Showing posts with label pakistan. Show all posts
Showing posts with label pakistan. Show all posts

Tuesday, May 20, 2025

                                       ਘੁੱਗੀ ਵਿਚਾਰੀ ਕੀ ਕਰੇ..!             
                                                          ਚਰਨਜੀਤ ਭੁੱਲਰ  

ਚੰਡੀਗੜ੍ਹ : ਅਮਨ ਦੀ ਘੁੱਗੀ ਨੂੰ ਗ਼ੁਲੇਲ ਨਾਲ ਫੁੰਡੋਗੇ ਤਾਂ ਖ਼ਤਰੇ ਦਾ ਘੁੱਗੂ ਤਾਂ ਵੱਜੇਗਾ ਹੀ। ਸਾਇਰਨ ਕਿਸੇ ਮੁਲਕ ’ਚ ਵੀ ਵੱਜੇ, ਚਿੱਤਰਕਾਰ ਪਿਕਾਸੋ ਦੀ ਰੂਹ ਨੂੰ ਗ਼ਸ਼ ਪੈ ਜਾਂਦੈ। ਜਦ ਸੰਸਾਰ ਜੰਗਾਂ ਨੇ ਬੇਪਨਾਹ ਤਬਾਹੀ ਮਚਾਈ, ਅਮਨ ਦੇ ਪ੍ਰੇਮੀ ਘਰਾਂ ਚੋਂ ਨਿਕਲ ਤੁਰੇ। ਪਿਕਾਸੋ ਨੇ ਅਮਨ ਦੀ ਪ੍ਰਤੀਕ ਘੁੱਗੀ ਦਾ ਚਿੱਤਰ ਵਾਹਿਆ। ਕਿਤੇ ਤੀਜੀ ਸੰਸਾਰ ਜੰਗ ਨਾ ਲੱਗੇ, ਅਮਨ ਕੌਂਸਲ ਬਣੀ, ਗਲੀ ਮੁਹੱਲੇ ਅਮਨ ਦੀ ਗੂੰਜ ਪਈ। ਲਤਾ ਮੰਗੇਸ਼ਕਰ ਨੇ ਇੰਜ ਫ਼ਰਮਾਇਆ, ‘ਈਸ਼ਵਰ ਅੱਲਾ ਤੇਰੋ ਨਾਮ, ਸਭ ਕੋ ਸਨਮਤੀ ਦੇ ਭਗਵਾਨ।’

        ਦੇਸ਼ ’ਚ ਸੈਫੁਦੀਨ ਕਿਚਲੂ ਨੇ, ਪੰਜਾਬ ’ਚ ਗੁਰਬਖ਼ਸ਼ ਸਿੰਘ ਪ੍ਰੀਤਲੜੀ ਨੇ ਅਮਨ ਦਾ ਝੰਡਾ ਚੁੱਕਿਆ। ਨਵਯੁਗ ਪ੍ਰਕਾਸ਼ਨ ਵਾਲੇ ਭਾਪਾ ਪ੍ਰੀਤਮ ਸਿੰਘ ਦੀ ਜੀਵਨ ਸਾਥਣ ਦਿਲਜੀਤ ਕੌਰ ਨੇ ਅਮਨ ਖ਼ਾਤਰ ਪਿੰਡ ਪਿੰਡ ਝੋਲੀ ਅੱਡੀ, ਨਾ ਦਿਨ ਦੇਖਿਆ ਨਾ ਰਾਤ। ਇਸ ਬੀਬੀ ਦੀ ਘਾਲਣਾ ਦੇਖ ਵਿਸ਼ਵ ਅਮਨ ਕੌਂਸਲ ਨੇ ਵਿਆਨਾ ’ਚ ਸਨਮਾਨ ਦਿੱਤਾ। ਇੱਕ ਬੀਬੀ ਅੰਮ੍ਰਿਤਾ ਪ੍ਰੀਤਮ ਸੀ, ਜੀਹਨੇ ਵਾਰਸ ਸ਼ਾਹ ਨੂੰ ਵਾਜਾਂ ਮਾਰੀਆਂ, ‘ਵੇ ਦਰਦਮੰਦਾਂ ਦਿਆ ਦਰਦੀਆਂ, ਉੱਠ ਤੱਕ ਆਪਣਾ ਪੰਜਾਬ..।’

