Friday, December 23, 2022

                                                     ਕੈਂਸਰ ਦਾ ਕਹਿਰ
                             ਬੱਚੇ ਹੁਣ ਸਕੂਲ ਨਹੀਂ, ਹਸਪਤਾਲ ਜਾਂਦੇ ਨੇ..!
                                                       ਚਰਨਜੀਤ ਭੁੱਲਰ    

ਚੰਡੀਗੜ੍ਹ: ਪੰਜਾਬ ’ਚ ਨਿਆਣੇ ਤੇ ਸਿਆਣੇ ਵੀ ਕੈਂਸਰ ਦੀ ਮਾਰ ਤੋਂ ਨਹੀਂ ਬਚ ਸਕੇ। ਜਿਨ੍ਹਾਂ ਬੱਚਿਆਂ ਨੇ ਬਸਤੇ ਚੁੱਕ ਸਕੂਲਾਂ ’ਚ ਜਾਣਾ ਸੀ, ਉਨ੍ਹਾਂ ਨੂੰ ਇਲਾਜ ਲਈ ਹਸਪਤਾਲਾਂ ’ਚ ਜਾਣਾ ਪੈ ਰਿਹਾ ਹੈ। ਤ੍ਰਾਸਦੀ ਇਹ ਹੈ ਕਿ ਬੱਚਿਆਂ ਦੇ ਇਲਾਜ ’ਚ ਲੱਗੇ ਮਾਪੇ ਉਸ ਤੋਂ ਵੀ ਵੱਡਾ ਦੁੱਖ ਭੋਗ ਰਹੇ ਹਨ। ਸੰਗਰੂਰ ਦੇ ਪਿੰਡ ਰਟੋਲਾ ਦੀ 9 ਸਾਲਾਂ ਦੀ ਬੱਚੀ ਹਰਮਨਦੀਪ ਕੌਰ ਹੁਣ ਸਕੂਲ ਨਹੀਂ ਜਾਂਦੀ। ਉਸ ਨੂੰ ਇਲਾਜ ਲਈ ਫ਼ਰੀਦਕੋਟ ਦੇ ਗੁਰੂ ਗੋਬਿੰਦ ਸਿੰਘ ਮੈਡੀਕਲ ਹਸਪਤਾਲ ’ਚ ਜਾਣਾ ਪੈਂਦਾ ਹੈ। ਪਿਤਾ ਮਿੱਠੂ ਸਿੰਘ ਦੱਸਦੇ ਹਨ ਕਿ ਜਦੋਂ ਕਦੇ ਬੱਚੀ ਠੀਕ ਮਹਿਸੂਸ ਕਰਦੀ ਹੈ ਤਾਂ ਸਕੂਲ ਚਲੀ ਜਾਂਦੀ ਹੈ। ਬਾਕੀ ਦਿਨ ਹਸਪਤਾਲਾਂ ਦੇ ਗੇੜਿਆਂ ’ਚ ਲੰਘਦੇ ਹਨ। ਉਸ ਨੇ ਕਿਹਾ ਕਿ ਲੜਕੀ ਦੇ ਇਲਾਜ ਕਰਕੇ ਵੱਡੇ ਬੇਟੇ ਦੀ ਪੜ੍ਹਾਈ ਵੀ ਦਾਅ ’ਤੇ ਲੱਗ ਗਈ ਹੈ। ਹੁਣ ਤੱਕ ਇਲਾਜ ’ਤੇ 6 ਲੱਖ ਰੁਪਏ ਖ਼ਰਚ ਹੋਏ ਹਨ। ਫ਼ਰੀਦਕੋਟ ਦੀ ਔਰਤ ਪੂਜਾ ਦੀ ਗਿਆਰਾਂ ਸਾਲਾਂ ਦੀ ਬੱਚੀ ਵੀ ਕੈਂਸਰ ਤੋਂ ਪੀੜਤ ਹੈ। ਉਸ ਨੇ ਦੱਸਿਆ ਕਿ ਲੜਕੀ ਦੇ ਸਕੂਲ ਦੀ ਥਾਂ ਹਸਪਤਾਲ ਦੇ ਵਾਰਡ ’ਚ ਦਿਨ ਲੰਘਦੇ ਹਨ। 

