ਵਿਚਲੀ ਗੱਲ
ਸ਼ਾਹ ਮੁਹੰਮਦਾ ਮੱਤ ਕੌਣ ਦੇਵੇ..!
ਚਰਨਜੀਤ ਭੁੱਲਰ
ਚੰਡੀਗੜ• : ਧੀਰੂ ਭਾਈ ਅੰਬਾਨੀ ਦੀ ਵੇਲ ਵਧੀ ਹੈ। 'ਛੋਟਾ ਮਾਲਕ' ਘਰ ਆਇਐ। ਮੁਕੇਸ਼ ਅੰਬਾਨੀ ਦਾਦਾ ਬਣ ਗਏ। ਧੰਨਭਾਗ! ਨੀਤਾ ਅੰਬਾਨੀ ਬੋਲੀ। ਚੰਨ ਵਰਗੀ ਦਾਦੀ ਵੇਖ, ਪੋਤਾ ਧੰਨ ਹੋਇਆ। ਮੁਬਾਰਕਾਂ! ਦੇਸ਼ ਵਾਸੀਓ, ਤੁਹਾਨੂੰ ਨਵਾਂ ਵਾਰਸ ਮਿਲਿਐ। ਪਰਲੋਕ 'ਚ ਬੈਠੇ ਧੀਰੂ ਭਾਈ ਪੜਦਾਦਾ ਬਣ ਗਏ। ਕਿਤੇ ਜਹਾਨ 'ਚ ਹੁੰਦੇ, ਪੜਪੋਤੇ ਨੂੰ ਗੁੜ•ਤੀ ਦਿੰਦੇ।ਗੱਲ ਵੀਹ ਵਰ•ੇ ਪੁਰਾਣੀ ਐ। ਅੰਬਾਨੀ ਦੇ ਘਰ ਨਰਿੰਦਰ ਮੋਦੀ ਤਸ਼ਰੀਫ਼ ਲਿਆਏ। ਧੀਰੂ ਭਾਈ ਨੇ ਇੰਝ ਆਸ਼ੀਰਵਾਦ ਦਿੱਤਾ, 'ਤੁਸੀਂ ਲੰਮੀ ਰੇਸ ਦੇ ਘੋੜੇ ਹੋ, ਇੱਕ ਦਿਨ ਪ੍ਰਧਾਨ ਮੰਤਰੀ ਬਣੋਗੇ।' ਬਚਨ ਬਿਲਾਸ ਸੱਚ ਹੋ ਗਏ। ਅਨਿਲ ਅੰਬਾਨੀ ਨੇ ਟੇਵਾ ਲਾਇਆ, 'ਜਦੋਂ ਮੋਦੀ ਨੇ ਸਹੁੰ ਚੁੱਕੀ, ਸਵਰਗ 'ਚ ਪਾਪਾ ਮੁਸਕਰਾਏ ਹੋਣਗੇ।' ਜਿਨ•ਾਂ ਦੇ ਬੋਲਾਂ ਨਾਲ ਗੱਦੀ ਮਿਲੀ, ਉਨ•ਾਂ ਦੇ ਬੋਲ ਨਾ ਪੁਗਾਏ ਤਾਂ ਅਕ੍ਰਿਤਘਣ ਵੱਜਣਗੇ। ਟਿਕਰੀ ਸਰਹੱਦ 'ਤੇ ਕਿਸਾਨ ਬੱਦਲ ਵਾਂਗੂ ਗੱਜੇ। 'ਅੰਬਾਨੀ ਅਡਾਨੀ ਦਾ ਕਰੋ ਬਾਈਕਾਟ।' ਇਹ ਕੌਣ ਕੰਬਖ਼ਤ ਨੇ, ਜੋ ਏਨਾ ਚੀਕਦੇ ਨੇ। ਬਈ! 