Wednesday, February 28, 2018

                                                         ਕਿਧਰ ਜਾਈਏ..
                     ਜ਼ਿੰਦਗੀ ਦਾ ਖੇੜਾ ਮੁੱਕਿਆ, ਡੇਰੇ ਦੁੱਖਾਂ ਨੇ ਵਿਹੜੇ ਵਿਚ ਲਾਏ
                                                          ਚਰਨਜੀਤ ਭੁੱਲਰ
ਬਠਿੰਡਾ : ਬਠਿੰਡਾ ’ਚ ‘ਪੱਕੇ ਮੋਰਚੇ’ ਚੋਂ ਨਿੱਤ ਇਹੋ ਗੂੰਜ ਉੱਠਦੀ ਹੈ, ‘ਨਾ ਖੋਹ ਨੌਕਰੀ,ਅਸੀਂ ਨੀ ਪੱਕੇ, ਸਾਡੇ ਪੱਲੇ ਨਾ ਪਾ ਧੱਕੇ’। 58 ਦਿਨਾਂ ਮਗਰੋਂ ਵੀ ਇਹ ਗੂੰਜ ਸਰਕਾਰੀ ਦਰਬਾਰ ਨੂੰ ਨਹੀਂ ਸੁਣੀ। ਨਾਅਰੇ ਮਾਰਨ ਵਾਲੇ ਕਿਸੇ ਹੱਥ ’ਚ ਡਿਪਲੋਮਾ ਹੈ ਤੇ ਕਿਸੇ ਹੱਥ ’ਚ ਡਿਗਰੀ। ਸਭਨਾਂ ਕੋਲ ਜਜ਼ਬਾ ਹੈ, ਯੋਗਤਾ ਹੈ, ਜੋਸ਼ ਦੀ ਕੋਈ ਕਮੀ ਨਹੀਂ, ਇੱਕੋ ਮਲਾਲ ਹੈ ਕਿ ਬਠਿੰਡਾ ਥਰਮਲ ਦੇ ਝਟਕੇ ਨੇ ਜ਼ਿੰਦਗੀ ਦਾ ਖੇੜਾ ਉਜਾੜ ਦਿੱਤਾ ਹੈ। ਦੂਸਰੇ ਬੰਨੇ੍ਹ ਪੰਜਾਬ ’ਚ ਅੱਜ ਕੱਲ੍ਹ ਕਈ ਸ਼ਹਿਰਾਂ ’ਚ ਸਰਕਾਰੀ ਤੰਬੂ ਲੱਗੇ ਹੋਏ ਹਨ ਜਿਨ੍ਹਾਂ ’ਤੇ ‘ਨੌਕਰੀ ਮੇਲਾ’ ਦੇ ਬੈਨਰ ਸਜੇ ਹੋਏ ਹਨ। ਖ਼ਜ਼ਾਨਾ ਮੰਤਰੀ ਮਨਪ੍ਰੀਤ ਬਾਦਲ ਆਖਦੇ ਹਨ ‘ਇੱਕੋ ਵਰੇ੍ਹ ’ਚ 35 ਹਜ਼ਾਰ ਨੂੰ ਨੌਕਰੀ ਦੇਵਾਂਗੇ’। ਪਹਿਲੀ ਜਨਵਰੀ ਤੋਂ ਇੱਥੇ ਸਕੱਤਰੇਤ ਅੱਗੇ ਮੋਰਚੇ ’ਚ ਡਟੇ ਨੌਜਵਾਨ ਭੰਬਲਭੂਸੇ ’ਚ ਹਨ। ਦਰਜਨਾਂ ਨੌਜਵਾਨ ਕਦੇ ਬੰਦ ਕੀਤੇ ਥਰਮਲ ਵੱਲ ਵੇਖਦੇ ਹਨ ਤੇ ਕਦੇ ‘ਨੌਕਰੀ ਮੇਲੇ’ ਦੇ ਸਜੇ ਸਟਾਲਾਂ ਵੱਲ। ਤਾਂਹੀਓਂ, ਲੀਡਰਾਂ ਦਾ ਖੇਡ ਤਮਾਸ਼ਾ ਉਨ੍ਹਾਂ ਦੀ ਸਮਝੋਂ ਬਾਹਰ ਹੈ। ਬਠਿੰਡਾ ਥਰਮਲ ਦੀ ਬੰਦੀ ਨੇ 635 ਕੱਚੇ ਕਾਮਿਆਂ ਦੇ ਰੁਜ਼ਗਾਰ ਨੂੰ ਸੱਟ ਮਾਰੀ ਹੈ ਜੋ ਹੁਣ ਸੜਕਾਂ ਤੇ ਉੱਤਰੇ ਹੋਏ ਹਨ।
                     ਬਠਿੰਡਾ ਦੇ ਆਦਰਸ਼ ਨਗਰ ਦੇ ਰਵਿੰਦਰ ਸਿੰਘ ਕੋਲ 75 ਫ਼ੀਸਦੀ ਅੰਕਾਂ ਨਾਲ ਇਲੈਕਟ੍ਰੀਕਲ ਦੀ ਡਿਗਰੀ ਹੈ ਜੋ ਢਾਈ ਵਰ੍ਹਿਆਂ ਤੋਂ ਥਰਮਲ ’ਚ ਮਹਿਜ਼ 6500 ਰੁਪਏ ਦਾ ਨੌਕਰੀ ਕਰ ਰਿਹਾ ਸੀ। ਜਦੋਂ ਉਸ ਦੇ ਘਰ ਢਾਈ ਮਹੀਨੇ ਪਹਿਲਾਂ ਬੇਟੇ ਗੁਰਫਤਹਿ ਸਿੰਘ ਨੇ ਜਨਮ ਲਿਆ ਤਾਂ ਉਸ ਨੂੰ ਸਾਰਾ ਜਹਾਨ ਮੁੱਠੀ ’ਚ ਜਾਪਿਆ। 15 ਦਿਨਾਂ ਪਿੱਛੋਂ ਥਰਮਲ ਬੰਦੀ ਦਾ ਸੁਨੇਹਾ ਆ ਗਿਆ, ਸਭ ਕੱੁਝ ਮੁੱਠੀ ਚੋਂ ਰੇਤ ਵਾਂਗ ਕਿਰ ਗਿਆ। ਡਿਗਰੀ ਹੋਲਡਰ ਰਵਿੰਦਰ ਸਿੰਘ ਸਰਕਾਰੀ ਨਜ਼ਰ ’ਚ ਥਰਮਲ ਦਾ ‘ਕੱਚਾ ਕਾਮਾ’ ਹੈ। ਗਿੱਲਪੱਤੀ ਦਾ ਗੁਰਜੀਤ ਸਿੰਘ ਡਿਪਲੋਮਾ ਹੋਲਡਰ ਹੈ ਤੇ ਡਿਗਰੀ ਕਰ ਰਿਹਾ ਹੈ। ਸਾਢੇ ਤਿੰਨ ਵਰ੍ਹਿਆਂ ਤੋਂ ਥਰਮਲ ’ਚ ਡਿਊਟੀ ਤੇ ਸੀ ਪਰ ਹੁਣ ਸੜਕ ਤੇ ਹੈ। ਨੌਕਰੀ ਬਚਾਉਣ ਲਈ ਨਾਅਰੇ ਵੀ ਮਾਰ ਰਿਹਾ ਹੈ ਤੇ ਨਾਲ ਹੀ ਉਸ ਨੇ ਆਈਲੈਟਸ ਦੀ ਤਿਆਰੀ ਸ਼ੁਰੂ ਕਰ ਦਿੱਤੀ ਹੈ। ਉਹ ਆਖਦਾ ਹੈ ਕਿ ਜਦੋਂ ਸਰਕਾਰ ਦੀ ਨੀਅਤ ’ਚ ਖੋਟ ਹੈ ਤਾਂ ਇੱਥੇ ਰਹਿਣ ਦਾ ਵੀ ਕੋਈ ਹੱਜ ਨਹੀਂ। ਉਹ ਵਿਦੇਸ਼ ਜਾਣ ਲਈ ਪਾਪੜ ਵੇਲਣ ਲੱਗਾ ਹੈ।
                  ਇਵੇਂ ਹੀ ਦਵਿੰਦਰ ਸਿੰਘ ਦੀ ਜ਼ਿੰਦਗੀ ਚੋਂ ਥਰਮਲ ਨੂੰ ਲੱਗੇ ਤਾਲੇ ਨੇ ਸਭ ਚੋਜ ਮੁੱਕਾ ਦਿੱਤੇ ਹਨ। ਉਹ 70 ਫ਼ੀਸਦੀ ਅੰਕਾਂ ਨਾਲ ਕੀਤੀ ਡਿਗਰੀ ਦਿਖਾਉਂਦਾ ਹੈ ਪ੍ਰੰਤੂ ਭਵਿੱਖ ਦਾ ਉਹ ਕੋਈ ਨਕਸ਼ਾ ਨਹੀਂ ਦਿਖਾ ਸਕਿਆ। ਆਖਦਾ ਹੈ ਕਿ ਇੱਕ ਦਫ਼ਾ ਸੜਕ ਤੇ ਆ ਗਏ ਹਾਂ, ਬਾਕੀ ਉਮੀਦ ਹਾਲੇ ਮਰੀ ਨਹੀਂ ਹੈ। ਇਹ ਨੌਜਵਾਨ ਵੀ ਹੁਣ ਵਿਦੇਸ਼ ਜਾਣ ਬਾਰੇ ਸੋਚਣ ਲੱਗਾ ਹੈ। ਇਨ੍ਹਾਂ ਨੌਜਵਾਨਾਂ ਦੇ ਹਿੱਸੇ ਤਾਂ ਥਰਮਲ ਦਾ ‘ਕੱਚਾ ਕਾਮਾ’ ਬਣਨਾ ਵੀ ਨਹੀਂ ਆਇਆ। ਅਬੋਹਰ ਦਾ ਸੁਨੀਲ ਕੁਮਾਰ ‘ਕੱਚਾ ਕਾਮਾ’ ਹੈ ਪ੍ਰੰਤੂ ਉਹ ਡਿਗਰੀ ਹੋਲਡਰ ਹੈ। ਸਭ ਉਸ ਨੂੰ ‘ਇੰਜੀਨੀਅਰ’ ਆਖਦੇ ਹਨ ਲੇਕਿਨ ਉਹ ‘ਕੱਚੀ ਨੌਕਰੀ’ ਬਚਾਉਣ ਲਈ 58 ਦਿਨਾਂ ਤੋਂ ਮੋਰਚੇ ’ਤੇ ਡਟਿਆ ਹੋਇਆ ਹੈ। ਸੁਨੀਲ ਕੁਮਾਰ ਨੇ ਦੱਸਿਆ ਕਿ ਉਸ ਨੇ ਹੁਣ ਹੋਰ ਪ੍ਰੀਖਿਆਵਾਂ ਦੀ ਤਿਆਰੀ ਵੀ ਸ਼ੁਰੂ ਕਰ ਦਿੱਤੀ ਹੈ। ਮਹਿਮਾ ਸਰਜਾ ਦਾ ਅਰਸ਼ਦੀਪ ਹੁਣ ਫ਼ਰਸ਼ ਤੇ ਹੈ ਜਿਸ ਕੋਲ 75 ਫ਼ੀਸਦੀ ਅੰਕਾਂ ਵਾਲੀ ਮਕੈਨੀਕਲ ਦੀ ਡਿਗਰੀ ਹੈ। ਉਹ ਆਖਦਾ ਹੈ ਕਿ ਥਰਮਲ ਚੋਂ 7500 ਰੁਪਏ ਤਨਖ਼ਾਹ ਮਿਲਦੀ ਸੀ। ਸਰਕਾਰ ਨੇ ਥਰਮਲ ਬੰਦ ਕਰਦੇ ਉਨ੍ਹਾਂ ਦੀ ਜ਼ਿੰਦਗੀ ਨੂੰ ਹਨੇਰ ਗੁਫ਼ਾ ’ਚ ਧੱਕ ਦਿੱਤਾ ਹੈ।
