਹੈ ਅਤੇ ਪੰਜਾਬ ਕੋਲ ਪਾਣੀ ਦੀ ਇੱਕ ਬੂੰਦ ਵੀ ਫਾਲਤੂ ਨਹੀਂ ਹੈ ਪ੍ਰੰਤੂ ਸਰਕਾਰ  ਪੰਚਾਇਤੀ ਮਤੇ ਪਵਾ ਕੇ ਸਿਰਫ਼ ਸਿਆਸਤ ਖੇਡ ਰਹੀ ਹੈ। ਇਨ•ਾਂ ਮਤਿਆਂ ਰਾਹੀਂ ਵਿਰੋਧੀਆਂ ਖ਼ਿਲਾਫ਼ ਪ੍ਰਚਾਰ ਕੀਤਾ ਜਾ ਰਿਹਾ ਹੈ। ਸੂਤਰ ਦੱਸਦੇ ਹਨ ਕਿ ਪੰਜਾਬ ਸਰਕਾਰ ਚੋਣਾਂ ਤੋਂ ਪਹਿਲਾਂ ਦਰਿਆਈ ਪਾਣੀਆਂ ਦੇ ਮਾਮਲੇ ਤੇ ਆਪਣਾ ਪੱਖ ਮਜ਼ਬੂਤ ਕਰਨਾ ਚਾਹੁੰਦੀ ਹੈ ਅਤੇ ਨਾਲ ਹੀ ਇਸ ਮੁੱਦੇ ਨੂੰ ਭਖਾ ਕੇ ਵੋਟਾਂ ਦੀ ਭਰਪੂਰ ਫਸਲ ਵੀ ਲੈਣਾ ਚਾਹੁੰਦੀ ਹੈ। ਪਤਾ ਲੱਗਾ ਹੈ ਕਿ ਮੁੱਖ ਮੰਤਰੀ ਦਾ ਵੁਆਇਸ ਸੁਨੇਹਾ ਵੀ ਸਰਪੰਚਾਂ ਨੂੰ ਮੋਬਾਇਲ ਫੋਨਾਂ ਤੇ ਮਿਲਣ ਲੱਗਾ ਹੈ ਜਿਸ ਵਿਚ ਮੁੱਖ ਮੰਤਰੀ ਪਾਣੀਆਂ ਦੇ ਮੁੱਦੇ ਤੇ ਸਰਪੰਚਾਂ ਨੂੰ ਅਪੀਲ ਕਰ ਰਹੇ ਹਨ। ਪਤਾ ਲੱਗਾ ਹੈ ਕਿ ਹਰ ਜ਼ਿਲ•ੇ ਵਿਚ ਪੰਚਾਇਤਾਂ ਵਲੋਂ ਡਿਪਟੀ ਕਮਿਸ਼ਨਰਾਂ ਨੂੰ ਇਹ ਪੰਚਾਇਤੀ ਮਤੇ ਸੌਂਪੇ ਜਾਣਗੇ ਜੋ ਅੱਗੇ ਇਹ ਮਤੇ ਸਰਕਾਰ ਨੂੰ ਭੇਜਣਗੇ।
                                  ਸਵੈ ਇੱਛਾ ਨਾਲ ਮਤੇ ਪੈ ਰਹੇ ਹਨ : ਡਾਇਰੈਕਟਰ
ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਦੇ ਡਾਇਰੈਕਟਰ ਸ੍ਰੀ ਸੁਖਜੀਤ ਸਿੰਘ ਬੈਂਸ ਦਾ ਕਹਿਣਾ ਸੀ ਕਿ ਪੰਚਾਇਤਾਂ ਨੂੰ ਹਫਤੇ ਵਿਚ ਮਤੇ ਪਾਉਣ ਲਈ ਆਖਿਆ ਗਿਆ ਹੈ ਅਤੇ ਪੰਚਾਇਤਾਂ ਵਲੋਂ ਇਹ ਮਤੇ ਡਿਪਟੀ ਕਮਿਸ਼ਨਰਾਂ ਨੂੰ ਦਿੱਤੇ ਜਾਣਗੇ। ਉਨ•ਾਂ ਇਸ ਗੱਲੋਂ ਇਨਕਾਰ ਕੀਤਾ ਕਿ ਪੰਚਾਇਤਾਂ ਨੂੰ ਦੋ ਸਫਿਆ ਤੇ ਅਗਾਊ ਮਤੇ ਲਿਖ ਕੇ ਦਿੱਤੇ ਗਏ ਹਨ। ਉਨ•ਾਂ ਆਖਿਆ ਕਿ ਕੋਈ ਲਿਖਤੀ ਨਹੀਂ ਬਲਕਿ ਜ਼ਬਾਨੀ ਹੁਕਮ ਕਰਕੇ ਪੰਚਾਇਤਾਂ ਨੂੰ ਸਵੈ ਇੱਛਾ ਨਾਲ ਮਤੇ ਪਾਉਣ ਲਈ ਆਖਿਆ ਹੈ। 

Thursday, March 5, 2015


                   ਅਕਾਲੀ ਸਰਪੰਚ  
    ਬਜ਼ੁਰਗਾਂ ਦੇ 164 ਕਰੋੜ ਛਕ ਗਏ  
                   ਚਰਨਜੀਤ ਭੁੱਲਰ
ਬਠਿੰਡਾ : ਪੰਜਾਬ ਦੇ ਹਜ਼ਾਰਾਂ ਪਿੰਡਾਂ ਦੇ ਸਰਪੰਚ ਬੁਢਾਪਾ ਪੈਨਸ਼ਨਾਂ ਦੇ ਕਰੀਬ 164 ਕਰੋੜ ਰੁਪਏ ਛੱਕ ਗਏ ਹਨ। ਗਰੀਬ ਬਜ਼ੁਰਗਾਂ ਦੀ ਥਾਂ ਇਹ ਪੈਸਾ ਸਰਪੰਚਾਂ ਦੀ ਜੇਬ ਵਿਚ ਚਲਾ ਗਿਆ ਹੈ। ਇਨ•ਾਂ ਵਿਚ ਮੌਜੂਦਾ ਅਤੇ ਸਾਬਕਾ ਅਕਾਲੀ ਸਰਪੰਚਾਂ ਤੋਂ ਇਲਾਵਾ ਕੁਝ ਕੁ ਕਾਂਗਰਸੀ ਸਰਪੰਚ ਵੀ ਸ਼ਾਮਲ ਹਨ। ਪੰਜਾਬ ਸਰਕਾਰ ਵਲੋਂ ਇਨ•ਾਂ ਸਰਪੰਚਾਂ ਤੋਂ ਬੁਢਾਪਾ ਪੈਨਸ਼ਨਾਂ ਦੀ ਰਾਸ਼ੀ ਵਸੂਲ ਨਹੀਂ ਜਾ ਰਹੀ ਹੈ। ਇੱਥੋਂ ਤੱਕ ਕਿ ਪੰਜ ਵਰੇ• ਪਹਿਲਾਂ ਜਾਰੀ ਪੈਸੇ ਦਾ ਵੀ ਸਰਪੰਚਾਂ ਨੇ ਸਰਕਾਰ ਨੂੰ ਹਾਲੇ ਤੱਕ ਹਿਸਾਬ ਕਿਤਾਬ ਨਹੀਂ ਦਿੱਤਾ ਹੈ। ਹਾਲਾਂਕਿ ਖਜ਼ਾਨਾ ਤੰਗੀ ਵਿਚ ਹੈ ਪ੍ਰੰਤੂ ਇਸ ਦੇ ਬਾਵਜੂਦ ਸਰਕਾਰ ਨੇ ਡੋਰ ਢਿੱਲੀ ਛੱਡੀ ਹੋਈ ਹੈ। ਸਮਾਜਿਕ ਸੁਰੱਖਿਆ,ਇਸਤਰੀ ਤੇ ਬਾਲ ਵਿਕਾਸ ਵਿਭਾਗ ਪੰਜਾਬ ਤੋਂ ਆਰ.ਟੀ.ਆਈ ਵਿਚ ਪ੍ਰਾਪਤ ਵੇਰਵਿਆਂ ਅਨੁਸਾਰ ਪੰਜਾਬ ਦੇ ਸਰਪੰਚਾਂ ਨੇ ਬੁਢਾਪਾ ਪੈਨਸ਼ਨ ਦੀ 164.24 ਕਰੋੜ ਰੁਪਏ ਦੀ ਰਾਸ਼ੀ ਦਾ ਕੋਈ ਹਿਸਾਬ ਕਿਤਾਬ ਨਹੀਂ ਦਿੱਤਾ ਹੈ। ਸਾਫ ਲਫਜਾਂ ਵਿਚ ਕਹੀਏ ਤਾਂ ਸਰਪੰਚ ਇਹ ਪੈਸਾ ਛੱਕ ਗਏ ਹਨ ਜਦੋਂ ਕਿ ਮਹਿਕਮਾ ਆਖ ਰਿਹਾ ਹੈ ਕਿ ਇਨ•ਾਂ ਸਰਪੰਚਾਂ ਨੇ ਏ.ਪੀ.ਆਰ (ਐਕੂਚਲ ਪੇਈ ਰਸੀਟ) ਜਮ•ਾ ਨਹੀਂ ਕਰਾਈਆਂ ਹਨ।
                ਪੰਜਾਬ ਸਰਕਾਰ ਵਲੋਂ ਪਹਿਲਾਂ ਬੈਂਕਾਂ ਰਾਹੀਂ ਬੁਢਾਪਾ ਪੈਨਸ਼ਨ ਵੰਡੀ ਜਾਂਦੀ ਸੀ ਪ੍ਰੰਤੂ ਜੁਲਾਈ 2008 ਤੋਂ ਪੈਨਸ਼ਨ ਦੀ ਵੰਡ ਸਰਪੰਚਾਂ ਰਾਹੀਂ ਕਰ ਦਿੱਤੀ ਗਈ ਸੀ। ਗਾਈਡਲਾਈਨਜ਼ ਅਨੁਸਾਰ ਮਹਿਕਮੇ ਤਰਫੋਂ ਬੁਢਾਪਾ ਪੈਨਸ਼ਨ ਦੀ ਰਾਸ਼ੀ ਭੇਜਣ ਮਗਰੋਂ ਸਰਪੰਚਾਂ ਨੇ 10 ਦਿਨਾਂ ਦੇ ਅੰਦਰ ਅੰਦਰ ਬੁਢਾਪਾ ਪੈਨਸ਼ਨ ਵੰਡਣੀ ਹੁੰਦੀ ਹੈ ਅਤੇ ਇੱਕ ਮਹੀਨੇ ਦੇ ਅੰਦਰ ਅੰਦਰ ਵੰਡੀ ਪੈਨਸ਼ਨ ਦੀ ਏ.ਪੀ.ਆਰ ਮਹਿਕਮੇ ਕੋਲ ਜਮ•ਾ ਕਰਾਉਣੀ ਹੁੰਦੀ ਹੈ ਤਾਂ ਜੋ ਬੁਢਾਪਾ ਪੈਨਸ਼ਨ ਦੀ ਵੰਡ ਤੋਂ ਸਰਕਾਰ ਜਾਣੂ ਹੋ ਸਕੇ। ਸਰਕਾਰੀ ਸੂਚਨਾ ਅਨੁਸਾਰ ਪੰਜਾਬ ਭਰ ਚੋਂ ਜਿਲ•ਾ ਫਿਰੋਜਪੁਰ ਇਸ ਮਾਮਲੇ ਵਿਚ ਪਹਿਲੇ ਨੰਬਰ ਤੇ ਹੈ ਜਿਥੋਂ ਦੇ ਸਰਪੰਚ ਬੁਢਾਪਾ ਪੈਨਸ਼ਨਾਂ ਦੀ 33.17 ਕਰੋੜ ਰੁਪਏ ਦੀ ਰਾਸ਼ੀ ਛੱਕ ਗਏ ਹਨ। ਰਾਸ਼ੀ ਦਾ ਕੋਈ ਹਿਸਾਬ ਕਿਤਾਬ ਨਹੀਂ ਦਿੱਤਾ ਗਿਆ ਹੈ। ਦੂਸਰਾ ਨੰਬਰ ਜਿਲ•ਾ ਸੰਗਰੂਰ ਦਾ ਹੈ ਜਿਥੋਂ ਦੇ ਸਰਪੰਚਾਂ ਨੇ 29.72 ਕਰੋੜ ਦੀ ਬੁਢਾਪਾ ਪੈਨਸ਼ਨ ਦਾ ਹਿਸਾਬ ਨਹੀਂ ਦਿੱਤਾ ਹੈ।ਜਿਲ•ਾ ਸਮਾਜਿਕ ਸੁਰੱਖਿਆ ਅਫਸਰ ਫਿਰੋਜਪੁਰ ਕੁਲਵਿੰਦਰ ਕੌਰ ਦਾ ਕਹਿਣਾ ਸੀ ਕਿ ਜਿਲ•ੇ ਦੇ ਪਿੰਡਾਂ ਚੋਂ ਕਾਫੀ ਸ਼ਿਕਾਇਤਾਂ ਵੀ ਮਿਲੀਆਂ ਹਨ ਕਿ ਸਰਪੰਚਾਂ ਨੇ ਬੁਢਾਪਾ ਪੈਨਸ਼ਨ ਵੰਡੀ ਹੀ ਨਹੀਂ ਹੈ ਅਤੇ ਉਨ•ਾਂ ਨੇ ਆਪਣੇ ਖਾਤੇ ਵਿਚ ਪੈਨਸ਼ਨ ਰੱਖੀ ਹੋਈ ਹੈ। ਉਨ•ਾਂ ਦੱਸਿਆ ਕਿ ਉਹ ਡਿਪਟੀ ਕਮਿਸ਼ਨਰ ਰਾਹੀਂ ਬਕਾਏ ਪੈਸੇ ਦੀ ਵਸੂਲੀ ਲਈ ਇੱਕ ਮੀਟਿੰਗ ਰੱਖ ਰਹੇ ਹਨ।
