Showing posts with label Oath. Show all posts
Showing posts with label Oath. Show all posts

Monday, June 16, 2025

                                       ਅਸਾਂ ਨੂੰ ਸਹੁੰ ਲੱਗੇ...!
                                                       ਚਰਨਜੀਤ ਭੁੱਲਰ 

ਚੰਡੀਗੜ੍ਹ : ਵੈਲ ਤਾਂ ਚਾਹ ਦਾ ਵੀ ਮਾੜੈ। ਦੌਲਤ ਦਾ ਨਸ਼ਾ ਤੌਬਾ ਕਰਵਾ ਦਿੰਦੈ। ਸੱਤਾ ਦਾ ਨਸ਼ਾ ਕਿਸੇ ਪਾਸੇ ਦਾ ਨੀ ਛੱਡਦਾ। ਇਸ਼ਕੇ ਦਾ ਨਸ਼ਾ ‘ਦੇਵਦਾਸ’ ਬਣਾ ਦਿੰਦੈ। ਅਕਲ ਦਾ ਨਸ਼ਾ ਸਿਰ ਚੜ੍ਹ ਜਾਏ, ਬੰਦਾ ਖਾਂਸੀ ਤੱਕ ਦੀ ਪ੍ਰਵਾਹ ਨੀ ਕਰਦਾ। ਏਦਾਂ ਦੇ ਸੱਜਣਾਂ ਨੂੰ ਕੁਤਬ ਮੀਨਾਰ ਤੱਕ ਨੀ ਦੀਂਹਦੀ, ਪੰਜਾਬ ਦੀ ਕੰਧ ’ਤੇ ਲਿਖਿਆ, ਭਲਾ ਉਹ ਕਿਥੋਂ ਪੜ੍ਹਨਗੇ। ਸਰਦਾਰ ਪੰਛੀ ਸੱਚ ਆਖਦੈ, ‘ਜੋ ਭੀ ਨਸ਼ੇ ਮੇ ਚੂਰ ਹੋਤਾ ਹੈ, ਰੂਹ ਆਪਣੀ ਸੇ ਦੂਰ ਹੋਤਾ ਹੈ।’ ਪੰਜਾਬ ’ਚੋਂ ਗੂੰਜ ਪਈ, ਆਹ ਚੁੱਕੋ ਬਰੈਂਡ ਨਿਊ ਗਾਰੰਟੀ, ‘ਪੂਰੀ ਪੰਜਾਬ ਕੈਬਨਿਟ ਸੋਫ਼ੀ ਹੈ, ਮਜ਼ਾਲ ਐ ਕੋਈ ਦਾਰੂ ਨੂੰ ਹੱਥ ਲਾ’ਜੇ ।’

        ਸਰਦੂਲ ਸਿਕੰਦਰ ਕੰਨ ’ਤੇ ਹੱਥ ਰੱਖ ਹੇਕ ਲਾ ਰਿਹੈ, ‘ਜੇ ਉਂਜ ਗਿਰਦੀ ਤਾਂ ਚੁੱਕ ਲੈਂਦੇ, ਨਜ਼ਰਾਂ ਚੋਂ ਗਿਰ ਗਈ, ਕੀ ਕਰੀਏ..। ਉਹ ਵੇਲੇ ਭਲੇ ਸਨ, ਜਦ ਬੰਦੇ ਨੇਕ ਸਨ, ਵਚਨਾਂ ’ਤੇ ਉਮਰਾਂ ਪੁਗਾ ਜਾਂਦੇ। ‘ਜਾਨ ਜਾਏ ਪਰ ਵਚਨ ਨਾ ਜਾਏ’। ਮਾਮਲਾ ਚੋਰੀ ਦਾ ਹੁੰਦਾ ਜਾਂ ਕੋਈ ਘਰਾਂ ਦਾ ਰੌਲਾ ਰੱਪਾ। ਕੋਈ ਪਿੱਪਲ ਦਾ ਪੱਤਾ ਤੋੜ ਸਹੁੰ ਖਾਂਦਾ, ਕੋਈ ਗਊ ਦੀ ਪੂਛ ਫੜ੍ਹ। ਪਾਣੀ ਸਿਰੋਂ ਲੰਘ ਜਾਂਦਾ ਤਾਂ ਗੁਰੂ ਘਰ ਵੱਲ ਹੱਥ ਕਰਾਏ ਜਾਂਦੇ। ਗੱਲ ਸਹੁੰ ਨਾਲ ਨਿੱਬੜ ਜਾਂਦੀ। ਸੱਚ ਜਾਣਿਓਂ, ਸਹੁੰ ਦੀ ਪਿਉਂਦ ਤਾਂ ਵੈਦਿਕ ਕਾਲ ਤੋਂ ਚੜ੍ਹੀ ਹੋਈ ਹੈ।

        ਸ਼ਰਾਬੀ ਬੰਦਾ, ਸਭ ਤੋਂ ਵੱਧ ਕੁੱਤੇ-ਖਾਣੀ ਸਹੁੰ ਨਾਲ ਕਰਦੈ। ਸਪੀਕਰਾਂ ’ਚ ਗਾਣਾ ਵੱਜਦਾ ਹੁੰਦਾ ਸੀ, ‘ਕਦੇ ਬੰਦੇ ਦੀ ਮਾਣਕਾ ਆਦਤ ਨਾ ਜਾਵੇ।’ ਫੈਮਿਲੀ ਪਲੈਨਿੰਗ ਦੇ ਯੁੱਗ ’ਚ ਨੇਤਾ ਚਾਹੇ ਪੰਜ ਪੰਜ ਵਾਰ ਮੁੱਖ ਮੰਤਰੀ ਸਜ ਜਾਣ, ਸੱਤਾ ਦਾ ਲੋਭ ਘਟਦਾ ਨਹੀਂ। ਲੋਭ ਖ਼ਾਤਰ ਤਾਂ ਅਮਰਿੰਦਰ ਨੇ ਹੱਥ ’ਚ ਗੁਟਕਾ ਸਾਹਿਬ ਫੜ ਸਹੁੰ ਖਾ ਲਈ ਸੀ। ਸੱਤਾ ਦਾ ਪਟਿਆਲਾ ਪੈੱਗ ਲਾ ਮਹਾਰਾਜਾ ਪੌਣੇ ਪੰਜ ਸਾਲ ਗਲਾਸੀਕਲ ਗਾਣ ’ਚ ਡੁੱਬੇ ਰਹੇ। ਮਗਰੋਂ ਬੀਬੀਆਂ ਗਾਉਣੋਂ ਨਾ ਹਟਣ, ‘ਵੱਸ ਨੀ ਰਾਜਿਆ ਤੇਰੇ, ਸਹੁੰਆਂ ਖਾ ਕੇ ਮੁੱਕਰ ਗਿਆ।’

        ਸੱਤਾ ਦਾ ਨਸ਼ਾ ਅਫ਼ੀਮ ਤੋਂ ਭੈੜਾ। ਤਾਹੀਂ ਚੋਣਾਂ ’ਚ ਸਭ ਜਾਇਜ਼ ਹੁੰਦੈ। ਨੇਤਾ ਜੀ ਨੇ ਅਮਲੀ ਅੱਗੇ ਝੁਕਦਿਆਂ ਹੱਥ ਜੋੜੇ, ਬਾਬਿਓ! ਵੋਟ ਜ਼ਰੂਰ ਪਾਇਓ। ਬਿਨਾਂ ਅੱਖ ਖੋਲ੍ਹੇ ਅਮਲੀ ਨੇ ਬੁੱਲ੍ਹ ਹਿਲਾਏ, ‘ਪਹਿਲਾਂ ਵੋਟ ਪਾਉਣ ਜੋਗਾ ਕਰ ਤਾਂ ਦਿਓ।’ ਕੁਰਸੀ ’ਤੇ ਸਜਣ ਮਗਰੋਂ ਹਰ ਨੇਤਾ ਆਖਦੈ, ‘ਸੁੱਖ ਦੇਣੀ ਨੀ, ਖਜੂਰ ’ਤੇ ਚੜ੍ਹਨਾ ਨੀ’, ਪੰਜਾਬ ਜ਼ਰੂਰ ਟਿੰਡੀਂ ਦੇ ਬੀਅ ’ਤੇ ਚੜਿਆ। ਇੱਕ ਲੰਮ ਸਲੰਮਾ ਗੱਭਰੂ ਸ਼ਹੀਦੇ ਆਜ਼ਮ ਭਗਤ ਸਿੰਘ ਦੇ ਪਿੰਡ ਦੀ ਮਿੱਟੀ ਸਹੁੰ ਖਾ ਆਇਆ ਸੀ। ਯੋਗਰਾਜ ਦਾ ਡਾਇਲਾਗ ਹੈ, ‘ਤਾਕਤ ਤੇ ਸਿਆਸਤ ਦਾ ਨਸ਼ਾ ਅਫ਼ੀਮ ਵਰਗਾ ਹੁੰਦਾ ਹੈ।’

        ‘ਇਨਕਲਾਬ’ ਅਤੇ ‘ਬਦਲਾਅ’ ਦੋਵੇਂ ਜੌੜੇ ਭਰਾ ਨੇ, ਜਿਹੜੇ ਬੋਹੜ ਥੱਲੇ ਵਰਿ੍ਹਆਂ ਤੋਂ ਘੂਕ ਸੁੱਤੇ ਪਏ ਨੇ, ਜਦੋਂ ਚੋਣਾਂ ਆਉਂਦੀਆਂ ਹਨ, ਨੇਤਾ ਲੋਕ ਇਨ੍ਹਾਂ ਨੂੰ ਹੁੱਝਾਂ ਮਾਰਨੋਂ ਨੀ ਹਟਦੇ। ਜਿਵੇਂ ਬੇਬੀ ਨੂੰ ਬੇਸ ਪਸੰਦ ਐ, ਉਵੇਂ ਦਿੱਲੀ ਆਲੇ ਸੱਜਣਾਂ ਨੂੰ ਪੰਜਾਬ ਪਸੰਦ ਐ। ਮੰਤਰੀ ਜਣ ਭੋਲੂ ਪ੍ਰਸ਼ਾਦ ਬਣੇ ਨੇ, ਜਿਨ੍ਹਾਂ ਪੱਲੇ ਇਕੱਲੀ ਝੰਡੀ ਵਾਲੀ ਕਾਰ ਐ ਜਾਂ ਦੋ ਚਾਰ ਕਿੱਲੋ ਬਦਨਾਮੀ ਦੀਆਂ ਮੀਂਗਣਾਂ। ਵਿਧਾਤਾ ਸਿੰਘ ਤੀਰ ਸੱਚ ਸੁਣਾ ਰਿਹੈ, ‘ਮੈਂ ਗੂੰਗਾ, ਮੇਰੀ ਦੁਨੀਆ ਗੂੰਗੀ, ਤਾਹੀਓਂ ਗਾਏ ਗੂੰਗੇ ਗੀਤ।’ ਵਜ਼ੀਰਾਂ ਦੀ ਦੁਖਦੀ ਰਗ ’ਤੇ ਹੱਥ ਰੱਖੋਗੇ, ਅੱਗਿਓ ਮਰਫੀ ਦੇ ਰੇਡੀਓ ਵਾਂਗੂ ਟੁਣਕਦੇ ਨੇ, ‘ਦੁੱਖ ਬੋਲ ਕੇ ਜੇ ਦੱਸਿਆ ਤਾਂ ਕੀ ਦੱਸਿਆ..।’

