ਵਿਚਲੀ ਗੱਲ
ਰੋਏ ਅਸੀਂ ਵੀ ਹਾਂ..!
ਚਰਨਜੀਤ ਭੁੱਲਰ
ਚੰਡੀਗੜ੍ਹ : ਪੁੱਤ ਹੱਦਾਂ ’ਤੇ, ਬਾਪ ਵੱਟਾਂ ’ਤੇ। ਕਿੰਨਾ ਕੁ ਚਿਰ ਖੜ੍ਹਨਗੇ। ਪੁੱਤ ਜੰਗਾਂ ’ਚ, ਪਿਓ ਖੇਤਾਂ ’ਚ। ਕਦੋਂ ਤੱਕ ਸ਼ਹੀਦ ਹੋਣਗੇ। ਤਾਬੂਤਾਂ ਦਾ ਆਉਣਾ, ਰੱਸਿਆਂ ਦਾ ਫਾਹਾ। ਆਖ਼ਰ ਕਦੋਂ ਬੰਦ ਹੋਵੇਗਾ। ਮਾਤਮੀ ਧੁਨਾਂ ਦਾ ਵੱਜਣਾ, ਸ਼ਾਹੂਕਾਰਾਂ ਦਾ ਗੱਜਣਾ। ਕੋਈ ਰੋਕ ਸਕੇਗਾ। ਸਰਹੱਦਾਂ ਦਾ ਕਾਰੋਬਾਰ, ਚੁੰਨੀ ਚਿੱਟੀ ਦਾ ਵਪਾਰ। ਕਿੰਨ੍ਹੇ ਕੁ ਪਹਿਰ ਚੱਲੇਗਾ। ਢਿੱਡ ਦੀ ਜੰਗ ਸੰਤੋਖੇ ਜਾਣ ਤੱਕ..! ਉਦੋਂ ਤੱਕ ਵਿਛਦੇ ਰਹਿਣਗੇ, ਨੇਤਾਵਾਂ ਦੇ ਘਰਾਂ ’ਚ ਗਲੀਚੇ, ਕਿਸਾਨੀ ਘਰਾਂ ’ਚ ਸੱਥਰ। ਅਖਾਣ ਝੂਠੇ ਵੀ ਪੈਂਦੇ ਨੇ। ‘ਮਰੇ ਬੰਦੇ ਦਾ ਕੋਈ ਮਿੱਤਰ ਨਹੀਂ ਹੁੰਦਾ।’ ਜਿਉਂਦੇ ਦਾ ਕੌਣ ਐ? ਪਿਓ ਦੀ ਗਹਿਣੇ ਪਈ ਜ਼ਮੀਨ ਛੁੱਟ ਜਾਏ, ਪੁੱਤ ਸਰਹੱਦਾਂ ’ਤੇ ਜਾਂਦੇ ਨੇ। ਕਿਤੇ ਕੋਈ ਹੱਦਾਂ ਵਾਲੀ ਜ਼ਮੀਨ ਨਾ ਨੱਪ ਲਏ। ਪਿੰਡੋਂ ਤੋਰਿਆ ਪੁੱਤ, ਬੁੱਤ ਬਣ ਕੇ ਮੁੜਦੈ। ਮਾਨਸਾ ਦਾ ਪਿੰਡ ਬੀਰੇਵਾਲਾ ਡੋਗਰਾ। ਤਿੰਨਾਂ ’ਚੋਂ ਛੋਟਾ ਗੁਰਤੇਜ ਸਿੰਘ। ਬਾਪ ਸਿਰੋਂ ਕਰਜ਼ ਉਤਰ ਜਾਏ। ‘ਦੇਸ਼ ਭਗਤ’ ਬਣ ਗਿਆ। ਜਦੋਂ ਨਿੱਕਾ ਹੁੰਦਾ ਸੀ। ਬਾਪ ਨੇ ਲਾਡ ’ਚ ਕਿਤੇ ਘੁੱਟ ਦੇਣਾ। ਰੌਲਾ ਪਾ ਦਿੰਦਾ, ਬਾਪੂ ਸਾਹ ਘੁੱਟਦੈ। ਚਾਰੋਂ ਪਾਸਿਓਂ ਬੰਦ ਤਾਬੂਤ ਵੇਖਿਆ। ਬਾਪ ਨੇ ਦੁਹੱਥੜ ਮਾਰੀ, ‘ਓਏ, ਸਾਹ ਕਾਹਤੋਂ ਘੁੱਟ ਦਿੱਤਾ।’ ਭਾਰਤ-ਚੀਨ ਸੀਮਾ ਤੋਂ ਜੋ ਤਾਬੂਤਾਂ ’ਚ ਮੁੜੇ ਨੇ, ਇੱਕ ਤਾਬੂਤ ਗੁਰਤੇਜ ਦੇ ਹਿੱਸੇ ਆਇਐ। ਕਿਤੇ ਜਿਉਂਦਾ ਪਿੰਡ ਮੁੜਦਾ, ਵਿਰਾਸਤ ’ਚ ਪੌਣਾ ਏਕੜ ਜ਼ਮੀਨ ਮਿਲਦੀ। ਜੋ ਸੀਮਾ ’ਤੇ ਫੌਤ ਹੋਏ ਹਨ, ਬਹੁਤੇ ਕਿਸਾਨਾਂ, ਮਜ਼ਦੂਰਾਂ ਦੇ ਜਾਏ ਹਨ।
ਪਿੰਡ ਸੀਲ (ਪਟਿਆਲਾ) ਦਾ ਮਨਦੀਪ ਸਿੰਘ। ਤਿਰੰਗੇ ‘ਚ ਲਿਪਟੀ ਦੇਹ ਪੁੱਜੀ। ਪੂਰਾ ਪਿੰਡ ਭਿੱਜ ਗਿਆ। ਫਰੇਮ ’ਚ ਜੜੇ ਸਿਹਰੇ ਵੱਲ ਵਿਧਵਾ ਗੁਰਦੀਪ ਕੌਰ ਹੁਣ ਕਿਵੇਂ ਵੇਖੂ। ਸਿਹਰਾ ਵੇਖ ਤਿੰਨੋਂ ਭੈਣਾਂ ਦੇ ਕੰਨ ਗੂੰਜੇ ਹੋਣਗੇ, ‘ਸਿਹਰਾ ਬੰਨ੍ਹ ਮੇਰਿਆ ਵੀਰਾ, ਕਲਗੀ ਲਾਵਾਂ ਮੈਂ ਖੜ੍ਹੀ ਵੇ ਖੜ੍ਹੀ।’ ‘ਅਮਰ ਰਹੇ’ ਦੇ ਨਾਅਰੇ ਗੂੰਜੇ, ਭੈਣਾਂ ਦੀ ਸੋਚਾਂ ਦੀ ਲੜੀ ਟੁੱਟੀ। ਸਿਵਾ ਲਟ ਲਟ ਬਲਿਆ। ਤੋਲਾਵਾਲ (ਸੰਗਰੂਰ) ਦਾ ਗੁਰਵਿੰਦਰ ਸਿੰਘ। ਮੰਗੇਤਰ ਦੇ ਸਿਰ ਦਾ ਸਾਈਂ ਨਾ ਬਣ ਸਕਿਆ। ਜਿਨ੍ਹਾਂ ਮੋਢਿਆਂ ’ਤੇ ਬਾਪ ਨੇ ਕਬੀਲਦਾਰੀ ਚੁੱਕੀ, ਉਨ੍ਹਾਂ ਮੋਢਿਆਂ ’ਤੇ ਅੱਜ ਪੁੱਤ ਦੀ ਅਰਥੀ ਸੀ। ਚਾਰ ਏਕੜ ਪੈਲੀ ਵਾਲੇ ਬਾਪ ਨੂੰ ਖੇਤਾਂ ’ਚੋਂ ਪੁੱਤ ਦਾ ਝਾਉਲਾ ਪਏਗਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੁਰਬਾਨੀ ’ਤੇ ਨਾਜ਼ ਕੀਤਾ। ਦੋ ਮਿੰਟ ਦਾ ਮੌਨ ਧਾਰਿਆ। ਮਾਂ, ਪੁੱਤ ਬਿਨਾਂ ਇੱਕ ਮਿੰਟ ਕਿਵੇਂ ਕੱਢੂ। ਕਿਵੇਂ ਆਠਰਨਗੇ ਏਹ ਜ਼ਖ਼ਮ। ਭੋਜਪੁਰ (ਗੁਰਦਾਸਪੁਰ) ਦਾ ਬਜ਼ੁਰਗ ਬਾਪ ਜਾਗੀਰ ਸਿੰਘ। ਆਖਣ ਲੱਗਾ, ਕੁੜੀਓ ਤੁਸੀਂ ਦਿਓ ਮੋਢਾ। ਪੁੱਤ ਸਤਨਾਮ ਦੀ ਅਰਥੀ ਹੁਣ ਚੁੱਕ ਨਹੀਂ ਹੋਣੀ। ਮਾਂ, ਪਤਨੀ ਤੇ ਬੇਟੀ ਨੇ ਮੋਢਾ ਦਿੱਤਾ। ਅਗਨੀ ਬੇਟੇ ਪ੍ਰਭਜੋਤ ਨੇ ਦਿਖਾਈ। ਸਤਨਾਮ ਦੇ ਦੋਸਤਾਂ ਦੇ ਗਚ ਭਰੇ। ਸਾਲ ਪਹਿਲਾਂ ਪੁਲਵਾਮਾ ਨੇ ਸੁਹਾਗ ਉਜਾੜੇ। ਬਾਬਾ ਫ਼ਰੀਦ ਪਤਾ ਨਹੀਂ ਕਿਹੜੇ ਹਰਨੀਂ ਚੜ੍ਹੇ ਨੇ। ਟੱਕਰੇ ਤਾਂ ਸਹੀ, ਪਹਿਲਾਂ ਕੋਠੇ ’ਤੇ ਚੜ੍ਹਾਵਾਂ। ਉਪਰੋਂ ਝਾਤ ਪੁਆਵਾਂ, ਅੌਹ ਦੇਖ ਬਾਬਾ, ਸ਼ਹਾਦਤਾਂ ਦੀ ਅੱਗ, ’ਕੱਲੇ ਮਹਾਤੜਾਂ ਦੇ ਘਰਾਂ ’ਚ ਕਿਉਂ ਧੁਖਦੀ ਐ। ਡਾਢਾ ਵਕਤ ਪੁੱਛ ਕੇ ਨਹੀਂ ਆਉਂਦਾ।
ਸਿਆਣੇ ਆਖਦੇ ਨੇ, ਬਿਮਾਰ ਤਾਂ ਸੌ ਜਾਂਦੈ, ਕਰਜ਼ਾਈ ਨੂੰ ਨੀਂਦ ਕਿਥੇ। ਚੈਨ ਦੀ ਨੀਂਦ ਲਈ ਪੁੱਤ ਗਲਵਾਨ ਘਾਟੀ ਭੇਜੇ। ਜ਼ਿੰਦਗੀ ਦਾ ਤਖਤ ਹਜ਼ਾਰਾ ਹੀ ਲੁਟਾ ਬੈਠੇ।ਅਚਾਰੀਆ ਰਜਨੀਸ਼ ਚੌਕੰਨਾ ਕਰਦੇ ਨੇ। ‘ਜਿੰਨਾ ਸਮਾਂ ਘੂਕ ਸੁੱਤੇ ਰਹੋਗੇ, ਲੁੱਟੇ ਜਾਊਂਗੇ।’ ਧਨੀ ਰਾਮ ਚਾਤ੍ਰਿਕ ਨੇ ਹਲੂਣਾ ਦਿੱਤੈ। ‘ਬੰਦ ਨੇ ਅਮਨ ਦੇ ਰਾਹ, ਰੁਕ ਗਏ ਨੇ ਸਭ ਦੇ ਸਾਹ, ਹੋ ਗਿਆ ਵੀਰਾਨ ਬਾਗ, ਜਾਗ ਮੇਰੇ ਲਾਲ! ਜਾਗ।’ ਸਰੀਰਕ ਤੌਰ ’ਤੇ ਮਰਨਾ ਮੌਤ ਨਹੀਂ ਹੁੰਦਾ। ਜਿਉਣ ਜੋਗ ਹਾਲਾਤ ਦਾ ਨਾ ਰਹਿਣਾ। ਜਵਾਨੀ ਅੰਦਰੋਂ ਚੰਗਿਆੜੀ ਨਾ ਉੱਠੇ। ਫੇਰ ਬਾਗ ਉਜੜਦੇ ਨੇ। ਗਾਲ੍ਹੜ ਪਟਵਾਰੀ ਤਾੜੀ ਮਾਰ ਹੱਸਦੇ ਨੇ। ਯੂਨਾਨੀ ਲੋਕ ਇੰਜ ਦੱਸਦੇ ਨੇ, ‘ਚੰਗੇ ਮਲਾਹ ਦੀ ਪਛਾਣ ਤੂਫਾਨ ਆਏ ਤੋਂ ਹੁੰਦੀ ਹੈ।’ ਫਿਰ ਵੀ ਸਾਥੋਂ ਤਾਬੂਤ ਨਹੀਂ ਆ ਰਹੇ ਸੂਤ। ਮੋਦੀ ਗੜ੍ਹਕੇ ਨੇ ‘ਕੋਈ ਸਾਡੀ ਇੱਕ ਸੂਤ ਜ਼ਮੀਨ ਵੱਲ ਵੀ ਅੱਖ ਚੁੱਕ ਕੇ ਤਾਂ ਵੇਖੇ।’ ਖੈਰ, ਪੰਜਾਬੀ ਹਮੇਸ਼ਾਂ ਸੂਤ ਆਏ ਨੇ। 1962 ਦੀ ਜੰਗ ਵੇਲੇ, ਪੰਜਾਬ ਨੇ 5.26 ਕਰੋੜ ‘ਰੱਖਿਆ ਫੰਡ’ ’ਚ ਭੇਜੇ ਸਨ। ਹੁਣ ਕਰੋਨਾ ਖ਼ਿਲਾਫ਼ ਜੰਗ ਵਿੱਢੀ ਹੈ। ਕੋਈ ਬਿਮਾਰੀ ਨਾਲ ਮਰ ਰਿਹੈ। ਕੋਈ ਭੁੱਖ ਨਾਲ ਤੇ ਕੋਈ ਗੋਲੀ ਨਾਲ। ਬਾਕੀ ਗੁਰਮੀਤ ਕੜਿਆਲਵੀ ਤੋਂ ਸੁਣ ਲਓ। ‘ਅਸੀਂ ਜੰਗ ਚਾਹੁੰਦੇ ਹਾਂ, ਉਸ ਵਿਵਸਥਾ ਖ਼ਿਲਾਫ਼, ਜੋ ਸਾਨੂੰ ਭੁੱਖ ਨਾਲ ਵਿਲਕਦਿਆਂ ਵੇਖ ਆਖਦੀ ਹੈ, ਵਰਤ ਰੱਖਣਾ ਸਿਹਤ ਲਈ ਅੱਛਾ ਹੁੰਦਾ ਹੈ।’ ਅੱਜ ਕੌਮਾਂਤਰੀ ਯੋਗ ਦਿਵਸ ਹੈ। ਅੱਗੇ ਆਖਦੈ, ‘ਭੁੱਖੇ ਪੇਟ ਕਪਾਲ ਭਾਤੀ ਕਰੋ, ਰੋਗ ਭਜਾਓ।’ ਚਨਾਰਥਲ ਕਲਾਂ (ਪਟਿਆਲਾ) ਦੀ ਬਜ਼ੁਰਗ ਮਾਈ ਕਿਥੇ ਭੱਜਦੀ। ਦੁੱਖਾਂ ਨੇ ਨਾਗਵਲ ਪਾ ਲਿਆ।
ਆੜ੍ਹਤੀਆਂ ਨੇ ਠੱਗੀ ਮਾਰੀ। ਵੱਡਾ ਲੜਕਾ ਪਹਿਲਾਂ ਖੁਦਕੁਸ਼ੀ ਕਰ ਗਿਆ। ਪੁੱਤ ਵਾਲੇ ਰਾਹ ਪਿਓ ਵੀ ਤੁਰ ਗਿਆ। ਛੋਟਾ ਪੁੱਤ ਵੀ ਪਿਛੇ ਨਾ ਰਿਹਾ। ਨੂੰਹ ਪੇਕੇ ਚਲੀ ਗਈ। ਨਾ ਪਤੀ ਬਚਿਆ, ਨਾ ਪੁੱਤ ਬਚੇ, ਨਾ ਵਾਰਸ ਬਚੇ ਤੇ ਨਾ ਹੀ ਜ਼ਮੀਨ। ਜੋ ਕਿਵੇਂ ਨਾ ਕਿਵੇਂ ਬਚੇ ਨੇ, ਉਨ੍ਹਾਂ ਖ਼ਿਲਾਫ਼ ਦਿੱਲੀ ਦੇ ਨਿਸ਼ਾਨਚੀ ਨਿੱਤਰੇ ਨੇ। ਹਕੂਮਤ ਬੜੀ ਚੀੜ੍ਹੀ ਹੈ। ਨਵੇਂ ਆਰਡੀਨੈਂਸ ਕੱਢ ਮਾਰੇ ਨੇ। ਕੋਵਿਡ ਮੇਲਦਾ ਫਿਰਦੈ। ਲੋਕ ਘਰਾਂ ’ਚ ਤੁੰਨੇ ਨੇ। ਜ਼ਿੰਦਗੀ ਦਾ ਕੋਈ ਸਰਬਾਲਾ ਨਹੀਂ। ਕੀਹਦੀ ਮਾਂ ਨੂੰ ਮਾਸੀ ਕਹੀਏ। ਕਿਸਾਨ ਝੋਨੇ ’ਚ ਉਲਝੇ ਨੇ। ਚੋਰੀ ਛਿਪੇ ਕੇਂਦਰ ਨੇ ਕੱਦੂ ਕਰਤਾ।ਬੋਹਲ਼ਾਂ ਦਾ ਕੋਈ ਬੇਲੀ ਨਹੀਂ ਬਚਣਾ। ਕਿਸਾਨੀ ਨੂੰ ਅੰਦਾਜ਼ੇ ਕਿਥੇ। ਜਿਣਸਾਂ ਨਾ ਵਿਕੀਆਂ ਤਾਂ ਫਿਰ ਖੇਤ ਵਿਕਣਗੇ। ਬੋਲੀ ਦੇਣਗੇ ਅੰਬਾਨੀ ’ਤੇ ਅਡਾਨੀ, ਉਨ੍ਹਾਂ ਦੇ ਚਾਚੇ ਤਾਏ ਦੇ ਮੁੰਡੇ। ਸਰਹੱਦਾਂ ਦੇ ਰਾਖੇ, ਆਪਣੇ ਖੇਤ ਕਿਵੇਂ ਬਚਾਉਣਗੇ। ਛੱਜੂ ਰਾਮ ਹਾਜ਼ਰ ਹੋਇਐ, ਬਿਨਾਂ ਮੰਗੀ ਸਲਾਹ ਲਓ, ‘ਜਿੰਨਾ ਚਿਰ ਤੋਪਾ ਨਹੀਂ ਭਰਦੇ, ਹਕੂਮਤੀ ਤੋਪਾਂ ਦੇ ਮੂੰਹ ਨਹੀਂ ਮੁੜਨੇ।’ ਹਾਕਮਾਂ ਨੂੰ ਕਰੋਨਾ ਰਾਸ ਆਇਐ। 13 ਦਿਨਾਂ ’ਚ ਡੀਜ਼ਲ 7.56 ਰੁਪਏ ਲਿਟਰ ਵਧਿਐ। ਆਓ, ਭੂਤਕਾਲ ਦੇ ਘਰ ਚੱਲੀਏ। ਚੇਤੇ ਕਰੋ, ਕਦੇ ਤੇਲ ਦਾ ਤੋੜਾ ਬੇਹਿਸਾਬਾ ਸੀ। ਨਿਆਮੀਵਾਲੇ ਦਾ ਸ਼ਾਮ ਸਿੰਘ ਸਿਕੰਦਰ ਮੇਲਿਆਂ ’ਚ ਚਿੱਠੇ ਵੇਚਦਾ। ਨਾਲੇ ਹੋਕਾ ਲਾਉਂਦਾ, ‘ਟਰੈਕਟਰ ਖ਼ਰੀਦੇ ਸੀ ਜ਼ਮੀਨਾਂ ਧਰਕੇ, ਮਿਲਿਆ ਨਾ ਤੇਲ ਬਹਿਗੇ ਚੁੱਪ ਕਰਕੇ।’ ਸੜਕਾਂ ’ਤੇ ਨਾਅਰੇ ਗੂੰਜਦੇ, ‘ਇੰਦਰਾ ਤੇਰੀ ਸੜਕ ’ਤੇ, ਖਾਲੀ ਢੋਲ ਖੜਕਦੇ।’ ਗੰਗਾ ਵਾਲਾ ਗੁਰਦਰਸ਼ਨ ਦੱਸਦੈ। ਜਦੋਂ ਜੁਲਾਈ 1996 ’ਚ ਤੇਲ 7 ਰੁਪਏ ਵਧਿਆ। ਮੁਲਕ ’ਚ ਚੱਕਾ ਜਾਮ ਹੋਇਆ, ਸਰਕਾਰ ਨੂੰ ਝੁਕਣਾ ਪਿਆ।
ਤੀਹ ਵਰ੍ਹੇ ਪਹਿਲਾਂ ਤੇਲ ਦਾ ਡਰੰਮ 700 ਰੁਪਏ ’ਚ ਭਰਦਾ ਸੀ। ਅੱਜ 14,360 ’ਚ ਡਰੰਮ ਭਰਦੈ। ਕਿਸਾਨੀ ਨੇ ਪਹਿਲਾਂ ਮੁਲਕ ਦਾ ਢਿੱਡ ਭਰਿਆ। ਅੰਨ ਦੇ ਭੰਡਾਰੇ ਭਰਪੂਰ ਕੀਤੇ। ਪੰਜਾਬੀ ਹੁਣ ਚੂੰ ਨਹੀਂ ਕਰਦੇ। ਸਿਆਣੇ ਲੋਕ ਕਲਪਦੇ ਮਰ ਗਏ। ਬੇਸਮਝੋ ਇੱਕ ਹੋ ਜਾਓ। 1981 ਵਿਚ ਬੱਝਵੀਂ ਕਿਸਾਨ ਧਿਰ ਨਹੀਂ ਸੀ। ਉਨ੍ਹਾਂ ਦਿਨਾਂ ਦੀ ਗੱਲ ਹੈ। ਦੇਸ਼ ਭਰ ਦੇ ਭਿਖਾਰੀ ਲਾਮਬੰਦ ਹੋਏ। ਜਥੇਬੰਦੀ ਬਣਾਈ ਤੇ ਦਿੱਲੀ ’ਚ ਭਿਖਾਰੀਆਂ ਨੇ ਵੱਡਾ ਇਕੱਠ ਕੀਤਾ। ‘ਦੁੱਕੀ ਤਿੱਕੀ ਚੁੱਕ ਦਿਆਂਗੇ, ਧੌਣ ਤੇ ਗੋਡਾ ਰੱਖ ਦਿਆਂਗੇ।’ ਖੈਰ, ਭਿਖਾਰੀ ਦਾ ਕੌਣ ਦੀਵਾਲ਼ਾ ਕੱਢ ਸਕਦੈ। ਹਾਕਮਵਾਲੇ (ਬੋਹਾ) ਦਾ ਹਰਦੇਵ ਕਿਸਾਨਾਂ ਦੇ ਟਕੋਰਾਂ ਮਾਰਦਾ, ‘ਥੋਡੇ ਨਾਲੋਂ ਤਾਂ ਭਿਖਾਰੀ ਚੰਗੇ ਨੇ।’ ਅੱਜ ਮੁੱਦੇ ਏਕ, ਕਿਸਾਨ ਧਿਰਾਂ ਅਨੇਕ ਨੇ। ਏਕਾ ਕਿਧਰੇ ਨਹੀਂ ਰੜਕਦਾ। ਤਾਹੀਂ ਅਮਰਿੰਦਰ ਤੋਂ ਚਾਅ ਨਹੀਂ ਚੁੱਕਿਆ ਜਾ ਰਿਹੈ। ਜਨਾਬ ਮੋਦੀ ਤਾਂ ਥੋਡੀ ਰਗ ਰਗ ਤੋਂ ਜਾਣੂ ਨੇ। ਅਖੇ ਯੁੱਗ ਕਰੋਨਾ ਦਾ ਐ, ਨਾਅਰੇ ਮਾਰ ਕੇ ਦਿਖਾਓ।