'ਛੋਟਾ ਮਾਲਕ' ਆਇਐ, ਮੁਬਾਰਕ ਘੜੀ ਹੈ, ਚੁੱਪ ਨਹੀਂ ਬੈਠ ਸਕਦੇ। ਕੰਧਾਂ ਦੇ ਕੰਨ ਨਾ ਹੁੰਦੇ, ਨਰਿੰਦਰ ਭਾਈ ਨੇ ਪੈਰ ਜੁੱਤੀ ਨਹੀਂ ਪਾਉਣੀ ਸੀ। ਪੋਤਾ ਸਾਹਿਬ ਨੂੰ ਸ਼ਗਨ ਦਿੰਦੇ, ਗੇਟ 'ਤੇ ਨਿੰਮ ਬੰਨ• ਕੇ ਆਉਂਦੇ। ਨਾਲੇ ਛੂਛਕ ਵਾਲਾ ਫ਼ਰਜ਼ ਵੀ ਨਿਭਾਉਂਦੇ। 'ਜੱਟ ਲੌਂਗੋਵਾਲ ਦਾ, ਇਹੋ ਗੱਲਾਂ ਭਾਲਦਾ।''ਖੁਸ਼ੀ ਨੂੰ ਜਿੰਨਾ ਵੰਡੋ, ਓਨੀ ਵਧਦੀ ਹੈ', ਇਹ ਗੁਜਰਾਤੀ ਸੋਚ ਹੈ। 'ਦੁੱਖ ਵੰਡਾ ਲਿਆ ਜਾਵੇ ਤਾਂ ਘਟਦਾ ਹੈ', ਇਹ ਪੰਜਾਬੀ ਲੱਖਣ ਹੈ। ਚਾਣਕਯ ਨੇ ਕੰਨ 'ਚ ਦੱਸਿਐ, 'ਹਰੇਕ ਗੁੱਸੇ ਤੋਂ ਪਰਜਾ ਦਾ ਗੁੱਸਾ ਭਿਅੰਕਰ ਹੁੰਦੈ।' 'ਮੌਨੀ ਬਾਬੇ' ਕਾਹਤੋਂ ਬਣੇ ਨੇ ਸਿਆਸੀ ਬਖ਼ਤਾਵਰ। 'ਧੰਨਦਾਤਾ! ਸਲਾਮਤ ਰਹੇ', ਇਹੋ ਖੈਰਾਂ ਮੰਗਦੇ ਨੇ। ਅੰਨਦਾਤਾ ਨੂੰ ਕੋਈ ਝੱਲ ਲੈਂਦਾ, ਬੁਛਾੜਾਂ ਝੱਲਣ ਤੋਂ ਬਚਦੇ। 'ਰੱਤ ਦੇਣ ਨੂੰ ਮਜਨੂੰ, ਚੂਰੀ ਖਾਣ ਨੂੰ ਹੋਰ।' ਛੰਨਾ ਯਾਰ ਦਾ ਹੋਵੇ, ਅੰਬਾਨੀ ਛਕਦੇ ਪਏ ਹੋਣ। ਗੌਣ ਵੱਜਦਾ ਹੋਵੇ, 'ਤੈਨੂੰ ਤਲੀਆਂ 'ਤੇ ਚੋਗ ਚੁਗਾਵਾਂ।' ਨੀਤਾ ਅੰਬਾਨੀ ਡਾਂਡੀਆਂ ਕਰਦੀ ਹੋਵੇ। ਮਗਰੋਂ ਹੱਥ ਜੋੜ ਆਖਦੀ ਹੋਏਗੀ.. 'ਭਾਈ ਸਾਹਬ! ਪੋਤੇ ਦੇ ਤੜਾਗੀ ਤੁਸੀਂ ਬੰਨ• ਕੇ ਜਾਇਓ।'
ਪ੍ਰਧਾਨ ਮੰਤਰੀ ਖੁਸ਼ੀ 'ਚ ਦਿਲੋਂ ਖੀਵੇ ਨੇ। ਅਡਵਾਨੀ 93 ਵਰਿ•ਆਂ ਨੂੰ ਢੁੱਕੇ ਨੇ, ਮੋਦੀ ਪੈਰ ਛੂਹ ਕੇ ਬੋਲੇ, ਤਾਇਆ! ਹੈਪੀ ਬਰਥ ਡੇਅ।' ਗੱਦ ਗੱਦ ਵੱਡੇ ਬਾਦਲ ਵੀ ਹੋਏ, ਜਦੋਂ ਦਿੱਲੀਓਂ ਵਧਾਈ ਮਿਲੀ। ਸੋਨੀਆ ਨੂੰ ਵੀ ਜਨਮ ਦਿਨ ਮੁਬਾਰਕ ਕਿਹਾ। ਨਰਿੰਦਰ ਮੋਦੀ ਹੋਸ਼ ਹਵਾਸ 'ਚ ਸੰਪੂਰਨ ਨੇ। ਕਿਸਾਨ ਕਿਉਂ ਨਜ਼ਰ ਨਹੀਂ ਚੜ•ਦੇ। ਸ਼ੇਖ ਸਾਅਦੀ ਆਖਦੇ ਨੇ, 'ਜੇ ਚਿੜੀਆਂ ਏਕਾ ਕਰ ਲੈਣ ਤਾਂ ਸ਼ੇਰ ਦੀ ਖੱਲ ਉਧੇੜ ਸਕਦੀਆਂ ਹਨ।' ਹਰਪਾਲ ਸਿੰਘ ਪੰਨੂ ਦੀ ਨਵੀਂ ਪੁਸਤਕ 'ਤੱਥ ਤੋਂ ਮਿੱਥ ਤੱਕ' ਵਿੱਚ ਵਿਟੋਰੀਓ ਅਲਫ਼ਾਇਰੀ ਦੇ ਦੀਦਾਰੇ ਹੁੰਦੇ ਨੇ। ਅਲਫ਼ਾਇਰੀ ਦਾ ਪਹਿਲਾ ਵਾਕ, 'ਉਹ ਸਭ ਤੋਂ ਭੈੜੀ ਜ਼ਾਲਮ ਸਰਕਾਰ ਹੁੰਦੀ ਹੈ, ਜਿਹੜੀ ਪਰਜਾ ਨੂੰ ਜੁਆਬ ਦੇਣਾ, ਹਿਸਾਬ ਦੇਣਾ ਮੁਨਾਸਬ ਨਾ ਸਮਝੇ।' ਇੰਜ ਜਾਪਦੈ ਜਿਵੇਂ ਅਲਫ਼ਾਇਰੀ ਨੇ ਕੁੰਡਲੀ ਬਾਰਡਰ ਦਾ ਭਰਮਣ ਕੀਤਾ ਹੋਵੇ। ਅਲਫ਼ਾਇਰੀ ਦਾ ਦੂਜਾ ਵਾਕ, 'ਚੰਗੀ ਸਰਕਾਰ ਦਾ ਕਾਨੂੰਨ, ਦਿਲ ਵਿੱਚ ਡਰ ਤਾਂ ਪੈਦਾ ਕਰਦੈ, ਨਫ਼ਰਤ ਨਹੀਂ। ਜ਼ਾਲਮ ਸਰਕਾਰ ਦੇ ਹਰ ਅਮਲ 'ਚ ਘ੍ਰਿਣਾ ਦੇ ਅੰਸ਼ ਮਿਲੇ ਹੁੰਦੇ ਹਨ।' ਕੌਣ ਸਮਝਾਏ ਮਹਾਂ ਮੂਰਖਾਂ ਨੂੰ, ਆਪਣੇ ਮੋਦੀ ਅਤੇ ਅਮਿਤ ਸ਼ਾਹ ਦਿਲ ਦੇ ਸਾਫ਼ ਨੇ। ਜੋ ਜੋੜੀ ਦੇ ਅੰਦਰ, ਉਹੀ ਬਾਹਰ। ਘ੍ਰਿਣਾ ਨੂੰ ਦਿਲ 'ਚ ਭੰਡਾਰ ਨਹੀਂ ਕਰਦੇ। ਚੋਣ ਛੋਟੀ ਹੋਵੇ, ਚਾਹੇ ਹੋਵੇ ਵੱਡੀ, ਦਿਲ 'ਚੋਂ ਸਭ ਮੈਲ ਕੱਢ ਮਾਰਦੇ ਨੇ। ਮਗਰੋਂ ਸਾਫ਼ ਦਿਲੀ ਨਾਲ ਹਕੂਮਤ ਵਾਹੁੰਦੇ ਨੇ।
ਅਟਲ ਬਿਹਾਰੀ ਵਾਜਪਾਈ ਅੱਜ ਹਾਜ਼ਰ ਹੁੰਦੇ, ਉਨ•ਾਂ ਨੂੰ ਫੌਰੀ ਟੋਕ ਦਿੰਦੇ, 'ਸੱਜਣਾ! ਰਾਜ ਧਰਮ ਅੱਗੇ ਸਿਰ ਝੁਕਾਓ।' ਗੁਰਮੰਤਰ ਵੀ ਦੱਸਦੇ, 'ਲੋਕਾਈ ਨਾਲ ਪਿਆਰ, ਭਾਈਵਾਲਾਂ ਦਾ ਸਤਿਕਾਰ' ਅਮਿਤ ਸ਼ਾਹ ਤੋਂ ਕਿਤੇ ਝੱਲ ਹੋਣਾ ਸੀ, 'ਤੂੰ ਹੀਰ ਦਾ ਮਾਮਾ ਲੱਗਦੈਂ।' ਵਾਜਪਾਈ ਵਾਲੇ ਦਿਨ ਪੁੱਗੇ ਨੇ। ਜਦੋਂ ਉਹ ਦਿੱਲੀਓਂ ਬੱਸ ਲੈ ਕੇ ਲਾਹੌਰ ਪੁੱਜੇ, ਵੱਡੇ ਬਾਦਲ ਨਾਲ ਬਿਠਾਏ ਸਨ। ਵਾਜਪਾਈ ਬਦਜ਼ਬਾਨੀ ਤੋਂ ਕੋਹਾਂ ਦੂਰ ਸਨ। ਵਿਰੋਧੀਆਂ ਦਾ ਵਿੱਤੋਂ ਵੱਧ ਇੱਜ਼ਤ ਮਾਣ। ਜਦੋਂ ਪ੍ਰਧਾਨ ਮੰਤਰੀ ਸਨ, ਕਲਕੱਤੇ ਗਏ ਮਮਤਾ ਬੈਨਰਜੀ ਦੇ ਘਰ। ਮਮਤਾ ਦੀ ਮਾਂ ਗਾਇਤਰੀ ਦੇਵੀ ਦੇ ਪੈਰ ਛੂਹੇ, ਦੁੱਖ ਸੁੱਖ ਵੀ ਕਰਦੇ ਰਹੇ। ਨਾਲੇ ਮਿੱਠਾ ਉਲਾਂਭਾ ਦਿੱਤਾ, 'ਆਪਣੀ ਕੁੜੀ ਨੂੰ ਸਮਝਾਓ, ਕਦੇ ਕਦੇ ਆਖੇ ਨਹੀਂ ਲੱਗਦੀ।' ਵਾਜਪਾਈ ਸਾਹਬ, 'ਦੇਖਦੇ ਜਾਇਓ, ਆਖੇ ਕਿਵੇਂ ਨਹੀਂ ਲੱਗੇਗੀ, ਬੰਗਾਲ ਚੋਣਾਂ ਤਾਂ ਆਉਣ ਦਿਓ। ਕੋਈ ਸ਼ੱਕ ਹੋਵੇ ਤਾਂ ਬਿਹਾਰੀ ਛੋਕਰੇ ਨੂੰ ਪੁੱਛ ਲੈਣਾ।' ਖ਼ੈਰ, ਦੋਵਾਂ ਦੇ ਦਿਲ 'ਚ ਕੁਛ ਨਹੀਂ। ਦਿਲ ਦੇ ਬੇਇਮਾਨ ਨਹੀਂ। 'ਏਕ ਨੇ ਕਹੀ ਦੂਸਰੇ ਨੇ ਮਾਨੀ, ਦੋਨੋਂ ਬ੍ਰਹਮ ਗਿਆਨੀ।' ਪ੍ਰਧਾਨ ਮੰਤਰੀ ਨੇ ਤਪ ਬਚਪਨ ਤੋਂ ਕੀਤੈ। ਪੁਰਾਣੀ ਭਗਤੀ ਹੁਣ ਦੇਸ਼ ਦੇ ਕੰਮ ਆ ਰਹੀ ਹੈ। ਅੰਬਾਨੀ-ਅਡਾਨੀ ਤਾਂ ਐਵੇਂ ਬਦਨਾਮ ਨੇ। ਨਵੀਂ ਸਦੀ ਦਾ ਨਵਾਂ ਭਾਰਤ ਉਸਰ ਰਿਹੈ। ਇੱਕ ਜਣਾ ਪੈੜ 'ਤੇ ਚੜਿ•ਐ, ਦੂਜਾ ਗੁਣੀਆ ਕਰ ਰਿਹੈ। ਸਿਆਸੀ ਤੇਸੀ ਚੱਲਦੀ ਦੇਖੋ। ਕੋਈ ਮੀਨ ਮੇਖ ਰਹਿ ਗਈ ਤਾਂ ਫੇਰ ਉਲਾਂਭੇ ਦੇਣਾ ਵਾਜਪਾਈ ਜੀ। ਕਿਸਾਨ ਤਾਂ ਨਿਰੇ ਗਵਾਰ ਤੇ ਅਨਪੜ• ਨੇ। ਭਾਰਤ ਨਵਾਂ ਬਣਨੈ, ਪੁਰਾਣੇ ਖੇਤੀ ਕਾਨੂੰਨ ਚੱਟਣੇ ਨੇ। ਮਜਾਲ ਐ ਤੋਮਰ ਬਾਬੂ ਦੀ ਸੁਣ ਲੈਣ।
ਕਿਸਾਨੀ ਘੋਲ 74 ਦਿਨਾਂ ਦਾ ਹੋ ਗਿਐ। ਪ੍ਰਧਾਨ ਮੰਤਰੀ ਤੋਲ ਕੇ ਬੋਲੇ ਨੇ..'ਅਖੇ ਜੋ ਤੋਮਰ ਆਖਦੈ, ਉਸ ਨੂੰ ਸਮਝੋ।' ਨਾਸਮਝ ਦਿੱਲੀ ਦੇ ਬਾਰਡਰ 'ਤੇ 'ਕੱਠੇ ਹੋਣੋਂ ਨੀਂ ਹਟਦੇ। ਰੋਮਨ ਆਖਦੇ ਨੇ..'ਭੁੱਖੇ ਦੇ ਰਾਹ 'ਚ ਕਦੇ ਨਾ ਖੜ•ੋ।' ਅੰਦੋਲਨੀ ਕਿਸਾਨਾਂ ਦੇ ਹੌਸਲੇ ਵੇਖੋ, ਪਰਬਤਾਂ ਤੋਂ ਉੱਚੇ। ਜੋਸ਼ ਤਾਂ ਦੇਖੋ, ਰਗ ਰਗ 'ਚ ਦੌੜਦੈ। ਡੱਡੂਆਂ ਦੀ ਪੰਸੇਰੀ ਨਹੀਂ, ਸੱਚਮੁੱਚ ਨਾਗਾਂ ਦੀ ਪਟਾਰੀ ਨੇ। ਖੇਸੀਆਂ ਵਾਲੇ, ਪਰਨਿਆਂ ਵਾਲੇ, ਕੋਈ ਕਮਲੇ ਰਮਲੇ ਨਹੀਂ। ਬਾਬਿਆਂ ਦੀਆਂ ਝੁਰੜੀਆਂ ਵੱਲ ਨਾ ਦੇਖੋ, ਜਨੂੰਨ ਤੇ ਇਤਿਹਾਸ ਵੇਖੋ। ਬਸ ਇਨ•ਾਂ ਇਖਲਾਕ ਖੱਟਿਆ, 'ਆਏ ਨੀਂ ਨਿਹੰਗ, ਬੂਹਾ ਖੋਲ•ਦੇ ਨਿਸੰਗ।' ਕਲਗੀਧਰ ਤੋਂ ਥਾਪੜਾ ਲਿਐ। ਦੇਗਾਂ ਵਾਲੇ, ਤੇਗਾਂ ਵਾਲੇ, ਇਨ•ਾਂ ਦੇ ਪ੍ਰੇਰਨਾ ਸਰੋਤ ਨੇ। ਤਿੰਨ ਵਰ•ੇ ਪੁਰਾਣੀ ਗੱਲ ਚੇਤੇ ਕਰੋ। ਉਦੋਂ ਯੂ.