              ਵੇਰਵਿਆਂ ਅਨੁਸਾਰ ਪੰਜਾਬ ਚੋਂ ਤੀਸਰਾ ਨੰਬਰ ਅੰਮ੍ਰਿਤਸਰ ਦਾ ਹੈ ਜਿਥੋਂ ਦੇ ਸਰਪੰਚਾਂ ਨੇ 19.30 ਕਰੋੜ ਦੀ ਬੁਢਾਪਾ ਪੈਨਸ਼ਨ ਦਾ ਕੋਈ ਹਿਸਾਬ ਕਿਤਾਬ ਨਹੀਂ ਦਿੱਤਾ ਹੈ। ਇੱਥੋਂ ਦੇ ਕੁਝ ਸਰਪੰਚਾਂ ਨੇ ਤਾਂ ਸਾਲ 2010 ਵਿਚ ਆਈ ਬੁਢਾਪਾ ਪੈਨਸ਼ਨ ਦੀ 8.14 ਲੱਖ ਰੁਪਏ ਦੀ ਰਾਸ਼ੀ ਦਾ ਕੋਈ ਹਿਸਾਬ ਨਹੀਂ ਦਿੱਤਾ ਹੈ। ਪੰਜਾਬ ਚੋਂ ਇਕੱਲਾ ਮਾਨਸਾ ਜਿਲ•ਾ ਅਜਿਹਾ ਹੈ ਜਿਥੇ ਸਾਰੀ ਬੁਢਾਪਾ ਪੈਨਸ਼ਨ ਲਾਭਪਾਤਰੀਆਂ ਦੀ ਜੇਬ ਵਿਚ ਜਾ ਚੁੱਕੀ ਹੈ। ਜਿਲ•ਾ ਪਟਿਆਲਾ,ਮੁਕਤਸਰ ਤੇ ਪਠਾਨਕੋਟ ਦੀ ਸਥਿਤੀ ਇਸ ਮਾਮਲੇ ਵਿਚ ਬਹੁਤ ਬੇਹਤਰ ਹੈ ਅਤੇ ਇਨ•ਾਂ ਜਿਲਿ•ਆਂ ਦੇ ਸਰਪੰਚਾਂ ਵੱਲ ਮਾਮੂਲੀ ਰਾਸ਼ੀ ਹੀ ਬਕਾਇਆ ਖੜ•ੀ ਹੈ। ਪੰਚਾਇਤ ਯੂਨੀਅਨ ਪੰਜਾਬ ਦੇ ਸੰਸਥਾਪਕ ਸ੍ਰੀ ਯਾਦਵਿੰਦਰ ਸਿੰਘ ਸਿੱਧੂ ਦਾ ਕਹਿਣਾ ਸੀ ਕਿ ਬੁਢਾਪਾ ਪੈਨਸ਼ਨ ਦੀ ਰਾਸ਼ੀ ਕਈ ਦਫਾ ਸਰਪੰਚ ਹੋਰ ਕੰਮਾਂ ਤੇ ਖਰਚ ਬੈਠਦੇ ਹਨ ਅਤੇ ਕਈ ਵਾਰੀ ਮਹਿਕਮੇ ਦੇ ਮੁਲਾਜ਼ਮ ਹੀ ਸਮੇਂ ਸਿਰ ਸਰਕਾਰ ਕੋਲ ਏ.ਪੀ.ਆਰਜ਼ ਜਮ•ਾ ਨਹੀਂ ਕਰਾਉਂਦੇ ਜਿਸ ਕਰਕੇ ਪੈਸਾ ਸਰਪੰਚਾਂ ਵੱਲ ਹੀ ਬੋਲਦਾ ਰਹਿੰਦਾ ਹੈ।
            ਦੂਸਰੀ ਤਰਫ ਗਰਾਮ ਸੇਵਕ ਯੂਨੀਅਨ ਪੰਜਾਬ ਦੇ ਪ੍ਰਧਾਨ ਸਤਵਿੰਦਰ ਸਿੰਘ ਕੰਗ ਦਾ ਪ੍ਰਤੀਕਰਮ ਸੀ ਕਿ ਅਸਲ ਵਿਚ ਸਰਪੰਚ ਹੋਰ ਕਿਧਰੇ ਵੀ ਬੁਢਾਪਾ ਪੈਨਸ਼ਨਾਂ ਦਾ ਪੈਸਾ ਨਹੀਂ ਵਰਤਦੇ ਹਨ ਬਲਕਿ ਉਹ ਅਣਗਹਿਲੀ ਜ਼ਰੂਰ ਵਰਤ ਜਾਂਦੇ ਹਨ ਕਿ ਸਮੇਂ ਸਿਰ ਏ.ਪੀ.ਆਰਜ਼ ਜਮ•ਾ ਨਹੀਂ ਕਰਾਉਂਦੇ ਹਨ। ਉਨ•ਾਂ ਆਖਿਆ ਕਿ ਬਹੁਤੀ ਦਫਾ ਇਹ ਏ.ਪੀ.ਆਰਜ਼ ਬਲਾਕ ਵਿਕਾਸ ਤੇ ਪੰਚਾਇਤ ਦਫਤਰਾਂ ਵਿਚ ਹੀ ਪਈਆਂ ਰਹਿੰਦੀਆਂ ਹਨ। ਕਸੂਰ ਸਰਪੰਚਾਂ ਦਾ ਕੱਢ ਦਿੱਤਾ ਜਾਂਦਾ ਹੈ। ਸੂਚਨਾ ਅਨੁਸਾਰ ਜਿਲ•ਾ ਮੋਗਾ ਦੇ ਸਰਪੰਚਾਂ ਨੇ 10.72 ਕਰੋੜ ਅਤੇ ਜਿਲ•ਾ ਜਲੰਧਰ ਦੇ ਸਰਪੰਚਾਂ ਨੇ 9.16 ਕਰੋੜ ਰੁਪਏ ਦੇ ਬੁਢਾਪਾ ਪੈਨਸ਼ਨ ਦੇ ਫੰਡ ਆਪਣੇ ਨਿੱਜੀ ਕੰਮਾਂ ਵਾਸਤੇ ਵਰਤ ਲਏ ਹਨ। ਇਵੇਂ ਹੀ ਮੋਹਾਲੀ ਦੇ ਸਰਪੰਚਾਂ ਨੇ 8.46 ਕਰੋੜ,ਬਠਿੰਡਾ ਜਿਲ•ੇ ਦੇ ਸਰਪੰਚਾਂ ਨੇ 6.62 ਕਰੋੜ ਦੀ ਰਾਸ਼ੀ ਦਾ ਕੋਈ ਹਿਸਾਬ ਕਿਤਾਬ ਨਹੀਂ ਦਿੱਤਾ ਹੈ। ਸਰਪੰਚ ਯੂਨੀਅਨ ਦੇ ਸਾਬਕਾ ਪ੍ਰਧਾਨ ਬਲਦੇਵ ਸਿੰਘ ਝੰਡੂਕੇ ਦਾ ਤਰਕ ਸੀ ਕਿ ਸਿਰਫ ਤਿੰਨ ਚਾਰ ਫੀਸਦੀ ਹੀ ਅਜਿਹੇ ਸਰਪੰਚ ਹੋਣਗੇ ਅਤੇ ਬਹੁਗਿਣਤੀ ਸਰਪੰਚਾਂ ਵਲੋਂ ਬੁਢਾਪਾ ਪੈਨਸ਼ਨ ਦੀ ਰਾਸ਼ੀ ਸਮੇਂ ਸਿਰ ਵੰਡੀ ਜਾਂਦੀ ਹੈ।                  ਦੱਸਣਯੋਗ ਹੈ ਕਿ ਪੰਜਾਬ ਦੇ ਬਜ਼ੁਰਗਾਂ ਨੂੰ ਹੁਣ ਤਾਂ ਸਤੰਬਰ 2014 ਤੋਂ ਮਗਰੋਂ ਬੁਢਾਪਾ ਪੈਨਸ਼ਨ ਹੀ ਨਹੀਂ ਮਿਲੀ ਹੈ। ਦੂਸਰੀ ਤਰਫ ਮਹਿਕਮੇ ਦੇ ਪ੍ਰਬੰਧਕੀ ਸਕੱਤਰ ਅਤੇ ਡਾਇਰੈਕਟਰ ਨੂੰ ਵਾਰ ਵਾਰ ਫੋਨ ਕੀਤਾ ਪ੍ਰੰਤੂ ਉਨ•ਾਂ ਫੋਨ ਚੁੱਕਿਆ ਨਹੀਂ। ਸਮਾਜਿਕ ਸੁਰੱਖਿਆ,ਇਸਤਰੀ ਤੇ ਬਾਲ ਵਿਕਾਸ ਮੰਤਰੀ ਸੁਰਜੀਤ ਕੁਮਾਰ ਜਿਆਣੀ ਦਾ ਕਹਿਣਾ ਸੀ ਕਿ ਉਨ•ਾਂ ਨੂੰ ਇਸ ਸਬੰਧੀ ਕੋਈ ਜਾਣਕਾਰੀ ਨਹੀਂ ਹੈ ਅਤੇ ਉਹ ਪਤਾ ਕਰ ਲੈਣਗੇ। ਉਨ•ਾਂ ਆਖਿਆ ਕਿ ਹੁਣ ਕੁਝ ਜਿਲਿ•ਆਂ ਵਿਚ ਬੁਢਾਪਾ ਪੈਨਸ਼ਨ ਦਾ ਕੰਮ ਮੁੜ ਬੈਂਕਾਂ ਰਾਹੀਂ ਕਰ ਦਿੱਤਾ ਗਿਆ ਹੈ ਤਾਂ ਜੋ ਬੁਢਾਪਾ ਪੈਨਸ਼ਨ ਦੀ ਵੰਡ ਵਿਚ ਕੋਈ ਦਿੱਕਤ ਨਾ ਆਵੇ।
ਬਕਾਇਆ ਰਾਸ਼ੀ : ਇੱਕ ਨਜ਼ਰ
ਜਿਲ•ਾ   ਸਰਪੰਚਾਂ ਵੱਲ ਖੜ•ੀ ਰਾਸ਼ੀ
ਸੰਗਰੂਰ   29.72 ਕਰੋੜ
ਫਿਰੋਜਪੁਰ   33.17 ਕਰੋੜ
ਅੰਮ੍ਰਿਤਸਰ   19.30 ਕਰੋੜ
ਮੋਗਾ   10.72 ਕਰੋੜ
ਜਲੰਧਰ   09.16 ਕਰੋੜ
ਫਾਜਿਲਕਾ     9.00 ਕਰੋੜ
ਹੁਸ਼ਿਆਰਪੁਰ    8.88 ਕਰੋੜ
ਕਪੂਰਥਲਾ    8.74 ਕਰੋੜ
ਮੋਹਾਲੀ    8.46 ਕਰੋੜ
ਬਠਿੰਡਾ    6.62 ਕਰੋੜ
ਰੋਪੜ    6.36 ਕਰੋੜ
ਫਤਹਿਗੜ ਸਾਹਿਬ    4.48 ਕਰੋੜ
ਲੁਧਿਆਣਾ    3.20 ਕਰੋੜ
ਫਰੀਦਕੋਟ    2.33 ਕਰੋੜ

Thursday, August 29, 2013

                                      ਸਰਪੰਚੀ
            ਤੇਰੀ ਖੁੱਸ ਗਈ ਛੜਿਆ ਸਰਦਾਰੀ…
                                 ਚਰਨਜੀਤ ਭੁੱਲਰ
ਬਠਿੰਡਾ : ਬਠਿੰਡਾ ਜ਼ਿਲ•ੇ ਵਿੱਚ ਛੜਿਆਂ ਨੂੰ ਸਰਪੰਚੀ ਦੀ ਕੁਰਸੀ ਨਸੀਬ ਨਹੀਂ ਹੋਈ ਹੈ ਜਦੋਂ ਕਿ ਸਿਰਫ਼ ਦੋ ਛੜੇ ਪੰਚਾਇਤ ਮੈਂਬਰ ਬਣਨ ਵਿੱਚ ਕਾਮਯਾਬ ਹੋਏ ਹਨ। ਕੋਈ ਵੇਲਾ ਸੀ ਜਦੋਂ ਛੜਿਆਂ ਨੂੰ ਪਿੰਡ ਦੀ ਸਰਪੰਚੀ ਕਰਨ ਦਾ ਮੌਕਾ ਮਿਲ ਜਾਂਦਾ ਸੀ।  ਪੰਚਾਇਤੀ ਸੰਸਥਾਵਾਂ ਵਿੱਚ ਛੜਿਆਂ ਦੀ ਪ੍ਰਤੀਨਿਧਤਾ ਕਾਫੀ ਘੱਟਦੀ ਜਾ ਰਹੀ ਹੈ। ਇੰਨਾ ਜ਼ਰੂਰ ਵੇਖਣ ਨੂੰ ਮਿਲਿਆ ਹੈ ਕਿ ਇਸ ਵਾਰ ਪੰਚਾਂ ਅਤੇ ਸਰਪੰਚਾਂ ਦੀ ਕੁਰਸੀ 'ਤੇ ਕੁਆਰੇ ਸਰਪੰਚ ਜ਼ਰੂਰ ਬੈਠਣ ਵਿੱਚ ਸਫਲ ਹੋਏ ਹਨ। ਨੌਜਵਾਨ ਸਰਪੰਚਾਂ ਦੀ ਵਿੱਦਿਅਕ ਯੋਗਤਾ ਵੀ ਚੰਗੀ ਹੈ। ਨੌਜਵਾਨ ਪੰਚਾਇਤ ਮੈਂਬਰਾਂ ਦੀ ਗਿਣਤੀ ਕਾਫੀ ਜ਼ਿਆਦਾ ਹੋਈ ਹੈ। ਵੇਰਵਿਆਂ ਅਨੁਸਾਰ ਬਠਿੰਡਾ ਜ਼ਿਲ੍ਹੇ 'ਚ 295 ਪੰਚਾਇਤਾਂ ਹਨ ਜਿਨ੍ਹਾਂ 'ਚੋਂ 34 ਪੰਚ ਸਰਪੰਚ ਕੁਆਰੇ ਹਨ, ਦੋ ਪੰਚਾਇਤ ਮੈਂਬਰ ਛੜੇ ਹਨ। ਸਰਪੰਚਾਂ ਦੀ ਗੱਲ ਕਰੀਏ ਤਾਂ 295 ਸਰਪੰਚਾਂ 'ਚੋਂ ਪੰਜ ਸਰਪੰਚ ਕੁਆਰੇ ਹਨ ਜੋ ਚੜ੍ਹਦੀ ਉਮਰ 'ਚ ਹਨ। ਬਾਕੀ 291 ਪਿੰਡਾਂ ਦੇ ਸਰਪੰਚ ਬਾਲ ਬੱਚਿਆਂ ਵਾਲੇ ਹਨ। ਜ਼ਿਲ੍ਹੇ ਵਿੱਚ ਅੱਠ ਬਲਾਕ ਹਨ, ਜਿਨ੍ਹਾਂ 'ਚੋਂ ਮੌੜ ਬਲਾਕ ਇਕਲੌਤਾ ਅਜਿਹਾ ਬਲਾਕ ਹੈ ਜਿਸ ਦੇ 34 ਪਿੰਡਾਂ ਵਿੱਚ ਕੋਈ ਵੀ ਪੰਚ ਸਰਪੰਚ ਕੁਆਰਾ ਨਹੀਂ ਹੈ। ਬਲਾਕ ਭਗਤਾ ਦੇ ਸਾਰੇ ਪਿੰਡਾਂ 'ਚੋਂ ਸਿਰਫ ਇੱਕ ਪੰਚਾਇਤ ਮੈਂਬਰ ਕੁਆਰਾ ਹੈ। ਇਸ ਬਲਾਕ ਦੇ ਪਿੰਡ ਨਿਉਰ ਦਾ ਪੰਚਾਇਤ ਮੈਂਬਰ ਜਗਮੀਤ ਸਿੰਘ ਕੁਆਰਾ ਹੈ ਜਿਸ ਦੀ ਉਮਰ 22 ਸਾਲ ਹੈ ਅਤੇ ਉਹ ਬਾਰਾਂ ਜਮਾਤਾਂ ਪਾਸ ਹੈ। ਬਲਾਕ ਬਠਿੰਡਾ ਅਤੇ ਬਲਾਕ ਰਾਮਪੁਰਾ ਵਿੱਚ ਦੋ ਛੜਿਆਂ ਨੂੰ ਪੰਚਾਇਤਾਂ ਵਿੱਚ ਪ੍ਰਤੀਨਿਧਤਾ ਮਿਲੀ ਹੈ। ਬਾਕੀ ਛੇ ਬਲਾਕਾਂ 'ਚ ਕੋਈ ਵੀ ਛੜਾ ਪੰਚ ਸਰਪੰਚ ਬਣਨ ਵਿੱਚ ਸਫਲ ਨਹੀਂ ਹੋਇਆ ਹੈ।
                   ਬਲਾਕ ਰਾਮਪੁਰਾ ਦੇ ਪਿੰਡ ਮੰਡੀ ਖੁਰਦ ਦੀ ਪੰਚਾਇਤ 'ਚ ਅਜਮੇਰ ਸਿੰਘ ਅਣਵਿਆਹਿਆ ਹੈ ਜਿਸ ਦੀ ਉਮਰ 60 ਸਾਲ ਦੇ ਕਰੀਬ ਹੈ। ਪਿੰਡ ਦੇ ਲੋਕਾਂ ਨੇ ਪਹਿਲਾਂ ਵੀ ਅਜਮੇਰ ਸਿੰਘ ਨੂੰ ਇੱਕ ਵਾਰ ਪੰਚਾਇਤ ਮੈਂਬਰੀ ਦਾ ਮੌਕਾ ਦਿੱਤਾ ਸੀ। ਐਤਕੀਂ ਪਿੰਡ ਨੇ ਫਿਰ ਉਸ ਨੂੰ ਮਾਣ ਬਖਸ਼ਿਆ ਹੈ। ਅਜਮੇਰ ਸਿੰਘ ਸਮੇਤ ਉਹ ਪੰਜ ਭਰਾ ਹਨ। ਇਸੇ ਤਰ੍ਹਾਂ ਬਲਾਕ ਬਠਿੰਡਾ ਦੇ ਪਿੰਡ ਤਿਉਣਾ ਦੀ ਪੰਚਾਇਤ 'ਚ ਨਾਥਾ ਸਿੰਘ ਵੀ ਅਣਵਿਆਹਿਆ ਹੀ ਹੈ, ਜਿਸ ਦੀ ਉਮਰ 52 ਸਾਲ ਦੇ ਕਰੀਬ ਹੈ। ਉਹ ਪੰਜ ਜਮਾਤਾਂ ਪਾਸ ਹੈ। ਇਨ੍ਹਾਂ ਤੋਂ ਬਿਨਾਂ ਪੂਰੇ ਜ਼ਿਲ੍ਹੇ ਵਿੱਚ ਕਿਸੇ ਵੀ ਪੰਚਾਇਤ ਵਿੱਚ ਕੋਈ ਛੜਾ ਨਹੀਂ ਹੈ। ਪਿੰਡ ਬਦਿਆਲਾ ਦੀ ਪੰਚਾਇਤ ਵਿੱਚ ਵੀ ਪਹਿਲਾਂ ਇੱਕ ਛੜਾ ਪੰਚਾਇਤ ਮੈਂਬਰ ਰਹਿ ਚੁੱਕਾ ਹੈ ਜਿਸ ਦਾ ਚੰਗਾ ਰਸੂਖ ਰਿਹਾ ਹੈ। ਇਨ੍ਹਾਂ ਛੜੇ ਪੰਚਾਇਤ ਮੈਂਬਰਾਂ ਦਾ ਕੋਈ ਸੰਪਰਕ ਨਾ ਹੋਣ ਕਰਕੇ ਗੱਲ ਨਹੀਂ ਹੋ ਸਕੀ ਹੈ।  ਕੁਆਰੇ ਸਰਪੰਚਾਂ ਦੀ ਗੱਲ ਕਰੀਏ ਤਾਂ ਪਿੰਡ ਕੋਠੇ ਸੰਧੂਆਂ ਦਾ ਸਰਪੰਚ ਗੁਰਦੌਰ ਸਿੰਘ ਕੁਆਰਾ ਹੈ ਤੇ ਪਿੰਡ ਭਾਗੂ ਦਾ ਸਰਪੰਚ ਬਚਿੱਤਰ ਸਿੰਘ ਵੀ ਕੁਆਰਾ ਹੈ। ਇਸੇ ਤਰ੍ਹਾਂ ਪਿੰਡ ਖੇਮੂਆਣਾ ਦਾ ਸਰਪੰਚ ਰਜਿੰਦਰਪਾਲ ਸਿੰਘ, ਕਰਮਗੜ੍ਹ ਸਤਰਾ ਦਾ ਸਰਪੰਚ ਜਸਵਿੰਦਰ ਰਾਮ, ਤਿਉਣਾ ਪੁਜਾਰੀਆ ਦਾ ਸਰਪੰਚ ਸੁਖਪਾਲ ਸਿੰਘ ਵੀ ਕੁਆਰਾ ਹੈ।
                ਜ਼ਿਲ੍ਹੇ ਦੇ ਛੇ ਬਲਾਕਾਂ ਵਿੱਚ ਤਾਂ ਕਿਸੇ ਵੀ ਕੁਆਰੇ ਉਮੀਦਵਾਰ ਨੂੰ ਸਰਪੰਚੀ ਨਹੀਂ ਮਿਲ ਸਕੀ ਹੈ। ਕੁਆਰੇ ਸਰਪੰਚਾਂ ਵਿੱਚ ਜੋਸ਼ ਹੈ ਅਤੇ ਉਨ੍ਹਾਂ ਨੂੰ ਸਰਪੰਚੀ ਦਾ ਕਾਫੀ ਚਾਅ ਵੀ ਹੈ। ਜ਼ਿਲ੍ਹੇ 'ਚੋਂ ਸਭ ਤੋਂ ਜ਼ਿਆਦਾ ਕੁਆਰੇ ਪੰਚਾਇਤ ਮੈਂਬਰ ਬਲਾਕ ਬਠਿੰਡਾ (10) 'ਚ ਹਨ। ਪਿੰਡ ਅਮਰਗੜ੍ਹ ਦਾ ਪੰਚ ਹਰਿੰਦਰ ਸਿੰਘ, ਚੁੱਘੇ ਕਲਾਂ ਦਾ ਕੁਲਵੰਤ ਸਿੰਘ, ਗੋਨਿਆਣਾ ਕਲਾਂ ਦਾ ਲਖਵੀਰ ਸਿੰਘ, ਗੋਨਿਆਣਾ ਖੁਰਦ ਦਾ ਗੁਰਸੇਵਕ ਸਿੰਘ, ਅਕਲੀਆ ਕਲਾਂ ਦਾ ਜੋਗਿੰਦਰ ਸਿੰਘ ਪੰਚ ਹਾਲੇ ਕੁਆਰਾ ਹੈ। ਬਲਾਕ ਰਾਮਪੁਰਾ ਦੇ ਅੱਧੀ ਦਰਜਨ ਪੰਚਾਇਤ ਮੈਂਬਰ ਕੁਆਰੇ ਹਨ, ਜਿਨ੍ਹਾਂ 'ਚ ਜਵਾਹਰ ਨਗਰ ਦਾ ਨਰਪਿੰਦਰ ਸਿੰਘ, ਜੇਠੂਕੇ ਦਾ ਸਤਪਾਲ ਸਿੰਘ, ਪਿਥੋ ਦਾ ਜਗਦੀਪ ਸਿੰਘ, ਭੈਣੀ ਚੂਹੜ ਦਾ ਸੰਦੀਪ ਸਿੰਘ, ਗਿੱਲ ਖੁਰਦ ਦਾ ਬਿਕਰਮਜੀਤ ਸਿੰਘ ਸ਼ਾਮਲ ਹਨ। ਬਲਾਕ ਫੂਲ ਦੇ 20 ਪਿੰਡਾਂ 'ਚੋਂ ਪਿੰਡ ਸੇਲਬਰਾਹ ਦਾ ਗੁਰਤੇਜ ਸਿੰਘ ਤੇ ਕੋਠੇ ਮਹਾਂ ਸਿੰਘ ਦਾ ਕੁਲਦੀਪ ਸਿੰਘ ਕੁਆਰਾ ਹੈ।
                ਬਲਾਕ ਨਥਾਣਾ ਦੀ ਕਲਿਆਣ ਸੁੱਖਾ ਪੰਚਾਇਤ ਵਿੱਚ ਦੋ ਮੈਂਬਰ ਗੁਰਲਾਲ ਸਿੰਘ ਤੇ ਕੁਲਵਿੰਦਰ ਸਿੰਘ ਕੁਆਰੇ ਹਨ। ਕਲਿਆਣ ਮੱਲਕਾ ਦੀ ਪੰਚਾਇਤ ਵਿੱਚ ਵੀਰਭਾਨ ਕੁਆਰਾ ਹੈ। ਚੱਕ ਰਾਮ ਸਿੰਘ ਵਾਲਾ ਦੀ ਪੰਚਾਇਤ ਵਿੱਚ ਰਾਜਵਿੰਦਰ ਸਿੰਘ, ਭੁੱਚੋ ਖੁਰਦ ਦੀ ਪੰਚਾਇਤ ਵਿੱਚ ਸੁਖਚੈਨ ਸਿੰਘ, ਬੁਰਜ ਕਾਹਨ ਸਿੰਘ ਵਾਲਾ ਦੀ ਪੰਚਾਇਤ ਵਿੱਚ ਅਮਰਦੀਪ ਸਿੱਧੂ ਤੇ ਪੂਹਲਾ ਦੀ ਪੰਚਾਇਤ ਵਿੱਚ ਸਵਰਨ ਸਿੰਘ ਕੁਆਰਾ ਹੈ। ਬਲਾਕ ਤਲਵੰਡੀ ਸਾਬੋ ਦੇ ਪਿੰਡ ਤੰਗਰਾਲੀ ਦੀ ਪੰਚਾਇਤ ਵਿੱਚ ਗੁਰਪ੍ਰੀਤ ਸਿੰਘ ਕੁਆਰਾ ਹੈ ਜਦੋਂ ਕਿ ਪਿੰਡ ਤਿਉਣਾ ਪੁਜਾਰੀਆ ਦੀ ਪੰਚਾਇਤ ਵਿੱਚ ਮਲਕੀਤ ਸਿੰਘ ਪੰਚ ਵੀ ਹਾਲੇ ਕੁਆਰਾ ਹੈ। ਇਸ ਬਲਾਕ ਦੇ 38 ਪਿੰਡ ਹਨ। ਜੋ ਪੰਚਾਇਤ ਸਰਬਸੰਮਤੀ ਨਾਲ ਚੁਣੀਆਂ ਗਈਆਂ ਹਨ, ਉਨ੍ਹਾਂ ਵਿੱਚ ਕੁਆਰੇ ਤੇ ਛੜੇ ਲੋਕਾਂ ਨੂੰ ਮੌਕਾ ਨਹੀਂ ਮਿਲ ਸਕਿਆ ਹੈ।
                                               ਸਿਰਫ ਇੱਕ ਅਣਵਿਆਹੀ ਮਹਿਲਾ ਪੰਚ ਬਣੀ
ਪੰਚਾਇਤੀ ਸੰਸਥਾਵਾਂ ਵਿੱਚ ਮਹਿਲਾਵਾਂ ਨੂੰ 33 ਫੀਸਦੀ ਰਾਖਵਾਂਕਰਨ ਦਿੱਤਾ ਗਿਆ ਹੈ। ਜ਼ਿਲ੍ਹੇ ਦੀਆਂ ਪੰਚਾਇਤਾਂ 'ਚੋਂ ਸਿਰਫ ਇੱਕ ਪਿੰਡ ਭਾਗੂ ਦੀ ਪੰਚਾਇਤ 'ਚ ਕੁਆਰੀ ਮਹਿਲਾ ਪੰਚਾਇਤ ਮੈਂਬਰ ਬਣੀ ਹੈ। ਮਹਿਲਾਵਾਂ 'ਚੋਂ ਜ਼ਿਆਦਾ ਦਬਦਬਾ ਘੱਟ ਪੜ੍ਹੀਆਂ ਲਿਖੀਆਂ ਦਾ ਹੈ। ਏਨਾ ਜ਼ਰੂਰ ਹੈ ਕਿ ਕਈ ਪੰਚਾਇਤਾਂ ਵਿੱਚ ਨੌਜਵਾਨ ਮਹਿਲਾਵਾਂ ਨੂੰ ਪੰਚਾਇਤ ਮੈਂਬਰੀ ਅਤੇ ਸਰਪੰਚੀ ਮਿਲੀ ਹੈ।

Wednesday, July 31, 2013

                                 ਸਿਆਸੀ ਲਾਹਾ
    ਢਾਈ ਕਰੋੜ 'ਚ ਪੈਣਗੇ ਸਹੁੰ ਚੁੱਕ ਸਮਾਗਮ
                                ਚਰਨਜੀਤ ਭੁੱਲਰ
ਬਠਿੰਡਾ :  ਸਰਕਾਰੀ ਖ਼ਜ਼ਾਨੇ ਨੂੰ ਪੰਚਾਂ ਸਰਪੰਚਾਂ ਦੀ ਸਹੁੰ ਚੁੱਕਣੀ ਕਰੀਬ ਢਾਈ ਕਰੋੜ ਵਿੱਚ ਪਵੇਗੀ। ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਵੱਲੋਂ ਇਨ੍ਹਾਂ ਫੰਡਾਂ ਦਾ ਪ੍ਰਬੰਧ ਸ਼ੁਰੂ ਕਰ ਦਿੱਤਾ ਗਿਆ ਹੈ। ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਅਤੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਪਹਿਲੀ ਤੋਂ 10 ਅਗਸਤ ਤੱਕ ਪੰਜਾਬ ਭਰ ਦੇ ਨਵੇਂ ਚੁਣੇ ਪੰਚਾਂ ਸਰਪੰਚਾਂ ਨੂੰ ਸਹੁੰ ਚੁਕਾਉਣੀ ਹੈ। ਇਕ ਦਿਨ ਵਿੱਚ ਦੋ ਜ਼ਿਲ੍ਹਿਆਂ ਦੇ ਪੰਚਾਂ ਸਰਪੰਚਾਂ ਨੂੰ ਸਹੁੰ ਚੁਕਾਈ ਜਾਵੇਗੀ। ਅੱਧੇ ਪੰਜਾਬ ਵਿੱਚ ਮੁੱਖ ਮੰਤਰੀ ਸਹੁੰ ਚੁੱਕ ਸਮਾਗਮਾਂ ਵਿੱਚ ਸ਼ਮੂਲੀਅਤ ਕਰਨਗੇ, ਜਦੋਂ ਕਿ ਬਾਕੀ ਅੱਧੇ ਪੰਜਾਬ ਦੇ ਜ਼ਿਲ੍ਹਿਆਂ ਵਿੱਚ ਉਪ ਮੁੱਖ ਮੰਤਰੀ ਇਹ ਡਿਊਟੀ ਨਿਭਾਉਣਗੇ। ਇਸ ਤੋਂ ਪਹਿਲਾਂ ਪੰਚਾਇਤ ਸਮਿਤੀਆਂ ਅਤੇ ਜ਼ਿਲ੍ਹਾ ਪ੍ਰੀਸ਼ਦ ਮੈਂਬਰਾਂ ਨੂੰ ਲੁਧਿਆਣਾ ਵਿਖੇ ਸਹੁੰ ਚੁਕਾਈ ਗਈ ਸੀ। ਲੁਧਿਆਣਾ ਸਮਾਗਮਾਂ 'ਤੇ ਆਏ ਖਰਚ ਦਾ ਹਾਲੇ ਤਕ ਕੋਈ ਬਜਟ ਸਰਕਾਰ ਨੇ ਨਹੀਂ ਭੇਜਿਆ ਹੈ। ਪ੍ਰਾਪਤ ਵੇਰਵਿਆਂ ਅਨੁਸਾਰ ਪੰਜਾਬ ਭਰ ਦੇ 13047 ਸਰਪੰਚਾਂ ਅਤੇ 81109 ਪੰਚਾਇਤ ਮੈਂਬਰਾਂ ਨੂੰ ਅਗਸਤ ਦੇ ਪਹਿਲੇ ਦਸ ਦਿਨਾਂ ਦੌਰਾਨ ਅਹੁਦੇ ਦੀ ਸਹੁੰ ਚੁਕਾਈ ਜਾਣੀ ਹੈ। ਬਲਾਕ ਵਿਕਾਸ ਤੇ ਪੰਚਾਇਤ ਅਫਸਰਾਂ ਵੱਲੋਂ ਇਨ੍ਹਾਂ ਪੰਚਾਂ ਅਤੇ ਸਰਪੰਚਾਂ ਨੂੰ ਸਹੁੰ ਚੁੱਕ ਸਮਾਗਮਾਂ ਵਿੱਚ ਲਿਆਂਦਾ ਜਾਣਾ ਹੈ। ਸੂਤਰਾਂ ਅਨੁਸਾਰ ਇਨ੍ਹਾਂ ਸਮਾਗਮਾਂ 'ਤੇ ਕਰੀਬ ਢਾਈ ਕਰੋੜ ਰੁਪਏ ਖਰਚ ਆਉਣੇ ਹਨ।
              ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਵੱਲੋਂ ਪ੍ਰਤੀ ਪੰਚ ਸਰਪੰਚ 200 ਤੋਂ 250 ਰੁਪਏ ਖਰਚ ਆਉਣ ਦਾ ਅਨੁਮਾਨ ਲਾਇਆ ਗਿਆ ਹੈ। ਇਸ ਹਿਸਾਬ ਨਾਲ ਸਹੁੰ ਚੁੱਕ ਸਮਾਗਮਾਂ ਦਾ ਬਜਟ ਤਿਆਰ ਕੀਤਾ ਗਿਆ ਹੈ। ਡਿਪਟੀ ਕਮਿਸ਼ਨਰ ਫਿਲਹਾਲ ਬਿਨਾਂ ਫੰਡਾਂ ਤੋਂ ਤਿਆਰੀ ਕਰ ਰਹੇ ਹਨ। ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਦੇ ਸੰਯੁਕਤ ਡਾਇਰੈਕਟਰ ਵੱਲੋਂ ਜੋ ਪੱਤਰ ਜਾਰੀ ਕੀਤਾ ਗਿਆ ਹੈ, ਉਸ ਅਨੁਸਾਰ ਸਮਾਗਮਾਂ ਵਿੱਚ ਪੰਚਾਂ ਸਰਪੰਚਾਂ ਨੂੰ ਰਿਫਰੈਸ਼ਮੈਂਟ ਦਿੱਤੀ ਜਾਵੇਗੀ। ਸਮਾਗਮਾਂ ਵਿੱਚ ਕਿਸੇ ਜ਼ਿਲ੍ਹੇ ਵਿੱਚ ਨਵੇਂ ਪੰਚਾਂ ਸਰਪੰਚਾਂ ਨੂੰ ਚਾਹ ਨਾਲ ਪਕੌੜੇ ਖੁਆਏ ਜਾਣਗੇ ਅਤੇ ਕਿਸੇ ਜ਼ਿਲ੍ਹੇ ਵਿੱਚ ਡੱਬਾਬੰਦ ਲੰਚ ਦਾ ਪ੍ਰਬੰਧ ਕੀਤਾ ਜਾ ਰਿਹਾ ਹੈ। ਪਤਾ ਲੱਗਿਆ ਹੈ ਕਿ ਜਲੇਬੀਆਂ ਬਾਰੇ ਵੀ ਮੀਟਿੰਗਾਂ ਵਿੱਚ ਵਿਚਾਰ ਚਰਚਾ ਹੋ ਰਹੀ ਹੈ। ਪੰਜਾਬ ਮੰਡੀ ਬੋਰਡ, ਨਗਰ ਨਿਗਮਾਂ ਤੇ ਨਗਰ ਕੌਂਸਲਾਂ, ਲੋਕ ਨਿਰਮਾਣ ਵਿਭਾਗ, ਖੁਰਾਕ ਤੇ ਸਪਲਾਈ ਵਿਭਾਗ ਨੂੰ ਵੀ ਇਨ੍ਹਾਂ ਸਮਾਗਮਾਂ ਵਿੱਚ ਸ਼ਾਮਲ ਕੀਤਾ ਜਾ ਰਿਹਾ ਹੈ। ਪੀਣ ਵਾਲੇ ਪਾਣੀ ਦੇ ਪ੍ਰਬੰਧ ਮੰਡੀ ਬੋਰਡ ਵੱਲੋਂ ਕੀਤੇ ਜਾਣੇ ਹਨ। ਸਾਫ਼ ਸਫ਼ਾਈ ਦੇ ਪ੍ਰਬੰਧ ਨਗਰ ਨਿਗਮ ਅਤੇ ਨਗਰ ਕੌਂਸਲਾਂ ਵੱਲੋਂ ਕੀਤੇ ਜਾਣਗੇ। ਵੀ.ਵੀ.ਆਈ.ਪੀਜ਼. ਲਈ ਖਾਣ ਪੀਣ ਦੇ ਵੱਖਰੇ ਪ੍ਰਬੰਧ ਕੀਤੇ ਜਾ ਰਹੇ ਹਨ। ਹਰ ਪੰਚ ਅਤੇ ਸਰਪੰਚ ਲਈ ਇਕ ਸਹੁੰ ਚੁੱਕ ਫਾਰਮ ਛਪਾਇਆ ਗਿਆ ਹੈ। ਬਲਾਕ ਪੱਧਰ 'ਤੇ ਪੰਚਾਂ ਸਰਪੰਚਾਂ ਲਈ ਟਰਾਂਸਪੋਰਟ ਦਾ ਪ੍ਰਬੰਧ ਵੀ ਕੀਤਾ ਜਾਣਾ ਹੈ। ਇਨ੍ਹਾਂ ਸਮਾਗਮਾਂ ਵਿੱਚ ਪੰਚਾਇਤ ਸਮਿਤੀਆਂ ਅਤੇ ਜ਼ਿਲ੍ਹਾ ਪ੍ਰੀਸ਼ਦ ਦੇ ਨਵੇਂ ਚੁਣੇ ਮੈਂਬਰਾਂ ਨੂੰ ਵੀ ਸੱਦਾ ਦਿੱਤਾ ਗਿਆ ਹੈ।
               ਪੰਜਾਬ ਸਰਕਾਰ ਵੱਲੋਂ ਇਨ੍ਹਾਂ ਸਮਾਗਮਾਂ ਦੀ ਤਿਆਰੀ ਲਈ ਡਿਪਟੀ ਕਮਿਸ਼ਨਰਾਂ ਨਾਲ ਵੀਡੀਓ ਕਾਨਫਰੰਸਿੰਗ ਵੀ ਕੀਤੀ ਗਈ ਹੈ। ਡਿਪਟੀ ਕਮਿਸ਼ਨਰਾਂ ਵੱਲੋਂ ਫੰਡਾਂ ਦਾ ਮਾਮਲਾ ਉਠਾਇਆ ਗਿਆ ਸੀ, ਜਿਸ ਬਾਰੇ ਸਰਕਾਰ ਨੇ ਭਰੋਸਾ ਦਿੱਤਾ ਕਿ ਪ੍ਰਤੀ ਵਿਅਕਤੀ ਦੇ ਹਿਸਾਬ ਨਾਲ ਬਜਟ ਦਿੱਤਾ ਜਾਵੇਗਾ। ਸੂਤਰਾਂ ਦਾ ਕਹਿਣਾ ਹੈ ਕਿ ਅਕਾਲੀ-ਭਾਜਪਾ ਗਠਜੋੜ ਸਰਕਾਰ ਵੱਲੋਂ ਇਨ੍ਹਾਂ ਸਮਾਰੋਹਾਂ ਨੂੰ ਸਿਆਸੀ ਲਾਹੇ ਲਈ ਵਰਤਿਆ ਜਾ ਰਿਹਾ ਹੈ।ਬਠਿੰਡਾ ਜ਼ਿਲ੍ਹੇ ਵਿੱਚ ਸ਼ਹਿਰ ਦੀ ਦਾਣਾ ਮੰਡੀ ਵਿੱਚ ਸਹੁੰ ਚੁੱਕ ਸਮਾਗਮ ਹੋ ਰਿਹਾ ਹੈ, ਜਿਸ ਵਿੱਚ 3 ਅਗਸਤ ਨੂੰ ਮੁੱਖ ਮੰਤਰੀ ਪੁੱਜ ਰਹੇ ਹਨ। ਉਸੇ ਦਿਨ ਦੁਪਹਿਰ ਮਗਰੋਂ ਮਾਨਸਾ ਜ਼ਿਲ੍ਹੇ ਵਿੱਚ ਸਹੁੰ ਚੁੱਕ ਸਮਾਗਮ ਹੋਣਾ ਹੈ। ਜ਼ਿਲ੍ਹਾ ਪ੍ਰਸ਼ਾਸਨ ਬਠਿੰਡਾ ਵੱਲੋਂ ਤਿੰਨ ਹਜ਼ਾਰ ਲੋਕਾਂ ਦੇ ਬੈਠਣ ਦਾ ਪ੍ਰਬੰਧ ਕੀਤਾ ਜਾ ਰਿਹਾ ਹੈ। ਇਨ੍ਹਾਂ ਸਮਾਗਮਾਂ ਵਿੱਚ 295 ਸਰਪੰਚ ਅਤੇ 2269 ਪੰਚਾਇਤ ਮੈਂਬਰ ਸਹੁੰ ਚੁੱਕਣਗੇ। ਸਮਾਗਮਾਂ ਵਿੱਚ ਪੰਚਾਂ ਸਰਪੰਚਾਂ ਦੇ ਬੈਠਣ ਲਈ ਬਲਾਕ ਵਾਈਜ ਪ੍ਰਬੰਧ ਕੀਤਾ ਗਿਆ ਹੈ। ਠੀਕ 11 ਵਜੇ ਇਹ ਸਮਾਗਮ ਸ਼ੁਰੂ ਹੋਣੇ ਹਨ। ਡਿਪਟੀ ਕਮਿਸ਼ਨਰ ਕਮਲ ਕਿਸ਼ੋਰ ਯਾਦਵ ਦਾ ਕਹਿਣਾ ਸੀ ਕਿ ਪੰਚਾਂ ਅਤੇ ਸਰਪੰਚਾਂ ਨੂੰ ਸਰਕਾਰੀ ਤੌਰ 'ਤੇ ਸਮਾਗਮਾਂ ਦੇ ਸੁਨੇਹੇ ਲਾਏ ਜਾ ਰਹੇ ਹਨ ਅਤੇ ਉਨ੍ਹਾਂ ਲਈ ਟਰਾਂਸਪੋਰਟ ਦੇ ਵੱਖਰੇ ਪ੍ਰਬੰਧ ਨਹੀਂ ਕੀਤੇ ਜਾ ਰਹੇ। ਉਨ੍ਹਾਂ ਦੱਸਿਆ ਕਿ ਬਜਟ ਪੰਜਾਬ ਸਰਕਾਰ ਵੱਲੋਂ ਪ੍ਰਤੀ ਵਿਅਕਤੀ ਦੇ ਹਿਸਾਬ ਨਾਲ ਭੇਜਿਆ ਜਾ ਰਿਹਾ ਹੈ।
