Showing posts with label Chal so chal. Show all posts
Showing posts with label Chal so chal. Show all posts

Monday, June 16, 2025

                                       ਅਸਾਂ ਨੂੰ ਸਹੁੰ ਲੱਗੇ...!
                                                       ਚਰਨਜੀਤ ਭੁੱਲਰ 

ਚੰਡੀਗੜ੍ਹ : ਵੈਲ ਤਾਂ ਚਾਹ ਦਾ ਵੀ ਮਾੜੈ। ਦੌਲਤ ਦਾ ਨਸ਼ਾ ਤੌਬਾ ਕਰਵਾ ਦਿੰਦੈ। ਸੱਤਾ ਦਾ ਨਸ਼ਾ ਕਿਸੇ ਪਾਸੇ ਦਾ ਨੀ ਛੱਡਦਾ। ਇਸ਼ਕੇ ਦਾ ਨਸ਼ਾ ‘ਦੇਵਦਾਸ’ ਬਣਾ ਦਿੰਦੈ। ਅਕਲ ਦਾ ਨਸ਼ਾ ਸਿਰ ਚੜ੍ਹ ਜਾਏ, ਬੰਦਾ ਖਾਂਸੀ ਤੱਕ ਦੀ ਪ੍ਰਵਾਹ ਨੀ ਕਰਦਾ। ਏਦਾਂ ਦੇ ਸੱਜਣਾਂ ਨੂੰ ਕੁਤਬ ਮੀਨਾਰ ਤੱਕ ਨੀ ਦੀਂਹਦੀ, ਪੰਜਾਬ ਦੀ ਕੰਧ ’ਤੇ ਲਿਖਿਆ, ਭਲਾ ਉਹ ਕਿਥੋਂ ਪੜ੍ਹਨਗੇ। ਸਰਦਾਰ ਪੰਛੀ ਸੱਚ ਆਖਦੈ, ‘ਜੋ ਭੀ ਨਸ਼ੇ ਮੇ ਚੂਰ ਹੋਤਾ ਹੈ, ਰੂਹ ਆਪਣੀ ਸੇ ਦੂਰ ਹੋਤਾ ਹੈ।’ ਪੰਜਾਬ ’ਚੋਂ ਗੂੰਜ ਪਈ, ਆਹ ਚੁੱਕੋ ਬਰੈਂਡ ਨਿਊ ਗਾਰੰਟੀ, ‘ਪੂਰੀ ਪੰਜਾਬ ਕੈਬਨਿਟ ਸੋਫ਼ੀ ਹੈ, ਮਜ਼ਾਲ ਐ ਕੋਈ ਦਾਰੂ ਨੂੰ ਹੱਥ ਲਾ’ਜੇ ।’

        ਸਰਦੂਲ ਸਿਕੰਦਰ ਕੰਨ ’ਤੇ ਹੱਥ ਰੱਖ ਹੇਕ ਲਾ ਰਿਹੈ, ‘ਜੇ ਉਂਜ ਗਿਰਦੀ ਤਾਂ ਚੁੱਕ ਲੈਂਦੇ, ਨਜ਼ਰਾਂ ਚੋਂ ਗਿਰ ਗਈ, ਕੀ ਕਰੀਏ..। ਉਹ ਵੇਲੇ ਭਲੇ ਸਨ, ਜਦ ਬੰਦੇ ਨੇਕ ਸਨ, ਵਚਨਾਂ ’ਤੇ ਉਮਰਾਂ ਪੁਗਾ ਜਾਂਦੇ। ‘ਜਾਨ ਜਾਏ ਪਰ ਵਚਨ ਨਾ ਜਾਏ’। ਮਾਮਲਾ ਚੋਰੀ ਦਾ ਹੁੰਦਾ ਜਾਂ ਕੋਈ ਘਰਾਂ ਦਾ ਰੌਲਾ ਰੱਪਾ। ਕੋਈ ਪਿੱਪਲ ਦਾ ਪੱਤਾ ਤੋੜ ਸਹੁੰ ਖਾਂਦਾ, ਕੋਈ ਗਊ ਦੀ ਪੂਛ ਫੜ੍ਹ। ਪਾਣੀ ਸਿਰੋਂ ਲੰਘ ਜਾਂਦਾ ਤਾਂ ਗੁਰੂ ਘਰ ਵੱਲ ਹੱਥ ਕਰਾਏ ਜਾਂਦੇ। ਗੱਲ ਸਹੁੰ ਨਾਲ ਨਿੱਬੜ ਜਾਂਦੀ। ਸੱਚ ਜਾਣਿਓਂ, ਸਹੁੰ ਦੀ ਪਿਉਂਦ ਤਾਂ ਵੈਦਿਕ ਕਾਲ ਤੋਂ ਚੜ੍ਹੀ ਹੋਈ ਹੈ।

        ਸ਼ਰਾਬੀ ਬੰਦਾ, ਸਭ ਤੋਂ ਵੱਧ ਕੁੱਤੇ-ਖਾਣੀ ਸਹੁੰ ਨਾਲ ਕਰਦੈ। ਸਪੀਕਰਾਂ ’ਚ ਗਾਣਾ ਵੱਜਦਾ ਹੁੰਦਾ ਸੀ, ‘ਕਦੇ ਬੰਦੇ ਦੀ ਮਾਣਕਾ ਆਦਤ ਨਾ ਜਾਵੇ।’ ਫੈਮਿਲੀ ਪਲੈਨਿੰਗ ਦੇ ਯੁੱਗ ’ਚ ਨੇਤਾ ਚਾਹੇ ਪੰਜ ਪੰਜ ਵਾਰ ਮੁੱਖ ਮੰਤਰੀ ਸਜ ਜਾਣ, ਸੱਤਾ ਦਾ ਲੋਭ ਘਟਦਾ ਨਹੀਂ। ਲੋਭ ਖ਼ਾਤਰ ਤਾਂ ਅਮਰਿੰਦਰ ਨੇ ਹੱਥ ’ਚ ਗੁਟਕਾ ਸਾਹਿਬ ਫੜ ਸਹੁੰ ਖਾ ਲਈ ਸੀ। ਸੱਤਾ ਦਾ ਪਟਿਆਲਾ ਪੈੱਗ ਲਾ ਮਹਾਰਾਜਾ ਪੌਣੇ ਪੰਜ ਸਾਲ ਗਲਾਸੀਕਲ ਗਾਣ ’ਚ ਡੁੱਬੇ ਰਹੇ। ਮਗਰੋਂ ਬੀਬੀਆਂ ਗਾਉਣੋਂ ਨਾ ਹਟਣ, ‘ਵੱਸ ਨੀ ਰਾਜਿਆ ਤੇਰੇ, ਸਹੁੰਆਂ ਖਾ ਕੇ ਮੁੱਕਰ ਗਿਆ।’

        ਸੱਤਾ ਦਾ ਨਸ਼ਾ ਅਫ਼ੀਮ ਤੋਂ ਭੈੜਾ। ਤਾਹੀਂ ਚੋਣਾਂ ’ਚ ਸਭ ਜਾਇਜ਼ ਹੁੰਦੈ। ਨੇਤਾ ਜੀ ਨੇ ਅਮਲੀ ਅੱਗੇ ਝੁਕਦਿਆਂ ਹੱਥ ਜੋੜੇ, ਬਾਬਿਓ! ਵੋਟ ਜ਼ਰੂਰ ਪਾਇਓ। ਬਿਨਾਂ ਅੱਖ ਖੋਲ੍ਹੇ ਅਮਲੀ ਨੇ ਬੁੱਲ੍ਹ ਹਿਲਾਏ, ‘ਪਹਿਲਾਂ ਵੋਟ ਪਾਉਣ ਜੋਗਾ ਕਰ ਤਾਂ ਦਿਓ।’ ਕੁਰਸੀ ’ਤੇ ਸਜਣ ਮਗਰੋਂ ਹਰ ਨੇਤਾ ਆਖਦੈ, ‘ਸੁੱਖ ਦੇਣੀ ਨੀ, ਖਜੂਰ ’ਤੇ ਚੜ੍ਹਨਾ ਨੀ’, ਪੰਜਾਬ ਜ਼ਰੂਰ ਟਿੰਡੀਂ ਦੇ ਬੀਅ ’ਤੇ ਚੜਿਆ। ਇੱਕ ਲੰਮ ਸਲੰਮਾ ਗੱਭਰੂ ਸ਼ਹੀਦੇ ਆਜ਼ਮ ਭਗਤ ਸਿੰਘ ਦੇ ਪਿੰਡ ਦੀ ਮਿੱਟੀ ਸਹੁੰ ਖਾ ਆਇਆ ਸੀ। ਯੋਗਰਾਜ ਦਾ ਡਾਇਲਾਗ ਹੈ, ‘ਤਾਕਤ ਤੇ ਸਿਆਸਤ ਦਾ ਨਸ਼ਾ ਅਫ਼ੀਮ ਵਰਗਾ ਹੁੰਦਾ ਹੈ।’

        ‘ਇਨਕਲਾਬ’ ਅਤੇ ‘ਬਦਲਾਅ’ ਦੋਵੇਂ ਜੌੜੇ ਭਰਾ ਨੇ, ਜਿਹੜੇ ਬੋਹੜ ਥੱਲੇ ਵਰਿ੍ਹਆਂ ਤੋਂ ਘੂਕ ਸੁੱਤੇ ਪਏ ਨੇ, ਜਦੋਂ ਚੋਣਾਂ ਆਉਂਦੀਆਂ ਹਨ, ਨੇਤਾ ਲੋਕ ਇਨ੍ਹਾਂ ਨੂੰ ਹੁੱਝਾਂ ਮਾਰਨੋਂ ਨੀ ਹਟਦੇ। ਜਿਵੇਂ ਬੇਬੀ ਨੂੰ ਬੇਸ ਪਸੰਦ ਐ, ਉਵੇਂ ਦਿੱਲੀ ਆਲੇ ਸੱਜਣਾਂ ਨੂੰ ਪੰਜਾਬ ਪਸੰਦ ਐ। ਮੰਤਰੀ ਜਣ ਭੋਲੂ ਪ੍ਰਸ਼ਾਦ ਬਣੇ ਨੇ, ਜਿਨ੍ਹਾਂ ਪੱਲੇ ਇਕੱਲੀ ਝੰਡੀ ਵਾਲੀ ਕਾਰ ਐ ਜਾਂ ਦੋ ਚਾਰ ਕਿੱਲੋ ਬਦਨਾਮੀ ਦੀਆਂ ਮੀਂਗਣਾਂ। ਵਿਧਾਤਾ ਸਿੰਘ ਤੀਰ ਸੱਚ ਸੁਣਾ ਰਿਹੈ, ‘ਮੈਂ ਗੂੰਗਾ, ਮੇਰੀ ਦੁਨੀਆ ਗੂੰਗੀ, ਤਾਹੀਓਂ ਗਾਏ ਗੂੰਗੇ ਗੀਤ।’ ਵਜ਼ੀਰਾਂ ਦੀ ਦੁਖਦੀ ਰਗ ’ਤੇ ਹੱਥ ਰੱਖੋਗੇ, ਅੱਗਿਓ ਮਰਫੀ ਦੇ ਰੇਡੀਓ ਵਾਂਗੂ ਟੁਣਕਦੇ ਨੇ, ‘ਦੁੱਖ ਬੋਲ ਕੇ ਜੇ ਦੱਸਿਆ ਤਾਂ ਕੀ ਦੱਸਿਆ..।’

         ਵੈਸੇ ਵਜ਼ੀਰਾਂ ਦੀ ਦਾਦ ਦੇਣੀ ਬਣਦੀ ਹੈ। ਏਨੇ ਸਾਊ ਪੁੱਤ ਕਿਤੇ ਲੱਭਦੇ ਨੇ। ਮੰਤਰੀ ਜਣ ਧੁੱਪਾਂ ’ਚ ਕਬਾੜੀਆਂ ਵਾਂਗੂ ਪਿੰਡੋਂ ਪਿੰਡ ਘੁੰਮਦੇ ਪਏ ਨੇ, ਸਹੁੰਆਂ ਚੁਕਾ ਰਹੇ ਨੇ। ‘ਜਿਹੜੇ ਸੱਚ ਦੀ ਸਲੀਬ ਚੁੱਕਦੇ ਨੇ, ਉਨ੍ਹਾਂ ਨੂੰ ਸਹੁੰ ਚੁੱਕਣ ਦੀ ਲੋੜ ਨਹੀਂਓ ਰਹਿੰਦੀ।’ ਇੱਕ ਪਿੰਡ ਦਾ ਕਿੱਸਾ ਅਰਜ਼ ਹੈ। ਮੰਤਰੀ ਜੀ ਜਦ ਰਾਤ ਦੇ ਸੱਤ ਵਜੇ ਤੱਕ ਸਹੁੰ ਚੁਕਾਉਣ ਲਈ ਤਸ਼ਰੀਫ਼ ਨਾ ਲਿਆਏ ਤਾਂ ਪਿੰਡ ਦੇ ਅੱਕੇ ਹੋਏ ਸਰਪੰਚ ਨੇ ਮੰਤਰੀ ਨੂੰ ਫ਼ੋਨ ਖੜਕਾ ਦਿੱਤਾ, ਜਨਾਬ! ਆਉਣਾ ਹੈ ਤਾਂ ਦਸ ਮਿੰਟ ’ਚ  ਆਜੋ, ਨਹੀਂ ਫਿਰ ਇੱਥੇ ਕੋਈ ਸਹੁੰ ਚੁੱਕਣ ਜੋਗਾ ਨੀ ਰਹਿਣਾ। ਗੱਲ ਸੌ ਫ਼ੀਸਦੀ ਸੱਚੀ ਹੈ, ਤਸਦੀਕ ਹਰਭਜਨ ਮਾਨ ਕਰ ਰਿਹੈ..‘ਆਥਣ ਵੇਲੇ ਸਾਰਾ ਪਿੰਡ ਸ਼ਰਾਬੀ ਹੁੰਦਾ ਏ..।’

         ਜਿਵੇਂ ਪੰਜਾਬੀ ਅੱਜ ਕੱਲ੍ਹ ਥੋਕ ’ਚ ਸਹੁੰਆਂ ਚੁੱਕ ਰਹੇ ਨੇ, ਉਸ ਲਿਹਾਜ਼ ਨਾਲ ਤਾਂ ਰੱਬ ਨੂੰ ਵੀ ਆਪਣੀ ਲੇਖਾ ਬਰਾਂਚ ’ਚ ਹਜ਼ਾਰਾਂ ਮੁਨਸ਼ੀ ਭਰਤੀ ਕਰਨੇ ਪੈਣਗੇ। ਭਮੱਕੜ ਦਾਸੋ! ਮੁਨਸ਼ੀ ਲੱਗਣੈ ਤਾਂ ਦੱਸੋ, ਫਿਰ ਨਾ ਉਲਾਂਭਾ ਦੇਣਾ ਕਿ ਰੱਬ ਨੇ ਗੈਰ ਪੰਜਾਬੀ ਭਰਤੀ ਕਰ ਲਏ। ਸਿਆਣੇ ਆਖਦੇ ਨੇ,‘ਜਿਹੜੀ ਸਰਕਾਰ ਪਰਜਾ ਨੂੰ ਜੁਆਬ ਦੇਣਾ, ਹਿਸਾਬ ਦੇਣਾ ਮੁਨਾਸਬ ਨਾ ਸਮਝੇ, ਉਹ ਸਭ ਤੋਂ ਭੈੜੀ ਹੁੰਦੀ ਹੈ।’ ਸੱਤਾ ਦਾ ਨਸ਼ਾ ਪਹਿਲੇ ਤੋੜ ਦੀ ਦਾਰੂ ਵਰਗਾ ਹੁੰਦੈ। ਕਿਤੇ ਨੇਤਾ ਦੇ ਦੋ ਹਾੜੇ ਲੱਗੇ ਹੋਣ, ਉੱਪਰੋਂ ਮੱਛਰ ਲੜ ਜਾਏ ਤਾਂ ਮੱਛਰ ਵੀ ਟੱਲੀ ਹੋ ਜਾਂਦੈ, ਉਹੀ ਮੱਛਰ ਫਿਰ ਮੁੜ ਘਿੜ ਕੁਰਸੀ ’ਤੇ ਬੈਠਣ ਲੱਗਦੈ।

       ਅਮਰਿੰਦਰੀ ਹਕੂਮਤ ਵੇਲੇ ਸੱਤਾ ਦੇ ਨਸ਼ੇ ’ਚ ਟੁੰਨ ਭੂਸ਼ਣ ਲੁਧਿਆਣਵੀ ਇੱਕ ਡੀਐੱਸਪੀ ’ਤੇ ਇੰਜ ਗੱਜੇ ਸਨ, ‘ਮਿੱਧ ਕੇ ਰੱਖ ਦਿਆਂਗੇ’। ਅਮਰਿੰਦਰ ਦਾ ਦਵਿੰਦਰ ਵੀ ਥਾਣੇਦਾਰ ਬੀਬੀ ਨੂੰ ਪੈ ਨਿੱਕਲਿਆ ਸੀ, ‘ਆਪਣਾ ਜੁੱਲੀ ਬਿਸਤਰਾ ਬੰਨ੍ਹ ਲਓ।’ ਅਸਲ ’ਚ ਧਰਤੀ ਗੋਲ ਹੈ, ਲੋਕ ਜਲਦ ਬਿਸਤਰਾ ਬੰਨ੍ਹ ਦਿੰਦੇ ਨੇ। ਪੰਝੀ ਸਾਲ ਰਾਜ ਦਾ ਨਾਅਰਾ ਦੇਣ ਵਾਲੇ ਹੁਣ ਸਹੁੰ ਚੁੱਕਣ ਨੂੰ ਤਰਸੇ ਪਏ ਨੇ। ਅਖਾਣ ਐਵੇਂ ਨੀ ਬਣਦੇ, ‘ਅੰਨ੍ਹੇ ਨੂੰ ਨਜ਼ਰ ਨੀ ਆਉਂਦਾ, ਹੰਕਾਰੀ ਵੇਖਣਾ ਨੀ ਚਾਹੁੰਦਾ।’