         ਵੈਸੇ ਵਜ਼ੀਰਾਂ ਦੀ ਦਾਦ ਦੇਣੀ ਬਣਦੀ ਹੈ। ਏਨੇ ਸਾਊ ਪੁੱਤ ਕਿਤੇ ਲੱਭਦੇ ਨੇ। ਮੰਤਰੀ ਜਣ ਧੁੱਪਾਂ ’ਚ ਕਬਾੜੀਆਂ ਵਾਂਗੂ ਪਿੰਡੋਂ ਪਿੰਡ ਘੁੰਮਦੇ ਪਏ ਨੇ, ਸਹੁੰਆਂ ਚੁਕਾ ਰਹੇ ਨੇ। ‘ਜਿਹੜੇ ਸੱਚ ਦੀ ਸਲੀਬ ਚੁੱਕਦੇ ਨੇ, ਉਨ੍ਹਾਂ ਨੂੰ ਸਹੁੰ ਚੁੱਕਣ ਦੀ ਲੋੜ ਨਹੀਂਓ ਰਹਿੰਦੀ।’ ਇੱਕ ਪਿੰਡ ਦਾ ਕਿੱਸਾ ਅਰਜ਼ ਹੈ। ਮੰਤਰੀ ਜੀ ਜਦ ਰਾਤ ਦੇ ਸੱਤ ਵਜੇ ਤੱਕ ਸਹੁੰ ਚੁਕਾਉਣ ਲਈ ਤਸ਼ਰੀਫ਼ ਨਾ ਲਿਆਏ ਤਾਂ ਪਿੰਡ ਦੇ ਅੱਕੇ ਹੋਏ ਸਰਪੰਚ ਨੇ ਮੰਤਰੀ ਨੂੰ ਫ਼ੋਨ ਖੜਕਾ ਦਿੱਤਾ, ਜਨਾਬ! ਆਉਣਾ ਹੈ ਤਾਂ ਦਸ ਮਿੰਟ ’ਚ  ਆਜੋ, ਨਹੀਂ ਫਿਰ ਇੱਥੇ ਕੋਈ ਸਹੁੰ ਚੁੱਕਣ ਜੋਗਾ ਨੀ ਰਹਿਣਾ। ਗੱਲ ਸੌ ਫ਼ੀਸਦੀ ਸੱਚੀ ਹੈ, ਤਸਦੀਕ ਹਰਭਜਨ ਮਾਨ ਕਰ ਰਿਹੈ..‘ਆਥਣ ਵੇਲੇ ਸਾਰਾ ਪਿੰਡ ਸ਼ਰਾਬੀ ਹੁੰਦਾ ਏ..।’

         ਜਿਵੇਂ ਪੰਜਾਬੀ ਅੱਜ ਕੱਲ੍ਹ ਥੋਕ ’ਚ ਸਹੁੰਆਂ ਚੁੱਕ ਰਹੇ ਨੇ, ਉਸ ਲਿਹਾਜ਼ ਨਾਲ ਤਾਂ ਰੱਬ ਨੂੰ ਵੀ ਆਪਣੀ ਲੇਖਾ ਬਰਾਂਚ ’ਚ ਹਜ਼ਾਰਾਂ ਮੁਨਸ਼ੀ ਭਰਤੀ ਕਰਨੇ ਪੈਣਗੇ। ਭਮੱਕੜ ਦਾਸੋ! ਮੁਨਸ਼ੀ ਲੱਗਣੈ ਤਾਂ ਦੱਸੋ, ਫਿਰ ਨਾ ਉਲਾਂਭਾ ਦੇਣਾ ਕਿ ਰੱਬ ਨੇ ਗੈਰ ਪੰਜਾਬੀ ਭਰਤੀ ਕਰ ਲਏ। ਸਿਆਣੇ ਆਖਦੇ ਨੇ,‘ਜਿਹੜੀ ਸਰਕਾਰ ਪਰਜਾ ਨੂੰ ਜੁਆਬ ਦੇਣਾ, ਹਿਸਾਬ ਦੇਣਾ ਮੁਨਾਸਬ ਨਾ ਸਮਝੇ, ਉਹ ਸਭ ਤੋਂ ਭੈੜੀ ਹੁੰਦੀ ਹੈ।’ ਸੱਤਾ ਦਾ ਨਸ਼ਾ ਪਹਿਲੇ ਤੋੜ ਦੀ ਦਾਰੂ ਵਰਗਾ ਹੁੰਦੈ। ਕਿਤੇ ਨੇਤਾ ਦੇ ਦੋ ਹਾੜੇ ਲੱਗੇ ਹੋਣ, ਉੱਪਰੋਂ ਮੱਛਰ ਲੜ ਜਾਏ ਤਾਂ ਮੱਛਰ ਵੀ ਟੱਲੀ ਹੋ ਜਾਂਦੈ, ਉਹੀ ਮੱਛਰ ਫਿਰ ਮੁੜ ਘਿੜ ਕੁਰਸੀ ’ਤੇ ਬੈਠਣ ਲੱਗਦੈ।

       ਅਮਰਿੰਦਰੀ ਹਕੂਮਤ ਵੇਲੇ ਸੱਤਾ ਦੇ ਨਸ਼ੇ ’ਚ ਟੁੰਨ ਭੂਸ਼ਣ ਲੁਧਿਆਣਵੀ ਇੱਕ ਡੀਐੱਸਪੀ ’ਤੇ ਇੰਜ ਗੱਜੇ ਸਨ, ‘ਮਿੱਧ ਕੇ ਰੱਖ ਦਿਆਂਗੇ’। ਅਮਰਿੰਦਰ ਦਾ ਦਵਿੰਦਰ ਵੀ ਥਾਣੇਦਾਰ ਬੀਬੀ ਨੂੰ ਪੈ ਨਿੱਕਲਿਆ ਸੀ, ‘ਆਪਣਾ ਜੁੱਲੀ ਬਿਸਤਰਾ ਬੰਨ੍ਹ ਲਓ।’ ਅਸਲ ’ਚ ਧਰਤੀ ਗੋਲ ਹੈ, ਲੋਕ ਜਲਦ ਬਿਸਤਰਾ ਬੰਨ੍ਹ ਦਿੰਦੇ ਨੇ। ਪੰਝੀ ਸਾਲ ਰਾਜ ਦਾ ਨਾਅਰਾ ਦੇਣ ਵਾਲੇ ਹੁਣ ਸਹੁੰ ਚੁੱਕਣ ਨੂੰ ਤਰਸੇ ਪਏ ਨੇ। ਅਖਾਣ ਐਵੇਂ ਨੀ ਬਣਦੇ, ‘ਅੰਨ੍ਹੇ ਨੂੰ ਨਜ਼ਰ ਨੀ ਆਉਂਦਾ, ਹੰਕਾਰੀ ਵੇਖਣਾ ਨੀ ਚਾਹੁੰਦਾ।’

      ਪੰਜਾਬ ਤਾਂ ਚਾਹੁੰਦੈ ਕਿ ਸੁੱਖ ਦਾ ਸਾਹ ਆਵੇ ਜਿਨ੍ਹਾਂ ਦੀ ਸੰਦੂਕੜੀ ਭਰ ਕੇ ਸੰਵਿਧਾਨ ਦੀ ਸਹੁੰ ਚੁਕਾਈ, ਹੁਣ ਉਹੀ ਮੁੜ ਲੋਕਾਂ ਨੂੰ ਸਹੁੰਆਂ ਪਰੋਸ ਰਹੇ ਨੇ। ਪੰਜਾਬ ਤਾਂ ਬੋਦੇ ਕੱਪੜੇ ਵਰਗਾ ਹੋਇਐ। ‘ਬਦਲਾਅ’ ਦੇ ਟਰੇਲਰ ’ਚੋਂ ਸਵਰਗ ਦਿਖਿਆ, ਅੰਦਰ ਦੀਦਾਰ-ਏ-ਨਰਕ ਹੋਇਆ। ਘਰ ਬਾਰ ਛੱਡ, ਦਿੱਲੀ ਦੇ ਜਾਏ, ਪੰਜਾਬ ਦੀ ਸੇਵਾ ’ਚ ਆਏ। ਵਿਰੋਧ ਮੱਲ ਨਿਮਾਣਾ ਤੋਂ ‘ਰੰਗਲਾ ਪੰਜਾਬ’ ਝੱਲ ਨਹੀਂ ਹੋ ਰਿਹੈ। ਤਾਹੀਂ ਤੂੰਬੀ ’ਤੇ ਗਾਉਂਦਾ ਪਿਐ, ‘ਤੇਰੀ ਫੀਏਟ ’ਤੇ ਜੇਠ ਨਜ਼ਾਰੇ ਲੈਂਦਾ।’ ਪ੍ਰਤਾਪ ਸਿੰਘ ਕੈਰੋਂ ਆਖਦਾ ਹੁੰਦਾ ਸੀ, ‘ਜੱਟ ਤਾਂ ਸੁਹਾਗੇ ’ਤੇ ਚੜਿਆ ਮਾਣ ਨੀ ਹੁੰਦਾ।’

         ਧੰਨੇ ਭਗਤ ਨੇ ਸਹੁੰ ਖਾਧੀ, ਪੱਥਰਾਂ ’ਚੋਂ ਰੱਬ ਪਾਇਆ। ਪਿੰਡਾਂ ਵਾਲੇ ਸਹੁੰ ਚੁੱਕੀਏ ਵੀ ਥੋੜ੍ਹਾ ਧੀਰਜ ਰੱਖਣ। ਜ਼ਮਾਨਾ ਕੇਹਾ ਹੈ, ਦਾਨਸ਼ਮੰਦ ਲੱਭਦੇ ਨਹੀਂ ਪਏ, ਕਾਲੇ ਕੱਛੇ ਆਲਿਆਂ ਵਾਂਗੂ ਲੀਡਰ ਹਰ ਮੋੜ ’ਤੇ ਖੜ੍ਹੇ ਨੇ। ਆਖਦੇ ਨੇ ..‘ਦਿਲ ਮਾਂਗੇ ਮੋਰ’, ਸੱਤਾ ਦੇ ਨਸ਼ੇ ਦਾ ਰੋਗ ਭੈੜਾ। ਵੋਟਰ ਪਾਤਸ਼ਾਹ ਵੀ ਖ਼ਾਨਦਾਨੀ ਵੈਦਾਂ ਤੋਂ ਘੱਟ ਨੀ ਹੁੰਦੇ, ਇੱਕੋ ਦਿਨ ’ਚ ਪੀੜਤਾਂ ਦਾ ਕੁਰਸੀ ਰੋਗ ਕੱਟ ਦਿੰਦੇ ਨੇ। ਕਿਸੇ ਭਲੇ ਪੁਰਸ਼ ਨੇ ਠੀਕ ਕਿਹੈ, ਰਿਟਾਇਰੀ ਬੰਦੇ ਆਲਾ ਮਿਜ਼ਾਜ ਰੱਖਣ ਵਾਲੇ ਨੇਤਾ ਕਦੇ ਰਿਟਾਇਰ ਨਹੀਂ ਹੁੰਦੇ। ਜਿਵੇਂ ਜਯੋਤੀ ਬਾਸੂ ਆਖਦੇ ਹੁੰਦੇ ਸਨ ਕਿ ਕਾਮਰੇਡ ਕਦੇ ਰਿਟਾਇਰ ਨੀਂ ਹੁੰਦਾ।

          ਨੈਲਸਨ ਮੰਡੇਲਾ ਨੂੰ ਜਦੋਂ ਲੋਕਾਂ ਨੇ ਦੁਬਾਰਾ ਗੱਦੀ ਦੇਣੀ ਚਾਹੀ, ਉਸ ਨੇ ਨਾਂਹ ਕਰਤੀ। ਕਾਮਰਾਜ ਤਾਮਿਲਨਾਡੂ ’ਚ ਮੁੱਖ ਮੰਤਰੀ ਦੀ ਟਰਮ ਪੂਰੀ ਕਰਕੇ ਸਿੱਧਾ ਨਹਿਰੂ ਕੋਲ ਗਿਆ, ‘ਜੋ ਕਰਨਾ ਸੀ, ਉਹ ਪੰਜ ਸਾਲ ’ਚ ਕਰ’ਤਾ, ਦੁਬਾਰਾ ਮੁੱਖ ਮੰਤਰੀ ਨੀ ਬਣਨਾ।’ ‘ਤੈਨੂੰ ਰੋਗ ਦਾ ਪਤਾ ਨਾ ਕੋਈ, ਵੈਦਾ ਮੇਰੀ ਬਾਂਹ ਛੱਡ ਦੇ’, ਹੁਣ ਇਨਕਲਾਬ ਪੰਜਾਬ ਦੀ ਬਾਂਹ ਨਹੀਂ ਛੱਡ ਰਿਹਾ। ‘ਧੇਲਾ ਨਹੀਂ ਪੱਲੇ, ਸੈਰ ਬਾਗ਼ ਦੀ ਚੱਲੇ।’

