ਪਿੰਡਾਂ ਦੇ ਸਰਬਣ ਪੁੱਤ
ਤੁਸੀਂ ਦਿੱਲੀ ਸਾਂਭੋ, ਅਸੀਂ ਪਿੰਡ ਸਾਂਭਾਂਗੇ...!
ਚਰਨਜੀਤ ਭੁੱਲਰ
ਚੰਡੀਗੜ੍ਹ : ਪੰਜਾਬ 'ਚ ਪੇਂਡੂ ਮੁੰਡੇ ਹੁਣ ਪਿੰਡਾਂ ਦੇ ਸਰਬਣ ਪੁੱਤ ਬਣ ਗਏ ਹਨ ਜੋ ਪੇਂਡੂ ਸਾਂਝ ਦੇ ਬੰਦ ਦਰਵਾਜ਼ੇ ਖੋਲ੍ਹ ਰਹੇ ਹਨ। ਪਿੰਡੋਂ-ਪਿੰਡ ਇੱਕ ਨਵੀਂ ਗੂੰਜ ਪੈਣ ਲੱਗੀ ਹੈ- 'ਤੁਸੀਂ ਦਿੱਲੀ ਸਾਂਭੋ, ਅਸੀਂ ਪਿੰਡ ਸਾਂਭਾਂਗੇ'। ਇਹ ਹੌਸਲਾ ਪੇਂਡੂ ਮੁੰਡੇ ਦਿੱਲੀ 'ਚ ਡਟੇ ਕਿਸਾਨਾਂ ਨੂੰ ਦੇ ਰਹੇ ਹਨ। ਜ਼ਿਲ੍ਹਾ ਬਰਨਾਲਾ ਦੇ ਪਿੰਡ ਚੰਨਣਵਾਲ ਦੀ ਸਤਿਕਾਰ ਕਮੇਟੀ ਦੇ ਨੌਜਵਾਨ ਉਨ੍ਹਾਂ ਕਿਸਾਨਾਂ ਦੀਆਂ ਫ਼ਸਲਾਂ ਸਾਂਭ ਰਹੇ ਹਨ ਜੋ ਦਿੱਲੀ ਮੋਰਚੇ ਵਿੱਚ ਕੁੱਦੇ ਹਨ। ਪਿੰਡ ਚੰਨਣਵਾਲ 'ਚੋਂ ਕਰੀਬ 40 ਕਿਸਾਨ ਦਿੱਲੀ ਗਏ ਹਨ। ਟਿਕਰੀ ਸਰਹੱਦ ਤੋਂ ਜਦੋਂ ਕਿਸਾਨ ਗੁਰਬੀਰ ਸਿੰਘ ਨੇ ਆਪਣੀ ਫ਼ਸਲ ਬਾਰੇ ਗੱਲ ਕੀਤੀ ਤਾਂ ਸਤਿਕਾਰ ਕਮੇਟੀ ਦੇ ਗੁਰਦੀਪ ਸਿੰਘ ਨੇ ਕਿਹਾ, 'ਤੁਸੀਂ ਪਿਛਲਾ ਫ਼ਿਕਰ ਛੱਡੋ, ਅਗਲਾ ਸੋਚੋ।' ਗੁਰਦੀਪ ਸਿੰਘ ਨੇ ਦੱਸਿਆ ਕਿ ਕਰੀਬ 20 ਕੁ ਨੌਜਵਾਨਾਂ ਨੇ ਇਨ੍ਹਾਂ ਕਿਸਾਨਾਂ ਦੀਆਂ ਫ਼ਸਲਾਂ ਨੂੰ ਪਾਣੀ ਦਿੱਤਾ ਹੈ, ਯੂਰੀਆ ਖਾਦ ਪਾਈ ਹੈ ਤੇ ਕੀਟਨਾਸ਼ਕਾਂ ਦਾ ਛਿੜਕਾਓ ਕੀਤਾ ਹੈ।