Sunday, June 7, 2020

                              ਵਿਚਲੀ ਗੱਲ  
        ਸੱਚਾ ਕਰ ਕੋਈ ਕੌਲ ਕਰਾਰ ਮੀਆਂ..!
                             ਚਰਨਜੀਤ ਭੁੱਲਰ
ਚੰਡੀਗੜ੍ਹ : ਬੰਦਾ ਸਹੁੰ ਤੋਂ ਉਖੜ ਜਾਵੇ। ਸਾਹਾਂ ਤੋਂ ਮੁੱਕ ਜਾਵੇ। ਫਿਰ ਜਹਾਨ ’ਚ ਕੋਈ ਦਵਾ ਨਹੀਂ। ਮਰੇ ਤੇ ਮੁੱਕਰੇ  ਦਾ ਕੋਈ ਵੈਦ ਨਹੀਂ। ਚੇਤੇ ਕਰੋਂ ਉਹ ਭਲਾ ਵੇਲਾ। ਨੇਕ ਬੰਦੇ, ਜ਼ੁਬਾਨ ਦੇ ਪੱਕੇ। ਵਚਨਾਂ ’ਚ ਉਮਰਾਂ ਪੁਗਾ ਜਾਂਦੇ। ਕਿਤੇ ਚੋਰੀ ਹੋ ਜਾਣੀ, ਘਰਾਂ ’ਚ ਝਗੜਾ ਹੋ ਜਾਣਾ। ਵੰਡ ਵੰਡਾਰਾ ਹੋਣਾ। ਕੋਈ ਪਿੱਪਲ ਦਾ ਪੱਤਾ ਤੋੜ ਸਹੁੰ ਖਾਂਦਾ। ਕੋਈ ਗਊ ਦੀ ਪੂਛ ਫੜ ਕੇ। ਮਸਲਾ ਵਿਗੜ ਜਾਂਦਾ ਤਾਂ ਗੁਰੂ ਘਰ ਦੇ ਨਿਸ਼ਾਨ ਸਾਹਿਬ ਵੱਲ ਹੱਥ ਕਰਕੇ। ਕੋਈ ਅੱਲਾ ਨੂੰ ਹਾਜ਼ਰ ਨਾਜ਼ਰ ਜਾਣ ਕੇ। ਗੱਲ ਸਹੁੰ ਨਾਲ ਸਿਰੇ ਲੱਗ ਜਾਂਦੀ। ਅੰਕਲ ਸੈਮ (ਅਮਰੀਕਾ) ਨੂੰ ਇਹ ਗੱਲ ਕੌਣ ਸਮਝਾਏ। ਟਰੰਪ ਨੇ ਪੈਂਤੀ ਅੱਖਰਾਂ ਦੀ ਸਹੁੰ ਚੁੱਕੀ। ਹੁਣ ਆਖਦੈ, ‘ਸੁੱਖ ਦੇਣੀ ਨੀ, ਖਜੂਰ ’ਤੇ ਚੜ੍ਹਨਾ ਨੀਂ।’ ਵਿਸ਼ਵ ਟਿੰਡੀ ਦੇ ਬੀਅ ’ਤੇ ਜਰੂਰ ਚੜ੍ਹਿਐ। ਜੇਹੋ ਜੇਹੀ ਕੋਕੋ, ਉਹੋ ਜੇਹਾ ਡੈਰੇਕ ਚੌਵਿਨ। ਸਿਆਹਫਾਮ ਜੌਰਜ ਫਲਾਇਡ, ਜਾਅਲਸਾਜ਼ੀ ਦੇ ਸ਼ੱਕ ’ਚ ਫੜਿਆ। ਚਿੱਟੀ ਚਮੜੀ ਵਾਲੇ ਪੁਲੀਸ ਅਫਸਰ ਡੇਰੇਕ ਚੋਵਿਨ ਨੇ। ਜੌਰਜ ਫਲਾਇਡ ਦੀ ਕਾਲੀ ਧੌਣ ’ਤੇ ਗੋਢਾ ਧਰਿਆ। ਫਲਾਇਡ ਨੇ ਤਰਲੇ ਪਾਏ , ‘ਮੈਨੂੰ ਸਾਹ ਨਹੀਂ ਆ ਰਿਹਾ’। ਗੋਰੇ ਅਫਸਰ ਨੇ ਅੱਠ ਮਿੰਟ ਧੌਣ ’ਤੇ ਪਹਿਰਾ ਦਿੱਤਾ। ਕਿਤੇ ਡੈਰੇਕ ਸਹੁੰ ’ਤੇ ਪਹਿਰਾ ਦਿੰਦਾ। ਜੌਰਜ ਨੂੰ ਸਾਹ ਨਾ ਗੁਆਉਣੇ ਪੈਂਦੇ। ਅਮਰੀਕਾ ਦੇ ਵਿਹੜੇ ਨਸਲੀ ਅੱਗ ਭੜਕੀ ਐ। ਚੋਣਾਂ ’ਚ ਬਹੁਤਾ ਸਮਾਂ ਨਹੀਂ। ਸੜਕਾਂ ’ਤੇ ਨਾਅਰੇ ਗੰੂਜੇ ਨੇ।
             ‘ਕਬਰਾਂ ’ਚ ਸਭ ਬਰਾਬਰ’। ਟਰੰਪ ਚਾਚਾ ਭੁੱਲ ਬੈਠੇ ਚੁੱਕੀ ਸਹੁੰ ਨੂੰ, ਕੀਤੇ ਵਚਨਾਂ ਨੂੰ। ਨਸ਼ਾ ਕੋਈ ਵੀ ਹੋਵੇ, ਪਹਿਲਾਂ ਹੱਲਾ ਹੋਸ਼ ’ਤੇ ਕਰਦੈ। ਟਰੰਪ ਬੜ੍ਹਕਾਂ ਮਾਰਨੋਂ ਹਟ ਨਹੀਂ ਰਿਹਾ। ਸ਼ਰਮ ’ਚ ਪਾਣੀਓ ਪਾਣੀ ਹੋਇਐ ਆਰਟ ਅਕਵੇਡੋ। ਹਿਊਸਟਨ ਦੇ ਪੁਲੀਸ ਮੁਖੀ ਅਕਵੇਡੋ। ਪਿਛੋਕੜ ਕਿਊਬਾ ਦਾ ਸੁਣੀਦੈ। ਅਕਵੋਡੇ ਨੇ ਟਰੰਪ ਨੂੰ ਤਾੜਿਐ..‘ਤੂੰ ਆਪਣਾ ਮੂੰਹ ਬੰਦ ਰੱਖ।’ ਭਾਰਤੀ ਅਫਸਰਾਂ ਨੂੰ ਮੂੰਹ ਲਕੌਣ ਨੂੰ ਥਾਂ ਨਹੀਂ ਲੱਭੀ।ਨਰਿੰਦਰ ਮੋਦੀ ਅੰਦਰੋਂ ਖਿੜ ਖਿੜ ਹੱਸੇ। ਮਨ ’ਚ ਲੱਡੂ ਫੁੱਟੇ ਹੋਣਗੇ, ਸੋਚਦੇ ਪਏ ਹੋਣਗੇ, ਅਮਰੀਕਾ ਨੂੰ ਚੋਣਾਂ ਲਈ  ਆਖਰ ‘ਭਾਰਤੀ ਮਾਡਲ’ ਭਾਇਐ। ਏਸੇ ਨੂੰ ਤਾਂ ਆਖਦੇ ਨੇ ਛਾ ਜਾਣਾ। ਟਰੰਪ ਪੈਂਤੀ ਅੱਖਰੀ ਸਹੁੰ ਮੁੜ ਚੱੁਕਣਾ ਚਾਹੁੰਦੈ। ਵਾਈਟ ਹਾਊਸ ਦੀ ਲੋਈ ’ਤੇ ਕਿੰਨੇ ਛਿੱਟੇ ਪਏ ਨੇ, ਅੰਕਲ ਸੈਮ ਨੇੜੇ ਖੜ੍ਹ ਕੇ ਦੇਖੇ। ਕੰਧਾਂ ’ਤੇ ਲਿਖਿਆ ਵੀ ਪੜੇ। ਅਖਾਣ ਐਵੇਂ ਨਹੀਂ ਬਣਦੇ, ‘ਅੰਨ੍ਹੇ ਨੂੰ ਨਜ਼ਰ ਨਹੀਂ ਆਉਂਦਾ, ਹੰਕਾਰੀ ਵੇਖਣਾ ਨਹੀਂ ਚਾਹੁੰਦਾ।’ ਨਰਿੰਦਰ ਮੋਦੀ ਨੇ ਵਾਢਿਓ ਲਾ ਪੂਰਾ ਵਿਸ਼ਵ ਵੇਖਿਐ। ਵਿਧਾਤਾ ਸਿੰਘ ਤੀਰ ਵਾਲਾ ਵੇਲਾ ਗਿਆ, ‘ਮੈਂ ਗੁੰਗਾ, ਮੇਰੀ ਦੁਨੀਆ ਗੁੰਗੀ, ਤਾਹੀਏਂ ਗਾਏ ਗੁੰਗੇ ਗੀਤ।’ ਜੌਰਜ ਫਲਾਇਡ ਤੇਰੀ ਰੂਹ ਨੂੰ ਪ੍ਰਣਾਮ। ਬੱਸ ਝੁਰਨਾ ਨਹੀਂ, ਇੱਧਰ ਦੇਖ। ਸਾਡੇ ਲੋਕ ਰਾਜ ਦੀ ਗਿੱਚੀ ’ਤੇ। ਗੋਡਾ ਅੱਠ ਮਿੰਟਾਂ ਤੋਂ ਨਹੀਂ, ਕਿੰਨੇ ਵਰ੍ਹਿਆਂ ਤੋਂ ਟਿਕਿਐ। ਸੁੱਖ ਦਾ ਸਾਹ ਆਏ, ਇਹੋ ਸੋਚ ਦੂਜੀ ਵਾਰ ਸਹੁੰ ਚੁਕਾਈ। ਸਾਹ ਹੀ ਘੁੱਟਿਆ ਗਿਐ, ਕੀਤੀ ਰਾਸ ਨਾ ਆਈ।
                ਸਾਡੀ ਪੁਲੀਸ ਕੋਲ ਤਾਂ ਕੋਈ ਅਕਵੇਡੋ ਵੀ ਨਹੀਂ। ਦੁਖੜੇ ਕਿਥੇ ਰੋਈਏ। ‘ਬੁੱਲੇ੍ਹ ਸ਼ਾਹ ਸੌਂਹ ਤੈਨੂੰ ਮਿਲਸੀ, ਦਿਲ ਨੂੰ ਦੇਹ ਦਲੇਰੀ, ਆ ਮਿਲ ਯਾਰ ਸਾਰ ਲੈ ਮੇਰੀ, ਮੇਰੀ ਜਾਨ ਦੁੱਖਾਂ ਨੇ ਘੇਰੀ।’ ਬੁੱਲ੍ਹੇ ਸ਼ਾਹ ਵੀ ਮੌਕਾ ਖੁੰਝਾ ਗਿਐ। ਕਿਤੇ ਦੂਜਾ ਸਹੁੰ ਚੁੱਕ ਸਮਾਗਮ ਵੇਖਦਾ, ਅਸ਼ ਅਸ਼ ਕਰ ਉੱਠਦਾ। ਛੇ ਹਜ਼ਾਰ ਮਹਿਮਾਨ ਬੁਲਾਏ ਸਨ। ਫਿਰ ਸਹੁੰ ਚੁੱਕੀ ਸੀ, ਮੈਂ ਨਰਿੰਦਰ ਮੋਦੀ...।ਸਾਹ ਤਾਂ ਸੂਤੇ ਪਏ ਨੇ। ਸੁੱਖ ਦਾ ਸਾਹ ਕਿਥੋਂ ਆਵੇ। ਸਹੁੰ ਨਾਲ ਕੌਣ ਨਿਭਦੈ। ਹਕੂਮਤੀ ਝਾਕਣੀ ’ਚ ਫਰਕ ਐ, ਨਾਲੇ ਨੀਅਤ ਵਿਚ। ਨੀਤਾਂ ਦਾ ਖੋਟ ਤਾਂ ਸਮੁੰਦਰ ਸੁੱਕਾ ਦਿੰਦੈ। ਬਾਦਸ਼ਾਹ ਜਹਾਂਗੀਰ ਦੀ ਸੁਣੋ। ਕੇਰਾਂ ਕਸ਼ਮੀਰੀ ਬਾਗ ਵਿਚ ਟਹਿਲਣ ਗਿਆ। ਰਾਜੇ ਤੋਂ ਮਾਲੀ ਅਣਜਾਣ। ਜਹਾਂਗੀਰ ਨੂੰ ਪਿਆਸ ਲੱਗੀ। ਮਾਲੀ ਨੇ ਇੱਕ ਅਨਾਰ ਤੋੜਿਆ। ਨੱਕੋਂ ਨੱਕ ਗਲਾਸ ਭਰ ਗਿਆ। ਪੁੱਛਣ ’ਤੇ ਮਾਲੀ ਨੇ ਦੱਸਿਆ, ਹਜ਼ੂਰ, ਬਾਗਾਂ ਤੇ ਕੋਈ ਟੈਕਸ ਨਹੀਂ। ਜਹਾਂਗੀਰ ਚਲਾ ਗਿਆ ਤੇੇ ਮਨੋ ਮਨ ਸੋਚਣ ਲੱਗਾ, ਕਿਉਂ ਨਾ ਬਾਗਾਂ ’ਤੇ ਟੈਕਸ ਲਾ ਦੇਈਏ।  