      ‘ਜੇ ਵਿਗਿਆਨੀ ਤੇ ਨੇਤਾ ਜ਼ਰਾ ਕੁ ਸੁਸਤ ਹੁੰਦੇ ਤਾਂ ਲੋਕਾਂ ਨੇ ਖ਼ੁਸ਼ ਵੱਸਣਾ ਸੀ।’ ਪਹਿਲੀ ਸੰਸਾਰ ਜੰਗ ’ਚ ਲੱਖਾਂ ਭਾਰਤੀ ਅੰਗਰੇਜ਼ਾਂ ਤਰਫ਼ੋਂ ਲੜੇ। ਪੰਜਾਬੀ ਮੌਤ ਦਾ ਮੜਾਸਾ ਮਾਰ ਘਰੋਂ ਚਾਲੇ ਪਾਉਂਦੇ। ਸਰਤਾਜ ਵੀ ਇਹੋ ਕਹਿ ਰਿਹੈ, ‘ਜੰਗ ਜਾਣ ਵਾਲੇ ਬੰਦੇ ਆਮ ਨਹੀਓ ਹੁੰਦੇ..।’ ਪੰਜਾਬਣਾਂ ਖੈਰਾਂ ਮੰਗਦੀਆਂ, ‘ਬਸਰੇ ਦੀ ਲਾਮ ਟੁੱਟ ਜਾਏ, ਨੀ ਮੈਂ ਰੰਡੀਓਂ ਸੁਹਾਗਣ ਹੋਵਾਂ।’ ਕਿਤੋਂ ਦੂਰੋਂ ਡਾਕੀਆ ਆਉਂਦਾ ਦਿਸਦਾ ਤਾਂ ਘਰਾਂ ’ਚ ਸੱਥਰ ਵਿਛਣ ਲੱਗ ਜਾਂਦੇ। ਇੱਧਰੋਂ ਅੰਗਰੇਜ਼ ਵੀ ਇਰਾਕ ’ਚ ਖਜੂਰਾਂ ਦੇ ਆਹੂ ਲਾਹੀ ਗਏ। ਅਮਨ ਦੇ ਡਾਕੀਏ ਕਿਧਰ ਗੁਆਚ ਗਏ। ਪਤਾ ਲੱਗੇ ਤਾਂ ਸਿਰਨਾਵਾਂ ਜ਼ਰੂਰ ਦੱਸਣਾ।

        ‘ਚੰਦਰਾ ਗੁਆਂਢ ਨਾ ਹੋਵੇ..।’ ਜਦੋਂ ਗੁਆਂਢੀ ਹੀ ਧਰਮ ਪੁੱਛ ਪੁੱਛ ਸੁਹਾਗ ਉਜਾੜੇ, ਫਿਰ ਖ਼ੂਨ ਤਾਂ ਖੌਲੇਗਾ ਹੀ। ਅਸਾਡੇ ਤਾਂ ਬਿਰਧ ਔਰਤਾਂ ਨੂੰਹਾਂ ਨੂੰ ‘ਬੁੱਢ ਸੁਹਾਗਣ’ ਦੀ ਅਸੀਸ ਨਾਲ ਨਿਵਾਜਣੋਂ ਨਹੀਂ ਭੁੱਲਦੀਆਂ। ਗੁਆਂਢੀ ਕਿਵੇਂ ਭੁੱਲ ਕਰ ਬੈਠੇ, ਬਲੈਕ-ਆਊਟ ਹੋਇਆ, ਸਾਇਰਨ ਵੀ ਵੱਜੇ, ਅਸਮਾਨੋਂ ਅੱਗ ਵਰ੍ਹੀ। ਜਦ ਹਿੰਦੁਸਤਾਨ ਨੇ ਟਰੇਲਰ ਦਿਖਾਇਆ, ਗੁਆਂਢੀ ਦਾ ਨੰਗਪੁਣਾ ਤੇ ਮਲੰਗਪੁਣਾ ਗੁੱਥਮ-ਗੁੱਥਾ ਹੋ ਗਏ।

       ਜੱਟ ਐਂਡ ਜੂਲੀਅਟ ਦਾ ਡਾਇਲਾਗ ਥੋੜ੍ਹਾ ਠੀਕ ਜਾਪਦੈ, ‘ਬਿਗਾਨੇ ਮੁਲਕ ’ਚ ਪੰਜਾਬੀ, ਪੰਜਾਬੀ ਦੇ ਕੰਮ ਆਉਂਦੈ।’ ਏਅਰ ਮਾਰਸ਼ਲ ਅਮਰਪ੍ਰੀਤ ਸਿੰਘ ਆਖ਼ਰ ਪੰਜਾਬ ਦੀ ਢਾਲ ਬਣੇ। ਗੁਆਂਢੀ ਦੇ ਖ਼ੁਆਬ ਟੈਰਾਲੀਨ ਵਾਂਗੂ ਪਾੜ’ਤੇ। ਗੁਆਂਢੀ ਲੰਗਾਰ ਹੋਏ ਅਰਥਚਾਰੇ ਦਾ ਝੱਗਾ ਲੈ ਭੱਜੇ। ਕੌਮਾਂਤਰੀ ਮੁਦਰਾ ਕੋਸ਼ ਆਲੇ ਦਰਜ਼ੀ ਵੀ ਟਿੱਚਰੀ ਬੜੇ ਨੇ, ‘ਭਾਈ ਜਾਨ! ਕਦੋਂ ਤੱਕ ਟਾਕੀਆਂ ਲਵਾਈ ਜਾਓਗੇ। ਕੌਮਾਂਤਰੀ ਦਰਜ਼ੀ ਨੇ ਕੰਧੂਈ ਨਾਲ ਗੁਆਂਢੀ ਦੇ ਪਾਟੇ ਝੱਗੇ ’ਤੇ ਦੋ ਚਾਰ ਤੋਪੇ ਲਾ ਦਿੱਤੇ।

