ਵਿਚਲੀ ਗੱਲ
ਅਸੀਂ ਸਾਦ ਮੁਰਾਦੇ ਬੰਦੇ..
ਚਰਨਜੀਤ ਭੁੱਲਰ
ਚੰਡੀਗੜ੍ਹ : ਲਿਖਤਮ ਭਾਗ ਸਿੰਘ, ਪਿੰਡ ਬੱਦੋਵਾਲ, ਜ਼ਿਲ੍ਹਾ ਲੁਧਿਆਣਾ। ਪਿਆਰੇ ਤੋਮਰ ! ਤੁਹਾਡਾ ਖ਼ਤ ਪੜ੍ਹਿਆ। ਕਿਤੇ ਤੁਸੀਂ ਅੰਨਦਾਤੇ ਦਾ ਚਿਹਰਾ ਪੜ੍ਹਦੇ। ਦਿੱਲੀ ਦੀ ਹੱਦ ’ਤੇ, ਦੁੱਖਾਂ ਦੀ ਸਰਹੱਦ ’ਤੇ, ਅੱਜ ਨਾਅਰੇ ਨਾ ਗੂੰਜਦੇ। ਜ਼ਮੀਨਾਂ ਦੇ ਬਚਾ ਲਈ ਗਏ, ਜਾਨਾਂ ਗੁਆ ਬੈਠੇ। ਯਮਦੂਤ ਪਹਿਲੋਂ ਟੱਕਰ ਗਏ, ਨਹੀਂ ਜਰੂਰ ਦੱਸਦੇ, ਕੀ ਭਾਅ ਵਿਕਦੀ ਐ। ਅਸੀਂ ਹੁਣ ਪਰਲੋਕ ਦੇ ਵਾਸੀ ਹਾਂ। ਦਿਲ ’ਚ ਗੱਠ ਬੰਨ੍ਹ ਕੇ ਆਉਣਾ ਪਿਐ। ਹੁਣ ਮੋਇਆਂ ਤੋਂ ਕਾਹਦਾ ਡਰ।‘ਐਸਾ ਕਹਿਰ ਕਦੇ ਨਾ ਡਿੱਠਾ’। ਤੋਮਰ ਸਾਹਿਬ ! ਥੋਨੂੰ ਕੀ ਪਤੈ। ਭਾਗ ਸਿਓ ਨੇ ਕਿਵੇਂ ਦੋਜ਼ਖ਼ ਝੱਲੇ। ‘ਠੰਢਾ ਪਾਣੀ, ਤੇਜ਼ ਬੁਛਾੜਾਂ, ਪੱਗ ਕਿਤੇ, ਮੈਂ ਕਿਤੇ। ਖੱਟਰੀ ਡਾਂਗ ਨੀਲ ਪਾ ਗਈ।’ ਜਿੰਨੀਆਂ ਤਨ ਮੇਰੇ ਤੇ ਲੱਗੀਆਂ..। ਟਿੱਪਰੀ ਸਰਹੱਦ ’ਤੇ ਜਾਨ ਹੂਲ ਦਿੱਤੀ। ਤਾਰੇ ਤਾਂ ਦਿਨੇ ਹੀ ਦਿਖਾਉਣੇ ਸੀ। ਧਰਮਰਾਜ ਦਾ ਅਰਦਲੀ ਕਿਤੇ ਵਾਜ ਨਾ ਮਾਰਦਾ, ‘ਭਾਗ ਸਿਓ ਹਾਜ਼ਰ ਹੋ।’ ਤੁਸੀਂ ਵੀ ਘੱਟ ਨਹੀਂ ਗੁਜ਼ਾਰੀ। ਭਲਾ ਮੋਇਆ ਤੋਂ ਕੌਣ ਪ੍ਰੀਖਿਆ ਲੈਂਦੈ। ਹਸਪਤਾਲ ਦਾ ਫਰੀਜ਼ਰ, ਵਿੱਚ ਬੁੱਢਾ ਸਰੀਰ, ਉਪਰੋਂ ਤਾਲੇ ਮਾਰ ਦਿੱਤੇ। ਏਨਾ ਖ਼ੌਫ ਕਿਸ ਲਈ।
