Saturday, December 24, 2022

                                                        ਮੁੜ ਜੁੜੇ ਸਿਰ
                                 ਪਹਿਲਾਂ ਰੋਟੀ ਲਈ, ਹੁਣ ਪਾਣੀ ਲਈ..!
                                                       ਚਰਨਜੀਤ ਭੁੱਲਰ   

ਚੰਡੀਗੜ੍ਹ: ਜਿਨ੍ਹਾਂ ਬੀਬੀਆਂ ਨੇ ਇੱਕੋ ਸਾਹ ਨਾਲ ‘ਦਿੱਲੀ ਮੋਰਚਾ’ ਫ਼ਤਿਹ ਕੀਤਾ ਸੀ, ਉਹ ਹੁਣ ਜ਼ੀਰਾ ਮੋਰਚਾ ’ਚ ਵੀ ਕੁੱਦ ਪਈਆਂ ਹਨ। ਸ਼ਰਾਬ ਸਨਅਤ ਦੇ ਪ੍ਰਦੂਸ਼ਣ ਖ਼ਿਲਾਫ਼ ਬਣੇ ਸਾਂਝੇ ਮੋਰਚੇ ਦੀ ਅਗਵਾਈ ’ਚ ਇਹ ਬੀਬੀਆਂ ਦਿਨ ਚੜ੍ਹਦੇ ਹੀ ਹਾਜ਼ਰ ਹੁੰਦੀਆਂ ਹਨ।ਬਿਰਧ ਔਰਤਾਂ ਨੂੰ ਪਾਣੀ ਦਾ ਮਸਲਾ ਰੋਟੀ ਤੋਂ ਵੀ ਵੱਡਾ ਜਾਪਦਾ ਹੈ। ਜਿਵੇਂ ਸਿੰਘੂ ਤੇ ਟਿਕਰੀ ਦਾ ਮਾਹੌਲ ਸੀ, ਉਸੇ ਤਰ੍ਹਾਂ ਦੇ ਦ੍ਰਿਸ਼ ‘ਜ਼ੀਰਾ ਮੋਰਚਾ’ ’ਚ ਬਣਨ ਲੱਗੇ ਹਨ। ਪਿੰਡ ਮਸੂਰਵਾਲਾ ਕਲਾਂ ਦੀ ਰਣਜੀਤ ਕੌਰ ਉਰਫ਼ ਜੀਤੋ ਮਾਈ ਜ਼ਿੰਦਗੀ ਦੇ ਆਖ਼ਰੀ ਪੜਾਅ ’ਤੇ ਹੈ। 81 ਸਾਲਾਂ ਦੀ ਜੀਤੋ ਮਾਈ ਪਹਿਲਾਂ ‘ਦਿੱਲੀ ਮੋਰਚਾ’ ’ਚ ਲੜੀ। ਲੰਮਾ ਸਮਾਂ ਟਿਕਰੀ ਸੀਮਾ ’ਤੇ ਬੈਠੀ ਤਾਂ ਜੋ ਕਿਸਾਨੀ ਦੀ ਰੋਟੀ ਨੂੰ ਬਚਾਇਆ ਜਾ ਸਕੇ। ਉਸ ਨੂੰ ਹੁਣ ਲੱਗਦਾ ਹੈ ਕਿ ‘ਜਲ ਹੈ ਤਾਂ ਕੱਲ੍ਹ ਹੈ’। ਜੀਤੋ ਮਾਈ ਦਾ ਪੁੱਤ ਸੜਕ ਹਾਦਸੇ ’ਚ ਚਲਾ ਗਿਆ ਤੇ ਮਗਰੋਂ ਨੂੰਹ ਪੰਜ ਦਿਨਾਂ ਦੀ ਕੁੜੀ ਛੱਡ ਕੁਦਰਤੀ ਮੌਤ ਦੇ ਮੂੰਹ ਜਾ ਪਈ। ਜੀਤੋ ਮਾਈ ਪੰਜ ਸਾਲ ਦੀ ਪੋਤੀ ਨੈਨਸੀ ਨਾਲ ਨਿੱਤ ਜ਼ੀਰਾ ਮੋਰਚਾ ’ਚ ਬੈਠਦੀ ਹੈ। 

          ਜੀਤੋ ਮਾਈ ਨੂੰ ਸੰਘਰਸ਼ ਪਿੜ ’ਚ ਕੁੱਦਣ ਬਾਰੇ ਸੁਆਲ ਕੀਤਾ ਤਾਂ ਅੱਗਿਓਂ ਕਿਹਾ ਕਿ ‘ਗੰਦਾ ਪਾਣੀ ਪੀਣ ਨਾਲੋਂ ਮਰੇ ਚੰਗੇ’। ਮਾਈ ਨੇ ਗੰਦੇ ਪਾਣੀ ਦੀ ਅਲਾਮਤ ਦੇ ਇੱਕ-ਇੱਕ ਨੁਕਸਾਨ ਬਾਰੇ ਦੱਸਿਆ। ਇਸ ਮਾਈ ਦਾ ਸਿੱਧ-ਪੱਧਰਾ ਫ਼ਾਰਮੂਲਾ ਹੈ, ‘ਸਰਕਾਰ ਤੇ ਅਫ਼ਸਰ ਇੱਥੇ ਆਉਣ, ਹਫ਼ਤਾ ਪਾਣੀ ਪੀ ਕੇ ਦਿਖਾ ਦੇਣ, ਕੁੱਝ ਨਹੀਂ ਮੰਗਾਂਗੇ।’ ਵੱਡਾ ਮਹੀਆ ਵਾਲੀ ਦੀ ਬਿਰਧ ਔਰਤ ਸਰਬਜੀਤ ਕੌਰ ਦਾ ਪ੍ਰਤੀਕਰਮ ਸੀ ਕਿ ‘ਦਿੱਲੀ ਵਾਲਾ ਮਾਹੌਲ ਹੀ ਇੱਥੇ ਬਣ ਗਿਆ।’ ਉਹ ਦੱਸਦੀ ਹੈ ਕਿ ‘ਇਲਾਕਾ ਬਿਮਾਰੀਆਂ ਦਾ ਘਰ ਬਣ ਗਿਆ ਹੈ ਤੇ ਸਾਨੂੰ ਦਵਾਈਆਂ ਪੱਲੇ ਬੰਨ੍ਹ ਕੇ ਤੁਰਨਾ ਪੈਂਦਾ ਹੈ। ਬੀਬੀਆਂ ਦੇ ਇੱਕ ਗਰੁੱਪ ਦੀ ਪ੍ਰਦੂਸ਼ਣ ਨੂੰ ਲੈ ਕੇ ਇੱਕੋ ਸੁਰ ਸੀ ਅਤੇ ਇੱਕੋ ਸਾਂਝ ਸੀ, ਜੋ ਸੰਘਰਸ਼ੀ ਪਿੜ ’ਚ ਉਨ੍ਹਾਂ ਨੂੰ ਇੱਕ ਧਾਗੇ ’ਚ ਪਰੋ ਰਹੀ ਹੈ। ਇਹੋ ਕਹਿਣਾ ਬੀਬੀ ਗੁਰਮੀਤ ਕੌਰ ਦਾ ਸੀ ਕਿ ‘ਉਹ ਕਿਹੜਾ ਨੁਕਸਾਨ ਐ, ਜਿਹੜਾ ਸਾਡੇ ਪਿੰਡਾਂ ਨੇ ਝੱਲਿਆ ਨਹੀਂ।’ ਉਹ ਚਮੜੀ ਰੋਗ ਨਾਲ ਪੀੜਤ ਲੋਕਾਂ ਅਤੇ ਨੁਕਸਾਨੇ ਗਏ ਪਸ਼ੂ ਧਨ ਦੀ ਗੱਲ ਵੀ ਨਾਲੋ ਨਾਲ ਕਰਦੀ ਹੈ।