ਪਿੰਡ ਭੋਤਨਾ 'ਚ ਖੇਤ ਮਜ਼ਦੂਰਾਂ ਨੇ ਕਿਸਾਨਾਂ ਦੇ ਪਸ਼ੂਆਂ ਦੀ ਸੰਭਾਲ ਦਾ ਬੀੜਾ ਚੁੱਕਿਆ ਹੈ। ਮੋਗਾ ਦੇ ਪਿੰਡ ਰਾਮਾਂ ਦਾ ਗੁਰਚਰਨ ਸਿੰਘ ਆਪਣੇ ਛੇ ਸਾਲ ਦੇ ਬੱਚੇ ਨਾਲ ਦਿੱਲੀ ਸਰਹੱਦ 'ਤੇ ਬੈਠਾ ਹੈ। ਇਸ ਕਿਸਾਨ ਦੀ 85 ਸਾਲ ਦੀ ਬਿਰਧ ਮਾਂ ਘਰ ਵਿੱਚ ਇਕੱਲੀ ਹੈ। ਪਿੰਡ ਦਾ ਨੌਜਵਾਨ ਕਰਮ ਦੱਸਦਾ ਹੈ ਕਿ ਬਿਰਧ ਮਾਂ ਨੂੰ ਦੋ ਵਕਤ ਰੋਟੀ ਅਤੇ ਮੱਝਾਂ ਦੀਆਂ ਧਾਰਾਂ ਵਗੈਰਾ ਉਹ ਕੱਢ ਰਹੇ ਹਨ ਤੇ ਦਵਾਈ ਦਾ ਪ੍ਰਬੰਧ ਵੀ ਕਰ ਰਹੇ ਹਨ। ਗੁਰਦਾਸਪੁਰ ਦੇ ਪਿੰਡ ਠੱਠਾ ਦਾ ਹਰਭੇਜ ਸਿੰਘ ਦੱਸਦਾ ਹੈ ਕਿ ਪੋਤੇ ਫ਼ਸਲ ਸੰਭਾਲ ਰਹੇ ਹਨ ਜਦਕਿ ਉਹ ਦਿੱਲੀ 'ਚ ਬੈਠਾ ਹੈ। ਪਟਿਆਲਾ ਦੇ ਪਿੰਡ ਨਿਆਲ ਦਾ ਮਨਜੀਤ ਸਿੰਘ ਦਿੱਲੀ ਮੋਰਚੇ 'ਚ ਹੈ। ਉਸ ਦੀ ਕਣਕ ਪੂਰੀ ਤਰ੍ਹਾਂ ਉੱਗੀ ਨਹੀਂ ਹੈ। ਪਿੰਡ ਦੇ ਜਸਵੰਤ ਸਿੰਘ ਨੇ ਪਹਿਲਾਂ ਮਨਜੀਤ ਸਿੰਘ ਦੇ ਖੇਤਾਂ ਵਿੱਚ ਕਣਕ ਦਾ ਮੁੜ ਛਿੱਟਾ ਦਿੱਤਾ ਅਤੇ ਨਾਲੇ ਪਾਣੀ ਵਗੈਰਾ ਫ਼ਸਲਾਂ ਨੂੰ ਦਿੱਤਾ।
ਪਿੰਡ ਸੰਗਰੂਰ ਦਾ ਗੁਰਪ੍ਰੀਤ ਸਿੰਘ ਦਿੱਲੀ ਟਰੈਕਟਰ ਲੈ ਕੇ ਗਿਆ ਹੈ। ਜਦੋਂ ਉਸ ਨੇ ਪਿਛਲਾ ਫ਼ਿਕਰ ਕੀਤਾ ਤਾਂ ਪਿੰਡ ਦੇ ਨੌਜਵਾਨ ਸੰਦੀਪ ਸਿੰਘ ਵਗੈਰਾ ਨੇ ਉਸ ਨੂੰ ਚਿੰਤਾ-ਮੁਕਤ ਕਰ ਦਿੱਤਾ। ਸੰਦੀਪ ਦੱਸਦਾ ਹੈ ਕਿ ਉਨ੍ਹਾਂ ਨੇ ਦਿੱਲੀ ਗਏ ਕਿਸਾਨਾਂ ਦੀਆਂ ਫ਼ਸਲਾਂ ਨੂੰ ਪਾਣੀ ਲਾਏ ਹਨ ਤੇ ਖਾਦ ਵੀ ਪਾਈ ਹੈ। ਬਠਿੰਡਾ ਦੇ ਪਿੰਡ ਘੁੱਦਾ ਦਾ ਰੇਸ਼ਮ ਸਿੰਘ ਦਿੱਲੀ 'ਚ ਬੈਠਾ ਹੈ। ਪਿੱਛੇ ਉਸ ਦੇ ਪਰਿਵਾਰ ਵਿੱਚ ਮਾਂ, ਪਤਨੀ ਤੇ ਬੱਚੇ ਹਨ। ਨੌਜਵਾਨ ਭਾਰਤ ਸਭਾ ਦੇ ਅਸ਼ਵਨੀ ਘੁੱਦਾ ਨੇ ਦੱਸਿਆ ਕਿ ਉਨ੍ਹਾਂ ਰੇਸ਼ਮ ਸਿੰਘ ਦੇ ਖੇਤਾਂ ਨੂੰ ਪਾਣੀ ਦਿੱਤਾ ਹੈ ਅਤੇ ਹਰੇ ਚਾਰੇ ਦੀ ਦੇਖਭਾਲ ਕੀਤੀ ਹੈ। ਪਿੰਡ ਕੋਟਗੁਰੂ ਵਿੱਚ ਵੀ ਇੱਕ ਛੋਟੇ ਕਿਸਾਨ ਦੀ ਕਣਕ ਦੀ ਬੀਜਾਂਦ ਇਨ੍ਹਾਂ ਨੌਜਵਾਨਾਂ ਨੇ ਕੀਤੀ ਹੈ। ਪਿੰਡ ਮੌੜ ਖੁਰਦ ਦੇ ਗੁਰੂ ਘਰ ਵਿੱਚ ਨੌਜਵਾਨਾਂ ਨੇ ਰਜਿਸਟਰ ਰੱਖ ਦਿੱਤਾ ਹੈ। ਅਮਿਤੋਜ ਮੌੜ ਨੇ ਹੋਕਾ ਦਿਵਾ ਦਿੱਤਾ ਕਿ ਦਿੱਲੀ ਗਏ ਕਿਸਾਨਾਂ ਦੇ ਪਰਿਵਾਰ ਆਪਣੀ ਲੋੜ ਜਾਂ ਕੰਮ-ਕਾਰ ਰਜਿਸਟਰ 'ਚ ਦਰਜ ਕਰ ਜਾਓ, ਬਾਕੀ ਜ਼ਿੰਮੇਵਾਰੀ ਪਿੰਡ ਦੇ ਨੌਜਵਾਨ ਚੁੱਕਣਗੇ।
ਇਸੇ ਤਰ੍ਹਾਂ ਤਲਵੰਡੀ ਸਾਬੋ ਦੇ ਇੱਕ ਪ੍ਰਾਈਵੇਟ ਸਕੂਲ ਮਾਲਕ ਜਸਪਾਲ ਗਿੱਲ ਨੇ ਆਪਣਾ ਫੋਨ ਨੰਬਰ ਜਨਤਕ ਕੀਤਾ ਹੈ ਅਤੇ ਆਖਿਆ ਹੈ ਕਿ ਇਲਾਕੇ ਦੇ ਕਿਸੇ ਕਿਸਾਨ ਪਰਿਵਾਰ ਨੂੰ ਕੋਈ ਵੀ ਲੋੜ ਹੈ, ਉਸ ਨਾਲ ਸੰਪਰਕ ਕੀਤਾ ਜਾਵੇ। ਪੰਜਾਬ ਵੈਟਰਨਰੀ ਇੰਸਪੈਕਟਰ ਯੂਨੀਅਨ ਦੇ ਜੁਗਰਾਜ ਟੱਲੇਵਾਲ ਨੇ ਦੱਸਿਆ ਕਿ ਯੂਨੀਅਨ ਤਰਫ਼ੋਂ ਦਿੱਲੀ ਗਏ ਕਿਸਾਨਾਂ ਦੇ ਪਸ਼ੂਆਂ ਦੇ ਇਲਾਜ ਦੀ ਜ਼ਿੰਮੇਵਾਰੀ ਲਈ ਗਈ ਹੈ। ਵੇਰਵਿਆਂ ਅਨੁਸਾਰ ਪਿੰਡਾਂ ਦੇ ਉਹ ਮੁੰਡੇ ਵੀ ਕਿਸਾਨਾਂ ਦੇ ਖੇਤ ਸੰਭਾਲ ਰਹੇ ਹਨ ਜਿਨ੍ਹਾਂ ਨੂੰ ਪਿੰਡਾਂ ਵਾਲੇ ਪਹਿਲਾਂ ਨਸ਼ੇੜੀ ਆਖਦੇ ਸਨ। ਪਿੰਡਾਂ ਦੇ ਗੁਰੂ ਘਰਾਂ ਵਿੱਚ ਹੋਕੇ ਵੱਜ ਰਹੇ ਹਨ ਜਿਸ ਕਾਰਨ ਦਿੱਲੀ ਗਏ ਕਿਸਾਨਾਂ ਦੀ ਫ਼ਿਕਰਮੰਦੀ ਮੁੱਕ ਗਈ ਹੈ। ਬਠਿੰਡਾ ਦੇ ਸਾਬਕਾ ਡੀਐੱਸਪੀ ਰਣਜੀਤ ਸਿੰਘ ਵੱਲੋਂ ਦਿੱਲੀ ਮੋਰਚੇ 'ਚ ਡਟੇ ਕਿਸਾਨਾਂ ਨੂੰ ਫੋਨ ਕਰ ਕੇ ਚੜ੍ਹਦੀ ਕਲਾ ਵਿੱਚ ਰਹਿਣ ਦਾ ਸੁਨੇਹਾ ਦਿੱਤਾ ਜਾ ਰਿਹਾ ਹੈ। ਇਸੇ ਤਰ੍ਹਾਂ ਦਿੱਲੀ ਮੋਰਚੇ 'ਚ ਗਏ ਮਾਨਸਾ ਦੇ ਪਿੰਡ ਬੁਰਜ ਢਿੱਲਵਾਂ ਦੇ ਕਿਸਾਨ ਨਿਰਮਲ ਸਿੰਘ ਦੀ ਤਿੰਨ ਏਕੜ ਜ਼ਮੀਨ 'ਚ ਨਰਮੇ ਦੀਆਂ ਛਟੀਆਂ ਪਿੰਡ ਦੇ ਨੌਜਵਾਨ ਕਲੱਬ ਦੇ ਮੈਂਬਰਾਂ ਨੇ ਪੁੱਟ ਦਿੱਤੀਆਂ ਹਨ ਅਤੇ ਹੁਣ ਕਣਕ ਦੀ ਬਿਜਾਈ ਦੀ ਤਿਆਰੀ ਚੱਲ ਰਹੀ ਹੈ।
ਯੂ.ਪੀ ਚੋਂ ਰਾਸ਼ਨ ਆਉਣ ਲੱਗਾ
ਦਿੱਲੀ ਮੋਰਚੇ 'ਚ ਦੂਸਰੇ ਸੂਬਿਆਂ ਚੋਂ ਰਾਸ਼ਨ ਪੁੱਜਣ ਲੱਗਾ ਹੈ। ਹਰਿਆਣਾ ਦੇ ਦਸ ਕਿਸਾਨਾਂ ਨੇ ਅਲੱਗ ਅਲੱਗ ਥਾਵਾਂ 'ਤੇ ਲੰਗਰ ਚਲਾ ਦਿੱਤੇ ਹਨ। ਮਹਿਲਾ ਆਗੂ ਹਰਿੰਦਰ ਬਿੰਦੂ ਨੇ ਦੱਸਿਆ ਕਿ ਅੱਜ ਯੂ.ਪੀ ਚੋਂ ਰਾਸ਼ਨ, ਸੁੱਕੇ ਦੁੱਧ ਅਤੇ ਸ਼ਬਜੀ ਦਾ ਭਰਿਆ ਟਰੱਕ ਪੁੱਜਿਆ ਹੈ। ਇਵੇਂ ਬਰੈੱਡ ਅਤੇ ਗਾਜਰਾਂ ਵੀ ਦਿੱਲੀ ਦੇ ਲੋਕਾਂ ਨੇ ਭੇਜੀਆਂ ਹਨ। ਇੱਧਰ, ਪੰਜਾਬ ਦੇ ਪਿੰਡਾਂ ਵਿਚ ਵੀ ਰਾਸ਼ਨ ਇਕੱਠਾ ਹੋ ਰਿਹਾ ਹੈ। ਹਰਿਆਣਾ ਦੇ ਪਿੰਡਾਂ ਚੋਂ ਬੱਚੀਆਂ ਵੀ ਦਿੱਲੀ ਸਰਹੱਦ 'ਤੇ ਜਾ ਕੇ ਲੰਗਰ 'ਚ ਸੇਵਾ ਕਰ ਰਹੀਆਂ ਹਨ।
No comments:
Post a Comment