         ਸ਼ਾਇਦ ਗੱਲ ਸਹੁੰ ਤੋਂ ਤੁਰੀ ਸੀ। ਗਵਾਹੀ ਦੇਣ ਆਏ ਅਮਲੀ ਨੂੰ ਜੱਜ ਸਾਹਿਬ ਨੇ ਪੁੱਛਿਆ, ਕੀ ਸਹੁੰ ਖਾਉਗੇ। ਨਿਮਰਤਾ ਦੇ ਮੁਜੱਸਮੇ ਅਮਲੀ ਸਿੰਘ ਨੇ ਕਿਹਾ ਕਿ,‘ ਜਨਾਬ ! ਤੁਸੀਂ ਕਹਿੰਦੇ ਹੋ ਤਾਂ ਛਕ ਲਵਾਂਗੇ ।’ ਹੂਟਰਾਂ ਆਲੇ ਵਜ਼ੀਰ ਥੋਕ ਦੇ ਭਾਅ ਸਹੁੰਆਂ ਛਕਾ ਰਹੇ ਨੇ। ‘ਰੰਗਲਾ ਪੰਜਾਬ’ ਬਣਾਉਣ ਲਈ ਦਿੱਲੀ ਦੇ ਮਸ਼ਹੂਰ ਪੇਂਟਰ ਲੱਗੇ ਹੋਏ ਨੇ। ਬਾਕੀ ਲੱਛੀ ਦੇ ਭਾਗ। ਪੁਰਾਣੇ ਦਾਗ਼ ਹੌਲੀ ਹੌਲੀ ਲਹਿਣਗੇ। ਪੰਜਾਬ ਦੋਖੀ ਨਿੰਦਣੋਂ ਨੀ ਹਟ ਰਹੇ। ਪੰਜਾਬੀਓ! ਸੰਤ ਕਬੀਰ ਨੂੰ ਧਿਆਓ, ..ਨਦੀ ਨਾ ਘੱਟਿਓਂ ਨੀਰ। ਪੁਰਾਣੀ ਰੀਤ ਐ, ਬਾਦਸ਼ਾਹ ਹੁਕਮ ਦਿੰਦੈ, ਵਜ਼ੀਰ ਸੱਤ ਵਚਨ ਆਖਦੇ ਨੇ। ਤੁਸੀਂ ਆਖਦੇ ਪਏ ਹੋ..‘ਬੁਲੇਟ ਤਾਂ ਰੱਖਿਐ ਪਟਾਕੇ ਪਾਉਣ ਨੂੰ ।’

        ਅਖੀਰ ’ਚ ਵਾਇਆ ਵਰਿਆਮ ਸੰਧੂ ਪੁੱਜੀ ਗੱਲ, ਕੇਰਾਂ ਪ੍ਰੋ. ਮੋਹਨ ਸਿੰਘ ਟੱਲੀ ਹੋਏ ਘਰ ਪਰਤੇ, ਬੀਵੀ ਨੇ ਪੁੱਛਿਆ, ਮੀਆਂ ਜੀ ਇਹ ਕੀ? ਪ੍ਰੋਫੈਸਰ ਸਾਹਿਬ ਦੇ ਅੱਖਾਂ ’ਚ ਅੱਥਰੂ, ਭਰੇ ਮਨ ਨਾਲ ਆਖਣ ਲੱਗੇ, ‘ਬੱਸ ਅੱਜ ਬੈਡ ਕੰਪਨੀ ਨੇ ਮਰਵਾ’ਤਾ।’ ਉਹ ਕਿਵੇਂ? ਪ੍ਰੋ. ਮੋਹਨ ਸਿੰਘ ਦਾ ਜੁਆਬ ਸੁਣੋ, ‘ਅੱਜ ਦੋ ਦੋਸਤ ਤਸ਼ਰੀਫ਼ ਲਿਆਏ, ਦਾਸ ਸੇਵਾ-ਪਾਣੀ ਲਈ ਬੋਤਲ ਲੈ ਆਇਆ, ਅੱਗਿਓ ਉਹ ਦੋਵੇਂ ਸੋਫ਼ੀ ਨਿਕਲੇ, ਬੱਸ ਕਸ਼ਟ ’ਕੱਲੇ ਨੂੰ ਝੱਲਣਾ ਪਿਆ।’



