Monday, December 28, 2020

                                                             ਵਿਚਲੀ ਗੱਲ 
                                            ਪੰਜਾਬ ਐਂਡ ਸੰਨਜ਼
                                                            ਚਰਨਜੀਤ ਭੁੱਲਰ                

ਚੰਡੀਗੜ੍ਹ : ਟਿਕਰੀ ਸੀਮਾ ’ਤੇ, ਕੋਈ ਸੀਮਾ ਨਹੀਂ। ਅਕਲਾਂ ਵਾਲੇ, ਫ਼ਸਲਾਂ ਵਾਲੇ, ਜਿੱਧਰ ਵੇਖੋ, ਪੈਲ਼ੀਆਂ ਦੇ ਪੁੱਤ ਬੈਠੇ ਨੇ। ਟਰਾਲੀ ਖੇਤ ਵਾਲੀ ਪਹੀ ’ਚ ਖੜ੍ਹਦੀ, ਗੱਲ ਦਿੱਲੀ ’ਚ ਪਹੇ ਦੀ ਨਾ ਹੁੰਦੀ। ਉਪਰੋਂ ਨੀਲੀ ਛੱਤਰੀ ਵਾਲਾ, ਨਾਲ ਬਾਜ਼ਾਂ ਵਾਲਾ, ਸਾਹਮਣੇ ਤਾਜਾਂ ਵਾਲਾ। ਬਿਨਾਂ ਗੱਲੋਂ ਟਰਾਲੀ ਜੂਹ ’ਤੇ ਨਹੀਂ ਆਈ। ਨਵੀਂ ਚਾਹੇ ਪੁਰਾਣੀ, ਹੁਣ ਹਰ ਟਰਾਲੀ ਦਾ ਇੱਕੋ ਸਿਰਨਾਵਾਂ ਹੈ। ਨਿੱਤ ਅੰਮ੍ਰਿਤ ਵੇਲੇ, ਮਾਹੌਲ ਇਲਾਹੀ ਬਣਦੈ। ਜੱਟ ਦੀਆਂ ਹੁਣ ਸੌ ਨਹੀਂ, ਲੱਖਾਂ ਮਾਵਾਂ ਨੇ। ਅਰਦਾਸ ਸਭਨਾਂ ਦੀ ਇੱਕੋ, ‘ਅੰਨਦਾਤੇ ਨੂੰ ਤਾਕਤ, ਤਖ਼ਤਾਂ ਵਾਲੇ ਨੂੰ ਸੁਮੱਤ ਬਖਸ਼ੀਂ। ਤੁਸੀਂ ਪੁੱਛ ਰਹੇ ਹੋ, ਏਹ ਅਰਦਾਸਾਂ ਵਾਲੇ ਕੌਣ ਨੇ? ‘ਪੰਜਾਬ ਦੇ ਜੁਆਨ, ਸ਼ੇਰ ਦੀ ਸੰਤਾਨ’। ਕੋਈ ਸੁਖਚੈਨਪੁਰੀ ਦੇ ਬਾਸ਼ਿੰਦੇ ਨਹੀਂ। ਓਹਦੇ ਕਾਨੂੰਨਾਂ ਨੇ, ਇਹਦੇ ਖੇਤਾਂ ਨੂੰ ਹੁਬਕੋ ਹੁਬਕੀ ਕੀਤੈ। ਅੌਹ ਬਾਪੂ ਦਾ ਧੰਨ ਜਿਗਰਾ, ਕਦੇ ਸਕੀਰੀ ’ਚ ਰਾਤ ਨਹੀਂ ਕੱਟੀ ਸੀ, ਹੁਣ ਮਹੀਨੇ ਤੋਂ ਟਰਾਲੀ ’ਚ ਬੈਠਾ। ਮਨੋ ਮਨ ਕਚੀਚੀ ਵੀ ਵੱਟਦੈ, ‘ਐਂ ਕਿਵੇਂ ਚੜ੍ਹਨਗੇ ਵੱਟ ’ਤੇ, ਅੰਬਾਨੀ ਦੀ ਮਾਂ ਸਾਰੇ ਐ’। ਮਿੱਟੀ ਦੇ ਸਕੇ ਪੁੱਤ, ਦਿੱਲੀ ਦੀ ਮਤਰੇਈ ਵੱਟ ’ਤੇ ਬੈਠੇ ਨੇ। ਹੁਣ ਭਾਜਪਾਈ ਵੱਟੋ ਵੱਟ ਪਏ ਨੇ। ਕੇਂਦਰ ਨੇ ਕਾਨੂੰਨ ਬਣਾਏ, ਉਪਰੋਂ ਲਲਕਾਰਾ ਮਾਰਿਆ... ਹੈ ਕੋਈ ਮਾਈ ਦਾ ਲਾਲ। 
             ਸਿੰਘੂ/ਟਿਕਰੀ ’ਤੇ ਹੁਣ ਮਾਈ ਦੇ ਲਾਲ ਬੈਠੇ ਨੇ। ਇਨ੍ਹਾਂ ਦੀ ਵੱਢੀ ਰੂਹ ਨਹੀਂ ਕਰਦੀ ਪੰਜਾਬ ਮੁੜਨ ਨੂੰ। ਹੁਣ ਘਰ ਵੀ ਚੰਗੇ ਨਹੀਂ ਲੱਗਦੇ। ਕਿਤੇ ਦਸੌਂਧਾ ਸਿਓਂ ਦਾ ਵੱਸ ਚੱਲੇ, ਦਿੱਲੀ ਦੀ ਜੂਹ ’ਤੇ, ਵੱਡਾ ਸਾਰਾ ਫਲੈਕਸ ਲਾਵੇ, ਮੋਟੇ ਅੱਖਰਾਂ ’ਚ ਲਿਖ ਕੇ, ‘ਪੰਜਾਬ ਐਂਡ ਸੰਨਜ਼’। ਸਿੰਘੂ ਦੀ ਸਰਹੱਦ, ਦਿਨੇ ਲਾਲ ਸੁਰਖ਼ ਹੁੰਦੀ ਹੈ। ਹਵਾ ਨਾਲ ਗੱਲਾਂ ਕਰਦੇ ਨੇ, ਮੁੱਕੇ ਤਣੇ ਹੋਏ ਨੇ, ਕੋਲ ਜ਼ਾਬਤੇ ਦੀ ਐੱਮਬੀਡੀ ਐ। ਹਾਲੇ ਵੀ ਪੁੱਛਦੇ ਪਏ ਹੋ, ਏਹ ਝੁਰੜੀਆਂ ਵਾਲੇ ਕੌਣ ਨੇ? ਰਵੀ ਸ਼ੰਕਰ ਪ੍ਰਸਾਦ ਆਖਦੇ ਨੇ,‘ਏਹ ਟੁਕੜੇ-ਟੁਕੜੇ ਗੈਂਗ ਵਾਲੇ ਨੇ।’ ਗੁਰੂ ਘਰ ਦਾ ਪ੍ਰਸ਼ਾਦ ਛਕਿਆ ਹੁੰਦਾ ਤਾਂ ਕੇਂਦਰੀ ਮੰਤਰੀ ਰਵੀ ਸ਼ੰਕਰ ਦੇ ਖ਼ਾਨੇ ਜ਼ਰੂਰ ਪੈਂਦੀ, ‘ਬਈ ਇਹ ਤਾਂ ਬੰਦ-ਬੰਦ ਕਟਾਉਣ ਵਾਲਿਆਂ ਦੇ ਵਾਰਸ ਨੇ, ਬੇਸ਼ੱਕ ਕੁਰਸੀਨਾਮਾ ਵੇਖ ਲਓ।’ ਪੋਹ, ਪਾਲੇ ਦਾ ਰੋਹ, ਕਿਵੇਂ ਝੱਲਦੇ ਨੇ। ਰਵੀ ਬਾਬੂ! ਕਦੇ ਟਰਾਲੀ ’ਚ ਬੈਠਣਾ, ਬਾਬਿਆਂ ਤੋਂ ਸੁਣਨਾ, ਠੰਢੇ ਬੁਰਜ ਦੀ ਗਾਥਾ। ਮਰਚੀ ਨਿਆਲ ਦਾ ਵੱਖਰਾ ਤਜਰਬੈ, ‘ਆਪਣੇ ਮਨ ਅੰਦਰ ਚੱਲਦੇ ਯੁੱਧਾਂ ਨੂੰ ਖ਼ਤਮ ਕਰਕੇ ਹੀ ਤੁਸੀਂ ਸੰਸਾਰ ਭਰ ’ਚ ਚੱਲਦੇ ਯੁੱਧਾਂ ਨੂੰ ਖ਼ਤਮ ਕਰ ਸਕਦੇ ਹੋ’। ਕੌਣ ਪ੍ਰਧਾਨ ਸੇਵਕ ਨੂੰ ਆਖੇ, ਭਾਈ! ਮਨ ਸਾਫ ਕਰ, ਮੂੰਹ ਕੁੰਡਲੀ ਵੱਲ ਕਰ। ਕੁੰਡਲੀ ਸਰਹੱਦ ’ਤੇ ਮੁਖਤਿਆਰ ਸਿਓਂ ਡੰਡ ਬੈਠਕਾਂ ਮਾਰ ਰਿਹੈ। ਬਾਬਾ 85 ਵਰ੍ਹਿਆਂ ਦਾ ਹੈ, ਕਿਤੋਂ ਤਾਂ ਜੋਸ਼ ਮਿਲਦੈ। ਮੋਢਿਆਂ ’ਤੇ ਪੋਤੇ ਨੂੰ ਚੜ੍ਹਾ ਕੇ, ਮੁੱਖ ਦਿੱਲੀ ਵੱਲ ਕਰਕੇ, ਬਾਬਾ ਬੋਲਿਆ...‘ਦਿਖਦੈ ਪੁੱਤ ਕਿਤੇ, ਭੌਂਕਿਆਂ ਦਾ ਲਾਣਾ।’ 
             ਬਾਬਾ ਆਪਣੇ ਅਤੀਤ ’ਚ ਗੁਆਚ ਗਿਆ। ਜ਼ਰੂਰ ਬਚਪਨ ਚੇਤੇ ਆਇਆ ਹੋਣੈ, ਉਹ ਵੀ ਕਦੇ ਵੱਟ ’ਤੇ ਖੜ੍ਹੇ ਬਾਪੂ ਦੇ ਮੋਢੇ ਚੜ੍ਹਿਆ ਸੀ। ਵਰ੍ਹਿਆਂ ਪਿੱਛੋਂ ਅੱਜ ਬਾਪੂ ਦੇ ਬੋਲ ਕੰਨੀਂ ਗੂੰਜੇ...‘ਸ਼ੇਰ ਬੱਗਿਆ, ਅੌਹ ਦੇਖ ਟਾਹਲੀ, ਨਾਲੇ ਏਹ ਸਾਰੇ ਖੇਤ ਆਪਣੇ ਨੇ, ਵੱਡਾ ਹੋ ਕੇ ਤੂੰ ਹੀ ਰਾਖਾ ਬਣਨੈ।’ ਕੁੰਡਲੀ ਸਟੇਜ ਤੋਂ ਨਾਅਰੇ ਵੱਜੇ, ਬਾਬੇ ਦੀ ਸੋਚਾਂ ਦੀ ਲੜੀ ਟੁੱਟ ਗਈ। ਤੁਸੀਂ ਪੁੱਛਦੇ ਪਏ ਹੋ, ਏਹ ਸੋਚਾਂ ਵਾਲੇ ਕੌਣ ਨੇ? ਮਨੋਹਰ ਖੱਟਰ ਇੰਜ ਦੱਸਦੈ, ‘ਅੰਦੋਲਨ ’ਚ ਤਾਂ ਚੰਦ ਲੋਕ ਨੇ।’ ਹਰਿਆਣਾ ਦੇ ਮੰਤਰੀ ਜੇਪੀ ਦਲਾਲ ਨੇ ਸ਼ਗੂਫਾ ਛੱਡਿਐ, ‘ਕਿਸਾਨ ਮੋਰਚੇ ਪਿੱਛੇ ਚੀਨ/ਪਾਕਿ ਦਾ ਹੱਥ ਐ।’ ਉੱਡਦਾ ਪੰਛੀ ਦੱਸ ਰਿਹੈ, ‘ਹੱਥਾਂ ਨੂੰ ਛੱਡੋ, ਇਨ੍ਹਾਂ ਨੇ ਤਾਂ ਦੁੱਲੇ ਭੱਟੀ ਦਾ ਜੂਠਾ ਖਾਧੈ।’ ਨਿਰੇ ਮਿੱਟੀ ਦੇ ਬਾਵੇ ਨਹੀਂ। ਮਘਦੇ ਅੰਗਿਆਰ ਨੇ। ਵਸੀਅਤਾਂ ’ਚ ਘੋਲ ਖੇਡ ਮਿਲਦੇ ਨੇ। ਬੰਸਰੀ ਵਾਦਕ ਨਾ ਸਮਝ ਲੈਣਾ, ਵਾਜੇ ਵਜਾਉਣਾ ਵੀ ਜਾਣਦੇ ਨੇ। ਢਿੱਡ ਨੂੰ ਗੰਢਾਂ ਵੀ ਦਿੰਦੇ ਨੇ, ਨਾਲੇ ਧਨੇਸੜੀ ਵੀ। ‘ਦਿੱਲੀ ਮੋਰਚਾ’ ਇੱਕ ਮਹੀਨੇ ਦਾ ਹੋਇਐ। ਪਿੰਡ ਜਗਰ ਤੋਂ ਬਜ਼ੁਰਗ ਜੋਗਿੰਦਰ ਸਿੰਘ ਪੈਦਲ ਚੱਲਿਆ। ਉਮਰ ਸੱਠ ਸਾਲ, ਪੈਰਾਂ ਨਾਲ ਮਿਣੇ 330 ਕਿਲੋਮੀਟਰ। ਇਵੇਂ ਬੁਰਜ ਦੁੱਨਾ (ਮੋਗਾ) ਦਾ ਅਪਾਹਜ ਨਿਰਮਲ ਸਿੰਘ। ਟਰਾਈ ਸਾਈਕਲ ’ਤੇ ’ਕੱਲਾ ਦਿੱਲੀ ਪੁੱਜਿਐ। ਤਿੰਨ ਕਨਾਲ ਜ਼ਮੀਨ ਵਾਲਾ ਆਖਦੈ, ‘ਲੜਾਂਗੇ ਤੇ ਜਿਤਾਂਗੇ।’ ਬਰਕਤ ਪੁਰਖਿਆਂ ਤੋਂ ਮਿਲੀ। ਤੁਸੀਂ ਤਫ਼ਸੀਲ ’ਚ ਪੁੱਛ ਰਹੇ ਹੋ, ਏਹ ਟਰਾਈ ਸਾਈਕਲਾਂ ਵਾਲੇ ਕੌਣ ਨੇ? ਕੇਂਦਰੀ ਮੰਤਰੀ ਗਿਰੀਰਾਜ ਆਖਦੇ ਨੇ, ‘ਵਿਦੇਸ਼ੀ ਤਾਕਤਾਂ ਦਾ ਹੱਥ ਐ ਅੰਦੋਲਨ ਪਿੱਛੇ।’ ਕੇਂਦਰੀ ਮੰਤਰੀ ਪਿਊਸ਼ ਗੋਇਲ, ‘ਮਾਓਵਾਦੀ ਲੋਕਾਂ ਦਾ ਹੱਥ ਹੈ।’ ਕੇਂਦਰੀ ਮੰਤਰੀ ਰਾਵ ਸਾਹਿਬ ਦਾਨਵੇ, ਸਭ ਦੇ ਬਾਪ ਨਿਕਲੇ, ‘ਅੰਦੋਲਨ ਪਿੱਛੇ ਚੀਨ ਦਾ ਹੱਥ ਹੈ।’ 
             ਵਜ਼ੀਰ-ਏ-ਆਜ਼ਮ, ਹੱਥ ਵੇਖਣੇ ਨੇ ਤਾਂ ਅੌਹ ਮਾਂ ਦੇ ਦੇਖੋ। ਖੁੱਲ੍ਹੀ ਜਰਨੈਲੀ ਸੜਕ ’ਤੇ ਬੈਠ, ਪਹਿਲਾਂ ਚੁੱਲ੍ਹਾ ਲਿੱਪਿਆ, ਫੇਰ ਫਲਾਈਓਵਰ ਦੀ ਕੰਧ। ਕਿਸਾਨ ਪੁੱਤ ਨੀਝ ਨਾਲ ਮਾਂ ਨੂੰ ਵੇਖਦਾ ਰਿਹਾ। ਚੇਤਿਆਂ ’ਚ ਬਚਪਨ ਘੁੰਮਿਆ। ਜਦੋਂ ਮਾਂ ਕੰਧੋਲ਼ੀ ’ਤੇ ਮੋਰ ਵਾਹੁੰਦੀ। ਉਹ ਰੋਣ ਲੱਗਦਾ, ਮਾਂ ਨੇ ਰੋਟੀ ਦੀ ਬੁਰਕੀ ਫੜਾ ਦੇਣੀ। ਕਾਂ ਖੋਹ ਕੇ ਲੈ ਜਾਂਦੇ। ਮਾਂ ਪਿੱਠ ਭੁਆਂਉਂਦੀ, ਬੁਰਕੀ ’ਤੇ ਕਾਂ ਝਪਟ ਪੈਂਦੇ। ‘ਜ਼ਮੀਨਾਂ ਖੋਹਣ ਨਹੀਂ ਦਿਆਂਗੇ’, ਪੰਡਾਲ ਚੋਂ ਆਵਾਜ਼ ਕੰਨੀ ਪਈ। ਕਿਸਾਨ ਪੁੱਤ, ਖਿਆਲਾਂ ’ਚੋਂ ਨਿਕਲਿਆ, ਪੰਡਾਲ ’ਚ ਆ ਬੈਠਿਆ। ਤੁਹਾਡੀ ਸੂਈ ਅੜੀ ਐ... ਏਹ ਬੁਰਕੀ ਵਾਲੇ ਕੌਣ ਨੇ? ਹੁਣ ਵਾਰੀ ਬਿਹਾਰੀ ਖੇਤੀ ਮੰਤਰੀ ਅਮਰਿੰਦਰ ਪ੍ਰਤਾਪ ਦੀ, ‘ਏਹ ਸਭ ਕਿਸਾਨ ਨਹੀਂ, ਦਲਾਲ ਨੇ।’ ਵਿਧਾਇਕ ਲੀਲਾ ਰਾਮ ਕੈਂਥਲ ਵੀ ਘੱਟ ਨਹੀਂ, ‘ਨੇੜਿਓਂ ਦੇਖੋ, ਖਾਲਿਸਤਾਨੀ ਨੇ।’ ਅਫ਼ਰੀਕੀ ਪ੍ਰਵਚਨ ਐ, ‘ਕੌੜਾ ਦਿਲ ਆਪਣੇ ਮਾਲਕ ਨੂੰ ਖਾ ਜਾਂਦਾ ਹੈ।’ ਖੰਨਾ ਮੰਡੀ ਦਾ ਨਰਪਿੰਦਰ, ਮਹੀਨੇ ਤੋਂ ਸਿੰਘੂ ਮੋਰਚੇ ’ਚ ਬੈਠੈ। ਘਰ ਨੂੰ ਖਾਲੀ ਕਿਵੇਂ ਜਾਵੇ। 62 ਸਾਲ ਦਾ ਇੱਕ ਬਾਬਾ। ਕਿਸਾਨ ਮੋਰਚੇ ’ਚ ਚੌਕੀਦਾਰੀ ਕਰਦੈ। ਕਿਸੇ ਪੁੱਛਿਆ, ‘ਰਾਤ ਨੂੰ ਏਨੀਆਂ ਸੀਟੀਆਂ ਕਿਉਂ ਮਾਰਦੈ।’ ਜੁਆਬ ਵੀ ਸੁਣੋ, ‘ਭਾਈ ਕਿਤੇ ਜ਼ਮੀਰਾਂ ਨਾ ਸੌਂ ਜਾਣ।’ ਪੰਜਾਬੀ ’ਵਰਸਿਟੀ ਦੀਆਂ ਦੋ ਕੁੜੀਆਂ। ਉਨ੍ਹਾਂ ਨੂੰ ਨੀਂਦ ਕਿਥੇ। ਦੋਹਾਂ ਨੇ ਸਕੂਟੀ ਚੁੱਕੀ, ਰਾਤੋ ਰਾਤ ਮੋਰਚੇ ’ਚ ਪੁੱਜੀਆਂ। ਜਗਤਪੁਰ ਤੋਂ ਮਹਿਲਾ ਕਬੱਡੀ ਕੋਚ ਜਸਕਰਨ ਕੌਰ, ਪੂਰੀ ਟੀਮ ਨਾਲ ਲੈ ਆਈ। ਜਦੋਂ ਮੈਚ ਫਸ ਜਾਵੇ, ਉਦੋਂ ਬੀਂਡੀ ਜੁੜਨਾ ਪੈਂਦੈ। ਇਕਵੰਜਾ ਨੇਤਰਹੀਣ ਮੁੰਡੇ ਵੀ ਗੱਜੇ ਨੇ। ਭਾਸ਼ਨਾਂ ਦੀ ਗੂੰਜ ਸੁਣੀ, ਅੱਖਾਂ ਖੁੱਲ੍ਹ ਗਈਆਂ। ਇੱਕ ਸੂਰਮਾ ਸਿੰਘ, ਮੁੱਕਾ ਤਣ ਕੇ ਬੋਲਿਆ, ‘ਅੜੀ ਵਾਲਿਓ, ਅਸੀਂ ਚਮਕੌਰ ਦੀ ਗੜ੍ਹੀ ਵਾਲੇ ਹਾਂ’। ਤੁਸੀਂ ਫਿਰ ਪੁੱਛਣੋਂ ਨਹੀਂ ਟਲਦੇ, ਏਹ ਸੂਰਮੇ ਸਿੰਘ ਹੈ ਕੌਣ? 
            ਮੱਧ ਪ੍ਰਦੇਸ਼ ਦੇ ਖੇਤੀ ਮੰਤਰੀ ਕਮਲ ਪਟੇਲ ਨੇ ਜੁਆਬ ਦਿੱਤੈ,‘ਇਹ ਕਿਸਾਨ ਨਹੀਂ, ਦੇਸ਼ ਵਿਰੋਧੀ ਨੇ, ਕਿਸਾਨ ਸੰਗਠਨ ਵੀ ਖੁੰਬਾਂ ਵਾਂਗੂ ਉਗੇ ਨੇ।’ ਨੇਕ ਸਲਾਹ ਸੁਣੋ ‘ਜਦੋਂ ਲੂੰਬੜੀ ਉਪਦੇਸ਼ ਦੇਵੇ, ਉਦੋਂ ਬੱਤਖ਼ਾਂ ਦਾ ਖਿਆਲ ਰੱਖੋ।’ ਧੰਨਭਾਗ! ਪੰਜਾਬ ਦਾ ਨਵਾਂ ਜਨਮ ਹੋਇਐ। ਸਭ ਧੰਨ ਹੋਏ ਨੇ, ਸੰਤ ਰਾਮ ਉਦਾਸੀ ਵੀ, ‘ਸਾਡੀ ਪੈਲ਼ੀਆਂ ਦਾ ਨੂਰ, ਚੜ੍ਹੇ ਦੇਖ ਕੇ ਸਰੂਰ, ਤੋੜ ਦਿਆਂਗੇ ਗਰੂਰ, ਤੇਰਾ ਜ਼ੋਰ ਵਿਹਲੜਾ।’ ‘ਦਿੱਲੀ ਮੋਰਚੇ’ ਦੀ ਆਬੋ ਹਵਾ ਵੇਖ ਲੱਗਦੈ ਜਿਵੇਂ ਸੰਜੇ ਕਾਕ ਦੀ ‘ਮਿੱਟੀ ਕੇ ਲਾਲ’ ਦਸਤਾਵੇਜ਼ੀ ਚੱਲ ਰਹੀ ਹੋਵੇ। ਕੋਈ ਜੱਟ ਆਟਾ ਗੁੰਨ੍ਹਦੈ, ਝੋਕਾ ਸੀਰੀ ਲਾਉਂਦੈ, ਮੁੰਡਾ ਰੋਟੀ ਤਪਾਉਂਦੈ। ਸੰਘਰਸ਼ੀ ਸੀਰਪੁਣਾ ਦੇਖ ਗੁਰਸ਼ਰਨ ਭਾਅ ਜੀ ਦਾ ‘ਇੱਕੋ ਮਿੱਟੀ ਦੇ ਪੁੱਤ’ ਨਾਟਕ ਚੇਤੇ ਆਉਂਦੈ। ਖੇਤੀ ਕਾਨੂੰਨਾਂ ਖ਼ਿਲਾਫ਼ ਪੰਜਾਬ ‘ਇੰਜਨ’ ਬਣਿਐ। ਦੂਸਰੇ ਸੂਬਿਆਂ ’ਚੋਂ ਚੱਲ ਪਏ ਨੇ ਡੱਬੇ। ਸਿਆਸੀ ਟੀਟੀ ਵਿਸ੍ਹਲਾਂ ਵਜਾਉਣ ਲੱਗੇ ਨੇ। ਬਈ! ਫਾਟਕ ਤਾਂ ਸਾਰੇ ਹੀ ਘੋਨੇ ਨੇ। ਹੁਣ ਫ਼ੈਸਲਾ ‘ਮੋਦੀ ਐਂਡ ਭਗਤਜ਼’ ਕਰ ਲੈਣ, ‘ਦਿੱਲੀ ਮੋਰਚੇ’ ’ਚ ਬੈਠਣ ਵਾਲੇ ਕੌਣ ਨੇ। ‘ਦੇਸ਼ ਵਿਰੋਧੀ ਜਾਂ ਜ਼ਮੀਰਾਂ ਵਾਲੇ’। ਵੈਸੇ ਸਦਕੇ ਜਾਵਾਂ ਕਿਸਾਨ ਨੇਤਾਵਾਂ ਦੇ, ਜਿਨ੍ਹਾਂ ਦੱਸ ਦਿੱਤਾ ਕਿ ਉਹ ‘ਟੁਕੜੇ-ਟੁਕੜੇ’ ਨਹੀਂ ਬਲਕਿ ਇੱਕੋ ਮਿੱਟੀ ਦੇ ਜਾਏ ਨੇ।’ ਸੱਜਣੋ, ਭੁੱਲ ਨਾ ਜਾਣਾ, ਅੱਜ ਰੇਡੀਓ ’ਤੇ ਐਤਵਾਰੀ ‘ਮਨ ਕੀ ਬਾਤ’ ਆਏਗੀ। ਜਿਨ੍ਹਾਂ ਇੱਟ ਨਾਲ ਇੱਟ ਖੜਕਾਈ ਹੋਵੇ, ਉਨ੍ਹਾਂ ਨੂੰ ਥਾਲ਼ੀ ਖੜਕਾਉਣੀ ਕੀ ਅੌਖੀ ਐ। ਚਾਰ ਦਿਨਾਂ ਮਗਰੋਂ ਨਵਾਂ ਸਾਲ ਚੜ੍ਹਨੈ। ਪੰਜਾਬ ’ਚ ਨਵਾਂ ਸੂਰਜ, ਸਭਨਾਂ ਦੀ ਖ਼ੈਰ ਹੋਵੇ। ‘ਹਾਲੇ ਵੀ ਡੁੱਲ੍ਹੇ ਬੇਰਾਂ ਦਾ ਕੁਝ ਨਹੀਂ ਵਿਗੜਿਆ।’ ਬਾਕੀ ਤੋਮਰ ਸਾਹਿਬ ਦੀ ਮਰਜ਼ੀ।ਰਹੀ ਗੱਲ ਛੱਜੂ ਰਾਮ ਦੀ। ਉਹ ਇੱਕੋ ਗੱਲ ਸਮਝਾ ਰਿਹੈ, ਕਿਸਾਨ ਭਰਾਵੋ ! ਸਾਰੇ ਨਾਅਰੇ ਦਿੱਲੀ ’ਚ ਹੀ ਨਾ ਮੁਕਾ ਬੈਠਣਾ, ਪੰਜਾਬ ਲਈ ਵੀ ਬਚਾ ਕੇ ਰੱਖਿਓ।

2 comments: