Sunday, January 23, 2022

                                                          ਪੰਜਾਬ ਚੋਣਾਂ
                             ਸਿਆਸਤ ਦੇ ਪਿੜ ’ਚ ਔਰਤਾਂ ਨੇ ਵਧਾਏ ਕਦਮ
                                                         ਚਰਨਜੀਤ ਭੁੱਲਰ    

ਚੰਡੀਗੜ੍ਹ : ਪੰਜਾਬ ਵਿਧਾਨ ਸਭਾ ਚੋਣਾਂ ਦਾ ਰਾਜਸੀ ਇਤਿਹਾਸ ਇਸ ਰੁਝਾਨ ’ਤੇ ਮੋਹਰ ਲਾਉਂਦਾ ਹੈ ਕਿ ਚੋਣਾਂ ਵਿੱਚ ਮਹਿਲਾ ਉਮੀਦਵਾਰਾਂ ਦੀ ਹਿੱਸੇਦਾਰੀ ਤਾਂ ਵਧੀ ਹੈ ਪਰ ਉਨ੍ਹਾਂ ਦੇ ਹਿੱਸੇ ਬਹੁਤੀ ਕਾਮਯਾਬੀ ਨਹੀਂ ਆ ਸਕੀ ਹੈ। ਰਾਜਸੀ ਧਿਰਾਂ ਨੇ ਤਾਂ ਕਦੇ ਵੀ ਮਹਿਲਾ ਉਮੀਦਵਾਰਾਂ ਦਾ ਅੰਕੜਾ ਵਧਾਉਣ ਵਿਚ ਫਰਾਖਦਿਲੀ ਨਹੀਂ ਦਿਖਾਈ ਹੈ, ਜਿਸ ਤਹਿਤ ਆਜ਼ਾਦ ਉਮੀਦਵਾਰ ਵਜੋਂ ਹੀ ਮਹਿਲਾ ਉਮੀਦਵਾਰ ਚੋੋਣ ਮੈਦਾਨ ਵਿੱਚ ਕੁੱਦੀਆਂ ਹਨ। 1957 ਦੀਆਂ ਚੋਣਾਂ ਤੋਂ 2017 ਦੀਆਂ ਚੋੋਣਾਂ ਤੱਕ 507 ਔਰਤਾਂ ਨੇ ਚੋਣ ਮੈਦਾਨ ਵਿੱਚ ਪੈਰ ਪਾਇਆ ਹੈ, ਜਿਨ੍ਹਾਂ ਵਿੱਚੋਂ 86 ਔਰਤਾਂ ਵਿਧਾਇਕ ਬਣੀਆਂ ਹਨ।

               ਕੋਈ ਜ਼ਮਾਨਾ ਸੀ ਜਦੋਂ ਵਿਧਾਨ ਸਭਾ ਦੇ ਸੈਸ਼ਨਾਂ ਵਿੱਚ ਲਕਸ਼ਮੀ ਕਾਂਤਾ ਚਾਵਲਾ, ਵਿਮਲਾ ਡਾਂਗ, ਸਤਵੰਤ ਕੌਰ ਸੰਧੂ, ਰਜਿੰਦਰ ਕੌਰ ਭੱਠਲ, ਉਪਿੰਦਰਜੀਤ ਕੌਰ, ਮਾਲਤੀ ਥਾਪਰ, ਸੁਸ਼ੀਲ ਮਹਾਜਨ ਜਿਹੀਆਂ ਹਸਤੀਆਂ ਦੀ ਧਾਕ ਪੈਂਦੀ ਰਹੀ ਹੈ। ਸਤਵੰਤ ਕੌਰ ਸੰਧੂ ਹਲਕਾ ਚਮਕੌਰ ਸਾਹਿਬ ਤੋਂ ਪੰਜ ਦਫਾ ਵਿਧਾਇਕ ਰਹੇ ਹਨ ਅਤੇ ਦੋ ਵਾਰ ਮੰਤਰੀ ਵੀ ਰਹੇ ਸਨ। ਲਕਸ਼ਮੀ ਕਾਂਤਾ ਚਾਵਲਾ ਵੀ ਤਿੰਨ ਵਾਰ ਵਿਧਾਇਕ ਰਹਿ ਚੁੱਕੇ ਹਨ। 2017 ਚੋਣਾਂ ਵਿੱਚ ਛੇ ਮਹਿਲਾ ਵਿਧਾਇਕ ਚੁਣੀਆਂ ਗਈਆਂ ਸਨ।

             ਸਿਆਸੀ ਮੁਲਾਂਕਣ ਕਰੀਏ ਤਾਂ 1969 ਦੀਆਂ ਚੋਣਾਂ ਵਿੱਚ ਕੋਈ ਵੀ ਮਹਿਲਾ ਉਮੀਦਵਾਰ ਜੇਤੂ ਨਹੀਂ ਰਹੀ ਸੀ ਅਤੇ ਉਦੋਂ ਅੱਠ ਔਰਤਾਂ ਚੋਣ ਮੈਦਾਨ ਵਿੱਚ ਸਨ। ਦੂਜੇ ਪਾਸੇ ਸਾਲ 2012 ਵਿੱਚ ਸਭ ਤੋਂ ਵੱਧ ਮਹਿਲਾ ਉਮੀਦਵਾਰਾਂ ਚੋਣ ਜਿੱਤੀਆਂ ਸਨ, ਜਿਨ੍ਹਾਂ ਦੀ ਗਿਣਤੀ 14 ਬਣਦੀ ਹੈ। ਉਸ ਵੇਲੇ ਕੁੱਲ 93 ਮਹਿਲਾ ਉਮੀਦਵਾਰ ਮੈਦਾਨ ਵਿੱਚ ਸਨ। ਕੋਈ ਸਮਾਂ ਸੀ ਜਦੋਂ ਕੁਝ ਕੁ ਹਲਕਿਆਂ ਵਿੱਚ ਹੀ ਮਹਿਲਾ ਉਮੀਦਵਾਰ ਨਜ਼ਰ ਪੈਂਦੀਆਂ ਸਨ, ਹੁਣ ਦੇਖੀਏ ਤਾਂ ਪਿਛਲੀ 2017 ਦੀ ਚੋਣ ਵਿੱਚ 51 ਹਲਕਿਆਂ ’ਚ ਔਰਤ ਉਮੀਦਵਾਰਾਂ ਦੀ ਮੌਜੂਦਗੀ ਸੀ ਜਦਕਿ 1967 ਵਿੱਚ ਸਿਰਫ ਅੱਠ ਹਲਕਿਆਂ ਤੋਂ ਹੀ ਔਰਤ ਉਮੀਦਵਾਰਾਂ ਨੇ ਚੋਣ ਲੜੀ ਸੀ।

            ਐੱਸਡੀ ਕਾਲਜ ਬਰਨਾਲਾ ਦੇ ਰਾਜਨੀਤੀ ਸ਼ਾਸਤਰ ਦੇ ਅਧਿਆਪਕ ਸ਼ੋਇਬ ਜ਼ਫਰ ਆਖਦੇ ਹਨ ਕਿ ਹਰ ਖੇਤਰ ਦੀਆਂ ਔਰਤਾਂ ਦੀ ਚੋਣ ਪ੍ਰਕਿਰਿਆ ਵਿੱਚ ਹਿੱਸੇਦਾਰੀ ਵਧੀ ਹੈ। ਔਰਤਾਂ ਲਈ ਹੁਣ ਚੋਣਾਂ ਦਾ ਮੈਦਾਨ ਓਪਰਾ ਨਹੀਂ ਹੈ। ਉਨ੍ਹਾਂ ਕਿਹਾ ਕਿ ਸਿਆਸੀ ਧਿਰਾਂ ਵੱਲੋਂ ਹਾਲੇ ਵੀ ਔਰਤ ਉਮੀਦਵਾਰ ਬਣਾਏ ਜਾਣ ਵਿੱਚ ਕੰਜੂਸੀ ਵਰਤੀ ਜਾਂਦੀ ਹੈ। ਵੇਰਵਿਆਂ ਅਨੁਸਾਰ 2012 ਵਿੱਚ 67 ਹਲਕਿਆਂ ’ਚ 93 ਮਹਿਲਾ ਉਮੀਦਵਾਰ ਸਨ, ਜਿਨ੍ਹਾਂ ਵਿੱਚੋਂ 14 ਜੇਤੂ ਰਹੀਆਂ। ਉਦੋਂ ਜੈਤੋ ਹਲਕੇ ਤੋਂ ਸਭ ਤੋਂ ਵੱਧ 4 ਮਹਿਲਾ ਉਮੀਦਵਾਰ ਸਨ।