ਅੱਜ ਕੌਮਾਂਤਰੀ ਫਾਦਰਜ਼ ਡੇਅ ਵੀ ਹੈ। ਸੱਚੀ ਸ਼ਰਧਾ ਤਾਂ ਟਹਿਲ ਸਿਓਂ ਨੇ ਭੇਟ ਕੀਤੀ ਸੀ। ਡਸਕਾ (ਸੰਗਰੂਰ) ਦਾ ਨਾਇਕ ਗੁਰਬਚਨ ਸਿੰਘ ਸ਼ਹੀਦ ਹੋਇਆ। ਸੈਨਾ ਮੈਡਲ ਦਿੱਤਾ ਗਿਆ। ਪਿਓ ਦਾ ਬੁੱਤ ਲਾਉਣ ਲਈ, ਮੁੰਡੇ ਨੇ ਦਿਹਾੜੀਆਂ ਕੀਤੀਆਂ। ਕਾਰਗਿਲ ਜੰਗ ਦੇ ਪਹਿਲੇ ਸ਼ਹੀਦ ਅਜੈ ਆਹੂਜਾ ਦਾ ਬਠਿੰਡਾ ’ਚ ਅੱਜ ਤੱਕ ਬੁੱਤ ਨਹੀਂ ਲੱਗਾ। ਕਾਸ਼! ਬੁੱਤ ਬੋਲਦੇ ਹੁੰਦੇ। ਹਾਕਮਾਂ ਨੂੰ ਅੌਕਾਤ ਦੱਸਦੇ। ਲੋਕਾਂ ਨੂੰ ਵੀ ਹਲੂਣਦੇ। ਅਖੀਰ ’ਚ ਉਸਤਾਦ ਦਾਮਨ ਜੀ,‘ਜਾਗਣ ਵਾਲਿਆਂ ਰੱਜ ਕੇ ਲੁੱਟਿਆ ਏ, ਸੋਏ ਤੁਸੀਂ ਵੀ ਓ, ਸੋਏ ਅਸੀਂ ਵੀ ਆਂ।’

ਸੱਚ ਦੀ ਬਿਆਨੀ ਬਾਖੂਬੀ ਕੀਤੀ ਏ ਜੀ। ਵਾਹਿਗੁਰੂ ਤੁਹਾਡੀ ਕਲਮ ਨੂੰ ਏਨੀ ਸਮਰੱਥਾ ਬਖਸ਼ੇ ਕਿ ਇਕ ਦਿਨ ਸਾਰੇ ਕਿਰਤੀ ਏਕਤਾ ਦੀ ਲੜੀ ਵਿੱਚ ਪਰੋਏ ਜਾਣ ਅਤੇ ਆਪਣੇ ਹੱਕਾਂ ਲਈ ਸਮੇਂ ਦੀਆਂ ਸਰਕਾਰਾਂ ਦੇ ਖਿਲਾਫ ਲੜਨਾ ਸਿੱਖ ਲੈਣ ਤੇ ਕਿਰਤੀ ਲੁੱਟ-ਖਸੁੱਟ ਦਾ ਅੰਤ ਹੋ ਜਾਵੇ।
ReplyDeleteਕਿਸਾਨ ਯੂਨੀਅਨਾਂ ਕਿਨੀਆਂ ਹਨ? ਇਹਨਾਂ ਨੂੰ ਇਕੱਠਾ ਕਿਸ ਤਰ੍ਹਾਂ ਕੀਤਾ ਜਾ ਸਕਦਾ ? ਇਸ ਬਾਰੇ ਲਿਖੋ ਕੁਝ। ਆਰਗੇਨਾਈਜੇਸ਼ਨ ਕੀਤਾ ਜਾਵੇ ਖੇਤੀ ਦਾ। ਜੱਟਾਂ ਨੂੰ ਇਸ ਬਾਰੇ ਜਾਗਰੂਪ ਕਰੋ। ਇਹ ਕਿਸਾਨੀ ਦੇ ਹੱਕ ਅਤੇ ਕਾਰਪੋਰੇਟ ਵਿਰੋਧੀ ਹੈ
ReplyDelete