                                           ਵਿੱਤ ਵਿਭਾਗ ਤੋਂ ਫੰਡ ਮੰਗੇ: ਡਿਪਟੀ ਡਾਇਰੈਕਟਰ
ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਪੰਜਾਬ ਦੇ ਡਿਪਟੀ ਡਾਇਰੈਕਟਰ ਜਸਪਾਲ ਸਿੰਘ ਦਾ ਕਹਿਣਾ ਸੀ ਕਿ ਮਹਿਕਮੇ ਨੇ ਵਿੱਤ ਵਿਭਾਗ ਤੋਂ ਫੰਡਾਂ ਦੀ ਮੰਗ ਕੀਤੀ ਹੈ। ਇਸ ਬਾਰੇ ਕੇਸ ਵਿੱਤ ਵਿਭਾਗ ਕੋਲ ਭੇਜਿਆ ਗਿਆ ਹੈ, ਜਿਸ ਬਾਰੇ ਹਾਲੇ ਕੋਈ ਜੁਆਬ ਨਹੀਂ ਆਇਆ। ਉਨ੍ਹਾਂ ਦੱਸਿਆ ਕਿ ਪ੍ਰਤੀ ਵਿਅਕਤੀ 200 ਤੋਂ 250 ਰੁਪਏ ਦਾ ਬਜਟ ਦੇਣ ਦੀ ਤਜਵੀਜ਼ ਹੈ। ਉਨ੍ਹਾਂ ਦੱਸਿਆ ਕਿ ਵਿੱਤ ਵਿਭਾਗ ਦੀ ਪ੍ਰਵਾਨਗੀ ਮਗਰੋਂ ਹੀ ਯਕੀਨੀ ਤੌਰ 'ਤੇ ਫੰਡ ਦੇਣ ਬਾਰੇ ਕੁਝ ਆਖਿਆ ਜਾ ਸਕਦਾ ਹੈ।
                                              ਨਵੇਂ ਸਰਪੰਚਾਂ ਨੂੰ ਸਹੁੰ ਚੁੱਕਣ ਦਾ ਗੋਡੇ-ਗੋਡੇ ਚਾਅ
ਬਠਿੰਡਾ ਪੱਟੀ ਦੇ ਨਵੇਂ ਬਣੇ ਸਰਪੰਚਾਂ ਨੂੰ ਸਹੁੰ ਚੁੱਕਣ ਦਾ ਗੋਡੇ-ਗੋਡੇ ਚਾਅ ਹੈ। ਮੁੱਖ ਮੰਤਰੀ ਪੰਜਾਬ ਪ੍ਰਕਾਸ਼ ਸਿੰਘ ਬਾਦਲ ਵਲੋਂ ਇਨ੍ਹਾਂ ਸਰਪੰਚਾਂ ਅਤੇ ਪੰਚਾਂ ਨੂੰ 3 ਅਗਸਤ ਨੂੰ ਸਹੁੰ ਚੁਕਾਈ ਜਾਣੀ ਹੈ। ਇਹ ਨਵੇਂ ਸਰਪੰਚ ਕਈ ਦਿਨਾਂ ਤੋਂ ਸਹੁੰ ਚੁੱਕ ਸਮਾਗਮਾਂ ਵਿੱਚ ਜਾਣ ਦੀ ਤਿਆਰੀ ਕਰ ਰਹੇ ਹਨ। ਕੋਈ ਸਰਪੰਚ ਨਵੇਂ ਕੱਪੜੇ ਸੁਆ ਰਿਹਾ ਹੈ ਅਤੇ ਕੋਈ ਸਹੁੰ ਚੁੱਕਣ ਤੋਂ ਪਹਿਲਾਂ ਗੁਰੂਘਰ ਵਿੱਚ ਅਰਦਾਸ ਕਰਕੇ ਜਾਣ ਦੀ ਤਿਆਰੀ ਕਰ ਰਹੇ ਹਨ। ਜੋ ਮਹਿਲਾ ਸਰਪੰਚ ਹਨ,ਉਨ੍ਹਾਂ ਦੇ ਪਤੀ ਵੀ ਤਿਆਰੀ ਵਿੱਚ ਜੁੱਟੇ ਹੋਏ ਹਨ। ਨਵੇਂ ਸਰਪੰਚਾਂ ਨੇ ਇਸ ਚਾਅ ਵਿੱਚ ਆਪਣੀਆਂ ਕਾਰਾਂ ਤੇ 'ਸਰਪੰਚ' ਵੀ ਲਿਖ ਲਿਆ ਹੈ। ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਦੇ ਮੁਲਾਜ਼ਮ ਇਨ੍ਹਾਂ ਨੂੰ ਸਹੁੰ ਚੁੱਕ ਫਾਰਮ ਭਰਵਾ ਰਹੇ ਹਨ। ਨਵੀਆਂ ਮਹਿਲਾ ਸਰਪੰਚਾਂ ਨੂੰ ਤਾਂ ਮੁੱਖ ਮੰਤਰੀ ਨੂੰ ਦੇਖਣ ਦਾ ਚਾਅ ਜ਼ਿਆਦਾ ਹੈ। ਪਿੰਡ ਰਾਜਗੜ੍ਹ ਖੁਰਦ ਦਾ ਨਵਾਂ ਸਰਪੰਚ ਸਤਨਾਮ ਸਿੰਘ ਪਹਿਲਾਂ ਪੰਚਾਇਤ ਮੈਂਬਰ ਸੀ ਤੇ ਐਤਕੀ ਸਰਪੰਚ ਬਣ ਗਿਆ ਹੈ। ਸਰਪੰਚ ਸਤਨਾਮ ਸਿੰਘ ਨੇ ਦੱਸਿਆ ਕਿ ਉਸ ਨੇ ਆਪਣੀ ਗੱਡੀ ਤੇ ਪਹਿਲਾਂ 'ਪੰਚ' ਲਿਖਿਆ ਹੋਇਆ ਸੀ ਅਤੇ ਹੁਣ ਪੰਚ ਅੱਗੇ ਛੱਡੀ ਖਾਲੀ ਥਾਂ ਵਿੱਚ 'ਸਰ' ਲਿਖ ਦਿੱਤਾ ਜੋ ਕਿ ਸਰਪੰਚ ਬਣ ਗਿਆ ਹੈ। ਉਸ ਨੇ ਦੱਸਿਆ ਕਿ ਸਰਪੰਚ ਬਣਨ ਦੀ ਸੱਧਰ ਉਸ ਦੇ ਮਨ ਵਿੱਚ ਸੀ। ਉਸ ਨੇ ਦੱਸਿਆ ਕਿ ਨਵੇਂ ਕੱਪੜੇ ਸੁਆ ਲਏ ਹਨ।
             ਪਿੰਡ ਦੁੱਲੇਵਾਲਾ ਦੀ ਨਵੀਂ ਸਰਪੰਚ ਕਰਮਜੀਤ ਕੌਰ ਨੇ ਵੀ ਸਮਾਗਮਾਂ ਲਈ ਤਿਆਰੀ ਖਿੱਚ ਲਈ ਹੈ। ਉਸ ਦਾ ਕਹਿਣਾ ਸੀ ਕਿ ਦੋ ਢਾਈ ਦਹਾਕੇ ਪਹਿਲਾਂ ਉਸ ਦਾ ਸਹੁਰਾ ਸਰਪੰਚ ਸੀ। ਕਾਫੀ ਲੰਮੇ ਸਮੇਂ ਮਗਰੋਂ ਘਰ ਵਿੱਚ ਸਰਪੰਚੀ ਆਈ ਹੈ ਜਿਸ ਕਰਕੇ ਚਾਅ ਦੁੱਗਣਾ ਹੈ। ਪਿੰਡ ਰਾਜਗੜ੍ਹ ਦੀ ਮਹਿਲਾ ਸਰਪੰਚ ਕਿਰਨਜੀਤ ਕੌਰ ਤੇ ਉਸ ਦਾ ਪਤੀ ਕਮਲਜੀਤ ਸਿੰਘ ਵੀ ਆਪਣੀ ਪਤਨੀ ਦੇ ਨਾਲ ਸਮਾਗਮਾਂ ਦੀ ਤਿਆਰੀ ਕਰ ਰਿਹਾ ਹੈ। ਇਲਾਕੇ ਦੇ ਸਰਪੰਚਾਂ ਅਤੇ ਪੰਚਾਇਤ ਮੈਂਬਰਾਂ ਨੇ ਸਮਾਗਮਾਂ ਲਈ ਗੱਡੀਆਂ ਵੀ ਬੁੱਕ ਕਰ ਲਈਆਂ ਹਨ। ਪਿੰਡ ਮਹਿਮਾ ਸਵਾਈ ਦੇ ਨਵੇਂ ਸਰਪੰਚ ਨੇ ਵੀ ਆਪਣੀ ਆਲਟੋ ਗੱਡੀ ਤੇ ਸਰਪੰਚ ਲਿਖ ਲਿਆ ਹੈ। ਪਿੰਡ ਧਿੰਗੜ ਦੇ ਨਵੇਂ ਸਰਪੰਚ ਹਰਬੰਸ ਸਿੰਘ ਨੇ ਆਪਣੀ ਬਲੈਰੋ ਗੱਡੀ ਅਤੇ ਜਿਪਸੀ ਦੇ ਅੱਗੇ ਸਰਪੰਚ ਲਿਖ ਲਿਆ ਹੈ।ਪਿੰਡ ਢੱਡੇ ਦੇ ਨਵੇਂ ਸਰਪੰਚ ਗੁਰਮੀਤ ਸਿੰਘ ਦਾ ਕਹਿਣਾ ਸੀ ਕਿ ਉਹ ਸਹੁੰ ਚੁੱਕਣ ਸਮਾਗਮਾਂ ਵਿੱਚ ਜਾਣ ਤੋਂ ਪਹਿਲਾਂ ਪਿੰਡ ਦੇ ਗੁਰੂਘਰ ਅਤੇ ਪਿੰਡ ਵਿੱਚ ਬਣੀਆਂ ਸਮਾਧਾਂ 'ਤੇ ਮੱਥਾ ਟੇਕੇਗਾ। ਉਸ ਮਗਰੋਂ ਮਾਤਾ-ਪਿਤਾ ਦਾ ਅਸ਼ੀਰਵਾਦ ਲਵਾਂਗਾ। ਉਸ ਦਾ ਕਹਿਣਾ ਸੀ ਕਿ ਉਸ ਨੇ ਕੁਝ ਦਿਨ ਪਹਿਲਾਂ ਹੀ ਕੁੜਤੇ ਪਜ਼ਾਮੇ ਸੁਆ ਲਏ ਸਨ। ਦੱਸਣਯੋਗ ਹੈ ਕਿ ਜਿਨ੍ਹਾਂ ਪਿੰਡਾਂ ਵਿੱਚ ਮੁਕਾਬਲਾ ਸਖਤ ਰਿਹਾ ਹੈ,ਉਥੋਂ ਦੇ ਸਰਪੰਚ ਜ਼ਿਆਦਾ ਤਿਆਰੀ ਖਿੱਚ ਰਹੇ ਹਨ।
             ਪਤਾ ਲੱਗਾ ਹੈ ਕਿ ਕਈ ਸਰਪੰਚ ਤਾਂ ਆਪਣੇ ਬੱਚਿਆਂ ਨੂੰ ਵੀ ਸਮਾਗਮਾਂ ਵਿੱਚ ਆਪਣੇ ਨਾਲ ਲਿਆ ਰਹੇ ਹਨ। ਮਹਿਲਾ ਸਰਪੰਚਾਂ ਦੇ ਨਾਲ ਉਨ੍ਹਾਂ ਦੇ ਪਤੀ ਜਾਂ ਲੜਕੇ ਆਉਣਗੇ। ਯੂਥ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਬਲਕਾਰ ਸਿੰਘ ਗੋਨਿਆਣਾ ਨੇ ਦੱਸਿਆ ਕਿ ਨਵੇਂ ਨੌਜਵਾਨ ਸਰਪੰਚਾਂ ਨੂੰ ਸਹੁੰ ਚੁੱਕਣ ਦਾ ਪੂਰਾ ਚਾਅ ਹੈ ਅਤੇ ਉਹ ਆਪਣੇ ਪਰਿਵਾਰਾਂ ਸਮੇਤ ਸਮਾਗਮਾਂ ਵਿੱਚ ਪੁੱਜਣ ਦੀ ਤਿਆਰੀ ਕਰ ਰਹੇ ਹਨ। ਦੂਸਰੀ ਤਰਫ ਜੋ ਕਾਂਗਰਸੀ ਪੰਚ ਸਰਪੰਚ ਹਨ,ਉਹ ਸਹੁੰ ਚੁੱਕਣ ਤਾਂ ਪੁੱਜ ਰਹੇ ਹਨ ਪਰ ਉਨ੍ਹਾਂ ਵਿੱਚ ਸਮਾਗਮਾਂ ਦਾ ਜੋਸ਼ ਹੋਣ ਦੀ ਥਾਂ ਸਰਪੰਚੀ ਦਾ ਹੀ ਜੋਸ਼ ਹੈ। ਇਨ੍ਹਾਂ ਸਮਾਗਮਾਂ ਲਈ ਕਾਂਗਰਸੀ ਵਿਧਾਇਕਾਂ ਨੂੰ ਵੀ ਸੱਦਾ ਪੱਤਰ ਭੇਜੇ ਜਾ ਰਹੇ ਹਨ ਪ੍ਰੰਤੂ ਉਨ੍ਹਾਂ ਦੀ ਸਮਾਗਮਾਂ ਵਿੱਚ ਸ਼ਾਮਲ ਹੋਣ ਦੀ ਬਹੁਤ ਘੱਟ ਸੰਭਾਵਨਾ ਹੈ। ਜ਼ਿਲ੍ਹਾ ਵਿਕਾਸ ਤੇ ਪੰਚਾਇਤ ਅਫਸਰ ਰਜਿੰਦਰ ਬੱਤਰਾ ਦਾ ਕਹਿਣਾ ਸੀ ਕਿ ਉਹ ਸਾਰੇ ਸਰਪੰਚਾਂ ਨੂੰ ਸੱਦਾ ਪੱਤਰ ਭੇਜ ਰਹੇ ਹਨ। ਜਾਣਕਾਰੀ ਅਨੁਸਾਰ ਸਹੁੰ ਚੁੱਕਣ ਵਾਸਤੇ ਲਿਖਤੀ ਫਾਰਮ ਦਿੱਤਾ ਜਾਣਾ ਹੈ। ਜੋ ਅਨਪੜ੍ਹ ਪੰਚ ਸਰਪੰਚ ਹਨ ਉਹ ਤਾਂ ਸਿਰਫ ਮੁੱਖ ਮੰਤਰੀ ਨੂੰ ਸੁਣ ਕੇ ਉਨ੍ਹਾਂ ਦੇ ਪਿਛੇ-ਪਿਛੇ ਬੋਲ ਹੀ ਸਕਣਗੇ।