         ਵਿਸ਼ਵ ਸਿਹਤ ਸੰਸਥਾ ਦੇ ਅਨੁਸਾਰ ਭਾਰਤ ਵਿੱਚ ਸਾਲਾਨਾ ਕਰੀਬ 75 ਹਜ਼ਾਰ ਬੱਚੇ ਕੈਂਸਰ ਦੀ ਲਪੇਟ ’ਚ ਆਉਂਦੇ ਹਨ। ਭਾਈ ਘਨ੍ਹੱਈਆ ਕੈਂਸਰ ਰੋਕੋ ਸੇਵਾ ਸੁਸਾਇਟੀ ਵੱਲੋਂ ਪ੍ਰਾਪਤ ਆਰਟੀਆਈ ਸੂਚਨਾ ਅਨੁਸਾਰ ਫ਼ਰੀਦਕੋਟ ਦੇ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਵਿੱਚ 2009 ਤੋਂ ਦਸੰਬਰ 2021 ਤੱਕ ਕੈਂਸਰ ਪੀੜਤ 375 ਬੱਚੇ ਇਲਾਜ ਲਈ ਆਏ ਸਨ। ਇੱਕ ਕਾਲਜ ਅਧਿਆਪਕ ਵਿਸ਼ਾਲ ਮੌੜ ਨੇ ਦੱਸਿਆ ਕਿ ਉਸ ਦੀ ਇੱਕ ਸਾਲ ਦੀ ਭਤੀਜੀ ਕੈਂਸਰ ਤੋਂ ਪੀੜਤ ਹੈ ਜਿਸ ਦਾ ਇਲਾਜ ਪੀਜੀਆਈ ਵਿਚ ਚੱਲ ਰਿਹਾ ਹੈ। ਲੁਧਿਆਣਾ ਦੇ ਸੀਐੱਮਸੀ ਹਸਪਤਾਲ ’ਚ ਡੇਢ ਸਾਲ ਵਿੱਚ 11 ਬੱਚੇ ਇਲਾਜ ਲਈ ਆ ਚੁੱਕੇ ਹਨ। ਬਠਿੰਡਾ ’ਚ ਐਡਵਾਂਸਡ ਕੈਂਸਰ ਇੰਸਟੀਚਿਊਟ ਹੈ ਜਿੱਥੇ ਛੇ ਸਾਲਾਂ ਅੰਦਰ ਤਕਰੀਬਨ 2.60 ਲੱਖ ਮਰੀਜ਼ ਇਲਾਜ ਕਰਾ ਚੁੱਕੇ ਹਨ। ਡਾ. ਦੀਪਕ ਅਰੋੜਾ ਨੇ ਦੱਸਿਆ ਕਿ ਕੈਂਸਰ ਦੀ ਮਾਰ ਤੋਂ ਛੋਟੇ ਬੱਚੇ ਵੀ ਨਹੀਂ ਬਚੇ ਹਨ। ਪਹਿਲਾਂ ਜਿਨ੍ਹਾਂ ਮਰੀਜ਼ਾਂ ਨੂੰ ਇਲਾਜ ਲਈ ਬੀਕਾਨੇਰ ਜਾਣਾ ਪੈਂਦਾ ਸੀ, ਉਨ੍ਹਾਂ ਲਈ ਐਡਵਾਂਸਡ ਕੈਂਸਰ ਇੰਸਟੀਚਿਊਟ ਵੱਡਾ ਸਹਾਰਾ ਬਣ ਰਿਹਾ ਹੈ। 