      ਪੰਜਾਬ ਤਾਂ ਚਾਹੁੰਦੈ ਕਿ ਸੁੱਖ ਦਾ ਸਾਹ ਆਵੇ ਜਿਨ੍ਹਾਂ ਦੀ ਸੰਦੂਕੜੀ ਭਰ ਕੇ ਸੰਵਿਧਾਨ ਦੀ ਸਹੁੰ ਚੁਕਾਈ, ਹੁਣ ਉਹੀ ਮੁੜ ਲੋਕਾਂ ਨੂੰ ਸਹੁੰਆਂ ਪਰੋਸ ਰਹੇ ਨੇ। ਪੰਜਾਬ ਤਾਂ ਬੋਦੇ ਕੱਪੜੇ ਵਰਗਾ ਹੋਇਐ। ‘ਬਦਲਾਅ’ ਦੇ ਟਰੇਲਰ ’ਚੋਂ ਸਵਰਗ ਦਿਖਿਆ, ਅੰਦਰ ਦੀਦਾਰ-ਏ-ਨਰਕ ਹੋਇਆ। ਘਰ ਬਾਰ ਛੱਡ, ਦਿੱਲੀ ਦੇ ਜਾਏ, ਪੰਜਾਬ ਦੀ ਸੇਵਾ ’ਚ ਆਏ। ਵਿਰੋਧ ਮੱਲ ਨਿਮਾਣਾ ਤੋਂ ‘ਰੰਗਲਾ ਪੰਜਾਬ’ ਝੱਲ ਨਹੀਂ ਹੋ ਰਿਹੈ। ਤਾਹੀਂ ਤੂੰਬੀ ’ਤੇ ਗਾਉਂਦਾ ਪਿਐ, ‘ਤੇਰੀ ਫੀਏਟ ’ਤੇ ਜੇਠ ਨਜ਼ਾਰੇ ਲੈਂਦਾ।’ ਪ੍ਰਤਾਪ ਸਿੰਘ ਕੈਰੋਂ ਆਖਦਾ ਹੁੰਦਾ ਸੀ, ‘ਜੱਟ ਤਾਂ ਸੁਹਾਗੇ ’ਤੇ ਚੜਿਆ ਮਾਣ ਨੀ ਹੁੰਦਾ।’

         ਧੰਨੇ ਭਗਤ ਨੇ ਸਹੁੰ ਖਾਧੀ, ਪੱਥਰਾਂ ’ਚੋਂ ਰੱਬ ਪਾਇਆ। ਪਿੰਡਾਂ ਵਾਲੇ ਸਹੁੰ ਚੁੱਕੀਏ ਵੀ ਥੋੜ੍ਹਾ ਧੀਰਜ ਰੱਖਣ। ਜ਼ਮਾਨਾ ਕੇਹਾ ਹੈ, ਦਾਨਸ਼ਮੰਦ ਲੱਭਦੇ ਨਹੀਂ ਪਏ, ਕਾਲੇ ਕੱਛੇ ਆਲਿਆਂ ਵਾਂਗੂ ਲੀਡਰ ਹਰ ਮੋੜ ’ਤੇ ਖੜ੍ਹੇ ਨੇ। ਆਖਦੇ ਨੇ ..‘ਦਿਲ ਮਾਂਗੇ ਮੋਰ’, ਸੱਤਾ ਦੇ ਨਸ਼ੇ ਦਾ ਰੋਗ ਭੈੜਾ। ਵੋਟਰ ਪਾਤਸ਼ਾਹ ਵੀ ਖ਼ਾਨਦਾਨੀ ਵੈਦਾਂ ਤੋਂ ਘੱਟ ਨੀ ਹੁੰਦੇ, ਇੱਕੋ ਦਿਨ ’ਚ ਪੀੜਤਾਂ ਦਾ ਕੁਰਸੀ ਰੋਗ ਕੱਟ ਦਿੰਦੇ ਨੇ। ਕਿਸੇ ਭਲੇ ਪੁਰਸ਼ ਨੇ ਠੀਕ ਕਿਹੈ, ਰਿਟਾਇਰੀ ਬੰਦੇ ਆਲਾ ਮਿਜ਼ਾਜ ਰੱਖਣ ਵਾਲੇ ਨੇਤਾ ਕਦੇ ਰਿਟਾਇਰ ਨਹੀਂ ਹੁੰਦੇ। ਜਿਵੇਂ ਜਯੋਤੀ ਬਾਸੂ ਆਖਦੇ ਹੁੰਦੇ ਸਨ ਕਿ ਕਾਮਰੇਡ ਕਦੇ ਰਿਟਾਇਰ ਨੀਂ ਹੁੰਦਾ।

          ਨੈਲਸਨ ਮੰਡੇਲਾ ਨੂੰ ਜਦੋਂ ਲੋਕਾਂ ਨੇ ਦੁਬਾਰਾ ਗੱਦੀ ਦੇਣੀ ਚਾਹੀ, ਉਸ ਨੇ ਨਾਂਹ ਕਰਤੀ। ਕਾਮਰਾਜ ਤਾਮਿਲਨਾਡੂ ’ਚ ਮੁੱਖ ਮੰਤਰੀ ਦੀ ਟਰਮ ਪੂਰੀ ਕਰਕੇ ਸਿੱਧਾ ਨਹਿਰੂ ਕੋਲ ਗਿਆ, ‘ਜੋ ਕਰਨਾ ਸੀ, ਉਹ ਪੰਜ ਸਾਲ ’ਚ ਕਰ’ਤਾ, ਦੁਬਾਰਾ ਮੁੱਖ ਮੰਤਰੀ ਨੀ ਬਣਨਾ।’ ‘ਤੈਨੂੰ ਰੋਗ ਦਾ ਪਤਾ ਨਾ ਕੋਈ, ਵੈਦਾ ਮੇਰੀ ਬਾਂਹ ਛੱਡ ਦੇ’, ਹੁਣ ਇਨਕਲਾਬ ਪੰਜਾਬ ਦੀ ਬਾਂਹ ਨਹੀਂ ਛੱਡ ਰਿਹਾ। ‘ਧੇਲਾ ਨਹੀਂ ਪੱਲੇ, ਸੈਰ ਬਾਗ਼ ਦੀ ਚੱਲੇ।’

         ਸ਼ਾਇਦ ਗੱਲ ਸਹੁੰ ਤੋਂ ਤੁਰੀ ਸੀ। ਗਵਾਹੀ ਦੇਣ ਆਏ ਅਮਲੀ ਨੂੰ ਜੱਜ ਸਾਹਿਬ ਨੇ ਪੁੱਛਿਆ, ਕੀ ਸਹੁੰ ਖਾਉਗੇ। ਨਿਮਰਤਾ ਦੇ ਮੁਜੱਸਮੇ ਅਮਲੀ ਸਿੰਘ ਨੇ ਕਿਹਾ ਕਿ,‘ ਜਨਾਬ ! ਤੁਸੀਂ ਕਹਿੰਦੇ ਹੋ ਤਾਂ ਛਕ ਲਵਾਂਗੇ ।’ ਹੂਟਰਾਂ ਆਲੇ ਵਜ਼ੀਰ ਥੋਕ ਦੇ ਭਾਅ ਸਹੁੰਆਂ ਛਕਾ ਰਹੇ ਨੇ। ‘ਰੰਗਲਾ ਪੰਜਾਬ’ ਬਣਾਉਣ ਲਈ ਦਿੱਲੀ ਦੇ ਮਸ਼ਹੂਰ ਪੇਂਟਰ ਲੱਗੇ ਹੋਏ ਨੇ। ਬਾਕੀ ਲੱਛੀ ਦੇ ਭਾਗ। ਪੁਰਾਣੇ ਦਾਗ਼ ਹੌਲੀ ਹੌਲੀ ਲਹਿਣਗੇ। ਪੰਜਾਬ ਦੋਖੀ ਨਿੰਦਣੋਂ ਨੀ ਹਟ ਰਹੇ। ਪੰਜਾਬੀਓ! ਸੰਤ ਕਬੀਰ ਨੂੰ ਧਿਆਓ, ..ਨਦੀ ਨਾ ਘੱਟਿਓਂ ਨੀਰ। ਪੁਰਾਣੀ ਰੀਤ ਐ, ਬਾਦਸ਼ਾਹ ਹੁਕਮ ਦਿੰਦੈ, ਵਜ਼ੀਰ ਸੱਤ ਵਚਨ ਆਖਦੇ ਨੇ। ਤੁਸੀਂ ਆਖਦੇ ਪਏ ਹੋ..‘ਬੁਲੇਟ ਤਾਂ ਰੱਖਿਐ ਪਟਾਕੇ ਪਾਉਣ ਨੂੰ ।’

        ਅਖੀਰ ’ਚ ਵਾਇਆ ਵਰਿਆਮ ਸੰਧੂ ਪੁੱਜੀ ਗੱਲ, ਕੇਰਾਂ ਪ੍ਰੋ. ਮੋਹਨ ਸਿੰਘ ਟੱਲੀ ਹੋਏ ਘਰ ਪਰਤੇ, ਬੀਵੀ ਨੇ ਪੁੱਛਿਆ, ਮੀਆਂ ਜੀ ਇਹ ਕੀ? ਪ੍ਰੋਫੈਸਰ ਸਾਹਿਬ ਦੇ ਅੱਖਾਂ ’ਚ ਅੱਥਰੂ, ਭਰੇ ਮਨ ਨਾਲ ਆਖਣ ਲੱਗੇ, ‘ਬੱਸ ਅੱਜ ਬੈਡ ਕੰਪਨੀ ਨੇ ਮਰਵਾ’ਤਾ।’ ਉਹ ਕਿਵੇਂ? ਪ੍ਰੋ. ਮੋਹਨ ਸਿੰਘ ਦਾ ਜੁਆਬ ਸੁਣੋ, ‘ਅੱਜ ਦੋ ਦੋਸਤ ਤਸ਼ਰੀਫ਼ ਲਿਆਏ, ਦਾਸ ਸੇਵਾ-ਪਾਣੀ ਲਈ ਬੋਤਲ ਲੈ ਆਇਆ, ਅੱਗਿਓ ਉਹ ਦੋਵੇਂ ਸੋਫ਼ੀ ਨਿਕਲੇ, ਬੱਸ ਕਸ਼ਟ ’ਕੱਲੇ ਨੂੰ ਝੱਲਣਾ ਪਿਆ।’



                                                         ਲੁਧਿਆਣਾ ਚੋਣ
                              ਜਿੱਥੇ ਧੱਦਿਆਂ ਦੀ ਪੈਂਦੀ ਧੱਕ ਮੀਆਂ..!
                                                         ਚਰਨਜੀਤ ਭੁੱਲਰ  

ਚੰਡੀਗੜ੍ਹ : ਲੁਧਿਆਣਾ ਪੱਛਮੀ ਦੀ ਉਪ ਚੋਣ ਦੇ ਪਿੜ ’ਚ ਧੱਦਾ ਸਿਆਸਤ ਦੀ ਧੱਕ ਪੈ ਰਹੀ ਹੈ। ਜਿਵੇਂ ਪਿਆਰ ਤੇ ਸਿਆਸਤ ’ਚ ਸਭ ਜਾਇਜ਼ ਹੁੰਦਾ ਹੈ, ਉਵੇਂ ਉਪ ਚੋਣ ’ਚ ਸਾਰਾ ਕੁਝ ਮੁਆਫ਼ ਹੁੰਦਾ ਹੈ। ਤਾਂ ਹੀ ਜ਼ੁਬਾਨ ਰਸ ਦੀ ਬੂੰਦਾਂ-ਬਾਂਦੀ ਹੋ ਰਹੀ ਹੈ। ਇਸ ਉਪ ਚੋਣ ’ਚ ‘ਤੋਲ ਮੋਲ ਕੇ ਬੋਲ’ ਦਾ ਪ੍ਰਵਚਨ ਛੁੱਟੀ ਗਿਆ ਜਾਪਦਾ ਹੈ। ਚੋਣ ਪ੍ਰਚਾਰ ਬੰਦ ਹੋਣ ’ਚ ਦੋ ਦਿਨ ਬਾਕੀ ਬਚੇ ਹਨ। ਕਾਂਗਰਸੀ ਉਮੀਦਵਾਰ ਭਾਰਤ ਭੂਸ਼ਣ ਆਸ਼ੂ, ਜਿਨ੍ਹਾਂ ਬਾਰੇ ਕਿਹਾ ਜਾਂਦਾ ਹੈ ਕਿ ਉਹ ਬੋਲਣ ਸਮੇਂ ਕੋਲ ਤੱਕੜੀ-ਵੱਟੇ ਨਹੀਂ ਰੱਖਦੇ, ਬੋਲਾਂ ਨਾਲ ਹੀ ਮਿੱਧਣ ਦੀ ਸਿੱਧੀ ਸਮਰੱਥਾ ਰੱਖਦੇ ਹਨ। ਰਾਜਾ ਵੜਿੰਗ ਹਾਲੇ ਵੀ ਆਸ਼ੂ ਨਾਲ ਤੜਿੰਗ ਹਨ। ਹਾਕਮ ਧਿਰ ਇਸੇ ਗੱਲੋਂ ਬਾਗੋ-ਬਾਗ਼ ਹੈ। ਰਾਜ ਸਭਾ ਮੈਂਬਰ ਸੰਜੀਵ ਅਰੋੜਾ ਕੈਬਨਿਟ ਵਜ਼ੀਰੀ ਲਈ ਸਜ ਕੇ ਤਿਆਰ ਹੋ ਰਹੇ ਹਨ। ਵਿਰੋਧੀ ਲੱਖ ਪਏ ਆਖਣ ਪਰ ਇਹ ਕਿੱਥੇ ਲਿਖਿਆ ਹੈ ਕਿ ਉਮੀਦਵਾਰ ਨੂੰ ਕਰਤਾਰ ਸਿੰਘ ਸਰਾਭਾ ਦਾ ਨਾਮ ਪਤਾ ਹੋਣਾ ਚਾਹੀਦੈ। ਸਿਆਸਤ ਦਾ ਲੱਖ ਰੁਪਏ ਦਾ ਇੱਕੋ ਅਸੂਲ ਹੈ ਕਿ ਬਈ! ਕਦੇ ਆਕਾ ਦਾ ਨਾਮ ਨਾ ਭੁੱਲੋ, ਹੋ ਸਕੇ ਤਾਂ ਦਿਨ-ਰਾਤ ਜਪੋ ਵੀ।

          ਆਮ ਪੰਜਾਬੀ ਬਹੁਤੇ ਸਿਆਸਤੀ ਤਾਂ ਨਹੀਂ ਪਰ ਨਾਮ ’ਕੱਲੇ ’ਕੱਲੇ ਦਾ ਯਾਦ ਰੱਖਦੇ ਨੇ, ਚਾਹੇ ਬਾਦਲਾਂ ਤੇ ਅਮਰਿੰਦਰ ਨੂੰ ਪੁੱਛ ਲਓ। ਦੂਜੇ ਲਈ ਆਪਾ ਵੀ ਵਾਰ ਦਿੰਦੇ ਨੇ, ਇਨਕਲਾਬੀ ਪਾਰਟੀ ਨੇ ਵੀ ਇਹੋ ਗੁੜ੍ਹਤੀ ਹੀ ਦਿੱਤੀ ਹੈ।ਜਲੰਧਰ ਦੀ ਜ਼ਿਮਨੀ ਚੋਣ ਹੋਈ, ਲੱਕ ਬੰਨ੍ਹ ਕੇ ‘ਆਪ’ ਦੇ ਵਿਧਾਇਕ, ਅਹੁਦੇਦਾਰ ਤੇ ਵਜ਼ੀਰ ਕੁੱਦ ਪਏ, ਮੋਹਿੰਦਰ ਭਗਤ ਨੂੰ ਵਜ਼ੀਰ ਬਣਾ ਕੇ ਮੁੜੇ। ਇਹੋ ਵਿਧਾਇਕੀ ਲਾਣਾ ਹੁਣ ਲੁਧਿਆਣਾ ’ਚ ਮੁੜ੍ਹਕਾ ਵਹਾ ਰਿਹਾ ਹੈ ਤਾਂ ਜੋ ਇੱਕ ਗ਼ਰੀਬ ਭਰਾ ਨੂੰ ਕੈਬਨਿਟ ਮੰਤਰੀ ਆਲੀ ਕੁਰਸੀ ’ਤੇ ਬਿਰਾਜਮਾਨ ਕਰ ਸਕੇ। ਕਿਤੇ ਰਾਜ ਸਭਾ ਵਾਲੀ ਸੀਟ ਖ਼ਾਲੀ ਹੋ ਗਈ ਤਾਂ ‘ਨਾਲੇ ਪੁੰਨ ਤੇ ਨਾਲੇ ਫਲੀਆਂ’, ਸਮਝੋ ਜੀਵਨ ਹੀ ਸਫ਼ਲਾ ਹੋ ਗਿਆ। ‘ਆਪ’ ਦੇ ਵਿਧਾਇਕ ਤੇ ਵਜ਼ੀਰ ਲੁਧਿਆਣਾ ਪੱਛਮੀ ’ਚ ਪ੍ਰਚਾਰ ਵੀ ਕਰ ਰਹੇ ਹਨ, ਨਾਲੇ ਦਿਨ ਹੱਸ ਕੇ ਕੱਟ ਰਹੇ ਨੇ। ਇੱਕ ਚੇਅਰਮੈਨ ਨੇ ਹਾਸੇ ’ਚ ਕਿਹਾ, ‘ਸਾਡੀ ਕਾਟੋ ਫੁੱਲਾਂ ’ਤੇ ਨੀ, ਇੱਥੇ ਘਾਹ-ਘੂਹ ’ਚ ਹੀ ਖੇਡ ਕੇ ਵਕਤ ਲੰਘਾ ਰਹੀ ਹੈ।’