Sunday, June 7, 2020

                              ਵਿਚਲੀ ਗੱਲ  
        ਸੱਚਾ ਕਰ ਕੋਈ ਕੌਲ ਕਰਾਰ ਮੀਆਂ..!
                             ਚਰਨਜੀਤ ਭੁੱਲਰ
ਚੰਡੀਗੜ੍ਹ : ਬੰਦਾ ਸਹੁੰ ਤੋਂ ਉਖੜ ਜਾਵੇ। ਸਾਹਾਂ ਤੋਂ ਮੁੱਕ ਜਾਵੇ। ਫਿਰ ਜਹਾਨ ’ਚ ਕੋਈ ਦਵਾ ਨਹੀਂ। ਮਰੇ ਤੇ ਮੁੱਕਰੇ  ਦਾ ਕੋਈ ਵੈਦ ਨਹੀਂ। ਚੇਤੇ ਕਰੋਂ ਉਹ ਭਲਾ ਵੇਲਾ। ਨੇਕ ਬੰਦੇ, ਜ਼ੁਬਾਨ ਦੇ ਪੱਕੇ। ਵਚਨਾਂ ’ਚ ਉਮਰਾਂ ਪੁਗਾ ਜਾਂਦੇ। ਕਿਤੇ ਚੋਰੀ ਹੋ ਜਾਣੀ, ਘਰਾਂ ’ਚ ਝਗੜਾ ਹੋ ਜਾਣਾ। ਵੰਡ ਵੰਡਾਰਾ ਹੋਣਾ। ਕੋਈ ਪਿੱਪਲ ਦਾ ਪੱਤਾ ਤੋੜ ਸਹੁੰ ਖਾਂਦਾ। ਕੋਈ ਗਊ ਦੀ ਪੂਛ ਫੜ ਕੇ। ਮਸਲਾ ਵਿਗੜ ਜਾਂਦਾ ਤਾਂ ਗੁਰੂ ਘਰ ਦੇ ਨਿਸ਼ਾਨ ਸਾਹਿਬ ਵੱਲ ਹੱਥ ਕਰਕੇ। ਕੋਈ ਅੱਲਾ ਨੂੰ ਹਾਜ਼ਰ ਨਾਜ਼ਰ ਜਾਣ ਕੇ। ਗੱਲ ਸਹੁੰ ਨਾਲ ਸਿਰੇ ਲੱਗ ਜਾਂਦੀ। ਅੰਕਲ ਸੈਮ (ਅਮਰੀਕਾ) ਨੂੰ ਇਹ ਗੱਲ ਕੌਣ ਸਮਝਾਏ। ਟਰੰਪ ਨੇ ਪੈਂਤੀ ਅੱਖਰਾਂ ਦੀ ਸਹੁੰ ਚੁੱਕੀ। ਹੁਣ ਆਖਦੈ, ‘ਸੁੱਖ ਦੇਣੀ ਨੀ, ਖਜੂਰ ’ਤੇ ਚੜ੍ਹਨਾ ਨੀਂ।’ ਵਿਸ਼ਵ ਟਿੰਡੀ ਦੇ ਬੀਅ ’ਤੇ ਜਰੂਰ ਚੜ੍ਹਿਐ। ਜੇਹੋ ਜੇਹੀ ਕੋਕੋ, ਉਹੋ ਜੇਹਾ ਡੈਰੇਕ ਚੌਵਿਨ। ਸਿਆਹਫਾਮ ਜੌਰਜ ਫਲਾਇਡ, ਜਾਅਲਸਾਜ਼ੀ ਦੇ ਸ਼ੱਕ ’ਚ ਫੜਿਆ। ਚਿੱਟੀ ਚਮੜੀ ਵਾਲੇ ਪੁਲੀਸ ਅਫਸਰ ਡੇਰੇਕ ਚੋਵਿਨ ਨੇ। ਜੌਰਜ ਫਲਾਇਡ ਦੀ ਕਾਲੀ ਧੌਣ ’ਤੇ ਗੋਢਾ ਧਰਿਆ। ਫਲਾਇਡ ਨੇ ਤਰਲੇ ਪਾਏ , ‘ਮੈਨੂੰ ਸਾਹ ਨਹੀਂ ਆ ਰਿਹਾ’। ਗੋਰੇ ਅਫਸਰ ਨੇ ਅੱਠ ਮਿੰਟ ਧੌਣ ’ਤੇ ਪਹਿਰਾ ਦਿੱਤਾ। ਕਿਤੇ ਡੈਰੇਕ ਸਹੁੰ ’ਤੇ ਪਹਿਰਾ ਦਿੰਦਾ। ਜੌਰਜ ਨੂੰ ਸਾਹ ਨਾ ਗੁਆਉਣੇ ਪੈਂਦੇ। ਅਮਰੀਕਾ ਦੇ ਵਿਹੜੇ ਨਸਲੀ ਅੱਗ ਭੜਕੀ ਐ। ਚੋਣਾਂ ’ਚ ਬਹੁਤਾ ਸਮਾਂ ਨਹੀਂ। ਸੜਕਾਂ ’ਤੇ ਨਾਅਰੇ ਗੰੂਜੇ ਨੇ।
             ‘ਕਬਰਾਂ ’ਚ ਸਭ ਬਰਾਬਰ’। ਟਰੰਪ ਚਾਚਾ ਭੁੱਲ ਬੈਠੇ ਚੁੱਕੀ ਸਹੁੰ ਨੂੰ, ਕੀਤੇ ਵਚਨਾਂ ਨੂੰ। ਨਸ਼ਾ ਕੋਈ ਵੀ ਹੋਵੇ, ਪਹਿਲਾਂ ਹੱਲਾ ਹੋਸ਼ ’ਤੇ ਕਰਦੈ। ਟਰੰਪ ਬੜ੍ਹਕਾਂ ਮਾਰਨੋਂ ਹਟ ਨਹੀਂ ਰਿਹਾ। ਸ਼ਰਮ ’ਚ ਪਾਣੀਓ ਪਾਣੀ ਹੋਇਐ ਆਰਟ ਅਕਵੇਡੋ। ਹਿਊਸਟਨ ਦੇ ਪੁਲੀਸ ਮੁਖੀ ਅਕਵੇਡੋ। ਪਿਛੋਕੜ ਕਿਊਬਾ ਦਾ ਸੁਣੀਦੈ। ਅਕਵੋਡੇ ਨੇ ਟਰੰਪ ਨੂੰ ਤਾੜਿਐ..‘ਤੂੰ ਆਪਣਾ ਮੂੰਹ ਬੰਦ ਰੱਖ।’ ਭਾਰਤੀ ਅਫਸਰਾਂ ਨੂੰ ਮੂੰਹ ਲਕੌਣ ਨੂੰ ਥਾਂ ਨਹੀਂ ਲੱਭੀ।ਨਰਿੰਦਰ ਮੋਦੀ ਅੰਦਰੋਂ ਖਿੜ ਖਿੜ ਹੱਸੇ। ਮਨ ’ਚ ਲੱਡੂ ਫੁੱਟੇ ਹੋਣਗੇ, ਸੋਚਦੇ ਪਏ ਹੋਣਗੇ, ਅਮਰੀਕਾ ਨੂੰ ਚੋਣਾਂ ਲਈ  ਆਖਰ ‘ਭਾਰਤੀ ਮਾਡਲ’ ਭਾਇਐ। ਏਸੇ ਨੂੰ ਤਾਂ ਆਖਦੇ ਨੇ ਛਾ ਜਾਣਾ। ਟਰੰਪ ਪੈਂਤੀ ਅੱਖਰੀ ਸਹੁੰ ਮੁੜ ਚੱੁਕਣਾ ਚਾਹੁੰਦੈ। ਵਾਈਟ ਹਾਊਸ ਦੀ ਲੋਈ ’ਤੇ ਕਿੰਨੇ ਛਿੱਟੇ ਪਏ ਨੇ, ਅੰਕਲ ਸੈਮ ਨੇੜੇ ਖੜ੍ਹ ਕੇ ਦੇਖੇ। ਕੰਧਾਂ ’ਤੇ ਲਿਖਿਆ ਵੀ ਪੜੇ। ਅਖਾਣ ਐਵੇਂ ਨਹੀਂ ਬਣਦੇ, ‘ਅੰਨ੍ਹੇ ਨੂੰ ਨਜ਼ਰ ਨਹੀਂ ਆਉਂਦਾ, ਹੰਕਾਰੀ ਵੇਖਣਾ ਨਹੀਂ ਚਾਹੁੰਦਾ।’ ਨਰਿੰਦਰ ਮੋਦੀ ਨੇ ਵਾਢਿਓ ਲਾ ਪੂਰਾ ਵਿਸ਼ਵ ਵੇਖਿਐ। ਵਿਧਾਤਾ ਸਿੰਘ ਤੀਰ ਵਾਲਾ ਵੇਲਾ ਗਿਆ, ‘ਮੈਂ ਗੁੰਗਾ, ਮੇਰੀ ਦੁਨੀਆ ਗੁੰਗੀ, ਤਾਹੀਏਂ ਗਾਏ ਗੁੰਗੇ ਗੀਤ।’ ਜੌਰਜ ਫਲਾਇਡ ਤੇਰੀ ਰੂਹ ਨੂੰ ਪ੍ਰਣਾਮ। ਬੱਸ ਝੁਰਨਾ ਨਹੀਂ, ਇੱਧਰ ਦੇਖ। ਸਾਡੇ ਲੋਕ ਰਾਜ ਦੀ ਗਿੱਚੀ ’ਤੇ। ਗੋਡਾ ਅੱਠ ਮਿੰਟਾਂ ਤੋਂ ਨਹੀਂ, ਕਿੰਨੇ ਵਰ੍ਹਿਆਂ ਤੋਂ ਟਿਕਿਐ। ਸੁੱਖ ਦਾ ਸਾਹ ਆਏ, ਇਹੋ ਸੋਚ ਦੂਜੀ ਵਾਰ ਸਹੁੰ ਚੁਕਾਈ। ਸਾਹ ਹੀ ਘੁੱਟਿਆ ਗਿਐ, ਕੀਤੀ ਰਾਸ ਨਾ ਆਈ।
                ਸਾਡੀ ਪੁਲੀਸ ਕੋਲ ਤਾਂ ਕੋਈ ਅਕਵੇਡੋ ਵੀ ਨਹੀਂ। ਦੁਖੜੇ ਕਿਥੇ ਰੋਈਏ। ‘ਬੁੱਲੇ੍ਹ ਸ਼ਾਹ ਸੌਂਹ ਤੈਨੂੰ ਮਿਲਸੀ, ਦਿਲ ਨੂੰ ਦੇਹ ਦਲੇਰੀ, ਆ ਮਿਲ ਯਾਰ ਸਾਰ ਲੈ ਮੇਰੀ, ਮੇਰੀ ਜਾਨ ਦੁੱਖਾਂ ਨੇ ਘੇਰੀ।’ ਬੁੱਲ੍ਹੇ ਸ਼ਾਹ ਵੀ ਮੌਕਾ ਖੁੰਝਾ ਗਿਐ। ਕਿਤੇ ਦੂਜਾ ਸਹੁੰ ਚੁੱਕ ਸਮਾਗਮ ਵੇਖਦਾ, ਅਸ਼ ਅਸ਼ ਕਰ ਉੱਠਦਾ। ਛੇ ਹਜ਼ਾਰ ਮਹਿਮਾਨ ਬੁਲਾਏ ਸਨ। ਫਿਰ ਸਹੁੰ ਚੁੱਕੀ ਸੀ, ਮੈਂ ਨਰਿੰਦਰ ਮੋਦੀ...।ਸਾਹ ਤਾਂ ਸੂਤੇ ਪਏ ਨੇ। ਸੁੱਖ ਦਾ ਸਾਹ ਕਿਥੋਂ ਆਵੇ। ਸਹੁੰ ਨਾਲ ਕੌਣ ਨਿਭਦੈ। ਹਕੂਮਤੀ ਝਾਕਣੀ ’ਚ ਫਰਕ ਐ, ਨਾਲੇ ਨੀਅਤ ਵਿਚ। ਨੀਤਾਂ ਦਾ ਖੋਟ ਤਾਂ ਸਮੁੰਦਰ ਸੁੱਕਾ ਦਿੰਦੈ। ਬਾਦਸ਼ਾਹ ਜਹਾਂਗੀਰ ਦੀ ਸੁਣੋ। ਕੇਰਾਂ ਕਸ਼ਮੀਰੀ ਬਾਗ ਵਿਚ ਟਹਿਲਣ ਗਿਆ। ਰਾਜੇ ਤੋਂ ਮਾਲੀ ਅਣਜਾਣ। ਜਹਾਂਗੀਰ ਨੂੰ ਪਿਆਸ ਲੱਗੀ। ਮਾਲੀ ਨੇ ਇੱਕ ਅਨਾਰ ਤੋੜਿਆ। ਨੱਕੋਂ ਨੱਕ ਗਲਾਸ ਭਰ ਗਿਆ। ਪੁੱਛਣ ’ਤੇ ਮਾਲੀ ਨੇ ਦੱਸਿਆ, ਹਜ਼ੂਰ, ਬਾਗਾਂ ਤੇ ਕੋਈ ਟੈਕਸ ਨਹੀਂ। ਜਹਾਂਗੀਰ ਚਲਾ ਗਿਆ ਤੇੇ ਮਨੋ ਮਨ ਸੋਚਣ ਲੱਗਾ, ਕਿਉਂ ਨਾ ਬਾਗਾਂ ’ਤੇ ਟੈਕਸ ਲਾ ਦੇਈਏ।  