          ਇਸ ਤੋਂ ਇਲਾਵਾ ਗੰਭੀਰ ਬਿਮਾਰੀਆਂ ਦੀ ਚਪੇਟ ’ਚ ਆਉਣ ਕਰਕੇ ਬਠਿੰਡਾ ਹੁਣ ਮੈਡੀਕਲ ਹੱਬ ਵਜੋਂ ਵੀ ਉੱਭਰ ਰਿਹਾ ਹੈ। ਕੇਂਦਰੀ ਸਿਹਤ ਮੰਤਰਾਲੇ ਵੱਲੋਂ ਜਾਰੀ ਤਾਜ਼ਾ ਵੇਰਵਿਆਂ ਅਨੁਸਾਰ ਪੰਜਾਬ ’ਚ ਲੰਘੇ ਚਾਰ ਵਰ੍ਹਿਆਂ ’ਚ ਔਸਤਨ ਰੋਜ਼ਾਨਾ 76 ਮੌਤਾਂ ਕੈਂਸਰ ਨਾਲ ਹੋ ਰਹੀਆਂ ਹਨ ਅਤੇ ਕੈਂਸਰ ਦੇ 107 ਨਵੇਂ ਕੇਸ ਰੋਜ਼ਾਨਾ ਸਾਹਮਣੇ ਆ ਰਹੇ ਹਨ। ਸਾਲ 2022 ਦੌਰਾਨ ਹੁਣ ਤੱਕ ਕੈਂਸਰ ਨਾਲ 23,301 ਮੌਤਾਂ ਹੋ ਚੁੱਕੀਆਂ ਹਨ ਜਦਕਿ ਕੈਂਸਰ ਦੇ 40,435 ਨਵੇਂ ਕੇਸਾਂ ਦੀ ਸ਼ਨਾਖ਼ਤ ਹੋਈ ਹੈ। ਪੰਜਾਬ ਦਾ ਮਾਲਵਾ ਖ਼ਿੱਤਾ ਸਭ ਤੋਂ ਵੱਧ ਕੈਂਸਰ ਦੀ ਮਾਰ ਝੱਲ ਰਿਹਾ ਹੈ। ਸਾਲ 2018 ਤੋਂ 2022 ਤੱਕ ਕੈਂਸਰ ਕਾਰਨ 1.11 ਲੱਖ ਲੋਕਾਂ ਦੀ ਮੌਤ ਹੋਈ ਜਦਕਿ 1.56 ਲੱਖ ਕੇਸ ਸਾਹਮਣੇ ਆਏ। ਸਰਕਾਰੀ ਤੱਥਾਂ ਅਨੁਸਾਰ ਸਾਲ 2022 ’ਚ ਰੋਜ਼ਾਨਾ ਔਸਤਨ 110 ਕੈਂਸਰ ਦੇ ਕੇਸ ਸਾਹਮਣੇ ਆਏ ਹਨ ਜਦਕਿ ਇਸੇ ਵਰ੍ਹੇ ’ਚ ਰੋਜ਼ਾਨਾ ਔਸਤਨ 63 ਮੌਤਾਂ ਕੈਂਸਰ ਕਾਰਨ ਹੋਈਆਂ ਹਨ। ਸਾਲ 2021 ਵਿੱਚ 22,786 ਮੌਤਾਂ, 2020 ਵਿਚ 22,276, ਸਾਲ 2019 ਵਿਚ 21,763 ਅਤੇ ਸਾਲ 2018 ਵਿਚ 21,278 ਮੌਤਾਂ ਕੈਂਸਰ ਕਾਰਨ ਹੋਈਆਂ ਹਨ। 