Saturday, July 13, 2013

                                                                   
                                                                        ਸਿਆਸੀ ਖੇਡ
                                          ਨੌਕਰੀ ਮਿਲੀ ਨਹੀਂ,ਸਰਪੰਚੀ ਮਿਲ ਗਈ
                                                                       ਚਰਨਜੀਤ ਭੁੱਲਰ
ਬਠਿੰਡਾ  : ਬਠਿੰਡਾ ਪੱਟੀ ਦੇ ਕਈ ਨੌਜਵਾਨਾਂ ਨੂੰ ਠੋਕਰਾਂ ਖਾ ਕੇ ਵੀ ਨੌਕਰੀ ਮਿਲੀ ਨਹੀਂ ਜਦੋਂ ਕਿ ਉਨ•ਾਂ ਨੂੰ ਹੁਣ ਸਰਪੰਚੀ ਮਿਲ ਗਈ ਹੈ। ਇਹ ਨੌਜਵਾਨ ਰੁਜ਼ਗਾਰ ਦੀ ਤਲਾਸ਼ ਵਿੱਚ ਕਈ ਕਈ ਵਰੇ• ਭਟਕੇ ਹਨ ਪ੍ਰੰਤੂ ਕਿਧਰੋਂ ਕੋਈ ਹੁੰਗਾਰਾ ਨਹੀਂ ਮਿਲਿਆ। ਆਖਰ ਉਨ•ਾਂ ਦੇ ਪਿੰਡਾਂ ਦੇ ਲੋਕਾਂ ਨੇ ਹੀ ਉਨ•ਾਂ ਨੂੰ ਸਰਪੰਚੀ ਦਾ ਮਾਣ ਬਖ਼ਸ਼ ਦਿੱਤਾ ਹੈ। ਪੜੇ• ਲਿਖੇ ਇਨ•ਾਂ ਸਰਪੰਚਾਂ ਦਾ ਕਹਿਣਾ ਹੈ ਕਿ ਸਰਕਾਰੀ ਦਰਬਾਰੇ ਤਾਂ ਉਨ•ਾਂ ਦੀ ਕਿਸੇ ਨੇ ਕਦਰ ਨਹੀਂ ਪਾਈ ਪ੍ਰੰਤੂ ਪਿੰਡ ਦੇ ਲੋਕਾਂ ਨੇ ਉਨ•ਾਂ ਦੀ ਪੜਾਈ ਦਾ ਮੁੱਲ ਮੋੜ ਦਿੱਤਾ ਹੈ। ਕਈ ਨੌਜਵਾਨ ਸਰਪੰਚਾਂ ਨੇ ਕਈ ਕਈ ਵਿਭਾਗਾਂ ਵਿੱਚ ਅਪਲਾਈ ਕੀਤਾ ਅਤੇ ਪੁਲੀਸ ਫੌਜ ਦੀ ਭਰਤੀ ਵੀ ਵੇਖੀ ਲੇਕਿਨ ਕਿਧਰੋਂ ਸਫਲਤਾ ਨਹੀਂ ਮਿਲੀ। ਉਂਝ ਐਤਕੀਂ ਪਿੰਡਾਂ ਦੇ ਬਹੁਗਿਣਤੀ ਸਰਪੰਚ ਅਣਪੜ ਅਤੇ ਘੱਟ ਪੜੇ ਲਿਖੇ ਹੀ ਹਨ। ਪੰਜਾਬ ਸਰਕਾਰ ਵਲੋਂ ਸਰਪੰਚਾਂ ਨੂੰ ਪ੍ਰਤੀ ਮਹੀਨਾ 1500 ਰੁਪਏ ਮਾਣ ਭੱਤਾ ਦਿੱਤਾ ਜਾਂਦਾ ਹੈ। ਨਵੇਂ ਪੜੇ ਲਿਖੇ ਸਰਪੰਚਾਂ ਦੀ ਮੰਗ ਹੈ ਕਿ ਸਰਕਾਰ ਨੇ ਉਨ•ਾਂ ਨੂੰ ਨੌਕਰੀ ਤਾਂ ਦਿੱਤੀ ਨਹੀਂ ਪਰ ਹੁਣ ਇਸ ਮਾਣ ਭੱਤੇ ਵਿੱਚ ਤਾਂ ਵਾਧਾ ਕਰ ਦੇਵੇ। ਪਿੰਡ ਭੈਣੀ ਚੂਹੜ ਦਾ ਸਰਪੰਚ ਗੁਰਤੇਜ ਸਿੰਘ ਪੋਸਟ ਗਰੈਜੂਏਟ ਹੈ। ਉਸ ਨੇ ਰਾਜਨੀਤੀ ਸ਼ਾਸਤਰ ਵਿਸ਼ੇ ਵਿੱਚ ਐਮ.ਏ ਕੀਤੀ ਹੈ। ਉਸ ਨੇ ਕਰੀਬ ਹਰ ਸਰਕਾਰੀ ਵਿਭਾਗ ਵਿੱਚ ਨੌਕਰੀ ਵਾਸਤੇ ਅਪਲਾਈ ਕੀਤਾ ਪਰ ਅਸਫਲ ਰਿਹਾ। ਉਸ ਦਾ ਕਹਿਣਾ ਸੀ ਕਿ ਅਪਲਾਈ ਤਾਂ ਹਰ ਥਾਂ ਕੀਤਾ ਪਰ ਗੱਲ ਕਿਤੇ ਬਣੀ ਨਹੀਂ। ਉਨ•ਾਂ ਇਹ ਵੀ ਦੱਸਿਆ ਕਿ ਪਿੰਡ ਦੇ ਲੋਕਾਂ ਨੇ ਜ਼ਰੂਰ ਪੜਾਈ ਦਾ ਮੁੱਲ ਹੁਣ ਪਾ ਦਿੱਤਾ ਹੈ ਜਿਸ ਕਰਕੇ ਥੋੜੀ ਤਸੱਲੀ ਹੋਈ ਹੈ।
                    ਉਸ ਦਾ ਕਹਿਣਾ ਸੀ ਕਿ ਪੜੇ ਲਿਖੇ ਹੋਣ ਕਰਕੇ ਉਸ ਨੇ ਹਮੇਸ਼ਾ ਹਰ ਵਿਅਕਤੀ ਨੂੰ ਸਤਿਕਾਰ ਦਿੱਤਾ ਜਿਸ ਦੀ ਕਦਰ ਹੁਣ ਪਈ ਹੈ। ਉਸ ਦਾ ਕਹਿਣਾ ਸੀ ਕਿ ਉਹ ਲੋਕਾਂ ਦੀਆਂ ਉਮੀਦਾਂ ਤੇ ਖਰਾ ਉਤਰਨ ਦੀ ਕੋਸ਼ਿਸ਼ ਕਰੇਗਾ। ਸੂਤਰ ਆਖਦੇ ਹਨ ਕਿ ਸਿਆਸੀ ਖੇਡ ਵਿੱਚ ਇਨ•ਾਂ ਨੌਜਵਾਨ ਸਰਪੰਚਾਂ ਨੂੰ ਸਿਆਸਤ ਵਿੱਚ ਦਾਖਲ ਹੋਣ ਦਾ ਮੌਕਾ ਮਿਲ ਗਿਆ ਹੈ। ਪਿੰਡ ਫੁੱਲੋਮਿੱਠੀ ਦਾ ਨੌਜਵਾਨ ਸਰਪੰਚ ਜਰਨੈਲ ਸਿੰਘ ਗਰੈਜੂਏਟ ਹੈ। ਉਸ ਨੇ ਦੱਸਿਆ ਕਿ ਉਸ ਨੇ ਬਹੁਤ ਦਫ਼ਾ ਸਰਕਾਰੀ ਨੌਕਰੀ ਲਈ ਅਪਲਾਈ ਕੀਤਾ ਸੀ। ਜਦੋਂ ਕਿਧਰੋਂ ਚੰਗਾ ਨਤੀਜਾ ਨਾ ਆਇਆ ਤਾਂ ਉਸ ਨੇ ਅਪਲਾਈ ਕਰਨਾ ਹੀ ਛੱਡ ਦਿੱਤਾ। ਉਹ ਹੁਣ ਫੋਟੋਗਰਾਫੀ ਦਾ ਕੰਮ ਕਰ ਰਿਹਾ ਹੈ। ਉਸ ਦਾ ਕਹਿਣਾ ਸੀ ਕਿ ਉਹ ਤੁਰਿਆ ਤਾਂ ਨੌਕਰੀ ਲੈਣ ਲਈ ਸੀ ਪ੍ਰੰਤੂ ਮਿਲ ਗਈ ਸਰਪੰਚੀ। ਉਸ ਦਾ ਕਹਿਣਾ ਸੀ ਕਿ ਸਰਕਾਰ ਹੁਣ ਸਰਪੰਚਾਂ ਨੂੰ ਦਿੱਤੇ ਜਾਣ ਵਾਲੇ ਮਾਣ ਭੱਤੇ ਵਿੱਚ ਵਾਧਾ ਕਰ ਦੇਵੇ ਕਿਉਂਕਿ ਸਰਪੰਚੀ ਨਾਲ ਖਰਚੇ ਵੀ ਵੱਧ ਜਾਂਦੇ ਹਨ। ਉਸ ਦਾ ਕਹਿਣਾ ਸੀ ਕਿ ਉਹ ਆਪਣਾ ਰੁਜ਼ਗਾਰ ਫੋਟੋਗਰਾਫੀ ਵੀ ਨਾਲ ਨਾਲ ਕਰੇਗਾ। ਪਿੰਡ ਕੌਟੜਾ ਕੌੜਿਆਂ ਵਾਲਾ ਦਾ ਗੁਰਪਾਲ ਸਿੰਘ ਗਰੈਜੂਏਟ ਹੈ। ਉਸ ਨੂੰ ਦਿੱਲੀ ਪੁਲੀਸ ਵਿੱਚ ਨੌਕਰੀ ਮਿਲ ਗਈ ਸੀ ਅਤੇ ਭਾਰਤੀ ਫੌਜ ਵਿੱਚ ਵੀ ਮੌਕਾ ਮਿਲ ਗਿਆ ਸੀ ਪ੍ਰੰਤੂ ਹਾਲਾਤਾਂ ਕਾਰਨ ਉਹ ਜੁਆਇੰਨ ਨਾ ਕਰ ਸਕਿਆ। ਉਸ ਨੇ ਫਿਰ ਵਣ ਵਿਭਾਗ ਵਿੱਚ ਅਪਲਾਈ ਕੀਤਾ। ਉਸ ਦਾ ਕਹਿਣਾ ਸੀ ਕਿ ਨੌਕਰੀ ਦਾ ਨਾ ਸਹੀ, ਇੱਧਰ ਹੁਣ ਸਰਪੰਚੀ ਦਾ ਮੌਕਾ ਮਿਲ ਗਿਆ ਹੈ ਜਿਸ ਕਰਕੇ ਉਹ ਹੁਣ ਪਿੰਡ ਦੇ ਵਿਕਾਸ ਨੂੰ ਆਪਣਾ ਕਾਰਜਕਾਲ ਸਮਰਪਿਤ ਕਰੇਗਾ। ਉਸ ਦੀ ਵੀ ਇਹੋ ਮੰਗ ਸੀ ਕਿ ਪੰਜਾਬ ਸਰਕਾਰ ਸਰਪੰਚਾਂ ਨੂੰ ਦਿੱਤੇ ਜਾਣ ਵਾਲੇ ਮਾਣ ਭੱਤੇ ਵਿੱਚ ਵਾਧਾ ਕਰੇ। ਪਿੰਡ ਕਰਾੜ ਵਾਲਾ ਦਾ ਨੌਜਵਾਨ ਸਰਪੰਚ ਗੁਰਨੈਬ ਸਿੰਘ ਗਰੈਜੂਏਟ ਹੈ ਅਤੇ ਉਸ ਨੇ ਚੰਡੀਗੜ• ਤੋਂ ਪੜਾਈ ਕੀਤੀ ਹੈ। ਉਸ ਦਾ ਕਹਿਣਾ ਸੀ ਕਿ ਉਸ ਦਾ ਇੱਕੋ ਇੱਕ ਮਿਸ਼ਨ ਹੁਣ ਪਿੰਡ ਦਾ ਵਿਕਾਸ ਕਰਨਾ ਹੈ ਅਤੇ ਖਾਸ ਕਰਕੇ ਪਿੰਡ ਨੂੰ ਹਰਾ ਭਰਾ ਬਣਾਉਣਾ ਹੈ।
                     ਪਿੰਡ ਕੋਠੇ ਸੰਧੂਆਂ ਦੇ ਸਰਪੰਚ ਗੁਰਦੌਰ ਸਿੰਘ ਨੇ ਵੀ ਬੀ.ਟੈਕ ਕੀਤੀ ਹੋਈ ਹੈ। ਬਹੁਤੇ ਜਨਰਲ ਪਿੰਡਾਂ ਦੇ ਸਰਪੰਚ ਮੈਟ੍ਰਿਕ ਪਾਸ ਜਾਂ ਜਮ•ਾ ਦੋ ਪਾਸ ਹਨ। ਗਰੈਜੂਏਟ ਸਰਪੰਚ ਵੀ ਟਾਵੇਂ ਹੀ ਹਨ। ਪਿੰਡ ਕਰਮਗੜ ਸਤਰਾਂ ਦੇ ਸਰਪੰਚ ਜਸਵਿੰਦਰ ਸਿੰਘ ਨੇ ਪੁਲੀਸ ਅਤੇ ਭਾਰਤੀ ਫੌਜ ਦੀ ਕੋਈ ਭਰਤੀ ਨਹੀਂ ਛੱਡੀ ਹੈ। ਗਰੈਜੂਏਟ ਸਰਪੰਚ ਦਾ ਕਹਿਣਾ ਸੀ ਕਿ ਭਾਰਤੀ ਫੌਜ ਦੀ ਲਿਖਤੀ ਪ੍ਰੀਖਿਆ ਚੋਂ ਰਹਿ ਗਿਆ ਸੀ ਅਤੇ ਪੁਲੀਸ ਦੇ ਟਰਾਇਲ ਪਾਸ ਨਹੀਂ ਕਰ ਸਕਿਆ ਸੀ ਪ੍ਰੰਤੂ ਹੁਣ ਸਰਪੰਚੀ ਦੀ ਪ੍ਰੀਖਿਆ ਚੋਂ ਉਹ ਪਾਸ ਹੋ ਗਿਆ ਹੈ। ਉਸ ਦਾ ਕਹਿਣਾ ਸੀ ਕਿ ਰੁਜ਼ਗਾਰ ਲਈ ਉਸ ਨੇ ਕਾਫ਼ੀ ਪਾਪੜ ਵੇਲੇ ਹਨ ਪ੍ਰੰਤੂ ਮੌਕਾ ਹੱਥ ਨਹੀਂ ਲੱਗ ਸਕਿਆ। ਉਸ ਦਾ ਕਹਿਣਾ ਸੀ ਕਿ ਹੁਣ ਪਿੰਡ ਦੇ ਲੋਕਾਂ ਦੇ ਮੌਕਾ ਦਿੱਤਾ ਹੈ ਜਿਸ ਤੇ ਖਰਾ ਉੱਤਰਨ ਦੀ ਕੋਸ਼ਿਸ਼ ਕਰਾਂਗਾ। ਪਿੰਡ ਖੇਮੂਆਣਾ ਦਾ ਸਰਪੰਚ ਰਜਿੰਦਰਪਾਲ ਸਿੰਘ ਗਰੈਜੂਏਟ ਹੈ। ਉਸ ਦਾ ਕਹਿਣਾ ਸੀ ਕਿ ਉਸ ਨੇ ਪਾਵਰਕੌਮ ਅਤੇ ਪੁਲੀਸ ਵਿੱਚ ਵੀ ਨੌਕਰੀ ਲਈ ਅਪਲਾਈ ਕੀਤਾ ਸੀ ਪ੍ਰੰਤੂ ਸਫਲਤਾ ਨਹੀਂ ਮਿਲ ਸਕੀ। ਉਸ ਦਾ ਕਹਿਣਾ ਸੀ ਕਿ ਇੱਧਰ ਲੋਕਾਂ ਨੇ ਹੁਣ ਪੜਾਈ ਦੀ ਕਦਰ ਪਾਈ ਹੈ ਜਿਸ ਕਰਕੇ ਲੋਕਾਂ ਦੀਆਂ ਉਮੀਦਾਂ ਤੇ ਖਰਾ ਉੱਤਰਾਂਗਾ। ਯੂਥ ਅਕਾਲੀ ਦਲ ਦੇ ਜ਼ਿਲ•ਾ ਪ੍ਰਧਾਨ ਬਲਕਾਰ ਸਿੰਘ ਗੋਨਿਆਣਾ ਦਾ ਕਹਿਣਾ ਸੀ ਕਿ ਜਿਆਦਾ ਸਰਪੰਚ ਮੈਟ੍ਰਿਕ ਪਾਸ ਹਨ ਅਤੇ ਰਾਖਵੇਂ ਪਿੰਡਾਂ ਦੇ ਸਰਪੰਚ ਬਹੁਤੇ ਪੜੇ ਲਿਖੇ ਨਹੀਂ ਹਨ। ਉਨ•ਾਂ ਦੱਸਿਆ ਕਿ ਜਿਆਦਾ ਸਰਪੰਚ ਨੌਜਵਾਨ ਬਣੇ ਹਨ ਜਿਸ ਕਰਕੇ ਪੇਂਡੂ ਵਿਕਾਸ ਦੀ ਚੰਗੀ ਸੰਭਾਵਨਾ ਵੇਖੀ ਜਾ ਸਕਦੀ ਹੈ। ਸੂਤਰ ਆਖਦੇ ਹਨ ਕਿ ਕਈ ਪਿੰਡਾਂ ਵਿੱਚ ਲੋਕਾਂ ਨੇ ਪੜੇ ਲਿਖੇ ਉਮੀਦਵਾਰਾਂ ਦੀ ਥਾਂ ਘੱਟ ਪੜੇ ਲਿਖਿਆ ਨੂੰ ਸਫਲ ਬਣਾਇਆ ਹੈ।
                                                   ਹਾਰੇ ਉਮੀਦਵਾਰਾਂ ਨੂੰ ਬਲੱਡ ਪ੍ਰੈਸਰ                                                    
  ਸਰਪੰਚੀ ਚੋਣਾਂ ਵਿੱਚ ਹਾਰੇ ਉਮੀਦਵਾਰਾਂ ਦਾ ਬਲੱਡ ਪ੍ਰੈਸਰ ਵੱਧ ਗਿਆ ਹੈ ਜਿਸ ਕਰਕੇ ਉਹ ਡਾਕਟਰਾਂ ਕੋਲ ਚੱਕਰ ਕੱਟ ਰਹੇ ਹਨ। ਇਨ•ਾਂ ਹਾਰੇ ਉਮੀਦਵਾਰਾਂ ਨੂੰ ਇੱਕ ਹਾਰ ਨੇ ਝਟਕਾ ਦੇ ਦਿੱਤਾ ਹੈ ਅਤੇ ਦੂਸਰਾ ਚੋਣ ਤੇ ਖਰਚੇ ਲੱਖਾਂ ਰੁਪਏ ਦੀ ਸੱਟ ਵੀ ਭੁੱਲ ਨਹੀਂ ਰਹੀ ਹੈ। ਫੂਲ ਬਲਾਕ ਵਿੱਚ ਤਾਂ ਇੱਕ ਮਹਿਲਾ ਉਮੀਦਵਾਰ ਨੇ ਚੋਣਾਂ ਦੌਰਾਨ ਹੀ ਇੱਕ ਏਕੜ ਜ਼ਮੀਨ ਤੁਰੰਤ ਵੇਚ ਦਿੱਤੀ ਸੀ। ਕਈ ਉਮੀਦਵਾਰਾਂ ਨੇ ਕਰਜ਼ਾ ਚੁੱਕ ਕੇ ਚੋਣ ਖਰਚਾ ਕੀਤਾ ਸੀ। ਐਤਕੀਂ ਛੋਟੇ ਪਿੰਡਾਂ ਵਿੱਚ ਵੀ ਸਰਪੰਚੀ ਤੇ 20 ਲੱਖ ਰੁਪਏ ਤੋਂ ਉਪਰ ਦਾ ਖਰਚਾ ਹੋਇਆ ਹੈ। ਵੱਡੇ ਪਿੰਡਾਂ ਵਿੱਚ ਇਹ ਖਰਚਾ 40 ਲੱਖ ਤੱਕ ਪੁੱਜਿਆ ਹੈ। ਪਿੰਡ ਘੁੱਦਾ ਵਿੱਚ ਤਾਂ ਜਿੱਤ ਮਗਰੋਂ ਜਦੋਂ ਪੰਚਾਇਤ ਮੈਂਬਰੀ ਜਿੱਤਣ ਵਾਲੇ ਨੇ ਖੁਸ਼ੀ ਵਿੱਚ ਪਟਾਕੇ ਚਲਾ ਦਿੱਤੇ ਤਾਂ ਹਾਰਨ ਵਾਲੇ ਉਮੀਦਵਾਰ ਨੂੰ ਦੌਰਾ ਪੈ ਗਿਆ ਜਿਸ ਨੂੰ ਫੌਰੀ ਡਾਕਟਰ ਕੋਲ ਲਿਜਾਇਆ ਗਿਆ। ਰਾਮਪੁਰਾ ਬਲਾਕ ਦਾ ਦੇ ਪਿੰਡ ਦਾ ਹਾਰਿਆ ਉਮੀਦਵਾਰ ਤਾਂ ਕਈ ਦਿਨਾਂ ਤੋਂ ਖੇਤ ਮੋਟਰ ਤੇ ਹੀ ਚਲਾ ਗਿਆ ਹੈ। ਅਹਿਮ ਸੂਤਰਾਂ ਨੇ ਦੱਸਿਆ ਕਿ ਸੰਗਤ ਬਲਾਕ ਵਿੱਚ ਕਈ ਹਾਰੇ ਉਮੀਦਵਾਰ ਆਪਣਾ ਬਲੱਡ ਪ੍ਰੈਸਰ ਚੈਕ ਕਰਾ ਰਹੇ ਅਤੇ ਦਵਾਈ ਖਾਣ ਲੱਗੇ ਹਨ। ਜਿਨ•ਾਂ ਪਿੰਡਾਂ ਵਿੱਚ ਹਾਰ ਜਿੱਤ ਦਾ ਫਾਸਲਾ ਬਹੁਤ ਥੋੜਾ ਹੈ,ਉਨ•ਾਂ ਪਿੰਡਾਂ ਦੇ ਉਮੀਦਵਾਰਾਂ ਨੂੰ ਜਿਆਦਾ ਸਦਮਾ ਲੱਗਾ ਹੈ।
              ਸੂਤਰ ਦੱਸਦੇ ਹਨ ਕਿ ਜਿਨ•ਾਂ ਉਮੀਦਵਾਰਾਂ ਨੇ ਚੋਣਾਂ ਤੇ ਲੱਖਾਂ ਰੁਪਏ ਖਰਚ ਕੀਤੇ ਹਨ,ਉਨ•ਾਂ ਵਲੋਂ ਜ਼ਮੀਨ ਵੇਚਣ ਦੀ ਤਿਆਰੀ ਕੀਤੀ ਜਾ ਰਹੀ ਹੈ ਅਤੇ ਇਸ ਮਹੀਨੇ ਇਨ•ਾਂ ਵਲੋਂ ਰਜਿਸਟਰੀਆਂ ਕਰਾਏ ਜਾਣ ਦੀ ਤਿਆਰੀ ਹੈ। ਇੱਕ ਸ਼ਾਹੂਕਾਰ ਨੇ ਦੱਸਿਆ ਕਿ ਉਸ ਤੋਂ ਦੋ ਪਿੰਡਾਂ ਦੇ ਉਮੀਦਵਾਰਾਂ ਨੇ ਪੰਜ ਪੰਜ ਲੱਖ ਰੁਪਏ ਮੌਕੇ ਤੇ ਲਏ ਸਨ। ਜਿੱਤੇ ਸਰਪੰਚ ਤਾਂ ਸਰਕਾਰੀ ਦਫ਼ਤਰਾਂ ਵਿੱਚ ਪਿਛਲੇ ਕੁਝ ਦਿਨਾਂ ਤੋਂ ਮਠਿਆਈ ਵੰਡ ਰਹੇ ਹਨ ਜਦੋਂ ਕਿ ਹਾਰੇ ਹੋਏ ਉਮੀਦਵਾਰਾਂ ਵਲੋਂ ਚੋਣ ਨਤੀਜਿਆਂ ਨੂੰ ਚੁਣੌਤੀ ਦਿੱਤੇ ਜਾਣ ਦੀ ਤਿਆਰੀ ਵੀ ਕੀਤੀ ਜਾ ਰਹੀ ਹੈ। ਮੈਜਿਸਟਰੇਟ ਕੋਲ ਚੋਣ ਪਟੀਸ਼ਨ ਦਾਇਰ ਕਰਨ ਵਾਸਤੇ ਪਟੀਸ਼ਨਾਂ ਪੁੱਜਣੀਆਂ ਸ਼ੁਰੂ ਹੋ ਗਈਆਂ ਹਨ। ਚੋਣ ਨਤੀਜਿਆਂ ਨੂੰ ਚੁਣੌਤੀ ਦੇਣ ਵਾਲੇ ਕਰੀਬ 32 ਉਮੀਦਵਾਰਾਂ ਨੇ ਚੋਣ ਨਤੀਜਿਆਂ ਦੀਆਂ ਨਕਲਾਂ ਲੈਣ ਖਾਤਰ ਅਪਲਾਈ ਕਰ ਦਿੱਤਾ ਹੈ।

Tuesday, July 9, 2013

                                            ਜਜ਼ਬਾ
                ਸਰਪੰਚੀ ਪਹਿਲਾਂ, ਵਿਆਹ ਮਗਰੋਂ
                                     ਚਰਨਜੀਤ ਭੁੱਲਰ
