ਸੰਘਰਸ਼ੀ ਨਾਇਕ
ਖੇਤਾਂ ਦੀ ਮਿੱਟੀ ਨੂੰ ਭਲਾ ਕਾਹਦਾ ਡਰ..!
ਚਰਨਜੀਤ ਭੁੱਲਰ
ਚੰਡੀਗੜ੍ਹ : ਬਠਿੰਡਾ ਜ਼ਿਲ੍ਹੇ ਦੇ ਪਿੰਡ ਜੇਠੂਕੇ ਦਾ ਕਿਸਾਨ ਨੇਤਾ ਝੰਡਾ ਸਿੰਘ ਪਤਾ ਨਹੀਂ ਕਿਸ ਮਿੱਟੀ ਦਾ ਬਣਿਆ ਹੈ। ਨਿੱਕੀ ਉਮਰੇ ਹੀ ਪੁਲੀਸ ਦੀ ਏਨੀ ਕੁੱਟ ਝੱਲੀ, ਸਦਾ ਲਈ ਬੇਖ਼ੌਫ ਹੋ ਗਿਆ। ਦਿੱਲੀ ਮੋਰਚੇ 'ਚ ਝੰਡਾ ਸਿੰਘ ਹੁਣ ਨਾਇਕ ਬਣਕੇ ਉਭਰਿਆ ਹੈ। ਪੁਲੀਸ ਲਈ ਝੰਡਾ ਸਿੰਘ ਸੰਘਰਸ਼ਾਂ ਦਾ ਉਹ ਡੰਡਾ ਬਣ ਗਿਆ ਹੈ, ਜੋ ਹਕੂਮਤ ਅੱਗੇ ਟੱਸ ਤੋਂ ਮੱਸ ਨਹੀਂ ਹੁੰਦਾ। ਜਦੋਂ ਤੋਂ ਉਹ ਲੋਕ ਸੰਘਰਸ਼ਾਂ 'ਚ ਝੰਡਾ ਚੁੱਕ ਤੁਰਿਆ ਹੈ, ਉਸ 'ਤੇ ਉਦੋਂ ਤੋਂ ਲੈ ਕੇ ਹੁਣ ਤੱਕ 50 ਪੁਲੀਸ ਕੇਸ ਦਰਜ ਹੋਏ ਹਨ। ਪੰਜਾਬ ਪੁਲੀਸ ਇਹ ਗੱਲ ਮੰਨਦੀ ਹੈ ਕਿ ਝੰਡਾ ਸਿੰਘ ਦੀ ਹੱਡੀ ਮਜ਼ਬੂਤ ਹੈ। ਈਨ ਮਨਾਉਣੀ ਸੌਖੀ ਨਹੀਂ ਜਾਪਦੀ। ਉਹ ਪਹਿਲਾਂ ਨੌਜਵਾਨ ਭਾਰਤ ਸਭਾ 'ਚ ਰਿਹਾ ਅਤੇ ਲੰਮੇ ਅਰਸੇ ਤੋਂ ਕਿਸਾਨ ਯੂਨੀਅਨ 'ਚ ਕੁੱਦਿਆ ਹੋਇਆ ਹੈ। ਬੀਕੇਯੂ (ਉਗਰਾਹਾਂ) ਦਾ ਸੀਨੀਅਰ ਮੀਤ ਪ੍ਰਧਾਨ ਹੈ। ਕਿੰਨੇ ਮੁੱਖ ਮੰਤਰੀਆਂ ਨਾਲ ਗੱਲਬਾਤ ਦੀ ਮੇਜ਼ 'ਤੇ ਵੀ ਬੈਠਾ ਹੈ। ਹੁਣ ਕੇਂਦਰੀ ਵਜ਼ੀਰਾਂ ਦੀ ਮੇਜ਼ 'ਤੇ ਖੇਤੀ ਕਾਨੂੰਨਾਂ ਬਾਰੇ ਗੱਲਬਾਤ ਲਈ ਬਾਕੀ ਆਗੂਆਂ ਸਮੇਤ ਬੈਠਦਾ ਹੈ। ਉਹ ਆਖਦਾ ਹੈ ਕਿ ਲੋਕ ਸੰਘਰਸ਼ਾਂ 'ਚ ਇਹੋ ਚਾਨਣ ਹੋਇਆ ਹੈ ਕਿ ਪੁਲੀਸ ਦੀ ਕੁੱਟ, ਸਭ ਤੋਂ ਖਤਰਨਾਕ ਨਹੀਂ ਹੁੰਦੀ।