ਪੀ ਚੋਣਾਂ ਸਨ। ਅਖਿਲੇਸ਼ ਯਾਦਵ ਨੇ ਗੁਜਰਾਤ ਦੇ ਜੰਗਲੀ ਗਧਿਆਂ 'ਤੇ ਟਕੋਰ ਕੀਤੀ। ਕੋਈ ਸ਼ੱਕ ਨਹੀਂ, ਪ੍ਰਧਾਨ ਮੰਤਰੀ ਬਹੁਤ ਘੱਟ ਸੌਂਦੇ ਨੇ। ਨਰਿੰਦਰ ਮੋਦੀ ਨੇ ਕਬੂਲ ਕੀਤਾ ਕਿ ਉਹ ਗਧੇ ਤੋਂ ਪ੍ਰੇਰਨਾ ਲੈਂਦੇ ਹਨ। ਅੱਗੇ ਇੰਝ ਕਿਹਾ, 'ਛੋਟੂ ਅਖਿਲੇਸ਼ ਕੀ ਜਾਣੇ, ਗਧੇ ਦੀ ਮਾਲਕ ਪ੍ਰਤੀ ਵਫ਼ਾਦਾਰੀ, ਨਾਲੇ ਗਧਾ ਜ਼ਿੰਮੇਵਾਰੀ ਨਿਭਾਉੁਂਦੈ।' ਪ੍ਰਧਾਨ ਸੇਵਕ ਗੜਕ ਕੇ ਬੋਲੇ, 'ਕਰੋੜਾਂ ਦੇਸ਼ ਵਾਸੀ ਉਨ•ਾਂ ਦੇ ਮਾਲਕ ਨੇ।' ਗੱਲ ਸੋਲ•ਾਂ ਆਨੇ ਸੱਚ, ਜਮਹੂਰੀਅਤ 'ਚ ਨੇਤਾ ਸੇਵਕ, ਜਨਤਾ ਮਾਲਕ। ਪੰਜਾਹ ਤੋਪਾਂ ਦੀ ਸਲਾਮੀ ਇਸ ਗਧਾਗਿਰੀ ਨੂੰ। 'ਉਹ ਰਾਜ ਚੰਗਾ, ਜਿੱਥੇ ਦੁੱਧ ਦੀ ਵਗੇ ਗੰਗਾ।'
ਇਸੇ ਗੰਗਾ 'ਚ ਖੇਤੀ ਕਾਨੂੰਨ ਧੋਤੇ ਨੇ। ਕਿਸਾਨਾਂ ਦੇ ਨੱਕ ਹੇਠ ਫੇਰ ਨਹੀਂ ਆਏ। ਵਿੱਲ ਰੌਜਰਜ਼ ਦੀ ਵੀ ਸੁਣੋ, 'ਪਾਰਲੀਮੈਂਟ ਵਾਲੇ ਜਦੋਂ ਕਦੇ ਮਜ਼ਾਕ ਕਰਦੇ ਹਨ ਤਾਂ ਇਹ ਕਾਨੂੰਨ ਬਣ ਜਾਂਦਾ ਹੈ ਅਤੇ ਜਦੋਂ ਕਦੇ ਕੋਈ ਕਾਨੂੰਨ ਬਣਾਉਂਦੇ ਹਨ ਤਾਂ ਇਹ ਮਜ਼ਾਕ ਬਣ ਜਾਂਦਾ ਹੈ।'ਕੇਂਦਰ ਨੇ ਖੇਤੀ ਕਾਨੂੰਨ ਜਾਨ ਹਥੇਲੀ 'ਤੇ ਰੱਖ ਕੇ ਬਣਾਏ। ਕੋਵਿਡ-19 ਦੀ ਪ੍ਰਵਾਹ ਤਕ ਨਹੀਂ ਕੀਤੀ। ਕੇਰਾਂ ਪ੍ਰਤਾਪ ਸਿੰਘ ਕੈਰੋਂ ਦੀ ਗੱਡੀ ਅੱਗੇ ਖਰਗੋਸ਼ ਆ ਗਿਆ। ਅੱਧੀ ਸੜਕ ਪਾਰ ਕੀਤੀ, ਵਾਪਸ ਮੁੜਨ ਲੱਗਾ, ਦਰੜਿਆ ਗਿਆ। ਕੈਰੋਂ ਨੇ ਮੱਥੇ 'ਤੇ ਹੱਥ ਮਾਰਿਆ..'