ਬਾਦਸ਼ਾਹ ਮੁੜ ਬਾਗ ’ਚ ਪਧਾਰੇ। ਪਿਆਸ ਲੱਗੀ, ਮਾਲੀ ਹਾਜ਼ਰ ਹੋਇਆ। ਮਾਲੀ ਨੇ ਪੂਰੇ ਪੰਦਰਾਂ ਅਨਾਰ ਨਿਚੋੜੇ, ਫਿਰ ਕਿਤੇ ਪਿਆਲਾ ਭਰਿਆ। ਜਹਾਂਗੀਰ ਹੈਰਾਨ ਹੋਇਆ। ਅੱਜ ਏਨੇ ਅਨਾਰਾਂ ਨਾਲ ਕਿਉਂ ਪਿਆਲਾ ਭਰਿਐ। ਮਾਲੀ ਦਾ ਜੁਆਬ ਸੁਣੋ, ‘ਮੈਨੂੰ ਏਦਾਂ ਲੱਗਦੈ ਜਿਵੇਂ ਸਾਡੇ ਬਾਦਸ਼ਾਹ ਦੇ ਨੀਅਤ ’ਚ ਫਰਕ ਪੈ ਗਿਆ ਹੋਵੇ।’
               ਜਹਾਂਗੀਰ ਨੇ ਆਪਣੇ ਆਪ ਨਾਲ ਗੱਲ ਕੀਤੀ। ‘ਮੈਂ ਤਾਂ ਹਾਲੇ ਟੈਕਸ ਬਾਰੇ ਸੋਚਿਆ ਹੀ ਸੀ, ਜੇ ਕਿਤੇ ਲਾ ਦਿੰਦਾ ਤਾਂ ਬਾਗ ਹੀ ਸੁੱਕ ਜਾਣੇ ਸੀ।’ ਬਾਦਸ਼ਾਹ ਨੇ ਅੱਲਾ ਤੋਂ ਭੁੱਲ ਬਖ਼ਸ਼ਾਈ, ਟੈਕਸਾਂ ਦਾ ਖਿਆਲ ਤਿਆਗ ਦਿੱਤਾ।ਉਸੇ ਬਾਗ ’ਚ ਮੁੜ ਬਾਦਸ਼ਾਹ ਦਾ ਗੇੜਾ ਲੱਗਾ। ਮਾਲੀ ਨੇ ਇੱਕ ਅਨਾਰ ਤੋੜਿਆ। ਪਿਆਲਾ ਮੂੰਹ ਤੱਕ ਭਰ ਗਿਆ। ਰਾਜੇ ਨੇ ਜਦੋਂ ਹੈਰਾਨ ਹੋ ਕੇ ਜਾਣਨਾ ਚਾਹਿਆ। ਮਾਲੀ ਨੇ ਜੁਆਬ ਦਿੱਤਾ, ‘ਬਾਦਸ਼ਾਹ ਦੇ ਮਨ ਦੀਆਂ ਲਹਿਰਾਂ ਨੇ ,ਹੁਣ ਉਨ੍ਹਾਂ ਦਾ ਮਨ ਸਾਫ ਹੋ ਗਿਆ ਹੋਣੈ।’ ਇਸੇ ਨੂੰ ਤਾਂ ਆਖਦੇ ਨੇ, ਨੀਤਾਂ ਨੂੰ ਫਲ ਲੱਗਣੇ। ਮੈਨੂੰ ਤਾਂ ਟਰੰਪ ਤੇ ਮੋਦੀ, ਮਾਮੇ ਭੂਆ ਦੇ ਪੁੱਤ ਲੱਗਦੇ ਨੇ। ਚੋਣਾਂ ’ਚ ਸਾਡੇ ਵੀ ਅੱਗਾਂ ਲੱਗੀਆਂ, ਹੁਣ ਅਮਰੀਕਾ ’ਚ ਵੀ। ‘ਕਰੇ ਮਾਈ, ਭਰੇ ਜਾਈ।’ ਅਮਰਿੰਦਰ ਸਿਓ ਮੁੜ ਸਹੁੰ ਚੁੱਕਣ ਲਈ ਕਾਹਲੇ ਨੇ। ਨਵਜੋਤ ਸਿੱਧੂ ਤਾਂ ਉਸ ਤੋਂ ਵੀ ਕਾਹਲੈ। ਭਗਵੰਤ ਮਾਨ ਸੋਚਦਾ ਹੋਊ, ਮੈਂ ਰੱਬ ਦੇ ਮਾਂਹ ਮਾਰੇ ਨੇ..। ਇੱਕ ਵਾਰੀ ਸਹੁੰ ਦਾ ਮੌਕਾ ਤਾਂ ਦਿਓ।ਸਹੁੰਆਂ ਖਾਣ ਵਾਸਤੇ ਨਹੀਂ, ਨਿਭਾਉਣ ਲਈ ਵੀ ਹੁੰਦੀਆਂ ਨੇ। ਜਦੋਂ ਵੱਡੇ ਬਾਦਲ ਦੂਜੀ ਵਾਰ ਮੁੱਖ ਮੰਤਰੀ ਬਣੇ ਸਨ। ਸਹੁੰ ਚੁੱਕ ਸਮਾਗਮਾਂ ਮਗਰੋਂ ਉਹ ਸਿੱਧੇ ਸ੍ਰੀ ਆਨੰਦਪੁਰ ਸਾਹਿਬ ਗਏ। ਉਥੇ ਸਹੁੰ ਖਾਧੀ ਸੀ, ‘ਬੇਈਮਾਨੀ- ਕੁਰੱਪਸ਼ਨ ਨੂੰ ਦੂਰ ਕਰਾਂਗੇ।’ ਠੀਕ ਉਵੇਂ ਹੀ ਜਿਵੇਂ ਪਿਛੇ ਜੇਹੇ ਕੈਪਟਨ ਅਮਰਿੰਦਰ ਸਿੰਘ ਨੇ ਸਹੁੰ ਖਾਧੀ ਸੀ। ਸ੍ਰੀ ਗੁਟਕਾ ਸਾਹਿਬ ਦੀ, ਦਮਦਮਾ ਸਾਹਿਬ ਵੱਲ ਮੂੰਹ ਕਰਕੇ। ਜੋ ਹੁਣ ਨਸ਼ਿਆਂ ਦਾ ਬਣਿਐ, ਉਦੋਂ ਉਹੀ ਕੁਰੱਪਸ਼ਨ ਦਾ ਬਣਿਆ ਸੀ। ਸੰਵਿਧਾਨ ਦੀ ਸਹੁੰ ਤੋਂ ਕੌਣ ਡਰਦੈ।
               ਵਿਧਾਇਕ ਜੋਗਿੰਦਰਪਾਲ ਨੇ ਵੀ ਮਾਂ ਦੀ ਸਹੁੰ ਖਾਧੀ ਸੀ। ਅਖੇ, ਸੁਨੀਲ ਜਾਖੜ ਹਾਰ ਗਿਆ ਤਾਂ ਸਿਆਸਤ ਛੱਡਦੂ। ਇਵੇਂ ਨਵਜੋਤ ਸਿੱਧੂ ਗਰਜੇ ਸਨ, ਅਮੇਠੀ ਤੋਂ ਰਾਹੁਲ ਗਾਂਧੀ ਹਾਰਿਆ, ਰਾਜਨੀਤੀ ਨੂੰ ਲੱਤ ਮਾਰਦੂ। ਸਹੁੰਆਂ ਦੀ ਪ੍ਰਵਾਹ ਕਿਸਨੂੰ। ‘ਡਾਢੇ ਦੀ ਮਾਰ, ਲਿੱਸੇ ਦੀ ਗਾਲ।’ ਲੋਕ ਜਾਣ ਵੀ ਕਿਧਰ। ਛੱਜੂ ਰਾਮ ਦੀ ਕੋਈ ਸੁਣਦੈ। ਕਿੰਨੇ ਵਰ੍ਹਿਆਂ ਤੋਂ ਵਿਲਕ ਰਿਹੈ, ‘ਸਹੁੰ ’ਤੇ ਨਿਭਣਾ ਨਹੀਂ, ਤਾਂ ਹਲਫ਼ਦਾਰੀ ਸਮਾਗਮਾਂ ਤੇ ਖਰਚੇ ਕਰਨੇ ਛੱਡੋ।’ ਗੱਲ ਤਾਂ ਪਤੇ ਦੀ ਹੈ, ਸੋਲਾਂ ਆਨੇ ਸੱਚ ਵੀ। ਮਹਾਰਾਸ਼ਟਰ ’ਚ ਊਧਵ ਠਾਕਰੇ ਨੇ ਸਹੁੰ ਚੁੱਕੀ। ਹਲਫ਼ਦਾਰੀ ਸਮਾਗਮਾਂ 2.79 ਕਰੋੜ ’ਚ ਪਏ। ਵੱਡੇ ਬਾਦਲ ਨੇ ਪੰਜਵੀਂ ਵਾਰ ਮੁੱਖ ਮੰਤਰੀ ਦੀ ਸਹੁੰ ਚੁੱਕੀ। ਸਮਾਗਮਾਂ ’ਤੇ 91.68 ਲੱਖ ਖਰਚ ਆਏ। ਸੁਖਬੀਰ ਬਾਦਲ ਦੀ ਉਪ ਮੁੱਖ ਮੰਤਰੀ ਵਾਲੀ ਸਹੁੰ 70.63 ਲੱਖ ’ਚ ਪਈ ਸੀ। ਕਰੀਬ 2400 ਸਾਲ ਪਹਿਲਾਂ। ਵੈਦ ਚਾਚਾ ਹਿਪੋਕ੍ਰਾਈਸ ਨੇ ਸਹੁੰ ਸ਼ੁਰੂ ਕਰਾਈ। ਆਖਿਐ ਜਾਂਦੇ, ਪੜਾਈ ਸ਼ੁਰੂ ਕਰਨ ਵੇਲੇ ਮੈਡੀਕਲ ਵਿਦਿਆਰਥੀ ਜੋ ਸਹੁੰ ਚੁੱਕਦੇ ਨੇ, ਵੈਦ ਚਾਚੇ ਦੀ ਦੇਣ ਹੈ। ਵੈਦ ਜੀ, ਲੱਗਦੇ ਹੱਥ ਕੋਈ ਨੁਸਖ਼ਾ ਵੀ ਦੱਸਦੇ। ਪਾਰ ਨਿਤਾਰਾ ਹੋ ਜਾਂਦਾ। ਏਥੇ ਸਹੁੰ ਦੀ ਕਿਹਨੂੰ ਪ੍ਰਵਾਹ ਐ। ਵਹਿਮ ਕੱਢਣੈ ਤਾਂ ਗੁਰਬਚਨ ਸਿੰਘ ਭੁੱਲਰ ਦੀ ਕਹਾਣੀ ‘ਬਾਜਾਂ ਵਾਲੇ ਦੀ ਸਹੁੰ’ ਪੜ ਲਿਓ। ਜਿਨ੍ਹਾਂ ਨੂੰ ਪੜ੍ਹਨਾ ਅੌਖਾ ਲੱਗਦੈ, ਉਹ ਸੋਸ਼ਲ ਮੀਡੀਆ ’ਤੇ ਬੀਬੀਆਂ ਦਾ ਗਿੱਧਾ ਸੁਣ ਲਓ, ‘ਸਹੁੰਆਂ ਖਾ ਕੇ ਮੱੁਕਰ ਗਿਐ, ਕੋਈ ਵਸ ਨਹੀਂ ਰਾਜਿਆ ਤੇਰੇ।’ ਤੂੰ ਅੰਕਲ ਸੈਮ ਹੈ, ਤਾਂ ਸਾਡੇ ਕੋਲ ਵੀ ਇੱਕ ਚਾਚੈ, ਭਤੀਜਾ ਕੌਣ ਹੈ, ਏਹ ਤੁਸੀਂ ਬੁੱਝੋ..। ਹੁਣ ਕਿਤੇ ਇਹ ਨਾ ਆਖਿਓ, ਚਾਚਾ ਭਤੀਜਾ ਘਿਓ ਖਿਚੜੀ ਨੇ।