            ਇਵੇਂ ਹੀ 2007 ਦੀਆਂ ਚੋਣਾਂ ਵਿੱਚ 47 ਹਲਕਿਆਂ ਤੋਂ 56 ਮਹਿਲਾ ਉਮੀਦਵਾਰ ਸਨ, ਜਿਨ੍ਹਾਂ ਵਿੱਚੋਂ 7 ਔਰਤਾਂ ਜੇਤੂ ਰਹੀਆਂ। 2002 ਦੀਆਂ ਚੋਣਾਂ ਵਿੱਚ 50 ਹਲਕਿਆਂ ਤੋਂ ਚੋਣ ਲੜ ਰਹੀਆਂ 71 ਮਹਿਲਾਵਾਂ ਵਿੱਚੋਂ 8 ਔਰਤਾਂ ਨੂੰ ਜਿੱਤ ਹਾਸਲ ਹੋਈ ਸੀ। ਉਸ ਵੇਲੇ ਜਲੰਧਰ ਕੈਂਟ ਅਤੇ ਧਰਮਕੋਟ ਹਲਕੇ ਤੋਂ ਸਭ ਤੋਂ ਵੱਧ ਚਾਰ ਚਾਰ ਔਰਤਾਂ ਨੇ ਚੋਣ ਲੜੀ ਸੀ। 1997 ਵਿੱਚ 44 ਹਲਕਿਆਂ ਤੋਂ 52 ਔਰਤਾਂ ਨੇ ਚੋਣ ਲੜੀ, ਜਿਨ੍ਹਾਂ ਵਿੱਚੋਂ 7 ਔਰਤਾਂ ਸਫ਼ਲ ਹੋਈਆਂ, ਜਦੋਂ ਕਿ 1992 ਵਿੱਚ ਚੋਣ ਲੜਨ ਵਾਲੀਆਂ 22 ਔਰਤਾਂ ਵਿੱਚੋਂ 6 ਮਹਿਲਾ ਉਮੀਦਵਾਰ ਸਫ਼ਲ ਹੋਈਆਂ ਸਨ। 

           1985 ਦੀਆਂ ਚੋਣਾਂ ਵਿੱਚ 29 ਹਲਕਿਆਂ ਤੋਂ 33 ਮਹਿਲਾ ਉਮੀਦਵਾਰ ਚੋਣ ਮੈਦਾਨ ਵਿੱਚ ਸਨ, ਜਿਨ੍ਹਾਂ ਵਿੱਚੋਂ 4 ਔਰਤਾਂ ਨੂੰ ਹੀ ਕਾਮਯਾਬੀ ਮਿਲੀ ਸੀ। ਅੱਗੇ ਅੰਕੜਾ ਦੇਖੀਏ ਤਾਂ 1980 ਦੀਆਂ ਚੋਣਾਂ ਵਿੱਚ 16 ਹਲਕਿਆਂ ਤੋਂ 19 ਮਹਿਲਾ ਉਮੀਦਵਾਰ ਚੋਣ ਮੈਦਾਨ ਵਿੱਚ ਸਨ ਅਤੇ ਇਨ੍ਹਾਂ ਵਿੱਚੋਂ 6 ਔਰਤਾਂ ਜੇਤੂ ਰਹੀਆਂ ਸਨ। 1977 ਵਿੱਚ 17 ਹਲਕਿਆਂ ਤੋਂ 18 ਔਰਤਾਂ ਮੈਦਾਨ ਵਿੱਚ ਡਟੀਆਂ, ਜਿਨ੍ਹਾਂ ਵਿੱਚੋਂ ਸਿਰਫ 3 ਔਰਤਾਂ ਹੀ ਵਿਧਾਇਕ ਬਣ ਸਕੀਆਂ ਸਨ। 1972 ਵਿੱਚ ਸਿਰਫ 11 ਹਲਕਿਆਂ ਤੋਂ 12 ਔਰਤਾਂ ਉਮੀਦਵਾਰ ਸਨ, ਉਦੋਂ ਪੰਜਾਹ ਫੀਸਦੀ ਸਫ਼ਲ ਦਰ ਰਹੀ ਸੀ। 1969 ਵਿੱਚ ਅੱਠ ਹਲਕਿਆਂ ਤੋਂ ਅੱਠ ਮਹਿਲਾ ਉਮੀਦਵਾਰ ਚੋਣ ਮੈਦਾਨ ਵਿੱਚ ਸਨ, ਜਿਨ੍ਹਾਂ ਵਿੱਚੋਂ 2 ਔਰਤਾਂ ਹੀ ਜੇਤੂ ਰਹੀਆਂ ਸਨ।

