Thursday, March 8, 2018

                       ਬਠਿੰਡਾ ਰਿਫ਼ਾਈਨਰੀ 
 ਐਤਵਾਰ ਨੂੰ ਰੇਲ ਰਸਤੇ ਪੁੱਜੇਗਾ ਰੇਤਾ ਬਜਰੀ
                         ਚਰਨਜੀਤ ਭੁੱਲਰ
ਬਠਿੰਡਾ :  ਬਠਿੰਡਾ ਰਿਫ਼ਾਈਨਰੀ ਵਿਚ ਪਹਿਲੀ ਦਫ਼ਾ ਰੇਤਾ ਬਜਰੀ ਰੇਲ ਰਸਤੇ ਪੁੱਜੇਗਾ ਅਤੇ ਰਿਫ਼ਾਈਨਰੀ ਪ੍ਰਬੰਧਕਾਂ ਨੇ ਇਸ ਰੇਲ ਰੈਕ ਨੂੰ ਅਣਲੋਡ ਕਰਨ ਲਈ ਤਿਆਰੀ ਵਿੱਢ ਦਿੱਤੀ ਹੈ। ਹਾਲਾਂਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ‘ਗੁੰਡਾ ਟੈਕਸ’ ਨੂੰ ਨਕੇਲ ਪਾਉਣ ਲਈ ਪੁਲੀਸ ਅਫ਼ਸਰਾਂ ਨੂੰ ਖੁੱਲ੍ਹੇ ਹੁਕਮ ਕੀਤੇ ਹਨ ਪ੍ਰੰਤੂ ਇਸ ਦੇ ਬਾਵਜੂਦ ਰਿਫ਼ਾਈਨਰੀ ਪ੍ਰਬੰਧਕਾਂ ਨੇ ਰੇਲ ਰਸਤੇ ਰੇਤਾ ਬਜਰੀ ਮੰਗਵਾਉਣ ਦਾ ਫ਼ੈਸਲਾ ਕਰ ਲਿਆ ਹੈ। ਅਹਿਮ ਸੂਤਰਾਂ ਅਨੁਸਾਰ ਰਿਫ਼ਾਈਨਰੀ ਅੰਦਰ ਐਤਵਾਰ ਵਾਲੇ ਦਿਨ ਰੇਤਾ ਬਜਰੀ ਪੁੱਜਣ ਦੀ ਸੰਭਾਵਨਾ ਹੈ। ਇੰਜ ਜਾਪਦਾ ਹੈ ਕਿ ਕੇਂਦਰ ਸਰਕਾਰ ਨੇ ਅਸਿੱਧੇ ਢੰਗ ਨਾਲ ਕੈਪਟਨ ਹਕੂਮਤ ਨੂੰ ਇੱਕ ਸਿਆਸੀ ਝਟਕਾ ਦੇਣ ਦੀ ਕੋਸ਼ਿਸ਼ ਕੀਤੀ ਹੋਵੇ। ਪੰਜਾਬੀ ਟ੍ਰਿਬਿਊਨ ਵੱਲੋਂ 21 ਫਰਵਰੀ ਨੂੰ ਰੇਤ ਬਜਰੀ ਰੇਲ ਰਸਤੇ ਮੰਗਵਾਏ ਜਾਣ ਦੀ ਪ੍ਰਮੁੱਖਤਾ ਨਾਲ ਖ਼ਬਰ ਪ੍ਰਕਾਸ਼ਿਤ ਕੀਤੀ ਸੀ। ਹੁਣ ਰਿਫ਼ਾਈਨਰੀ ਪ੍ਰਬੰਧਕਾਂ ਨੇ ਰੇਤਾ ਬਜਰੀ ਦੇ ਰੇਲ ਰੈਕ ਨੂੰ ਅਣਲੋਡ ਅਤੇ ਸ਼ਿਫ਼ਟ ਕਰਾਉਣ ਲਈ ਪ੍ਰਾਈਵੇਟ ਕੰਪਨੀਆਂ ਤੋਂ ਕੁਟੇਸ਼ਨਾਂ ਮੰਗ ਲਈਆਂ ਹਨ ਜਿਨ੍ਹਾਂ ਦੀ ਆਖ਼ਰੀ ਤਰੀਕ 7 ਮਾਰਚ ਸੀ।
