Friday, February 16, 2018

                      ਗੁੰਡਾ ਟੈਕਸ   
   ਖ਼ੁਫੀਆ ਰਿਪੋਰਟ ਨੇ ਪਾਜ ਉਧੇੜੇ
                     ਚਰਨਜੀਤ ਭੁੱਲਰ
ਬਠਿੰਡਾ : ਪੰਜਾਬ ਪੁਲੀਸ ਦੀ ਖ਼ੁਫੀਆ ਰਿਪੋਰਟ ਨੇ ਬਠਿੰਡਾ ਰਿਫਾਈਨਰੀ ਦੇ ‘ਗੁੰਡਾ ਟੈਕਸ’ ਦੇ ਪਾਜ ਉਧੇੜ ਦਿੱਤੇ ਹਨ। ਖੁਫੀਆ ਰਿਪੋਰਟ ਨੇ ਇਸ ਮਾਮਲੇ ’ਚ ਹਾਕਮ ਧਿਰ ਦੇ ਤਿੰਨ ਵਿਧਾਇਕਾਂ ਅਤੇ ਇੱਕ ਪੁਲੀਸ ਅਫਸਰ ਨੂੰ ਕਟਹਿਰੇ ’ਚ ਖੜ੍ਹਾ ਕੀਤਾ ਹੈ। ਖੁਫੀਆ ਰਿਪੋਰਟ ਤੇ ਵਿਚਾਰ ਚਰਚਾ ਮਗਰੋਂ ਸਰਕਾਰ ਹਰਕਤ ਵਿਚ ਆ ਗਈ ਹੈ। ਉੱਚ ਪੁਲੀਸ ਅਫਸਰਾਂ ਨੇ ਅੱਜ ਇਸ ਰਿਪੋਰਟ ਨੂੰ ਅੰਤਿਮ ਛੋਹ ਦੇ ਦਿੱਤੀ ਸੀ। ਪੰਜਾਬੀ ਟ੍ਰਿਬਿਊਨ ਤਰਫੋਂ ਗੁੰਡਾ ਟੈਕਸ ਮਾਮਲੇ ਨੂੰ ਪ੍ਰਮੁਖਤਾ ਨਾਲ ਉਭਾਰਿਆ ਗਿਆ ਸੀ। ਉਸ ਮਗਰੋਂ ਸਰਕਾਰ ਨੇ ਖੁਫੀਆ ਰਿਪੋਰਟ ਮੰਗੀ ਸੀ।  ਅਹਿਮ ਸੂਤਰਾਂ ਅਨੁਸਾਰ ਪੰਜਾਬ ਪੁਲੀਸ ਦੇ ਆਰਗੇਨਾਈਜਡ ਕਰਾਈਮ ਕੰਟਰੋਲ ਯੂਨਿਟ (ਓਕੂ) ਤਰਫੋਂ ‘ਗੁੰਡਾ ਟੈਕਸ’ ਬਾਰੇ ਇੱਕ ਖੁਫੀਆ ਰਿਪੋਰਟ ਤਿਆਰ ਕਰਾਈ ਗਈ। ਖੁਫੀਆ ਵਿੰਗ ਦੇ ਮੁਲਾਜਮਾਂ ਦੀ ਤਿੱਕੜੀ ਨੇ ਰਿਫਾਈਨਰੀ ਖ਼ਿੱਤੇ ’ਚ ਹਫਤਾ ਲਗਾ ਕੇ ਗੁਪਤ ਭੇਤ ਕੱਢੇ ਹਨ ਜਿਨ੍ਹਾਂ ਨੇ ਦੋ ਦਿਨ ਪਹਿਲਾਂ ‘ਗੁੰਡਾ ਟੈਕਸ’ ਤੇ ਇੱਕ ਗੁਪਤ ਰਿਪੋਰਟ ਭੇਜੀ ਹੈ। ਵੇਰਵਿਆਂ ਅਨੁਸਾਰ ਇਨ੍ਹਾਂ ਖੁਫੀਆ ਰਿਪੋਰਟ ਤਿਆਰ ਕਰਨ ਵਾਲੇ ਮੁਲਾਜ਼ਮਾਂ ਨੂੰ ਉੱਚ ਪੁਲੀਸ ਅਫਸਰਾਂ ਨੇ 14 ਫਰਵਰੀ ਨੂੰ ਚੰਡੀਗੜ੍ਹ ਸੱਦਿਆ ਗਿਆ ਜੋ ਡੀਜੀਪੀ (ਇਟੈਲੀਜੈਂਸ) ਦੇ ਦਫਤਰ ਵਿਚ ਵੀ ਪੇਸ਼ ਹੋਏ ਸਨ।
                   ਅਹਿਮ ਸੂਤਰਾਂ ਅਨੁਸਾਰ ਓਕੂ ਵਿੰਗ ਨੇ ਤਿੰਨ ਨਵੇਂ ਖੁਫੀਆ ਮੁਲਾਜ਼ਮਾਂ ਨੂੰ ਇਹ ਜਿੰਮੇਵਾਰੀ ਸੌਂਪੀ ਸੀ ਕਿ ‘ਗੁੰਡਾ ਟੈਕਸ’ ਦੇ ਪਰਦੇ ਪਿੱਛੇ ਹੱਥ ਰੰਗਣ ਵਾਲੇ ਲੀਡਰਾਂ ਅਤੇ ਅਫਸਰਾਂ ਦਾ ਭੇਤ ਕੱਢਣ। ਖੁਫੀਆ ਵਿੰਗ ਦੀ ਤਿੱਕੜੀ ਤਰਫੋਂ ਜੋ ਉੱਚ ਅਫਸਰਾਂ ਨੂੰ ਰਿਪੋਰਟ ਭੇਜੀ ਹੈ, ਉਸ ਦੇ ਅਹਿਮ ਵੇਰਵੇ ਸੂਤਰਾਂ ਰਾਹੀਂ ਹਾਸਲ ਹੋਏ ਹਨ।  ਅਹਿਮ ਸੂਤਰ ਦੱਸਦੇ ਹਨ ਕਿ ਖ਼ੁਫੀਆ ਰਿਪੋਰਟ ਅਨੁਸਾਰ ਕਾਂਗਰਸ ਲੀਡਰਾਂ ਦੇ ਦੋ ਗਰੁੱਪ ‘ਗੁੰਡਾ ਟੈਕਸ’ ਅਤੇ ‘ਕੈਸੀਨੋ’ ਚਲਾ ਰਹੇ ਹਨ। ਬਠਿੰਡਾ ਸ਼ਹਿਰ ’ਚ ਚੱਲਦੇ ਕੈਸੀਨੋ ਅਤੇ ਲਾਟਰੀ ਦੇ ਧੰਦੇ ਦੇ ਮਾਮਲੇ ਵਿਚ ਇੱਕ ਵੱਡੇ ਨੇਤਾ ਅਤੇ ਉਸ ਦੇ ਦੋ ਚੇਲਿਆਂ ਦਾ ਜ਼ਿਕਰ ਕੀਤਾ ਗਿਆ ਹੈ। ਇੱਕ ਵੱਡੇ ਪੁਲੀਸ ਅਫਸਰ ਦਾ ‘ਗੁੰਡਾ ਟੈਕਸ’ ’ਚ ਇੱਕ ਵੱਡੇ ਨੇਤਾ ਨਾਲ ਠੇਕੇਦਾਰਾਂ ਦੀ ਗੰਢ ਤੁਪ ਕਰਾਏ ਜਾਣ ਦਾ ਜ਼ਿਕਰ ਹੈ। ਖੁਫੀਆ ਵਿੰਗ ਦੀ ਤਿੱਕੜੀ ਨੂੰ ਸਖਤ ਹਦਾਇਤ ਸੀ ਕਿ ਉਨ੍ਹਾਂ ਵਲੋਂ ਕਿਸੇ ਵੀ ਸੂਰਤ ਵਿਚ ਸਥਾਨਿਕ ਪੁਲੀਸ ਨਾਲ ਕੋਈ ਸੰਪਰਕ ਨਾ ਰੱਖਿਆ ਜਾਵੇ ਅਤੇ ਰਿਪੋਰਟ ਸਿੱਧੀ ਚੰਡੀਗੜ੍ਹ ਭੇਜੀ ਜਾਵੇ।