Saturday, January 12, 2019

                        ਸਹੁੰ ਚੁੱਕ ਸਮਾਰੋਹ 
         ਖ਼ਜ਼ਾਨੇ ਨੂੰ ਪੰਜ ਕਰੋੜ ’ਚ ਪੈਣਗੇ !
                          ਚਰਨਜੀਤ ਭੁੱਲਰ
ਬਠਿੰਡਾ : ਕੈਪਟਨ ਸਰਕਾਰ ਦੇ ਖ਼ਜ਼ਾਨੇ ਨੂੰ ਪੰਚਾਂ/ਸਰਪੰਚਾਂ ਦੇ ਸਹੁੰ ਚੁੱਕ ਸਮਾਰੋਹ ਕਰੀਬ ਪੰਜ ਕਰੋੜ ’ਚ ਪੈਣਗੇ। ਪੰਜਾਬ ਦੇ 14 ਜ਼ਿਲ੍ਹਿਆਂ ਵਿਚ ਅੱਜ ਸਹੁੰ ਚੁੱਕ ਸਮਾਰੋਹ ਹੋਏ ਹਨ ਜਦੋਂ ਕਿ ਬਾਕੀ ਅੱਠ ਜ਼ਿਲ੍ਹਿਆਂ ’ਚ ਇਹੋ ਸਮਾਰੋਹ ਭਲਕੇ ਹੋਣਗੇ। ਪੰਜਾਬ ਸਰਕਾਰ ਤਰਫ਼ੋਂ ਇਨ੍ਹਾਂ ਸਹੁੰ ਚੁੱਕ ਸਮਾਰੋਹਾਂ ਵਿਚ ਪ੍ਰਤੀ ਪੰਚ/ਸਰਪੰਚ ਅੌਸਤਨ 400 ਰੁਪਏ ਖ਼ਰਚੇ ਜਾ ਰਹੇ ਹਨ। ਕਿਤੇ ਬਰੈੱਡ ਪਕੌੜਿਆਂ ਦੇ ਲੰਗਰ ਲਾਏ ਗਏ ਹਨ ਅਤੇ ਕਿਤੇ ਦੁਪਹਿਰ ਦਾ ਖਾਣਾ ਦਿੱਤਾ ਗਿਆ ਹੈ। ਬਠਿੰਡਾ ਜ਼ਿਲ੍ਹੇ ’ਚ ਦੋ ਦੋ ਲੱਡੂ ਵੀ ਦਿੱਤੇ ਗਏ ਹਨ। ਨਵੇਂ ਪੰਚਾਂ/ਸਰਪੰਚਾਂ ਨੇ ਅੱਜ ਫੀਤੀ ਦੇ ਚਾਅ ’ਚ ਸਰਕਾਰੀ ਪਕੌੜੇ ਵੀ ਛਕੇ ਤੇ ਉਸ ਤੋਂ ਪਹਿਲਾਂ ਅਹੁਦੇ ਦੀ ਸਹੁੰ ਚੁੱਕੀ। ਖ਼ਜ਼ਾਨਾ ਪਹਿਲਾਂ ਹੀ ਤੰਗੀ ਝੱਲ ਰਿਹਾ ਹੈ ਤੇ ਇੱਥੋਂ ਤੱਕ ਸਕੂਲੀ ਵਰਦੀਆਂ ਲਈ ਪੈਸਿਆਂ ਦਾ ਟੋਟਾ ਹੈ।ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਪੰਜਾਬ ਦੇ ਸਪੈਸ਼ਲ ਸਕੱਤਰ ਤਰਫ਼ੋਂ ਕਰੀਬ ਪੰਜ ਕਰੋੜ ਰੁਪਏ ਦੇ ਫ਼ੰਡ ਜਾਰੀ ਕੀਤੇ ਗਏ ਹਨ ਅਤੇ 4.27 ਕਰੋੜ ਦੇ ਫ਼ੰਡਾਂ ਦੀ ਜ਼ਿਲ੍ਹਾ ਵਾਰ ਵੰਡ ਕੀਤੀ ਗਈ ਹੈ। ਸਭ ਤੋਂ ਵੱਧ ਫ਼ੰਡ ਜ਼ਿਲ੍ਹਾ ਪਟਿਆਲਾ ਨੂੰ 53.24 ਲੱਖ ਜਾਰੀ ਕੀਤੇ ਗਏ ਹਨ ਅਤੇ ਇਸ ਜ਼ਿਲ੍ਹੇ ਵਿਚ ਅੱਜ ਮੁੱਖ ਮੰਤਰੀ ਪੰਜਾਬ ਨੇ 7646 ਪੰਚਾਇਤੀ ਪ੍ਰਤੀਨਿਧਾਂ ਨੂੰ ਸਹੁੰ ਚੁਕਾਈ ਹੈ। ਇਸ ਜ਼ਿਲ੍ਹੇ ਵਿਚ ਸਰਕਾਰ ਨੇ ਪ੍ਰਤੀ ਪੰਚ/ਸਰਪੰਚ 696 ਰੁਪਏ ਖ਼ਰਚ ਕੀਤੇ ਹਨ ਜਦੋਂ ਕਿ ਬਾਕੀ ਪੰਜਾਬ ਵਿਚ ਪ੍ਰਤੀ ਨੁਮਾਇੰਦਾ ਅੌਸਤਨ 400 ਰੁਪਏ ਖ਼ਰਚ ਕੀਤੇ ਜਾ ਰਹੇ ਹਨ।
               ਸਰਕਾਰ ਵੱਲੋਂ ਚੁਣੇ ਪ੍ਰਤੀਨਿਧਾਂ ਨੂੰ ਰਿਫਰੈਸ਼ਮੈਂਟ ਦੇਣ ਦੀ ਹਦਾਇਤ ਕੀਤੀ ਗਈ ਹੈ। ਵੇਰਵਿਆਂ ਅਨੁਸਾਰ ਪੰਜਾਬ ਭਰ ਦੇ 1,00,312 ਪੰਚਾਂ/ਸਰਪੰਚਾਂ, ਸੰਮਤੀ ਤੇ ਜ਼ਿਲ੍ਹਾ ਪ੍ਰੀਸ਼ਦ ਮੈਂਬਰਾਂ ਨੇ ਇਨ੍ਹਾਂ ਦੋ ਦਿਨਾਂ ਦੌਰਾਨ ਅਹੁਦੇ ਦੀ ਸਹੁੰ ਚੱੁਕਣੀ ਹੈ। ਪੰਜਾਬ ਭਰ ਵਿਚ 13262 ਨਵੇਂ ਸਰਪੰਚ, 83,831 ਪੰਚ, 2899 ਸਮਿਤੀ ਮੈਂਬਰ ਅਤੇ 353 ਜ਼ਿਲ੍ਹਾ ਪਰਿਸ਼ਦ ਮੈਂਬਰ ਚੁਣੇ ਗਏ ਹਨ। ਜ਼ਿਲ੍ਹਾ ਹੁਸ਼ਿਆਰਪੁਰ ਵਿਚ ਸਭ ਤੋਂ ਵੱਧ 1405 ਸਰਪੰਚ, ਗੁਰਦਾਸਪੁਰ ਵਿਚ 1279 ਅਤੇ ਤੀਜੇ ਨੰਬਰ ’ਤੇ ਜ਼ਿਲ੍ਹਾ ਪਟਿਆਲਾ ਵਿਚ 1038 ਸਰਪੰਚ ਚੁਣੇ ਗਏ ਹਨ। ਬਰਨਾਲਾ ਜ਼ਿਲ੍ਹੇ ਨੂੰ ਸਹੁੰ ਚੁੱਕ ਸਮਾਰੋਹਾਂ ਲਈ ਪ੍ਰਤੀ ਨੁਮਾਇੰਦਾ 394 ਰੁਪਏ ਖਰਚਾ ਦਿੱਤਾ ਗਿਆ ਹੈ ਜਦੋਂ ਕਿ ਬਾਕੀ ਜ਼ਿਲ੍ਹਿਆਂ ਨੂੰ ਇਕਸਾਰ ਰਾਸ਼ੀ ਦਿੱਤੀ ਗਈ ਹੈ। ਜ਼ਿਲ੍ਹਿਆਂ ਵਿਚ ਅੱਜ ਵਜ਼ੀਰਾਂ ਨੇ ਸਹੁੰ ਚੁਕਾਈ ਹੈ। ਬਹੁਤੇ ਥਾਵਾਂ ’ਤੇ ਮੈਰਿਜ ਪੈਲੇਸਾਂ ਵਿਚ ਪ੍ਰੋਗਰਾਮ ਰੱਖੇ ਗਏ। ਬਠਿੰਡਾ ਜ਼ਿਲ੍ਹੇ ਵਿਚ ਅੱਜ ਵਜ਼ੀਰ ਵਿਜੇ ਇੰਦਰ ਸਿੰਗਲਾ ਨੇ ਸਹੁੰ ਚੁਕਾਈ। ਸਹੁੰ ਚੁੱਕਣ ਮਗਰੋਂ ਸਰਪੰਚਾਂ ਤੋਂ ਚਾਅ ਨਹੀਂ ਚੁੱਕਿਆ ਜਾ ਰਿਹਾ ਸੀ। ਪੰਜਾਬ ਸਰਕਾਰ ਨੇ ਰਸਮੀ ਤੌਰ ਤੇ ਸਹੁੰ ਚੁਕਾ ਕੇ ਨਵੀਂ ਟੀਮ ਨੂੰ ਅਗਲੀਆਂ ਲੋਕ ਸਭਾ ਚੋਣਾਂ ਵਾਸਤੇ ਤਿਆਰ ਕਰ ਲਿਆ ਹੈ।
               ਆਉਂਦੇ ਦਿਨਾਂ ਵਿਚ ਫ਼ੰਡਾਂ ਦੇ ਗੱਫੇ ਵੀ ਇਨ੍ਹਾਂ ਸਰਪੰਚਾਂ ਨੂੰ ਦਿੱਤੇ ਜਾਣੇ ਹਨ। ਪ੍ਰਾਪਤ ਤੱਥਾਂ ਅਨੁਸਾਰ ਸਰਕਾਰ ਨੇ ਹੁਸ਼ਿਆਰਪੁਰ ਨੂੰ ਸਹੁੰ ਚੁੱਕ ਸਮਾਗਮਾਂ ਲਈ 38.72 ਲੱਖ, ਅੰਮ੍ਰਿਤਸਰ ਨੂੰ 26.84 ਲੱਖ, ਗੁਰਦਾਸਪੁਰ ਨੂੰ 36.33 ਲੱਖ, ਸੰਗਰੂਰ ਨੂੰ 20.44 ਲੱਖ, ਲੁਧਿਆਣਾ ਨੂੰ 30.38 ਲੱਖ, ਫ਼ਿਰੋਜ਼ਪੁਰ ਨੂੰ 22.75 ਲੱਖ ਦੇ ਫ਼ੰਡ ਜਾਰੀ ਕੀਤੇ ਹਨ।ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਦੇ ਡਾਇਰੈਕਟਰ ਜਸਕਿਰਨ ਸਿੰਘ ਨੇ ਦੱਸਿਆ ਕਿ ਪਹਿਲਾਂ ਸਟੇਟ ਪੱਧਰ ਦੇ ਸਮਾਰੋਹ ਹੁੰਦੇ ਰਹੇ ਹਨ ਅਤੇ ਐਤਕੀਂ ਜ਼ਿਲ੍ਹਾ ਪੱਧਰ ’ਤੇ ਇਹ ਸਮਾਰੋਹ ਕੀਤੇ ਜਾ ਰਹੇ ਹਨ ਜਿਨ੍ਹਾਂ ਲਈ ਪੰਜ ਕਰੋੜ ਦੇ ਫੰਡ ਜਾਰੀ ਕੀਤੇ ਗਏ ਹਨ। ਉਨ੍ਹਾਂ ਆਖਿਆ ਕਿ ਚਾਹ ਪਾਣੀ ਵਗੈਰਾ ਤੇ ਕੋਈ ਵੱਡਾ ਫੰਡ ਨਹੀਂ ਖਰਚ ਰਹੇ ਅਤੇ ਚੁਣੇ ਪ੍ਰਤੀਨਿਧਾਂ ਦੇ ਮਾਣ ਸਨਮਾਨ ਲਈ ਹੀ ਕੀਤਾ ਗਿਆ ਹੈ।
                    ਖਜ਼ਾਨੇ ਦਾ ਪੈਸਾ ਉਡਾਇਆ : ਚੀਮਾ
ਵਿਰੋਧੀ ਧਿਰ ਦੇ ਨੇਤਾ ਅਤੇ ‘ਆਪ’ ਆਗੂ ਹਰਪਾਲ ਸਿੰਘ ਚੀਮਾ ਨੇ ਸਮਾਰੋਹਾਂ ਨੂੰ ਸਿਆਸੀ ਸਟੰਟ ਦੱਸਿਆ ਹੈ। ਉਨ੍ਹਾਂ ਆਖਿਆ ਕਿ ਹੁਣ ਸਰਕਾਰ ਦੀ ਕਿਫਾਇਤੀ ਮੁਹਿੰਮ ਕਿਥੇ ਚਲੀ ਗਈ ਹੈ ਅਤੇ ਕਰੋੜਾਂ ਰੁਪਏ ਵਹਾ ਦਿੱਤੇ ਗਏ ਹਨ। ਉਨ੍ਹਾਂ ਆਖਿਆ ਕਿ ਇਹ ਫਜੂਲ ਖਰਚੀ ਹੈ ਅਤੇ ਇਹ ਸਮਾਗਮ ਸਾਦੇ ਅਤੇ ਪਿੰਡਾਂ ਵਿਚ ਹੋਣੇ ਚਾਹੀਦੇ ਸਨ। ਪੰਚਾਇਤਾਂ ਲੋਕਾਂ ਸਾਹਮਣੇ ਸਹੁੰ ਚੁੱਕਦੀਆਂ।



