ਸਾਂਝੀ ਸੁਰ, ਸਾਂਝੀ ਹੇਕ
ਹਰ ਰਾਹ ਕਿਸਾਨੀ ਯੱਗ ਵੱਲ..!
ਚਰਨਜੀਤ ਭੁੱਲਰ
ਚੰਡੀਗੜ੍ਹ : 'ਦਿੱਲੀ ਘੋਲ' ਨੇ ਸਾਂਝੀ ਸੁਰ ਛੇੜ ਦਿੱਤੀ ਹੈ। ਆਮ ਲੋਕ ਕਿਸਾਨੀ ਦੀ ਹੇਕ ਲਾ ਰਹੇ ਹਨ, ਜਿਨ੍ਹਾਂ ਨੂੰ ਕੋਈ ਫ਼ਰਕ ਨਹੀਂ ਪੈਂਦਾ ਕਿ ਟਰੈਕਟਰ 'ਤੇ ਝੰਡਾ ਕਿਹੜੀ ਕਿਸਾਨ ਧਿਰ ਦਾ ਹੈ। ਦਿੱਲੀ ਵੱਲ ਦੇ ਜਰਨੈਲੀ ਮਾਰਗਾਂ ਤੋਂ ਲੰਘਦੇ ਬਹੁਤੇ ਟਰੈਕਟਰਾਂ ਅਤੇ ਗੱਡੀਆਂ 'ਤੇ ਇੱਕ ਪਾਸੇ ਲਾਲ ਝੰਡਾ, ਦੂਜੇ ਪਾਸੇ ਹਰਾ ਝੰਡਾ ਲਹਿਰਾ ਰਿਹਾ ਹੁੰਦਾ ਹੈ। ਕਿਸਾਨ ਅੰਦੋਲਨ ਵਲਗਣਾਂ ਤੋਂ ਆਜ਼ਾਦ ਹੈ ਅਤੇ ਹੁਣ ਲੋਕ ਘੋਲ ਬਣ ਗਿਆ ਹੈ। ਇਸ ਸੰਘਰਸ਼ ਦਾ ਸਰਬ-ਸਾਂਝਾ ਯੱਗ ਹੁਣ ਦਿੱਲੀ ਦੀਆਂ ਬਰੂਹਾਂ 'ਤੇ ਚੱਲ ਰਿਹਾ ਹੈ।ਮਾਨਸਾ ਦੇ ਪਿੰਡ ਵਣਾਂਵਾਲੀ ਦਾ ਗੁਰਪ੍ਰੀਤ ਸਿੰਘ ਦੱਸਦਾ ਹੈ ਕਿ ਦਿੱਲੀ ਜਾਣ ਵਾਲੇ ਪਿੰਡਾਂ ਦੇ ਆਮ ਲੋਕਾਂ 'ਚ ਝੰਡਿਆਂ ਦੀ ਵੱਡੀ ਮੰਗ ਹੈ। ਉਨ੍ਹਾਂ ਦੱਸਿਆ ਕਿ ਬਹੁਤੇ ਲੋਕ ਖ਼ੁਦ ਪੈਸੇ ਇਕੱਠੇ ਕਰਕੇ ਵੀ ਝੰਡਾ ਬਣਵਾ ਰਹੇ ਹਨ। ਕਿਸਾਨ ਧਿਰਾਂ ਤੋਂ ਝੰਡਿਆਂ ਤੇ ਬੈਜਾਂ ਦੀ ਮੰਗ ਪੂਰੀ ਨਹੀਂ ਹੋ ਰਹੀ ਹੈ। ਦਿੱਲੀ ਮੋਰਚੇ ਮਗਰੋਂ ਝੰਡਿਆਂ ਦੀ ਮੰਗ ਸਿਖ਼ਰ 'ਤੇ ਜਾ ਪੁੱਜੀ ਹੈ। ਲਾਲੜੂ ਦਾ ਮਲਕੀਤ ਸਿੰਘ ਦੱਸਦਾ ਹੈ ਕਿ ਪਿੰਡਾਂ ਦੇ ਲੋਕ ਜੋ ਦਿੱਲੀ ਗਏ ਹਨ, ਉਨ੍ਹਾਂ ਨੇ ਸਿਰਫ਼ ਝੰਡਾ ਮੰਗਿਆ ਹੈ, ਚਾਹੇ ਕਿਸੇ ਵੀ ਕਿਸਾਨ ਧਿਰ ਦਾ ਹੋਵੇ। ਉਨ੍ਹਾਂ ਕਿਹਾ ਕਿ ਸਰਬ ਸਾਂਝੇ ਘੋਲ ਵਿਚ ਹੁਣ ਨਾਇਕ ਕਿਸਾਨ ਹੈ, ਝੰਡਿਆਂ ਦਾ ਰੰਗ ਮਾਇਨਾ ਨਹੀਂ ਰੱਖ ਰਿਹਾ।ਇੱਕ ਕਿਸਾਨ ਆਗੂ ਨੇ ਦੱਸਿਆ ਕਿ ਉਨ੍ਹਾਂ ਨੂੰ ਕਈ ਅਜਿਹੇ ਵਾਹਨ ਸੜਕਾਂ 'ਤੇ ਮਿਲੇ, ਜਿਨ੍ਹਾਂ 'ਤੇ ਪੋਸਟਰ ਤਾਂ ਲੱਖੋਵਾਲ ਧੜੇ ਦੇ ਲੱਗੇ ਹੋਏ ਸਨ ਜਦੋਂ ਕਿ ਝੰਡੇ ਉਗਰਾਹਾਂ ਧੜੇ ਦੇ ਲਹਿਰਾ ਰਹੇ ਸਨ। ਲੋਕ ਆਖਦੇ ਹਨ ਕਿ ਉਨ੍ਹਾਂ ਲਈ ਕਿਸਾਨ ਧਿਰਾਂ ਦੀ ਵਿਚਾਰਧਾਰਾ ਪ੍ਰਮੁੱਖ ਨਹੀਂ, ਉਨ੍ਹਾਂ ਲਈ ਕਿਸਾਨੀ ਦੀ ਭਾਸ਼ਾ ਅਹਿਮ ਹੈ। ਟਿਕਰੀ ਬਾਰਡਰ 'ਤੇ ਖੜ੍ਹੇ ਕਈ ਟਰੈਕਟਰਾਂ 'ਤੇ ਦੋ-ਦੋ ਰੰਗਾਂ ਵਾਲੇ ਝੰਡੇ ਲਹਿਰਾ ਰਹੇ ਸਨ। ਬੀ.ਕੇ.ਯੂ. (ਡਕੌਂਦਾ) ਦੇ ਸੂਬਾ ਪ੍ਰਧਾਨ ਬੂਟਾ ਸਿੰਘ ਬੁਰਜ ਗਿੱਲ ਨੇ ਦੱਸਿਆ ਕਿ ਉਹ ਦਿੱਲੀ ਮੋਰਚੇ ਦੌਰਾਨ ਹੁਣ ਤੱਕ 50 ਹਜ਼ਾਰ ਝੰਡੇ ਲੈ ਚੁੱਕੇ ਹਨ ਅਤੇ 70 ਹਜ਼ਾਰ ਬੈਜ ਨਵੇਂ ਲਏ ਹਨ। ਉਨ੍ਹਾਂ ਦੱਸਿਆ ਕਿ ਹਰਿਆਣਾ ਦੇ ਕਿਸਾਨ ਟਰੈਕਟਰਾਂ 'ਤੇ ਦੋ-ਦੋ ਧਿਰਾਂ ਦੇ ਝੰਡੇ ਲਾ ਕੇ ਪੁੱਜ ਰਹੇ ਹਨ। ਰਤੀਆ ਦੇ ਕਿਸਾਨ ਬੋਹੜ ਸਿੰਘ ਨੇ ਦੱਸਿਆ ਕਿ ਅਜਿਹੀਆਂ ਕਈ ਟਰਾਲੀਆਂ ਵੇਖੀਆਂ, ਜਿਨ੍ਹਾਂ 'ਚ ਬੈਠੇ ਕਿਸਾਨਾਂ ਕੋਲ ਵੱਖ-ਵੱਖ ਰੰਗਾਂ ਦੇ ਝੰਡੇ ਫੜੇ ਹੋਏ ਸਨ। ਮੁਹਾਲੀ ਜ਼ਿਲ੍ਹੇ ਤੋਂ ਨੌਜਵਾਨਾਂ ਦਾ ਇੱਕ ਜਥਾ ਹਰਪ੍ਰੀਤ ਸਿੰਘ ਤੇ ਗੁਰਪ੍ਰੀਤ ਸਿੰਘ ਦੀ ਅਗਵਾਈ ਵਿਚ ਪੰਜ ਦਿਨਾਂ ਵਿਚ ਪੈਦਲ ਮਾਰਚ ਕਰਕੇ ਦਿੱਲੀ ਪੁੱਜਿਆ ਹੈ। ਇਹ ਨੌਜਵਾਨ ਆਖਦੇ ਹਨ ਕਿ ਪਹਿਲਾਂ ਕਿਸਾਨ, ਮਗਰੋਂ ਝੰਡਾ ਹੈ। ਬੀ.