          ਇੱਕ ਵਿਧਾਇਕ ਨੇ ਠੀਕ ਬਿਆਨੀ ਕੀਤੀ, ‘ਸਾਡੇ ’ਤੇ ਤਾਂ ਧੱਦਿਆਂ ਦੀ ਫੁੱਲ ਕਿਰਪਾ ਹੈ।’ ਉਹ ਕਿਵੇਂ? ਪਸੀਨੋ-ਪਸੀਨੀ ਹੋਇਆ ਵਿਧਾਇਕ ਭਾਈ ਦੱਸਣ ਲੱਗਿਆ। ਧੱਦਾ ਧੁੱਪ, ਜੋ ਸੂਰਜ ਦੇਵਤਾ ਨੇ ਉਪ ਚੋਣ ਤੋਂ ਖ਼ੁਸ਼ ਹੋ ਕੇ ਖ਼ੂਬ ਬਖ਼ਸ਼ੀ ਹੈ। ਧੱਦਾ ਧੂੜ, ਪਬਲਿਕ ਦੇ ਚਰਨਾਂ ਦੀ ਧੂੜ ਮੁਫ਼ਤੋਂ-ਮੁਫ਼ਤ ’ਚ ਨਿੱਤ ਮਣਾਂ ਮੂੰਹੀਂ ਮਿਲਦੀ ਹੈ। ਤੀਜਾ ਧੱਦਾ ਧੱਕੇ, ਹਲਕੇ ਦੀਆਂ ਗਲੀਆਂ ’ਚ ਹਰਲ-ਹਰਲ ਕਰਦੇ ਫਿਰਦੇ ਹਾਂ, ਦੋ ਘੜੀ ਆਰਾਮ ਕਰਦੇ ਹਾਂ ਤਾਂ ਮਾਲਕ ਆਖ ਦਿੰਦੇ ਨੇ, ਲੋਕੇਸ਼ਨ ਭੇਜੋ, ਲਾਈਵ ਵੀਡੀਓ ਭੇਜੋ। ਚੌਥਾ ਧੱਦਾ ਧੌਂਸ, ਅਮਰੀਕਾ ਇਸ ਬਲਾ ਨੂੰ ਦਿਖਾਉਣ ’ਚ ਚਾਰ ਦਿਨਾਂ ਦਾ ਗੈਪ ਪਾ ਲੈਂਦਾ ਹੋਊ ਪਰ ਅਸਾਡੇ ਵਾਲੇ ਹੋਰ ਮਿੱਟੀ ਦੇ ਬਣੇ ਹੋਏ ਨੇ। ਵੈਸੇ ਤਾਂ ਹਰ ਸਿਆਸੀ ਪਾਰਟੀ ਦੀ ਮਸੀਤ ਇੱਕੋ ਜੇਹੀ ਹੈ ਪਰ ਇਨਕਲਾਬੀ ਵੀਰਾਂ ਦਾ ਰੰਗ ਹੀ ਵੱਖਰਾ ਹੈ। ਧੱਦਿਆਂ ’ਚ ਉਲਝੇ ‘ਆਪ’ ਆਲੇ ਪੰਜਾਬੀ ਵੀਰ ਕੋਈ ਕਸਰ ਬਾਕੀ ਨਹੀਂ ਛੱਡ ਰਹੇ। 

          ਲੁਧਿਆਣਾ ਪੱਛਮੀ ਪੋਸ਼ ਇਲਾਕਾ ਹੈ। ਦੁਪਹਿਰ ਵਕਤ ਲੋਕ ਆਰਾਮ ਫ਼ਰਮਾਉਂਦੇ ਨੇ। ਸਿਆਸਤ ਨਾਲ ਕੋਈ ਬਹੁਤਾ ਲਗਾਓ ਨਹੀਂ। ਲੀਡਰਾਂ ਨੇ ਲੋਕਾਂ ਦੇ ਵਿਹੜੇ ਨੀਵੇਂ ਕਰ ਦਿੱਤੇ ਹਨ। ਇੱਕ ਨੇਤਾ ਨੇ ਦੱਸਿਆ ਕਿ ਵੱਡੀਆਂ ਕੋਠੀਆਂ ਵਾਲੇ ਤਾਂ ਹੁਣ ਦੁਪਹਿਰ ਵੇਲੇ ਕੁੱਤੇ ਖੁੱਲ੍ਹੇ ਛੱਡ ਦਿੰਦੇ ਹਨ ਅਤੇ ਘਰ ਦੀ ਬੈੱਲ ਬੰਦ ਕਰ ਦਿੰਦੇ ਹਨ। ‘ਆਪ’ ਦੇ ਚੋਣ ਪ੍ਰਚਾਰ ਦੀ ਓਵਰਡੋਜ਼ ਤੋਂ ਅੱਕੇ ਇੱਕ ਬਜ਼ੁਰਗ ਜੋੜੇ ਨੇ ਦੁਪਹਿਰ ਵੇਲੇ ਇੱਕ ਚੇਅਰਮੈਨ ਅੱਗੇ ਹੱਥ ਜੋੜ ਅਰਜੋਈ ਕੀਤੀ, ‘ਕਰੋ ਕਿਰਪਾ! ਦੋ ਘੜੀ ਆਰਾਮ ਕਰ ਲੈਣ ਦਿਓ, ਸਾਡਾ ਤਾਂ ਚੋਣ ਬਾਈਕਾਟ ਹੀ ਸਮਝੋ।’ ਕਾਰੋਬਾਰੀ ਲੋਕ ਆਪਣੇ ਕੰਮ ’ਚ ਮਸਤ ਨੇ। ਲੀਡਰਾਂ ਤੋਂ ਅੱਕੇ ਦਿਨ ਚੜ੍ਹਨ ਤੋਂ ਪਹਿਲਾਂ ਹੀ ਘਰਾਂ ’ਚੋਂ ਨਿਕਲ ਜਾਂਦੇ ਹਨ। ਜਿਹੜੇ ਆਮ ਘਰਾਂ ਦੇ ਮੁੰਡੇ ਇਨ੍ਹਾਂ ਦਿਨਾਂ ’ਚ ਪੱਛਮੀ ਇਲਾਕੇ ’ਚ ਘੁੰਮ ਰਹੇ ਹਨ, ਉਹ ਅਮੀਰ ਲੋਕਾਂ ਦੇ ਮਹਿਲ ਦੇਖ ਕੇ ਹੀ ਅੰਦਰੋਂ ਹਿੱਲ ਜਾਂਦੇ ਨੇ। ਜਦੋਂ ਘਰ ਅੰਦਰ ਵੋਟ ਮੰਗਣ ਲਈ ਪੈਰ ਪਾਉਂਦੇ ਨੇ, ਅਮੀਰੀ ਦਾ ਅਜੂਬਾ ਦੇਖ ਡੌਰ-ਭੌਰ ਹੋ ਜਾਂਦੇ ਨੇ। ਇੱਕ ਮੰਤਰੀ ਨੇ ਪੇਂਡੂ ਵਿਧਾਇਕਾਂ ਨੂੰ ਨਸੀਹਤ ਦਿੱਤੀ ਕਿ ਕਿਤੇ ਆਪਣੀ ਕੁੱਲੀ ਨਾ ਢਾਹ ਬੈਠਿਓ। ਕਈ ਆਖਦੇ ਨੇ, ਚੋਣ ਕੋਈ ਵੀ ਹਾਰੇ-ਜਿੱਤੇ, ਕੋਠੀਆਂ ਦੇ ਨਕਸ਼ੇ ਜ਼ਰੂਰ ਮੁਫ਼ਤ ਵਿੱਚ ਵਸੂਲ ਹੋ ਗਏ ਹਨ।

Tuesday, May 20, 2025

                                       ਘੁੱਗੀ ਵਿਚਾਰੀ ਕੀ ਕਰੇ..!             
                                                          ਚਰਨਜੀਤ ਭੁੱਲਰ  

ਚੰਡੀਗੜ੍ਹ : ਅਮਨ ਦੀ ਘੁੱਗੀ ਨੂੰ ਗ਼ੁਲੇਲ ਨਾਲ ਫੁੰਡੋਗੇ ਤਾਂ ਖ਼ਤਰੇ ਦਾ ਘੁੱਗੂ ਤਾਂ ਵੱਜੇਗਾ ਹੀ। ਸਾਇਰਨ ਕਿਸੇ ਮੁਲਕ ’ਚ ਵੀ ਵੱਜੇ, ਚਿੱਤਰਕਾਰ ਪਿਕਾਸੋ ਦੀ ਰੂਹ ਨੂੰ ਗ਼ਸ਼ ਪੈ ਜਾਂਦੈ। ਜਦ ਸੰਸਾਰ ਜੰਗਾਂ ਨੇ ਬੇਪਨਾਹ ਤਬਾਹੀ ਮਚਾਈ, ਅਮਨ ਦੇ ਪ੍ਰੇਮੀ ਘਰਾਂ ਚੋਂ ਨਿਕਲ ਤੁਰੇ। ਪਿਕਾਸੋ ਨੇ ਅਮਨ ਦੀ ਪ੍ਰਤੀਕ ਘੁੱਗੀ ਦਾ ਚਿੱਤਰ ਵਾਹਿਆ। ਕਿਤੇ ਤੀਜੀ ਸੰਸਾਰ ਜੰਗ ਨਾ ਲੱਗੇ, ਅਮਨ ਕੌਂਸਲ ਬਣੀ, ਗਲੀ ਮੁਹੱਲੇ ਅਮਨ ਦੀ ਗੂੰਜ ਪਈ। ਲਤਾ ਮੰਗੇਸ਼ਕਰ ਨੇ ਇੰਜ ਫ਼ਰਮਾਇਆ, ‘ਈਸ਼ਵਰ ਅੱਲਾ ਤੇਰੋ ਨਾਮ, ਸਭ ਕੋ ਸਨਮਤੀ ਦੇ ਭਗਵਾਨ।’

        ਦੇਸ਼ ’ਚ ਸੈਫੁਦੀਨ ਕਿਚਲੂ ਨੇ, ਪੰਜਾਬ ’ਚ ਗੁਰਬਖ਼ਸ਼ ਸਿੰਘ ਪ੍ਰੀਤਲੜੀ ਨੇ ਅਮਨ ਦਾ ਝੰਡਾ ਚੁੱਕਿਆ। ਨਵਯੁਗ ਪ੍ਰਕਾਸ਼ਨ ਵਾਲੇ ਭਾਪਾ ਪ੍ਰੀਤਮ ਸਿੰਘ ਦੀ ਜੀਵਨ ਸਾਥਣ ਦਿਲਜੀਤ ਕੌਰ ਨੇ ਅਮਨ ਖ਼ਾਤਰ ਪਿੰਡ ਪਿੰਡ ਝੋਲੀ ਅੱਡੀ, ਨਾ ਦਿਨ ਦੇਖਿਆ ਨਾ ਰਾਤ। ਇਸ ਬੀਬੀ ਦੀ ਘਾਲਣਾ ਦੇਖ ਵਿਸ਼ਵ ਅਮਨ ਕੌਂਸਲ ਨੇ ਵਿਆਨਾ ’ਚ ਸਨਮਾਨ ਦਿੱਤਾ। ਇੱਕ ਬੀਬੀ ਅੰਮ੍ਰਿਤਾ ਪ੍ਰੀਤਮ ਸੀ, ਜੀਹਨੇ ਵਾਰਸ ਸ਼ਾਹ ਨੂੰ ਵਾਜਾਂ ਮਾਰੀਆਂ, ‘ਵੇ ਦਰਦਮੰਦਾਂ ਦਿਆ ਦਰਦੀਆਂ, ਉੱਠ ਤੱਕ ਆਪਣਾ ਪੰਜਾਬ..।’

      ‘ਜੇ ਵਿਗਿਆਨੀ ਤੇ ਨੇਤਾ ਜ਼ਰਾ ਕੁ ਸੁਸਤ ਹੁੰਦੇ ਤਾਂ ਲੋਕਾਂ ਨੇ ਖ਼ੁਸ਼ ਵੱਸਣਾ ਸੀ।’ ਪਹਿਲੀ ਸੰਸਾਰ ਜੰਗ ’ਚ ਲੱਖਾਂ ਭਾਰਤੀ ਅੰਗਰੇਜ਼ਾਂ ਤਰਫ਼ੋਂ ਲੜੇ। ਪੰਜਾਬੀ ਮੌਤ ਦਾ ਮੜਾਸਾ ਮਾਰ ਘਰੋਂ ਚਾਲੇ ਪਾਉਂਦੇ। ਸਰਤਾਜ ਵੀ ਇਹੋ ਕਹਿ ਰਿਹੈ, ‘ਜੰਗ ਜਾਣ ਵਾਲੇ ਬੰਦੇ ਆਮ ਨਹੀਓ ਹੁੰਦੇ..।’ ਪੰਜਾਬਣਾਂ ਖੈਰਾਂ ਮੰਗਦੀਆਂ, ‘ਬਸਰੇ ਦੀ ਲਾਮ ਟੁੱਟ ਜਾਏ, ਨੀ ਮੈਂ ਰੰਡੀਓਂ ਸੁਹਾਗਣ ਹੋਵਾਂ।’ ਕਿਤੋਂ ਦੂਰੋਂ ਡਾਕੀਆ ਆਉਂਦਾ ਦਿਸਦਾ ਤਾਂ ਘਰਾਂ ’ਚ ਸੱਥਰ ਵਿਛਣ ਲੱਗ ਜਾਂਦੇ। ਇੱਧਰੋਂ ਅੰਗਰੇਜ਼ ਵੀ ਇਰਾਕ ’ਚ ਖਜੂਰਾਂ ਦੇ ਆਹੂ ਲਾਹੀ ਗਏ। ਅਮਨ ਦੇ ਡਾਕੀਏ ਕਿਧਰ ਗੁਆਚ ਗਏ। ਪਤਾ ਲੱਗੇ ਤਾਂ ਸਿਰਨਾਵਾਂ ਜ਼ਰੂਰ ਦੱਸਣਾ।

        ‘ਚੰਦਰਾ ਗੁਆਂਢ ਨਾ ਹੋਵੇ..।’ ਜਦੋਂ ਗੁਆਂਢੀ ਹੀ ਧਰਮ ਪੁੱਛ ਪੁੱਛ ਸੁਹਾਗ ਉਜਾੜੇ, ਫਿਰ ਖ਼ੂਨ ਤਾਂ ਖੌਲੇਗਾ ਹੀ। ਅਸਾਡੇ ਤਾਂ ਬਿਰਧ ਔਰਤਾਂ ਨੂੰਹਾਂ ਨੂੰ ‘ਬੁੱਢ ਸੁਹਾਗਣ’ ਦੀ ਅਸੀਸ ਨਾਲ ਨਿਵਾਜਣੋਂ ਨਹੀਂ ਭੁੱਲਦੀਆਂ। ਗੁਆਂਢੀ ਕਿਵੇਂ ਭੁੱਲ ਕਰ ਬੈਠੇ, ਬਲੈਕ-ਆਊਟ ਹੋਇਆ, ਸਾਇਰਨ ਵੀ ਵੱਜੇ, ਅਸਮਾਨੋਂ ਅੱਗ ਵਰ੍ਹੀ। ਜਦ ਹਿੰਦੁਸਤਾਨ ਨੇ ਟਰੇਲਰ ਦਿਖਾਇਆ, ਗੁਆਂਢੀ ਦਾ ਨੰਗਪੁਣਾ ਤੇ ਮਲੰਗਪੁਣਾ ਗੁੱਥਮ-ਗੁੱਥਾ ਹੋ ਗਏ।

       ਜੱਟ ਐਂਡ ਜੂਲੀਅਟ ਦਾ ਡਾਇਲਾਗ ਥੋੜ੍ਹਾ ਠੀਕ ਜਾਪਦੈ, ‘ਬਿਗਾਨੇ ਮੁਲਕ ’ਚ ਪੰਜਾਬੀ, ਪੰਜਾਬੀ ਦੇ ਕੰਮ ਆਉਂਦੈ।’ ਏਅਰ ਮਾਰਸ਼ਲ ਅਮਰਪ੍ਰੀਤ ਸਿੰਘ ਆਖ਼ਰ ਪੰਜਾਬ ਦੀ ਢਾਲ ਬਣੇ। ਗੁਆਂਢੀ ਦੇ ਖ਼ੁਆਬ ਟੈਰਾਲੀਨ ਵਾਂਗੂ ਪਾੜ’ਤੇ। ਗੁਆਂਢੀ ਲੰਗਾਰ ਹੋਏ ਅਰਥਚਾਰੇ ਦਾ ਝੱਗਾ ਲੈ ਭੱਜੇ। ਕੌਮਾਂਤਰੀ ਮੁਦਰਾ ਕੋਸ਼ ਆਲੇ ਦਰਜ਼ੀ ਵੀ ਟਿੱਚਰੀ ਬੜੇ ਨੇ, ‘ਭਾਈ ਜਾਨ! ਕਦੋਂ ਤੱਕ ਟਾਕੀਆਂ ਲਵਾਈ ਜਾਓਗੇ। ਕੌਮਾਂਤਰੀ ਦਰਜ਼ੀ ਨੇ ਕੰਧੂਈ ਨਾਲ ਗੁਆਂਢੀ ਦੇ ਪਾਟੇ ਝੱਗੇ ’ਤੇ ਦੋ ਚਾਰ ਤੋਪੇ ਲਾ ਦਿੱਤੇ।

       ਅਮਰੀਕਾ ਤਾਂ ਵਿਸ਼ਵ ਦਾ ਕੋਤਵਾਲ ਅਖਵਾਉਂਦੈ। ਬਿੱਲੀਵਾਦ ਦੇ ਯੁੱਗ ’ਚ ਬਾਂਦਰਗਿਰੀ ਕਰਨਾ ਨੀ ਭੁੱਲਦਾ। ਲੋਕ ਡੋਨਾਲਡ ਟਰੰਪ ਨੂੰ ਗਪੌੜਸੰਖ ਵੀ ਆਖਦੇ ਨੇ। ਕਾਮਰੇਡ ਜੋ ਮਰਜ਼ੀ ਆਖਣ, ਤਾਇਆ ਟਰੰਪ ‘ਗਲੋਬਲ ਵਿਚੋਲੇ’ ਵਜੋਂ ਪ੍ਰਗਟ ਹੋਏ ਸਨ। ਜਦੋਂ ਟਰੰਪ ਨੇ ਗੋਲੀਬੰਦੀ ਅਲਾਪੀ ਤਾਂ ਪੰਜਾਬ ਦੇ ਘਰੋਂ ਇੱਕੋ ਅਸੀਸ ਆਈ, ‘ਜਿਉਂਦਾ ਰਹਿ ਪੁੱਤ ਟਰੰਪ।’ ਲੜਾਕਾ ਸਿੰਘ ਸ਼ਾਂਤਪੁਰੀ ਆਖਦੈ, ਹੁਣ ਭਾਵੇਂ ਟਰੰਪ ਭਦੌੜ ਤੋਂ ਚੋਣ ਲੜ ਲਵੇ, ਪੰਜਾਬੀ ਬੱਲ੍ਹੇ ਬੱਲ੍ਹੇ ਕਰਾ ਦੇਣਗੇ। ਲਾਭ ਉਗੋਕੇ ਨੂੰ ਆਪੇ ਭਗਵੰਤ ਮਾਨ ਮਨਾ ਲਊ।