ਜਦੋਂ ਵੀ ਕਿਸਾਨ ਘੋਲਾਂ 'ਚ ਟਕਰਾਅ ਬਣੇ, ਉਦੋਂ ਪੁਲੀਸ ਨੂੰ ਸਭ ਤੋਂ ਵੱਧ ਭਾਲ ਝੰਡਾ ਸਿੰਘ ਦੀ ਰਹੀ ਹੈ। ਉਹ ਆਖਦਾ ਹੈ ਕਿ ਦਿੱਲੀ 'ਚ ਜੁੜੇ ਕਿਸਾਨ ਇਕੱਠ ਦੀ ਕੰਧ 'ਤੇ ਲਿਖਿਆ ਪ੍ਰਧਾਨ ਮੰਤਰੀ ਨੂੰ ਪੜ੍ਹ ਲੈਣਾ ਚਾਹੀਦਾ ਹੈ। ਬੀਕੇਯੂ (ਡਕੌਂਦਾ) ਦਾ ਸੂਬਾ ਪ੍ਰਧਾਨ ਬੂਟਾ ਸਿੰਘ ਬੁਰਜ ਗਿੱਲ ਵੀ ਦਿੱਲੀ ਮੋਰਚੇ ਦਾ ਨਾਇਕ ਹੈ। ਉਹ 16 ਵਰ੍ਹਿਆਂ ਦਾ ਸੀ ਜਦੋਂ ਉਸ ਨੇ ਆਪਣੇ ਖੇਤਾਂ ਵਿਚ ਸਰਦਾਰਾਂ ਦੇ ਕੁੱਤਿਆਂ ਦੀ ਇੱਕ ਗਰੀਬੜੇ ਜਿਹੇ ਸਹੇ ਪਿੱਛੇ ਦੌੜ ਦੇਖੀ। ਉਸ ਨੇ ਸਰਦਾਰਾਂ ਦੇ ਕੁੱਤੇ 'ਤੇ ਵਾਰ ਕਰ ਦਿੱਤਾ। ਬੂਟਾ ਸਿੰਘ ਆਖਦਾ ਹੈ ਕਿ ਇਸ ਘਟਨਾ ਨੇ ਉਸ ਨੂੰ ਝੰਜੋੜ ਦਿੱਤਾ। ਬੂਟਾ ਸਿੰਘ ਆਖਦਾ ਹੈ ਕਿ ਮਾੜੇ ਤੋਂ ਜ਼ਿਆਦਤੀ ਝੱਲ ਨਹੀਂ ਹੁੰਦੀ। ਉਹ ਦੱਸਦਾ ਹੈ ਕਿ ਹੁਣ ਤੱਕ ਉਸ 'ਤੇ 50 ਦੇ ਕਰੀਬ ਪੁਲੀਸ ਕੇਸ ਦਰਜ ਹੋ ਚੁੱਕੇ ਹਨ। ਨਿੱਕੇ ਹੁੰਦੇ ਜਦੋਂ ਇੱਕ ਮੇਲੇ ਵਿਚ ਪੁਲੀਸ ਨੇ ਲੋਕਾਂ 'ਤੇ ਡਾਂਗ ਚਲਾ ਦਿੱਤੀ, ਉਹ ਖੁਦ ਡਾਂਗ ਚੁੱਕ ਪੁਲੀਸ ਅੱਗੇ ਡਟ ਗਿਆ। ਬੂਟਾ ਸਿੰਘ ਨੇ ਉਸ ਮਗਰੋਂ ਕਿਸਾਨ ਘੋਲਾਂ ਦੀ ਝੰਡੀ ਫੜ ਲਈ। ਕਈ ਜੇਲ੍ਹਾਂ ਵੇਖ ਚੁੱਕਾ ਹੈ ਅਤੇ ਕਈ ਥਾਣੇ। ਪੁਲੀਸ ਦੀ ਅੱਖ ਵਿਚ ਅੱਖ ਪਾ ਕੇ ਗੱਲ ਕਰਨ ਤੋਂ ਝਿਜਕਦਾ ਨਹੀਂ।