ਬਠਿੰਡਾ : ਬਠਿੰਡਾ ਪੱਟੀ 'ਚ ਨਵੇਂ ਬਣੇ ਕੁਆਰੇ ਸਰਪੰਚਾਂ ਦੀ ਤਰਜੀਹ ਹੁਣ ਘੋੜੀ ਚੜ੍ਹਨਾ ਨਹੀਂ ਹੈ। ਉਨ੍ਹਾਂ ਲਈ ਸਰਪੰਚੀ ਪਹਿਲਾਂ ਅਤੇ ਵਿਆਹ ਮਗਰੋਂ ਹੈ। ਨਵੇਂ ਨੌਜਵਾਨ ਸਰਪੰਚਾਂ ਵਿੱਚ ਇੰਨਾ ਜਜ਼ਬਾ ਹੈ ਕਿ ਉਹ ਆਪਣਾ ਪੂਰਾ ਸਮਾਂ ਪੇਂਡੂ ਵਿਕਾਸ ਦੇ ਲੇਖੇ ਲਾਉਣਾ ਚਾਹੁੰਦੇ ਹਨ। ਹਾਲਾਂ ਕਿ ਵੱਡੀ ਗਿਣਤੀ ਵਿੱਚ ਚੁਣੇ ਗਏ ਨੌਜਵਾਨ ਸਰਪੰਚ ਵਿਆਹੇ ਹੋਏ ਹਨ, ਪਰ ਜੋ  ਅਣਵਿਆਹੇ ਸਰਪੰਚ ਬਣੇ ਹਨ, ਉਨ੍ਹਾਂ ਨੇ ਫਿਲਹਾਲ ਵਿਆਹ ਦਾ ਵਿਚਾਰ ਤਿਆਗ ਦਿੱਤਾ ਹੈ। ਇਹ ਸਰਪੰਚ ਪੂਰਾ ਸਮਾਂ ਪਿੰਡ ਨੂੰ ਸਮਰਪਿਤ ਕਰਨਾ ਚਾਹੁੰਦੇ ਹਨ। ਇਹ ਨਵੇਂ ਸਰਪੰਚ ਸਿਆਸੀ ਘੁਣਤਰਾਂ ਤੋਂ ਅਣਜਾਣ ਹਨ ਤੇ ਸਿਆਸੀ ਪਾਰਟੀਬਾਜ਼ੀ ਤੋਂ ਉਪਰ ਉਠ ਕੇ ਸਮੁੱਚੇ ਪਿੰਡ ਦਾ ਵਿਕਾਸ ਕਰਨ ਦੀ ਗੱਲ ਆਖ ਰਹੇ ਹਨ। ਪਿੰਡ ਕਰਮਗੜ੍ਹ ਸਤਰਾਂ ਦੇ ਨੌਜਵਾਨ ਸਰਪੰਚ ਜਸਵਿੰਦਰ ਸਿੰਘ ਦੀ ਉਮਰ ਸਿਰਫ਼ 25 ਸਾਲ ਹੈ। ਉਹ ਆਖਦਾ ਹੈ ਕਿ ਉਸ ਦੀ ਤਰਜੀਹ ਵਿਆਹ ਨਹੀਂ ਹੈ ਬਲਕਿ ਪਹਿਲਾਂ ਪਿੰਡ ਦਾ ਵਿਕਾਸ ਕਰਾਉਣਾ ਹੈ। ਉਨ੍ਹਾਂ ਦੱਸਿਆ ਕਿ ਉਹ ਸਰਪੰਚੀ ਦੇ ਕਾਰਜਕਾਲ ਦੌਰਾਨ ਵਿਆਹ ਨਹੀਂ ਕਰਾਏਗਾ। ਉਸ ਦਾ ਕਹਿਣਾ ਹੈ ਕਿ ਉਹ ਪਿੰਡ ਨੂੰ ਨਸ਼ਾ ਮੁਕਤ ਕਰਨਗੇ। ਉਨ੍ਹਾਂ ਇਹ ਵੀ ਆਖਿਆ ਕਿ ਉਸ ਨੇ ਸਰਪੰਚੀ ਦਾ ਕਦੇ ਸੁਪਨਾ ਨਹੀਂ ਲਿਆ ਸੀ ਪ੍ਰੰਤੂ ਲੋਕਾਂ ਦੇ ਸਹਿਯੋਗ ਨੇ ਉਸ ਨੂੰ ਇਹ ਅਹੁਦਾ ਬਖ਼ਸ਼ ਦਿੱਤਾ ਹੈ।
               ਪਿੰਡ ਕੋਠੇ ਸੰਧੂਆਂ ਦੇ ਨੌਜਵਾਨ ਸਰਪੰਚ ਗੁਰਦੌਰ ਸਿੰਘ ਨੇ ਵੀ ਹਾਲੇ ਤੱਕ ਵਿਆਹ ਨਹੀਂ ਕਰਾਇਆ ਹੈ ਤੇ ਉਸ ਨੇ ਵੀ ਇਹੋ ਸੰਕਲਪ ਲਿਆ ਹੈ ਕਿ ਉਸ ਦੀ ਪਹਿਲ ਪਿੰਡ ਦਾ ਵਿਕਾਸ ਕਰਾਉਣਾ ਹੈ। ਇਸ ਨੌਜਵਾਨ ਨੂੰ ਪਿੰਡ ਦੇ ਲੋਕਾਂ ਨੇ ਸਰਬਸੰਮਤੀ ਨਾਲ ਸਰਪੰਚ ਬਣਾਇਆ ਹੈ। 25 ਵਰ੍ਹਿਆਂ ਦੇ ਇਸ ਨਵੇਂ ਸਰਪੰਚ ਦੀ ਵਿੱਦਿਅਕ ਯੋਗਤਾ ਬੀ.ਟੈੱਕ ਹੈ। ਉਸ ਦਾ ਕਹਿਣਾ ਸੀ ਕਿ ਸਰਪੰਚੀ ਦਾ ਅਹੁਦਾ ਉਸ ਲਈ ਇੱਕ ਨਵਾਂ ਤਜਰਬਾ ਹੋਵੇਗਾ। ਪਿੰਡ ਖੇਮੂਆਣਾ ਦੇ ਨੌਜਵਾਨ ਸਰਪੰਚ ਰਜਿੰਦਰਪਾਲ ਸਿੰਘ ਉਰਫ ਰਿੰਕੂ ਦਾ ਕਹਿਣਾ ਹੈ ਕਿ ਉਸ ਲਈ ਵਿਆਹ ਕੋਈ ਮਾਹਣੇ ਨਹੀਂ ਰੱਖਦਾ ਹੈ। ਹੁਣ ਜਦੋਂ ਪਿੰਡ ਦੇ ਲੋਕਾਂ ਦੇ ਮਾਣ ਬਖਸ਼ਿਆ ਹੈ ਤਾਂ ਪਹਿਲਾਂ ਕੰਮ ਪੂਰਾ ਸਮਾਂ ਪਿੰਡ ਦੇ ਲੋਕਾਂ ਦੇ ਲੇਖੇ ਲਾਉਣਾ ਹੈ। ਉਸ ਦਾ ਕਹਿਣਾ ਸੀ ਕਿ ਸਰਪੰਚੀ ਪੂਰੀ ਕਰਨ ਮਗਰੋਂ ਹੀ ਵਿਆਹ ਬਾਰੇ ਸੋਚਾਂਗੇ। ਨੌਜਵਾਨਾਂ ਨੂੰ ਨਸ਼ਿਆਂ ਤੋਂ ਲਾਂਭੇ ਕਰਨ ਤੋਂ ਇਲਾਵਾ ਪਿੰਡ ਦਾ ਵਿਕਾਸ ਕਰਾਉਣਾ ਉਸ ਦਾ ਏਜੰਡਾ ਹੋਵੇਗਾ। ਬਠਿੰਡਾ ਦਿਹਾਤੀ ਹਲਕੇ ਦੇ 17 ਪਿੰਡਾਂ 'ਚ ਨੌਜਵਾਨ ਸਰਪੰਚ ਬਣੇ ਹਨ। ਚੋਣ ਮੈਦਾਨ ਵਿੱਚ ਉਤਰਨ ਵਾਲੇ ਵੀ ਸਭ ਤੋਂ ਜ਼ਿਆਦਾ ਨੌਜਵਾਨ ਹੀ ਸਨ।
                 ਦੂਜੇ ਪਾਸੇ ਐਤਕੀਂ ਸਰਪੰਚੀ ਚੋਣਾਂ ਵਿੱਚ ਛੜਿਆਂ ਦੀ ਗ਼ੈਰਹਾਜ਼ਰੀ ਜ਼ਰੂਰ ਰੜਕਦੀ ਰਹੀ ਹੈ। ਬਠਿੰਡਾ ਜ਼ਿਲ੍ਹੇ ਦੇ 297 ਪਿੰਡਾਂ 'ਚੋਂ ਕਿਸੇ ਵੀ ਪਿੰਡ ਦੀ ਸਰਪੰਚੀ ਛੜੇ ਵਿਅਕਤੀ ਕੋਲ ਨਹੀਂ ਹੈ। ਜ਼ਿਲ੍ਹਾ ਬਠਿੰਡਾ ਵਿੱਚ ਇਸ ਦਫ਼ਾ ਕਈ ਰੌਚਕ ਨਤੀਜੇ ਵੀ ਸਾਹਮਣੇ ਆਏ ਹਨ। ਪਿੰਡ ਕੋਠੇ ਮੱਲੂਆਣਾ 'ਚ ਦਰਾਣੀ ਜਠਾਣੀ ਚੋਣ ਮੈਦਾਨ ਵਿੱਚ ਸਨ। ਇਸ ਪਿੰਡ 'ਚ ਦਰਾਣੀ ਪਰਵਿੰਦਰ ਕੌਰ ਆਪਣੀ ਜਠਾਣੀ ਗੁਰਮੇਲ ਕੌਰ ਨੂੰ ਹਰਾ ਕੇ ਪਿੰਡ ਦੀ ਸਰਪੰਚ ਬਣ ਗਈ ਹੈ। ਪਿੰਡ ਬੰਗੀ ਵਿੱਚ ਰਿਸ਼ਤੇ 'ਚੋਂ ਲੱਗਦੀ ਸੱਸ ਨੇ ਆਪਣੀ ਨੂੰਹ ਨੂੰ ਸੈਂਕੜੇ ਵੋਟਾਂ ਦੇ ਫਰਕ ਨਾਲ ਹਰਾ ਦਿੱਤਾ ਹੈ। ਪਿੰਡ ਜੱਸੀ ਪੌ ਵਾਲੀ ਦੀ ਨਵੀਂ ਪੰਚਾਇਤ 'ਚ ਸਾਲੀ ਸਰਪੰਚ ਬਣ ਗਈ ਹੈ ਜਦੋਂ ਕਿ ਜੀਜਾ ਪੰਚਾਇਤ ਮੈਂਬਰ ਬਣ ਗਿਆ ਹੈ। ਇਸ ਤੋਂ ਇਲਾਵਾ ਟਾਵੇਂ ਟਾਵੇਂ ਪਿੰਡਾਂ ਨੂੰ ਛੱਡ ਕੇ ਸਰਪੰਚੀ ਦੇ ਅਹੁਦੇ 'ਤੇ ਸਿੰਘ ਹੀ ਬਿਰਾਜਮਾਨ ਹੋਏ ਹਨ। ਪਿੰਡ ਮਛਾਣਾ ਦੀ ਸਰਪੰਚੀ ਜੱਗਾ ਰਾਮ, ਅਕਲੀਆ ਖੁਰਦ ਦੀ ਸਰਪੰਚੀ ਵਿੱਦਿਆ ਦੇਵੀ ਤੇ ਪਿੰਡ ਜੋਧਪੁਰ ਰੋਮਾਣਾ ਦੀ ਸਰਪੰਚੀ ਬਬੀਤਾ ਰਾਣੀ ਦੇ ਹੱਥ ਆਈ ਹੈ।
                                                  ਜਿਨ੍ਹਾਂ ਨੂੰ ਆਪਣੀ ਵੀ ਵੋਟ ਨਾ ਮਿਲੀ…
ਕਈ ਪਿੰਡਾਂ ਵਿੱਚ ਸਰਪੰਚੀ ਦੇ ਉਮੀਦਵਾਰਾਂ ਨੂੰ ਇੱਕ ਵੀ ਵੋਟ ਪ੍ਰਾਪਤ ਨਹੀਂ ਹੋਈ ਹੈ। ਮਤਲਬ ਇਹ ਹੈ ਕਿ ਉਮੀਦਵਾਰਾਂ ਨੇ ਖੁਦ ਵੀ ਆਪਣੇ ਆਪ ਨੂੰ ਵੋਟ ਨਹੀਂ ਪਾਈ ਹੈ। ਪਿੰਡ ਕੋਟਲੀ ਸਾਬੋ ਵਿੱਚ ਸਰਪੰਚੀ ਦੇ ਉਮੀਦਵਾਰ ਰਣਜੀਤ ਸਿੰਘ ਅਤੇ ਪਿੰਡ ਲੂਲਬਾਈ ਦੇ ਸਰਪੰਚੀ ਦੇ ਉਮੀਦਵਾਰ ਚਰਨਜੀਤ ਸਿੰਘ ਦੀ ਵੋਟਾਂ ਦੀ ਗਿਣਤੀ ਜ਼ੀਰੋ ਰਹੀ ਹੈ। ਪਿੰਡ ਗੁਰੂਸਰ ਜਗਾ 'ਚ ਸਰਪੰਚੀ ਦੇ ਉਮੀਦਵਾਰ ਮਿੱਠੂ ਸਿੰਘ ਤੇ ਪਿੰਡ ਮੋਹਾਲਾ ਦੇ ਸਰਪੰਚੀ ਦੀ ਚੋਣ ਲੜਨ ਵਾਲੇ ਸੁਖਰਾਜ ਸਿੰਘ ਨੂੰ ਇੱਕ ਵੋਟ ਵੀ ਨਸੀਬ ਨਹੀਂ ਹੋਈ ਹੈ। ਇਸ ਪਿੰਡ 'ਚ ਜ਼ਿਲ੍ਹੇ ਭਰ 'ਚ ਸਭ ਤੋਂ ਜ਼ਿਆਦਾ ਸਰਪੰਚੀ ਦੇ ਉਮੀਦਵਾਰ ਸਨ। ਇਸ ਪਿੰਡ 'ਚ ਸਰਪੰਚੀ ਲਈ 10 ਉਮੀਦਵਾਰ ਸਨ ਜਿਨ੍ਹਾਂ ਚੋਂ ਤਿੰਨ ਉਮੀਦਵਾਰਾਂ ਨੂੰ ਇੱਕ ਇੱਕ ਵੋਟ ਅਤੇ ਦੋ ਉਮੀਦਵਾਰਾਂ ਨੂੰ ਦੋ ਦੋ ਵੋਟਾਂ ਪ੍ਰਾਪਤ ਹੋਈਆਂ ਹਨ। ਪਿੰਡ ਗੁਰਦਿੱਤ ਸਿੰਘ ਵਾਲਾ ਦੇ ਸਰਪੰਚੀ ਦੇ ਉਮੀਦਵਾਰ ਜੋਗਾ ਸਿੰਘ ਨੂੰ ਸਿਰਫ਼ ਇੱਕ ਵੋਟ ਹੀ ਪ੍ਰਾਪਤ ਹੋਈ ਹੈ।