         ਉੱਧਰ, ‘ਗ਼ਦਰ’ ਫਿਲਮ ਆਲਾ ਤਾਰਾ ਸਿਓਂ ਦੇਸ਼ ਭਗਤੀ ਦੀ ਸੁਰ ਲਾ ਰਿਹੈ, ‘ਹਮਾਰਾ ਹਿੰਦੁਸਤਾਨ ਜ਼ਿੰਦਾਬਾਦ ਥਾ, ਜ਼ਿੰਦਾਬਾਦ ਹੈ, ਜ਼ਿੰਦਾਬਾਦ ਰਹੇਗਾ।’ ਗੁਆਂਢੀ ਨੂੰ ਜਦੋਂ ਕਦੇ ਮਿਰਗੀ ਦਾ ਦੌਰਾ ਪੈਂਦੈ, ਭਾਰਤ ਜੁੱਤੀ ਸੁੰਘਾ ਛੱਡਦੈ। ਜਿਵੇਂ ਨੂੰਹ ਸੱਸ ਦੀ ਲੜਾਈ ਦਾ ਹੱਲ ਯੂ.ਐਨ ਕੋਲ ਵੀ ਨਹੀਂ, ਉਵੇਂ ਭਾਰਤ ਪਾਕਿ ਦਾ ਝਗੜਾ ਵੀ ਮੁੱਕਣਾ ਔਖੈ। ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਫਰਵਰੀ 1999 ’ਚ ਬੱਸ ’ਚ ਲਾਹੌਰ ਗਏ। ਅੱਗਿਓ 37 ਵਰਿ੍ਹਆਂ ਦੀ ਕੁਆਰੀ ਲੇਖਕਾ ਬੀਬੀ ਅਤੀਆ ਸ਼ਮਸ਼ਾਦ ਦਾ ਵਾਜਪਾਈ ’ਤੇ ਦਿਲ ਆ ਗਿਆ।

       ਜਦ ਮੁੰਡਾ ਦੇਖਿਆ ਹੋਊ ਤਾਂ ਅਤੀਆ ਦੇ ਚੇਤਿਆਂ ’ਚ ਕੁਲਦੀਪ ਮਾਣਕ ਤਸ਼ਰੀਫ਼ ਲਿਆਏ ਹੋਣਗੇ, ‘ਤੇਰੀ ਹਾਂ ਮੈਂ ਤੇਰੀ ਰਾਂਝਾ..।’ ਲਾਹੌਰ ’ਚ ਸੁਸ਼ੀਲ ਕੰਨਿਆ ਅਤੀਆ ਸ਼ਮਸ਼ਾਦ ਨੇ ਸ਼ਰੇਆਮ ਢੋਲ ਵਜਾ’ਤਾ ਕਿ ਉਸ ਨੂੰ 74 ਸਾਲਾ ਯੋਗ ਤੇ ਸਾਊ ਮੁੰਡਾ ਵਾਜਪਾਈ ਪਸੰਦ ਹੈ। ਨਿਆਣੀ ਅਤੀਆ ਨੇ ਸ਼ਰਤ ਰੱਖ’ਤੀ, ਪਿਆਰੇ! ਕਸ਼ਮੀਰ ਦੀ ਗੱਲ ਤੋਰੋਂਗੇ ਤਾਂ ਤੁਹਾਡੀ ਬੇਗ਼ਮ ਬਣਾਂਗੀ। ਵਾਜਪਾਈ ਨੂੰ ਇੱਕ ਚੜ੍ਹੇ, ਇੱਕ ਲੱਥੇ। ਵਾਜਪਾਈ ਮੁੜ ਆਏ ਪਰ ਅਤੀਆ ਗਾਉਣੋਂ ਨੀ ਹਟੀ, ‘ਪਰਦੇਸੀ-ਪਰਦੇਸੀ ਜਾਣਾ ਨਹੀਂ, ਮੁਝੇ ਛੋਡ ਕੇ।’

        ਮਰਹੂਮ ਪ੍ਰਕਾਸ਼ ਸਿੰਘ ਬਾਦਲ ਵੀ ਵਾਜਪਾਈ ਨਾਲ ਲਾਹੌਰ ਗਏ। ਵਾਜਪਾਈ ਤੋਹਫ਼ੇ ’ਚ ਅਤੀਆ ਦੇ ਪਿਆਰ ਦਾ ਅਹਿਸਾਸ ਲੈ ਕੇ ਮੁੜੇ ਅਤੇ ਵੱਡੇ ਬਾਦਲ ਤੋਹਫ਼ੇ ਵਿੱਚ ਪੰਜ ਭੇਡੂ ਲੈ ਕੇ ਮੁੜੇ ਸਨ। ਪਾਕਿਸਤਾਨ ਆਦਤ ਤੋਂ ਮਜਬੂਰ ਹੈ। ਵਾਜਪਾਈ ਨੂੰ ਜੱਫੀਆਂ ਪਾਈ ਗਿਆ, ਨਾਲੇ ਕਾਰਗਿਲ ’ਚ ਘੁਸਪੈਠ ਕਰੀ ਗਿਆ। ਦੱਸਣ ਦੀ ਲੋੜ ਨਹੀਂ ਕਿ ਹਿੰਦੁਸਤਾਨ ਨੇ ਗੁਆਂਢੀ ਨੂੰ ਕਿੰਨੇ ਵਾਰ ਗਲੋਟੇ ਵਾਂਗੂ ਉਧੇੜਿਐ। ਗੁਆਂਢੀ ਦੇ ਚਾਲ-ਚਰਿੱਤਰ ਨੂੰ ਕੋਈ ਭੁੱਲਿਆ ਨਹੀਂ। ਰੰਗੀਨ ਤਬੀਅਤਾਂ ਵੀ ਪਾਕਿਸਤਾਨ ਦੇ ਫ਼ੌਜੀ ਜਰਨੈਲਾਂ ਦੀ ਰਾਸ਼ੀ ਬਣੀਆਂ ਨੇ।

        ਆਓ ਯਾਹੀਆ ਖ਼ਾਨ ਦਾ ਕਿੱਸਾ ਸੁਣੋ। ਅਕੇਰਾਂ ਪਾਕਿਸਤਾਨੀ ਫਿਲਮੀ ਅਦਾਕਾਰ ਤਰਾਨਾ ਯਾਹੀਆ ਖ਼ਾਨ ਨੂੰ ਮਿਲਣ ਗਈ। ਅਰਦਲੀ ਨੇ ਅਣਦੇਖੀ ਕਰ ਦਿੱਤੀ। ਜਦੋਂ ਕਈ ਘੰਟਿਆਂ ਮਗਰੋਂ ਤਰਾਨਾ ਬਾਹਰ ਨਿਕਲੀ ਤਾਂ ਅਰਦਲੀ ਨੇ ਪੈਰ ਗੱਡ ਸਲੂਟ ਮਾਰਿਆ। ਤਰਾਨਾ ਨੇ ਪੁੱਛਿਆ ਕਿ ਹੁਣ ਸਲੂਟ ਕਿਉਂ। ਅਰਦਲੀ ਫ਼ਰਮਾਏ, ਬੀਬਾ! ਜਦ ਅੰਦਰ ਗਏ ਸੀ, ਉਦੋਂ ਤੁਸੀਂ ਸਿਰਫ਼ ਤਰਾਨਾ ਸੀ, ਹੁਣ ਤੁਸੀਂ ਕੌਮੀ ਤਰਾਨਾ ਬਣ ਗਏ ਹੋ। ਕਿਤੇ ਨੇੜੇ ਨਵਜੋਤ ਸਿੱਧੂ ਹੁੰਦਾ ਤਾਂ ਕਹਿਣੋਂ ਨਾ ਟਲਦਾ, ‘ਠੋਕੋ ਤਾਲੀ’। ਟਲਿਆ ਅਮਰਿੰਦਰ ਵੀ ਨਹੀਂ, ਸੀਤਾ ਫਲ ਅਖੀਰ ਤੱਕ ਭੇਟ ਕਰਦਾ ਰਿਹਾ।

       ਅਮਰੀਕਾ ਵੀ ਕਿਥੋਂ ਦਾ ਭਲਾਮਾਣਸ ਹੈ। ਕਦੇ ਤੋਪਾਂ ਨੂੰ ਚਰਾਉਣ ਇਰਾਕ ਗਿਆ ਤੇ ਕਦੇ ਵੀਅਤਨਾਮ। ਕੋਰੀਆ ਤੇ ਜਾਪਾਨ ਹਾਲੇ ਤੱਕ ਨਹੀਂ ਭੁੱਲੇ। ਅਲਕਾਇਦਾ ਤੇ ਤਾਲਿਬਾਨ ਦਾ ਅਸਲ ਪਿਓ ਵੀ ਅਮਰੀਕਾ ਹੀ ਹੈ। ਰੂਸ ਆਲੇ ਜਦੋਂ ਅਫ਼ਗ਼ਾਨਿਸਤਾਨ ’ਚ ਵੜੇ ਤਾਂ ਉਦੋਂ ਅਮਰੀਕਾ ਦੀ ਗੋਦੀ ’ਚ ਤਾਲਿਬਾਨ ਖੇਡ ਰਿਹਾ ਸੀ। ਲਾਦੇਨ ਦਾ ਪਾਲਣਹਾਰ ਵੀ ਅਮਰੀਕਾ ਬਣਿਆ। ਹੁਣ ਵਰਿ੍ਹਆਂ ਤੋਂ ਪਾਕਿਸਤਾਨ ਨੇ ਕਰੈੱਚ ਖੋਲ੍ਹ ਰੱਖਿਐ। ਇੱਧਰ, ਭਾਰਤ ਦੇਖਣਾ ਹੈ ਤਾਂ ਵੀਰ-ਜ਼ਾਰਾ ਫਿਲਮ ਦੇਖ ਲਓ, ਨਾਲੇ ਆਹ ਗਾਣਾ ਧਿਆਓ..‘ਐਸਾ ਦੇਸ਼ ਹੈ ਮੇਰਾ..।’

        ਜਦੋਂ ਵੀ ਕੋਈ ਔਖ ਆਈ, ਝੱਲਣਾ ਪੰਜਾਬ ਨੂੰ ਪਿਆ। ਪਾਸ਼ ਦੀ ਤੁਕ ਐ, ‘ਇਹ ਤਾਂ ਪਾਪੀ ਪੇਟ ਸਨ, ਜੋ ਪੁਤਲੀਆਂ ਬਣ ਨੱਚੇ।’ ਅਮਨ ਦੀ ਘੁੱਗੀ ਦੀ ਪੰਜਾਬ ਸੁੱਖ ਮੰਗਦੈ। ਪੁਰਾਣੇ ਵੇਲਿਆਂ ’ਚ ਖ਼ਾਨ ਬਾਦਸ਼ਾਹ ਵੀ ਅਹਿੰਸਾ ਦਾ ਦੂਤ ਬਣਿਆ ਜਿਹਨੂੰ ਪਾਕਿਸਤਾਨ ਵਾਲੇ ਕਾਫ਼ਰ ਅਤੇ ਭਾਰਤ ਆਲੇ ਸਰਹੱਦੀ ਗਾਂਧੀ ਆਖਦੇ ਸਨ। ਐੱਨ.ਐੱਸ.ਰਤਨ ਨੇ ਕਿਆ ਖ਼ੂਬ ਲਿਖਿਐ, ‘ਧਰਮਾਂ-ਧੜਿਆਂ ਧਰਤੀ ਵੰਡੀ, ਕਿਸ ਵਿਹੜੇ ਮੈਂ ਪੀੜ੍ਹਾ ਡਾਹਵਾਂ।’ ਮੀਡੀਆ ਦੀ ਤੋਏ ਤੋਏ ਸਰਹੱਦਾਂ ਟੱਪੀ ਹੈ। ਭਲਿਓ! ਤਾਲਸਤਾਏ ਦੀ ‘ਜੰਗ ਤੇ ਅਮਨ’ ਹੀ ਪੜ੍ਹ ਲੈਂਦੇ।

       ਨੈਪੋਲੀਅਨ ਮੈਦਾਨ-ਏ-ਜੰਗ ’ਚ ਵੀ ਕਿਤਾਬਾਂ ਪੜ੍ਹਨੋਂ ਨੀ ਹਟਦਾ ਸੀ। ਅਸਾਡੇ ਮੀਡੀਆ ਨੇ ਤਾਂ ਘਰ ਘਰ ’ਚ ਖ਼ੌਫ਼ ਦੇ ਸੱਥਰ ਵਿਛਾ ਦਿੱਤੇ। ਜੰਗਬਾਜ਼ ਐਂਕਰ ਜਦੋਂ ਗੱਜਦੇ ਸਨ ਤਾਂ ਘਰਾਂ ਦੇ ਬਨੇਰਿਆਂ ’ਤੇ ਬੈਠੀਆਂ ਅਮਨ ਦੀਆਂ ਘੁੱਗੀਆਂ ਵੀ ਦਹਿਲ ਜਾਂਦੀਆਂ ਸਨ। ਜਾਰਜ ਬੁਸ਼ ਨੇ ਇਰਾਕ ਜੰਗ ਵੇਲੇ ਪ੍ਰੈੱਸ ਵਾਰਤਾ ’ਚ ਕਿਹਾ ਕਿ ਇਰਾਕ ’ਚ ਢਾਈ ਲੱਖ ਲੋਕ ਅਤੇ ਇੱਕ ਕੁੱਤਾ ਮਾਰਾਂਗੇ। ਮੀਡੀਆ ਇੱਕੋ ਸੁਰ ਬੋਲਿਆ, ਕੁੱਤਾ ਕਿਓਂ? ਬੁਸ਼ ਨੇ ਨਾਲ ਬੈਠੇ ਸਾਥੀ ਦੇ ਹੁੱਜ ਮਾਰੀ, ਦੇਖਿਆ ਇਨ੍ਹਾਂ ਨੂੰ ਕੁੱਤੇ ਦਾ ਫਿਕਰ ਐ, ਢਾਈ ਲੱਖ ਲੋਕਾਂ ਦਾ ਨਹੀਂ।

       ਸਿਆਣੇ ਆਖਦੇ ਨੇ, ‘ਚੰਗੇ ਮਲਾਹ ਦੀ ਪਛਾਣ ਤੂਫ਼ਾਨ ਆਉਣ ’ਤੇ ਹੁੰਦੀ ਹੈ।’ ਜੰਗ ਦਾ ਸਾਇਰਨ ਕੀ ਵੱਜਿਆ, ‘ਆਪ’ ਦੀ ਦਿੱਲੀ ਲੀਡਰਸ਼ਿਪ ‘ਬਦਲਾਅ’ ਨੂੰ ਬੁੱਕਲ ’ਚ ਲੈ ਲਾਲ ਕਿਲੇ ਜਾ ਬੈਠੀ। ਪੰਜਾਬ ਆਲੇ ਵਜ਼ੀਰ ਸਰਹੱਦਾਂ ’ਤੇ ਡਟੇ ਰਹੇ। ਜਿਉਂ ਹੀ ਗੋਲੀਬੰਦੀ ਹੋਈ, ਦਿੱਲੀ ਆਲੇ ਲੀਡਰ ਪੰਜਾਬ ’ਚ ਮੁੜ ਲੈਂਡ ਕਰ ਗਏ। ਮੋਢਿਆਂ ਤੇ ਬੈਠਾ ‘ਬਦਲਾਅ ਸਿੰਘ’ ਹੇਕਾਂ ਲਾਉਣੋਂ ਨਾ ਹਟੇ, ‘ਦਿਲ ਦੀਆ ਹੈ, ਜਾਨ ਵੀ ਦੇਂਗੇ, ਐ ਵਤਨ ਤੇਰੇ ਲੀਏ..।’

(15 ਮਈ 2025)

Wednesday, April 30, 2025

                                        ਚਾਰੇ ਕੂਟ ਹਨੇਰਾ...!         
                                                       ਚਰਨਜੀਤ ਭੁੱਲਰ 

ਚੰਡੀਗੜ੍ਹ : ਰਿਸ਼ਤਾ ਪ੍ਰਣਾਲੀ ’ਚ ਜਿਵੇਂ ਫੁੱਫੜ ਤੇ ਕੁੱਕੜ ਦਾ ਰਿਸ਼ਤੈ, ਠੀਕ ਉਵੇਂ ਹਕੂਮਤੀ ਹਮਾਮ ’ਚ ਰਾਜਨੇਤਾ ਤੇ ਅਫ਼ਸਰ ਨਿਭਦੇ ਨੇ। ਨੇਤਾਵਾਦ ਕਦੇ ਛੜੇ ਜੇਠ ਵਾਂਗ ਭਿੜਦੈ, ਕਦੇ ਦਿਉਰ-ਭਾਬੀ ਵਾਲੇ ਚੋਹਲ ਮੋਹਲ ਵੀ ਕਰਦੈ। ਜਨਾਬ ਦਾ ਨੇਤਾ ਨਾਲ ਸਹੀ ‘ਪੰਡਜੋੜ’ ਬਣ ਜਾਏ, ਫਿਰ ਪੌਂ ਬਾਰਾਂ ਹੁੰਦੀਆਂ ਨੇ। ‘ਅੱਡ ਖਾਏ, ਹੱਡ ਖਾਏ’। ਤਾਹੀਂ ਇੱਕੋ ਬਾਟੇ ਛਕਦੇ ਨੇ। ਇਨ੍ਹਾਂ ਦੀ ਜਨਮ ਪੱਤਰੀ ਦੇਖ ਲੱਗਦੈ, ‘ਹਮ ਬਨੇ ਤੁਮ ਬਨੇ, ਇੱਕ ਦੂਜੇ ਕੇ ਲੀਏ।’ ਲੋਕ ਸੇਵਾ ਕਰਦੇ ਘੱਟ ਨੇ, ਕਰਾਉਂਦੇ ਵੱਧ ਨੇ। ਇਸੇ ਸੇਵਾਗਿਰੀ ’ਚ ਪੰਜਾਬ ਪੈਂਚਰਾਂ ਆਲੀ ਟਿਊਬ ਵਰਗਾ ਕਰ’ਤਾ।

        ਸਰਦਾਰ ਪਟੇਲ ਨੇ ਆਈਏਐੱਸ ਅਫਸਰਾਂ ਨੂੰ ‘ਸਟੀਲ ਫਰੇਮ ਆਫ਼ ਇੰਡੀਆ’ ਦਾ ਦਰਜਾ ਦਿੱਤਾ। ਨਾਲੇ ਨਸੀਹਤ ਦਿੱਤੀ ਕਿ ਜੇ ਕਿਸੇ ਮੰਤਰੀ ਦੇ ਡਰ ’ਚ ਸਹੀ ਮਸ਼ਵਰਾ ਨਹੀਂ ਦੇ ਸਕਦੇ ਤਾਂ ਕਿਤੇ ਹੋਰ ਚਲੇ ਜਾਣਾ। ਹਜ਼ੂਰ ਨੇ ਕਿੱਥੇ ਜਾਣੈ ,‘ਜੀਨਾ ਯਹਾਂ, ਮਰਨਾ ਯਹਾਂ, ਇਸ ਕੇ ਸਿਵਾ ਜਾਨਾ ਕਹਾਂ’। ਹਕੂਮਤ ਪੰਜ ਸਾਲ ਚੱਲਦੀ ਹੈ ਪਰ ਅਫ਼ਸਰਾਂ ਦੀ ‘ਚੱਤੋ ਪਹਿਰ ਬਸੰਤ’ ਹੁੰਦੀ ਹੈ। ਭਲੇ ਵੇਲਿਆਂ ’ਚ ਅਫ਼ਸਰਾਂ ਨੂੰ ਦੇਖ ‘ਗੁੱਡ ਮੈਨ ਦੀ ਲਾਲਟੈਨ’ ਮੂੰਹੋਂ ਨਿਕਲਦਾ ਸੀ। ਹੁਣ ਚਾਰੇ ਪਾਸੇ ‘ਯੈੱਸ ਮੈਨ ਦੀ ਲਾਲਟੈਨ’ ਚਮਕਦੀ ਪਈ ਹੈ।

