Thursday, March 1, 2018

                                                        ਸਰਕਾਰੀ ਦਗਾ
                          ਬਾਬਿਆਂ ਜ਼ਮੀਨ ਗੁਆਈ, ਪੋਤਿਆਂ ਗੁਆਈ ਚਾਕਰੀ
                                                       ਚਰਨਜੀਤ ਭੁੱਲਰ
ਬਠਿੰਡਾ : ਏਸ ਨੂੰ ਚੰਗਾ ਹੀ ਸਮਝੋ ਕਿ ਬਾਬਾ ਅਜਮੇਰ ਸਿੰਘ ਜਹਾਨੋਂ ਚਲਾ ਗਿਆ। ਕਿਤੇ ਹੁਣ ਮੰਜੇ ਤੇ ਬੈਠਾ ਹੁੰਦਾ ਤਾਂ ਮੁੜ ਜ਼ਖ਼ਮ ਹਰੇ ਹੋ ਜਾਣੇ ਸਨ। ਸਮੇਂ ਦੀਆਂ ਸਰਕਾਰਾਂ ਨੇ ਬਾਬੇ ਨਾਲ ਜੱਗੋਂ ਤੇਰ੍ਹਵੀਂ ਕੀਤੀ। ਉਂਜ, ਬਾਬੇ ਦੇ ਪੋਤੇ ਨਾਲ ਵੀ ਘੱਟ ਨਹੀਂ ਗੁਜ਼ਾਰੀ। ਜਦੋਂ ਬਠਿੰਡਾ ਥਰਮਲ ਲਈ ਜ਼ਮੀਨ ਐਕਵਾਇਰ ਹੋਈ ਤਾਂ ਬਾਬੇ ਅਜਮੇਰ ਸਿੰਘ ਤੋਂ ਸਾਰੀ ਦੀ ਸਾਰੀ 13 ਏਕੜ ਜ਼ਮੀਨ ਖੋਹ ਲਈ। ਬਦਲੇ ਵਿਚ ਮਿਲੇ ਸਿਰਫ਼ 55 ਹਜ਼ਾਰ ਰੁਪਏ। ਪੈਲ਼ੀਆਂ ਵਾਲਾ ਕਿਸਾਨ ਪਲਾਂ ਵਿਚ ਖ਼ਾਲੀ ਹੱਥ ਕਰ ਦਿੱਤਾ। ਉਦੋਂ ਬਾਬੇ ਨੇ ਥਰਮਲ ਦੀਆਂ ਚਿਮਨੀਆਂ ਚੋਂ ਧੂੰਆਂ ਨਿਕਲਦਾ ਦੇਖ ਕੇ ਦਿਲ ਨੂੰ ਢਾਰਸ ਦਿੱਤੀ ਕਿ ਚਲੋ, ਮਲੇ ਝਾੜੀਆਂ ਤਾਂ ਲਾਟੂ ਜਗਣ ਲੱਗੇ । ‘ਜਨਤਿਕ ਹਿਤਾਂ’ ਲਈ ਦਿੱਤੀ ਪੈਲੀ ਮਗਰੋਂ ਵਲਵਲੇ ਨੇ ਬਾਬੇ ਨੂੰ ਡੋਲਣ ਨਾ ਦਿੱਤਾ। ਉਦੋਂ ਦੀ ਹਕੂਮਤ ਨੇ ਸਰਦੇ ਪੁੱਜਦੇ ਕਿਸਾਨ ਅਜਮੇਰ ਸਿੰਘ ਨੂੰ ਸਿਰਫ਼ ਦਿਲਾਸੇ ਦਿੱਤੇ। ਅੱਜ ਕੈਪਟਨ ਹਕੂਮਤ ਨੇ ਇਸ ਬਾਬੇ ਦੇ ਪੋਤੇ ਜਸਵਿੰਦਰ ਸਿੰਘ ਤੋਂ ‘ਕੱਚੀ’ ਨੌਕਰੀ ਵੀ ਖੋਹ ਲਈ ਹੈ। ਉਹ ਆਖਦਾ ਹਾਂ ਕਿ ਬਾਬੇ ਤੋਂ ਜ਼ਮੀਨ ਖੋਹ ਲਈ ਤੇ ਮੈਥੋਂ ਕੱਚੀ ਨੌਕਰੀ।
