ਜ਼ਿੰਦਗੀ ਦੇ ਯੋਧੇ
ਉਨ੍ਹਾਂ ਕਦੇ ਨਾ ਮੰਨੀ ਈਨ..!
ਚਰਨਜੀਤ ਭੁੱਲਰ
ਚੰਡੀਗੜ੍ਹ : ਮਾਨਸਾ ਜ਼ਿਲ੍ਹੇ ਦੇ ਪਿੰਡ ਦੋਦੜਾ ਦੀ ਪੜਦਾਦੀ ਹਮੀਰ ਕੌਰ ਨੇ ਬਿਮਾਰੀ ਅੱਗੇ ਈਨ ਨਹੀਂ ਮੰਨੀ। ਦਿੱਲੀ ਮੋਰਚੇ 'ਚ ਜ਼ਿੱਦ ਕਰੀ ਬੈਠੀ ਹੈ ਕਿ ਉਹ ਵਾਪਸ ਨਹੀਂ ਜਾਵੇਗੀ। 84 ਸਾਲ ਦੀ ਇਹ ਬੇਬੇ ਦੋ ਵਾਰ ਬਿਮਾਰ ਹੋ ਚੁੱਕੀ ਹੈ ਅਤੇ ਉਸ ਨੂੰ ਰੋਹਤਕ ਹਸਪਤਾਲ ਭਰਤੀ ਕਰਾਉਣਾ ਪਿਆ। ਜਦੋਂ ਹਸਪਤਾਲੋਂ ਛੁੱਟੀ ਮਿਲਦੀ ਹੈ, ਪਿੰਡ ਦੀ ਬਜਾਏ ਮੁੜ ਦਿੱਲੀ ਮੋਰਚੇ 'ਚ ਪਹੁੰਚ ਜਾਂਦੀ ਹੈ। ਕਿਸਾਨ ਆਗੂ ਬੇਬੇ ਨੂੰ ਪਿੰਡ ਮੁੜਨ ਲਈ ਮਨਾਉਂਦੇ ਹਨ ਪਰ ਉਹ ਆਖਦੀ ਹੈ ਕਿ ਔਖੇ ਸਮੇਂ ਪਿੜ ਨਹੀਂ ਛੱਡੀਦਾ।ਬਿਰਧ ਹਮੀਰ ਕੌਰ ਦਾ 80 ਸਾਲ ਦਾ ਭਰਾ ਸੰਗਰੂਰ ਜ਼ਿਲ੍ਹੇ ਦੇ ਪਿੰਡ ਢਡੋਲੀ ਤੋਂ ਦਿੱਲੀ ਮੋਰਚੇ 'ਚ ਆਇਆ ਹੈ। ਜਦੋਂ ਵਿਹਲ ਮਿਲਦੀ ਹੈ ਤਾਂ ਇਹ ਬਿਰਧ ਭੈਣ ਭਰਾ ਮਿਲ ਬੈਠਦੇ ਹਨ। ਸੰਗਰੂਰ ਦੇ ਪਿੰਡ ਆਲੋਰਖ ਦੀ ਮਹਿੰਦਰ ਕੌਰ ਕਿਹੜਾ ਘੱਟ ਹੈ। ਉਹ 70 ਵਰ੍ਹਿਆਂ ਦੀ ਹੈ ਅਤੇ ਦਿੱਲੀ ਮੋਰਚੇ ਦੌਰਾਨ ਉਸ ਦੀ ਲੱਤ ਟੁੱਟ ਗਈ। ਹਸਪਤਾਲ ਭਰਤੀ ਕਰਾਇਆ। ਜਦੋਂ ਲੱਤ 'ਤੇ ਪਲਸਤਰ ਕਰਨ ਮਗਰੋਂ ਛੁੱਟੀ ਮਿਲੀ ਤਾਂ ਉਹ ਮੁੜ ਦਿੱਲੀ ਮੋਰਚੇ 'ਚ ਪੁੱਜ ਗਈ। ਉਹ ਆਖਦੀ ਹੈ ਕਿ ਲੱਤ ਟੁੱਟੀ ਹੈ, ਹੌਸਲਾ ਨਹੀਂ।