ਤਿੱਖੇ ਅੌਜ਼ਾਰਾਂ ਨਾਲ ਕਾਹਦੀ ਮਸ਼ਕਰੀ। ਤੋਮਰ ਜੀ! ਅਸੀਂ 24 ਕਿਸਾਨ ਹਾਂ, ਪੈਲ਼ੀਆਂ ਵਾਲੇ। ਤੁਸਾਂ ਤੋਂ ਧਰਮਰਾਜ ਵੀ ਖੁਸ਼ ਹੂਆ। ਤੁਸੀਂ ਚਿੱਠੀ ਲਿਖੀ, ਅਸਾਂ ਪੜ੍ਹ ਲਈ। ‘ਹੱਥ ਲੱਗਣ ਜਮਦੂਤ ਦੇ, ਟਾਹਣੇ ਟੁੱਟਣ ਤੂਤ ਦੇ।’ ਝੱਖੜ ’ਚ ਕਿੰਨੇ ਜੜੋਂ੍ਹ ਪੁੱਟੇ ਗਏ। ਤੋਮਰ ਭਾਈ! ਚਿੱਠੀਆਂ ਛੱਡੋ, ਆਓ ਪੰਜਾਬ ਦਾ ਕੁੰਡਾ ਖੜਕਾ ਦਿਖਾਈਏ। ਪੀੜ੍ਹਾਂ ਦੀ ਤਪੀ ਭੱਠੀ, ਘਰਾਂ ਦੇ ਠੰਢੇ ਚੁੱਲ੍ਹੇ। ਤੰਦੂਰ ਵਾਂਗੂ ਤਪੇ ਮੁੰਡੇ ਵੀ ਦੇਖਣਾ। ਜਰਾ ਇੱਧਰ ਆਓ। ਤੋਮਰ ਬਾਬੂ ! ਏਹ ਭਾਦਸੋ ਦੀ ਮਾਂ ਅਮਰਜੀਤ ਕੌਰ ਐ, ਵਸਦੀ ਉੱਜੜ ਗਈ। ਸੌ ਵਰ੍ਹਿਆਂ ਨੂੰ ਢੁੱਕੀ ਐ। ਛੇ ਪੁੱਤ ਸਨ, ਡਾਂਗ ਵਰਗੇ। ਚਾਰ ਪੁੱਤ ਪਹਿਲੋਂ ਤੁਰ ਗਏ, ਪੰਜਵੇਂ ਪਾਲ ਸਿਓ ਨੂੰ, ਥੋਡੀ ਹਠ ਖਾ ਗਈ। ਦੋ ਕਮਰੇ ਹਨ, ਉਹ ਵੀ ਕੱਚੇ, ਸੈਲਫ ’ਤੇ ਪੰਜ ਤਸਵੀਰਾਂ ਨੇ। ਜਦੋਂ ਮਾਂ ਚੁੰਨੀ ਨਾਲ ਪੂੰਝਦੀ ਹੈ, ਤਸਵੀਰਾਂ ’ਤੇ ਅੱਥਰੂ ਡਿੱਗਦੇ ਨੇ। ਯਾਦ ਰੱਖਣਾ ਇਸ ਮਾਂ ਦੀ ਬਦ ਦੁਆ। ਡਿੱਗੇ ਹੰਝੂ ਅਜਾਈਂ ਨਹੀਂ ਜਾਣਗੇ। ਜਿਗਰਾ ਤਾਂ ਦੇਖੋ, ਪੰਜ ਗੁਆ ਕੇ ਵੀ ਜਿੰਦਾ ਹੈ। ਆਖਦੇ ਨੇ ਰੱਬ ਹਰ ਥਾਂ ਕਿਥੋਂ ਜਾਵੇ, ਤਾਹੀਂ ਉਸ ਨੇ ਮਾਵਾਂ ਬਣਾਈਆਂ ਨੇ। ਜ਼ਿਲ੍ਹਾ ਮਾਨਸਾ ਦਾ ਏਹ ਬੱਛੋਆਣਾ ਪਿੰਡ ਐ। ਕਿਸਾਨ ਗੁਰਜੰਟ ਸਿੰਘ ਦੇ ਅੱਜ ਭੋਗ ਸਮਾਗਮ ਨੇ। ਦੇਖੋ ਕਿੰਨਾ ’ਕੱਠ ਹੋਇਐ। ਪੰਜ ਏਕੜ ਜ਼ਮੀਨ, ਉਪਰ ਸੱਤ ਲੱਖ ਕਰਜ਼ਾ। ਹੱਕ ਲੈਣ ਦਿੱਲੀ ਗਿਆ। ਹੋਣੀ ਨੇ ਝਪਟ ਲਿਆ, ਛੇ ਦਿਨ ਫਰੀਜ਼ਰ ’ਚ ਕੱਢੇ। ਧੰਨ ਐ ਪਿੰਡ ਬਰ੍ਹੇ ਵਾਲੀ ਤੇਜ ਕੌਰ। ਲਾਸ਼ 19 ਦਿਨ ਰੁਲਦੀ ਰਹੀ। ਨਾ ਜਿਉਂਦੇ ਨਿਆਂ ਮਿਲਿਆ, ਨਾ ਹੀ ਮਰ ਕੇ।
ਫੱਤਾ ਮਾਲੋਕਾ ਦੀ ਅੌਹ ਮਾਂ ਮਨਪ੍ਰੀਤ ਕੌਰ ਦੀ ਦੁਹੱਥੜ ਸੁਣ। ਦਿੱਲੀ ਜਾਣ ਤੋਂ ਪਹਿਲਾਂ ਪੁੱਤ ਅੱਗੇ ਬੈਠਿਆ। ਮਾਂ ਨੇ ਨੀਝ ਲਾ ਪੁੱਤ ਨੁਹਾਇਆ। ਭੋਲੀ ਮਾਂ ਕੀ ਜਾਣੇ, ਲੇਖਾਂ ਦੇ ਆਖਰੀ ਮੇਲ ਨੂੰ। ਪਤਨੀ ਦਾ ਸੁਹਾਗ ਉਜੜਿਆ, ਮਾਂ ਦਾ ਸੰਸਾਰ। ਦੋਸਤ ਆਖਦੇ ਨੇ, ਮਰਦ ਬੱਚਾ ਸੀ ਜਤਿੰਦਰ। ਦਿੱਲੀ ਘੋਲ ’ਚ ਹਫਤਾ ਊਰੀ ਬਣਿਆ ਰਿਹਾ। ‘ਤੇਰੀਆਂ ਤੂੰ ਜਾਣੇ ਕਰਤਾਰਾ..।’ ਹਜ਼ੂਰ-ਏ-ਤੋਮਰ! ਆਪਣੇ ਬੇਪੀਰੇ ਫ਼ਕੀਰ ਨੂੰ ਦੱਸਣਾ... ਏਹ ਮਾਵਾਂ ਫੇਰ ਵੀ ਜਿੰਦਾ ਹਨ। ਪਿੰਡ ਘਰਾਚੋਂ ਦੀ ਗੁਰਮੇਲ ਕੌਰ। ਵੀਹ ਵਰੇ੍ਹ ਪਹਿਲਾਂ ਪੁੱਤ ਹੱਥੋਂ ਕਿਰ ਗਿਆ। ਦਿੱਲੀ ਲਈ ਤੁਰਨ ਲੱਗੀ, ਪਹਿਲਾਂ ਪੁੱਤ ਦੀ ਫੋਟੋ ਅੱਗੇ ਖੜ੍ਹੀ..‘ਅੱਜ ਤੂੰ ਹੁੰਦਾ ਪੁੱਤਾਂ, ਮੈਨੂੰ ਡੁੱਬੜੀ ਨੂੰ.. ਆਖ ਭੱੁਬਾਂ ਮਾਰ ਰੋ ਪਈ।’ ਦਿੱਲੀਓ ਤਾਂ ਇਹ ਮਾਂ ਮੁੜੀ, ਘਰ ਨਸੀਬ ਨਾ ਹੋਇਆ, ਪੁੱਤ ਕੋਲ ਪਰਲੋਕ ਚਲੀ ਗਈ। ਇਸ ਮਾਂ ਨੂੰ ਪੂਰੇ ਦਸ ਦਿਨ ਮਿੱਟੀ ਨਸੀਬ ਨਾ ਹੋਈ। ਇਹ ਮੋਏ ਆਪਣਾ ਕਸੂਰ ਪੁੱਛਦੇ ਨੇ। ‘ਸੱਚ ਨੂੰ ਕੀ ਅੱਗ ਦਾ ਡਰ।’