            ਮੌਜੂਦਾ ਪੰਜਾਬ ਚੋਣਾਂ ਵਿੱਚ ਵੀ ਕਾਂਗਰਸ ਤਰਫੋਂ ਹਾਲੇ ਤੱਕ 9 ਔਰਤਾਂ ਨੂੰ ਟਿਕਟ ਦਿੱਤੀ ਗਈ ਹੈ। ਕਾਂਗਰਸੀ ਨੇਤਾ ਪ੍ਰਿਅੰਕਾ ਗਾਂਧੀ ਵੱਲੋਂ 40 ਫੀਸਦੀ ਟਿਕਟਾਂ ਔਰਤਾਂ ਨੂੰ ਦਿੱਤੇ ਜਾਣ ਦੀ ਵਕਾਲਤ ਕੀਤੀ ਜਾ ਰਹੀ ਹੈ। ਉਪਿੰਦਰਜੀਤ ਕੌਰ 1997 ਤੋਂ 2012 ਤੱਕ ਵਿਧਾਇਕ ਰਹੇ ਅਤੇ ਉਹ ਤਤਕਾਲੀ ਸਰਕਾਰ ਵਿੱਚ ਤਕਨੀਕੀ ਸਿੱਖਿਆ ਤੇ ਸਨਅਤੀ ਸਿਖਲਾਈ ਵਿਭਾਗ ਦੇ ਮੰਤਰੀ ਵੀ ਰਹੇ। ਜ਼ਿਕਰਯੋਗ ਹੈ ਕਿ ਹੁਣ ਤੱਕ ਆਮ ਆਦਮੀ ਪਾਰਟੀ, ਸ਼੍ਰੋਮਣੀ ਅਕਾਲੀ ਦਲ ਅਤੇ ਕਿਸਾਨ ਜਥੇਬੰਦੀਆਂ ਦੀਆਂ ਪਾਰਟੀਆਂ ਨੇ ਵੀ ਜੋ ਆਪਣੇ ਉਮੀਦਵਾਰਾਂ ਦੀਆਂ ਸੂਚੀਆਂ ਦਾ ਐਲਾਨ ਕੀਤਾ ਹੈ ਕਿ ਉਨ੍ਹਾਂ ’ਚ ਮਹਿਲਾ ਉਮੀਦਵਾਰਾਂ ਦੀ ਗਿਣਤੀ ਘੱਟ ਹੈ। 

                                     ਮੌਜੂਦਾ ਦੌਰ ਵਿੱਚ ਸਫ਼ਲ ਮਹਿਲਾ ਵਿਧਾਇਕ 

ਮੌਜੂਦਾ ਦੌਰ ਵਿੱਚ ਵਿਧਾਨ ਸਭਾ ਦੀ ਪੌੜੀ ਚੜਨ ਵਾਲੀਆਂ ਮਹਿਲਾ ਉਮੀਦਵਾਰਾਂ ਵਿੱਚ ਬੀਬੀ ਜਗੀਰ ਕੌਰ, ਅਰੁਨਾ ਚੌਧਰੀ, ਰਜ਼ੀਆ ਸੁਲਤਾਨਾ, ਸਰਵਜੀਤ ਕੌਰ ਮਾਣੂੰਕੇ, ਪ੍ਰੋ. ਬਲਜਿੰਦਰ ਕੌਰ, ਰੁਪਿੰਦਰ ਕੌਰ ਰੂਬੀ, ਡਾ. ਨਵਜੋਤ ਕੌਰ ਸਿੱਧੂ, ਮਹਿੰਦਰ ਕੌਰ ਜੋਸ਼ ਸ਼ਾਮਲ ਹਨ। ਬੀਬੀ ਰਾਜਿੰਦਰ ਕੌਰ ਭੱਠਲ ਤਾਂ ਪਹਿਲੀ ਮਹਿਲਾ ਮੁੱਖ ਮੰਤਰੀ ਵੀ ਰਹਿ ਚੁੱਕੇ ਹਨ।

No comments:

Post a Comment