                    ਪ੍ਰਬੰਧਕਾਂ ਨੇ ਪੱਤਰ ਵਿਚ ਰੇਲ ਰੈਕ ਰਿਫ਼ਾਈਨਰੀ ਦੇ ਅੰਦਰ ਅਤੇ ਬਾਹਰ ਅਣਲੋਡ ਕਰਨ ਦੀ ਗੱਲ ਆਖੀ ਹੈ। ਅਹਿਮ ਸੂਤਰ ਦੱਸਦੇ ਹਨ ਕਿ ਐਤਵਾਰ ਵਾਲੇ ਦਿਨ ਰੇਤਾ ਬਜਰੀ ਦਾ ਪਹਿਲਾ ਰੈਕ ਪੁੱਜਣ ਦੀ ਸੰਭਾਵਨਾ ਹੈ। ਇੱਕੋ ਰੇਲ ਰੈਕ ਵਿਚ ਕਰੀਬ 100 ਟਰੱਕਾਂ ਦਾ ਮਾਲ ਆ ਜਾਵੇਗਾ। ਰੇਲ ਰਸਤੇ ਰੇਤਾ ਬਜਰੀ ਮਹਿੰਗਾ ਪਵੇਗਾ ਜਾਂ ਸਸਤਾ, ਇਹ ਵੱਖਰਾ ਮਾਮਲਾ ਹੈ ਪ੍ਰੰਤੂ ਇਹ ਮੌਜੂਦਾ ਕੈਪਟਨ ਹਕੂਮਤ ਨੂੰ ਸਿਆਸੀ ਤੌਰ ਤੇ ਜਰੂਰ ਢਾਹ ਲਾਏਗਾ। ਵੇਰਵਿਆਂ ਅਨੁਸਾਰ ਪਿਛਲੇ ਇੱਕ ਹਫ਼ਤੇ ਤੋਂ ਰਿਫ਼ਾਈਨਰੀ ਕੋਲ ਕਿਸੇ ਵੀ ਤਰ੍ਹਾਂ ਦਾ ਗੁੰਡਾ ਟੈਕਸ ਨਹੀਂ ਹੈ ਅਤੇ ਪੁਲੀਸ ਅਧਿਕਾਰੀ ਇਸ ਮਾਮਲੇ ਤੇ ਕਾਫ਼ੀ ਸਖ਼ਤ ਹੋਏ ਹਨ। ਜਦੋਂ ਹੁਣ ਸਭ ਕੱੁਝ ਸ਼ਾਂਤ ਹੋ ਗਿਆ ਹੈ ਤਾਂ ਰਿਫ਼ਾਈਨਰੀ ਪ੍ਰਬੰਧਕਾਂ ਨੇ ਰੇਲ ਰਸਤੇ ਰੇਤਾ ਬਜਰੀ ਮੰਗਵਾਉਣ ਲਈ ਕਿਸ ਨਜ਼ਰੀਏ ਤੋਂ ਫ਼ੈਸਲਾ ਕੀਤਾ ਹੈ।
               ਸੂਤਰ ਦੱਸਦੇ ਹਨ ਕਿ ਕੇਂਦਰ ਸਰਕਾਰ ਚਾਹੁੰਦੀ ਹੈ ਕਿ ਰੇਤਾ ਬਜਰੀ ਦੇ ਮਾਮਲੇ ਵਿਚ ਮੌਜੂਦਾ ਕਾਂਗਰਸ ਸਰਕਾਰ ਨੂੰ ਸਿਆਸੀ ਸੇਕ ਲਾਇਆ ਜਾਵੇ। ਰਿਫ਼ਾਈਨਰੀ ਪ੍ਰਬੰਧਕਾਂ ਦੀ ਤਰਜੀਹ ਮੌਜੂਦਾ ਰਾਜ ਸਰਕਾਰ ਨਾਲੋਂ ਕੇਂਦਰ ਸਰਕਾਰ ਹੈ। ਹੋ ਸਕਦਾ ਹੈ ਕਿ ਕੇਂਦਰੀ ਦਬਾਓ ਮਗਰੋਂ ਹੀ ਰੇਲ ਰੈਕ ਮੰਗਵਾਏ ਜਾਣ ਦਾ ਫ਼ੈਸਲਾ ਕੀਤਾ ਗਿਆ ਹੋਵੇ।  