ਬਦਲੇ ਨਕਸ਼
ਨਾ ਹੁਣ ਕੁੰਜੀ,ਨਾ ਕੋਈ ਤਾਲਾ
ਚਰਨਜੀਤ ਭੁੱਲਰ
ਚੰਡੀਗੜ੍ਹ : ਦਿੱਲੀ ਅੰਦੋਲਨ ਨੇ ਸੱਚਮੁੱਚ ਅਵੇਸਲੇ ਯੁੱਧਾਂ ਦੀ ਨਾਇਕਾਂ ਦਾ ਤੀਜਾ ਨੇਤਰ ਖੋਲ੍ਹ ਦਿੱਤਾ ਹੈ। ਘਰੇਲੂ ਰਿਸ਼ਤਿਆਂ 'ਚ ਲੀਕਾਂ ਮਿੱਟਣ ਲੱਗੀਆਂ ਹਨ। ਪਰਿਵਾਰਾਂ 'ਚ ਫਾਸਲੇ ਘਟਣ ਲੱਗੇ ਹਨ। ਕਿਸਾਨ ਅੰਦੋਲਨ 'ਚ ਬੈਠੀ ਨਾਇਕਾਵਾਂ ਨੂੰ ਨਵੀਂ ਜੰਗ ਦੀ ਪਛਾਣ ਹੋਈ ਹੈ। ਦਿੱਲੀ ਦੇ ਮੋਰਚੇ 'ਚ ਨਵੇਂ ਰੰਗ ਉਭਰੇ ਹਨ। ਕਿਤੇ ਸੱਸ ਦਾ ਹੁੰਗਾਰਾ ਨੂੰਹ ਭਰ ਰਹੀ ਹੈ ਅਤੇ ਕਿਤੇ ਜੇਠਾਣੀ ਦਾ ਦਰਾਣੀ। ਕਿਸਾਨ ਘੋਲ ਵਿੱਚ ਬਰਨਾਲਾ ਦੀ ਕਮਲਜੀਤ ਕੌਰ ਆਪਣੀ ਨੂੰਹ ਸਰਵੀਰ ਕੌਰ ਨਾਲ ਇੱਕੋ ਸੁਰ 'ਚ ਹੇਕ ਲਾ ਰਹੀ ਹੈ। ਕਦੇ ਨੂੰਹ-ਸੱਸ ਜਾਗੋ ਕੱਢਦੀਆਂ ਹਨ ਅਤੇ ਜਦੋਂ ਕਿਸਾਨ ਅਖਾੜਾ ਭਖਦਾ ਹੈ ਤਾਂ ਨਾਅਰੇ ਮਾਰਦੀਆਂ ਹਨ। ਸਰਵੀਰ ਕੌਰ ਦਾ ਥੋੜ੍ਹੇ ਸਮਾਂ ਪਹਿਲਾਂ ਹੀ ਵਿਆਹ ਹੋਇਆ ਹੈ। ਉਹ ਆਖਦੀ ਹੈ ਕਿ ਸੰਘਰਸ਼ੀ ਸਾਂਝ ਪੁਰਾਣੀ ਹੈ ਅਤੇ ਰਿਸ਼ਤਾ ਨਵਾਂ ਹੈ। ਸੱਸ ਕਮਲਜੀਤ ਇਉਂ ਆਖਦੀ ਹੈ ਕਿ ਲੋਕ ਘੋਲਾਂ 'ਚ ਰਿਸ਼ਤੇ ਵੀ ਜਿੱਤੇ ਜਾਂਦੇ ਹਨ। ਦੋਵਾਂ ਦਾ ਖਿਆਲ ਹੈ ਕਿ ਜਦੋਂ ਖੇਤੀ ਕਾਨੂੰਨਾਂ ਵੱਲ ਦੇਖਦੇ ਹਾਂ ਤਾਂ ਆਮ ਪਰਿਵਾਰਾਂ ਦੇ ਟਕਰਾਓ ਛੋਟੇ ਲੱਗਦੇ ਹਨ।ਜ਼ਿਲ੍ਹਾ ਸੰਗਰੂਰ ਦੇ ਪਿੰਡ ਤਰੇਜੀਖੇੜਾ ਦੀ ਰਜਿੰਦਰ ਕੌਰ ਇਕੱਲੀ ਨਹੀਂ, ਆਪਣੀਆਂ ਦੋ ਨੂੰਹਾਂ ਨੂੰ ਵੀ ਨਾਲ ਲਿਆਈ ਹੈ। ਇਨ੍ਹਾਂ ਦਾ ਆਪਸੀ ਮਿਲਾਪ ਹੋਰਨਾਂ ਨੂੰ ਵੀ ਨਿੱਘ ਦਿੰਦਾ ਹੈ। ਮਹਿਲਾ ਆਗੂ ਪਰਮਜੀਤ ਕੌਰ ਪਿੱਥੋ ਆਖਦੀ ਹੈ ਕਿ ਕਿਸਾਨ ਅੰਦੋਲਨ ਦੇ ਏਕੇ ਅਤੇ ਜਜ਼ਬੇ ਨੇ ਘਰੇਲੂ ਵਿੱਥਾਂ ਨੂੰ ਮਿਟਾ ਦਿੱਤਾ ਹੈ। ਪਿੰਡ ਸੰਗਰੇੜੀ ਦੀ 70 ਵਰ੍ਹਿਆਂ ਦੀ ਗੁਰਦੇਵ ਕੌਰ ਆਪਣੀ ਨੂੰਹ ਬਲਵਿੰਦਰ ਕੌਰ ਨਾਲ ਟਿਕਰੀ ਬਾਰਡਰ 'ਤੇ ਨਾਅਰੇ ਮਾਰ ਰਹੀ ਹੈ। ਕਿਸਾਨ ਅੰਦੋਲਨ ਨੇ ਇਸ ਨੂੰਹ ਸੱਸ ਦੀ ਸੁਰ ਨੂੰ ਇੱਕ ਕਰ ਦਿੱਤਾ ਹੈ। ਪਿੰਡ ਸ਼ੇਰੋ ਦੀ ਜੇਠਾਣੀ ਗੁਰਦੇਵ ਕੌਰ 70 ਸਾਲ ਦੀ ਹੈ ਜਦੋਂ ਕਿ ਦਰਾਣੀ ਸੁਰਜੀਤ ਕੌਰ 65 ਸਾਲ ਦੀ ਹੈ। ਦੋਵਾਂ ਦੀ ਹੁਣ ਇੱਕੋ ਬਾਤ ਬਣ ਗਈ ਹੈ। ਵੇਖਣ ਨੂੰ ਮਿਲ ਰਿਹਾ ਹੈ ਕਿ ਖੇਤੀ ਕਾਨੂੰਨਾਂ ਖਿਲਾਫ਼ ਸੰਘਰਸ਼ ਨੇ ਰਿਸ਼ਤਿਆਂ ਵਿੱਚ ਨਵਾਂ ਨਿੱਘ ਭਰ ਦਿੱਤਾ ਹੈ। ਜਿਨ•ਾਂ ਘਰਾਂ ਵਿਚ ਆਪਸੀ ਅੰਦਰੂਨੀ ਵਿਵਾਦ ਸੀ, ਉਹ ਵੀ ਅੰਦੋਲਨ 'ਚ ਸਭ ਖਤਮ ਹੋ ਗਏ ਹਨ। ਬਠਿੰਡਾ ਦੇ ਪਿੰਡ ਜਿਉਂਦ ਦੀ ਜੇਠਾਣੀ ਗੁਰਦੇਵ ਕੌਰ ਅਤੇ ਦਰਾਣੀ ਜਗਦੇਵ ਕੌਰ ਹੁਣ ਅੰਦੋਲਨ 'ਚ ਇਕੱਠੀਆਂ ਇਨਕਲਾਬੀ ਬੋਲੀਆਂ ਪਾ ਰਹੀਆਂ ਹਨ ਜਦੋਂ ਕਿ ਪਿੰਡ ਉਨ੍ਹਾਂ ਦੇ ਘਰ ਅਲੱਗ-ਅਲੱਗ ਹਨ।
ਪਿੰਡ ਪਿੱਥੋ ਦੀ ਦਾਦੀ ਜਸਮੇਲ ਕੌਰ ਆਪਣੀ ਸਕੂਲ ਪੜ੍ਹਦੀ ਪੋਤੀ ਨੂੰ ਲੈ ਕੇ ਸੱਤ ਦਿਨਾਂ ਤੋਂ ਦਿੱਲੀ ਮੋਰਚੇ ਵਿੱਚ ਹਾਜ਼ਰੀ ਭਰਦੀ ਰਹੀ। ਇਸ ਮਾਈ ਦੇ ਤਿੰਨ ਲੜਕੇ ਹਨ ਪਰ ਇਹ ਬਿਰਧ ਮਾਈ ਆਖਦੀ ਹੈ ਕਿ ਜ਼ਮੀਨ ਬਚ ਗਈ, ਸਮਝ ਲਓ ਇਸ ਧੀ ਧਿਆਣੀ ਨੂੰ ਨਵਾਂ ਜਨਮ ਮਿਲ ਗਿਆ। ਇਸੇ ਪਿੰਡ ਦੀ ਦਾਦੀ ਅੰਗਰੇਜ਼ ਕੌਰ ਆਪਣੇ ਪੋਤੇ ਦਲਜੀਤ ਨੂੰ ਨਾਲ ਲੈ ਕੇ ਦਿੱਲੀ ਪੁੱਜੀ ਹੋਈ ਹੈ। ਉਹ ਆਖਦੀ ਹੈ ਕਿ ਜੁਆਕਾਂ ਲਈ ਇੱਥੇ ਬੈਠੀ ਹਾਂ। ਜ਼ਮੀਨਾਂ ਹੱਥੋਂ ਨਿਕਲ ਗਈਆਂ ਤਾਂ ਪੋਤੇ ਆਖਣਗੇ ਕਿ ਦਾਦੀ ਨੇ ਸਾਡਾ ਕੀ ਸੋਚਿਆ? ਬਰਨਾਲਾ ਦੇ ਪਿੰਡ ਭੈਣੀ ਜੱਸਾ ਦੀ ਸੁਖਦੀਪ ਕੌਰ ਆਪਣੀ ਧੀ ਕਰਮਜੀਤ ਜਿਸ ਦੇ ਪਤੀ ਦੀ ਮੌਤ ਹੋ ਚੁੱਕੀ ਹੈ, ਨਾਲ ਦਿੱਲੀ ਮੋਰਚੇ ਵਿੱਚ ਡਟੀ ਹੋਈ ਹੈ। ਹਰਿਆਣਾ ਦੇ ਰੋਹਤਕ ਤੋਂ ਜੇਠਾਣੀ ਸੁਸ਼ੀਲਾ ਰਾਠੀ ਅਤੇ ਦਰਾਣੀ ਮੀਨਾ ਰਾਠੀ ਦਿੱਲੀ ਬਾਰਡਰ 'ਤੇ ਭਾਸ਼ਣ ਦੇ ਕੇ ਆਈਆਂ ਹਨ।ਉਨ੍ਹਾਂ ਦਾ ਕਹਿਣਾ ਹੈ ਕਿ ਅੰਨਦਾਤਾ ਲਈ ਉਹ ਦੋਵੇਂ ਮੈਦਾਨ ਵਿੱਚ ਕੁੱਦੀਆਂ ਹਨ। ਕਿੰਨੇ ਹੀ ਮਾਂ ਪੁੱਤਰ ਇਕੱਠੇ ਨਾਅਰਿਆਂ ਦੀ ਗੂੰਜ ਪਾਉਂਦੇ ਹਨ। ਪਿੰਡ ਗੋਬਿੰਦਪੁਰਾ (ਲਹਿਰਾਗਾਗਾ) ਦੇ ਤਿੰਨ ਸਕੇ ਭਰਾ ਜਗਦੇਵ, ਹਰਦੇਵ ਤੇ ਗੁਰਤੇਜ ਹੁਣ ਇੱਕੋ ਮੋਰੀ ਨਿਕਲ ਰਹੇ ਹਨ।
ਹੁਣ ਘਰਾਂ ਦੇ ਮਸਲੇ ਲੱਗਣ ਲੱਗ ਪਏ ਛੋਟੇ
ਔਰਤ ਆਗੂਆਂ ਦਾ ਕਹਿਣਾ ਹੈ ਕਿ ਅਸਲ 'ਚ ਹੁਣ ਪੇਂਡੂ ਔਰਤਾਂ ਨੇ ਆਪਣੇ ਅਸਲ ਦੁਸ਼ਮਣ ਦੀ ਪਛਾਣ ਕਰ ਲਈ ਹੈ ਜਿਸ ਕਾਰਨ ਉਨ੍ਹਾਂ ਨੂੰ ਆਪਣੇ ਘਰਾਂ ਦੇ ਮਸਲੇ ਛੋਟੇ ਲੱਗਣ ਲੱਗੇ ਹਨ। ਰਿਸ਼ਤਿਆਂ ਵਿੱਚ ਖੱਟਾਸ ਅਤੇ ਮੰਦੇ ਬੋਲਾਂ ਦਾ ਵਰਤਾਰਾ ਕਿਸਾਨ ਅੰਦੋਲਨ ਨੇ ਕਾਫ਼ੀ ਹੱਦ ਤੱਕ ਘਟਾ ਦਿੱਤਾ ਹੈ। ਵੱਡੇ ਸੰਕਟਾਂ ਨੂੰ ਵੇਖ ਘਰੇਲੂ ਔਰਤਾਂ ਨੇ ਆਪਣੀ ਸਾਂਝ ਨੂੰ ਪਕੇਰਾ ਕਰਨਾ ਸ਼ੁਰੂ ਕਰ ਦਿੱਤਾ ਹੈ।
No comments:
Post a Comment