        ਜੋ ਸਿਆਸੀ ਲਕੀਰ ਦੇ ਫ਼ਕੀਰ ਨਹੀਂ ਬਣਦੇ, ਪਹਿਲੋਂ ਉਨ੍ਹਾਂ ਨੂੰ ਖੁੱਡੇ ਲਾਈਨ ਦੇ ਦਰਸ਼ਨ ਕਰਾਏ ਜਾਂਦੇ ਸੀ। ਤੁਸੀਂ ਇਸ ਨੂੰ ‘ਖੁੱਡਾ ਅਸਟੇਟ’ ਵੀ ਆਖ ਸਕਦੇ ਹੋ। ਬੇਅੰਤ ਸਰਕਾਰ ’ਚ ਜਦ ਮਹਾਤੜ ਅਫ਼ਸਰਾਂ ਨੂੰ ਖੁੱਡੇ ’ਚ ਤਾੜ ਦਿੱਤਾ ਸੀ ਤਾਂ ਉਹ ਦਿਨ ਭਰ ਚਾਹਾਂ ਪੀਂਦੇ, ਪਕੌੜੇ ਛਕਦੇ, ਨਾਲੋ ਨਾਲ ਚੁਗਲੀ ਮੋਰਚਾ ਵੀ ਖੁੱਲ੍ਹਦਾ। ਬੇਅੰਤ ਸਿੰਘ ਅਕਸਰ ਇਨ੍ਹਾਂ ਨੂੰ ‘ਚਾਹ ਪੀਣੇ’ ਆਖਦਾ। ‘ਬਦਲਾਅ’ ਨੂੰ ਸਿੰਗ ਲੱਗੇ ਹੁੰਦੇ ਤਾਂ ‘ਖੁੱਡਾ ਅਸਟੇਟ’ ’ਤੇ ਬੁਲਡੋਜ਼ਰ ਨਹੀਂ ਚੱਲਣਾ ਸੀ। ਲਓ ਜੀ, ਹੁਣ ਕੋਈ ਅਫ਼ਸਰ ਖੁੱਡੇ ਲਾਈਨ ਨਹੀਂ ਲੱਗੇਗਾ, ਖਿੱਚ’ਤੀ ਵੱਡੀ ਲਕੀਰ। ‘ਰੰਗਲੇ ਪੰਜਾਬ’ ’ਚ ਅਫ਼ਸਰਾਂ ਲਈ ਪ੍ਰਬੰਧ ਵੀ ਰੰਗੀਨ ਹੀ ਕੀਤੇ ਗਏ ਨੇ, ਉਨ੍ਹਾਂ ਲਈ  ‘ਹਵਾਈ ਝੂਲਾ’ ਸਜਾਇਐ।

        ਹਕੂਮਤ ਰੱਬ ਤਾਂ ਨਹੀਂ ਹੁੰਦੀ ਪਰ ਰੱਬ ਤੋਂ ਘੱਟ ਵੀ ਨਹੀਂ ਹੁੰਦੀ। ਜਦੋਂ ਦਿਲ ਕਰੇ, ਕਿਸੇ ਵੀ ਨਾਢੂ ਖ਼ਾ ਨੂੰ ਹਵਾ ’ਚ ਕਰ ਸਕਦੀ ਹੈ। ਮਤਲਬ ਬਿਨਾਂ ਪੋਸਟਿੰਗ ਤੋਂ ਲਟਕਾ ਦਿਓ ਹਵਾ ’ਚ। ਜਦੋਂ ਚੰਗੀ ਭੱਲ ਵਾਲੇ ਅਫ਼ਸਰ ‘ਹਵਾਈ ਝੂਲੇ’ ’ਚ ਬਿਠਾਏ ਜਾਂਦੇ ਨੇ ਤਾਂ ਲੋਕ ਮਨਾਂ ’ਚ ਚੀਸ ਉੱਠਦੀ ਹੈ। ਸੁਰਜੀਤ ਪਾਤਰ ਮੁਖ਼ਾਤਬ ਹੁੰਦਾ ਹੈ, ‘ਝੂਠਿਆਂ ਦੇ ਝੁੰਡ ਦੇ ਵਿੱਚ ਸੱਚ ਕਹਿਕੇ ਜਦੋਂ ਮੈਂ ਇਕੱਲਾ ਰਹਿ ਗਿਆ, ਸਤਿਗੁਰੂ ਨੂੰ ਯਾਦ ਕੀਤਾ ਤਾਂ ਸਵਾ ਲੱਖ ਹੋ ਗਿਆ।’ ਦਿੱਲੀ ਵਾਲੇ ਪਾਸਿਓਂ ਹਨੇਰੀ ਕਾਹਦੀ ਆਈ ਤਾਂ ਇੱਕ ਅਫ਼ਸਰ ਨੂੰ ਘੁੱਟ ਕੇ ਆਪਣੀ ਪੱਗ ਨੂੰ ਹੱਥ ਪਾਉਣਾ ਪਿਆ।

        ‘ਮਾਈ ਤੇਰੇ ਕੁੜਮਾਂ ਨੇ, ਮੇਰੇ ਕੰਮ ਦੀ ਕਦਰ ਨਾ ਪਾਈ’। ਦਰਜਨਾਂ ਅਫ਼ਸਰ ਤਿੰਨ ਵਰਿ੍ਹਆਂ ਦੌਰਾਨ ਹਵਾਈ ਝੂਲੇ ’ਤੇ ਝੂਟੇ ਲੈ ਚੁੱਕੇ ਹਨ। ਜਿਨ੍ਹਾਂ ਨੇਕ ਅਫ਼ਸਰਾਂ ਦੀ ਲੋੜ ਹਵਾਈ ਚੱਪਲ ਪਹਿਨਣ ਵਾਲਿਆਂ ਨੂੰ ਹੈ, ਉਨ੍ਹਾਂ ਦੀ ਤਸ਼ਰੀਫ਼ ਸਰਕਾਰ ਨੇ ਕਰੇਨ ਨਾਲ ਹਵਾਈ ਝੂਲੇ ’ਚ ਸਜਾ ਰੱਖੀ ਹੈ। ਸੀਬੀਆਈ ਅਦਾਲਤ ਨੇ ਟਿੱਪਣੀ ਸੀ ਕਿ ਦੋਵੇਂ ਹੱਥੀਂ ਪਬਲਿਕ ਨੂੰ ਲੁੱਟਣ ਵਾਲਾ ਮਾਸਾਹਾਰੀ ਹੁੰਦੈ। ਕਈ ਮਾਸਾਹਾਰੀ ਵੀ ਹੁਣ ਲਛਮਣ ਝੂਲੇ ’ਚ ਝੂਟੇ-ਮਾਟੇ ਕਰ ਰਹੇ ਨੇ। ਉੱਪਰੋਂ ਸਰਕਾਰ ਨੂੰ ਫੋਕੇ ਉਲਾਂਭੇ ਵੀ ਦੇ ਰਹੇ ਨੇ। ਸਰਕਾਰੀ ਬਨੇਰੇ ’ਤੇ ਗਾਣਾ ਵੱਜਿਐ, ‘ਪਹਿਲੀ ਕਿੱਕ ’ਤੇ ਸਟਾਰਟ ਮੇਰਾ ਯਾਮਹਾ, ਤੂੰ ਹੋਰ ਦੱਸ ਕੀ ਭਾਲਦੀ।’

        ‘ਵਕਤ ਵਿਚਾਰੇ ਸੋ ਬੰਦਾ ਹੋਏ।’ ਅਸਲ ਵਿੱਚ ਝੂਲੇ ਦਾ ਸਿਆਸਤ ਨਾਲ ਸਬੰਧ ਹੀ ਡੂੰਘਾ ਹੈ। ਚੀਨੀ ਰਾਸ਼ਟਰਪਤੀ ਜਦੋਂ ਭਾਰਤ ਆਏ ਤਾਂ ਪਿਆਰੇ ਨਰਿੰਦਰ ਮੋਦੀ ਨੇ ਜਿਨਪਿੰਗ ਨੂੰ ਸਾਬਰਮਤੀ ਦਰਿਆ ਕਿਨਾਰੇ ਝੂਲੇ ਝੁਲਾਏ ਸਨ। ਦੋਵੇਂ ਮੁਹੰਮਦ ਸਦੀਕ ਦੇ ਫ਼ੈਨ ਨਿਕਲੇ, ‘ਮਿੱਤਰਾਂ ਦੇ ਤਿੱਤਰਾਂ ਨੂੰ, ਨੀ ਮੈਂ ਤਲੀਆਂ ’ਤੇ ਚੋਗ ਚੁਗਾਵਾਂ।’ ਨੁਕਤਾਚੀਨ ਮਾਸਾਹਾਰੀ ਅਫ਼ਸਰਾਂ ’ਤੇ ਢਿੱਡੋਂ ਦੁਖੀ ਹੁੰਦੇ ਨੇ। ਓਹ ਕੀ ਜਾਣਨ ਕਿ ਜਨਾਬ ਦਾ ਤਪ ਤੇਜ ਹੈ, ਤਾਹੀਂ ਵੱਡੀ ਜਿੰਮੇਵਾਰੀ ਮਿਲਦੀ ਹੈ। ਅਜਿਹੇ ਅਫ਼ਸਰ ਤਾਂ ਤਾਕਤ ਦੇ ਨਸ਼ੇ ’ਚ ਝੱਟ ਦੇਵਦਾਸ ਬਣ ਜਾਂਦੇ ਨੇ, ਫਿਰ ਉਨ੍ਹਾਂ ਨੂੰ ਹਕੂਮਤ ਚੋ ਕਦੇ ਪਾਰੋ ਤੇ ਕਦੇ ਚੰਦਰਮੁਖੀ ਦਿਖਦੀ ਹੈ। ਸੱਤਾ ਦਾ ਹੰਕਾਰ ਕਈ ਅਫ਼ਸਰਾਂ ਨੂੰ ਸੂਰਮਾ ਸਿੰਘ ਬਣਾ ਦਿੰਦਾ ਹੈ।

        ਬੰਬੂਕਾਟ ਫ਼ਿਲਮ ’ਚ ਰੇਲਵੇ ਅਫ਼ਸਰ ਬਣਿਆ ਬਿੰਨੂ ਢਿੱਲੋਂ ਆਖਦੈ, ‘ਸਾਸਰੀ ਕਾਲ ਬੁਲਾਉਣੀ ਥੋਡਾ ਫ਼ਰਜ਼ ਐ, ਜੁਆਬ ਦੇਣਾ ਜਾਂ ਨਾ ਦੇਣਾ, ਅਫ਼ਸਰਾਂ ਦੀ ਮਰਜ਼ੀ।’ ਅਸਲ ’ਚ ਸਰਕਾਰ ਮਹਾਂ ਦੀ ਦਾਲ ਵਰਗੀ ਹੁੰਦੀ ਹੈ, ਕਿਸੇ ਲਈ ਬਾਦੀ ਤੇ ਕਿਸੇ ਲਈ ਸੁਆਦੀ। ਸਪੀਕਰ ਕੁਲਤਾਰ ਸੰਧਵਾਂ ਪੰਜਾਬ ਪੁਲੀਸ ਚੋਂ ਕਾਲੀਆਂ ਭੇਡਾਂ ਲੱਭਣ ਤੁਰ ਪਏ ਸਨ। 1970 ਵਿੱਚ ਪ੍ਰਕਾਸ਼ ਸਿੰਘ ਬਾਦਲ ਨੇ ਮੀਟਿੰਗ ’ਚ ਹੁਕਮ ਦਿੱਤੇ ਕਿ ਕੁਰੱਪਟ ਅਫ਼ਸਰਾਂ ਦੀ ਸੂਚੀ ਤਿਆਰ ਕਰੋ। ਐੱਸਐੱਸਪੀ ਪਟਿਆਲਾ ਬੀ.ਐੱਸ.ਧਾਲੀਵਾਲ ਮਸ਼ਵਰਾ ਦੇਣ ਦੀ ਭੁੱਲ ਕਰ ਬੈਠੈ, ਸਰ! ਠੀਕ ਸਮਝੋ ਤਾਂ ਇਮਾਨਦਾਰ ਅਫ਼ਸਰਾਂ ਦੀ ਸੂਚੀ ਬਣਾ ਲਈਏ, ਸਮਾਂ ਵੀ ਥੋੜ੍ਹਾ ਲੱਗੂ ਤੇ ਤਿਆਰ ਵੀ ਜਲਦੀ ਹੋਜੂ।

        ਦੱਸਦੇ ਹਨ ਕਿ ਹਫ਼ਤੇ ਬਾਅਦ ਹੀ ਧਾਲੀਵਾਲ ਨੂੰ ‘ਖੁੱਡੇ ਲਾਈਨ’ ਹਾਜ਼ਰ ਹੋਣ ਦੇ ਆਰਡਰ ਵਸੂਲ ਹੋ ਗਏ ਸਨ। ਉਹ ਜ਼ਮਾਨਾ ਬੀਤ ਗਿਆ ਜਦੋਂ ਮਹਿੰਦਰ ਸਿੰਘ ਰੰਧਾਵਾ, ਕਪੂਰ ਸਿੰਘ ਤੇ ਮਨੋਹਰ ਸਿੰਘ ਗਿੱਲ ਵਰਗੇ ਅਫ਼ਸਰ ਸਨ ਜਿਨ੍ਹਾਂ ਨੇ ਕਿੱਸੇ ਵੀ ਜਿਉਣੇ ਮੌੜ ਦੇ ਹੀ ਪੜ੍ਹੇ ਹੋਏ ਸਨ। ਜਿਨ੍ਹਾਂ ਨੇ ‘ਜਾਨੀ ਚੋਰ’ ਦੇ ਕਿੱਸੇ ਪੜ੍ਹੇ ਅੱਜ ਉਹ ਮਾਸਾਹਾਰੀ ਬਣੇ ਹੋਏ ਨੇ। ਕਈ ਅਫ਼ਸਰਾਂ ਦੀਆਂ ਪੰਜੇ ਉਂਗਲਾਂ ਘਿਓ ’ਚ ਰਹਿੰਦੀਆਂ ਨੇ ਪਰ ਸੱਚ ਇਹ ਵੀ ਹੈ ਕਿ ਪੰਜੇ ਉਂਗਲਾਂ ਬਰਾਬਰ ਵੀ ਨਹੀਂ ਹੁੰਦੀਆਂ। ‘ਨਾਮ ਲਈਏ ਤਾਂ ਆਦਰ ਉਪਜੇ’, ਪੰਜਾਬ ਕੋਲ ਦਰਜਨ ਕੁ ਸੀਨੀਅਰ ਆਈਏਐੱਸ ਅਫ਼ਸਰ ਨੇ ਜਿਨ੍ਹਾਂ ਨੂੰ ਇੱਜ਼ਤ ਦੇਣ ਨੂੰ ਦਿਲ ਕਰਦੈ।

        ਲਲਕਾਰਾ ਸਿੰਘ ਖ਼ਾਮੋਸ਼ ਨੁਸਖ਼ਾ ਦੱਸ ਰਿਹੈ ਕਿ ਬਈ! ਸਰਦਾਰ ਪਟੇਲ ਨੇ ਜੋ ਗਿੱਦੜਸਿੰਗੀ ਦਿੱਤੀ ਹੈ, ਉਸ ਨੂੰ ਕੋਟ ਦੀ ਜੇਬ ’ਚ ਪਾ ਛੱਡੋ। ਸਰਕਾਰੀ ਘਰੇ ਸਪੀਕਰ ਵੱਜਿਐ ‘ਸਾਡੇ ਨਾਲ ਰਹੋਗੇ ਤਾਂ ਐਸ਼ ਕਰੋਗੇ..।’ ਅਫ਼ਸਰ ਜਣ ਆਖ ਰਹੇ ਨੇ, ‘ਯਾਰੀ ਲਾਈਏ ਤਾਂ ਤੋੜ ਨਿਭਾਈਏ..।’ ਪਰ ਇਹ ਸਰਕਾਰ ਤਾਂ ਅਫ਼ਸਰਾਂ ਨੂੰ ਰੀਚਾਰਜ ਕੂਪਨ ਵਾਂਗੂ ਵਰਤਦੀ ਐ। ਪਿਛਾਂਹ ਚੱਲਦੇ ਹਾਂ, ਪ੍ਰਕਾਸ਼ ਸਿੰਘ ਬਾਦਲ ਨੇ 11 ਜੂਨ 1997 ਨੂੰ ਐਲਾਨ ਕੀਤਾ ਕਿ ਸਭ ਤੋਂ ਵੱਧ ਇਮਾਨਦਾਰ ਅਫ਼ਸਰ ਨੂੰ ਹਰ ਸਾਲ ਇਨਾਮ ਦਿਆਂਗੇ। ਪੰਜ ਸਾਲ ਕੋਈ ਇਮਾਨ ਵਾਲਾ ਅਫ਼ਸਰ ਹੀ ਨਹੀਂ ਲੱਭਿਆ। ਹੋਰ ਪਿਛਾਂਹ ਚੱਲਦੇ ਹਾਂ, ਗਿਆਨੀ ਜ਼ੈਲ ਸਿੰਘ ਨੇ ਗੋਨਿਆਣਾ ਆਲੇ ਹੇਮ ਰਾਜ ਮਿੱਤਲ ਨੂੰ ਐਸਐਸਐਸ ਬੋਰਡ ਦਾ ਚੇਅਰਮੈਨ ਲਾ’ਤਾ। ਮਿੱਤਲ ਸਾਈਕਲ ’ਤੇ ਦਫ਼ਤਰ ਜਾਂਦਾ ਸੀ। ਚਿੱਟੀ ਚਾਦਰ ਲੈ ਕੇ ਗੋਨਿਆਣੇ ਮੁੜਿਆ। ਜਾ ਕੇ ਪੁਰਾਣੀ ਆਟਾ ਚੱਕੀ ’ਤੇ ਬੈਠ ਗਿਆ।

