ਸੱਤਿਆ ਗੋਪਾਲ
ਨਵੇਂ ਚੇਅਰਮੈਨ ਦੀ ਨਿਯੁਕਤੀ ਤੋਂ ਵਿਵਾਦ
ਚਰਨਜੀਤ ਭੁੱਲਰ
ਚੰਡੀਗੜ੍ਹ: ਪੰਜਾਬ ਸਰਕਾਰ ਨੇ 1988 ਬੈਚ ਦੇ ਸੇਵਾਮੁਕਤ ਆਈਏਐਸ ਅਧਿਕਾਰੀ ਸੱਤਿਆ ਗੋਪਾਲ ਨੂੰ ਰੀਅਲ ਅਸਟੇਟ ਰੈਗੂਲੇਟਰੀ ਅਥਾਰਿਟੀ (ਰੇਰਾ) ਪੰਜਾਬ ਦਾ ਚੇਅਰਮੈਨ ਅਤੇ ਸਾਬਕਾ ਆਈਆਰਐਸ ਅਧਿਕਾਰੀ ਰਾਕੇਸ਼ ਗੋਇਲ ਨੂੰ ਇਸ ਦਾ ਮੈਂਬਰ ਨਿਯੁਕਤ ਕੀਤਾ ਹੈ। ਇਨ੍ਹਾਂ ਅਧਿਕਾਰੀਆਂ ਦੀ ਨਿਯੁਕਤੀ ਤੋਂ ਹੁਣ ਨਵਾਂ ਸਿਆਸੀ ਵਿਵਾਦ ਖੜ੍ਹਾ ਹੋ ਗਿਆ ਹੈ। ਵਿਰੋਧੀ ਧਿਰਾਂ ਨੇ ‘ਆਪ’ ਸੁਪਰੀਮੋ ਅਰਵਿੰਦ ਕੇਜਰੀਵਾਲ ਨੂੰ ਨਿਸ਼ਾਨੇ ’ਤੇ ਲਿਆ ਹੈ। ਜ਼ਿਕਰਯੋਗ ਹੈ ਕਿ ਸੱਤਿਆ ਗੋਪਾਲ ਬਿਹਾਰ ਦੇ ਬਾਸ਼ਿੰਦੇ ਹਨ ਅਤੇ ਦਿੱਲੀ ਸਰਕਾਰ ’ਚੋਂ ਬਤੌਰ ਵਧੀਕ ਮੁੱਖ ਸਕੱਤਰ ਜੁਲਾਈ ਮਹੀਨੇ ਹੀ ਸੇਵਾਮੁਕਤ ਹੋਏ ਹਨ।ਸੱਤਿਆ ਗੋਪਾਲ ਜਦੋਂ ਦੀਊ, ਦਮਨ ਤੇ ਦਾਦਰਾ ਦੇ 2011 ਵਿਚ ਪ੍ਰਬੰਧਕ ਸਨ ਤਾਂ ਉਦੋਂ ਵਿਵਾਦਾਂ ਵਿਚ ਘਿਰ ਗਏ ਸਨ। ਤਤਕਾਲੀ ਸੰਸਦ ਮੈਂਬਰ ਨਾਤੂ ਭਾਈ ਪਟੇਲ ਨੇ ਕੇਂਦਰੀ ਗ੍ਰਹਿ ਮੰਤਰਾਲੇ ਦੀ ਸਟੈਂਡਿੰਗ ਕਮੇਟੀ ਵਿਚ ਸੱਤਿਆ ਗੋਪਾਲ ਦੀ ਸ਼ਿਕਾਇਤ ਕੀਤੀ ਸੀ ਕਿ ਉਨ੍ਹਾਂ ਨੇ ਪ੍ਰਬੰਧਕੀ ਬੇਨਿਯਮੀਆਂ ਕੀਤੀਆਂ ਹਨ। ਸਾਈਂ ਬਾਬਾ ਦੇ ਭਗਤ ਵਜੋਂ ਜਾਣੇ ਜਾਂਦੇ ਸੱਤਿਆ ਗੋਪਾਲ ‘ਆਪ’ ਸੁਪਰੀਮੋ ਅਰਵਿੰਦ ਕੇਜਰੀਵਾਲ ਦੇ ਨੇੜਲੇ ਦੱਸੇ ਜਾ ਰਹੇ ਹਨ।
ਸੱਤਿਆ ਗੋਪਾਲ ਜਦੋਂ ਅਰੁਣਾਚਲ ਪ੍ਰਦੇਸ਼ ਵਿਚ ਮੁੱਖ ਸਕੱਤਰ ਵਜੋਂ ਤਾਇਨਾਤ ਸਨ ਤਾਂ ਉਨ੍ਹਾਂ ਨੇ ਭਾਜਪਾ ਦੀ ਮੀਟਿੰਗ ਵਿਚ ਸ਼ਮੂਲੀਅਤ ਕੀਤੀ ਸੀ ਜਿਸ ਨੂੰ ਲੈ ਕੇ ਉਦੋਂ ਕਾਂਗਰਸ ਨੇ ਉਨ੍ਹਾਂ ਨੂੰ ਨਿਸ਼ਾਨੇ ’ਤੇ ਲਿਆ ਸੀ। ਉਸ ਵਕਤ ਅਰੁਣਾਚਲ ਪ੍ਰਦੇਸ਼ ਵਿਚ ਸੱਤਿਆ ਗੋਪਾਲ ਅਤੇ ਉਦੋਂ ਦੇ ਡੀਜੀਪੀ ਐੱਸਬੀਕੇ ਸਿੰਘ ਦਰਮਿਆਨ ਆਪਸੀ ਤਲਖ਼ੀ ਵੀ ਰਹੀ ਸੀ। ਕੋਵਿਡ ਦੇ ਮਾਮਲੇ ’ਤੇ ਕੇਂਦਰ ਸਰਕਾਰ ਨੇ ਉਨ੍ਹਾਂ ਨੂੰ ਦਿੱਲੀ ਦੇ ਵਧੀਕ ਮੁੱਖ ਸਕੱਤਰ ਹੁੰਦੇ ਹੋਏ ‘ਕਾਰਨ ਦੱਸੋ ਨੋਟਿਸ’ ਜਾਰੀ ਕੀਤਾ ਸੀ। ਸਭ ਸਿਆਸੀ ਧਿਰਾਂ ਨੇ ਸੱਤਿਆ ਗੋਪਾਲ ਦੀ ਨਿਯੁਕਤੀ ’ਤੇ ਪੰਜਾਬ ਸਰਕਾਰ ਦੀ ਘੇਰਾਬੰਦੀ ਕੀਤੀ ਹੈ। ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਕਿਹਾ ਕਿ ਜਿੱਥੇ ਆਮ ਆਦਮੀ ਪਾਰਟੀ ਈਸਟ ਇੰਡੀਆ ਕੰਪਨੀ ਵਾਂਗ ਕੰਮ ਕਰ ਰਹੀ ਹੈ, ਉੱਥੇ ਇਸ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਪੰਜਾਬ ਨਾਲ ਬਸਤੀਵਾਦੀ ਕਲੋਨੀ ਵਾਂਗ ਸਲੂਕ ਕਰ ਰਹੇ ਹਨ ਤੇ ਆਪਣੇ ਵਿਸ਼ੇਸ਼ ਗੈਰ-ਪੰਜਾਬੀਆਂ ਨੂੰ ਸੂਬੇ ਵਿਚ ਵਸਾਇਆ ਜਾ ਰਿਹਾ ਹੈ। ਉਨ੍ਹਾਂ ਹੈਰਾਨੀ ਜਤਾਈ ਕਿ ‘ਆਪ’ ਸਰਕਾਰ ਵਿਚ ਅਹਿਮ ਅਹੁਦਿਆਂ ਲਈ ਕੋਈ ਯੋਗ ਪੰਜਾਬੀ ਕਿਉਂ ਨਹੀਂ ਲੱਭ ਸਕਿਆ।
ਉਨ੍ਹਾਂ ਕਿਹਾ ਕਿ ਪਹਿਲਾਂ ‘ਆਪ’ ਨੇ ਰਾਜ ਸਭਾ ਸੀਟਾਂ ਲਈ ਜ਼ਿਆਦਾਤਰ ਗੈਰ-ਪੰਜਾਬੀਆਂ ਅਤੇ ਗੈਰ-ਸਿਆਸਤਦਾਨਾਂ ਨੂੰ ਨਾਮਜ਼ਦ ਕੀਤਾ ਸੀ ਅਤੇ ਹੁਣ ਸੂਬੇ ਦੇ ਪ੍ਰਸ਼ਾਸਨ ਵਿਚ ਬਾਹਰੀ ਲੋਕਾਂ ਦੀ ਘੁਸਪੈਠ ਦੀ ਪ੍ਰਕਿਰਿਆ ਵੀ ਸ਼ੁਰੂ ਕਰ ਦਿੱਤੀ ਹੈ। ਸ੍ਰੀ ਵੜਿੰਗ ਨੇ ਅਰਵਿੰਦ ਕੇਜਰੀਵਾਲ ਨੂੰ ਪੁੱਛਿਆ ‘‘ਤੁਹਾਨੂੰ ਰੇਰਾ 'ਚ ਚੇਅਰਮੈਨ ਜਾਂ ਮੈਂਬਰਾਂ ਦੇ ਅਹੁਦਿਆਂ ਲਈ ਕੋਈ ਪੰਜਾਬੀ ਕਿਉਂ ਨਹੀਂ ਮਿਲਿਆ। ਜਿਸ ਕਾਰਨ ਤੁਹਾਨੂੰ ਬਾਹਰੋਂ ਲੋਕ ਲਿਆਉਣੇ ਪਏ।’’ ਉਨ੍ਹਾਂ ਪੰਜਾਬ ਵਿੱਚ ਉੱਘੇ ਅਤੇ ਕਾਬਲ ਲੋਕਾਂ ਲਈ ਅਫ਼ਸੋਸ ਪ੍ਰਗਟ ਕੀਤਾ, ਜਿਨ੍ਹਾਂ ਨੂੰ ‘ਆਪ’ ਵੱਲੋਂ ਨਜ਼ਰਅੰਦਾਜ਼ ਕੀਤਾ ਗਿਆ। ਪੰਜਾਬ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਕਿ ਦਿੱਲੀ ਦੇ ਸਾਬਕਾ ਵਧੀਕ ਮੁੱਖ ਸਕੱਤਰ ਸੱਤਿਆ ਗੋਪਾਲ ਅਤੇ ਸੇਵਾਮੁਕਤ ਅਧਿਕਾਰੀ ਰਾਕੇਸ਼ ਗੋਇਲ ‘ਆਪ’ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਦੇ ਵਿਸ਼ਵਾਸਪਾਤਰ ਹਨ। ਸ੍ਰੀ ਬਾਜਵਾ ਨੇ ਕਿਹਾ ‘‘ਮੈਨੂੰ ਸ਼ੱਕ ਹੈ ਕਿ ਦਿੱਲੀ ਵਿੱਚ ਬੈਠੀ ‘ਆਪ’ ਦੀ ਸੀਨੀਅਰ ਲੀਡਰਸ਼ਿਪ ਦੀ ਪੰਜਾਬ ਦੇ ਮੁਨਾਫ਼ੇ ਵਾਲੇ ਕਾਰੋਬਾਰਾਂ ‘ਤੇ ਨਜ਼ਰ ਹੈ ਤਾਂ ਜੋ ਉਹ ਪਾਰਟੀ ਫ਼ੰਡ ਇਕੱਠਾ ਕਰ ਸਕਣ।’’
ਬਾਜਵਾ ਅਨੁਸਾਰ 75 ਦੇ ਕਰੀਬ ਸੀਨੀਅਰ ਆਈਏਐੱਸ ਅਤੇ ਆਈਪੀਐੱਸ ਅਧਿਕਾਰੀਆਂ ਨੇ ਇਸ ਲਈ ਅਰਜ਼ੀ ਦਿੱਤੀ ਸੀ ਅਤੇ ਇੰਟਰਵਿਊ ਤਿੰਨ ਦਿਨ ਚੱਲੀ, ਜੋ ਸਿਰਫ਼ ਧੋਖਾ ਹੀ ਸੀ। ਜਪਾ ਦੀ ਕੌਮੀ ਕਾਰਜਕਰਨੀ ਦੇ ਮੈਂਬਰ ਸੁਨੀਲ ਜਾਖੜ ਨੇ ਵੀ ਰੇਰਾ ਦੇ ਚੇਅਰਮੈਨ ਦੀ ਨਿਯੁਕਤੀ ’ਤੇ ਸੁਆਲ ਚੁੱਕੇ ਹਨ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਬਾਹਰਲੇ ਸੇਵਾਮੁਕਤ ਅਧਿਕਾਰੀ ਨੂੰ ਚੇਅਰਮੈਨ ਲਗਾ ਕੇ ਇਹ ਸਾਫ ਸੁਨੇਹਾ ਦਿੱਤਾ ਹੈ ਕਿ ਪੰਜਾਬ ਵਿਚ ਹੁਣ ਕੋਈ ਕਾਬਲ ਅਧਿਕਾਰੀ ਅਤੇ ਮਾਹਿਰ ਨਹੀਂ ਰਿਹਾ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਨੇ ਰਾਜਪਾਲ ਨੂੰ ਪੱਤਰ ਲਿਖ ਕੇ ਚੰਡੀਗੜ੍ਹ ਪ੍ਰਸ਼ਾਸਨ ’ਚ ਪੰਜਾਬ ਦੇ ਅਧਿਕਾਰੀਆਂ ਦੀ ਥਾਂ ’ਤੇ ਏਜੀਐੱਮਯੂਟੀ ਕਾਡਰ ਦੇ ਅਧਿਕਾਰੀ ਲਾਏ ਜਾਣ ’ਤੇ ਇਤਰਾਜ਼ ਕੀਤਾ ਸੀ। ਹੁਣ ਉਨ੍ਹਾਂ ਦਾ ਤਰਕ ਕੀ ਹੋਵੇਗਾ।
No comments:
Post a Comment