ਬੂਟਾ ਸਿੰਘ ਆਖਦਾ ਹੈ ਕਿ ਦਿੱਲੀ ਮੋਰਚੇ 'ਚ ਜੋ ਲੋਕ ਹੁੰਗਾਰਾ ਮਿਲਿਆ ਹੈ, ਉਸ ਦੀ ਜ਼ਿੰਦਗੀ ਦਾ ਇਹ ਪਹਿਲਾ ਮੌਕਾ ਹੈ। ਉਹ ਆਖਦਾ ਹੈ ਕਿ ਜੰਗ ਜਿੱਤ ਕੇ ਹੀ ਮੁੜਾਂਗੇ। ਇਸੇ ਤਰ੍ਹਾਂ ਪਿੰਡ ਗਿੱਦੜ ਦਾ ਕਿਸਾਨ ਨੇਤਾ ਸ਼ਿੰਗਾਰਾ ਸਿੰਘ ਮਾਨ ਹੈ ਜੋ ਦਿੱਲੀ ਮੋਰਚੇ 'ਚ ਮੋਹਰੀ ਹੈ। ਛੋਟਾ ਹੁੰਦਾ ਪਾਣੀ ਤੋਂ ਡਰਦਾ ਸੀ। ਬਾਪ ਕਰਤਾਰ ਸਿੰਘ ਨੇ ਛੱਪੜ ਦੇ ਪਾਣੀ 'ਚ ਡੁਬੋ ਡੁਬੋ ਕੱਢਿਆ। ਨਾਲੇ ਅੰਦਰਲਾ ਡਰ ਕੱਢ ਦਿੱਤਾ। ਪੁਲੀਸ ਨੇ ਦਰਜਨਾਂ ਮੌਕਿਆਂ 'ਤੇ ਪਾਣੀ ਦੀਆਂ ਬੁਛਾੜਾਂ ਛੱਡੀਆਂ, ਸ਼ਿੰਗਾਰਾ ਸਿੰਘ ਦੀਵਾਰ ਬਣ ਕੇ ਖੜ੍ਹ ਗਿਆ। ਕਿਸਾਨ ਨੇਤਾ ਸ਼ਿੰਗਾਰਾ ਸਿੰਘ ਆਖਦਾ ਹੈ ਕਿ ਪਾਣੀ ਨੂੰ ਛੱਡੋ, ਹੁਣ ਤਾਂ ਜੇਲ੍ਹਾਂ ਤੇ ਥਾਣਿਆਂ ਤੋਂ ਕਦੇ ਡਰ ਨਹੀਂ ਲੱਗਿਆ। ਪੰਜ ਜਮਾਤਾਂ ਪਾਸ ਸ਼ਿੰਗਾਰਾ ਸਿੰਘ ਮਾਨ ਖੇਤੀ ਕਾਨੂੰਨ 'ਤੇ ਬਹਿਸ 'ਚ ਨੇੜੇ ਨਹੀਂ ਢੁੱਕਣ ਦਿੰਦਾ। 22 ਸਾਲ ਦੀ ਉਮਰ ਵਿਚ ਪੁਲੀਸ ਦੀ ਕੁੱਟ ਝੱਲ ਗਿਆ। ਜਦੋਂ ਸਾਲ 2000 ਵਿੱਚ ਜੇਠੂਕੇ ਕਾਂਡ ਹੋਇਆ, ਉਸ 'ਤੇ ਪੁਲੀਸ ਨੇ ਚਾਰ ਕੇਸ ਦਰਜ ਕੀਤੇ। ਉਹ ਬੁੜੈਲ ਜੇਲ੍ਹ, ਪਟਿਆਲਾ ਜੇਲ੍ਹ, ਬਠਿੰਡਾ ਤੇ ਲੁਧਿਆਣਾ ਜੇਲ੍ਹ ਵਿਚ ਜਾ ਚੁੱਕਾ ਹੈ।
