Monday, March 5, 2018

                       ਰਾਹ ਬਣਦੇ ਗਏ..
       ਮਹਿਲਾ ਸੰਘਰਸ਼ ਦਾ ਕੇਂਦਰ ‘ਬਿੰਦੂ’
                         ਚਰਨਜੀਤ ਭੁੱਲਰ
ਬਠਿੰਡਾ  : ‘ਧੀਏ, ਮਸ਼ਾਲ ਬਾਲ ਕੇ ਰੱਖੀ, ਰਾਤ ਨੂੰ ਮਾਰਚ ਕਰਨੈ’। ਇਹ ਆਖ਼ਰੀ ਸ਼ਬਦ ਸਨ ਬਾਪ ਮੇਘ ਰਾਜ ਦੇ, ਜੋ ਉਸ ਨੇ ਆਪਣੀ ਅੱਠਵੀਂ ਕਲਾਸ ’ਚ ਪੜ੍ਹਦੀ ਬੱਚੀ ਬਿੰਦੂ ਨੂੰ ਆਖੇ। ਪਲਾਂ ਮਗਰੋਂ ਭਾਣਾ ਵਾਪਰ ਗਿਆ ਜੋ ਲੋਕ ਚੇਤਿਆਂ ’ਚ ‘ਸੇਵੇਵਾਲਾ ਕਾਂਡ’ ਵਜੋਂ ਅੱਜ ਵੀ ਯਾਦ ਹੈ। ਕਾਲੇ ਦੌਰ ਦੇ ਸਾਲ 1991 ਦੀ ਉਹ 9 ਅਪਰੈਲ ਨੂੰ ਮਾਰੇ 18 ਜਣਿਆਂ ’ਚ ਇੱਕ ਮੇਘ ਰਾਜ ਸੀ ਜਿਸ ਨੇ ਛਾਤੀ ’ਚ ਗੋਲੀ ਖਾਧੀ। ਤਪੇ ਹੋਏ ਮਾਹੌਲ ’ਚ ਫ਼ਰੀਦਕੋਟ ਦੇ ਪਿੰਡ ਸੇਵੇਵਾਲਾ ਦੀ 13 ਵਰ੍ਹਿਆਂ ਦੀ ਬੱਚੀ ਬਿੰਦੂ ਨੇ ਬਾਪ ਦੇ ਆਖ਼ਰੀ ਬੋਲ ਪੁਗਾਉਣ ਦੀ ਜ਼ਿੱਦ ਫੜ ਲਈ। ਮਾਪੇ ਤੇ ਰਿਸ਼ਤੇਦਾਰਾਂ ਨੇ ਬੱਚੀ ਨੂੰ ਤਾੜਿਆ, ‘ਹੁਣ ਤੂੰ ਹੋਰ ਛਿੰਗੜੀ ਨਾ ਛੇੜ ਦੇਵੀਂ’। ਉਸਨੂੰ ਖ਼ੌਫ਼ ਕਦੇ ਬਿਗਾਨਾ ਨਾ ਲੱਗਿਆ ਤੇ ਉਸ ਦੇ ਰੋਹ ਦਾ ਲਾਵਾ ਖੌਲਣ ਲੱਗਾ। ਅੱਜ ਉਹੋ ਬੱਚੀ ਕਰੀਬ 30 ਵਰ੍ਹਿਆਂ ਦੀ ਹਰਿੰਦਰ ਬਿੰਦੂ ਵਜੋਂ ਜਾਣੀ ਜਾਂਦੀ ਹੈ ਜੋ ਬਾਪ ਦੇ ਆਖ਼ਰੀ ਬੋਲ ਪੁਗਾਉਣ ਲਈ ‘ਮਸ਼ਾਲ’ ਲੈ ਕੇ ਪਿੰਡ ਪਿੰਡ ਘੁੰਮ ਰਹੀ ਹੈ। ਕਿਸਾਨ ਤੇ ਮਜ਼ਦੂਰ ਅੌਰਤਾਂ ਦੀ ਚੀਸ ਉਸ ਨੂੰ ਆਪਣੀ ਲੱਗਦੀ ਹੈ।