          ਮੋਰਚੇ ’ਚ ਬੈਠੀ ਮਾਈ ਹਰਦਿਆਲ ਕੌਰ ਆਖਦੀ ਹੈ ਕਿ ਪਹਿਲਾਂ ਦਿੱਲੀ ਨੇ ਸਾਨੂੰ ਪਰਖਿਆ, ਹੁਣ ਉਸੇ ਰਾਹ ’ਤੇ ਪੰਜਾਬ ਸਰਕਾਰ ਪਈ ਹੈ। ਪਿੰਡ ਰਟੋਲ ਦਾ ਪ੍ਰੀਤਮ ਸਿੰਘ ਦੱਸਦਾ ਹੈ ਕਿ ਪ੍ਰਦੂਸ਼ਿਤ ਪਾਣੀ ਨੇ ਪਿੰਡਾਂ ਦੀ ਸਮਾਜਿਕ ਜ਼ਿੰਦਗੀ ਨੂੰ ਵੀ ਰੋਲ ਕੇ ਰੱਖ ਦਿੱਤਾ। ਉਨ੍ਹਾਂ ਦੱਸਿਆ ਕਿ ਸਾਡੇ ਪਿੰਡਾਂ ’ਚ ਕੋਈ ਰਿਸ਼ਤੇਦਾਰ ਰਹਿਣ ਨੂੰ ਤਿਆਰ ਨਹੀਂ। ਕੋਈ ਰਿਸ਼ਤਾ ਕਰਨ ਨੂੰ ਤਿਆਰ ਨਹੀਂ। ਮੱਖੀ-ਮੱਛਰ ਦਾ ਕੋਈ ਅੰਤ ਨਹੀਂ। ਪ੍ਰੀਤਮ ਸਿੰਘ ਚਾਰ ਮਹੀਨੇ ਤੋਂ ਮੋਰਚੇ ਵਿਚ ਡਟਿਆ ਹੋਇਆ ਹੈ। ਲੁਧਿਆਣਾ ਦੇ ਪਿੰਡ ਘੁਡਾਣੀ ਕਲਾਂ ਦਾ 70 ਸਾਲਾਂ ਦਾ ਗੁਲਜ਼ਾਰ ਸਿੰਘ ਆਖਦਾ ਹੈ ਕਿ ਜਿਵੇਂ ਦਿੱਲੀ ਜਿੱਤੀ ਹੈ, ਉਸੇ ਤਰ੍ਹਾਂ ਇੱਥੇ ਹੰਭਲਾ ਮਾਰਾਂਗੇ। ਉਹ ਆਖਦਾ ਹੈ ਕਿ ਲੋਕ ਤਾਕਤ ਅੱਗੇ ਕੋਈ ਤੀਸ ਮਾਰ ਖਾਂ ਨਹੀਂ ਟਿਕਦਾ। ਲੰਗਰ ’ਚ ਬੈਠੀਆਂ ਬੀਬੀਆਂ ਨੇ ਮੁੜ ਚੁਣੌਤੀ ਦੁਹਰਾਈ, ‘ਸਰਕਾਰ ਹਫ਼ਤਾ ਇਲਾਕੇ ਦਾ ਪਾਣੀ ਪੀ ਲਵੇ, ਫਿਰ ਕਿਸੇ ਪਰਖ਼ ਦੀ ਲੋੜ ਹੀ ਨਹੀਂ ਰਹਿਣੀ।’ ਸ਼ਰਾਬ ਫ਼ੈਕਟਰੀ ਖ਼ਿਲਾਫ਼ ਜ਼ੀਰਾ ਮੋਰਚਾ 24 ਜੁਲਾਈ ਤੋਂ ਸ਼ੁਰੂ ਹੋਇਆ ਸੀ ਅਤੇ ਭਲਕੇ ਇਸ ਦੇ ਪੰਜ ਮਹੀਨੇ ਪੂਰੇ ਹੋ ਜਾਣੇ ਹਨ। 

          ਸਾਂਝੇ ਮੋਰਚੇ ਦਾ ਪਹਿਲਾਂ ਨਾਅਰਾ ਸੀ, ‘ਸਾਡੀ ਇੱਕੋ ਮੰਗ, ਫ਼ੈਕਟਰੀ ਬੰਦ’।ਜਦੋਂ ਲੋਕਾਂ ਦਾ ਹੜ੍ਹ ਬਣਨ ਲੱਗਾ ਹੈ ਕਿ ਤਾਂ ਨਾਅਰਾ ਗੂੰਜਣ ਲੱਗਾ ਹੈ, ‘ਫ਼ੈਕਟਰੀ ਬੰਦ ਕਰਾ ਕੇ ਰਹਾਂਗੇ।’ ਦਿੱਲੀ ਦੀ ਤਰਜ਼ ’ਤੇ ਜ਼ੀਰਾ ਮੋਰਚਾ ’ਚ ਅੱਠ ਮਜ਼ਦੂਰ ਧਿਰਾਂ ਨੇ ਵੀ ਹਮਾਇਤ ਦੇ ਦਿੱਤੀ ਹੈ। ਸਭ ਕਿਸਾਨ ਧਿਰਾਂ ਨੇ ਵਾਤਾਵਰਨ ਦੇ ਮੁੱਦੇ ’ਤੇ ਸਾਂਝੇ ਮੋਰਚੇ ਨਾਲ ਜੋਟੀ ਪਾ ਲਈ ਹੈ। ਬੁੱਧੀਜੀਵੀ ਵਰਗ ਤੇ ਮੁਲਾਜ਼ਮ ਧਿਰਾਂ ਨੇ ਵੀ ਹੱਥ ਨਾਲ ਹੱਥ ਜੋੜ ਲਏ ਹਨ। ਗੱਲ ਸ਼ਰਾਬ ਫ਼ੈਕਟਰੀ ਤੱਕ ਸੀਮਤ ਨਹੀਂ ਰਹੀ, ਸਭ ਨੂੰ ਹੁਣ ਇਹ ਪੰਜਾਬ ਦਾ ਮਸਲਾ ਜਾਪਣ ਲੱਗਾ ਹੈ। ਠੀਕ ਉਸੇ ਤਰ੍ਹਾਂ ਦਾ ਮਾਹੌਲ ਤੇ ਭਰੋਸਾ, ਨਾਲੇ ਸਿਰੜ, ਜਿਸ ਤਰ੍ਹਾਂ ਦਿੱਲੀ ਦੀਆਂ ਬਰੂਹਾਂ ’ਤੇ ਸੀ। ਟਰਾਲੀ ਨਾਲ ਟਰਾਲੀ ਜੁੜੀ ਹੈ ਅਤੇ ਸਿਰਾਂ ਨਾਲ ਸਿਰ।

No comments:

Post a Comment