        ਕਿਸੇ ਨੇ ਟਿੱਚਰ ਕੀਤੀ ਕਿ ਮਿੱਤਲ ਬਾਬੂ! ਚਾਰ ਛਿੱਲੜ ਕਮਾ ਲੈਂਦੇ ਤਾਂ ਆਟਾ ਚੱਕੀ ’ਤੇ ਨਾ ਬੈਠਣਾ ਪੈਂਦਾ, ਅੱਗਿਓ ਹੇਮ ਰਾਜ ਨੇ ਜੁਆਬ ਦਿੱਤਾ, ‘ਤੇਰੀ ਮੰਨਦਾ ਤਾਂ ਮੈਂ ਅੱਜ ਜੇਲ੍ਹ ਦੀ ਚੱਕੀ ’ਤੇ ਬੈਠਾ ਹੋਣਾ ਸੀ।’ ਨਵੀਂ ਫ਼ਿਲਮ ‘ਹੁਸ਼ਿਆਰ ਸਿੰਘ’ ਦਾ ਡਾਇਲਾਗ ਐ, ‘ਜੋ ਸਿਸਟਮ ਨੂੰ ਬਦਲਣ ਦੀ ਕੋਸ਼ਿਸ਼ ਕਰੇਗਾ, ਉਸ ਨੂੰ ਹੀ ਬਦਲ ਦਿੱਤਾ ਜਾਵੇਗਾ।’ ਖ਼ੈਰ ਜਦੋਂ ਪੰਜਾਬ ਦੇ ਪਤਨ ਦਾ ਇਤਿਹਾਸ ਲਿਖਿਆ ਜਾਊ, ਉਦੋਂ ਨੇਤਾਵਾਂ ਦਾ ਨਾਲ ਨਾਲ ਅਫ਼ਸਰਸ਼ਾਹੀ ਦਾ ਨਾਮ ਵੀ ਬੋਲੇਗਾ। ਜਨਾਬ! ਕਦੋਂ ਤੱਕ  ਬੋਲਣ ਤੋਂ ਹੀ ਡਰੀ ਜਾਓਗੇ। ਜਦੋਂ ਅੰਨ੍ਹੀ ਪੀਂਹਦੀ ਹੋਵੇ ਤੇ ਕੁੱਤੇ ਚੱਟਦੇ ਹੋਣ ਤਾਂ ਫਿਰ ਇਮਾਨਦਾਰੀ ਦਾ ਟੈਂਡਰ ਕੋਈ ਨਹੀਓਂ ਚੁੱਕਦਾ।

        ਪ੍ਰੋ. ਲਕਸ਼ਮਣ ਯਾਦਵ ਲਿਖਦੈ, ‘ਬੋਲੀਏ ਤਾਂ ਕਰੀਅਰ ਖ਼ਤਮ, ਨਾ ਬੋਲੀਏ ਤਾਂ ਆਤਮ ਸਨਮਾਨ ਖ਼ਤਮ।’ ਰੀੜ੍ਹ ਦੀ ਹੱਡੀ ਨਹੀਂ ਬਚੀ, ਜੀ ਹਜ਼ੂਰੀ ਦਾ ਰੋਗ ਜੜ੍ਹਾਂ ’ਚ ਬੈਠਿਐ, ਚੂਰਨ ਨਾਲ ਗੱਲ ਨਹੀਂ ਬਣਨੀ, ਮਧੇ ਆਲੇ ਵੈਦਾਂ ਤੋਂ ਕਾੜ੍ਹਾ ਪਿਲਾਉਣਾ ਪਊ। ਯਮਲਾ ਜੱਟ ਪੁਕਾਰ ਰਿਹੈ, ‘ਚਾਰੇ ਕੂਟ ਹਨੇਰਾ, ਜੋਤ ਜਗਾ ਜਾਵੀਂ..।’

(27 ਅਪਰੈਲ 2025)


Tuesday, April 15, 2025

                                         ਕੋਹ ਕੋਹ ਕੂਕ ਸੁਣੇ..! 
                                                        ਚਰਨਜੀਤ ਭੁੱਲਰ 

ਚੰਡੀਗੜ੍ਹ : ਚੇਤਨ ਸਿੰਘ ਜੌੜਾਮਾਜਰਾ, ਨਾਮ ਹੀ ਕਾਫ਼ੀ ਨਹੀਂ, ਡੀਲ-ਡੌਲ ਵੀ ਕਾਫ਼ੀ ਹੈ। ਭਲਿਓ! ਜੌੜਾਮਾਜਰਾ ਨਹੀਂ, ਹੁਣ ਚੌੜਾਮਾਜਰਾ ਕਹੋ। ‘ਦਾਸ’ ਨੇ ਜਦੋਂ ਤੋਂ ਸਮਾਣੇ ਆਲੇ ਅਧਿਆਪਕਾਂ ਦਾ ‘ਆਦਰ-ਮਾਣ’ ਕੀਤੈ, ਚੰਗੀ ਭੱਲ ਖੱਟ ਗਏ ਨੇ। ਅਜਿਹਾ ਸੁਭਾਗ ਟਾਵਿਆਂ ਨੂੰ ਮਿਲਦੈ। ਨਿੱਕੇ ਹੁੰਦਿਆਂ ਅਧਿਆਪਕਾਂ ਨੇ ਕਿਤੇ ਕੰਨ ਪੁੱਟੇ ਹੁੰਦੇ ਤਾਂ ਜੌੜਾਮਾਜਰਾ ਇੰਜ ਨਾ ਕਰਦੇ। ਮਾਰ ਕੇ ‘ਸਿੱਖਿਆ ਕ੍ਰਾਂਤੀ’ ਦੇ ਘੋੜੇ ਨੂੰ ਅੱਡੀ, ਪੁੱਜ ਗਏ ‘ਸਕੂਲ ਆਫ਼ ਐਮੀਨੈਂਸ’। ਪਹਿਲੋਂ ਸਕੂਲ ’ਚ ਚਰਨ ਕਮਲ ਪਾਏ, ਰਿਬਨ ਵੀ ਕਰ ਕਮਲਾਂ ਨਾਲ ਕੱਟਿਆ, ਸਟੇਜ ਤੋਂ ਫਿਰ ਮੁੱਖ ਕਮਲ ਚੋਂ ਜੋ ਫ਼ਰਮਾਏ, ਤੁਸੀਂ ਜਾਣੀ ਜਾਣ ਹੋ।

ਅਮਿਤਾਭ ਬਚਨ ‘ਸਰਕਾਰ’ ਫ਼ਿਲਮ ’ਚ ਆਖਦੈ, ‘ਜੋ ਮੁਝ ਕੋ ਸਹੀ ਲਗਤਾ ਹੈ, ਵੋਹ ਮੈਂ ਕਰਤਾ ਹੂੰ।’ਜੌੜਾਮਾਜਰਾ ਜੀ! ਲੱਲੀ-ਛੱਲੀ ਦੀ ਪ੍ਰਵਾਹ ਨਹੀਓਂ ਕਰਨੀ। ਜਦ ਚੇਤਨ ਸਿਓ ਨੇ ਸਮਾਣੇ ਆਲੇ ਸਕੂਲ ’ਚ ਤਿੰਨ ਮੇਲ ਦੇ ਪ੍ਰਸ਼ਾਦ ਦੇ ਗੱਫੇ ਵਰਤਾਏ ਤਾਂ ਅਧਿਆਪਕਾਂ ਦੇ ਹੱਥ ਸੜ ਗਏ, ਬੱਚਿਆਂ ਨੇ ਤਾਂ ਹੱਸਣਾ ਹੀ ਸੀ। ਮਾਹੌਲ ਏਨਾ ਤੱਤਾ ਸੀ, ਜੇ ਕੋਈ ਸਟੇਜ ਤੋਂ ਨਾਅਰਾ ਵੀ ਮਾਰ ਦਿੰਦਾ, ‘ਦੇਸ਼ ਦਾ ਨੇਤਾ ਕੈਸਾ ਹੋ’, ਬੱਚਿਆਂ ਨੇ ਦੂਣੀ ਦੇ ਪਹਾੜੇ ਵਾਂਗੂ ਗੱਜਣਾ ਸੀ, ‘ਜੌੜਾਮਾਜਰਾ ਜੈਸਾ ਹੋ।’ ਚੇਤਨਵੀਰ ਦਾ ਜਜ਼ਬਾ ਵੀ ਉਬਲਦੇ ਦੁੱਧ ਵਰਗੈ।

       ‘ਕਾਬਾ ਕਿਸ ਮੂੰਹ ਸੇ ਜਾਓਗੇ ਗ਼ਾਲਿਬ, ਸ਼ਰਮ ਤੁਮਕੋ ਮਗਰ ਆਤੀ ਨਹੀਂ।’  ਮੂੰਹਾਂ ਨੂੰ ਮੁਲਾਹਜ਼ੇ, ਸਿਰਾਂ ਨੂੰ ਸਲਾਮਾਂ। ਜਿਵੇਂ ਜੌੜਾਮਾਜਰਾ ਦੇ ਮੁਖਾਰਬਿੰਦ ਚੋਂ ਫੁੱਲ ਕਿਰੇ, ਗਾਰਡ ਆਫ਼ ਆਨਰ ਤਾਂ ਦੇਣਾ ਹੀ ਬਣਦੈ। ਚੁੱਪ ਸਿੰਘ ਬੜਬੋਲਾ ਆਖਦੈ ਕਿ ਨੇਕ ਕੰਮ ਲਈ ਦੇਰੀ ਕਾਹਦੀ, ਆਉਂਦੇ ‘ਅਧਿਆਪਕ ਦਿਵਸ’ ’ਤੇ ਲੱਦ ਦਿਓ ਫੁੱਲਾਂ ਨਾਲ ਪਿਆਰੇ ਚੇਤਨ ਨੂੰ। ਭਲਾ ਉਸ ਵਿਧਾਇਕੀ ਨੂੰ ਕੀ ਚੱਟਣੈ, ਜਿਹੜੀ ਖਰੀ ਹੀ ਨਾ ਕੀਤੀ। ਨਛੱਤਰ ਸੱਤਾ ਗਾਉਂਦਾ ਮਰ ਗਿਆ, ‘ਮੰਦੜੇ ਬੋਲ ਨਾ ਬੋਲ ਵੇ ਸੱਜਣਾ..।’ ਹਲਦੀ ਘਾਟੀ ਦੀ ਲੜਾਈ ’ਚ ਮਹਾਰਾਣਾ ਪ੍ਰਤਾਪ ਦਾ ਘੋੜਾ ‘ਚੇਤਕ’ ਅੰਨ੍ਹੇਵਾਹ ਦੌੜਿਆ ਸੀ। ਪੰਜਾਬ ਦਾ ਚੇਤਨ ਉਹਤੋਂ ਵੀ ਵੱਧ ਤੇਜ਼ੀ ਨਾਲ ਦੌੜਿਆ, ਜਦੋਂ ਗੰਦੇ ਗੱਦਿਆਂ ਦੀ ਸੂਹ ਮਿਲੀ, ਜਾ ਪੁੱਜਿਆ ਫ਼ਰੀਦਕੋਟ ਦੇ ਹਸਪਤਾਲ।

       ਜਨਾਬ ਨੇ ਜਾਂਦਿਆਂ ਹੀ ਰੀੜ੍ਹ ਦੀ ਹੱਡੀ ਦੇ ਮਸ਼ਹੂਰ ਡਾ. ਰਾਜ ਬਹਾਦੁਰ ਨੂੰ ਭਰੀ ਪੰਚਾਇਤ ’ਚ ਗੰਦੇ ਗੱਦੇ ’ਤੇ ਲੰਮਾ ਪਾ ਲਿਆ। ਜਿਨ੍ਹਾਂ ਵੀਸੀ ਨੂੰ ਲਮਲੇਟ ਕਰ ਲਿਆ, ਉਨ੍ਹਾਂ ਅੱਗੇ ਸਮਾਣੇ ਆਲੇ ਟੀਚਰ ਕਿਹੜੇ ਬਾਗ਼ ਦੀ ਮੂਲੀ ਨੇ। ਜਿਨ੍ਹਾਂ ਨੇ ਸਕੂਲ ਪੜ੍ਹਦੇ ਫ਼ੀਸ ਮੁਆਫ਼ੀ ਦੀ ਅਰਜ਼ੀ ਲਿਖੀ ਹੁੰਦੀ ਐ, ਉਨ੍ਹਾਂ ਨੂੰ ਜ਼ਿੰਦਗੀ ’ਚ ਮੁਆਫ਼ੀ ਮੰਗਣ ਦੀ ਨੌਬਤ ਨਹੀਂ ਆਉਂਦੀ। ਖ਼ੈਰ, ਜੌੜਾਮਾਜਰਾ ਦੀ ਪਿੱਠ ਪਈ ਸੁਣਦੀ ਐ, ਵੱਡਾ ਦਿਲ ਰੱਖਦੇ ਨੇ, ਅੱਖ ਦੇ ਫੋਰੇ ਮੁਆਫ਼ੀਵੀਰ ਬਣ ਗਏ। ਕੇਰਾਂ ਬਿੱਲ ਕਲਿੰਟਨ ਆਪਣੇ ਦਫ਼ਤਰ ਦੀ ਕੱਚੀ ਮੁਲਾਜ਼ਮ ਮੋਨਿਕਾ ਲੇਵਿੰਸਕੀ ਨੂੰ ਛੇੜ ਬੈਠਾ। ਕਲਿੰਟਨ ਨੇ ਜਨਤਿਕ ਮੁਆਫ਼ੀ ਮੰਗ ਕੇ ਖਹਿੜਾ ਛੁਡਵਾਇਆ।

       ਭਲਾ ਦੱਸੋ! ਅਮਰੀਕਾ ਦਾ ਥਾਣੇਦਾਰ ਕਲਿੰਟਨ ਮੁਆਫ਼ੀ ਮੰਗ ਸਕਦੈ, ਫਿਰ ਜੌੜਾਮਾਜਰਾ ਕਲਿੰਟਨ ਤੋਂ ਵੱਡਾ ਤਾਂ ਨਾ ਹੋਇਆ। ਸ਼ਮਸ਼ੇਰ ਲਹਿਰੀ ਵੀ ਇਹੋ ਹਾਮੀ ਭਰ ਰਿਹੈ, ‘ਕਿਸੇ ਤੋਂ ਮੁਆਫ਼ੀ ਮੰਗ ਲਈਏ, ਕਿਸੇ ਨੂੰ ਮੁਆਫ਼ ਕਰੀਏ।’ ਅੱਜ ਕੱਲ੍ਹ ਜੌੜਾਮਾਜਰਾ ਕੌਂਕਿਆਂ ਆਲੇ ਮੋਦਨ ਨਾਲੋਂ ਵੱਧ ਮਸ਼ਹੂਰ ਹੋਇਆ ਪਿਐ। ਸਕੂਲੇ ਪੜ੍ਹਦਿਆਂ ਜ਼ਰੂਰ ਕਿਤਾਬਾਂ ਨਾਲ ਅਣਬਣ ਰਹੀ ਹੋਊ। ਅਧਿਆਪਕਾਂ ਨੇ ਐਂ ਰੌਲਾ ਪਾਇਆ ਜਿਵੇਂ ਸਮਾਣੇ ਦੀ ਸੀਮਾ ’ਤੇ ਪ੍ਰਮਾਣੂ ਬੰਬ ਡਿੱਗ ਪਿਆ ਹੋਵੇ। ਅਧਿਆਪਕ ਜਗਤ ਕੈੜ ਅੱਖ ਨਾਲ ਝਾਕਣ ਲੱਗ ਪਿਆ। ਚਾਚਾ ਚੰਡੀਗੜ੍ਹੀਆ ਆਖਦਾ ਹੁੰਦਾ ਸੀ, ‘ਘੂਰ-ਘੂਰ ਕੇ ਦੇਖਦੇ ਹੋ, ਮੈਂ ਕੋਈ ਗੱਦੀਓ ਲੱਥਾ ਵਜ਼ੀਰ ਤਾਂ ਨਹੀਂ।’ 

       ‘ਨੱਥਾ ਸਿੰਘ ਐਂਡ ਪ੍ਰੇਮ ਸਿੰਘ, ਵਨ ਐਂਡ ਦੀ ਸੇਮ ਥਿੰਗ।’ ਜੌੜਾਮਾਜਰਾ ਨੇ ਜ਼ਰੂਰ ਕਿਤੇ ਕਾਂਗਰਸੀ ਨੇਤਾ ਭਾਰਤ ਭੂਸ਼ਨ ਆਸ਼ੂ ਦਾ ਜੂਠਾ ਖਾ ਲਿਆ ਹੋਊ। ਜਦੋਂ ਆਸ਼ੂ ਜੀ ਪਟਿਆਲੇ ਆਲੇ ਰਾਜੇ ਦੀ ਸਰਕਾਰ ’ਚ ਮੰਤਰੀ ਸਨ, ਉਦੋਂ ਮਹਿਲਾ ਡੀਈਓ ਆਸ਼ੂ ਦੇ ਸਮਾਗਮਾਂ ’ਚ ਲੇਟ ਆਉਣ ਦੀ ਗੁਸਤਾਖ਼ੀ ਕਰ ਬੈਠੀ। ਆਸ਼ੂ ਨੇ ਭਰੇ ਮੇਲੇ ’ਚ ਬੀਬੀ ਦਾ ‘ਇੱਜ਼ਤ-ਮਾਣ’ ਕਰ’ਤਾ ਸੀ। ਗੁਣਾਂ ਦੀ ਗੁਥਲੀ, ਮੇਰੀ ਮੁਰਾਦ ਆਸ਼ੂ ਲੁਧਿਆਣਵੀਂ ਤੋਂ ਹੈ, ਜਿਹਦੇ ਹੁਣ ਕਹਿੰਦੇ ਫਿਰਦੇ ਨੇ, ‘ਮੈਂ ਤਾਂ ਬੋਲਦਾ ਹੀ ਬਹੁਤ ਘੱਟ ਹਾਂ।’ ਭਾਰਤੀ ਸਿਆਸਤ ’ਚ ਨੇਤਾ ਝੂਠ ਬੋਲਣ ’ਚ ਭੋਰਾ ਕੰਜੂਸੀ ਨਹੀਂ ਕਰਦੇ। ਰਾਜ ਕੁਮਾਰ ਦਾ ਡਾਇਲਾਗ ਤਾਂ ਸੁਣਿਆ ਹੋਊ, ‘ਹਮ ਕੋ ਮਿਟਾ ਸਕੇ, ਜ਼ਮਾਨੇ ਮੇਂ ਦਮ ਨਹੀਂ।’