ਬਾਦਸ਼ਾਹ ਮੁੜ ਬਾਗ ’ਚ ਪਧਾਰੇ। ਪਿਆਸ ਲੱਗੀ, ਮਾਲੀ ਹਾਜ਼ਰ ਹੋਇਆ। ਮਾਲੀ ਨੇ ਪੂਰੇ ਪੰਦਰਾਂ ਅਨਾਰ ਨਿਚੋੜੇ, ਫਿਰ ਕਿਤੇ ਪਿਆਲਾ ਭਰਿਆ। ਜਹਾਂਗੀਰ ਹੈਰਾਨ ਹੋਇਆ। ਅੱਜ ਏਨੇ ਅਨਾਰਾਂ ਨਾਲ ਕਿਉਂ ਪਿਆਲਾ ਭਰਿਐ। ਮਾਲੀ ਦਾ ਜੁਆਬ ਸੁਣੋ, ‘ਮੈਨੂੰ ਏਦਾਂ ਲੱਗਦੈ ਜਿਵੇਂ ਸਾਡੇ ਬਾਦਸ਼ਾਹ ਦੇ ਨੀਅਤ ’ਚ ਫਰਕ ਪੈ ਗਿਆ ਹੋਵੇ।’
               ਜਹਾਂਗੀਰ ਨੇ ਆਪਣੇ ਆਪ ਨਾਲ ਗੱਲ ਕੀਤੀ। ‘ਮੈਂ ਤਾਂ ਹਾਲੇ ਟੈਕਸ ਬਾਰੇ ਸੋਚਿਆ ਹੀ ਸੀ, ਜੇ ਕਿਤੇ ਲਾ ਦਿੰਦਾ ਤਾਂ ਬਾਗ ਹੀ ਸੁੱਕ ਜਾਣੇ ਸੀ।’ ਬਾਦਸ਼ਾਹ ਨੇ ਅੱਲਾ ਤੋਂ ਭੁੱਲ ਬਖ਼ਸ਼ਾਈ, ਟੈਕਸਾਂ ਦਾ ਖਿਆਲ ਤਿਆਗ ਦਿੱਤਾ।ਉਸੇ ਬਾਗ ’ਚ ਮੁੜ ਬਾਦਸ਼ਾਹ ਦਾ ਗੇੜਾ ਲੱਗਾ। ਮਾਲੀ ਨੇ ਇੱਕ ਅਨਾਰ ਤੋੜਿਆ। ਪਿਆਲਾ ਮੂੰਹ ਤੱਕ ਭਰ ਗਿਆ। ਰਾਜੇ ਨੇ ਜਦੋਂ ਹੈਰਾਨ ਹੋ ਕੇ ਜਾਣਨਾ ਚਾਹਿਆ। ਮਾਲੀ ਨੇ ਜੁਆਬ ਦਿੱਤਾ, ‘ਬਾਦਸ਼ਾਹ ਦੇ ਮਨ ਦੀਆਂ ਲਹਿਰਾਂ ਨੇ ,ਹੁਣ ਉਨ੍ਹਾਂ ਦਾ ਮਨ ਸਾਫ ਹੋ ਗਿਆ ਹੋਣੈ।’ ਇਸੇ ਨੂੰ ਤਾਂ ਆਖਦੇ ਨੇ, ਨੀਤਾਂ ਨੂੰ ਫਲ ਲੱਗਣੇ। ਮੈਨੂੰ ਤਾਂ ਟਰੰਪ ਤੇ ਮੋਦੀ, ਮਾਮੇ ਭੂਆ ਦੇ ਪੁੱਤ ਲੱਗਦੇ ਨੇ। ਚੋਣਾਂ ’ਚ ਸਾਡੇ ਵੀ ਅੱਗਾਂ ਲੱਗੀਆਂ, ਹੁਣ ਅਮਰੀਕਾ ’ਚ ਵੀ। ‘ਕਰੇ ਮਾਈ, ਭਰੇ ਜਾਈ।’ ਅਮਰਿੰਦਰ ਸਿਓ ਮੁੜ ਸਹੁੰ ਚੁੱਕਣ ਲਈ ਕਾਹਲੇ ਨੇ। ਨਵਜੋਤ ਸਿੱਧੂ ਤਾਂ ਉਸ ਤੋਂ ਵੀ ਕਾਹਲੈ। ਭਗਵੰਤ ਮਾਨ ਸੋਚਦਾ ਹੋਊ, ਮੈਂ ਰੱਬ ਦੇ ਮਾਂਹ ਮਾਰੇ ਨੇ..। ਇੱਕ ਵਾਰੀ ਸਹੁੰ ਦਾ ਮੌਕਾ ਤਾਂ ਦਿਓ।ਸਹੁੰਆਂ ਖਾਣ ਵਾਸਤੇ ਨਹੀਂ, ਨਿਭਾਉਣ ਲਈ ਵੀ ਹੁੰਦੀਆਂ ਨੇ। ਜਦੋਂ ਵੱਡੇ ਬਾਦਲ ਦੂਜੀ ਵਾਰ ਮੁੱਖ ਮੰਤਰੀ ਬਣੇ ਸਨ। ਸਹੁੰ ਚੁੱਕ ਸਮਾਗਮਾਂ ਮਗਰੋਂ ਉਹ ਸਿੱਧੇ ਸ੍ਰੀ ਆਨੰਦਪੁਰ ਸਾਹਿਬ ਗਏ। ਉਥੇ ਸਹੁੰ ਖਾਧੀ ਸੀ, ‘ਬੇਈਮਾਨੀ- ਕੁਰੱਪਸ਼ਨ ਨੂੰ ਦੂਰ ਕਰਾਂਗੇ।’ ਠੀਕ ਉਵੇਂ ਹੀ ਜਿਵੇਂ ਪਿਛੇ ਜੇਹੇ ਕੈਪਟਨ ਅਮਰਿੰਦਰ ਸਿੰਘ ਨੇ ਸਹੁੰ ਖਾਧੀ ਸੀ। ਸ੍ਰੀ ਗੁਟਕਾ ਸਾਹਿਬ ਦੀ, ਦਮਦਮਾ ਸਾਹਿਬ ਵੱਲ ਮੂੰਹ ਕਰਕੇ। ਜੋ ਹੁਣ ਨਸ਼ਿਆਂ ਦਾ ਬਣਿਐ, ਉਦੋਂ ਉਹੀ ਕੁਰੱਪਸ਼ਨ ਦਾ ਬਣਿਆ ਸੀ। ਸੰਵਿਧਾਨ ਦੀ ਸਹੁੰ ਤੋਂ ਕੌਣ ਡਰਦੈ।
               ਵਿਧਾਇਕ ਜੋਗਿੰਦਰਪਾਲ ਨੇ ਵੀ ਮਾਂ ਦੀ ਸਹੁੰ ਖਾਧੀ ਸੀ। ਅਖੇ, ਸੁਨੀਲ ਜਾਖੜ ਹਾਰ ਗਿਆ ਤਾਂ ਸਿਆਸਤ ਛੱਡਦੂ। ਇਵੇਂ ਨਵਜੋਤ ਸਿੱਧੂ ਗਰਜੇ ਸਨ, ਅਮੇਠੀ ਤੋਂ ਰਾਹੁਲ ਗਾਂਧੀ ਹਾਰਿਆ, ਰਾਜਨੀਤੀ ਨੂੰ ਲੱਤ ਮਾਰਦੂ। ਸਹੁੰਆਂ ਦੀ ਪ੍ਰਵਾਹ ਕਿਸਨੂੰ। ‘ਡਾਢੇ ਦੀ ਮਾਰ, ਲਿੱਸੇ ਦੀ ਗਾਲ।’ ਲੋਕ ਜਾਣ ਵੀ ਕਿਧਰ। ਛੱਜੂ ਰਾਮ ਦੀ ਕੋਈ ਸੁਣਦੈ। ਕਿੰਨੇ ਵਰ੍ਹਿਆਂ ਤੋਂ ਵਿਲਕ ਰਿਹੈ, ‘ਸਹੁੰ ’ਤੇ ਨਿਭਣਾ ਨਹੀਂ, ਤਾਂ ਹਲਫ਼ਦਾਰੀ ਸਮਾਗਮਾਂ ਤੇ ਖਰਚੇ ਕਰਨੇ ਛੱਡੋ।’ ਗੱਲ ਤਾਂ ਪਤੇ ਦੀ ਹੈ, ਸੋਲਾਂ ਆਨੇ ਸੱਚ ਵੀ। ਮਹਾਰਾਸ਼ਟਰ ’ਚ ਊਧਵ ਠਾਕਰੇ ਨੇ ਸਹੁੰ ਚੁੱਕੀ। ਹਲਫ਼ਦਾਰੀ ਸਮਾਗਮਾਂ 2.79 ਕਰੋੜ ’ਚ ਪਏ। ਵੱਡੇ ਬਾਦਲ ਨੇ ਪੰਜਵੀਂ ਵਾਰ ਮੁੱਖ ਮੰਤਰੀ ਦੀ ਸਹੁੰ ਚੁੱਕੀ। ਸਮਾਗਮਾਂ ’ਤੇ 91.68 ਲੱਖ ਖਰਚ ਆਏ। ਸੁਖਬੀਰ ਬਾਦਲ ਦੀ ਉਪ ਮੁੱਖ ਮੰਤਰੀ ਵਾਲੀ ਸਹੁੰ 70.63 ਲੱਖ ’ਚ ਪਈ ਸੀ। ਕਰੀਬ 2400 ਸਾਲ ਪਹਿਲਾਂ। ਵੈਦ ਚਾਚਾ ਹਿਪੋਕ੍ਰਾਈਸ ਨੇ ਸਹੁੰ ਸ਼ੁਰੂ ਕਰਾਈ। ਆਖਿਐ ਜਾਂਦੇ, ਪੜਾਈ ਸ਼ੁਰੂ ਕਰਨ ਵੇਲੇ ਮੈਡੀਕਲ ਵਿਦਿਆਰਥੀ ਜੋ ਸਹੁੰ ਚੁੱਕਦੇ ਨੇ, ਵੈਦ ਚਾਚੇ ਦੀ ਦੇਣ ਹੈ। ਵੈਦ ਜੀ, ਲੱਗਦੇ ਹੱਥ ਕੋਈ ਨੁਸਖ਼ਾ ਵੀ ਦੱਸਦੇ। ਪਾਰ ਨਿਤਾਰਾ ਹੋ ਜਾਂਦਾ। ਏਥੇ ਸਹੁੰ ਦੀ ਕਿਹਨੂੰ ਪ੍ਰਵਾਹ ਐ। ਵਹਿਮ ਕੱਢਣੈ ਤਾਂ ਗੁਰਬਚਨ ਸਿੰਘ ਭੁੱਲਰ ਦੀ ਕਹਾਣੀ ‘ਬਾਜਾਂ ਵਾਲੇ ਦੀ ਸਹੁੰ’ ਪੜ ਲਿਓ। ਜਿਨ੍ਹਾਂ ਨੂੰ ਪੜ੍ਹਨਾ ਅੌਖਾ ਲੱਗਦੈ, ਉਹ ਸੋਸ਼ਲ ਮੀਡੀਆ ’ਤੇ ਬੀਬੀਆਂ ਦਾ ਗਿੱਧਾ ਸੁਣ ਲਓ, ‘ਸਹੁੰਆਂ ਖਾ ਕੇ ਮੱੁਕਰ ਗਿਐ, ਕੋਈ ਵਸ ਨਹੀਂ ਰਾਜਿਆ ਤੇਰੇ।’ ਤੂੰ ਅੰਕਲ ਸੈਮ ਹੈ, ਤਾਂ ਸਾਡੇ ਕੋਲ ਵੀ ਇੱਕ ਚਾਚੈ, ਭਤੀਜਾ ਕੌਣ ਹੈ, ਏਹ ਤੁਸੀਂ ਬੁੱਝੋ..। ਹੁਣ ਕਿਤੇ ਇਹ ਨਾ ਆਖਿਓ, ਚਾਚਾ ਭਤੀਜਾ ਘਿਓ ਖਿਚੜੀ ਨੇ।



1 comment:

  1. Find it difficult to appreciate your sooo impressive writing. God bless you with more and more courage and wisdom .your writings has always an extraordinary impact on the Reader. Thank you so much

    ReplyDelete