       ਅਮਰੀਕਾ ਤਾਂ ਵਿਸ਼ਵ ਦਾ ਕੋਤਵਾਲ ਅਖਵਾਉਂਦੈ। ਬਿੱਲੀਵਾਦ ਦੇ ਯੁੱਗ ’ਚ ਬਾਂਦਰਗਿਰੀ ਕਰਨਾ ਨੀ ਭੁੱਲਦਾ। ਲੋਕ ਡੋਨਾਲਡ ਟਰੰਪ ਨੂੰ ਗਪੌੜਸੰਖ ਵੀ ਆਖਦੇ ਨੇ। ਕਾਮਰੇਡ ਜੋ ਮਰਜ਼ੀ ਆਖਣ, ਤਾਇਆ ਟਰੰਪ ‘ਗਲੋਬਲ ਵਿਚੋਲੇ’ ਵਜੋਂ ਪ੍ਰਗਟ ਹੋਏ ਸਨ। ਜਦੋਂ ਟਰੰਪ ਨੇ ਗੋਲੀਬੰਦੀ ਅਲਾਪੀ ਤਾਂ ਪੰਜਾਬ ਦੇ ਘਰੋਂ ਇੱਕੋ ਅਸੀਸ ਆਈ, ‘ਜਿਉਂਦਾ ਰਹਿ ਪੁੱਤ ਟਰੰਪ।’ ਲੜਾਕਾ ਸਿੰਘ ਸ਼ਾਂਤਪੁਰੀ ਆਖਦੈ, ਹੁਣ ਭਾਵੇਂ ਟਰੰਪ ਭਦੌੜ ਤੋਂ ਚੋਣ ਲੜ ਲਵੇ, ਪੰਜਾਬੀ ਬੱਲ੍ਹੇ ਬੱਲ੍ਹੇ ਕਰਾ ਦੇਣਗੇ। ਲਾਭ ਉਗੋਕੇ ਨੂੰ ਆਪੇ ਭਗਵੰਤ ਮਾਨ ਮਨਾ ਲਊ।

         ਉੱਧਰ, ‘ਗ਼ਦਰ’ ਫਿਲਮ ਆਲਾ ਤਾਰਾ ਸਿਓਂ ਦੇਸ਼ ਭਗਤੀ ਦੀ ਸੁਰ ਲਾ ਰਿਹੈ, ‘ਹਮਾਰਾ ਹਿੰਦੁਸਤਾਨ ਜ਼ਿੰਦਾਬਾਦ ਥਾ, ਜ਼ਿੰਦਾਬਾਦ ਹੈ, ਜ਼ਿੰਦਾਬਾਦ ਰਹੇਗਾ।’ ਗੁਆਂਢੀ ਨੂੰ ਜਦੋਂ ਕਦੇ ਮਿਰਗੀ ਦਾ ਦੌਰਾ ਪੈਂਦੈ, ਭਾਰਤ ਜੁੱਤੀ ਸੁੰਘਾ ਛੱਡਦੈ। ਜਿਵੇਂ ਨੂੰਹ ਸੱਸ ਦੀ ਲੜਾਈ ਦਾ ਹੱਲ ਯੂ.ਐਨ ਕੋਲ ਵੀ ਨਹੀਂ, ਉਵੇਂ ਭਾਰਤ ਪਾਕਿ ਦਾ ਝਗੜਾ ਵੀ ਮੁੱਕਣਾ ਔਖੈ। ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਫਰਵਰੀ 1999 ’ਚ ਬੱਸ ’ਚ ਲਾਹੌਰ ਗਏ। ਅੱਗਿਓ 37 ਵਰਿ੍ਹਆਂ ਦੀ ਕੁਆਰੀ ਲੇਖਕਾ ਬੀਬੀ ਅਤੀਆ ਸ਼ਮਸ਼ਾਦ ਦਾ ਵਾਜਪਾਈ ’ਤੇ ਦਿਲ ਆ ਗਿਆ।

       ਜਦ ਮੁੰਡਾ ਦੇਖਿਆ ਹੋਊ ਤਾਂ ਅਤੀਆ ਦੇ ਚੇਤਿਆਂ ’ਚ ਕੁਲਦੀਪ ਮਾਣਕ ਤਸ਼ਰੀਫ਼ ਲਿਆਏ ਹੋਣਗੇ, ‘ਤੇਰੀ ਹਾਂ ਮੈਂ ਤੇਰੀ ਰਾਂਝਾ..।’ ਲਾਹੌਰ ’ਚ ਸੁਸ਼ੀਲ ਕੰਨਿਆ ਅਤੀਆ ਸ਼ਮਸ਼ਾਦ ਨੇ ਸ਼ਰੇਆਮ ਢੋਲ ਵਜਾ’ਤਾ ਕਿ ਉਸ ਨੂੰ 74 ਸਾਲਾ ਯੋਗ ਤੇ ਸਾਊ ਮੁੰਡਾ ਵਾਜਪਾਈ ਪਸੰਦ ਹੈ। ਨਿਆਣੀ ਅਤੀਆ ਨੇ ਸ਼ਰਤ ਰੱਖ’ਤੀ, ਪਿਆਰੇ! ਕਸ਼ਮੀਰ ਦੀ ਗੱਲ ਤੋਰੋਂਗੇ ਤਾਂ ਤੁਹਾਡੀ ਬੇਗ਼ਮ ਬਣਾਂਗੀ। ਵਾਜਪਾਈ ਨੂੰ ਇੱਕ ਚੜ੍ਹੇ, ਇੱਕ ਲੱਥੇ। ਵਾਜਪਾਈ ਮੁੜ ਆਏ ਪਰ ਅਤੀਆ ਗਾਉਣੋਂ ਨੀ ਹਟੀ, ‘ਪਰਦੇਸੀ-ਪਰਦੇਸੀ ਜਾਣਾ ਨਹੀਂ, ਮੁਝੇ ਛੋਡ ਕੇ।’