                    ਓਕੂ ਦੇ ਅਫਸਰਾਂ ਨੇ 22 ਮੁਲਾਜ਼ਮਾਂ ਚੋਂ ਇਸ ਤਿੱਕੜੀ ਦੀ ਚੋਣ ਕਰਕੇ ਗੁੰਡਾ ਟੈਕਸ ਦੇ ਮਿਸ਼ਨ ਤੇ ਮਿਸ਼ਨ ਭੇਜਿਆ ਗਿਆ ਸੀ। ਫਰੀਦਕੋਟ ਤੇ ਬਠਿੰਡਾ ਜ਼ਿਲ੍ਹੇ ਦੇ ਤਿੰਨ ਕਾਂਗਰਸੀ ਵਿਧਾਇਕਾਂ ਤੋਂ ਇਲਾਵਾ ਉਨ੍ਹਾਂ ਦੇ ਇੱਕ ਰਿਸ਼ਤੇਦਾਰ, ਇੱਕ ਚੋਣ ਹਾਰੇ ਹੋਏ ਆਗੂ ਅਤੇ ‘ਆਪ’ ਦੇ ਐਮ.ਐਲ.ਏ ਨੂੰ ਰਿਫਾਈਨਰੀ ਦੇ ‘ਗੁੰਡਾ ਟੈਕਸ’ ਨਾਲ ਜੇਬਾਂ ਭਰਨ ਦਾ ਰਿਪੋਰਟ ਵਿਚ ਜ਼ਿਕਰ ਕੀਤਾ ਗਿਆ ਹੈ। ਰਿਫਾਈਨਰੀ ਨੇੜੇ ਚੱਲਦੇ ਇੱਕ ਕੈਸੀਨੋ ਦੀ ਫੋਟੋ ਵੀ ਰਿਪੋਰਟ ਨਾਲ ਭੇਜੀ ਗਈ ਹੈ। ਪੁਲੀਸ ਦੇ ਚੰਡੀਗੜ੍ਹ ਵਿਚਲੇ ਸੀਨੀਅਰ ਅਧਿਕਾਰੀ ਇਸ ਤਰ੍ਹਾਂ ਦੀ ਰਿਪੋਰਟ ਤੋਂ ਇਨਕਾਰ ਕਰ ਰਹੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ‘ਗੁੰਡਾ ਟੈਕਸ’ ਦਾ ਮਾਮਲਾ ਤਾਂ ਜੱਗ ਜ਼ਾਹਰ ਹੀ ਹੈ।
                 ਪ੍ਰਤਾਪ ਬਾਜਵਾ ਵਲੋਂ ਰਾਹੁਲ ਗਾਂਧੀ ਨੂੰ ਪੱਤਰ
ਮੈਂਬਰ ਪਾਰਲੀਮੈਂਟ ਤੇ ਸਾਬਕਾ ਕਾਂਗਰਸ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ ਨੇ ਰਿਫਾਈਨਰੀ ਦੇ ‘ਗੁੰਡਾ ਟੈਕਸ’ ਦੇ ਮਾਮਲੇ ’ਤੇ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੂੰ ਪੱਤਰ ਲਿਖਿਆ ਹੈ। ਤਿੰਨ ਦਿਨ ਪਹਿਲਾਂ ਭੇਜੇ ਪੱਤਰ ’ਚ ਬਾਜਵਾ ਨੇ ‘ਗੁੰਡਾ ਟੈਕਸ’ ਨੂੰ ਨੱਥ ਪਾਉਣ ਲਈ ਰਾਹੁਲ ਗਾਂਧੀ ਦੇ ਦਾਖਲ ਦੀ ਮੰਗ ਕੀਤੀ ਹੈ। ਅਹਿਮ ਸੂਤਰਾਂ ਅਨੁਸਾਰ ਬਾਜਵਾ ਨੇ ਲਿਖਿਆ ਹੈ ਕਿ ਗੁੰਡਾ ਟੈਕਸ ਦੇ ਮਾਮਲੇ ਕਾਰਨ ਸਰਕਾਰ ਦੇ ਅਕਸ ਨੂੰ ਢਾਹ ਲੱਗ ਰਹੀ ਹੈ ਜਿਸ ਦਾ ਸੇਕ ਅਗਾਮੀ ਲੋਕ ਸਭਾ ਚੋਣਾਂ ਵਿਚ ਲੱਗ ਸਕਦਾ ਹੈ। ਜੋ ਵਾਅਦੇ ਕਰਕੇ ਸਰਕਾਰ ਬਣੀ ਹੈ, ਉਨ੍ਹਾਂ ਤੇ ਪਹਿਰਾ ਦੇਣਾ ਚਾਹੀਦਾ ਹੈ। ਅਕਾਲੀਆਂ ਵਾਲੇ ਰਾਹ ਤੇ ਚੱਲਣ ਵਾਲਿਆਂ ਨੂੰ ਮੋੜਾ ਪਾਏ ਜਾਣ ਦੀ ਗੱਲ ਵੀ ਆਖੀ ਈ ਹੈ।
                   ਮੁੱਖ ਮੰਤਰੀ ਨਜ਼ਰ ਰੱਖ ਰਹੇ ਹਨ : ਜਾਖੜ
ਕਾਂਗਰਸ ਪ੍ਰਧਾਨ ਸੁਨੀਲ ਜਾਖੜ ਦਾ ਕਹਿਣਾ ਸੀ ਕਿ ਉਨ੍ਹਾਂ ਨੇ ਮੁੱਖ ਮੰਤਰੀ ਦੇ ਧਿਆਨ ਵਿਚ ‘ਗੁੰਡਾ ਟੈਕਸ’ ਦਾ ਮਾਮਲਾ ਲਿਆ ਦਿੱਤਾ ਸੀ ਅਤੇ ਹੁਣ ਮੁੱਖ ਮੰਤਰੀ ਇਸ ਤੇ ਨਜ਼ਰ ਰੱਖ ਰਹੇ ਹਨ। ਉਹ ਖੁਫੀਆ ਵਿੰਗ ਤੋਂ ਜਰੂਰ ਰਿਪੋਰਟ ਲੈ ਰਹੇ ਹੋਣਗੇ ਪ੍ਰੰਤੂ ਉਨ੍ਹਾਂ ਨੂੰ ਇਸ ਦੀ ਜਾਣਕਾਰੀ ਨਹੀਂ ਹੈ। ਉਨ੍ਹਾਂ ਦੁਹਰਾਇਆ ਕਿ ਕਿਸੇ ਵੀ ਪੱਧਰ ਤੇ ਬਦਮਾਸ਼ੀ ਬਰਦਾਸ਼ਿਤ ਨਹੀਂ ਕੀਤੀ ਜਾਵੇਗੀ ਅਤੇ ਨਾ ਹੀ ਰਾਜ ’ਚ ਨਿਵੇਸ਼ ਪ੍ਰਭਾਵਿਤ ਹੋਣ ਦਿੱਤਾ ਜਾਵੇਗਾ।


No comments:

Post a Comment