ਉਹ ਆਖਦਾ ਹੈ ਕਿ ਜੇਲ੍ਹ ਤਾਂ ਆਰਾਮ ਘਰ ਹੈ ਜਿਥੇ ਲੋਕ ਹਿੱਤਾਂ ਦੀ ਲੜਾਈ ਦੇ ਬਦਲੇ ਉਨ੍ਹਾਂ ਨੂੰ ਜਾਣਾ ਪੈਂਦਾ ਹੈ। ਉਹ ਦੱਸਦਾ ਹੈ ਕਿ ਇੱਕ ਵਾਰੀ ਜੇਲ੍ਹ 'ਚ ਬੰਦੀ ਸਮੇਂ ਦੌਰਾਨ ਉਸ ਨੇ 35 ਕਿਤਾਬਾਂ ਪੜ੍ਹੀਆਂ। ਕਿਸਾਨ ਆਗੂ ਸ਼ਿੰਗਾਰਾ ਸਿੰਘ ਮਾਨ 'ਤੇ ਹੁਣ ਤੱਕ 45 ਪੁਲੀਸ ਕੇਸ ਦਰਜ ਹੋਏ ਹਨ। ਬੱਸ ਕਿਰਾਇਆ ਘੋਲ ਨੂੰ ਲੈ ਕੇ ਵਾਪਰੇ ਜੇਠੂਕੇ ਕਾਂਡ ਸਮੇਂ ਉਹ 100 ਦਿਨ ਜੇਲ੍ਹ ਵਿਚ ਰਿਹਾ ਸੀ। ਬੀਕੇਯੂ (ਡਕੌਂਦਾ) ਦਾ ਜਨਰਲ ਸਕੱਤਰ ਜਗਮੋਹਨ ਸਿੰਘ ਫਿਰੋਜ਼ਪੁਰ ਦੇ ਪਿੰਡ ਕੜਮਾ ਦਾ ਬਾਸ਼ਿੰਦਾ ਹੈ। ਬਚਪਨ ਉਮਰੇ 1965 ਅਤੇ 1971 ਦੀ ਜੰਗ ਵੇਖ ਲਈ। ਸਰਹੱਦੀ ਜ਼ਿਲ੍ਹਾ ਹੋਣ ਕਰਕੇ ਇਨ੍ਹਾਂ ਜੰਗਾਂ ਦੀ ਬੰਬਾਰੀ ਨੇ ਉਸ ਨੂੰ ਬੇਖ਼ੌਫ ਬਣਾ ਦਿੱਤਾ। ਜਗਮੋਹਨ ਸਿੰਘ ਦੀ ਉਮਰ ਉਦੋਂ ਸਾਢੇ ਸੌਲ਼ਾਂ ਵਰ੍ਹੇ ਸੀ ਜਦੋਂ ਪੁਲੀਸ ਨੇ ਉਸ 'ਤੇ ਪੁਲੀਸ ਕੇਸ ਦਰਜ ਕਰ ਦਿੱਤਾ ਸੀ। ਉਹ ਦੱਸਦਾ ਹੈ ਕਿ ਮੋਗਾ ਘੋਲ ਵੇਲੇ ਉਹ ਵਿਦਿਆਰਥੀਆਂ ਨਾਲ ਸੰਘਰਸ਼ ਵਿਚ ਕੁੱਦਿਆ ਸੀ। ਉਹ ਐਕੂਪੰਕਚਰ ਵਿੱਚ ਡਿਪਲੋਮਾ ਹੋਲਡਰ ਅਤੇ ਸਮਾਜ ਸ਼ਾਸਤਰ ਵਿਚ ਪੋਸਟ ਗਰੈਜੂਏਟ ਹੈ।
ਉਸ ਨੇ ਜਮਹੂਰੀ ਅਧਿਕਾਰੀ ਸਭਾ ਵਿੱਚ ਵੀ ਕੰਮ ਕੀਤਾ ਹੈ ਅਤੇ ਲੰਮੇ ਅਰਸੇ ਤੋਂ ਕਿਸਾਨ ਯੂਨੀਅਨ ਵਿਚ ਅਗਵਾਈ ਕਰ ਰਿਹਾ ਹੈ। ਉਸ 'ਤੇ ਸੱਤ ਪੁਲੀਸ ਕੇਸ ਦਰਜ ਹੋ ਚੁੱਕੇ ਹਨ ਅਤੇ ਹੁਣ ਤੱਕ ਸੰਗਰੂਰ, ਪਟਿਆਲਾ ਅਤੇ ਫਿਰੋਜ਼ਪੁਰ ਜੇਲ੍ਹ ਵਿਚ ਜਾ ਚੁੱਕਾ ਹੈ। ਖੇਤੀ ਕਾਨੂੰਨਾਂ ਖ਼ਿਲਾਫ਼ ਉਹ ਕਿਸਾਨ ਸਾਥੀਆਂ ਨਾਲ ਕੇਂਦਰ ਅੱਗੇ ਤਰਕ ਰੱਖ ਰਿਹਾ ਹੈ। ਕਿਸਾਨ ਆਗੂ ਡਾ. ਦਰਸ਼ਨ ਪਾਲ, ਬਲਵੀਰ ਸਿੰਘ ਰਾਜੇਵਾਲ, ਜੋਗਿੰਦਰ ਸਿੰਘ ਉਗਰਾਹਾਂ, ਸੁਖਦੇਵ ਸਿੰਘ ਕੋਕਰੀ ਕਲਾਂ, ਜਗਜੀਤ ਸਿੰਘ ਡੱਲੇਵਾਲ, ਮਹਿਲਾ ਆਗੂ ਹਰਿੰਦਰ ਕੌਰ ਬਿੰਦੂ, ਮਜ਼ਦੂਰ ਆਗੂ ਲਛਮਣ ਸਿੰਘ ਸੇਵੇਵਾਲਾ, ਪਲਸ ਮੰਚ ਦੇ ਪ੍ਰਧਾਨ ਅਮੋਲਕ ਸਿੰਘ ਆਦਿ ਦਿੱਲੀ ਮੋਰਚੇ ਦੇ ਪ੍ਰਬੰਧਾਂ ਵਿਚ ਜੁਟੇ ਹੋਏ ਹਨ। ਸਮੁੱਚੀ ਕਿਸਾਨੀ ਦੀ ਨਜ਼ਰ ਹੁਣ ਕਿਸਾਨ ਧਿਰਾਂ 'ਤੇ ਹੈ ਅਤੇ ਦਿੱਲੀ ਮੋਰਚਾ ਇਨ੍ਹਾਂ ਨਾਇਕਾਂ ਲਈ ਕਠਿਨ ਪ੍ਰੀਖਿਆ ਵੀ ਹੈ।
ਸੰਘਰਸ਼ਾਂ ਦੇ ਲੇਖੇ ਲਾਈ ਜ਼ਿੰਦਗੀ
ਬੀਕੇਯੂ (ਕ੍ਰਾਂਤੀਕਾਰੀ) ਦੇ ਸੂਬਾ ਪ੍ਰਧਾਨ ਸੁਰਜੀਤ ਸਿੰਘ ਫੂਲ ਨੇ ਪੂਰੀ ਜ਼ਿੰਦਗੀ ਸੰਘਰਸ਼ ਦੇ ਲੇਖੇ ਲਾ ਦਿੱਤੀ ਹੈ। ਉਸ 'ਤੇ ਦਰਜਨਾਂ ਪੁਲੀਸ ਕੇਸ ਦਰਜ ਹੋਏ ਹਨ। ਉਹ ਹਮੇਸ਼ਾ ਪੁਲੀਸ ਦੀ ਅੱਖ ਵਿਚ ਰੜਕਦਾ ਰਿਹਾ ਹੈ। ਉਹ ਦੱਸਦਾ ਹੈ ਕਿ ਕਿੰਨੇ ਹੀ ਕਿਸਾਨ ਘੋਲ ਉਹ ਦੇਖ ਚੁੱਕਾ ਹੈ। ਆਖਦਾ ਹੈ ਕਿ ਪੁਲੀਸ ਕੇਸ ਤਾਂ ਤਗਮਾ ਲੱਗਦੇ ਹਨ। ਕਿਰਤੀ ਕਿਸਾਨ ਯੂਨੀਅਨ ਦੇ ਪ੍ਰਧਾਨ ਨਿਰਭੈ ਸਿੰਘ ਢੁੱਡੀਕੇ ਦੇ ਲੋਕ ਸੰਘਰਸ਼ ਦਾ ਵੱਡਾ ਇਤਿਹਾਸ ਹੈ। ਉਹ 19 ਸਾਲ ਦੀ ਉਮਰ ਵਿਚ ਸੰਘਰਸ਼ੀ ਮੈਦਾਨ ਵਿਚ ਕੁੱਦ ਪਿਆ ਸੀ। ਦਰਜਨਾਂ ਪਰਚੇ ਉਸ ਤੇ ਦਰਜ ਹੋ ਚੁੱਕੇ ਹਨ।
No comments:
Post a Comment