                   ਇਨ੍ਹਾਂ ਨੌਜਵਾਨਾਂ ਦੇ ਮਾਪੇ ਫ਼ਿਕਰਮੰਦ ਹਨ ਜਿਨ੍ਹਾਂ ਨੇ ਗੁਰਬਤਾਂ ਨਾਲ ਟੱਕਰ ਲੈ ਕੇ ਬੱਚੇ ਪੜਾਏ ਸਨ। ‘ਪੱਕੇ ਮੋਰਚੇ’ ’ਚ ਇਨ੍ਹਾਂ ਨੌਜਵਾਨਾਂ ਦੇ ਮਾਪੇ ਵੀ ਪੁੱਜਦੇ ਹਨ। ਕਿਸੇ ਦੀ ਮਾਂ, ਕਿਸੇ ਦੀ ਦਾਦੀ ਤੇ ਕਿਸੇ ਦੀ ਪਤਨੀ, ਲੋਕ ਤਾਕਤ ਦਾ ਹਿੱਸਾ ਬਣਦੀ ਹੈ। ਮਾਪੇ ਆਖਦੇ ਹਨ ਕਿ ਉਨ੍ਹਾਂ ਨੇ ਬੱਚੇ ਸੜਕਾਂ ਤੇ ਨਾਅਰੇ ਮਾਰਨ ਲਈ ਨਹੀਂ ਪੜਾਏ ਸਨ। ਸਭਨਾਂ ਦਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਇੱਕੋ ਮਿਹਣਾ ਸੀ, ‘ ਘਰ ਘਰ ਨੌਕਰੀ ਤਾਂ ਕੀ ਦੇਣੀ ਸੀ, ਜੋ ਕੱਚੀ ਪੱਕੀ ਸੀ, ਉਹ ਵੀ ਖੋਹ ਲਈ।’ ਉਨ੍ਹਾਂ ਆਖਿਆ ਕਿ ਖ਼ਜ਼ਾਨਾ ਮੰਤਰੀ ਦੀ ਜ਼ਮੀਰ ਤਾਂ ਗਿਰਗਿਟ ਵਾਂਗ ਜਾਪਦੀ ਹੈ, ਜਿਨ੍ਹਾਂ ਨੂੰ ਚੋਣਾਂ ਤੋਂ ਪਹਿਲਾਂ ਥਰਮਲ ਦਾ ਮੋਹ ਜਾਗਦਾ ਸੀ, ਕੁਰਸੀ ਮਿਲਣ ਮਗਰੋਂ ਮਨ ਨਿਰਮੋਹਾ ਹੋ ਗਿਆ। ਦਰਜਨਾਂ ਨੌਜਵਾਨਾਂ ਕੋਲ ਉੱਚ ਡਿਗਰੀਆਂ ਹਨ ਤੇ ਡਿਪਲੋਮੇ ਵੀ ਹਨ। ਠੇਕਾ ਮੁਲਾਜ਼ਮ ਯੂਨੀਅਨ ਦੇ ਆਗੂ ਵਿਜੇ ਕੁਮਾਰ ਦਾ ਕਹਿਣਾ ਸੀ ਕਿ ਸਰਕਾਰ ਨੇ ਫੋਕਾ ਹਾਅ ਦਾ ਨਾਅਰਾ ਵੀ ਨਹੀਂ ਮਾਰਿਆ।
                  ਰੁਜ਼ਗਾਰ ਦੇਣਾ ਤਾਂ ਕੀ ਸੀ, ਉਲਟਾ ਉਨ੍ਹਾਂ ਨੂੰ ਨੀਲੇ ਅਸਮਾਨ ਹੇਠ ਕਰ ਦਿੱਤਾ ਹੈ। ਉਹ ਆਖਦਾ ਕਿ ਸੰਘਰਸ਼ ਨੂੰ ਸੁੱਕਾ ਨਹੀਂ ਜਾਣ ਦਿਆਂਗੇ। ਮੁਲਾਜ਼ਮਾਂ ਤੋਂ ਰੋਟੀ ਖੋਹਣ ਵਾਲਿਆਂ ਦੇ ਮੂੰਹ ਵਿਚ ਰੋਟੀ ਕਿਵੇਂ ਫਲਾਉਣੀ ਹੈ, ਮੁਲਾਜ਼ਮਾਂ ਦਾ ਸਿਰੜੀ ਸੰਘਰਸ਼ ਜਲਦੀ ਦੱਸੇਗਾ।  