ਅਮਲੋਹ ਆਲੇ ਸਾਧੂ ਸਿੰਘ ਧਰਮਸੋਤ ਦਾ ਜ਼ੁਬਾਨ ਰਸ ਵੀ ਨਾਭੇ ਦੀ ਗਲੀ ਗਲੀ ’ਚ ਚੋਇਆ ਸੀ। ਮੰਤਰੀ ਹੁੰਦਿਆਂ ਇੱਕ ਮਹਿਲਾ ਪ੍ਰਿੰਸੀਪਲ ਨੂੰ ਪੈ ਨਿਕਲੇ ਸਨ। ਪ੍ਰਿੰਸੀਪਲ ਬੀਬੀ ਨੂੰ ਧਰਮਸੋਤ ਦੀ ਸਾਧੂਗਿਰੀ ਚੋਂ ਅਰਜੁਨ ਵੈਲੀ ਦਾ ਝਉਲਾ ਪਿਆ। ਸਿਆਣੇ ਆਖਦੇ ਨੇ, ਬਈ! ਬੱਚੇ ਨੂੰ ਬੋਲਣ ਸਿੱਖਣ ਲਈ ਦੋ ਸਾਲ ਲੱਗਦੇ ਨੇ, ਜ਼ੁਬਾਨ ਸੰਭਾਲਣੀ ਸਿੱਖਣ ਲਈ ਸੱਠ ਸਾਲ ਲੱਗ ਜਾਂਦੇ ਨੇ। ਇਨ੍ਹਾਂ ਖ਼ਾਮੋਸ਼ ਰੂਹਾਂ ਨੂੰ ਦੇਖ ਇਹੋ ਦਿਮਾਗ਼ ’ਚ ਘੁੰਮਦੈ, ‘ਦੁਨੀਆ ਬਨਾਣੇ ਵਾਲੇ, ਕਿਆ ਤੇਰੇ ਮਨ ਮੇਂ ਸਮਾਈ..।’ ਕਈ ਵਾਰੀ ਜ਼ੁਬਾਨ ਵਾਂਗੂ ਗੱਲ ਵੀ ਕਿਧਰੇ ਹੋਰ ਪਾਸੇ ਹੀ ਤਿਲਕ ਜਾਂਦੀ ਹੈ। 

‘ਦੁਨੀਆ ਬਣਾਉਣ ਵਾਲਿਆ ਤੇਰੇ ਸੰਦਾਂ ਦਾ ਭੇਤ ਨਾ ਆਇਆ।’ ਬੰਦੇ ਨੂੰ ਸਮਝਣਾ ਸੌਖਾ, ਰੱਬ ਨੂੰ ਔਖੈ। ਪ੍ਰੋ. ਮੋਹਨ ਸਿੰਘ ਲਿਖਦੇ ਨੇ, ‘ਰੱਬ ਇੱਕ ਗੁੰਝਲਦਾਰ ਬੁਝਾਰਤ, ਰੱਬ ਇੱਕ ਗੋਰਖ-ਧੰਦਾ..।’ ਅਸੀਂ ਪੁੱਛਦੇ ਪਏ ਹਾਂ ਕਿ ਯੇ ਮਾਜਰਾ ਕਿਆ ਹੈ। ਰੱਬ ਕੋਲ ਏਨੇ ਦੇਵਤੇ ਨਹੀਂ ਹੋਣੇ ਜਿੰਨੇ ਅਸਾਂ ਦੇ ਕੋਲ ਮਾਜਰੇ ਨੇ। ਜੀਹਤੋਂ ਟੀਚਰ ਥਰ-ਥਰ ਕੰਬਣ, ਓਹ ਜੌੜਾਮਾਜਰਾ ਅਖਵਾਉਂਦੈ, ਜਿਹਨੂੰ ਦੇਖ ਹਿੰਦੀ ਨੂੰ ਛਿੜੇ ਕਾਂਬਾ ਉਹ ਚੰਦੂਮਾਜਰਾ, ਰੰਗੀਨ ਤਬੀਅਤ ਆਲਾ ਪਠਾਨਮਾਜਰਾ ਤੇ ਜੀਹਦੇ ਘਰ ਅੱਗੇ ਗੱਜੇ ਈਡੀ, ਉਹ ਗੱਜਣਮਾਜਰਾ ਅਖਵਾਉਂਦੈ...ਇਹ ਸਾਰੇ ਮਾਜਰੇ ਇੱਕ ਸ਼ੀਸ਼ਾ ਹਨ ਜਿਨ੍ਹਾਂ ਚੋਂ ਪੰਜਾਬ ਦਾ ਮਾਜਰਾ (ਹਾਲ) ਸੌਖੇ ਹੀ ਜਾਣ ਸਕਦੇ ਹਾਂ।

       ਪੰਜਾਬ ਕਿੰਨਾ ਭਾਗਾਂ ਵਾਲੈ, ਜਿਹਨੂੰ ਥੋਕ ’ਚ ਕ੍ਰਾਂਤੀਵੀਰ ਮਿਲੇ ਨੇ। ਮਾਜਰਾ ਆਪੇ ਨੌ ਬਰ ਨੌ ਹੋਜੂ। ਕੋਈ ਵੀ ਮੰਗਲ ਪਾਂਡੇ ਤੋਂ ਘੱਟ ਨਹੀਂ ਸਮਝਦਾ। ਨਹੀਂ ਯਕੀਨ ਤਾਂ ਟਰੇਲਰ ਦੇਖ ਲਓ। ਔਹ ਦੇਖੋ! ‘ਸਿੱਖਿਆ ਕ੍ਰਾਂਤੀ’ ਸਕੂਲਾਂ ’ਚ ਧੁੱਸ ਦੇ ਕੇ ਵੜੀ ਹੈ। ਸਿੱਖਿਆ ਕ੍ਰਾਂਤੀ ਦਾ ਲਾੜਾ ਹਰਜੋਤ ਬੈਂਸ ਬਣਿਐ। ਪਖਾਨੇ ਲੋਕ ਅਰਪਣ ਕਾਹਦੇ ਕੀਤੇ, ਲਾਭ ਸਿੰਘ ਉਗੋਕੇ ਸਰਵਾਲਾ ਬਣਦਾ ਫੜਿਆ ਗਿਆ। ‘ਕਾਹਲੀ ਦੀ ਘਾਣੀ, ਅੱਧਾ ਤੇਲ ਅੱਧਾ ਪਾਣੀ।’ 

      ਪੁਰਾਣੀ ਫਿਲਮ ਕ੍ਰਾਂਤੀ ’ਚ ਹੇਮਾ ਮਾਲਿਨੀ ਨੇ ਸੁਰ ਲਾ ਪੁੱਛਿਐ, ‘ਦਿਲ ਵਾਲੇ-ਦਿਲ ਵਾਲੇ ਤੇਰਾ ਸਪਨਾ ਕਿਆ ਹੈ, ਜੁਆਬ ਮਿਲਦੈ, ‘ਕ੍ਰਾਂਤੀ-ਕ੍ਰਾਂਤੀ’। ਸਿਹਤ ਮਹਿਕਮਾ ਜੌੜਾਮਾਜਰਾ ਤੋਂ ਸਰਕਾਰ ਵਾਪਸ ਨਾ ਲੈਂਦੀ ਤਾਂ ਅੱਜ ਸਿਹਤ ਕ੍ਰਾਂਤੀ ਨੇ ਵੀ ਪੰਜਾਬ ਦੇ ਘਰ ਘਰ ਜਾ ਕੰਜਕਾਂ ਖਾ ਆਉਣੀਆਂ ਸਨ। ਵਿਰੋਧੀ ਆਗੂ ਲੱਖ ਪਏ ਸੰਘ ਪਾੜਨ। ‘ਕ੍ਰਾਂਤੀ’ ਕਿੱਲੋਮੀਟਰ ਸਕੀਮ ਆਲੀਆਂ ਬੱਸਾਂ ਵਾਂਗੂ ਰੁਕਣੀ ਨਹੀਂ ਚਾਹੀਦੀ। ਜਿਵੇਂ ਸੂਟਾਂ ਵਾਲੀ ਦੁਕਾਨ ’ਚ ਭਾਰਤੀ ਨਾਰੀ ਖਿੜਦੀ ਹੈ, ਉਵੇਂ ਉਦਘਾਟਨੀ ਪੱਥਰਾਂ ਨੂੰ ਦੇਖ ਵਿਧਾਇਕਾਂ ਦਾ ਅੰਦਰਲਾ ਬਾਘੀਆਂ ਪਾਉਂਦੈ। ‘ਦੋ ਗਿੱਠਾਂ ਦੀ ਵੰਝਲੀ, ਕੋਹ ਕੋਹ ਕੂਕ ਸੁਣੇ।’ ਓਹ ਦਿਨ ਵੀ ਯਾਦ ਕਰੋ, ਜਦੋਂ ਅਕਾਲੀਆਂ ਦੇ ਰਾਜ ’ਚ ਪਖਾਨਿਆਂ ’ਤੇ ‘ਰਾਜ ਨਹੀਂ ਸੇਵਾ’ ਵਾਲੀਆਂ ਤਸਵੀਰਾਂ ਲੱਗੀਆਂ ਸਨ। 

       ਬੈਂਸ ਸਾਹਬ! ਅੱਗੇ ਵਧੋ, ਹਮ ਤੁਮਾਰੇ ਸਾਥ ਹੈ। ਜਿਵੇਂ ਕਿਊਬਾ ਦੀ ਕ੍ਰਾਂਤੀ ਦਾ ਸਿਹਰਾ ਚੀ-ਗਵੇਰਾ ਸਿਰ ਸਜਿਆ, ਰੂਸ ਦੀ ਕ੍ਰਾਂਤੀ ਦਾ ਤਾਜ ਲੈਨਿਨ ਸਿਰ ਟਿਕਿਆ, ਫਰਾਂਸ ਦੀ ਕ੍ਰਾਂਤੀ ਦਾ ਰਾਹ ਦਸੇਰਾ ਨਪੋਲੀਅਨ ਬਣਿਆ, ਉਵੇਂ ਜਦੋਂ ਸਦੀਆਂ ਬਾਅਦ ਕਦੇ ਕੋਈ ਪੰਜਾਬ ਦਾ ਇਤਿਹਾਸ ਫੋਲੇਗਾ ਤਾਂ ਹਰਜੋਤ ਸਿੰਘ ਬੈਂਸ ਦਾ ਨਾਮ ਸਿੱਖਿਆ ਕ੍ਰਾਂਤੀ ਦੇ ਨਾਇਕ ਵਜੋਂ ਅੰਕਿਤ ਹੋਵੇਗਾ। ਅਗਲੀਆਂ ਪੀੜੀਆਂ ਵੀ ਯਾਦ ਰੱਖਣਗੀਆਂ ਕਿਵੇਂ ਸਾਡੇ ਪੁਰਖਿਆਂ ਨੇ ਜਾਨ ਧਲੀ ’ਤੇ ਧਰ ਅਜੂਬਿਆਂ ਵਰਗੇ ਪਖਾਨੇ ਬਣਾਏ। ਸਦੀਆਂ ਬਾਅਦ ਜਦੋਂ ਕਦੇ ਖੰਡਰਾਤ ਹੋਏ ਪੰਜਾਬ ਦੀ ਖ਼ੁਦਾਈ ਹੋਈ ਤਾਂ ਸਿੰਧ ਘਾਟੀ ਦੀ ਸਭਿਅਤਾ ਵਾਂਗੂ ਉਦਘਾਟਨੀ ਪੱਥਰਾਂ ਦੇ ਟੁਕੜੇ ਲੱਭਿਆ ਕਰਨਗੇ। 

      ਅਖੀਰ ’ਚ ਇੱਕ ਲਤੀਫ਼ਾ। ਸਕੂਲ ਦੀ ਕਲਾਸ ’ਚ ਮਾਸਟਰ ਜੀ ਪੁੱਛਣ ਲੱਗੇ, ਬੱਚਿਓ! ਰਾਜਾ ਰਾਮ ਮੋਹਨ ਰਾਏ ਕੌਣ ਸਨ? ਬੱਚੇ ਇੱਕੋ ਸੁਰ ’ਚ ਬੋਲੇ, ਮਾਸਟਰ ਜੀ! ਚਾਰੋ ਹੀ ਪੱਕੇ ਦੋਸਤ ਸਨ। ਲਤੀਫ਼ਾ ਸੁਣ ਇੰਜ ਲੱਗਦੇ ਕਿ ਜਿਵੇਂ ਇਹੋ ਬੱਚੇ ਵੱਡੇ ਹੋ ਕੇ ‘ਕ੍ਰਾਂਤੀਵੀਰ’ ਬਣ ਗਏ।

(15 ਅਪਰੈਲ 2025)





Sunday, April 13, 2025

                                           ਅਸਾਡਾ ਇੰਦਰ, ਤੇਰਾ ਖੁਆਜਾ
                                                           ਚਰਨਜੀਤ ਭੁੱਲਰ 

ਚੰਡੀਗੜ੍ਹ: ਸਿਆਣਪ ਕਿਤੋਂ ਵੀ ਮਿਲੇ, ਲੈ ਲੈਣੀ ਚਾਹੀਦੀ ਹੈ। ਸਿੰਜਾਈ ਮੰਤਰੀ ਬਰਿੰਦਰ ਗੋਇਲ ਨੇ ਵਿਧਾਨ ਸਭਾ ’ਚ ਗਿਆਨ ਦੀ ਗੰਗਾ ਵਗਾ ਦਿੱਤੀ। ਜੇ ਕੋਈ ਵਗਦੀ ਗੰਗਾ ’ਚ ਹੱਥ ਨਾ ਧੋਵੇ, ਫਿਰ ਗੋਇਲ ਵਿਚਾਰਾ ਕੀ ਕਰੇ? ਮੰਤਰੀ ਜਨ ਇੰਜ ਫ਼ਰਮਾਏ, ‘‘ਮੈਂ ਤੀਹ ਸਾਲਾਂ ਤੋਂ ਅੱਧੀ ਬਾਲਟੀ ਪਾਣੀ ਨਾਲ ਨਹਾਉਂਦਾ, ਹਫ਼ਤੇ ’ਚੋਂ ਇੱਕ ਦਿਨ ਸਾਬਣ ਲਾਈਦੀ ਐ, ਓਦਣ ਪੌਣੀ ਬਾਲਟੀ ਨਾਲ ਨਹਾਉਂਦਾ।’’ ‘‘ਮੈਂ ਤੁਰਦਾ ਹਾਂ ਤਾਂ ਰਾਹ ਬਣਦੇ ਨੇ’’, ਪਾਤਰ ਨੂੰ ਧਿਆ ਕੇ ਗੋਇਲ ਸਾਹਿਬ ‘ਬਾਲਟੀ ਨੁਸਖਾ’ ਰੱਖ ਤੁਰਦੇ ਬਣੇ। ਨਾਲੇ ਪਾਣੀ ਦੀ ਬੱਚਤ, ਨਾਲੇ ਸਾਬਣ ਦੀ।

       ਲੇਖਕ ਗੁਲਜ਼ਾਰ ਸੰਧੂ ਆਖਦੇ ਨੇ, ‘‘ਸਾਡੀ ਬੇਬੇ ਇੱਕ ਗੜਵੀ ਪਾਣੀ ਨਾਲ ਨਹਾ ਲੈਂਦੀ ਸੀ।’’ ਅਸੀਂ ਆਪਣਾ ਖ਼ਾਸਾ ਹੀ ਭੁੱਲ ਬੈਠੇ ਹਾਂ। ਪਿਛਾਂਹ ਚੱਲਦੇ ਹਾਂ ਜਦੋਂ ਗੂੰਜ ਪੈਂਦੀ ਹੁੰਦੀ ਸੀ: ਸ਼ਰਬਤ ਵਰਗਾ ਪਾਣੀ, ਸੰਤਾਂ ਦੀ ਖੂਹੀ ਦਾ। ਪਾਣੀ ਘੱਟ ਡੂੰਘੇ ਸਨ, ਸੋਚ ਡੂੰਘੀ ਸੀ। ਗੁਰਦਾਸ ਮਾਨ ਨੇ ਸੱਚ ਗਾਇਆ, ‘ਮੱਝਾਂ ਦੀਆਂ ਪੂਛਾਂ ਫੜ ਕੇ ਤਾਰੀ ਲਾਉਣ ਦੀਆਂ’। ਛੱਪੜਾਂ ’ਚ ਨਾਲੇ ਮਸਤੀ, ਨਾਲੋ ਨਾਲ ਨਹਾਉਣ ਹੋ ਜਾਂਦਾ। ਜਿਨ੍ਹਾਂ ਨੂੰ ਮੂੰਹ-ਹੱਥ ਧੋਣ ਦਾ ਵੈਲ ਸੀ ਉਹ ਆਖਦੇ, ‘‘ਨ੍ਹਾਵੇ ਨਰਕ ਨੂੰ ਜਾਵੇ।’’ ਗ਼ਰੀਬ ਬੰਦੇ ਆਖਦੇ, ‘‘ਮੂੰਹ ਧੋਵੇ, ਰੋਜੀ ਖੋਵੇ।’’

        ਸੁਸਤ ਪ੍ਰਸ਼ਾਦ ਦੋਵੇਂ ਪੈਰ ਤੇ ਦੋਵੇਂ ਹੱਥ ਧੋ ਕੇ, ਮੂੰਹ ’ਤੇ ਛਿੱਟੇ ਮਾਰ ਆਖਦੇ ਨੇ, ‘‘ਪੰਜ ਇਸ਼ਨਾਨਾਂ ਕਿਹੜਾ ਸੌਖੈ।’’ ਪੰਜ ਇਸ਼ਨਾਨਾਂ-ਮਹਾਂ ਗਿਆਨਾ, ਨਿੱਤ ਨ੍ਹਾਵੇ ਦਲਿੱਦਰੀ। ਇਕੇਰਾਂ ਮੀਂਹ ਪੁਆਉਣ ਲਈ ਬੀਬੀ ਰਾਜਿੰਦਰ ਕੌਰ ਭੱਠਲ ਨੇ ਔਰਤਾਂ ਨੂੰ ਨਾਲ ਲੈ ਕੇ ਗੁੱਡੀ ਫੂਕੀ ਸੀ। ਇੰਦਰ ਦੇਵਤਾ ਮਿਹਰਬਾਨ ਹੋਇਆ ਜਾਂ ਨਹੀਂ ਇਹ ਤਾਂ ਪਤਾ ਨਹੀਂ, ਪਰ ਬਰਿੰਦਰ ਗੋਇਲ ਨੇ ਲਹਿਰੇਗਾਗੇ ਤੋਂ ਬੀਬੀ ਦੀ ਝੋਲੀ ਆਪਣੇ ਕਰ ਕਮਲਾਂ ਨਾਲ ‘ਹਾਰ’ ਪਾਈ। ਛੁਪੇ ਰੁਸਤਮ ਨਹੀਂ, ਗੋਇਲ ਸਾਹਬ ਬੱਚਤਖੋਰੇ ਜ਼ਰੂਰ ਨਿਕਲੇ ਜਿਨ੍ਹਾਂ ਦੀ ਘਾਲਣਾ ਨੂੰ ਦੇਖਦੇ ਹੋਏ ਪੰਜਾਬ ਸਰਕਾਰ ਨੂੰ ਹੁਣ ‘ਤੁਪਕਾ ਨਹਾਈ ਯੋਜਨਾ’ ਸ਼ੁਰੂ ਕਰਨੀ ਚਾਹੀਦੀ ਹੈ।

