Thursday, June 11, 2020

                        ਸ਼ੌਕ ਨਹੀਂ ਮਜਬੂਰੀ 
  ‘ਮਾਸਟਰ ਜੀ’ ਤਾਂ ਝੋਨਾ ਲਾਉਣ ਗਏ ਨੇ.. 
                          ਚਰਨਜੀਤ ਭੁੱਲਰ
ਚੰਡੀਗੜ੍ਹ : ਮਾਨਸਾ ਜ਼ਿਲ੍ਹੇ ਦੇ ਪਿੰਡ ਬਖ਼ਸ਼ੀ ਵਾਲਾ ਦੇ ਨੌਜਵਾਨ ਦਾ ਖੇਤਾਂ ’ਚ ਝੋਨਾ ਲਾਉਣਾ ਕੋਈ ਸ਼ੌਕ ਨਹੀਂ ਹੈ, ਸਗੋਂ ਮਜਬੂਰੀ ਹੈ। ਇਹ ਨੌਜਵਾਨ ਅੰਮ੍ਰਿਤਪਾਲ ਸਿੰਘ ਮੂੰਹ ਸਿਰ ਲਪੇਟ ਕੇ ਦੋ ਦਿਨਾਂ ਤੋਂ ਝੋਨਾ ਲੁਆਈ ’ਚ ਰੁੱਝਿਆ ਹੋਇਆ ਹੈ। ਪੜ੍ਹੇ ਲਿਖੇ ਨੌਜਵਾਨ ਨੇ ਕਰੋਨਾ ਤੋਂ ਬਚਣ ਲਈ ਅਤੇ ਉਸ ਤੋਂ ਵੱਧ ਟਿੱਚਰਾਂ ਤੋਂ ਬਚਣ ਲਈ ਪਛਾਣ ਲੁਕੋਈ ਹੈ। ਅੰਮ੍ਰਿਤਪਾਲ ਸਿੰਘ ਐਮ.ਏ, ਬੀ.ਐਡ ਅਤੇ ਟੈੱਟ ਪਾਸ ਬੇਰੁਜ਼ਗਾਰ ਨੌਜਵਾਨ ਹੈ। ਸ਼ਰਮ ਦੇ ਡਰੋਂ ਉਹ ਆਪਣੇ ਪਿੰਡ ਦੀ ਥਾਂ ਗੁਆਂਢੀ ਪਿੰਡ ਝੋਨਾ ਲਾਉਣ ਜਾਂਦਾ ਹੈ। ਅੰਮ੍ਰਿਤਪਾਲ ਆਖਦਾ ਹੈ ਕਿ ਜਦੋਂ ਰਾਹਗੀਰ ਉਸ ਨੂੰ ਝੋਨਾ ਲਾਉਂਦੇ ਵੇਖਦੇ ਹਨ ਤਾਂ ਉਸ ਨੂੰ ‘ਮਾਸਟਰ ਜੀ’ ਆਖ ਕੇ ਵਿਅੰਗ ਕਸਦੇ ਸਨ। ਉਸ ਮਗਰੋਂ ਹੀ ਮੂੰਹ ਸਿਰ ਬੰਨ੍ਹਣਾ ਸ਼ੁਰੂ ਕਰ ਦਿੱਤਾ। ਤਾਲਾਬੰਦੀ ਤੋਂ ਪਹਿਲਾਂ ਉਸ ਨੇ ਦੋ ਮਹੀਨੇ ਇੱਟਾਂ ਵਾਲੇ ਭੱਠੇ ’ਤੇ ਕੰਮ ਕੀਤਾ। ਹੁਣ ਪਰਿਵਾਰ ਪਾਲਣ ਲਈ ਝੋਨਾ ਠੇਕੇ ’ਤੇ ਲਾਉਣਾ ਸ਼ੁਰੂ ਕੀਤਾ ਹੈ। ਉਸ ਨੇ ਆਪਣੇ ਪਰਿਵਾਰ ਦੀ ਗੁਰਬਤ ਬਾਰੇ ਦੱਸਿਆ ਅਤੇ ਸਰਕਾਰੀ ਨੌਕਰੀ ਲਈ ਕੀਤੇ ਹੀਲੇ ਵਸੀਲੇ ਦੀ ਗੱਲ ਵੀ ਕੀਤੀ। ਜ਼ਿਲ੍ਹਾ ਪਠਾਨਕੋਟ ਦੇ ਪਿੰਡ ਬਾਰਠ ਸਾਹਿਬ ਦਾ ਨਰਿੰਦਰ ਸਿੰਘ ਵੀ ਇਨ੍ਹਾਂ ਦਿਨਾਂ ਵਿਚ ਠੇਕੇ ’ਤੇ ਝੋਨਾ ਲਾ ਰਿਹਾ ਹੈ। ਪਰਵਾਸੀ ਕਾਮਿਆਂ ਦੀ ਥਾਂ ਉਹ ਇੱੱਕ ਪਿੰਡ ’ਚ ਸਾਥੀਆਂ ਨਾਲ ਮਿਲ ਕੇ ਲੁਆਈ ’ਚ ਰੁੱਝਾ ਹੋਇਆ ਹੈ।
      ਨਰਿੰਦਰ ਦੱਸਦਾ ਹੈ ਕਿ ਜਦੋਂ ਪਿੰਡ ਦੇ ਹੋਰਨਾਂ ਮਜ਼ਦੂਰਾਂ ਨਾਲ ਝੋਨਾ ਲਾਉਂਦਾ ਹੈ ਤਾਂ ਪੂਰਾ ਦਿਨ ਟਿੱਚਰਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਕੋਈ ਆਖਦਾ ਹੈ ‘ ਖਿੱਚੀ ਆ ਮਾਸਟਰਾ’ ਤੇ ਕੋਈ ‘ ਕਿਵੇਂ ਮਾਸਟਰਾ ਆਉਂਦੇ ਪਸੀਨਾ’ ਆਖ ਕੇ ਛੇੜਦੇ ਨੇ। ਸੰਗਰੂਰ ਜ਼ਿਲ੍ਹੇ ਦੇ ਪਿੰਡ ਜਖੇਪਲ ਦਾ ਬਲਜਿੰਦਰ ਸਿੰਘ ਨੇ ਸੁਪਨਾ ਤਾਂ ਅਧਿਆਪਕ ਬਣਨ ਦਾ ਦੇਖਿਆ ਸੀ ਪ੍ਰੰਤੂ ਖੇਤ ਮਜ਼ਦੂਰ ਬਣ ਗਿਆ ਹੈ। ਉਸ ਨੇ ਕੇਂਦਰੀ ਟੈੱਟ ਅਤੇ ਪੰਜਾਬ ਟੈੱਟ ਪਾਸ ਕੀਤਾ ਹੈ। ਪੋਸਟ ਗਰੈਜੂਏਟ ਬਲਜਿੰਦਰ ਸਿੰਘ ਮੂੰਹ ਬੰਨ੍ਹ ਕੇ ਝੋਨਾ ਲਾ ਰਿਹਾ ਹੈ।ਬੇਰੁਜ਼ਗਾਰ ਬਲਜਿੰਦਰ ਸਿੰਘ ਨੇ ਦੱਸਿਆ ਕਿ ਜਦੋਂ ਖੇਤਾਂ ਵਿਚ ਜੁਟਦਾ ਹੈ ਤਾਂ ਪੜ੍ਹੇ ਲਿਖੇ ਤੇ ਅਨਪੜ੍ਹ ਵਿਚਲੇ ਸਭ ਭੇਦ ਮਿਟ ਜਾਂਦੇ ਹਨ। ਉਹ ਆਖਦਾ ਹੈ ਕਿ ਸਾਰਾ ਦਿਨ ਪੜ੍ਹੇ ਲਿਖੇ ਹੋਣ ਬਾਰੇ ਟਿੱਚਰਾਂ ਸੁਣਨੀਆਂ ਪੈਂਦੀਆਂ ਹਨ। ਉਸ ਨੇ 12 ਜਣਿਆ ਦਾ ਗਰੁੱਪ ਬਣਾ ਕੇ ਝੋਨਾ ਲਾਉਣਾ ਸ਼ੁਰੂ ਕੀਤਾ ਹੈ। ਇਵੇਂ ਹੀ ਜਸਵਿੰਦਰ ਸਿੰਘ ਨੂੰ ਸ਼ਰਮਿੰਦਗੀ ਝੱਲਣੀ ਪੈਂਦੀ ਹੈ। ਪਿੰਡ ਸ਼ੇਰਪੁਰ ਦਾ ਇਹ ਨੌਜਵਾਨ ਸਿਰ ਚੜ੍ਹੇ ਕਰਜ਼ ਨੂੰ ਉਤਾਰਨ ਖਾਤਰ ਝੋਨਾ ਲਾ ਰਿਹਾ ਹੈ। ਉਸ ਦੀ ਪੜ੍ਹੀ ਲਿਖੀ ਪਤਨੀ ਵੀ ਬੇਰੁਜ਼ਗਾਰ ਹੈ। ਉਹ ਦੱਸਦਾ ਹੈ ਕਿ ਦੋ ਵਾਰ ਟੈੱਟ ਪਾਸ ਕੀਤਾ ਪ੍ਰੰਤੂ ਸਰਕਾਰਾਂ ਨੇ ਕਦਰ ਨਹੀਂ ਪਾਈ। ਉਹ ਦੱਸਦਾ ਹੈ ਕਿ ਸਕੂਲਾਂ ਦੀ ਥਾਂ ਖੇਤਾਂ ਵਿਚ ਆਉਣਾ ਪੈਂਦਾ ਹੈ। ਉਸ ਨੂੰ ਆਸ ਹੈ ਕਿ ਝੋਨਾ ਲੁਆਈ ਦਾ ਕੰਮ ਐਤਕੀਂ ਮਹੀਨਾ ਭਰ ਚੱਲੇਗਾ।
              ਉਹ ਆਖਦਾ ਹੈ ਕਿ ਭਾਵੇਂ ਕੰਮ ਕੋਈ ਮਾੜਾ ਨਹੀਂ ਹੁੰਦਾ ਪ੍ਰੰਤੂ ਹੀਣ ਭਾਵਨਾ ਮਹਿਸੂਸ ਹੁੰਦੀ ਹੈ। ਦੱਸਣਯੋਗ ਹੈ ਕਿ ਇਨ੍ਹਾਂ ਨੌਜਵਾਨਾਂ ਨੇ ਕਈ ਕਈ ਵਾਰ ਸਰਕਾਰੀ ਨੌਕਰੀ ਲਈ ਅਪਲਾਈ ਕੀਤਾ ਪ੍ਰੰਤੂ ਮਿਹਨਤ ਨੂੰ ਅੱਜ ਤੱਕ ਬੂਰ ਨਹੀਂ ਪਿਆ ਹੈ। ਏਦਾਂ ਦੇ ਸੈਂਕੜੇ ਬੇਰੁਜ਼ਗਾਰ ਨੌਜਵਾਨ ਹਨ ਜਿਨ੍ਹਾਂ ਨੂੰ ਯੋਗਤਾ ਮੁਤਾਬਿਕ ਕੰਮ ਨਹੀਂ ਮਿਲਿਆ ਹੈ। ਬਠਿੰਡਾ ਦਾ ਇੱਕ ਬੇਰੁਜ਼ਗਾਰ ਅਮਰੀਕ ਸਿੰਘ ਦਿਹਾੜੀ ਕਰਨ ਲਈ ਮਜਬੂਰ ਹੈ। ਲੁਧਿਆਣਾ ਜ਼ਿਲ੍ਹੇ ਦਾ ਇੱਕ ਬੇਰੁਜ਼ਗਾਰ ਮਕੈਨਿਕੀ ਦਾ ਕੰਮ ਕਰਨ ਲੱਗਾ ਹੈ। ਪਿੰਡ ਸ਼ੇਰੋ ਦਾ ਮੱਖਣ ਸਿੰਘ ਕਦੇ ਭੱਠੇ ’ਤੇੇ ਕੰਮ ਕਰਦਾ ਹੈ ਅਤੇ ਖੇਤਾਂ ਵਿਚ ਝੋਨਾ ਲਾਉਂਦਾ ਹੈ। ਇਨ੍ਹਾਂ ਨੌਜਵਾਨਾਂ ਨੇ ਸਰਕਾਰ ਵਲੋਂ ਲਾਈ ਸ਼ਰਤ ਨੂੰ ਪੂਰਾ ਕੀਤਾ ਹੈ। ਕਾਂਗਰਸ ਸਰਕਾਰ ਬਣਨ ਸਮੇਂ ਇਨ੍ਹਾਂ ਨੌਜਵਾਨਾਂ ਨੂੰ ਆਸ ਬੱਝੀ ਸੀ ਕਿ ਘਰ ਘਰ ਰੁਜ਼ਗਾਰ ਦਾ ਨਾਅਰਾ ਹਕੀਕਤ ਬਣੇਗਾ। ਜਦੋਂ ਮੌਜੂਦਾ ਸਰਕਾਰ ਨੇ ਵੀ ਬਾਂਹ ਨਾ ਫੜੀ ਤਾਂ ਇਨ੍ਹਾਂ ਨੌਜਵਾਨਾਂ ਨੂੰ ਆਪਣੀਆਂ ਉਮੀਦਾਂ ਦੇ ਦੀਵੇ ਬੁੱਝਦੇ ਨਜ਼ਰ ਆਏ। ਪਰਵਾਸੀ ਕਾਮਿਆਂ ਦੀ ਕਮੀ ਕਰਕੇ ਇਨ੍ਹਾਂ ਪੜ੍ਹੇ ਲਿਖੇ ਬੇਰੁਜ਼ਗਾਰਾਂ ਨੂੰ ਖੇਤਾਂ ਵਿਚ ਕੰਮ ਮਿਲ ਗਿਆ ਹੈ।
                                      ਸਰਕਾਰ ਖੇਤਾਂ ਦਾ ਗੇੜਾ ਮਾਰੇ : ਢਿਲਵਾਂ  
  ਟੈੱਟ ਪਾਸ ਬੇਰੁਜ਼ਗਾਰ ਬੀ.ਐਡ ਯੂਨੀਅਨ ਦੇ ਸੂਬਾ ਪ੍ਰਧਾਨ ਸੁਖਵਿੰਦਰ ਸਿੰਘ ਢਿਲਵਾਂ ਦਾ ਪ੍ਰਤੀਕਰਮ ਸੀ ਕਿ ਭਾਵੇਂ ਕਿਰਤ ਕਰਨਾ ਕੋਈ ਸ਼ਰਮ ਵਾਲੀ ਗੱਲ ਨਹੀਂ ਪ੍ਰੰਤੂ ਸਰਕਾਰਾਂ ਨੇ ਯੋਗਤਾ ਮੁਤਾਬਿਕ ਕਿਰਤ ਕਰਨ ਦਾ ਮੌਕਾ ਜਵਾਨੀ ਤੋਂ ਖੋਹ ਲਿਆ ਹੈ। ਉਨ੍ਹਾਂ ਕਿਹਾ ਕਿ ਜੋ ਨੌਜਵਾਨ ਸਕੂਲਾਂ ਵਿਚ ਹੋਣੇ ਚਾਹੀਦੇ ਸਨ, ਉਹ ਖੇਤਾਂ ਵਿਚ ਪਸੀਨਾ ਵਹਾ ਰਹੇ ਹਨ। ‘ਘਰ ਘਰ ਰੁਜ਼ਗਾਰ’ ਦਾ ਸੱਚ ਵੇਖਣਾ ਹੋਵੇ ਤਾਂ ਸਰਕਾਰ ਹੁਣ ਖੇਤਾਂ ਵਿਚ ਗੇੜਾ ਮਾਰੇ।

3 comments:

  1. ਸੱਚ ਲਿਖਦੇ ਰਹੋਗੇ ਤਾ ਸੱਚ ਪੜਨ ਵਾਲੇ ਜੰਮਣਗੇ।
    ਸਲਾਮ

    ReplyDelete
  2. ਸਮਾਜ ਦਾ‌ ਅਸਲ ਚਿਹਰਾ

    ReplyDelete
  3. ਸੱਚ ਤੋਂ ਜਾਣੂ ਕਰਵਾਉਣ ਵਾਲੀ *ਕਲਮ* ਨੂੰ ਨਤਮਸਤਕ

    ReplyDelete