Wednesday, July 31, 2013

                                 ਸਿਆਸੀ ਲਾਹਾ
    ਢਾਈ ਕਰੋੜ 'ਚ ਪੈਣਗੇ ਸਹੁੰ ਚੁੱਕ ਸਮਾਗਮ
                                ਚਰਨਜੀਤ ਭੁੱਲਰ
ਬਠਿੰਡਾ :  ਸਰਕਾਰੀ ਖ਼ਜ਼ਾਨੇ ਨੂੰ ਪੰਚਾਂ ਸਰਪੰਚਾਂ ਦੀ ਸਹੁੰ ਚੁੱਕਣੀ ਕਰੀਬ ਢਾਈ ਕਰੋੜ ਵਿੱਚ ਪਵੇਗੀ। ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਵੱਲੋਂ ਇਨ੍ਹਾਂ ਫੰਡਾਂ ਦਾ ਪ੍ਰਬੰਧ ਸ਼ੁਰੂ ਕਰ ਦਿੱਤਾ ਗਿਆ ਹੈ। ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਅਤੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਪਹਿਲੀ ਤੋਂ 10 ਅਗਸਤ ਤੱਕ ਪੰਜਾਬ ਭਰ ਦੇ ਨਵੇਂ ਚੁਣੇ ਪੰਚਾਂ ਸਰਪੰਚਾਂ ਨੂੰ ਸਹੁੰ ਚੁਕਾਉਣੀ ਹੈ। ਇਕ ਦਿਨ ਵਿੱਚ ਦੋ ਜ਼ਿਲ੍ਹਿਆਂ ਦੇ ਪੰਚਾਂ ਸਰਪੰਚਾਂ ਨੂੰ ਸਹੁੰ ਚੁਕਾਈ ਜਾਵੇਗੀ। ਅੱਧੇ ਪੰਜਾਬ ਵਿੱਚ ਮੁੱਖ ਮੰਤਰੀ ਸਹੁੰ ਚੁੱਕ ਸਮਾਗਮਾਂ ਵਿੱਚ ਸ਼ਮੂਲੀਅਤ ਕਰਨਗੇ, ਜਦੋਂ ਕਿ ਬਾਕੀ ਅੱਧੇ ਪੰਜਾਬ ਦੇ ਜ਼ਿਲ੍ਹਿਆਂ ਵਿੱਚ ਉਪ ਮੁੱਖ ਮੰਤਰੀ ਇਹ ਡਿਊਟੀ ਨਿਭਾਉਣਗੇ। ਇਸ ਤੋਂ ਪਹਿਲਾਂ ਪੰਚਾਇਤ ਸਮਿਤੀਆਂ ਅਤੇ ਜ਼ਿਲ੍ਹਾ ਪ੍ਰੀਸ਼ਦ ਮੈਂਬਰਾਂ ਨੂੰ ਲੁਧਿਆਣਾ ਵਿਖੇ ਸਹੁੰ ਚੁਕਾਈ ਗਈ ਸੀ। ਲੁਧਿਆਣਾ ਸਮਾਗਮਾਂ 'ਤੇ ਆਏ ਖਰਚ ਦਾ ਹਾਲੇ ਤਕ ਕੋਈ ਬਜਟ ਸਰਕਾਰ ਨੇ ਨਹੀਂ ਭੇਜਿਆ ਹੈ। ਪ੍ਰਾਪਤ ਵੇਰਵਿਆਂ ਅਨੁਸਾਰ ਪੰਜਾਬ ਭਰ ਦੇ 13047 ਸਰਪੰਚਾਂ ਅਤੇ 81109 ਪੰਚਾਇਤ ਮੈਂਬਰਾਂ ਨੂੰ ਅਗਸਤ ਦੇ ਪਹਿਲੇ ਦਸ ਦਿਨਾਂ ਦੌਰਾਨ ਅਹੁਦੇ ਦੀ ਸਹੁੰ ਚੁਕਾਈ ਜਾਣੀ ਹੈ। ਬਲਾਕ ਵਿਕਾਸ ਤੇ ਪੰਚਾਇਤ ਅਫਸਰਾਂ ਵੱਲੋਂ ਇਨ੍ਹਾਂ ਪੰਚਾਂ ਅਤੇ ਸਰਪੰਚਾਂ ਨੂੰ ਸਹੁੰ ਚੁੱਕ ਸਮਾਗਮਾਂ ਵਿੱਚ ਲਿਆਂਦਾ ਜਾਣਾ ਹੈ। ਸੂਤਰਾਂ ਅਨੁਸਾਰ ਇਨ੍ਹਾਂ ਸਮਾਗਮਾਂ 'ਤੇ ਕਰੀਬ ਢਾਈ ਕਰੋੜ ਰੁਪਏ ਖਰਚ ਆਉਣੇ ਹਨ।
              ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਵੱਲੋਂ ਪ੍ਰਤੀ ਪੰਚ ਸਰਪੰਚ 200 ਤੋਂ 250 ਰੁਪਏ ਖਰਚ ਆਉਣ ਦਾ ਅਨੁਮਾਨ ਲਾਇਆ ਗਿਆ ਹੈ। ਇਸ ਹਿਸਾਬ ਨਾਲ ਸਹੁੰ ਚੁੱਕ ਸਮਾਗਮਾਂ ਦਾ ਬਜਟ ਤਿਆਰ ਕੀਤਾ ਗਿਆ ਹੈ। ਡਿਪਟੀ ਕਮਿਸ਼ਨਰ ਫਿਲਹਾਲ ਬਿਨਾਂ ਫੰਡਾਂ ਤੋਂ ਤਿਆਰੀ ਕਰ ਰਹੇ ਹਨ। ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਦੇ ਸੰਯੁਕਤ ਡਾਇਰੈਕਟਰ ਵੱਲੋਂ ਜੋ ਪੱਤਰ ਜਾਰੀ ਕੀਤਾ ਗਿਆ ਹੈ, ਉਸ ਅਨੁਸਾਰ ਸਮਾਗਮਾਂ ਵਿੱਚ ਪੰਚਾਂ ਸਰਪੰਚਾਂ ਨੂੰ ਰਿਫਰੈਸ਼ਮੈਂਟ ਦਿੱਤੀ ਜਾਵੇਗੀ। ਸਮਾਗਮਾਂ ਵਿੱਚ ਕਿਸੇ ਜ਼ਿਲ੍ਹੇ ਵਿੱਚ ਨਵੇਂ ਪੰਚਾਂ ਸਰਪੰਚਾਂ ਨੂੰ ਚਾਹ ਨਾਲ ਪਕੌੜੇ ਖੁਆਏ ਜਾਣਗੇ ਅਤੇ ਕਿਸੇ ਜ਼ਿਲ੍ਹੇ ਵਿੱਚ ਡੱਬਾਬੰਦ ਲੰਚ ਦਾ ਪ੍ਰਬੰਧ ਕੀਤਾ ਜਾ ਰਿਹਾ ਹੈ। ਪਤਾ ਲੱਗਿਆ ਹੈ ਕਿ ਜਲੇਬੀਆਂ ਬਾਰੇ ਵੀ ਮੀਟਿੰਗਾਂ ਵਿੱਚ ਵਿਚਾਰ ਚਰਚਾ ਹੋ ਰਹੀ ਹੈ। ਪੰਜਾਬ ਮੰਡੀ ਬੋਰਡ, ਨਗਰ ਨਿਗਮਾਂ ਤੇ ਨਗਰ ਕੌਂਸਲਾਂ, ਲੋਕ ਨਿਰਮਾਣ ਵਿਭਾਗ, ਖੁਰਾਕ ਤੇ ਸਪਲਾਈ ਵਿਭਾਗ ਨੂੰ ਵੀ ਇਨ੍ਹਾਂ ਸਮਾਗਮਾਂ ਵਿੱਚ ਸ਼ਾਮਲ ਕੀਤਾ ਜਾ ਰਿਹਾ ਹੈ। ਪੀਣ ਵਾਲੇ ਪਾਣੀ ਦੇ ਪ੍ਰਬੰਧ ਮੰਡੀ ਬੋਰਡ ਵੱਲੋਂ ਕੀਤੇ ਜਾਣੇ ਹਨ। ਸਾਫ਼ ਸਫ਼ਾਈ ਦੇ ਪ੍ਰਬੰਧ ਨਗਰ ਨਿਗਮ ਅਤੇ ਨਗਰ ਕੌਂਸਲਾਂ ਵੱਲੋਂ ਕੀਤੇ ਜਾਣਗੇ। ਵੀ.ਵੀ.ਆਈ.ਪੀਜ਼. ਲਈ ਖਾਣ ਪੀਣ ਦੇ ਵੱਖਰੇ ਪ੍ਰਬੰਧ ਕੀਤੇ ਜਾ ਰਹੇ ਹਨ। ਹਰ ਪੰਚ ਅਤੇ ਸਰਪੰਚ ਲਈ ਇਕ ਸਹੁੰ ਚੁੱਕ ਫਾਰਮ ਛਪਾਇਆ ਗਿਆ ਹੈ। ਬਲਾਕ ਪੱਧਰ 'ਤੇ ਪੰਚਾਂ ਸਰਪੰਚਾਂ ਲਈ ਟਰਾਂਸਪੋਰਟ ਦਾ ਪ੍ਰਬੰਧ ਵੀ ਕੀਤਾ ਜਾਣਾ ਹੈ। ਇਨ੍ਹਾਂ ਸਮਾਗਮਾਂ ਵਿੱਚ ਪੰਚਾਇਤ ਸਮਿਤੀਆਂ ਅਤੇ ਜ਼ਿਲ੍ਹਾ ਪ੍ਰੀਸ਼ਦ ਦੇ ਨਵੇਂ ਚੁਣੇ ਮੈਂਬਰਾਂ ਨੂੰ ਵੀ ਸੱਦਾ ਦਿੱਤਾ ਗਿਆ ਹੈ।
               ਪੰਜਾਬ ਸਰਕਾਰ ਵੱਲੋਂ ਇਨ੍ਹਾਂ ਸਮਾਗਮਾਂ ਦੀ ਤਿਆਰੀ ਲਈ ਡਿਪਟੀ ਕਮਿਸ਼ਨਰਾਂ ਨਾਲ ਵੀਡੀਓ ਕਾਨਫਰੰਸਿੰਗ ਵੀ ਕੀਤੀ ਗਈ ਹੈ। ਡਿਪਟੀ ਕਮਿਸ਼ਨਰਾਂ ਵੱਲੋਂ ਫੰਡਾਂ ਦਾ ਮਾਮਲਾ ਉਠਾਇਆ ਗਿਆ ਸੀ, ਜਿਸ ਬਾਰੇ ਸਰਕਾਰ ਨੇ ਭਰੋਸਾ ਦਿੱਤਾ ਕਿ ਪ੍ਰਤੀ ਵਿਅਕਤੀ ਦੇ ਹਿਸਾਬ ਨਾਲ ਬਜਟ ਦਿੱਤਾ ਜਾਵੇਗਾ। ਸੂਤਰਾਂ ਦਾ ਕਹਿਣਾ ਹੈ ਕਿ ਅਕਾਲੀ-ਭਾਜਪਾ ਗਠਜੋੜ ਸਰਕਾਰ ਵੱਲੋਂ ਇਨ੍ਹਾਂ ਸਮਾਰੋਹਾਂ ਨੂੰ ਸਿਆਸੀ ਲਾਹੇ ਲਈ ਵਰਤਿਆ ਜਾ ਰਿਹਾ ਹੈ।ਬਠਿੰਡਾ ਜ਼ਿਲ੍ਹੇ ਵਿੱਚ ਸ਼ਹਿਰ ਦੀ ਦਾਣਾ ਮੰਡੀ ਵਿੱਚ ਸਹੁੰ ਚੁੱਕ ਸਮਾਗਮ ਹੋ ਰਿਹਾ ਹੈ, ਜਿਸ ਵਿੱਚ 3 ਅਗਸਤ ਨੂੰ ਮੁੱਖ ਮੰਤਰੀ ਪੁੱਜ ਰਹੇ ਹਨ। ਉਸੇ ਦਿਨ ਦੁਪਹਿਰ ਮਗਰੋਂ ਮਾਨਸਾ ਜ਼ਿਲ੍ਹੇ ਵਿੱਚ ਸਹੁੰ ਚੁੱਕ ਸਮਾਗਮ ਹੋਣਾ ਹੈ। ਜ਼ਿਲ੍ਹਾ ਪ੍ਰਸ਼ਾਸਨ ਬਠਿੰਡਾ ਵੱਲੋਂ ਤਿੰਨ ਹਜ਼ਾਰ ਲੋਕਾਂ ਦੇ ਬੈਠਣ ਦਾ ਪ੍ਰਬੰਧ ਕੀਤਾ ਜਾ ਰਿਹਾ ਹੈ। ਇਨ੍ਹਾਂ ਸਮਾਗਮਾਂ ਵਿੱਚ 295 ਸਰਪੰਚ ਅਤੇ 2269 ਪੰਚਾਇਤ ਮੈਂਬਰ ਸਹੁੰ ਚੁੱਕਣਗੇ। ਸਮਾਗਮਾਂ ਵਿੱਚ ਪੰਚਾਂ ਸਰਪੰਚਾਂ ਦੇ ਬੈਠਣ ਲਈ ਬਲਾਕ ਵਾਈਜ ਪ੍ਰਬੰਧ ਕੀਤਾ ਗਿਆ ਹੈ। ਠੀਕ 11 ਵਜੇ ਇਹ ਸਮਾਗਮ ਸ਼ੁਰੂ ਹੋਣੇ ਹਨ। ਡਿਪਟੀ ਕਮਿਸ਼ਨਰ ਕਮਲ ਕਿਸ਼ੋਰ ਯਾਦਵ ਦਾ ਕਹਿਣਾ ਸੀ ਕਿ ਪੰਚਾਂ ਅਤੇ ਸਰਪੰਚਾਂ ਨੂੰ ਸਰਕਾਰੀ ਤੌਰ 'ਤੇ ਸਮਾਗਮਾਂ ਦੇ ਸੁਨੇਹੇ ਲਾਏ ਜਾ ਰਹੇ ਹਨ ਅਤੇ ਉਨ੍ਹਾਂ ਲਈ ਟਰਾਂਸਪੋਰਟ ਦੇ ਵੱਖਰੇ ਪ੍ਰਬੰਧ ਨਹੀਂ ਕੀਤੇ ਜਾ ਰਹੇ। ਉਨ੍ਹਾਂ ਦੱਸਿਆ ਕਿ ਬਜਟ ਪੰਜਾਬ ਸਰਕਾਰ ਵੱਲੋਂ ਪ੍ਰਤੀ ਵਿਅਕਤੀ ਦੇ ਹਿਸਾਬ ਨਾਲ ਭੇਜਿਆ ਜਾ ਰਿਹਾ ਹੈ।
