ਜੀਓ ਪੰਜਾਬੀਓ ਜੀਓ
ਅੰਬਾਨੀ ਦੀ ਚਾਂਦੀ ਪੰਜਾਬ ’ਚ ਹੋਣ ਲੱਗੀ ਮਿੱਟੀ ਚਰਨਜੀਤ ਭੁੱਲਰ
ਚੰਡੀਗੜ੍ਹ : ਪੰਜਾਬੀ ਲੋਕ ਆਪਣੇ ਘਰਾਂ ’ਚੋਂ ਅੰਬਾਨੀ ਦੇ ‘ਜੀਓ’ ਨੂੰ ਅਲਵਿਦਾ ਆਖਣ ਲੱਗੇ ਹਨ। ਕਿਸਾਨ ਧਿਰਾਂ ਦੀ ਅੰਬਾਨੀ ਦੇ ਜੀਓ ਮੋਬਾਈਲ ਦੇ ਬਾਈਕਾਟ ਦੀ ਅਪੀਲ ਨੂੰ ਪੰਜਾਬ ਨੇ ਸਿਰ ਮੱਥੇ ਕਬੂਲ ਕੀਤਾ ਹੈ। ਜੀਓ ਮੋਬਾਈਲ ਨੇ ਪੰਜਾਬੀ ਘਰਾਂ ’ਚ ਏਨੀ ਘੁਸਪੈਠ ਕਰ ਲਈ ਸੀ ਕਿ ਪੰਜਾਬ ਦੇ ਹਰ ਘਰ ’ਚ ਜੀਓ ਦੇ ਔਸਤਨ ਦੋ ਮੋਬਾਈਲ ਸਨ। ਤੱਥ ਉੱਭਰੇ ਹਨ ਕਿ ਪੰਜਾਬੀ ਹੁਣ ਜੀਓ ਦੇ ਸਿਮ ਚਲਾਉਣ ਤੋਂ ਪਾਸਾ ਵੱਟਣ ਲੱਗੇ ਹਨ। ਤਾਹੀਓਂ ਰਿਲਾਇੰਸ ਜੀਓ ਨੇ ਟੈਲੀਕਾਮ ਅਥਾਰਿਟੀ ਕੋਲ ਸ਼ਿਕਾਇਤ ਦਰਜ ਕਰਾਈ ਹੈ। ਟੈਲੀਕਾਮ ਰੈਗੂਲੇਟਰੀ ਅਥਾਰਿਟੀ ਆਫ ਇੰਡੀਆ ਦੇ 3 ਦਸੰਬਰ, 2020 ਦੇ ਵੇਰਵਿਆਂ ਅਨੁਸਾਰ ਪੰਜਾਬ ਵਿੱਚ ਸਤੰਬਰ ਮਹੀਨੇ ਕੁੱਲ 3.88 ਕਰੋੜ ਮੋਬਾਈਲ ਕੁਨੈਕਸ਼ਨ ਸਨ, ਭਾਵ ਪੰਜਾਬ ਦੇ ਹਰ ਘਰ ’ਚ ਔਸਤਨ 7 ਕੁਨੈਕਸ਼ਨ ਸਨ। ਇਨ੍ਹਾਂ ਕੁਨੈਕਸ਼ਨਾਂ ’ਚੋਂ 1.39 ਕਰੋੜ (35.99 ਫ਼ੀਸਦੀ) ਜੀਓ ਦੇ ਹਨ। ਦੇਖਿਆ ਜਾਵੇ ਤਾਂ ਪੰਜਾਬ ’ਚ ਜੰਮਦੇ ਬੱਚੇ ਦੇ ਹਿੱਸੇ ਵੀ ਇੱਕ ਮੋਬਾਈਲ ਕੁਨੈਕਸ਼ਨ ਆਉਂਦਾ ਹੈ। ਜੀਓ ਦੀ ਸ਼ੁਰੂਆਤੀ ਮੁਫ਼ਤ ਆਫਰ ਦੇ ਲਾਲਚ ’ਚ ਪੰਜਾਬੀ ਸਭ ਤੋਂ ਵੱਧ ਫਸੇ। ‘ਦਿੱਲੀ ਮੋਰਚੇ’ ਵਿੱਚ ਕਿਸਾਨ ਧਿਰਾਂ ਨੇ ਇਨ੍ਹਾਂ ਘਰਾਣਿਆਂ ਦੇ ਉਤਪਾਦਾਂ ਦੇ ਬਾਈਕਾਟ ਦਾ ਸੱਦਾ ਦਿੱਤਾ। ਟੈਲੀਕਾਮ ਅਥਾਰਿਟੀ ਦੇ ਤੱਥਾਂ ਅਨੁਸਾਰ ਰਿਲਾਇੰਸ ਜੀਓ ਦੇ ਚਾਲੂ ਕੁਨੈਕਸ਼ਨਾਂ ਦੀ ਦਰ ਵੀ ਘਟਣ ਲੱਗੀ ਹੈ। ਪੰਜਾਬ ’ਚ ਚਾਲੂ ਵਰ੍ਹੇ ਦੇ ਸਤੰਬਰ ਮਹੀਨੇ ’ਚ ਜੀਓ ਦੇ ਡੈੱਡ ਕੁਨੈਕਸ਼ਨਾਂ ਦੀ ਦਰ 33.44 ਫ਼ੀਸਦੀ ਹੋ ਗਈ ਹੈ, ਜੋ ਜਨਵਰੀ 2019 ਵਿੱਚ 20.16 ਫ਼ੀਸਦੀ ਸੀ। ਰਿਲਾਇੰਸ ਜੀਓ ਦੇ ਪੰਜਾਬ ਵਿਚਲੇ 1.39 ਕਰੋੜ ਕੁਨੈਕਸ਼ਨਾਂ ਵਿੱਚੋਂ ਸਿਰਫ਼ 66.56 ਫ਼ੀਸਦੀ ਕੁਨੈਕਸ਼ਨ ਹੀ ਵਰਤੋਂ ਵਿੱਚ ਹਨ ਜਦਕਿ ਦੇਸ਼ ਭਰ ਵਿੱਚ ਜੀਓ ਦੇ 78.76 ਫ਼ੀਸਦੀ ਕੁਨੈਕਸ਼ਨ ਐਕਟਿਵ ਹਨ। ਪੰਜਾਬ ਵਿੱਚ ਏਅਰਟੈੱਲ ਕੰਪਨੀ ਦੇ 97.78 ਫ਼ੀਸਦੀ, ਆਈਡੀਆ ਦੇ 88.93 ਫ਼ੀਸਦੀ ਅਤੇ ਬੀਐੱਸਐੱਨਐੱਲ ਦੇ 39.24 ਫ਼ੀਸਦੀ ਕੁਨੈਕਸ਼ਨ ਐਕਟਿਵ ਹਨ। ਬੀ.ਕੇ.ਯੂ (ਕ੍ਰਾਂਤੀਕਾਰੀ) ਦੇ ਸੂਬਾ ਪ੍ਰਧਾਨ ਸੁਰਜੀਤ ਸਿੰਘ ਫੂਲ ਆਖਦੇ ਹਨ ਕਿ ਕਿਸਾਨ ਧਿਰਾਂ ਦੀ ਅੰਬਾਨੀ ਅਡਾਨੀ ਦੇ ਬਾਈਕਾਟ ਦੀ ਅਪੀਲ ਨੂੰ ਸਭ ਤੋਂ ਵੱਧ ਬੂਰ ਪੰਜਾਬ ’ਚ ਪਿਆ ਹੈ। ਪੰਜਾਬ ਵਿੱਚ ਇਕੱਲੇ ਸਤੰਬਰ ਮਹੀਨੇ ਸਿਮ ਇੱਕ ਕੰਪਨੀ ਤੋਂ ਦੂਸਰੀ ਕੰਪਨੀ ਵਿੱਚ ਤਬਦੀਲ ਕਰਾਉਣ ਲਈ 10 ਹਜ਼ਾਰ ਦਰਖਾਸਤਾਂ ਕੰਪਨੀਆਂ ਕੋਲ ਪੁੱਜੀਆਂ ਹਨ, ਜਿਸ ’ਚ ਜੀਓ ਵੀ ਸ਼ਾਮਲ ਹੈ। ਬੁਢਲਾਡਾ ਦੇ ਮੋਬਾਈਲ ਕੁਨੈਕਸ਼ਨ ਕਾਰੋਬਾਰੀ ਸੁਖਚੈਨ ਸਿੰਘ ਨੇ ਦੱਸਿਆ ਕਿ ਜੀਓ ਸਿਮ ਤਬਦੀਲ ਕਰਾਉਣ ਵਾਲੇ ਖਪਤਕਾਰਾਂ ਦੀ ਗਿਣਤੀ ਵਧੀ ਹੈ। ਮਾਨਸਾ ਜ਼ਿਲ੍ਹੇ ਦੇ ਰਣਬੀਰ ਸਿੰਘ ਨੇ ਕਿਹਾ ਕਿ ਬਾਈਕਾਟ ਦਾ ਸੱਦਾ ਸਭਨਾਂ ਨੇ ਪ੍ਰਵਾਨ ਕੀਤਾ ਹੈ। ਰਿਲਾਇੰਸ ਜੀਓ ਨੇ ਟੈਲੀਕਾਮ ਅਥਾਰਿਟੀ ਨੂੰ ਲਿਖੀ ਸ਼ਿਕਾਇਤ ਵਿੱਚ ਆਖਿਆ ਹੈ ਕਿ ਭਾਰਤੀ ਏਅਰਟੈੱਲ ਅਤੇ ਵੋਡਾਫੋਨ ਵੱਲੋਂ ਖਪਤਕਾਰਾਂ ਵਿੱਚ ਗੁਮਰਾਹਕੁਨ ਪ੍ਰਚਾਰ ਕੀਤਾ ਜਾ ਰਿਹਾ ਹੈ ਜਦਕਿ ਇਨ੍ਹਾਂ ਕੰਪਨੀਆਂ ਨੇ ਰਿਲਾਇੰਸ ਜੀਓ ਦੇ ਦੋਸ਼ਾਂ ਨੂੰ ਰੱਦ ਕੀਤਾ ਹੈ। ਪੱਖ ਜਾਣਨ ਲਈ ਰਿਲਾਇੰਸ ਜੀਓ ਦੇ ਪੰਜਾਬ ਦੇ ਮੁੱਖ ਕਾਰਜਕਾਰੀ ਅਫ਼ਸਰ ਨਾਲ ਸੰਪਰਕ ਕੀਤਾ, ਜਿਨ੍ਹਾਂ ਫੋਨ ਨਹੀਂ ਚੁੱਕਿਆ। ਬੀ.ਕੇ.ਯੂ (ਪੰਜਾਬ) ਦੇ ਸੂਬਾ ਪ੍ਰਧਾਨ ਫੁਰਮਾਨ ਸਿੰਘ ਸੰਧੂ ਨੇ ਦੱਸਿਆ ਕਿ ਲੋਕਾਂ ਨੇ ਕਿਸਾਨ ਧਿਰਾਂ ਦੀ ਬਾਈਕਾਟ ਦੀ ਅਪੀਲ ਨੂੰ ਪ੍ਰਵਾਨ ਕਰਦਿਆਂ ਵੱਡੀ ਪੱਧਰ ’ਤੇ ਜੀਓ ਦੇ ਕੁਨੈਕਸ਼ਨ ਛੱਡਣੇ ਸ਼ੁਰੂ ਕਰ ਦਿੱਤੇ ਹਨ। ਉਨ੍ਹਾਂ ਦੱਸਿਆ ਕਿ 32 ਕਿਸਾਨ ਧਿਰਾਂ ਦੀ ਮੀਟਿੰਗ ਵਿੱਚ ਸਭਨਾਂ ਸੂਬਿਆਂ ਤੋਂ ਫੀਡਬੈਕ ਮਿਲਿਆ ਹੈ ਕਿ ਅੰਬਾਨੀ ਅਡਾਨੀ ਦੇ ਉਤਪਾਦਾਂ ਤੋਂ ਲੋਕ ਪਾਸਾ ਵੱਟਣ ਲੱਗੇ ਹਨ। ਉਨ੍ਹਾਂ ਦੱਸਿਆ ਕਿ ਪੰਜਾਬ ਤੇ ਹਰਿਆਣਾ ਵਿੱਚੋਂ ਵੱਡਾ ਹੁੰਗਾਰਾ ਮਿਲ ਰਿਹਾ ਹੈ। ਦੇਸ਼ ਭਰ ’ਚ ਰਿਲਾਇੰਸ ਜੀਓ ਨੇ ਚੰਗੀ ਕਮਾਈ ਕੀਤੀ ਹੈ ਅਤੇ ਇਸ ਵੇਲੇ ਮੋਬਾਈਲ ਕੁਨੈਕਸ਼ਨ ਕਾਰੋਬਾਰ ’ਚ ਦੇਸ਼ ਭਰ ਵਿੱਚ ਸਭ ਤੋਂ ਵੱਧ ਮਾਰਕੀਟ ਸ਼ੇਅਰ 35.19 ਫ਼ੀਸਦੀ ਰਿਲਾਇੰਸ ਜੀਓ ਦਾ ਹੈ, ਜੋ ਨਵੰਬਰ 2016 ਵਿੱਚ ਸਿਰਫ਼ 4.72 ਫ਼ੀਸਦੀ ਸੀ। ਇਸੇ ਤਰ੍ਹਾਂ ਮੁਲਕ ’ਚ ਵੋਡਾਫੋਨ ਦਾ 25.73 ਫ਼ੀਸਦੀ, ਏਅਰਟੈੱਲ ਦਾ 28.44 ਫ਼ੀਸਦੀ ਅਤੇ ਬੀਐੱਸਐੱਨਐੱਲ ਦਾ 10.36 ਫ਼ੀਸਦੀ ਮਾਰਕੀਟ ਸ਼ੇਅਰ ਹੈ। ਭਾਵੇਂ ਪੰਜਾਬ ’ਚ ਹੁਣ ਤਕ ਰਿਲਾਇੰਸ ਜੀਓ ਦੀ ਚਾਂਦੀ ਰਹੀ ਹੈ ਪਰ ਹੁਣ ਬਾਈਕਾਟ ਦਾ ਸੱਦਾ ਜੀਓ ਨੂੰ ਮਹਿੰਗਾ ਪਵੇਗਾ।
No comments:
Post a Comment