ਸਾਲਾ, ਫ਼ੈਸਲਾ ਨਹੀਂ ਕਰ ਸਕਿਆ, ਅੱਗੇ ਜਾਵਾਂ ਜਾਂ ਪਿੱਛੇ, ਤਾਹੀਂ ਮਰਿਐ।' ਸਿੰਘੂ ਬਾਰਡਰ ਵਾਲੇ ਤਾਂ ਫ਼ੈਸਲਾ ਸੁਣਾ ਚੁੱਕੇ ਨੇ। ਕੇਂਦਰ ਦੀ ਹਾਲਤ ਖਰਗੋਸ਼ ਵਾਲੀ ਹੈ। ਖੇਤੀ ਕਾਨੂੰਨਾਂ ਦਾ ਯੱਭ ਛੇਤੀ ਨਿੱਬੜੇ ਤਾਂ ਅਮਰਿੰਦਰ ਸਿਓਂ ਕਰਜ਼ੇ 'ਤੇ ਲੀਕ ਮਾਰੇ। ਦਿੱਲੀਓਂ ਆਉਂਦਿਆਂ ਨੂੰ ਕਰਜ਼ਾ ਮੁਆਫ਼ੀ ਦਾ ਤੋਹਫ਼ਾ ਦੇਣੈ। ਸ਼੍ਰੋਮਣੀ ਅਕਾਲੀ ਦਲ, ਯਾਨੀ ਕਿ ਥੋਡੀ ਮਾਂ ਪਾਰਟੀ। ਉਡੀਕ ਰਹੀ ਹੈ ਕਿਸਾਨ ਭਰਾਵੋ। ਕਿਤੇ ਨਿਰਮੋਹੇ ਨਾ ਹੋ ਜਾਇਓ। ਨਵਜੋਤ ਸਿੱਧੂ ਦਾ ਵੀ ਮੁੱਲ ਪਾਉਣਾ। ਕਿਸਾਨੀ ਖ਼ਾਤਰ 74 ਦਿਨਾਂ ਤੋਂ ਟਿਕ 'ਕੇ ਨਹੀਂ ਬੈਠਾ। ਬਾਂਦਰ ਵਾਲੀ ਨੱਠ ਭੱਜ 'ਆਪ' ਵਾਲੇ ਕਰ ਰਹੇ ਨੇ। ਟਿਕਰੀ ਬਾਰਡਰ 'ਤੇ ਇੱਕ ਮਾੜਕੂ ਜੇਹਾ ਹਿੱਕ ਥਾਪੜ ਕੇ ਆਖਦੈ, 'ਐਤਕੀਂ ਲੀਡਰਾਂ ਦੀ ਦੁਕਾਨ ਬੰਦ ਨਾ ਕਰਾਤੀ, ਮੈਨੂੰ ਛੱਜੂ ਰਾਮ ਨਾ ਆਖਿਓ।' ਸ਼ਿਵ ਬਟਾਲਵੀ ਦੀ ਸਲਾਮ ਵੀ ਕਬੂਲੋ, 'ਹਾੜ• ਦੀ ਗਰਮੀ ਸਿਰ 'ਤੇ ਝੱਲੇ ਸਿਰ 'ਤੇ ਪੋਹ ਦਾ ਪਾਲਾ/ ਮੁੜ•ਕਾ ਡੋਲ ਕੇ ਹਰੇ ਤੂੰ ਕਰਦਾ ਬੰਜਰ ਤੇ ਵੀਰਾਨ/ ਜੈ ਜਵਾਨ, ਜੈ ਕਿਸਾਨ।'
great job
ReplyDelete