ਦਿੱਲੀ ਮੋਰਚੇ 'ਚ ਹੁਣ ਤੱਕ ਅੱਧੀ ਦਰਜਨ ਜਾਨਾਂ ਚਲੀਆਂ ਗਈਆਂ ਹਨ ਜਿਨ੍ਹਾਂ 'ਚੋਂ ਮਾਨਸਾ ਦੇ ਕਿਸਾਨ ਧੰਨਾ ਸਿੰਘ ਦਾ ਅੱਜ ਭੋਗ ਸਮਾਗਮ ਸੀ। ਪਿੰਡ ਬੱਛੋਆਣਾ ਦੇ ਜੰਟਾ ਸਿੰਘ ਨੂੰ ਦਿੱਲੀ ਮੋਰਚੇ ਦੌਰਾਨ ਇਨਫੈਕਸ਼ਨ ਹੋ ਗਈ। ਰੋਹਤਕ ਹਸਪਤਾਲ ਭਰਤੀ ਕਰਾਇਆ ਗਿਆ। ਛੁੱਟੀ ਮਿਲਣ ਮਗਰੋਂ ਜਦੋਂ ਉਸ ਨੂੰ ਪਿੰਡ ਜਾਣ ਲਈ ਆਖਿਆ ਤਾਂ ਉਹ ਐਂਬੂਲੈਂਸ ਵਿੱਚ ਮੁੜ ਦਿੱਲੀ ਵੱਲ ਆਉਣ ਲੱਗਾ। ਰਸਤੇ ਵਿੱਚ ਹੀ ਉਸ ਦੀ ਮੌਤ ਹੋ ਗਈ। ਉਸ ਦੀ ਮ੍ਰਿਤਕ ਦੇਹ ਚਾਰ ਦਿਨਾਂ ਤੋਂ ਬਹਾਦਰਗੜ੍ਹ ਦੇ ਸਰਕਾਰੀ ਹਸਪਤਾਲ ਵਿੱਚ ਪਈ ਹੈ। ਪਿੰਡ ਭੈਣੀ ਜੱਸਾ ਦਾ ਭੋਲਾ ਸਿੰਘ ਇਸ ਵੇਲੇ ਜ਼ਖ਼ਮੀ ਹੈ। ਉਸ ਦੇ ਪੈਰ ਉਪਰੋਂ ਗੱਡੀ ਲੰਘ ਗਈ ਸੀ। ਭੋਲਾ ਸਿੰਘ ਦਿੱਲੀ ਮੋਰਚੇ ਵਿੱਚ ਮੁੜ ਡਟ ਗਿਆ ਹੈ। ਬਠਿੰਡਾ ਦੇ ਪਿੰਡ ਗਿੱਦੜ ਦੀ ਯੂਨੀਵਰਸਿਟੀ ਪੜ੍ਹਦੀ ਲੜਕੀ ਦਿੱਲੀ ਆ ਰਹੀ ਸੀ, ਰਸਤੇ ਵਿੱਚ ਸੜਕ ਹਾਦਸੇ ਦਾ ਸ਼ਿਕਾਰ ਹੋ ਗਈ। ਹੁਣ ਰੋਹਤਕ ਹਸਪਤਾਲ ਵਿਚ ਜ਼ੇਰੇ ਇਲਾਜ ਹੈ। ਦਿੱਲੀ ਮੋਰਚੇ ਵਿੱਚ ਸੈਂਕੜੇ ਅੰਗਹੀਣ ਵੀ ਡਟੇ ਹੋਏ ਹਨ ਜਿਨ੍ਹਾਂ ਨੂੰ ਆਪਣਾ ਦੁੱਖ ਛੋਟਾ ਲੱਗਦਾ ਹੈ, ਖੇਤੀ ਕਾਨੂੰਨਾਂ ਦਾ ਮਸਲਾ ਵੱਡਾ।