ਦੱਸਣਯੋਗ ਹੈ ਕਿ ਅਕਾਲੀ ਹਕੂਮਤ ਵੇਲੇ ਵੀ ਰੇਤਾ ਬਜਰੀ ਰੇਲ ਰਸਤੇ ਮੰਗਵਾਏ ਜਾਣ ਦੀ ਨੌਬਤ ਨਹੀਂ ਆਈ ਸੀ। ਕੈਪਟਨ ਸਰਕਾਰ ਦੇ ਕੱੁਝ ਚੌਧਰੀਆਂ ਨੇ ਆਪਣੇ ਘਰ ਭਰਨ ਲਈ ਸਰਕਾਰ ਦੇ ਅਕਸ ਨੂੰ ਦਾਅ ਤੇ ਲਾਈ ਰੱਖਿਆ ਜੋ ਬਦਨਾਮੀ ਦਾ ਕਾਰਨ ਬਣਿਆ। ਰਿਫ਼ਾਈਨਰੀ ਅੰਦਰ ਪੈਟਰੋ ਕੈਮੀਕਲ ਪ੍ਰੋਜੈਕਟ ਦੀ ਉਸਾਰੀ ਦਾ ਕੰਮ ਸ਼ੁਰੂ ਹੋ ਚੁੱਕਾ ਹੈ।
                ਰੇਲ ਰਸਤੇ ਰੇਤਾ ਬਜਰੀ ਕਿਥੋਂ ਮੰਗਵਾਇਆ ਜਾ ਰਿਹਾ ਹੈ, ਇਸ ਦੀ ਭਿਣਕ ਨਹੀਂ ਲੱਗ ਸਕੀ ਹੈ। ਪੰਜਾਬ ਦੇ ਟਰਾਂਸਪੋਰਟਰਾਂ ਨੂੰ ਰੇਲ ਰਸਤੇ ਕੱਚਾ ਮਾਲ ਮੰਗਵਾਉਣ ਦਾ ਫੈਸਲਾ ਕਾਫ਼ੀ ਢਾਹ ਲਾਉਣ ਵਾਲਾ ਹੈ। ਸੈਂਕੜੇ ਟਰੱਕ ਮਾਲਕਾਂ ਤੋਂ ਕੰਮ ਖੱੁਸ ਜਾਵੇਗਾ। ਦੱਸਣਯੋਗ ਹੈ ਕਿ ਮੁੱਖ ਮੰਤਰੀ ਨੇ ਬੀਤੇ ਕੱਲ੍ਹ ਹਵਾਈ ਸਰਵੇਖਣ ਕਰਕੇ ਗ਼ੈਰਕਾਨੂੰਨੀ ਮਾਈਨਿੰਗ ਨੂੰ ਰੋਕਣ ਦਾ ਸਖ਼ਤ ਸੁਨੇਹਾ ਦਿੱਤਾ ਹੈ। ਪੈਟਰੋ ਕੈਮੀਕਲ ਪ੍ਰੋਜੈਕਟ ਦੇ ਉਸਾਰੀ ਅਧਿਕਾਰੀ ਸੁੱਚਾ ਸਿੰਘ ਨਾਲ ਜਦੋਂ ਗੱਲ ਕਰਨੀ ਚਾਹੀ ਤਾਂ ਉਨ੍ਹਾਂ ਮੀਟਿੰਗ ਵਿਚ ਹੋਣ ਦੀ ਗੱਲ ਆਖੀ।


No comments:

Post a Comment