        ਮਰਹੂਮ ਪ੍ਰਕਾਸ਼ ਸਿੰਘ ਬਾਦਲ ਵੀ ਵਾਜਪਾਈ ਨਾਲ ਲਾਹੌਰ ਗਏ। ਵਾਜਪਾਈ ਤੋਹਫ਼ੇ ’ਚ ਅਤੀਆ ਦੇ ਪਿਆਰ ਦਾ ਅਹਿਸਾਸ ਲੈ ਕੇ ਮੁੜੇ ਅਤੇ ਵੱਡੇ ਬਾਦਲ ਤੋਹਫ਼ੇ ਵਿੱਚ ਪੰਜ ਭੇਡੂ ਲੈ ਕੇ ਮੁੜੇ ਸਨ। ਪਾਕਿਸਤਾਨ ਆਦਤ ਤੋਂ ਮਜਬੂਰ ਹੈ। ਵਾਜਪਾਈ ਨੂੰ ਜੱਫੀਆਂ ਪਾਈ ਗਿਆ, ਨਾਲੇ ਕਾਰਗਿਲ ’ਚ ਘੁਸਪੈਠ ਕਰੀ ਗਿਆ। ਦੱਸਣ ਦੀ ਲੋੜ ਨਹੀਂ ਕਿ ਹਿੰਦੁਸਤਾਨ ਨੇ ਗੁਆਂਢੀ ਨੂੰ ਕਿੰਨੇ ਵਾਰ ਗਲੋਟੇ ਵਾਂਗੂ ਉਧੇੜਿਐ। ਗੁਆਂਢੀ ਦੇ ਚਾਲ-ਚਰਿੱਤਰ ਨੂੰ ਕੋਈ ਭੁੱਲਿਆ ਨਹੀਂ। ਰੰਗੀਨ ਤਬੀਅਤਾਂ ਵੀ ਪਾਕਿਸਤਾਨ ਦੇ ਫ਼ੌਜੀ ਜਰਨੈਲਾਂ ਦੀ ਰਾਸ਼ੀ ਬਣੀਆਂ ਨੇ।

        ਆਓ ਯਾਹੀਆ ਖ਼ਾਨ ਦਾ ਕਿੱਸਾ ਸੁਣੋ। ਅਕੇਰਾਂ ਪਾਕਿਸਤਾਨੀ ਫਿਲਮੀ ਅਦਾਕਾਰ ਤਰਾਨਾ ਯਾਹੀਆ ਖ਼ਾਨ ਨੂੰ ਮਿਲਣ ਗਈ। ਅਰਦਲੀ ਨੇ ਅਣਦੇਖੀ ਕਰ ਦਿੱਤੀ। ਜਦੋਂ ਕਈ ਘੰਟਿਆਂ ਮਗਰੋਂ ਤਰਾਨਾ ਬਾਹਰ ਨਿਕਲੀ ਤਾਂ ਅਰਦਲੀ ਨੇ ਪੈਰ ਗੱਡ ਸਲੂਟ ਮਾਰਿਆ। ਤਰਾਨਾ ਨੇ ਪੁੱਛਿਆ ਕਿ ਹੁਣ ਸਲੂਟ ਕਿਉਂ। ਅਰਦਲੀ ਫ਼ਰਮਾਏ, ਬੀਬਾ! ਜਦ ਅੰਦਰ ਗਏ ਸੀ, ਉਦੋਂ ਤੁਸੀਂ ਸਿਰਫ਼ ਤਰਾਨਾ ਸੀ, ਹੁਣ ਤੁਸੀਂ ਕੌਮੀ ਤਰਾਨਾ ਬਣ ਗਏ ਹੋ। ਕਿਤੇ ਨੇੜੇ ਨਵਜੋਤ ਸਿੱਧੂ ਹੁੰਦਾ ਤਾਂ ਕਹਿਣੋਂ ਨਾ ਟਲਦਾ, ‘ਠੋਕੋ ਤਾਲੀ’। ਟਲਿਆ ਅਮਰਿੰਦਰ ਵੀ ਨਹੀਂ, ਸੀਤਾ ਫਲ ਅਖੀਰ ਤੱਕ ਭੇਟ ਕਰਦਾ ਰਿਹਾ।