ਦਿੱਲੀ ਸਰਹੱਦ 'ਤੇ ਦੋ ਉਹ ਬਜ਼ੁਰਗ ਵੀ ਬੈਠੇ ਹਨ ਜਿਨ੍ਹਾਂ ਦੇ ਹਰਿਆਣਾ ਪੁਲੀਸ ਦੇ ਅੱਥਰੂ ਗੈਸ ਦੇ ਗੋਲੇ ਲੱਗੇ ਹੋਏ ਹਨ। ਇੱਕ ਬਜ਼ੁਰਗ ਤਾਂ ਅੱਖ 'ਤੇ ਪੱਟੀ ਬੰਨ੍ਹ ਕੇ ਬੈਠਾ ਹੈ। ਮਹਿਲਾ ਕਿਸਾਨ ਆਗੂ ਹਰਿੰਦਰ ਕੌਰ ਬਿੰਦੂ ਆਖਦੀ ਹੈ ਕਿ ਸੈਂਕੜੇ ਔਰਤਾਂ ਹਨ ਜੋ ਬਿਮਾਰ ਹੋਣ ਦੇ ਬਾਵਜੂਦ ਦਿੱਲੀ ਮੋਰਚੇ 'ਚ ਬੈਠੀਆਂ ਹਨ। ਉਨ੍ਹਾਂ ਕਿਹਾ ਕਿ ਜੋਸ਼ ਤੇ ਜਾਨੂੰਨ ਅੱਗੇ ਕੋਈ ਵੀ ਬਿਮਾਰੀ ਟਿਕ ਨਹੀਂ ਰਹੀ। ਪਿੰਡ ਗੰਢੂਆਂ ਦਾ ਕੁੰਦਨ ਸਿੰਘ ਦਿੱਲੀ ਸਰਹੱਦ 'ਤੇ ਬੈਠਾ ਹੈ। ਉਸ ਦੀਆਂ ਦੋਹੇਂ ਬਾਹਾਂ ਕੱਟੀਆਂ ਹੋਈਆਂ ਹਨ ਅਤੇ ਇਸੇ ਤਰ੍ਹਾਂ ਪਿੰਡ ਹਸਨ ਦਾ ਨਿਰਮਲ ਸਿੰਘ ਦੋਵੇਂ ਬਾਹਾਂ ਤੋਂ ਵਿਹੂਣਾ ਹੈ ਪਰ ਇਹ ਦੋਵੇਂ ਮੋਰਚੇ ਵਿਚ ਡਿਊਟੀ ਵੀ ਨਿਭਾ ਰਹੇ ਹਨ। ਪਿੰਡ ਛਾਜਲੀ ਦਾ ਦਰਬਾਰਾ ਸਿੰਘ ਕਾਲੇ ਪੀਲੀਏ ਦਾ ਮਰੀਜ਼ ਹੈ ਅਤੇ ਉਹ ਬਿਨਾਂ ਬਿਮਾਰੀ ਦੀ ਪ੍ਰਵਾਹ ਕੀਤੇ ਦਿੱਲੀ ਮੋਰਚੇ ਵਿਚ ਅੱਗੇ ਵਧ ਕੇ ਲੜ ਰਿਹਾ ਹੈ। ਉਹ ਆਖਦਾ ਹੈ ਕਿ ਜੇ ਖੇਤ ਹੀ ਮਾਰ ਦਿੱਤੇ ਤਾਂ ਕਾਲੇ ਪੀਲੀਏ ਦਾ ਇਲਾਜ ਵੀ ਕਿਥੋਂ ਕਰਾਊਂਗਾ।