ਤੋਮਰ ਜੀ ! ਇਨ੍ਹਾਂ ਅਣਭੋਲ ਬੱਚਿਆਂ ਨੂੰ ਦੱਸੋਂ, ਕਿਉਂ ਬਚਪਨ ਖੋਹਿਐ। ਬਠਿੰਡਾ ਜ਼ਿਲੇ੍ਹ ਦਾ ਪਿੰਡ ਤੁੰਗਵਾਲੀ। ਨਾਅਰਾ ਵੱਜਿਆ, ‘ਜੈ ਜਵਾਨ, ਜੈ ਕਿਸਾਨ’, ਕਿਸਾਨ ਜੈ ਸਿੰਘ ਖੇਸੀ ਚੁੱਕ ਅੱਗੇ ਲੱਗਿਆ, ਦਿੱਲੀ ’ਚ ਗੱਜਿਆ। ਉਪਰੋਂ ਸੱਦਾ ਆ ਗਿਆ, ਪੰਜ ਤੱਤਾਂ ਦਾ ਪੁਤਲਾ ਮਿੱਟੀ ਹੋ ਗਿਆ। ਪਰਿਵਾਰ ਨਾ ਜ਼ਮੀਨ ਬਚਾ ਪਾਇਆ, ਨਾ ਹੀ ਪੁੱਤ। ਸੱਤ ਲੱਖ ਦਾ ਕਰਜ਼, ਬੂਹੇ ’ਤੇ ਖੜ੍ਹੈ। ਪਿੱਛੇ ਦੋ ਧੀਆਂ ਨੇ ਤੇ ਇੱਕ ਪੁੱਤ। ਜਦੋਂ ਇਨ੍ਹਾਂ ਧੀਆਂ ਦੀ ਡੋਲੀ ਤੁਰੇਗੀ ਤਾਂ ਉਦੋਂ ਖੇਤੀ ਕਾਨੂੰਨ ਮੱਥੇ ’ਚ ਵੱਜਣਗੇ। ਕੌਣ ਕਰੂ ਇਨ੍ਹਾਂ ਧੀਆਂ ਨੂੰ ਵਿਦਾ..। ਸਿਆਣੇ ਆਖਦੇ ਨੇ, ‘ਤੁਹਾਡਾ ਹੰਝੂ ਹੋਰ ਕੋਈ ਨਹੀਂ, ਤੁਹਾਡਾ ਆਪਣਾ ਹੱਥ ਪੂੰਝਦੈ।’ ਦੁਖੇ ਸਿਰ, ਬੰਨੋ੍ਹ ਗੋਡਾ। ਸੂਲੀ ਪੰਜਾਬ ਟੰਗਿਐ, ਮੁਹਾਰਨੀ ਮੱਧ ਪ੍ਰਦੇਸ਼ ’ਚ ਪੜ੍ਹੀ। ਪ੍ਰਧਾਨ ਮੰਤਰੀ ਨੇ, ਖੇਤੀ ਸੁਧਾਰਾਂ ਦੇ ਨੁਕਤੇ ਦੱਸੇ। ਜਨਾਬੇ ਅਲੀ ! ਨਰਿੰਦਰ ਮੋਦੀ ਨੂੰ ਚਾਣਨਾ ਪਾਉਣਾ। ਜ਼ਮੀਰਾਂ ਦੀ ਪੂੰਜੀ ਮੁੱਕ ਜਾਏ। ਮੁਹੱਬਤਾਂ ਦਾ ਸੋਮਾ ਸੁੱਕ ਜਾਏ। ਭੱਠੀ ਹਠ ਦੀ ਧੁਖ ਜਾਏ। ਉਦੋਂ ਸਿਵੇ ਬਲਦੇ ਨੇ, ਸੱਥਰ ਵਿਛਦੇ ਨੇ। ਤੋਮਰ ਦੀ ਚਿੱਠੀ ਕਿਸਾਨਾਂ ਦੇ ਨਾਮ, ਪੂਰੇ ਅੱਠ ਸਫ਼ਿਆਂ ਦੀ ਹੈ। ਦੋ ਸ਼ਬਦ ਨਹੀਂ ਜੁੜ ਸਕੇ, ਫੌਤ ਹੋਏ ਅੰਨਦਾਤੇ ਦੇ ਦੁੱਖ ’ਚ।