       ਪਾਣੀ ਖਾਰੇ ਤੇ ਕਾਲੇ ਹੋਏ ਨੇ। ਕਦੇ ਇਹ ਪਾਣੀ ਨਹਿਰੀ ਹੁੰਦੇ ਸਨ। ਸਤਿੰਦਰ ਸਰਤਾਜ ਵੀ ਇਹੋ ਆਖਦੈ, ‘ਪਾਣੀ ਪੰਜਾਂ ਦਰਿਆਵਾਂ ਵਾਲਾ ਨਹਿਰੀ ਹੋ ਗਿਆ…।’ ਹਮਾਮ ’ਚ ਸਭ ਨੰਗ ਧੜੰਗੇ ਨੇ, ਜਿਹੜੇ ਅਕਲ ਦੇ ਵੈਰੀ ਨੇ ਉਹ ਸਰੀਰ ਦੇ ਵੀ ਨੇ। ਮਲ ਮਲ ਕੇ ਨਹਾਉਂਦੇ ਨੇ, ਹੜ੍ਹ ਵਾਂਗ ਪਾਣੀ ਵਹਾਉਂਦੇ ਨੇ। ‘ਪਾਣੀ ਭਗਤ’ ਨਾ ਬਣੇ ਤਾਂ ਲਹਿਰਾਗਾਗਾ ਵਾਲਾ ਬਰਿੰਦਰ ਚੇਤੇ ਆਇਆ ਕਰੂ। ਸਰਕਾਰ ਜੀ! ਲੱਗਦੇ ਹੱਥ ਇੱਕ ‘ਗੜਵੀ ਗਾਰੰਟੀ’ ਵੀ ਸ਼ੁਰੂ ਕਰੋ। ਗੜਵੀ ਪਾਣੀ ਨਾਲ ਨਹਾਓ, ਸਰਕਾਰੀ ਘਰੋਂ ਮੁਫ਼ਤ ’ਚ ਗੜਵੀ ਪਾਓ।

       ਜੇ ਸਰਕਾਰ ਟੇਲਾਂ ਤੱਕ ਪਾਣੀ ਪਹੁੰਚਾਉਂਦੀ ਐ ਤਾਂ ਸਿਆਣਾ ਬੰਦਾ ਗੜਵੀ ਪਾਣੀ ਦੀ ਗਿੱਟਿਆਂ ਤੱਕ ਤਾਂ ਪਹੁੰਚਾ ਹੀ ਸਕਦੈ। ਕਿਤੇ ਗੜਵੀ ਯੁੱਗ ਆ ਗਿਆ ਤਾਂ ਯੁਗਾਂਤਰਾਂ ਤੱਕ ਸਰਕਾਰ ਦੀ ਬੱਲੇ ਬੱਲੇ ਹੋਊ। ਅਮਿਤਾਭ ਬਚਨ ਇੱਕ ਮਸ਼ਹੂਰੀ ’ਚ ਆਖਦੈ, ‘‘ਇਨਸਾਨ ਪਾਣੀ ਬਨਾ ਤੋ ਨਹੀਂ ਸਕਤਾ, ਬਚਾ ਸਕਤਾ ਹੈ।’’ ਅਕਲਾਂ ਬਾਝੋਂ ਖੂਹ ਖ਼ਾਲੀ। ਬਰਿੰਦਰ ਗੋਇਲ ਨੇ ਸਦਨ ’ਚ ਅਕਲਾਂ ਦੇ ਖੁੱਲ੍ਹੇ ਗੱਫੇ ਵਰਤਾਏ। ਜੇ ਕਿਸੇ ਨੇ ਹੱਥ ਪਿੱਛੇ ਖਿੱਚ ਲਏ ਤਾਂ ਗੋਇਲ ਦਾ ਕੀ ਕਸੂਰ? ਗੱਲ ਹੈ ਤਾਂ ਸੋਲ੍ਹਾਂ ਆਨੇ ਸੱਚ ਪਰ ਕੋਈ ਕਦਰ ਵੀ ਤਾਂ ਕਰੇ।

       ਆਹ ਗਾਣਾ ਠੀਕ ਢੁਕਦੈ, ‘ਬੇਕਦਰੇ ਲੋਕਾਂ ਵਿੱਚ ਕਦਰ ਗੁਆ ਲੇਂਗਾ’। ਵਿਸ਼ਵੀ ਪੁਰਖੇ ਦੱਸਦੇ ਹਨ ਕਿ ਵਿਗਿਆਨੀ ਆਇੰਸਟਾਈਨ ਕਈ-ਕਈ ਦਿਨ ਨਹਾਉਂਦਾ ਨਹੀਂ ਸੀ, ‘ਮੋਨਾਲਿਜ਼ਾ’ ਤਸਵੀਰ ਦਾ ਰਚੇਤਾ ਲਿਓਨਾਰਡੋ ਦਿ ਵਿੰਚੀ ਤਾਂ ਅਕਸਰ ਨਹਾਉਣਾ ਭੁੱਲ ਜਾਂਦਾ ਸੀ। ਬਰਨਾਰਡ ਸ਼ਾਅ ਆਖਦਾ ਹੁੰਦਾ ਸੀ ਕਿ ਯਾਦ ਨਹੀਂ ਆਖ਼ਰੀ ਵਾਰ ਕਦੋਂ ਨ੍ਹਾਇਆ ਸੀ। ਜਦੋਂ ਠੰਢ ਸਿਖ਼ਰਾਂ ’ਤੇ ਹੁੰਦੀ ਹੈ, ਵੈਸੇ ਉਦੋਂ ਅਸਾਡੇ ਬਹੁਤੇ ਪੰਜਾਬੀ ਵੀ ‘ਬਰਨਾਰਡ ਸ਼ਾਅ’ ਹੀ ਬਣੇ ਹੁੰਦੇ ਨੇ। ‘ਜੱਟ ਐਂਡ ਜੂਲੀਅਟ’ ’ਚ ਦਿਲਜੀਤ ਦੁਸਾਂਝ ਆਖਦੈ, ‘‘ਬਈ! ਗੋਰੇ ਬਰਫ਼ ਪੈਣ ਕਰਕੇ ਨ੍ਹੀਂ ਨਹਾਉਂਦੇ, ਇੱਧਰ ਸਾਡੇ ਬਰਫ਼ ਵੀ ਨ੍ਹੀਂ ਪੈਂਦੀ ਅਸੀਂ ਫੇਰ ਵੀ ਨ੍ਹੀਂ ਨਹਾਉਂਦੇ।’ ਗਿਆਨੀ ਲੋਕ ਨਸੀਹਤਾਂ ਦੇ ਰਹੇ ਨੇ ‘ਠੰਡੇ ਠੰਡੇ ਪਾਨੀ ਸੇ ਨਹਾਨਾ ਚਾਹੀਏ…।’

        ਭਾਰਤੀ ਸੰਸਕ੍ਰਿਤੀ ’ਚ ਇਸ਼ਨਾਨ ਨੂੰ ‘ਪਵਿੱਤਰ ਕਾਰਜ’ ਸਮਝਿਆ ਜਾਂਦਾ ਹੈ। ਬੁੱਲੇ ਸ਼ਾਹ ਦੀ ਮਸੀਤ ਵੱਖਰੀ ਹੈ, ’‘ਜੇ ਰੱਬ ਮਿਲਦਾ ਨ੍ਹਾਤਿਆਂ ਧੋਤਿਆਂ, ਮਿਲਦਾ ਡੱਡੂਆਂ ਮੱਛੀਆਂ…।’’ ਅਧਿਆਤਮ ’ਚ ਕਿਹਾ ਜਾਂਦਾ ਹੈ ਕਿ ਇਸ਼ਨਾਨ ਨਾਲ ਸਰੀਰ ਦੀ ਮੈਲ ਹੀ ਨਹੀਂ, ਮਨ ਦੀ ਮੈਲ ਵੀ ਧੋਤੀ ਜਾਂਦੀ ਹੈ, ਤਾਂ ਹੀ ਲੋਕ ਕੁੰਭ ਨਹਾਉਣ ਜਾਂਦੇ ਨੇ। ਸਿਆਸਤ ’ਚ ਮਾਇਆ ਦੀ ਨਦੀ ’ਚ ਚੁੱਭੀਆਂ ਲਾਉਣ ਦਾ ਰੋਗ ਪੁਰਾਣਾ ਹੈ। ਟਾਵੇਂ ਵਿਰਲੇ ਹੁੰਦੇ ਨੇ, ਜਿਹੜੇ ਮਾਇਆ ਦੇ ਸਮੁੰਦਰ ਕਿਨਾਰੇ ਤੋਂ ਫੋਕੀਆਂ ਲਹਿਰਾਂ ਦੇਖ ਪਰਤ ਆਉਂਦੇ ਨੇ। ਸਿਆਸੀ ਪੱਤਣਾਂ ਦੇ ਤਾਰੂ ਜਦ ਮਾਇਆ ਦੀ ਨਦੀ ਦੇ ਚਿੱਕੜ ’ਚ ਫਸ ਜਾਂਦੇ ਨੇ ਤਾਂ ਵਿਜੀਲੈਂਸ ਨੂੰ ਉਨ੍ਹਾਂ ਦੇ ਹੱਥ ਧੁਆਉਣੇ ਪੈਂਦੇ ਨੇ।

        ਵਿਜੀਲੈਂਸ ਦੇ ਗਲਾਸ ਦਾ ਪਾਣੀ ਰੰਗ ਬਦਲਦੈ। ‘ਪਾਨੀ ਰੇ ਪਾਨੀ ਤੇਰਾ ਰੰਗ ਕੈਸਾ..।’ ਸਦਨ ’ਚ ਮੰਤਰੀ ਗੋਇਲ ‘ਬਾਲਟੀ ਗੁਰ’ ਤਾਂ ਦੱਸ ਗਏ ਪਰ ਇਹ ਨ੍ਹੀਂ ਦੱਸ ਕੇ ਗਏ ਕਿ ਸਿਆਸੀ ਛੱਪੜ ’ਚੋਂ ਸੁੱਟੇ ਜਾਂਦੇ ਚਿੱਕੜ ਨੂੰ ਅੱਧੀ ਬਾਲਟੀ ਨਾਲ ਕਿਵੇਂ ਧੋਈਏ। ਜਿਸ ਹਮਾਮ ’ਚ ਨੇਤਾ ਨਹਾਉਂਦੇ ਨੇ, ਉਸ ਪਾਣੀ ਦਾ ਰੰਗ ਦੇਖ ਆਪਮੁਹਾਰੇ ਮੂੰਹੋਂ ਨਿਕਲਦੈ, ‘‘ਪਾਣੀ ਦਾ ਰੰਗ ਵੇਖ ਕੇ, ਅੱਖੀਆਂ ’ਚੋਂ ਹੰਝੂ ਰੁੜ੍ਹ ਗਏ।’’ ਜੇ ਹਾਲੇ ਵੀ ਨਾ ਸਮਝੇ ਤਾਂ ਕੁਦਰਤ ਸਮਝਾ ਦੇਵੇਗੀ। ਭਵਿੱਖ ਦੇ ਲੋਕ ਸਾਹਿਤ ਦਾ ਇਹ ਨਵਾਂ ਰੰਗ ਹੋਵੇਗਾ, ‘‘ਮਾਹੀ ਮੇਰੇ ਦੀ ਇਹੋ ਨਿਸ਼ਾਨੀ, ਮੋਢੇ ਪਰਨਾ ਲੱਭੇ ਪਾਣੀ।’’ ਨੇਤਾ ਲੋਕ ਅਕਸਰ ਹਰਿਆਣਾ ਵੱਲ ਮੂੰਹ ਕਰ ਆਖਦੇ ਨੇ, ‘‘ਇੱਕ ਬੂੰਦ ਪਾਣੀ ਨਹੀਂ ਜਾਣ ਦਿਆਂਗੇ।’’ ਵੈਸੇ ਡੁੱਬ ਮਰਨ ਲਈ ਚੂਲੀ ਭਰ ਪਾਣੀ ਹੀ ਕਾਫ਼ੀ ਹੁੰਦਾ ਹੈ। ਦੱਰਾ ਖ਼ੈਬਰ ਤੋਂ ਮਾਊਂਟ ਐਵਰੈਸਟ ਤੱਕ ਜਿੰਨੇ ਵੀ ਨੇਤਾ ਨੇ, ਸਭ ਦੀ ਰਾਸ਼ੀ ਇੱਕੋ ਹੈ।

         ਜਿਸ ਦਿਨ ਬਰਿੰਦਰ ਗੋਇਲ ਹੋਰਾਂ ਨੇ ‘ਬਾਲਟੀ ਮੰਤਰ’ ਦੱਸਿਆ, ਉਸ ਦਿਨ ਅਸਾਂ ਨੂੰ ਛੱਜੂ ਰਾਮ ਆਖਣ ਲੱਗਿਆ ਕਿ ਮੰਤਰੀ ਨੂੰ ਪੁੱਛ ਕੇ ਦੱਸਣਾ ਕਿ ਉਨ੍ਹਾਂ ’ਚ ਬਾਲਟੀ ’ਚੋਂ ਚਮਚੇ ਭਰ ਭਰ ਕੇ ਡੋਲ੍ਹਣ ਦੀ ਹਿੰਮਤ ਕਿੱਥੋਂ ਆਉਂਦੀ ਹੈ? ਬਚਪਨ ’ਚ ਚਮਚਾਗਿਰੀ ਦੀਆਂ ਦੋ ਬੂੰਦਾਂ ਛਕੀਆਂ ਹੁੰਦੀਆਂ ਤਾਂ ਸੰਘਰਸ਼ੀ ਲੋਕ ਵੀ ਨਹਾਉਣਾ ਨਾ ਭੁੱਲਦੇ। ਤਾਹੀਓਂ ਪੁਲੀਸ ਨੂੰ ਹੁਣ ਬੁਛਾੜਾਂ ਮਾਰ ਕੇ ‘ਸਮੂਹਿਕ ਇਸ਼ਨਾਨ’ ਕਰਾਉਣਾ ਪੈਂਦੈ। ਫਿਰ ਇਕੱਲੇ ਬੈਰੀਕੇਡ ਨਹੀਂ ਭਿੱਜਦੇ, ਹੱਕ ਵੀ ਜਲ ਪ੍ਰਵਾਹ ਹੋ ਜਾਂਦੇ ਨੇ। ਕੱਪੜੇ ਨਿਚੋੜ ਕੇ ਮੁੜ ਸੰਘਰਸ਼ੀ ਸੱਜਣ ਨਿੱਤ ਨਵੇਂ ਇਸ਼ਨਾਨ ਲਈ ਨਿਕਲ ਪੈਂਦੇ ਨੇ। ਲਤਾ ਦੇ ਬੋਲ ਹਿੰਮਤ ਦਿੰਦੇ ਨੇ, ‘‘ਜ਼ਿੰਦਗੀ ਹਰ ਕਦਮ ਇਕ ਨਈ ਜੰਗ ਹੈ…।’’

       ਲੰਮੀਆਂ ਸੋਚਾਂ ਵਾਲੇ ਆਖਦੇ ਨੇ ਕਿ ਅਗਲੀ ਜੰਗ ਪਾਣੀ ਨੂੰ ਲੈ ਕੇ ਹੋਵੇਗੀ। ਕੈਂਸਰ ਕਾਹਦਾ ਆਇਆ, ਗਿਆਨੀ ਦੇ ਡਿਪੂ ’ਤੇ ਚਿੱਟੀਆਂ ਚੁੰਨੀਆਂ ਦੀ ਵਿਕਰੀ ਹੀ ਵਧ ਗਈ। ਰੱਬ ਖ਼ੈਰ ਕਰੇ! ਯਾਦ ਆਇਆ, ਰੱਬ ਕਿਉਂ ਮਿਹਰਬਾਨ ਹੋਊ। ਮੰਤਰੀ ਗੋਇਲ ਤਾਂ ਇੰਦਰ ਦੇਵਤਾ ਦਾ ਕਾਰੋਬਾਰ ਠੱਪ ਕਰਨ ਨੂੰ ਫਿਰਦੇ ਨੇ। ਭਲਿਆ ਲੋਕਾ, ਜੇ ਸਭ ਮੰਤਰੀ ਸੰਤਰੀ ਅੱਧੀ ਬਾਲਟੀ ਨਾਲ ਪਿੰਡਾ ਧੋਣ ਲੱਗ ਗਏ ਤਾਂ ਇੰਦਰ ਦੇਵਤਾ ਦੇ ਹਾੜੇ ਕੱਢਣ ਦੀ ਲੋੜ ਹੀ ਨਹੀਂ ਪੈਣੀ। ਹੈ ਨਾ ਰੱਬ ਦੇ ਕੰਮ ’ਚ ਸਿੱਧੀ ਦਖਲ-ਅੰਦਾਜ਼ੀ। ਪਾਣੀਓ-ਪਾਣੀ ਹੋਣ ਦੀ ਥਾਂ ਹੁਣ ਬੱਚਤੋ-ਬੱਚਤੀ ਹੋਣ ਦਾ ਸਮਾਂ ਹੈ।

       ਅਖੀਰ ’ਚ ਦੋ ਭੰਡਾਂ ਦਾ ਮਜਮਾ ਦੇਖਦੇ ਹਾਂ। ‘‘ਓ ਨਿਆਰੇ, ਅਸਾਂ ਦਾ ਜਦ ਵਿਆਹ ਹੋਇਆ ਤਾਂ ਵਟਣਾ ਮਲਣ ਸਾਡੀਆਂ ਚਾਚੀਆਂ ਆਈਆਂ, ਤਾਈਆਂ ਆਈਆਂ, ਆਂਢ ਗੁਆਂਢੋਂ ਵੀ ਆਈਆਂ।’’ ਨਿਆਰਾ ਪੁੱਛਣ ਲੱਗਾ, ‘‘ਹਲਾ ਵੀ ਫੇਰ?’’ ਪਿਆਰਾ ਬੋਲਿਆ, ‘‘ਦੱਬ ਦੱਬ ਵਟਣਾ ਮਲੀ ਗਈਆਂ… ਮਲੀ ਗਈਆਂ… ਮਲੀ ਗਈਆਂ।’’ ‘‘ਓ ਫੇਰ ਕੀ ਹੋਇਆ?’’ ‘‘ਹੋਣਾ ਕੀ ਸੀ, ਥੱਲਿਓ ਬਨੈਣ ਨਿਕਲ ਆਈ।’’

(13 ਅਪਰੈਲ 2025)