                   ਜਸਵਿੰਦਰ ਦੱਸਦਾ ਹੈ ਕਿ ਜਦੋਂ ਸੁਰਤ ਸੰਭਲੀ ਸੀ ਉਦੋਂ ਸਭਨਾਂ ਨੂੰ ਮਾਣ ਨਾਲ ਦੱਸਦਾ ਹੁੰਦਾ ਸੀ ਕਿ ਬਾਬੇ ਦੀ ਪੈਲੀ ਨੇ ਥਰਮਲ ਨੂੰ ਭਾਗ ਲਾਏ ਹਨ। ਹੁਣ ਇਨ੍ਹਾਂ ਚਿਮਨੀਆਂ ਨੂੰ ਬੁਝਾ ਕੇ ਸਰਕਾਰਾਂ ਨੇ ਉਮੀਦਾਂ ਦੇ ਆਲ੍ਹਣੇ ਤੀਲ੍ਹਾ ਤੀਲ੍ਹਾ ਕਰ ਦਿੱਤੇ ਹਨ। ਉਹ ਆਖਦਾ ਹੈ ਕਿ ‘ਕੱਚੀ ਨੌਕਰੀ’ ਵੀ ਨਹੀਂ ਦੇਣੀ ਤਾਂ ਸਰਕਾਰ ਜ਼ਮੀਨ ਵਾਪਸ ਕਰ ਦੇਵੇ। ਅੱਜ ਇਸ ਪ੍ਰਵਾਰ ਕੋਲ ਕੋਈ ਜ਼ਮੀਨ ਨਹੀਂ ਅਤੇ ਸਰਕਾਰੀ ਦਗ਼ੇ ਤੋਂ ਇਹ ਪ੍ਰਵਾਰ ਖ਼ਫ਼ਾ ਹੈ। ਐਡਵੋਕੇਟ ਅਨਿਲ ਜੈਨ ਦੱਸਦੇ ਹਨ ਕਿ ਏਦਾ ਦੇ ਦਰਜਨਾਂ ਪ੍ਰਵਾਰ ਹਨ ਜਿਨ੍ਹਾਂ ਦੇ ਦਾਦਿਆਂ ਦੀ ਜ਼ਮੀਨ ਥਰਮਲ ਲਈ ਐਕਵਾਇਰ ਹੋਈ ਸੀ ਤੇ ਹੁਣ ਪੋਤਿਆਂ ਨੂੰ ‘ਕੱਚੀ ਨੌਕਰੀ’ ਤੋਂ ਵੀ ਹੱਥ ਧੋਣੇ ਪਏ ਹਨ। ਅਮਰਪੁਰਾ ਕੋਠੇ ਦੇ ਕਈ ਨੌਜਵਾਨ ਥਰਮਲ ਬੰਦੀ ਮਗਰੋਂ ਨੌਕਰੀ ਚਲੇ ਜਾਣ ਤੇ ਦਿਲ ਛੱਡ ਬੈਠੇ ਹਨ। ਸਿਵੀਆਂ ਦੇ ਇੱਕ ਨੌਜਵਾਨ ਨੇ ਕੱੁਝ ਸਮਾਂ ਥਰਮਲ ਵਿਚ ਪਹਿਲਾਂ ਕੰਮ ਕੀਤਾ ਸੀ ਜਿਸ ਨੂੰ ਮਗਰੋਂ ਕੰਮ ਤੋਂ ਜੁਆਬ ਦੇ ਦਿੱਤਾ ਜਦੋਂ ਕਿ ਉਸ ਦੇ ਬਾਬੇ ਨੇ ਥਰਮਲ ਲਈ ਜ਼ਮੀਨ ਦਿੱਤੀ ਸੀ।
                   ਵੇਰਵਿਆਂ ਅਨੁਸਾਰ ਬਠਿੰਡਾ ਥਰਮਲ ਤੇ ਰਿਹਾਇਸ਼ੀ ਕਲੋਨੀ ਲਈ ਸਾਲ 1968-69 ਵਿਚ ਕਈ ਪੜਾਵਾਂ ’ਚ ਕਰੀਬ 2200 ਏਕੜ ਜ਼ਮੀਨ ਐਕੁਆਇਰ ਕੀਤੀ ਗਈ ਸੀ।  ਪਿੰਡ ਸਿਵੀਆਂ,ਜੋਗਾਨੰਦ ਤੋਂ ਇਲਾਵਾ ਬਠਿੰਡਾ ਦੇ ਕੋਠੇ ਅਮਰਪੁਰਾ,ਕੋਠੇ ਸੁੱਚਾ ਸਿੰਘ, ਕੋਠੇ ਕਾਮੇਕੇ ਦੇ ਸੈਂਕੜੇ ਕਿਸਾਨਾਂ ਦੀ ਜ਼ਮੀਨ ਐਕੁਆਇਰ ਹੋਈ ਸੀ। ਜ਼ਮੀਨਾਂ ਤਾਂ ਲੈ ਲਈਆਂ ਸਨ ਪ੍ਰੰਤੂ ਇਨ੍ਹਾਂ ਪ੍ਰਵਾਰਾਂ ਨੂੰ ਨੌਕਰੀਆਂ ਨਹੀਂ ਦਿੱਤੀਆਂ ਸਨ। ਏਦਾ ਦੇ ਦਰਜਨਾਂ ‘ਕੱਚੇ ਕਾਮੇ’ ਵੀ ਹਨ ਜਿਨ੍ਹਾਂ ਪੂਰੀ ਜ਼ਿੰਦਗੀ ਇਸ ਥਰਮਲ ਦੇ ਲੇਖੇ ਲਾ ਦਿੱਤੀ। ਮਹਿਮਾ ਭਗਵਾਨਾ ਦੇ ਹਰਮੇਲ ਸਿੰਘ ਦੀ ਜ਼ਿੰਦਗੀ ਦਾ ਝੋਲਾ ਅੱਜ ਖ਼ਾਲੀ ਹੈ। ਉਹ ਕਰੀਬ 20 ਵਰ੍ਹਿਆਂ ਤੋਂ ਥਰਮਲ ਵਿਚ ਤਾਇਨਾਤ ਸੀ। ਆਖਦਾ ਹੈ ਕਿ ਜ਼ਿੰਦਗੀ ਦੇ ਅਹਿਮ ਪਲ ਇਸ ਥਰਮਲ ਵਿਚ ਲਾ ਦਿੱਤੇ। ਹੁਣ ਜ਼ਿੰਦਗੀ ਦੀ ਆਖ਼ਰੀ ਮੋੜ ’ਤੇ ਥਰਮਲ ਨੇ ਪੱਲਾ ਝਾੜ ਲਿਆ ਹੈ। ਦਰ ਦਰ ਝੋਲੀ ਅੱਡਣ ਤੋਂ ਬਿਨਾਂ ਕੋਈ ਗੁਜ਼ਾਰਾ ਨਹੀਂ। ਰਾਮਚਰਨ ਸਵੀਪਰ ਆਪਣੇ ਸਿਰ ਦੇ ਚਿੱਟੇ ਵਾਲ ਦਿਖਾਉਂਦਾ ਹੈ।
                  ਆਖਦਾ ਹੈ ਕਿ 20 ਸਾਲ ਤੋਂ ਥਰਮਲ ਵਿਚ ਸਾਫ਼ ਸਫ਼ਾਈ ਕੀਤੀ। ਛੇ ਮਹੀਨੇ ਪਹਿਲਾਂ ਪਤਨੀ ਦੀ ਮੌਤ ਹੋ ਗਈ । ਉਹ ਆਖਦਾ ਹੈ ਕਿ ਹੁਣ ਸਰਕਾਰ ‘ਨਾਢੂ ਖਾਂ’ ਬਣ ਕੇ ਬੈਠ ਗਈ। ਤਾਹੀਓ ਸੜਕ ਤੇ ਬੈਠਣਾ ਪਿਆ ਹੈ। ਲਛਮਣ ਦਾਸ ਨੇ 30 ਰੁਪਏ ਤੋਂ ਥਰਮਲ ’ਚ ਨੌਕਰੀ ਸ਼ੁਰੂ ਕੀਤੀ। 22 ਵਰ੍ਹਿਆਂ ਮਗਰੋਂ ਉਸ ਨੂੰ ਹੁਣ ਛੇ ਹਜ਼ਾਰ ਮਿਲਣ ਲੱਗੇ ਸਨ। ਥਰਮਲ ’ਚ ਕੰਮ ਕਰਦੇ ਕਰਦੇ ਅੱਧੋਰਾਣੇ ਹੋ ਗਏ। ਜ਼ਿੰਦਗੀ ਦੇ ਆਖ਼ਰੀ ਪੜਾਅ ’ਤੇ ਹੁਣ ਸਰਕਾਰ ਨਾਲ ਮੜਿੱਕਣਾ ਪੈ ਗਿਆ ਹੈ। ਉਹ ਆਖਦਾ ਹੈ ਕਿ ਸੰਘਰਸ਼ੀ ਧੂੰਆਂ ਹੀ ਸਰਕਾਰਾਂ ਲਈ ਅੱਗ ਬਣੇਗਾ। ਮਹਿਮਾ ਸਰਜਾ ਦਾ ਦਰਸ਼ਨ ਸਿੰਘ ਦੱਸਦਾ ਹੈ ਕਿ ‘ਕੱਚੀ ਨੌਕਰੀ’ ਚਲੇ ਜਾਣ ਮਗਰੋਂ ਅੱਜ ਪਾਵਰਕੌਮ ਵਾਲਿਆਂ ਨੇ ਉਸ ਦਾ ਬਿਜਲੀ ਦਾ ਮੀਟਰ ਵੀ ਪੁੱਟ ਲਿਆ ਹੈ। ਬਿਜਲੀ ਬਿੱਲ ਭਰਨ ਜੋਗੇ ਪੈਸੇ ਨਹੀਂ ਹਨ। ਉਹ ਆਖਦਾ ਹੈ ਕਿ ਪੂਰੇ ਜ਼ਿੰਦਗੀ ਲੋਕਾਂ ਦੇ ਘਰਾਂ ਨੂੰ ਰੌਸ਼ਨ ਕਰਦੇ ਰਹੇ ਜਦੋਂ ਕਿ ਹੁਣ ਉਨ੍ਹਾਂ ਦੇ ਖ਼ੁਦ ਦੇ ਹਿੱਸੇ ਨ੍ਹੇਰਾ ਹੀ ਆਇਆ।
                 ਇਨ੍ਹਾਂ ਕੱਚੇ ਕਾਮਿਆਂ ਦੇ ਦੁੱਖਾਂ ਦੀ ਕੋਈ ਅਖੀਰ ਨਹੀਂ। ਕੈਪਟਨ ਸਰਕਾਰ ਨੇ ਥਰਮਲ ਬੰਦੀ ਦਾ ਫ਼ੈਸਲਾ ਕਰਕੇ ਮਾਹੌਲ ਨੂੰ ਤਪਾ ਦਿੱਤਾ ਹੈ। ਹਕੂਮਤ ਅੱਗੇ ਲਿਫਣ ਦੀ ਥਾਂ ਇਨ੍ਹਾਂ ਕਾਮਿਆਂ ਨੇ ਸੰਘਰਸ਼ੀ ਲਹਿਰ ਨਾਲ ਟੋਚਣ ਪਾ ਲਿਆ ਹੈ। ਤਾਹੀਓ ਹੁਣ ਇਹ ਕਾਮੇ ਪੂਰੇ ਦੋ ਮਹੀਨਿਆਂ ਤੋਂ ਇੱਥੋਂ ਦੇ ਸਕੱਤਰੇਤ ਅੱਗੇ ‘ਪੱਕਾ ਮੋਰਚਾ’ ਲਾਈ ਬੈਠੇ ਹਨ। ਸਰਕਾਰ ਕਾਮਿਆਂ ਦੇ ਮਨ ਬੁੱਝਣ ਦੀ ਥਾਂ ਇਨ੍ਹਾਂ ਦੀ ਅਣਦੇਖੀ ਦੇ ਰਾਹ ਪਈ ਹੈ। ਕੈਪਟਨ ਹਕੂਮਤ ਨੇ ਇਨ੍ਹਾਂ ਕਾਮਿਆਂ ਨੂੰ ਬਸੰਤ ਰੁੱਤੇ ਪਤਝੜ ਦਿਖਾ ਦਿੱਤੀ ਹੈ। ਪਹਿਲੀ ਜਨਵਰੀ ਤੋਂ ਇਹ ਮੁਲਾਜ਼ਮ ਸੰਘਰਸ਼ ਵਿਚ ਕੁੱਦੇ ਹੋਏ ਹਨ ਤੇ ਦਿਨ ਰਾਤ ਇਨ੍ਹਾਂ ਦਾ ਸੰਘਰਸ਼ ਚੱਲ ਰਿਹਾ ਹੈ। ਨਵੇਂ ਸਾਲ ਦੀ ਸ਼ੁਰੂਆਤ ਹੀ ਸੰਘਰਸ਼ੀ ਟੈਂਟ ਲਾਉਣ ਨਾਲ ਹੋਈ। ਲੋਹੜੀ ਵੀ ਸੰਘਰਸ਼ ਵਿਚ ਲੰਘੀ ਤੇ ਬਸੰਤ ਰੁੱਤ ਵੀ ਏਦਾ ਹੀ ਕੱਢ ਦਿੱਤੀ। ਹੁਣ ਹੋਲੀ ਦੇ ਰੰਗਾਂ ਤੋਂ ਵੀ ਇਨ੍ਹਾਂ ਨੂੰ ਉਮੀਦ ਨਹੀਂ। ਥਰਮਲਜ਼ ਕੰਟਰੈਕਟਰ ਵਰਕਰਜ਼ ਕੋਆਰਡੀਨੇਸ਼ਨ ਕਮੇਟੀ ਦੇ ਰਜਿੰਦਰ ਢਿਲੋਂ ਤੇ ਵਿਜੇ ਕੁਮਾਰ ਨੇ ਆਖਿਆ ਕਿ ਬਿਨਾਂ ਕੁੱਝ ਪ੍ਰਾਪਤੀ ਤੋਂ ਨਾ ਹਿੱਲਣ ਦਾ ਪ੍ਰਣ ਹੈ, ਚਾਹੇ ਕਿੰਨੇ ਹੀ ਤਿਉਹਾਰ ਸੜਕਾਂ ਤੇ ਕੱਢਣ ਪੈਣ।
                 ਜ਼ਿੰਦਗੀ ਸ਼ਰੀਕ ਬਣ ਗਈ
ਬਠਿੰਡਾ ਥਰਮਲ ਦੇ ‘ਕੱਚੇ ਕਾਮੇ’ ਹੁਣ ਦਿਨੇ ਸੰਘਰਸ਼ ਕਰਦੇ ਹਨ ਤੇ ਰਾਤਾਂ ਨੂੰ ਜ਼ਿੰਦਗੀ ਤੋਰਨ ਲਈ ਸੰਘਰਸ਼ ਕਰਦੇ ਹਨ। ਰਾਜ ਕੁਮਾਰ ਰਾਤ ਨੂੰ ਚੌਕੀਦਾਰੀ ਕਰਨ ਲੱਗਾ ਹੈ ਅਤੇ ਦਿਨੇ ਉਹ ਸੰਘਰਸ਼ ਵਿਚ ਕੁੱਦਦਾ ਹੈ। ਕਾਮਾ ਰਵੀ ਰਾਤ ਨੂੰ ਰੇਹੜੀ ਲਾਉਂਦਾ ਹੈ ਤੇ ਦਿਨੇ ਸੰਘਰਸ਼ ਤਪਾਉਂਦਾ ਹੈ। ਇਵੇਂ ਰਾਜੇਸ਼ ਕੁਮਾਰ ਇਕੱਲੀ ਨੌਕਰੀ ਨਹੀਂ, ਆਪਣੀ ਮਾਂ ਵੀ ਗੁਆ ਬੈਠਾ ਹੈ ਜੋ ਰਾਤ ਨੂੰ ਇੱਕ ਰੇਹੜੀ ਤੇ ਮਜ਼ਦੂਰੀ ਕਰਦਾ ਹੈ। ਨਿਰਮਲ ਸਿੰਘ ਰਾਤ ਵਕਤ ਕਿਰਾਏ ਤੇ ਲੈ ਕੇ ਆਟੋ ਰਿਕਸ਼ਾ ਚਲਾਉਣ ਲੱਗਾ ਹੈ ਤੇ ਦਿਨ ਵੇਲੇ ਉਹ ਰੋਸ ਮਾਰਚਾਂ ਵਿਚ ਸ਼ਾਮਿਲ ਹੁੰਦਾ ਹੈ। ਜ਼ਿੰਦਗੀ ਦਾ ਤੋਰਾ ਤੋਰਨ ਲਈ ਇਹ ਕਾਮੇ ਪਾਪੜ ਵੇਲ ਰਹੇ ਹਨ।
                         

1 comment:

  1. ਬਾਈ ਜੀ ਸਾਰੇ ਰਲ ਕੇ ਇਨਾ ਦੀ ਜ਼ਮੀਨ ਇਨਾ ਨੂ ਵਾਪਸ ਦਵਾਓ, ਕਿਤੇ ਹਾਕਮ ਇਸ ਤਰਾ ਕਿਸਾਨਾ ਤੋ industry ਦੇ ਬਹਾਨੇ ਖੋ ਕੇ ਅਪਨੇ ਖ਼ਜ਼ਾਨੇ ਵਿਚ ਨਾ ਪਾ ਲਵੇ. ਗੁਰੂ ਤੇ ਅਪਨੇ ਪੁਰਖਿਆ ਨੇ ਕੁਰਬਾਨੀਆ ਕਿਓ ਦਿਤੀਆ ਸੀ. ਮਨਪ੍ਰੀਤ ਸਰਮ ਨਾਲ ਮਰ ਜਾਵੇ, ਆਪ ਤੇ ਭਗਵੰਤ ਮਾਨ ਇਨਾ ਦੀ ਮਦਦ ਕਰੇ

    ReplyDelete