       ਅਮਰੀਕਾ ਵੀ ਕਿਥੋਂ ਦਾ ਭਲਾਮਾਣਸ ਹੈ। ਕਦੇ ਤੋਪਾਂ ਨੂੰ ਚਰਾਉਣ ਇਰਾਕ ਗਿਆ ਤੇ ਕਦੇ ਵੀਅਤਨਾਮ। ਕੋਰੀਆ ਤੇ ਜਾਪਾਨ ਹਾਲੇ ਤੱਕ ਨਹੀਂ ਭੁੱਲੇ। ਅਲਕਾਇਦਾ ਤੇ ਤਾਲਿਬਾਨ ਦਾ ਅਸਲ ਪਿਓ ਵੀ ਅਮਰੀਕਾ ਹੀ ਹੈ। ਰੂਸ ਆਲੇ ਜਦੋਂ ਅਫ਼ਗ਼ਾਨਿਸਤਾਨ ’ਚ ਵੜੇ ਤਾਂ ਉਦੋਂ ਅਮਰੀਕਾ ਦੀ ਗੋਦੀ ’ਚ ਤਾਲਿਬਾਨ ਖੇਡ ਰਿਹਾ ਸੀ। ਲਾਦੇਨ ਦਾ ਪਾਲਣਹਾਰ ਵੀ ਅਮਰੀਕਾ ਬਣਿਆ। ਹੁਣ ਵਰਿ੍ਹਆਂ ਤੋਂ ਪਾਕਿਸਤਾਨ ਨੇ ਕਰੈੱਚ ਖੋਲ੍ਹ ਰੱਖਿਐ। ਇੱਧਰ, ਭਾਰਤ ਦੇਖਣਾ ਹੈ ਤਾਂ ਵੀਰ-ਜ਼ਾਰਾ ਫਿਲਮ ਦੇਖ ਲਓ, ਨਾਲੇ ਆਹ ਗਾਣਾ ਧਿਆਓ..‘ਐਸਾ ਦੇਸ਼ ਹੈ ਮੇਰਾ..।’

        ਜਦੋਂ ਵੀ ਕੋਈ ਔਖ ਆਈ, ਝੱਲਣਾ ਪੰਜਾਬ ਨੂੰ ਪਿਆ। ਪਾਸ਼ ਦੀ ਤੁਕ ਐ, ‘ਇਹ ਤਾਂ ਪਾਪੀ ਪੇਟ ਸਨ, ਜੋ ਪੁਤਲੀਆਂ ਬਣ ਨੱਚੇ।’ ਅਮਨ ਦੀ ਘੁੱਗੀ ਦੀ ਪੰਜਾਬ ਸੁੱਖ ਮੰਗਦੈ। ਪੁਰਾਣੇ ਵੇਲਿਆਂ ’ਚ ਖ਼ਾਨ ਬਾਦਸ਼ਾਹ ਵੀ ਅਹਿੰਸਾ ਦਾ ਦੂਤ ਬਣਿਆ ਜਿਹਨੂੰ ਪਾਕਿਸਤਾਨ ਵਾਲੇ ਕਾਫ਼ਰ ਅਤੇ ਭਾਰਤ ਆਲੇ ਸਰਹੱਦੀ ਗਾਂਧੀ ਆਖਦੇ ਸਨ। ਐੱਨ.ਐੱਸ.ਰਤਨ ਨੇ ਕਿਆ ਖ਼ੂਬ ਲਿਖਿਐ, ‘ਧਰਮਾਂ-ਧੜਿਆਂ ਧਰਤੀ ਵੰਡੀ, ਕਿਸ ਵਿਹੜੇ ਮੈਂ ਪੀੜ੍ਹਾ ਡਾਹਵਾਂ।’ ਮੀਡੀਆ ਦੀ ਤੋਏ ਤੋਏ ਸਰਹੱਦਾਂ ਟੱਪੀ ਹੈ। ਭਲਿਓ! ਤਾਲਸਤਾਏ ਦੀ ‘ਜੰਗ ਤੇ ਅਮਨ’ ਹੀ ਪੜ੍ਹ ਲੈਂਦੇ।

       ਨੈਪੋਲੀਅਨ ਮੈਦਾਨ-ਏ-ਜੰਗ ’ਚ ਵੀ ਕਿਤਾਬਾਂ ਪੜ੍ਹਨੋਂ ਨੀ ਹਟਦਾ ਸੀ। ਅਸਾਡੇ ਮੀਡੀਆ ਨੇ ਤਾਂ ਘਰ ਘਰ ’ਚ ਖ਼ੌਫ਼ ਦੇ ਸੱਥਰ ਵਿਛਾ ਦਿੱਤੇ। ਜੰਗਬਾਜ਼ ਐਂਕਰ ਜਦੋਂ ਗੱਜਦੇ ਸਨ ਤਾਂ ਘਰਾਂ ਦੇ ਬਨੇਰਿਆਂ ’ਤੇ ਬੈਠੀਆਂ ਅਮਨ ਦੀਆਂ ਘੁੱਗੀਆਂ ਵੀ ਦਹਿਲ ਜਾਂਦੀਆਂ ਸਨ। ਜਾਰਜ ਬੁਸ਼ ਨੇ ਇਰਾਕ ਜੰਗ ਵੇਲੇ ਪ੍ਰੈੱਸ ਵਾਰਤਾ ’ਚ ਕਿਹਾ ਕਿ ਇਰਾਕ ’ਚ ਢਾਈ ਲੱਖ ਲੋਕ ਅਤੇ ਇੱਕ ਕੁੱਤਾ ਮਾਰਾਂਗੇ। ਮੀਡੀਆ ਇੱਕੋ ਸੁਰ ਬੋਲਿਆ, ਕੁੱਤਾ ਕਿਓਂ? ਬੁਸ਼ ਨੇ ਨਾਲ ਬੈਠੇ ਸਾਥੀ ਦੇ ਹੁੱਜ ਮਾਰੀ, ਦੇਖਿਆ ਇਨ੍ਹਾਂ ਨੂੰ ਕੁੱਤੇ ਦਾ ਫਿਕਰ ਐ, ਢਾਈ ਲੱਖ ਲੋਕਾਂ ਦਾ ਨਹੀਂ।

       ਸਿਆਣੇ ਆਖਦੇ ਨੇ, ‘ਚੰਗੇ ਮਲਾਹ ਦੀ ਪਛਾਣ ਤੂਫ਼ਾਨ ਆਉਣ ’ਤੇ ਹੁੰਦੀ ਹੈ।’ ਜੰਗ ਦਾ ਸਾਇਰਨ ਕੀ ਵੱਜਿਆ, ‘ਆਪ’ ਦੀ ਦਿੱਲੀ ਲੀਡਰਸ਼ਿਪ ‘ਬਦਲਾਅ’ ਨੂੰ ਬੁੱਕਲ ’ਚ ਲੈ ਲਾਲ ਕਿਲੇ ਜਾ ਬੈਠੀ। ਪੰਜਾਬ ਆਲੇ ਵਜ਼ੀਰ ਸਰਹੱਦਾਂ ’ਤੇ ਡਟੇ ਰਹੇ। ਜਿਉਂ ਹੀ ਗੋਲੀਬੰਦੀ ਹੋਈ, ਦਿੱਲੀ ਆਲੇ ਲੀਡਰ ਪੰਜਾਬ ’ਚ ਮੁੜ ਲੈਂਡ ਕਰ ਗਏ। ਮੋਢਿਆਂ ਤੇ ਬੈਠਾ ‘ਬਦਲਾਅ ਸਿੰਘ’ ਹੇਕਾਂ ਲਾਉਣੋਂ ਨਾ ਹਟੇ, ‘ਦਿਲ ਦੀਆ ਹੈ, ਜਾਨ ਵੀ ਦੇਂਗੇ, ਐ ਵਤਨ ਤੇਰੇ ਲੀਏ..।’

(15 ਮਈ 2025)