          ਇਸੇ ਤਰ੍ਹਾਂ ਵਰ੍ਹਾ 2019 ’ਚ 37,744, ਸਾਲ 2020 ’ਚ 38,636, ਸਾਲ 2021 ’ਚ 39,521 ਤੇ ਸਾਲ 2022 ’ਚ 40,435 ਕੈਂਸਰ ਦੇ ਨਵੇਂ ਕੇਸ ਸਾਹਮਣੇ ਆਏ ਹਨ। ਇਹ ਬਿਮਾਰੀ ਛੋਟੇ ਤੇ ਮੱਧ ਵਰਗੀ ਪਰਿਵਾਰਾਂ ਦੀ ਆਰਥਿਕਤਾ ਵੀ ਹਿਲਾ ਰਹੀ ਹੈ।ਪੰਜਾਬ ਸਰਕਾਰ ਵੱਲੋਂ ‘ਮੁੱਖ ਮੰਤਰੀ ਕੈਂਸਰ ਰਾਹਤ ਫੰਡ’ ਤਹਿਤ 2013 ਤੋਂ ਕੈਂਸਰ ਮਰੀਜ਼ਾਂ ਦੇ ਇਲਾਜ ਲਈ ਡੇਢ ਲੱਖ ਰੁਪਏ ਦੀ ਵਿੱਤੀ ਮਦਦ ਦਿੱਤੀ ਜਾ ਰਹੀ ਹੈ। ਹੁਣ ਤੱਕ ਕਰੀਬ 69 ਹਜ਼ਾਰ ਮਰੀਜ਼ਾਂ ਨੂੰ ਇਲਾਜ ਲਈ ਮਾਲੀ ਮਦਦ ਦਿੱਤੀ ਜਾ ਚੁੱਕੀ ਹੈ ਜਿਸ ਦੀ ਵਿੱਤੀ ਰਾਸ਼ੀ 888 ਕਰੋੜ ਰੁਪਏ ਬਣਦੀ ਹੈ। ਮਰੀਜ਼ਾਂ ਨੇ ਮੰਗ ਕੀਤੀ ਕਿ ਵਿੱਤੀ ਮਦਦ ਦੀ ਰਾਸ਼ੀ ਵਿਚ ਵਾਧਾ ਕੀਤਾ ਜਾਵੇ ਕਿਉਂਕਿ ਇਲਾਜ ਤੇ ਬਾਕੀ ਖਰਚਾ ਹੁਣ ਕਾਫ਼ੀ ਮਹਿੰਗਾ ਹੋ ਗਿਆ ਹੈ।

                                 ਮੁਕੰਮਲ ਇਲਾਜ ਮੁਫ਼ਤ ਹੋਵੇ: ਚੰਦਬਾਜਾ

ਭਾਈ ਘਨਈਆ ਕੈਂਸਰ ਰੋਕੋ ਸੇਵਾ ਸੁਸਾਇਟੀ ਦੇ ਪ੍ਰਧਾਨ ਗੁਰਪ੍ਰੀਤ ਸਿੰਘ ਚੰਦਬਾਜਾ ਨੇ ਮੰਗ ਕੀਤੀ ਕਿ ਪੰਜਾਬ ਸਰਕਾਰ ਕੈਂਸਰ ਪੀੜਤਾਂ ਦਾ ਮੁਕੰਮਲ ਇਲਾਜ ਮੁਫ਼ਤ ਕਰਾਏ ਅਤੇ ਟੈਸਟਾਂ ਤੇ ਦਵਾਈਆਂ ਦਾ ਖਰਚਾ ਵੀ ਸਰਕਾਰ ਚੁੱਕੇ ਕਿਉਂਕਿ ਗ਼ਰੀਬ ਪਰਿਵਾਰ ਤਾਂ ਕੈਂਸਰ ਦੇ ਇਲਾਜ ’ਚ ਹੀ ਕਰਜ਼ਾਈ ਹੋ ਗਏ ਹਨ। ਉਨ੍ਹਾਂ ਮੰਗ ਕੀਤੀ ਕਿ ਪੰਜਾਬ ਸਰਕਾਰ ਇਸ ਦੀ ਵਿਸਥਾਰਤ ਖੋਜ ਕਰਾਵੇ।



No comments:

Post a Comment