                                           ਵਿੱਤ ਵਿਭਾਗ ਤੋਂ ਫੰਡ ਮੰਗੇ: ਡਿਪਟੀ ਡਾਇਰੈਕਟਰ
ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਪੰਜਾਬ ਦੇ ਡਿਪਟੀ ਡਾਇਰੈਕਟਰ ਜਸਪਾਲ ਸਿੰਘ ਦਾ ਕਹਿਣਾ ਸੀ ਕਿ ਮਹਿਕਮੇ ਨੇ ਵਿੱਤ ਵਿਭਾਗ ਤੋਂ ਫੰਡਾਂ ਦੀ ਮੰਗ ਕੀਤੀ ਹੈ। ਇਸ ਬਾਰੇ ਕੇਸ ਵਿੱਤ ਵਿਭਾਗ ਕੋਲ ਭੇਜਿਆ ਗਿਆ ਹੈ, ਜਿਸ ਬਾਰੇ ਹਾਲੇ ਕੋਈ ਜੁਆਬ ਨਹੀਂ ਆਇਆ। ਉਨ੍ਹਾਂ ਦੱਸਿਆ ਕਿ ਪ੍ਰਤੀ ਵਿਅਕਤੀ 200 ਤੋਂ 250 ਰੁਪਏ ਦਾ ਬਜਟ ਦੇਣ ਦੀ ਤਜਵੀਜ਼ ਹੈ। ਉਨ੍ਹਾਂ ਦੱਸਿਆ ਕਿ ਵਿੱਤ ਵਿਭਾਗ ਦੀ ਪ੍ਰਵਾਨਗੀ ਮਗਰੋਂ ਹੀ ਯਕੀਨੀ ਤੌਰ 'ਤੇ ਫੰਡ ਦੇਣ ਬਾਰੇ ਕੁਝ ਆਖਿਆ ਜਾ ਸਕਦਾ ਹੈ।
                                              ਨਵੇਂ ਸਰਪੰਚਾਂ ਨੂੰ ਸਹੁੰ ਚੁੱਕਣ ਦਾ ਗੋਡੇ-ਗੋਡੇ ਚਾਅ
ਬਠਿੰਡਾ ਪੱਟੀ ਦੇ ਨਵੇਂ ਬਣੇ ਸਰਪੰਚਾਂ ਨੂੰ ਸਹੁੰ ਚੁੱਕਣ ਦਾ ਗੋਡੇ-ਗੋਡੇ ਚਾਅ ਹੈ। ਮੁੱਖ ਮੰਤਰੀ ਪੰਜਾਬ ਪ੍ਰਕਾਸ਼ ਸਿੰਘ ਬਾਦਲ ਵਲੋਂ ਇਨ੍ਹਾਂ ਸਰਪੰਚਾਂ ਅਤੇ ਪੰਚਾਂ ਨੂੰ 3 ਅਗਸਤ ਨੂੰ ਸਹੁੰ ਚੁਕਾਈ ਜਾਣੀ ਹੈ। ਇਹ ਨਵੇਂ ਸਰਪੰਚ ਕਈ ਦਿਨਾਂ ਤੋਂ ਸਹੁੰ ਚੁੱਕ ਸਮਾਗਮਾਂ ਵਿੱਚ ਜਾਣ ਦੀ ਤਿਆਰੀ ਕਰ ਰਹੇ ਹਨ। ਕੋਈ ਸਰਪੰਚ ਨਵੇਂ ਕੱਪੜੇ ਸੁਆ ਰਿਹਾ ਹੈ ਅਤੇ ਕੋਈ ਸਹੁੰ ਚੁੱਕਣ ਤੋਂ ਪਹਿਲਾਂ ਗੁਰੂਘਰ ਵਿੱਚ ਅਰਦਾਸ ਕਰਕੇ ਜਾਣ ਦੀ ਤਿਆਰੀ ਕਰ ਰਹੇ ਹਨ। ਜੋ ਮਹਿਲਾ ਸਰਪੰਚ ਹਨ,ਉਨ੍ਹਾਂ ਦੇ ਪਤੀ ਵੀ ਤਿਆਰੀ ਵਿੱਚ ਜੁੱਟੇ ਹੋਏ ਹਨ। ਨਵੇਂ ਸਰਪੰਚਾਂ ਨੇ ਇਸ ਚਾਅ ਵਿੱਚ ਆਪਣੀਆਂ ਕਾਰਾਂ ਤੇ 'ਸਰਪੰਚ' ਵੀ ਲਿਖ ਲਿਆ ਹੈ। ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਦੇ ਮੁਲਾਜ਼ਮ ਇਨ੍ਹਾਂ ਨੂੰ ਸਹੁੰ ਚੁੱਕ ਫਾਰਮ ਭਰਵਾ ਰਹੇ ਹਨ। ਨਵੀਆਂ ਮਹਿਲਾ ਸਰਪੰਚਾਂ ਨੂੰ ਤਾਂ ਮੁੱਖ ਮੰਤਰੀ ਨੂੰ ਦੇਖਣ ਦਾ ਚਾਅ ਜ਼ਿਆਦਾ ਹੈ। ਪਿੰਡ ਰਾਜਗੜ੍ਹ ਖੁਰਦ ਦਾ ਨਵਾਂ ਸਰਪੰਚ ਸਤਨਾਮ ਸਿੰਘ ਪਹਿਲਾਂ ਪੰਚਾਇਤ ਮੈਂਬਰ ਸੀ ਤੇ ਐਤਕੀ ਸਰਪੰਚ ਬਣ ਗਿਆ ਹੈ। ਸਰਪੰਚ ਸਤਨਾਮ ਸਿੰਘ ਨੇ ਦੱਸਿਆ ਕਿ ਉਸ ਨੇ ਆਪਣੀ ਗੱਡੀ ਤੇ ਪਹਿਲਾਂ 'ਪੰਚ' ਲਿਖਿਆ ਹੋਇਆ ਸੀ ਅਤੇ ਹੁਣ ਪੰਚ ਅੱਗੇ ਛੱਡੀ ਖਾਲੀ ਥਾਂ ਵਿੱਚ 'ਸਰ' ਲਿਖ ਦਿੱਤਾ ਜੋ ਕਿ ਸਰਪੰਚ ਬਣ ਗਿਆ ਹੈ। ਉਸ ਨੇ ਦੱਸਿਆ ਕਿ ਸਰਪੰਚ ਬਣਨ ਦੀ ਸੱਧਰ ਉਸ ਦੇ ਮਨ ਵਿੱਚ ਸੀ। ਉਸ ਨੇ ਦੱਸਿਆ ਕਿ ਨਵੇਂ ਕੱਪੜੇ ਸੁਆ ਲਏ ਹਨ।
             ਪਿੰਡ ਦੁੱਲੇਵਾਲਾ ਦੀ ਨਵੀਂ ਸਰਪੰਚ ਕਰਮਜੀਤ ਕੌਰ ਨੇ ਵੀ ਸਮਾਗਮਾਂ ਲਈ ਤਿਆਰੀ ਖਿੱਚ ਲਈ ਹੈ। ਉਸ ਦਾ ਕਹਿਣਾ ਸੀ ਕਿ ਦੋ ਢਾਈ ਦਹਾਕੇ ਪਹਿਲਾਂ ਉਸ ਦਾ ਸਹੁਰਾ ਸਰਪੰਚ ਸੀ। ਕਾਫੀ ਲੰਮੇ ਸਮੇਂ ਮਗਰੋਂ ਘਰ ਵਿੱਚ ਸਰਪੰਚੀ ਆਈ ਹੈ ਜਿਸ ਕਰਕੇ ਚਾਅ ਦੁੱਗਣਾ ਹੈ। ਪਿੰਡ ਰਾਜਗੜ੍ਹ ਦੀ ਮਹਿਲਾ ਸਰਪੰਚ ਕਿਰਨਜੀਤ ਕੌਰ ਤੇ ਉਸ ਦਾ ਪਤੀ ਕਮਲਜੀਤ ਸਿੰਘ ਵੀ ਆਪਣੀ ਪਤਨੀ ਦੇ ਨਾਲ ਸਮਾਗਮਾਂ ਦੀ ਤਿਆਰੀ ਕਰ ਰਿਹਾ ਹੈ। ਇਲਾਕੇ ਦੇ ਸਰਪੰਚਾਂ ਅਤੇ ਪੰਚਾਇਤ ਮੈਂਬਰਾਂ ਨੇ ਸਮਾਗਮਾਂ ਲਈ ਗੱਡੀਆਂ ਵੀ ਬੁੱਕ ਕਰ ਲਈਆਂ ਹਨ। ਪਿੰਡ ਮਹਿਮਾ ਸਵਾਈ ਦੇ ਨਵੇਂ ਸਰਪੰਚ ਨੇ ਵੀ ਆਪਣੀ ਆਲਟੋ ਗੱਡੀ ਤੇ ਸਰਪੰਚ ਲਿਖ ਲਿਆ ਹੈ। ਪਿੰਡ ਧਿੰਗੜ ਦੇ ਨਵੇਂ ਸਰਪੰਚ ਹਰਬੰਸ ਸਿੰਘ ਨੇ ਆਪਣੀ ਬਲੈਰੋ ਗੱਡੀ ਅਤੇ ਜਿਪਸੀ ਦੇ ਅੱਗੇ ਸਰਪੰਚ ਲਿਖ ਲਿਆ ਹੈ।ਪਿੰਡ ਢੱਡੇ ਦੇ ਨਵੇਂ ਸਰਪੰਚ ਗੁਰਮੀਤ ਸਿੰਘ ਦਾ ਕਹਿਣਾ ਸੀ ਕਿ ਉਹ ਸਹੁੰ ਚੁੱਕਣ ਸਮਾਗਮਾਂ ਵਿੱਚ ਜਾਣ ਤੋਂ ਪਹਿਲਾਂ ਪਿੰਡ ਦੇ ਗੁਰੂਘਰ ਅਤੇ ਪਿੰਡ ਵਿੱਚ ਬਣੀਆਂ ਸਮਾਧਾਂ 'ਤੇ ਮੱਥਾ ਟੇਕੇਗਾ। ਉਸ ਮਗਰੋਂ ਮਾਤਾ-ਪਿਤਾ ਦਾ ਅਸ਼ੀਰਵਾਦ ਲਵਾਂਗਾ। ਉਸ ਦਾ ਕਹਿਣਾ ਸੀ ਕਿ ਉਸ ਨੇ ਕੁਝ ਦਿਨ ਪਹਿਲਾਂ ਹੀ ਕੁੜਤੇ ਪਜ਼ਾਮੇ ਸੁਆ ਲਏ ਸਨ। ਦੱਸਣਯੋਗ ਹੈ ਕਿ ਜਿਨ੍ਹਾਂ ਪਿੰਡਾਂ ਵਿੱਚ ਮੁਕਾਬਲਾ ਸਖਤ ਰਿਹਾ ਹੈ,ਉਥੋਂ ਦੇ ਸਰਪੰਚ ਜ਼ਿਆਦਾ ਤਿਆਰੀ ਖਿੱਚ ਰਹੇ ਹਨ।
             ਪਤਾ ਲੱਗਾ ਹੈ ਕਿ ਕਈ ਸਰਪੰਚ ਤਾਂ ਆਪਣੇ ਬੱਚਿਆਂ ਨੂੰ ਵੀ ਸਮਾਗਮਾਂ ਵਿੱਚ ਆਪਣੇ ਨਾਲ ਲਿਆ ਰਹੇ ਹਨ। ਮਹਿਲਾ ਸਰਪੰਚਾਂ ਦੇ ਨਾਲ ਉਨ੍ਹਾਂ ਦੇ ਪਤੀ ਜਾਂ ਲੜਕੇ ਆਉਣਗੇ। ਯੂਥ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਬਲਕਾਰ ਸਿੰਘ ਗੋਨਿਆਣਾ ਨੇ ਦੱਸਿਆ ਕਿ ਨਵੇਂ ਨੌਜਵਾਨ ਸਰਪੰਚਾਂ ਨੂੰ ਸਹੁੰ ਚੁੱਕਣ ਦਾ ਪੂਰਾ ਚਾਅ ਹੈ ਅਤੇ ਉਹ ਆਪਣੇ ਪਰਿਵਾਰਾਂ ਸਮੇਤ ਸਮਾਗਮਾਂ ਵਿੱਚ ਪੁੱਜਣ ਦੀ ਤਿਆਰੀ ਕਰ ਰਹੇ ਹਨ। ਦੂਸਰੀ ਤਰਫ ਜੋ ਕਾਂਗਰਸੀ ਪੰਚ ਸਰਪੰਚ ਹਨ,ਉਹ ਸਹੁੰ ਚੁੱਕਣ ਤਾਂ ਪੁੱਜ ਰਹੇ ਹਨ ਪਰ ਉਨ੍ਹਾਂ ਵਿੱਚ ਸਮਾਗਮਾਂ ਦਾ ਜੋਸ਼ ਹੋਣ ਦੀ ਥਾਂ ਸਰਪੰਚੀ ਦਾ ਹੀ ਜੋਸ਼ ਹੈ। ਇਨ੍ਹਾਂ ਸਮਾਗਮਾਂ ਲਈ ਕਾਂਗਰਸੀ ਵਿਧਾਇਕਾਂ ਨੂੰ ਵੀ ਸੱਦਾ ਪੱਤਰ ਭੇਜੇ ਜਾ ਰਹੇ ਹਨ ਪ੍ਰੰਤੂ ਉਨ੍ਹਾਂ ਦੀ ਸਮਾਗਮਾਂ ਵਿੱਚ ਸ਼ਾਮਲ ਹੋਣ ਦੀ ਬਹੁਤ ਘੱਟ ਸੰਭਾਵਨਾ ਹੈ। ਜ਼ਿਲ੍ਹਾ ਵਿਕਾਸ ਤੇ ਪੰਚਾਇਤ ਅਫਸਰ ਰਜਿੰਦਰ ਬੱਤਰਾ ਦਾ ਕਹਿਣਾ ਸੀ ਕਿ ਉਹ ਸਾਰੇ ਸਰਪੰਚਾਂ ਨੂੰ ਸੱਦਾ ਪੱਤਰ ਭੇਜ ਰਹੇ ਹਨ। ਜਾਣਕਾਰੀ ਅਨੁਸਾਰ ਸਹੁੰ ਚੁੱਕਣ ਵਾਸਤੇ ਲਿਖਤੀ ਫਾਰਮ ਦਿੱਤਾ ਜਾਣਾ ਹੈ। ਜੋ ਅਨਪੜ੍ਹ ਪੰਚ ਸਰਪੰਚ ਹਨ ਉਹ ਤਾਂ ਸਿਰਫ ਮੁੱਖ ਮੰਤਰੀ ਨੂੰ ਸੁਣ ਕੇ ਉਨ੍ਹਾਂ ਦੇ ਪਿਛੇ-ਪਿਛੇ ਬੋਲ ਹੀ ਸਕਣਗੇ।