Tuesday, January 25, 2022

                                                          ਸਿਆਸੀ ਸਟੰਟ
                                                 ਨਾਮ ਵਿੱਚ ਕੀ ਰੱਖਿਆ..!
                                                          ਚਰਨਜੀਤ ਭੁੱਲਰ   

ਚੰਡੀਗੜ੍ਹ : ਪੰਜਾਬ ਵਿਧਾਨ ਸਭਾ ਚੋਣਾਂ ਦੇ ਮੈਦਾਨ ਵਿੱਚ ਐਤਕੀਂ ਤੁਹਾਨੂੰ ਇੱਕੋ ਨਾਮ ਵਾਲੇ ਕਈ-ਕਈ ਉਮੀਦਵਾਰ ਟੱਕਰ ਜਾਣ ਤਾਂ ਹੈਰਾਨ ਨਾ ਹੋਣਾ। ਸਿਆਸੀ ਪਿੜ ਵਿੱਚ ਇਹ ਵਰਤਾਰਾ ਬਹੁਤਾ ਪੁਰਾਣਾ ਨਹੀਂ ਪਰ ਇਸ ਦਫ਼ਾ ਸੰਭਾਵਨਾ ਹੈ ਕਿ ਵੋਟਰਾਂ ਨੂੰ ਭੰਬਲਭੂਸੇ ਵਿੱਚ ਪਾਉਣ ਲਈ ਰਾਜਸੀ ਧਿਰਾਂ ਹਰ ਚਾਲ ਚੱਲ ਸਕਦੀਆਂ ਹਨ। ਚਮਕੌਰ ਸਾਹਿਬ ਹਲਕੇ ਤੋਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਕਾਂਗਰਸੀ ਉਮੀਦਵਾਰ ਹੋਣਗੇ। ‘ਆਪ’ ਨੇ ਚੰਨੀ ਦੇ ਮੁਕਾਬਲੇ ਵਿੱਚ ਡਾ. ਚਰਨਜੀਤ ਸਿੰਘ ਨੂੰ ਉਮੀਦਵਾਰ ਬਣਾਇਆ ਹੈ। ਚਰਨਜੀਤ ਚੰਨੀ ਨੇ 2017 ਵਿੱਚ ਇਸੇ ਚਰਨਜੀਤ ਸਿੰਘ ਨੂੰ ਹਰਾਇਆ ਸੀ। ਇਵੇਂ ਕੈਪਟਨ ਅਮਰਿੰਦਰ ਸਿੰਘ ਨੇ ਜਦੋਂ ਅੰਮ੍ਰਿਤਸਰ ਤੋਂ 2014 ਵਿੱਚ ਲੋਕ ਸਭਾ ਚੋਣ ਲੜੀ ਤਾਂ ਉਸੇ ਹਲਕੇ ਤੋਂ ਇੱਕ ਹੋਰ ਆਜ਼ਾਦ ਉਮੀਦਵਾਰ ਅਮਰਿੰਦਰ ਸਿੰਘ ਚੋਣ ਮੈਦਾਨ ਵਿੱਚ ਕੁੱਦਿਆ ਸੀ। 

             ਮਨਪ੍ਰੀਤ ਬਾਦਲ ਉਦੋਂ ਹੱਕੇ-ਬੱਕੇ ਰਹਿ ਗਏ, ਜਦੋਂ ਉਨ੍ਹਾਂ ਦੇ ਮੁਕਾਬਲੇ ਵਿੱਚ ਹਲਕਾ ਬਠਿੰਡਾ ਤੋਂ 2014 ਦੌਰਾਨ ਇੱਕ ਆਜ਼ਾਦ ਉਮੀਦਵਾਰ ਮਨਪ੍ਰੀਤ ਸਿੰਘ ਬਾਦਲ ਆ ਗਿਆ ਸੀ। ਆਜ਼ਾਦ ਉਮੀਦਵਾਰ ਦਾ ਚੋਣ ਨਿਸ਼ਾਨ ਵੀ ‘ਪਤੰਗ’ ਸੀ, ਜੋ ਬਿਨਾਂ ਚੋਣ ਪ੍ਰਚਾਰ ਤੋਂ 4618 ਵੋਟਾਂ ਲੈ ਗਿਆ ਸੀ। ਪੰਜਾਬ ਚੋਣਾਂ ਵਿੱਚ ਐਤਕੀਂ ਵੀ ‘ਪਛਾਣ ਦਾ ਸੰਕਟ’ ਖੜ੍ਹਾ ਹੋ ਸਕਦਾ ਹੈ। ਪ੍ਰਮੁੱਖ ਸਿਆਸੀ ਧਿਰਾਂ ਵੱਲੋਂ ਇੱਕ ਦੂਸਰੇ ਖ਼ਿਲਾਫ਼ ਆਪਣੇ ਵਿਰੋਧੀ ਉਮੀਦਵਾਰ ਦੇ ਨਾਮ ਵਾਲੇ ਆਜ਼ਾਦ ਉਮੀਦਵਾਰ ਖੜ੍ਹੇ ਕਰ ਦਿੱਤੇ ਜਾਂਦੇ ਹਨ ਤਾਂ ਜੋ ਵੋਟਰਾਂ ਵਿੱਚ ਭੰਬਲਭੂਸਾ ਬਣ ਜਾਵੇ। ਹਾਲਾਂਕਿ ਇਹ ਸਿਆਸੀ ਚਾਲ ਕਦੇ ਵੀ ਬਹੁਤੀ ਸਫ਼ਲ ਨਹੀਂ ਹੋਈ ਹੈ। 