                    ਜਦੋਂ ਇਹੋ ਅਣਹੋਣੀ ਚੀਸ ਬਾਪ ਦੇ ਛਲਨੀ ਹੋਏ ਚਿਹਰੇ ਨੂੰ ਦੇਖ ਕੇ ਪਈ ਸੀ ਤਾਂ ਉਦੋਂ ਬਾਪ ਵੱਲੋਂ ਕਹੇ ਲਫ਼ਜ਼ ‘ਮੇਰੀ ਮੌਤ ਤੇ ਨਾ ਰੋਇਓ’ ਬਿੰਦੂ ਦੇ ਜ਼ਿਹਨ ’ਚ ਆਏ। ਬਿੰਦੂ ਨੇ 1996 ਤੋਂ ਲੈ ਕੇ ਹੁਣ ਤੱਕ ਪੇਂਡੂ ਅੌਰਤਾਂ ਨੂੰ ਚੇਤਨਤਾ ਦਾ ਜਾਗ ਲਾਉਣ ਦਾ ਬੀੜਾ ਚੁੱਕਿਆ ਹੋਇਆ ਹੈ। ਦਿਨ ਤੇ ਰਾਤ ਉਸ ਲਈ ਇੱਕੋ ਹੈ। ਇੱਕੋ ਮਿਸ਼ਨ ਹੈ, ਤਬਦੀਲੀ ਦਾ ਪੁੜ ਘੁਮਾਉਣਾ। ਦੱਸਦੀ ਹੈ ਕਿ ਜਦੋਂ ਪੁੜ ਘੁੰਮੇਗਾ ਤਾਂ ਅੌਰਤ ਜਾਗੇਗੀ, ਅਰਜ਼ਾਂ ਕਰਨ ਵਾਲੇ ਹੱਥ ਫਿਰ ਮੁੱਕੇ ਬਣ ਜਾਣਗੇ। ਮੁਕਤੀ ਦਾ ਅਹਿਸਾਸ ਪੀੜਤ ਅੌਰਤਾਂ ਨੂੰ ਸੰਘਰਸ਼ੀ ਪਹੇ ਤੇ ਲੈ ਕੇ ਜਾਵੇਗਾ। ਖੋਟੇ ਭਾਗਾਂ ਦੀ ਥਾਂ ਉਹ ਹਕੂਮਤ ਨੂੰ ਕਟਹਿਰੇ ’ਚ ਖੜ੍ਹਾ ਕਰਨਗੀਆਂ। ਭਾਰਤੀ ਕਿਸਾਨ ਯੂਨੀਅਨ (ਉਗਰਾਹਾਂ) ਦੇ ਮਹਿਲਾ ਵਿੰਗ ਦੀ ਹਰਿੰਦਰ ਬਿੰਦੂ ਜ਼ਿਲ੍ਹਾ ਬਠਿੰਡਾ ਦੀ ਪ੍ਰਧਾਨ ਹੈ। ਜਦੋਂ ਸੰਘਰਸ਼ੀ ਇਕੱਠਾ ’ਚ ਉਹ ਬੋਲਦੀ ਹੈ ਤਾਂ ਸੁਣਨ ਵਾਲੀਆਂ ਅੌਰਤਾਂ ਦੇ ਅੰਦਰ ਲਾਵਾ ਫੁੱਟਣ ਲੱਗਦਾ ਹੈ। ਖ਼ੁਦਕੁਸ਼ੀ ਕਰਨ ਵਾਲੇ ਕਿਸਾਨਾਂ ਮਜ਼ਦੂਰਾਂ ਦੀਆਂ ਵਿਧਵਾਵਾਂ ਨੂੰ ਪਿੰਡ ਪਿੰਡ ਇਕੱਠਾ ਕਰਕੇ ਉਨ੍ਹਾਂ ਨੂੰ ਇੱਕ ਲੜੀ ’ਚ ਪਰੋਣ ਦਾ ਯਤਨ ਕਰਦੀ ਹੈ।
                  ਉਹ ਹੰਝੂਆਂ ਨੂੰ ਛੱਡ ਕੇ ਹਕੂਮਤਾਂ ਤੋਂ ਹੱਕ ਮੰਗਣ ਦੇ ਗੁਰ ਵੀ ਸਿਖਾਉਂਦੀ ਹੈ।  