Monday, February 26, 2018

                                                           ਗੁੱਝੇ ਭੇਤ..
                              ਅਰੂਸਾ ਦੇ ਆਲਮ ਬਾਰੇ ਹੋਈਆਂ ਚੁੱਪ ਸਰਕਾਰਾਂ !
                                                         ਚਰਨਜੀਤ ਭੁੱਲਰ
ਬਠਿੰਡਾ : ਮਹਿਮਾਨ ਦੋਸਤ ਅਰੂਸਾ ਆਲਮ ਦੀ ਠਹਿਰ ਦਾ ਗੁੱਝਾ ਭੇਤ ਖੁੱਲ੍ਹਣਾ ਮੁਸ਼ਕਲ ਜਾਪਦਾ ਹੈ। ਕੋਈ ਸਰਕਾਰ ਤੇ ਕੋਈ ਵੀ ਅਫ਼ਸਰ ਇਸ ਪਾਕਿਸਤਾਨੀ ਪਰੀ ਦਾ ਭੇਤ ਨਸ਼ਰ ਕਰਦੇ ਖ਼ਤਰਾ ਮੁੱਲ ਲੈਣ ਨੂੰ ਤਿਆਰ ਨਹੀਂ ਹੈ। ਚਰਚੇ ਇਹੋ ਚੱਲਦੇ ਹਨ ਕਿ ਮੁੱਖ ਮੰਤਰੀ ਕੈਪਟਨ  ਅਮਰਿੰਦਰ ਸਿੰਘ ਦੀ ਦੋਸਤ ਅਰੂਸਾ ਆਲਮ ਭਾਰਤ ਫੇਰੀ ਮੌਕੇ ਚੰਡੀਗੜ੍ਹ ਠਹਿਰਦੀ ਹੈ ਜਾਂ ਫਿਰ ਹਿਮਾਚਲ ਪ੍ਰਦੇਸ਼ ਠਹਿਰ ਰੱਖਦੀ ਹੈ। ਜਦੋਂ ਹਿਮਾਚਲ ਪ੍ਰਦੇਸ਼ ਸਰਕਾਰ ਨੂੰ ਆਰਟੀਆਈ ਤਹਿਤ ਇਸ ਪਾਕਿਸਤਾਨੀ ਮਹਿਮਾਨ ਦੀ ਪਹਿਲੀ ਜਨਵਰੀ 2016 ਤੋਂ ਹੁਣ ਤੱਕ ਠਹਿਰ ਬਾਰੇ ਪੁੱਛਿਆ ਤਾਂ ਸਰਕਾਰ ਨੇ ਇਸ ਦਾ ਜੁਆਬ ਹੀ ਦੇਣ ਤੋਂ ਕੰਨੀ ਵੱਟ ਲਈ। ਹਿਮਾਚਲ ਪ੍ਰਦੇਸ਼ ਸਰਕਾਰ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਪਹਾੜੀ ਰਾਜ ਦੇ ਕੱੁਝ ਗੇੜਿਆਂ ਹੀ ਸੂਚਨਾ ਦਿੱਤੀ ਹੈ। ਜਦੋਂ ਯੂ.ਟੀ ਚੰਡੀਗੜ੍ਹ ਦੇ ਐਸ.ਐਸ.ਪੀ ਨੂੰ ਪਾਕਿਸਤਾਨੀ ਮਹਿਲਾ ਦੀ ਲੰਘੇ ਦੋ ਵਰ੍ਹਿਆਂ ਦੀ ਠਹਿਰ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਨੇ ਆਰ.ਟੀ. ਆਈ ਦੀ ਇਹ ਦਰਖਾਸਤ ਡੀ.ਐਸ.ਪੀ (ਸੀ.ਆਈ.ਡੀ), ਡੀ.ਐਸ.ਪੀ ਸਕਿਉਰਿਟੀ ਵਿੰਗ ਤੇ ਡੀ.ਐਸ.ਪੀ ਹੈੱਡਕੁਆਟਰ ਕੋਲ ਭੇਜ ਦਿੱਤੀ।
                   ਡੀ.ਐਸ.ਪੀ (ਸੀਆਈਡੀ) ਯੂ.ਟੀ ਚੰਡੀਗੜ੍ਹ ਨੇ 21 ਫਰਵਰੀ ਨੂੰ ਪੱਤਰ ਨੰਬਰ 201 ਤਹਿਤ ਪਾਕਿਸਤਾਨੀ ਮਹਿਲਾ ਦੀ ਸੂਚਨਾ ਦੇਣ ਤੋਂ ਇਨਕਾਰ ਕਰ ਦਿੱਤਾ ਹੈ। ਉਨ੍ਹਾਂ ਲਿਖਿਆ ਹੈ ਕਿ ਇਸ ਦਾ ਤੁਅੱਲਕ ਬਿਊਰੋ ਆਫ ਇਮੀਗਰੇਸ਼ਨ ਨਾਲ ਹੈ ਅਤੇ ਆਰਟੀਆਈ ਐਕਟ 2005 ਤਹਿਤ ਬਿਊਰੋ ਆਫ ਇਮੀਗਰੇਸ਼ਨ ਨੂੰ ਛੋਟ ਮਿਲੀ ਹੋਈ ਹੈ। ਯੂ.