ਪ੍ਰਧਾਨ ਮੰਤਰੀ ਦਾ ਦਿਲ ਪੱਥਰ ਦਾ ਲੱਗਦੈ। ਕੱਛ ਇਲਾਕੇ ’ਚ ਗਏ। ਗੁਜਰਾਤੀ ਮੱਝਾਂ ਦੀ ਪ੍ਰਸੰਸਾ ’ਚ ਪੁਲ ਬੰਨੇ੍ਹ। ਜੋ ਦਿੱਲੀ ਸਰਹੱਦ ’ਤੇ ਜਾਨ ਗੁਆ ਬੈਠੇ, ਉਨ੍ਹਾਂ ਲਈ ਦੋ ਲਫਜ਼ ਨਹੀਂ ਬੋਲ ਸਕੇ। ਪਾਕਿ ਵਾਲੇ ਨਵਾਜ਼ ਸ਼ਰੀਫ਼ ਨੂੰ ਚਿੱਠੀ ਰਾਤੋ ਰਾਤ ਲਿਖੀ। ‘ਪਿਆਰੇ ਮੀਆਂ ਸਾਹਿਬ! ਤੁਹਾਡੀ ਮਾਂ ਦੇ ਚਲੇ ਜਾਣ ਦਾ ਦੁੱਖ ਹੈ। ਮਾਲਕ ਤੁਹਾਨੂੰ ਘਾਟਾ ਸਹਿਣ ਦੀ ਤਾਕਤ ਦੇਵੇ।’ ਹਜ਼ੂਰ ਏ ਆਲਾ! ਇੰਝ ਨਾ ਕਰੋ, ਜਿਨ੍ਹਾਂ ਤੁਹਾਨੂੰ ਸਿਆਸੀ ਤਾਕਤ ਦਿੱਤੀ, ਉਨ੍ਹਾਂ ਲਈ ਵੀ ਦੋ ਹੰਝੂ ਕੇਰ ਦਿਓ, ਚਾਹੇ ਝੂਠੇ ਮੂਠੇ ਹੀ ਸਹੀ। ਬਜ਼ੁਰਗਾਂ ਨੇ ਸੱਚ ਆਖਿਐ, ‘ਕਬਰਾਂ ਅਜਿਹੇ ਮਨੁੱਖਾਂ ਨਾਲ ਭਰੀਆਂ ਪਈਆਂ ਨੇ, ਜਿਹੜੇ ਸੋਚਦੇ ਸਨ ਕਿ ਸੰਸਾਰ ਉਨ੍ਹਾਂ ਬਿਨਾਂ ਨਹੀਂ ਚੱਲ ਸਕਦਾ।’ ਏਹ ਵੀ ਗੌਰ ਕਰੋ। ‘ਫ਼ਰੀਦਾ ਮੌਤੋਂ ਭੁੱਖ ਬੁਰੀ, ਰਾਤੀਂ ਸੁੱਤੇ ਖਾ ਕੇ, ਸੁਭਾ ਫੇਰ ਖੜ੍ਹੀ।’ ਮਸਲਾ ਲੂਣ, ਤੇਲ, ਲੱਕੜਾਂ ਦਾ ਹੋਵੇ, ਉਦੋਂ ਖੇਤਾਂ ਦੇ ਨਗੌਰੀ ਸ਼ੂਕਦੇ ਨੇ, ਗਪੌੜੀ ਕੰਬਦੇ ਨੇ। ਮਹਾਂ ਨਗਰ ਦੇ ਬੱਚੇ, ਬਾਬਿਆਂ ਨੂੰ ਦੇਖ ਬੋਲੇ, ‘ਪੰਜਾਬ ਦੇ ਸਪਾਈਡਰਮੈਨ’। ‘ਦਿੱਲੀ ਮੋਰਚੇ’ ’ਚ ਅੱਜ ਗੂੰਜ ਪਏਗੀ..‘ਖੇਤੀ ਸ਼ਹੀਦ-ਜ਼ਿੰਦਾਬਾਦ’। ਉਸਤਾਦ ਦਾਮਨ ਵੀ ਇਹੋ ਆਖਦਾ ਤੁਰ ਗਿਆ,‘ ਕੁਝ ਉਮੀਦ ਏ ਜ਼ਿੰਦਗੀ ਮਿਲ ਜਾਏਗੀ, ਮੋਏ ਤੁਸੀਂ ਵੀ ਓ, ਮੋਏ ਅਸੀਂ ਵੀ ਹਾਂ।’