ਪੰਜਾਬ ਦੇ ਬਹੁਤੇ ਪਿੰਡਾਂ ਦੀ ਜੂਹ ਬਿੰਦੂ ਲਈ ਹੁਣ ਓਪਰੀ ਨਹੀਂ ਹੈ। ਫ਼ਰੀਦਕੋਟ ਦੇ ‘ਸਰੂਤੀ ਕਾਂਡ’ ’ਚ ਬਿੰਦੂ ਨੇ ਅੌਰਤਾਂ ਦੀ ਲਾਮਬੰਦੀ ਕੀਤੀ ਸੀ। ਕੋਈ ਥਾਣਾ ਤੇ ਕੋਈ ਜੇਲ੍ਹ ਉਸ ਲਈ ਡਰ ਨਹੀਂ ਬਣਦੀ। ਕਿਸਾਨ ਧਿਰ ਵੱਲੋਂ ਬਿੰਦੂ ਨੂੰ ਇੱਕ ਮਾਰੂਤੀ ਕਾਰ ਦਿੱਤੀ ਹੋਈ ਹੈ ਜਿਸ ਤੇ ਇੱਕ ਸਪੀਕਰ ਲੱਗਾ ਹੋਇਆ ਹੈ। ਵਰ੍ਹਿਆਂ ਤੋਂ ਉਹ ਖ਼ੁਦ ਕਾਰ ਚਲਾ ਕੇ ਪੇਂਡੂ ਪੰਜਾਬ ਦੇ ਹਰ ਗਲੀ ਮਹੱਲੇ ਘੁੰਮ ਰਹੀ ਹੈ। ਬਿੰਦੂ ਦੱਸਦੀ ਹੈ ਕਿ ਉਸ ਨੇ ਕਾਫ਼ੀ ਇਨਕਲਾਬੀ ਸਹਿਤ ਪੜ੍ਹਿਆ ਹੈ ਜਿਸ ਨੇ ਉਸ ਦੇ ਰਾਹ ਮੋਕਲੇ ਕੀਤੇ ਹਨ। ਪੁਲੀਸ ਦੇ ਲਾਠੀਚਾਰਜ ਵੀ ਬਿੰਦੂ ਨੇ ਝੱਲੇ ਹਨ। ਜਦੋਂ ਅੰਮ੍ਰਿਤਸਰ ਇੰਗਲੈਂਡ ਦੀ ਮਹਾਰਾਣੀ ਆਈ ਸੀ ਤਾਂ ਉਦੋਂ ਬਿੰਦੂ ਦਾ ਸਿੱਧਾ ਪੇਚਾ ਪੁਲੀਸ ਨਾਲ ਪਿਆ। ਪੁਲੀਸ ਵੱਲੋਂ ਵਿਰੋਧ ’ਚ ਵਰ੍ਹਾਈ ਡਾਂਗ ਬਿੰਦੂ ਨੇ ਆਪਣੇ ਹੱਥ ਵਿਚ ਫੜ ਲਈ। ਉਸ ਨੇ ਪੁਲੀਸ ਨੂੰ ਲਲਕਾਰ ਮਾਰੀ ‘ ਮਹਾਰਾਣੀ ਲਈ ਰੈੱਡ ਕਾਰਪੈਟ ਤੇ ਪੰਜਾਬ ਦੀਆਂ ਧੀਆਂ ਲਈ ਡਾਂਗਾਂ।’ ਮਾਹੌਲ ਬਿੰਦੂ ਦੇ ਪੱਖ ’ਚ ਹੋ ਗਿਆ।
                   ਚਾਰ ਭੈਣਾਂ ਤੇ ਇੱਕ ਭਰਾ ਦੀ ਭੈਣ ਬਿੰਦੂ ਕੋਲ ਜਜ਼ਬਾ ਹੈ ਜੋ ਜਬਰ ਅੱਗੇ ਲਿਫਣ ਨਹੀਂ ਦਿੰਦਾ। ਉਸ ਨੇ ਕਰੀਬ ਦੋ ਦਰਜਨ ਪੇਂਡੂ ਅੌਰਤਾਂ ਨੂੰ ਚੰਗੇ ਬੁਲਾਰੇ ਬਣਾ ਦਿੱਤਾ ਹੈ। ਇਸ ਤੋਂ ਬਿਨ੍ਹਾਂ ਅੌਰਤਾਂ ਦੇ ਘਰੇਲੂ ਮਸਲੇ ਜਦੋਂ ਪੰਚਾਇਤਾਂ ਤੋਂ ਅੜ ਜਾਂਦੇ ਹਨ ਤਾਂ ਬਿੰਦੂ ਉਨ੍ਹਾਂ ਦੀ ਤੰਦ ਵੀ ਸੁਲਝਾ ਦਿੰਦੀ ਹੈ। ਬਿੰਦੂ ਨੇ ਆਪਣਾ ਦਿਨ ਤੇ ਰਾਤ ਵੀ, ਲੋਕ ਲਹਿਰ ਦੇ ਲੇਖੇ ਲਾਈ ਹੈ। ਉਸ ਦਾ ਬੇਟਾ ਅਜੀਬ ਪੰਜਵੀਂ ਕਲਾਸ ’ਚ ਪੜ੍ਹ ਰਿਹਾ ਹੈ। ਕਿਸਾਨ ਤੇ ਮਜ਼ਦੂਰ ਧਿਰਾਂ ਨੇ ਜਦੋਂ ਪੁਲੀਸ ਨੂੰ ਪੋਲਾ ਪਾਉਣਾ ਹੁੰਦਾ ਹੈ ਤਾਂ ਅੌਰਤਾਂ ਬਿੰਦੂ ਦੀ ਅਗਵਾਈ ’ਚ ਢਾਲ ਬਣਦੀਆਂ ਹਨ।  ‘ਉਹ ਮਾਈ ਭਾਗੋ ਦੀਆਂ ਵਾਰਸ ਹਨ ਤੇ ਰਾਣੀ ਝਾਂਸੀ ਵੀ ਬਣਨਾ ਜਾਣਦੀਆਂ ਹਨ।’ ਭਾਸ਼ਣਾਂ ’ਚ ਜਦੋਂ ਬਿੰਦੂ ਇਹ ਹਵਾਲੇ ਦਿੰਦੀ ਹੈ ਤਾਂ ਜ਼ਿੰਦਾਬਾਦ ਦੇ ਨਾਅਰੇ ਗੂੰਜਦੇ ਹਨ। ਨਰਮਾ ਪੱਟੀ ਵਿਚ ਖ਼ੁਦਕੁਸ਼ੀ ਪੀੜਤ ਪ੍ਰਵਾਰਾਂ ਦੀਆਂ ਅੌਰਤਾਂ ਦੀ ਲਾਮਬੰਦੀ ’ਚ ਇਸ ਮਹਿਲਾ ਵਿੰਗ ਦਾ ਵੱਡਾ ਯੋਗਦਾਨ ਹੈ। ਉਹ ਆਖਦੀ ਹੈ ਕਿ ਅੌਰਤਾਂ ਨੂੰ ਘਰਾਂ ਦੀ ਚਾਰਦੀਵਾਰੀ ਚੋਂ ਕੱਢ ਕੇ ਸੰਘਰਸ਼ੀ ਗੁਰ ਸਿਖਾ ਕੇ ਉਨ੍ਹਾਂ ਨੂੰ ਆਪਣੀ ਮੁਕਤੀ ਦੀ ਜ਼ਿੰਦਗੀ ਜੀਣ ਸਿਖਾਉਣਾ, ਇੱਕੋ ਮਿਸ਼ਨ ਹੈ। ਪੇਂਡੂ ਅੌਰਤਾਂ ਦਾ ਬਿੰਦੂ ’ਤੇ ਵੱਡਾ ਭਰੋਸਾ, ਇਸ ਮਿਸ਼ਨ ਦੀ ਇੱਕ ਵੱਡੀ ਪ੍ਰਾਪਤੀ ਵੀ ਹੈ।



1 comment:

  1. ਬਹੁਤ ਵਧੀਆ ਬਿੰਦੁ ਜੀ

    ਭਾਵੇ ਸ਼ਿਵ ਸੇਨਾ ਵਾਲੇ ਵੀ ਠੁਗ ਹੀ ਹਨ ਪਰ ਉਨਾ ਦੇ ਮੈਗਜ਼ੀਨ ਵਿਚ ਉਨਾ ਨੇ bjp ਨੂ ਨਿਰਵ ਮੋਦੀ ਨਾਲ ਮਿਲੇ ਹੋਏ ਦਸਿਆ ਹੈ ਤੇ ਕਹਿਆ ਹੈ ਕਿ ਕਿਸਾਨ 500 ਰੁਪੇ ਪਿਛੇ ਆਤਮ ਹਤਿਆ ਕਰਦਾ ਹੈ ਆਵਦੀ ਜਮੀਨ ਵੀ ਗਵਾ ਲੈਂਦਾ ਹੈ ਤੇ ਨੀਰਵ ੧੧੦੦੦ ਕਰੋੜ ਲੈ ਕੇ ਭਜ ਗਿਆ ਵਿਦੇਸ਼ ਮੋਜ ਕਰਦਾ ਹੈ - bjp ਦਾ ਭਾਈਵਾਲ

    http://www.tribuneindia.com/news/nation/nirav-modi-helped-bjp-in-elections-shiv-sena/545455.html

    ReplyDelete