ਕੇ.ਯੂ (ਉਗਰਾਹਾਂ) ਦੇ ਸੀਨੀਅਰ ਮੀਤ ਪ੍ਰਧਾਨ ਝੰਡਾ ਸਿੰਘ ਜੇਠੂਕੇ ਨੇ ਦੱਸਿਆ ਕਿ ਦਿੱਲੀ ਮੋਰਚੇ ਦੌਰਾਨ ਉਨ੍ਹਾਂ ਨੇ 22 ਹਜ਼ਾਰ ਝੰਡੇ ਨਵੇਂ ਲਏ ਹਨ ਅਤੇ 20 ਹਜ਼ਾਰ ਝੰਡਿਆਂ ਦਾ ਆਰਡਰ ਦਿੱਤਾ ਹੋਇਆ ਹੈ।
43 ਹਜ਼ਾਰ ਬੈਜ ਆ ਚੁੱਕੇ ਹਨ ਅਤੇ ਮੰਗ ਕਿਤੇ ਜ਼ਿਆਦਾ ਹੈ। ਸੰਤ ਸਮਾਜ ਵਾਲੇ ਵੀ ਉਨ੍ਹਾਂ ਤੋਂ ਝੰਡੇ ਮੰਗ ਰਹੇ ਹਨ।ਦਿੱਲੀ ਦੇ ਕਿਸਾਨ ਪੰਡਾਲ ਦੀ ਪ੍ਰਬੰਧਕ ਧਿਰ ਕੋਈ ਹੋਰ ਹੁੰਦੀ ਹੈ ਜਦੋਂ ਕਿ ਉਸ 'ਚ ਦੂਸਰੇ ਰੰਗ ਦੀ ਪੱਗ ਵਾਲੇ ਆਮ ਲੋਕ ਵੀ ਬੈਠੇ ਦੇਖੇ ਜਾਂਦੇ ਹਨ, ਜਿਨ੍ਹਾਂ ਨੂੰ ਕੋਈ ਫਰਕ ਨਹੀਂ ਪੈਂਦਾ ਕਿ ਅੱਗੇ ਕਿਹੜੀ ਧਿਰ ਪ੍ਰਬੰਧਕ ਹੈ, ਉਨ੍ਹਾਂ ਨੂੰ ਚਾਰੇ ਪਾਸੇ ਕਿਸਾਨ ਹੀ ਨਜ਼ਰ ਆਉਂਦਾ ਹੈ।ਪੰਜਾਬ 'ਚੋਂ ਦੋ ਦਿਨਾਂ ਤੋਂ ਆੜ੍ਹਤੀਏ ਵੀ ਦਿੱਲੀ ਵੱਲ ਚਾਲੇ ਪਾਉਣ ਲੱਗੇ ਹਨ। ਭਦੌੜ ਦੇ ਆੜ੍ਹਤੀਏ ਅਜੇ ਕੁਮਾਰ ਨੇ ਦੱਸਿਆ ਕਿ ਮੰਡੀ ਦੇ ਹਰ ਆੜ੍ਹਤੀ ਵੱਲੋਂ ਦਿੱਲੀ ਮੋਰਚੇ 'ਚ ਹਾਜ਼ਰੀ ਭਰੀ ਜਾ ਰਹੀ ਹੈ। ਬਰਨਾਲਾ ਦੇ ਆੜ੍ਹਤੀਏ ਹੀਰਾ ਲਾਲ ਤੇ ਜੀਵਨ ਬਾਂਸਲ ਨੇ ਦੱਸਿਆ ਕਿ ਦਿੱਲੀ ਮੋਰਚਾ ਤਾਂ ਸਾਂਝੀ ਲੜਾਈ ਦਾ ਪ੍ਰਤੀਕ ਹੈ ਅਤੇ ਵੱਡੀ ਗਿਣਤੀ ਵਿਚ ਆੜ੍ਹਤੀਏ ਦਿੱਲੀ ਗਏ ਹਨ। ਮੌੜ ਮੰਡੀ ਦੇ ਰਾਜੇਸ਼ ਜੈਨ ਨੇ ਦੱਸਿਆ ਕਿ ਕਿਸਾਨ ਸਭ ਦੀ ਲੜਾਈ ਲੜ ਰਿਹਾ ਹੈ, ਜਿਸ ਕਰਕੇ ਮੌੜ ਮੰਡੀ ਤੋਂ ਵੀ ਵੱਡੀ ਗਿਣਤੀ 'ਚ ਆੜ੍ਹਤੀਏ ਦਿੱਲੀ ਗਏ ਹਨ। ਇਸੇ ਤਰ੍ਹਾਂ ਗਿੱਦੜਬਾਹਾ ਦਾ ਆੜ੍ਹਤੀਆ ਬਿੰਟਾ ਅਰੋੜਾ ਦੱਸਦਾ ਹੈ ਕਿ ਕਿਸਾਨ ਆੜ੍ਹਤੀਆਂ ਏਕਤਾ ਦੇ ਬੈਨਰ ਹੁਣ ਸ਼ਹਿਰਾਂ ਵਿਚ ਦਿੱਖਣ ਲੱਗੇ ਹਨ ਅਤੇ ਦਿੱਲੀ ਵੀ ਸਭ ਤਬਕੇ ਜਾ ਰਹੇ ਹਨ।
ਘੋਲ ਨੇ ਲਕੀਰਾਂ ਮਿਟਾਈਆਂ: ਪ੍ਰੋ. ਸੁਰਜੀਤ ਲੀਅ
ਪੰਜਾਬੀ ਯੂਨੀਵਰਸਿਟੀ ਦੇ ਸਾਬਕਾ ਪ੍ਰੋ. ਸੁਰਜੀਤ ਲੀਅ ਆਖਦੇ ਹਨ ਕਿ ਕਿਸਾਨ ਅੰਦੋਲਨ ਨੇ ਸਮਾਜਿਕ ਵਿੱਥਾਂ ਮਿਟਾ ਦਿੱਤੀਆਂ ਹਨ। ਸਮੁੱਚੇ ਸਮਾਜ ਨੂੰ ਇਹ ਆਪਣਾ ਘੋਲ ਲੱਗਦਾ ਹੈ। ਉਨ੍ਹਾਂ ਕਿਹਾ ਕਿ ਕਿਸਾਨ ਅੰਦੋਲਨ ਦੇ ਲੰਮੇਰੇ ਸਮਾਜਿਕ ਤੇ ਸਭਿਆਚਾਰਕ ਪ੍ਰਭਾਵ ਪੈਣਗੇ। ਭਾਈਚਾਰਕ ਸਾਂਝ ਗੂੜ੍ਹੀ ਹੋਵੇਗੀ ਅਤੇ ਵਰਗਾਂ 'ਚ ਪਈ ਖਾਈ ਭਰੀ ਜਾਵੇਗੀ। ਪੇਂਡੂ ਪੰਜਾਬ ਨੂੰ ਆਪਣਾ ਗੁਆਚਾ ਮੂਲ ਲੱਭੇਗਾ।
ਘੋਲ ਨੇ ਲਕੀਰਾਂ ਮਿਟਾਈਆਂ: ਪ੍ਰੋ. ਸੁਰਜੀਤ ਲੀਅ
ਪੰਜਾਬੀ ਯੂਨੀਵਰਸਿਟੀ ਦੇ ਸਾਬਕਾ ਪ੍ਰੋ. ਸੁਰਜੀਤ ਲੀਅ ਆਖਦੇ ਹਨ ਕਿ ਕਿਸਾਨ ਅੰਦੋਲਨ ਨੇ ਸਮਾਜਿਕ ਵਿੱਥਾਂ ਮਿਟਾ ਦਿੱਤੀਆਂ ਹਨ। ਸਮੁੱਚੇ ਸਮਾਜ ਨੂੰ ਇਹ ਆਪਣਾ ਘੋਲ ਲੱਗਦਾ ਹੈ। ਉਨ੍ਹਾਂ ਕਿਹਾ ਕਿ ਕਿਸਾਨ ਅੰਦੋਲਨ ਦੇ ਲੰਮੇਰੇ ਸਮਾਜਿਕ ਤੇ ਸਭਿਆਚਾਰਕ ਪ੍ਰਭਾਵ ਪੈਣਗੇ। ਭਾਈਚਾਰਕ ਸਾਂਝ ਗੂੜ੍ਹੀ ਹੋਵੇਗੀ ਅਤੇ ਵਰਗਾਂ 'ਚ ਪਈ ਖਾਈ ਭਰੀ ਜਾਵੇਗੀ। ਪੇਂਡੂ ਪੰਜਾਬ ਨੂੰ ਆਪਣਾ ਗੁਆਚਾ ਮੂਲ ਲੱਭੇਗਾ।
No comments:
Post a Comment