            ਇਸ ਤਰ੍ਹਾਂ ਦੀ ਸਿਆਸੀ ਘੁਣਤਰ 2002 ਦੀਆਂ ਚੋਣਾਂ ਤੋਂ ਮਗਰੋਂ ਸ਼ੁਰੂ ਹੋਈ ਹੈ। 2017 ਦੀਆਂ ਚੋਣਾਂ ਵਿੱਚ ਹਲਕਾ ਦਾਖਾ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਮਨਪ੍ਰੀਤ ਸਿੰਘ ਇਆਲੀ ਸਨ, ਜਦੋਂ ਕਿ ਇਸੇ ਹਲਕੇ ਤੋਂ ਇੱਕ ਆਜ਼ਾਦ ਉਮੀਦਵਾਰ ਮਨਪ੍ਰੀਤ ਸਿੰਘ ‘ਅਕਾਲੀ’ ਡਟ ਗਿਆ ਸੀ। ਇਸ ਮਾਮਲੇ ਵਿੱਚ ਹਲਕਾ ਰਾਮਪੁਰਾ ਫੂਲ ਸਭ ਤੋਂ ਅੱਗੇ ਰਿਹਾ ਹੈ, ਜਿੱਥੇ ਰਵਾਇਤੀ ਵਿਰੋਧੀ ਸਿਕੰਦਰ ਸਿੰਘ ਮਲੂਕਾ ਤੇ ਗੁਰਪ੍ਰੀਤ ਕਾਂਗੜ ਦਰਮਿਆਨ ਟੱਕਰ ਬਣਦੀ ਰਹੀ ਹੈ। 2017 ਦੀਆਂ ਚੋਣਾਂ ਵਿੱਚ ਰਾਮਪੁਰਾ ਹਲਕੇ ਤੋਂ ਚੋਣ ਮੈਦਾਨ ਵਿਚ ਇਕੱਲਾ ਗੁਰਪ੍ਰੀਤ ਕਾਂਗੜ ਨਹੀਂ ਸੀ, ਬਲਕਿ ਤਿੰਨ ਹੋਰ ਗੁਰਪ੍ਰੀਤ ਵੀ ਆਜ਼ਾਦ ਉਮੀਦਵਾਰ ਵਜੋਂ ਮੈਦਾਨ ਵਿੱਚ ਉੱਤਰੇ ਹੋਏ ਸਨ। ਇਵੇਂ ਅਕਾਲੀ ਉਮੀਦਵਾਰ ਸਿਕੰਦਰ ਸਿੰਘ ਮਲੂਕਾ ਇਕੱਲੇ ਨਹੀਂ, ਇੱਕ ਹੋਰ ਸਿਕੰਦਰ ਵੀ ਮੈਦਾਨ ਵਿੱਚ ਸੀ। 