ਕੇਂਦਰੀ ਖੇਤੀ ਮੰਤਰੀ ਨਰੇਂਦਰ ਤੋਮਰ ਨੇ ਕਿਸਾਨ ਧਿਰਾਂ ਨੂੰ ਅਪੀਲ ਕੀਤੀ ਸੀ ਕਿ ਦਿੱਲੀ ਮੋਰਚੇ 'ਚੋਂ ਬਜ਼ੁਰਗਾਂ ਨੂੰ ਵਾਪਸ ਭੇਜ ਦਿੱਤਾ ਜਾਵੇ। ਇਨ੍ਹਾਂ ਬਜ਼ੁਰਗਾਂ ਦਾ ਪ੍ਰਤੀਕਰਮ ਹੈ ਕਿ ਤੋਮਰ ਮੱਤਾਂ ਦੇਣ ਵਾਲਾ ਕੌਣ ਹੁੰਦਾ ਹੈ। 4ਬੀਕੇਯੂ (ਡਕੌਂਦਾ) ਦੇ ਪ੍ਰਧਾਨ ਬੂਟਾ ਸਿੰਘ ਬੁਰਜ ਗਿੱਲ ਦਾ ਕਹਿਣਾ ਸੀ ਕਿ ਮਰੀਜ਼ਾਂ ਲਈ ਟਿਕਰੀ ਬਾਰਡਰ 'ਤੇ ਇੱਕ ਕਮੇਟੀ ਬਣਾਈ ਗਈ ਹੈ ਜਿਸ ਵਿਚ ਡਾਕਟਰ ਅਤੇ ਜਥੇਬੰਦੀ ਦੇ ਨੁਮਾਇੰਦੇ ਸ਼ਾਮਲ ਹਨ। ਐਮਰਜੈਂਸੀ ਲੋੜ ਪੈਣ 'ਤੇ ਇਹ ਟੀਮ ਫੌਰੀ ਮਰੀਜ਼ ਨੂੰ ਹਸਪਤਾਲ ਲੈ ਕੇ ਜਾਂਦੀ ਹੈ। ਉਨ੍ਹਾਂ ਕਿਹਾ ਕਿ ਵੱਡੀ ਗੱਲ ਇਹ ਹੈ ਕਿ ਠੰਢ ਦੇ ਬਾਵਜੂਦ ਬਜ਼ੁਰਗ ਚੜ੍ਹਦੀ ਕਲਾ ਵਿਚ ਹਨ।
ਜਦੋਂ " ਉੜਤਾ ਪੰਜਾਬ" ਪੱਗੜੀ ਸੰਭਾਲ ਕੇ ਉੱਠਦਾ ਹੈ ਤਾਂ ਹਰ ਵਾਰ ਇਕ ਇਤਿਹਾਸਕ ਅੰਦੋਲਨ ਨੂੰ ਜਨਮ ਦਿੰਦਾ ਹੈ ਜੀ! ਇਸ ਸਾਰੇ ਅੰਦੋਲਨ ਵਿੱਚ ਮੀਡੀਆ ਦੀ ਪ੍ਰਮੁੱਖ ਭੂਮਿਕਾ ਹੈ ਜੀ!ਇਸ ਮੋਰਚੇ ਦੀ ਸਫਲਤਾ ਵਿੱਚ ਸਾਫ ਸੁਥਰੀ ਸਚੀ ਪੱਤਰਕਾਰੀ ਵੀ ਇੱਕ ਮੋਹਰੀ ਧਿਰ ਬਣ ਕੇ ਉੱਭਰੀ ਹੈ!ਇਹ ਸਮੇਂ ਦੀ ਜਰੂਰਤ ਵੀ ਸੀ!ਭਲਾ ਹੋਵੇ ਮੋਦੀ ਦਾ ਜਿਸ ਨੇ ਸਾਡੀ ਕੌਂਮ ਨੂੰ ਇੱਕ ਕਰ ਦਿੱਤਾ ਤੇ ਆਪਣੀ ਸ਼ਕਤੀ ਤੋਂ ਵੀ ਜਾਣੂੰ ਕਰਵਾ ਦਿੱਤਾ!salute ਇਹ ਜੀ ਤੁਹਾਡੀ ਪੱਤਰਕਾਰੀ ਨੂੰ!ਇਸੇ ਤਰ੍ਹਾਂ ਸੱਚ ਲਿਖਦੇ ਰਹੋ!ਵਾਹਿਗੁਰੂ ਜੀ ਤੁਹਾਡੀ ਕਲਮ ਨੂੰ ਹੋਰ ਸਮਰੱਥਾ ਬਖਸ਼ਣ🙏
ReplyDelete