ਸਿੰਘੂ ਸਰਹੱਦ ’ਤੇ ਜੋਸ਼ ਟੀਸੀ ਚੜ੍ਹਿਐ। ਮੁੰਡਿਆਂ ਨੇ ਪੱਬ ਚੁੱਕੇ ਨੇ। ਪੈਲੀ ਦੀ ਜੰਗ ’ਚ ਸਭ ਜਾਇਜ਼ ਹੈ। ਪੋਸਟਰ ਵੀ ਤੇ ਕਿਤਾਬਾਂ ਵੀ। ਰਾਜੇਵਾਲ ਸਾਹਿਬ ! ਵਕਤ ਮਿਲੇ ਤਾਂ ਲਿਓ ਤਾਲਸਤਾਏ ਦੀ ‘ਮੋਇਆ ਦੀ ਜਾਗ’ ਹਕੂਮਤੀ ਜੋੜੀ ਨੂੰ ਫੜਾ ਆਉਣਾ। ਕੀ ਪਤੈ, ਨੀਂਦ ਖੁੱਲ੍ਹ ਜਾਏ। ਲਾਲਾ ਹਰਦਿਆਲ ਵੀ ਸਮਝਾ ਕੇ ਥੱਕ ਗਏ,‘ ਜੇ ਮਨੁੱਖੀ ਸਮਾਜ ਇਨਸਾਫ ਤੇ ਅਧਾਰਿਤ ਨਾ ਹੋਵੇ ਤਾਂ ਇਹ ਸਿਰਫ਼ ਜਾਨਵਰਾਂ ਦੇ ਝੁੰਡ ਵਾਂਗ ਹੁੰਦਾ ਹੈ।’ਗੋਦੀ ਮੀਡੀਏ ਤੋਂ ਭਾਲਦੇ ਹੋ ਨਿਆਂ? ਅਗਲਿਆਂ ਨੇ ‘ਟਰਾਲੀ ਟਾਈਮਜ਼’ ਕੱਢ ਮਾਰਿਆ ਜਿਹੜਾ ਜੌਨ ਸਟੈਨਬੈਕ ਦੇ ਨਾਵਲ ‘ਦਾ ਗਰੇਪਸ ਆਫ਼ ਰਾਥ੍ਹ’ ਦਾ ਚੇਤਾ ਕਰਾਉਂਦੈ। ਮੁਜਾਰਾ ਜੋਡ, ਲਲਕਾਰ ਮਾਰਦੈ,‘ ਜਮਾਂਬੰਦੀ ਵਿਚ ਨਾਮ ਦਰਜ ਕਰਾ ਕੇ ਕੋਈ ਮਾਲਕ ਨਹੀਂ ਬਣ ਜਾਂਦਾ, ਅਸੀਂ ਇਸ ਜ਼ਮੀਨ ’ਚ ਪੈਦਾ ਹੋਏ, ਬੱਚੇ ਇਸੇ ਮਿੱਟੀ ’ਚ ਖੇਡੇ, ਜਿਉਣਾ ਮਰਨਾ ਇਸੇ ਜ਼ਮੀਨ ’ਤੇ ਹੈ। ਸਾਡੇ ਬਜ਼ੁਰਗਾਂ ਨੇ ਜ਼ਹਿਰੀਲੇ ਸੱਪ ਮਾਰ ਕੇ ਇਹ ਜ਼ਮੀਨ ਪੱਧਰ ਕੀਤੀ ਸੀ, ਅਸੀਂ ਬੈਂਕਾਂ ਨੂੰ ਵੀ ਮਾਰ ਸਕਦੇ ਹਾਂ।’ ‘ਜਾਗਦੇ ਦਾ ਲੱਖ, ਸੁੱਤੇ ਦਾ ਕੱਖ’। ਤਾਹੀਂਓ ਪੰਜਾਬ ਜਾਗਿਐ। ਸਿਆਸੀ ਲੋਕਾਂ ਨੂੰ ਦਹਿਲ ਪਿਐ। ਛੱਜੂ ਰਾਮ ਇਸ ਗੱਲੋਂ ਖੁਸ਼ ਹੈ ਕਿ ਉਸ ਦੀ ਦਿਲ ਦੀ ਹੋ ਗਈ। ਏਨੀ ਠੰਡ ’ਚ ਨਹੀਂ ਕੌਣ ਪਿੰਡੋਂ ਪਿੰਡ ‘ਟਰਾਲੀ ਟਾਈਮਜ਼’ ਵੰਡਦੈ।
👍👍
ReplyDelete