ਟੀ ਪੁਲੀਸ ਨੇ ਛੋਟ ਦੀ ਹਵਾਲਾ ਦੇ ਕੇ ਪਾਕਿਸਤਾਨੀ ਮਹਿਲਾ ਦੀ ਠਹਿਰ ਦੇ ਪਤੇ ਟਿਕਾਣੇ, ਠਹਿਰਨ ਦੀ ਤਰੀਕ ਦੇ ਵੇਰਵੇ ਦੇਣ ਤੋਂ ਇਨਕਾਰ ਕਰ ਦਿੱਤਾ ਹੈ ਅਤੇ ਦਰਖਾਸਤ ਨੂੰ ਰੱਦ ਕਰ ਦਿੱਤਾ ਹੈ। ਗੌਰਤਲਬ ਹੈ ਕਿ ਵਿਰੋਧੀ ਧਿਰ ਦੇ ਨੇਤਾ ਸੁਖਪਾਲ ਖਹਿਰਾ ਨੇ ਥੋੜ੍ਹਾ ਸਮਾਂ ਪਹਿਲਾਂ ਸੋਸ਼ਲ ਮੀਡੀਆ ਤੇ ਵਾਇਰਲ ਹੋਈ ਇੱਕ ਵੀਡੀਓ ਦੇ ਹਵਾਲੇ ਨਾਲ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੂੰ ਪੱਤਰ ਲਿਖ ਕੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਖ਼ਿਲਾਫ਼ ਕਾਰਵਾਈ ਮੰਗੀ ਸੀ। ਉਨ੍ਹਾਂ ਅਰੂਸਾ ਆਲਮ ਦੇ ਮੁੱਖ ਮੰਤਰੀ ਦੀ ਸਰਕਾਰੀ ਰਿਹਾਇਸ਼ ਤੇ ਹੋਈ ਪਾਰਟੀ ਵਿਚ ਸ਼ਮੂਲੀਅਤ ਹੋਣ ਦੀ ਗੱਲ ਆਖੀ ਸੀ।
                   ਅਰੂਸਾ ਆਲਮ ਨੂੰ ਲੈ ਕੇ ਵਿਰੋਧੀ ਹਮੇਸ਼ਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਨਿਸ਼ਾਨਾ ਬਣਾਉਂਦੇ ਰਹੇ ਹਨ। ਹਾਲਾਂਕਿ ਅਰੂਸਾ ਆਲਮ ਨੇ 26 ਦਸੰਬਰ 2007 ਨੂੰ ਖ਼ੁਦ ਚੰਡੀਗੜ੍ਹ ਵਿਚ ਮੀਡੀਆ ਸਾਹਮਣੇ ਅਮਰਿੰਦਰ ਸਿੰਘ ਦੀ ਸਿਰਫ਼ ਦੋਸਤ ਹੋਣ ਦੀ ਗੱਲ ਕਬੂਲੀ ਸੀ। ਨੇਮਾਂ ਅਨੁਸਾਰ ਕਿਸੇ ਵੀ ਵਿਦੇਸ਼ੀ ਨੂੰ ਭਾਰਤ ਵਿਚ ਆਪਣੀ ਠਹਿਰ ਬਾਰੇ ਸੂਚਨਾ ਦੇਣੀ ਹੁੰਦੀ ਹੈ। ਪਹਿਲੋਂ ਚਰਚੇ ਛਿੜੇ ਸਨ ਕਿ ਅਰੂਸਾ ਆਲਮ ਵਾਦੀਆਂ ਵਿਚ ਇੱਕ ਜਨਮ ਦਿਨ ਸਮਾਰੋਹਾਂ ਵਿਚ ਸ਼ਾਮਲ ਹੋਈ ਹੈ। ਇਸ ਪੱਤਰਕਾਰ ਵੱਲੋਂ ਜਦੋਂ ਪਹਿਲਾਂ ਚੰਡੀਗੜ੍ਹ ਯੂ.ਟੀ ਦੇ ਗ੍ਰਹਿ ਵਿਭਾਗ ਨੂੰ ਅਰੂਸਾ ਆਲਮ ਸਬੰਧੀ ਆਰਟੀਆਈ ਪਾਈ ਤਾਂ ਗ੍ਰਹਿ ਵਿਭਾਗ ਨੇ ਪਹਿਲਾਂ ਤਾਂ ਪੱਤਰ ਲੈਣ ਤੋਂ ਹੀ ਇਨਕਾਰ ਕਰ ਦਿੱਤਾ ਸੀ। ਆਮ ਇਹ ਅਚੰਭਾ ਤੇ ਭੇਤ ਬਣਿਆ ਹੋਇਆ ਹੈ ਕਿ ਅਰੂਸਾ ਆਲਮ ਕਿਥੇ ਠਹਿਰਦੀ ਹੈ ,ਇਸ ਬਾਰੇ ਜਾਣਨ ਲਈ ਹਰ ਕੋਈ ਇੱਛੁਕ ਹੈ। ਕੋਈ ਵੀ ਸਰਕਾਰੀ ਅਧਿਕਾਰੀ ਇਸ ਦਾ ਭੇਤ ਖੋਲ੍ਹਣ ਲਈ ਤਿਆਰ ਨਹੀਂ ਹੈ।
            ਜਦੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਪਹਾੜੀ ਰਾਜ ਹਿਮਾਚਲ ਪ੍ਰਦੇਸ਼ ਵਿਚ ਹੁੰਦੇ ਹਨ ਤਾਂ ਉਦੋਂ ਉਹ ਸਟੇਟ ਮਹਿਮਾਨ ਹੁੰਦੇ ਹਨ। ਹਿਮਾਚਲ ਪ੍ਰਦੇਸ਼ ਸਰਕਾਰ ਨੇ ਸਾਲ 2017-18 ਦੌਰਾਨ ਅਮਰਿੰਦਰ ਦੇ ਬਤੌਰ ਸਟੇਟ ਮਹਿਮਾਨ ਪੁੱਜਣ ਦੀ ਬਹੁਤ ਥੋੜ੍ਹੀ ਸੂਚਨਾ ਆਰਟੀਆਈ ਤਹਿਤ ਦਿੱਤੀ ਹੈ। ਹਿਮਾਚਲ ਸਰਕਾਰ ਅਨੁਸਾਰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ 27 ਅਤੇ 28 ਅਪਰੈਲ 2017 ਨੂੰ ਸ਼ਿਮਲਾ/ਕਾਂਡਲੀ ਵਿਚ ਠਹਿਰੇ ਸਨ ਅਤੇ ਉਸ ਮਗਰੋਂ 18 ਮਈ ਤੋਂ 22 ਮਈ 2017 ਤੱਕ ਸ਼ਿਮਲਾ/ਕਾਂਡਿਆਲੀ ਵਿਖੇ ਠਹਿਰੇ ਸਨ। ਸਰਕਾਰ ਨੇ ਦੋ ਦੌਰਿਆਂ ਦੀ ਹੀ ਸੂਚਨਾ ਦਿੱਤੀ ਹੈ ਜਦੋਂ ਕਿ ਹਿਮਾਚਲ ਸਰਕਾਰ ਨੇ ਅਰੂਸਾ ਆਲਮ ਦੇ ਪਹਾੜੀ ਰਾਜ ਵਿਚਲੇ ਦੌਰਿਆਂ ਬਾਰੇ ਚੁੱਪ ਵੱਟ ਲਈ ਹੈ।