ਦੱਸਣਯੋਗ ਹੈ ਕਿ ਸਰਕਾਰ ਨੇ ਬਠਿੰਡਾ ਥਰਮਲ ਵਿਚ ਕੰਮ ਕਰਦੇ ਪੱਕੇ ਮੁਲਾਜ਼ਮਾਂ ਦੇ ਤਬਾਦਲੇ ਕਰਨੇ ਸ਼ੁਰੂ ਕਰ ਦਿੱਤੇ ਹਨ ਜਿਨ੍ਹਾਂ ਚੋਂ ਕਾਫ਼ੀ ਲਹਿਰਾ ਮੁਹੱਬਤ ਵਿਖੇ ਜੁਆਇਨ ਵੀ ਕਰ ਗਏ ਹਨ। ਤਾਲਮੇਲ ਮੁਲਾਜ਼ਮ ਕਮੇਟੀ ਦੇ ਆਗੂ ਗੁਰਸੇਵਕ ਸਿੰਘ ਨੇ ਦੱਸਿਆ ਕਿ ਸਰਕਾਰ ਤੇ ਮੈਨੇਜਮੈਂਟ ਨੇ ਕੋਈ ਠੋਸ ਪੱਲਾ ਨਹੀਂ ਫੜਾਇਆ ਹੈ ਅਤੇ ਸਰਕਾਰ ਸਿਰਫ਼ ਪ੍ਰਾਈਵੇਟ ਕੰਪਨੀਆਂ ਦੇ ਮੁਨਾਫ਼ੇ ਖ਼ਾਤਰ ਮੁਲਾਜ਼ਮਾਂ ਦੇ ਹਿਤਾਂ ਨੂੰ ਦਾਅ ਤੇ ਲਾ ਰਹੀ ਹੈ। ਉਨ੍ਹਾਂ ਆਖਿਆ ਕਿ ਸੰਘਰਸ਼ ਜ਼ਰੂਰ ਰੰਗ ਲਿਆਏਗਾ।
                      ਦਾਨੀ ਸੱਜਣ ਅੱਗੇ ਆਏ
ਦਾਨੀ ਸੱਜਣਾਂ ਨੇ ਇਨ੍ਹਾਂ ਸੰਘਰਸ਼ੀ ਕਾਮਿਆਂ ਦੇ ਹੌਸਲੇ ਬੁਲੰਦ ਕੀਤੇ ਹੋਏ ਹਨ। ਬੀ.ਕੇ.ਯੂ ਦੇ ਆਗੂ ਸੁਰਮੁੱਖ ਸਿੰਘ ਨੇ ਬੀਤੇ ਕੱਲ੍ਹ ਪੰਜ ਬੋਰੀਆਂ ਆਲੂ ਇਕੱਠੇ ਕਰਕੇ ਇਸ ਮੋਰਚੇ ਦੇ ਲੰਗਰ ਵਾਸਤੇ ਭੇਜੇ ਹਨ । ਦਰਜਨਾਂ ਪਿੰਡਾਂ ਚੋਂ ਇਸ ਮੋਰਚੇ ਦੇ  ਲੰਗਰ ਵਿਚ ਦੁੱਧ ਅਤੇ ਸਬਜ਼ੀਆਂ ਵਗ਼ੈਰਾ ਰੋਜ਼ਾਨਾ ਆ ਰਹੀਆਂ ਹਨ। ਅੱਜ ਵੀ ਮੋਰਚੇ ਦੇ ਮੁਲਾਜ਼ਮ ਪਿੰਡਾਂ ਚੋ ਰਾਸ਼ਨ ਇਕੱਠਾ ਕਰਨ ਵਿਚ ਜੁਟੇ ਹੋਏ ਸਨ। ਸ਼ਹਿਰੀ ਵਪਾਰੀ ਵੀ ਇਨ੍ਹਾਂ ਮੁਲਾਜ਼ਮਾਂ ਦੀ ਹਮਾਇਤ ਵਿਚ ਤਿਲ ਫ਼ੁਲ ਮਦਦ ਕਰ ਰਹੇ ਹਨ।


No comments:

Post a Comment