             ਇਵੇਂ ਹੀ 2007 ਚੋਣਾਂ ਵਿੱਚ ਹੋਇਆ ਸੀ, ਉਦੋਂ ਇਸ ਹਲਕੇ ਤੋਂ ਇੱਕੋ ਵੇਲੇ ਤਿੰਨ ਸਿਕੰਦਰ ਅਤੇ ਦੋ ਗੁਰਪ੍ਰੀਤ ਚੋਣ ਲੜ ਰਹੇ ਸਨ। 2012 ਦੀਆਂ ਚੋਣਾਂ ਵਿੱਚ ਮਜੀਠਾ ਹਲਕੇ ਤੋਂ ਅਕਾਲੀ ਉਮੀਦਵਾਰ ਬਿਕਰਮ ਸਿੰਘ ਮਜੀਠੀਆ ਤੋਂ ਇਲਾਵਾ ਇੱਕ ਆਜ਼ਾਦ ਉਮੀਦਵਾਰ ਬਿਕਰਮ ਸਿੰਘ ਵੀ ਮੈਦਾਨ ਵਿੱਚ ਉੱਤਰਿਆ ਹੋਇਆ ਸੀ। ਵਿਰੋਧੀ ਕਾਂਗਰਸੀ ਉਮੀਦਵਾਰ ਸੁਖਜਿੰਦਰ ਰਾਜ ਸਿੰਘ ਦੇ ਬਰਾਬਰ ਇੱਕ ਆਜ਼ਾਦ ਉਮੀਦਵਾਰ ਸੁਖਜਿੰਦਰ ਸਿੰਘ ਵੀ ਚੋਣ ਲੜ ਰਿਹਾ ਸੀ। 2017 ਚੋਣਾਂ ’ਚ ਜ਼ੀਰਾ ਹਲਕੇ ਸਭ ਤੋਂ ਵੱਧ ਪਛਾਣ ਦਾ ਸੰਕਟ ਖੜ੍ਹਾ ਹੋਇਆ, ਜਦੋਂ ਇੱਥੋਂ ਇੱਕੋ ਵੇਲੇ ਚਾਰ ਕੁਲਬੀਰ ਸਿੰਘ ਚੋਣ ਲੜ ਰਹੇ ਸਨ, ਜਿਨ੍ਹਾਂ ਵਿੱਚੋਂ ਕਾਂਗਰਸੀ ਉਮੀਦਵਾਰ ਕੁਲਬੀਰ ਸਿੰਘ ਤੋਂ ਬਿਨਾਂ ਬਾਕੀ ਤਿੰਨੋਂ ਕੁਲਬੀਰ ਆਜ਼ਾਦ ਉਮੀਦਵਾਰ ਸਨ। ਇੱਥੋਂ ਹੀ ‘ਆਪ’ ਦੇ ਉਮੀਦਵਾਰ ਗੁਰਪ੍ਰੀਤ ਸਿੰਘ ਦੇ ਸਾਹਮਣੇ ਤਿੰਨ ਹੋਰ ਗੁਰਪ੍ਰੀਤ ਆਜ਼ਾਦ ਉਮੀਦਵਾਰ ਵਜੋਂ ਚੋਣ ਲੜ ਰਹੇ ਸਨ।

           ਇਸੇ ਤਰ੍ਹਾਂ 2007 ਦੀਆਂ ਚੋਣਾਂ ਵਿੱਚ ਹਲਕਾ ਸਮਰਾਲਾ ਤੋਂ ਕਾਂਗਰਸੀ ਉਮੀਦਵਾਰ ਅਮਰੀਕ ਸਿੰਘ ਨਾਲ ਚੋਣ ਮੈਦਾਨ ਵਿੱਚ ਦੋ ਹੋਰ ਅਮਰੀਕ ਸਿੰਘ ਆਜ਼ਾਦ ਉਮੀਦਵਾਰ ਸਨ। ਇਨ੍ਹਾਂ ਚੋਣਾਂ ਵਿੱਚ ਹੀ ਹਲਕਾ ਧਾਰੀਵਾਲ ਤੋਂ ਸੁੱਚਾ ਸਿੰਘ ਨਾਮ ਦੇ ਤਿੰਨ ਉਮੀਦਵਾਰ ਆਹਮੋ-ਸਾਹਮਣੇ ਸਨ। ਇੱਕ ਸੁੱਚਾ ਸਿੰਘ ਲੰਗਾਹ, ਦੂਜਾ ਸੁੱਚਾ ਸਿੰਘ ਛੋਟੇਪੁਰ ਤੇ ਤੀਜਾ ਆਜ਼ਾਦ ਉਮੀਦਵਾਰ ਸੁੱਚਾ ਸਿੰਘ। ਅਬੋਹਰ ਹਲਕੇ ਵਿੱਚ ਸੁਨੀਲ ਜਾਖੜ ਦੇ ਨਾਲ ਆਜ਼ਾਦ ਉਮੀਦਵਾਰ ਸੁਨੀਲ ਕੁਮਾਰ ਵੀ ਚੋਣਾਂ ਵਿੱਚ ਖੜ੍ਹਾ ਸੀ। 1997 ਦੀਆਂ ਚੋਣਾਂ ਵਿੱਚ ਅੰਮ੍ਰਿਤਸਰ ਦੱਖਣੀ ਤੋਂ ਹਰਜਿੰਦਰ ਸਿੰਘ ਠੇਕੇਦਾਰ ਦੇ ਨਾਲ ਚੋਣ ਮੈਦਾਨ ਵਿੱਚ ਇੱਕ ਹੋਰ ਹਰਜਿੰਦਰ ਸਿੰਘ ਡਟਿਆ ਹੋਇਆ ਸੀ। 2017 ਵਿੱਚ ਬਟਾਲਾ ਹਲਕੇ ਤੋਂ ਤਿੰਨ ਅਸ਼ਵਨੀ ਚੋਣ ਲੜੇ ਸਨ। 

           2012 ਦੀਆਂ ਚੋਣਾਂ ਵਿੱਚ ਫ਼ਰੀਦਕੋਟ ਹਲਕੇ ਤੋਂ ਤਿੰਨ ਅਵਤਾਰ ਚੋਣ ਲੜੇ ਸਨ। ਐਤਕੀਂ ਚੋਣ ਮੁਕਾਬਲੇ ਦਿਲਚਸਪ ਹੋਣੇ ਹਨ ਅਤੇ ਭਲਕੇ ਨਾਮਜ਼ਦਗੀ ਪੱਤਰ ਦਾਖਲ ਕਰਨੇ ਸ਼ੁਰੂ ਹੋਣੇ ਹਨ। ਸਿਆਸੀ ਧਿਰਾਂ ਦੀ ਉਮੀਦਵਾਰਾਂ ਦੇ ਨਾਮ ਦੇ ਭੁਲੇਖੇ ਵਿੱਚ ਪਾਉਣ ਦੀ ਚਾਲ ਕਦੇ ਵੋਟਰਾਂ ਨੇ ਸਫਲ ਨਹੀਂ ਹੋਣ ਦਿੱਤੀ। ਜਿਹੜੇ ਵੀ ਮੁੱਖ ਉਮੀਦਵਾਰ ਦੇ ਨਾਮ ਵਾਲੇ ਚੋਣ ਮੈਦਾਨ ਵਿੱਚ ਹੋਰ ਆਜ਼ਾਦ ਉਮੀਦਵਾਰ ਡਟੇ, ਉਨ੍ਹਾਂ ਨੂੰ ਕਦੇ ਵੀ 600 ਤੋਂ ਜ਼ਿਆਦਾ ਵੋਟ ਨਹੀਂ ਪਈ। ਰਾਮਪੁਰਾ ਵਿੱਚ 400 ਤੋਂ ਜ਼ਿਆਦਾ, ਜ਼ੀਰਾ ਵਿੱਚ 525 ਤੋਂ ਜ਼ਿਆਦਾ, ਗੁਰੂਹਰਸਹਾਏ ਵਿੱਚ ਅਜਿਹੇ ਉਮੀਦਵਾਰਾਂ ਨੂੰ 450 ਤੋਂ ਜ਼ਿਆਦਾ ਪ੍ਰਤੀ ਉਮੀਦਵਾਰ ਵੋਟ ਨਹੀਂ ਮਿਲੀ ਹੈ। ਮਜੀਠਾ ਵਿੱਚ ਤਾਂ ਵੋਟਾਂ ਦਾ ਅੰਕੜਾ 350 ਤੋਂ ਵੀ ਘੱਟ ਰਿਹਾ ਹੈ। 

                                                   ਭਲੇ ਵੇਲੇ, ਸਾਦੇ ਨਾਮ

ਪੁਰਾਣੇ ਸਮਿਆਂ ਵਿੱਚ ਵਿਧਾਨ ਸਭਾ ਪੁੱਜਣ ਵਾਲਿਆਂ ਦੇ ਨਾਮਾਂ ਵਿੱਚ ਸਾਦਗੀ ਝਲਕਦੀ ਸੀ, ਜਦਕਿ ਨਵੇਂ ਵਿਧਾਨਕਾਰਾਂ ਦੇ ਨਾਮ ਵੀ ਨਵੇਂ ਨਿਵੇਕਲੇ ਹੁੰਦੇ ਹਨ। ਪੁਰਾਣੇ ਵੇਲਿਆਂ ਵਿਚ ਕੁੰਦਨ ਸਿੰਘ, ਸੰਤ ਸਿੰਘ, ਬਚਨ ਸਿੰਘ, ਦਾਨਾ ਰਾਮ, ਬਾਮ ਦੇਵ ਆਦਿ ਨਾਮ ਹੁੰਦੇ ਸਨ, ਜਦਕਿ ਹੁਣ ਦੇ ਵਿਧਾਇਕ ਆਪਣੇ ਨਾਮ ਨਾਲ ਆਪਣਾ ਗੋਤ ਜਾਂ ਪਿੰਡ ਸ਼ਹਿਰ ਦਾ ਨਾਮ ਲਾਉਣ ਲੱਗੇ ਹਨ। ਚੰਨੀ, ਲਾਡੀ, ਬਾਦਲ, ਮਜੀਠੀਆ, ਭੱਟੀ, ਕਿੱਕੀ ਤੇ ਕਮਾਲੂ ਆਦਿ ਵਿਧਾਇਕਾਂ ਦੀ ਪਛਾਣ ਬਣੇ ਹਨ।

No comments:

Post a Comment