Sunday, December 25, 2022

                                            ਐਡਾ ਤੇਰਾ ਕਿਹੜਾ ਦਰਦੀ..
                                                   ਚਰਨਜੀਤ ਭੁੱਲਰ

ਚੰਡੀਗੜ੍ਹ : ਆਖਿਆ ਜਾਂਦੈ ਕਿ ਵੱਡੇ ਤੜਕੇ ਆਏ ਸੁਪਨੇ ਸੱਚ ਹੁੰਦੇ ਨੇ। ਠੀਕ ਉਵੇਂ ਨਾਲ ਅਸਾਂ ਦੇ ਹੋਇਆ। ਅੰਮ੍ਰਿਤ ਵੇਲੇ ਸੁਪਨਾ ਆਇਆ, ਕੀ ਦੇਖਦਾ ਹਾਂ ਕਿ ਬੈਂਡ ਵਾਜੇ ਵੱਜ ਰਹੇ ਨੇ, ਨਾਅਰੇ ਗੂੰਜ ਰਹੇ ਨੇ, ਸ਼ੰਭੂ ਬਾਰਡਰ ਤੋਂ ਫੁੱਲਾਂ ਨਾਲ ਸ਼ਿੰਗਾਰੀ ਗੱਡੀ ਪ੍ਰਵੇਸ਼ ਕਰ ਰਹੀ ਹੈ। ਅੱਗੇ ਮਹਿਬੂਬ ਨੇਤਾ ਕੇਜਰੀਵਾਲ ਸਵਾਰ ਨੇ, ਪਿਛੇ ਵੱਡੀ ਸੀਟ ’ਤੇ ‘ਇਨਕਲਾਬ’ ਬੈਠਾ ਮੁਸਕਰਾ ਰਿਹਾ ਹੈ। ਧੰਨਭਾਗ ਅਸਾਡੇ, ਦਰਸ਼ਨ ਹੋਏ ਤੁਹਾਡੇ। ਮੌਲਾ ਦਾ ਲੱਖ ਲੱਖ ਸ਼ੁਕਰ ਮਨਾਇਆ, ਚਲੋ ਕੋਈ ਤਾਂ ਪੰਜਾਬ ਨੂੰ ਰੰਗ ਭਾਗ ਲਾਉਣ ਆਇਆ।
         ਵਿਆਹ ’ਚ ਬੀਅ ਦਾ ਲੇਖਾ। ਪੰਜਾਬ ਦੇ ਭਾਗ ਬਦਲਣ ਵਾਲੇ ਹੀ ਸਨ ਕਿ ਐਨ ਮੌਕੇ ’ਤੇ ਅੱਖ ਖੁੱਲ੍ਹ ਗਈ। ਉੱਠਦਿਆਂ ਹੀ ਕੰਨੀ ਆਵਾਜ਼ ਪਈ ਕਿ ਸਤਿਆ ਗੋਪਾਲ ਨੂੰ ਰੇਰਾ ਦਾ ਚੇਅਰਮੈਨ ਲਾ’ਤਾ। ਲਓ ਜੀ, ‘ਅੰਨ੍ਹਾ ਕੀ ਭਾਲੇ, ਦੋ ਅੱਖਾਂ’, ਸੱਚਮੁੱਚ ਅੱਖਾਂ ਪੂੰਝ ਕੇ ਜਦੋਂ ਟਿਕਟਿਕੀ ਲਾਈ ਤਾਂ ਸਤਿਆ ਗੋਪਾਲ ਚੋਂ ਅਸਾਨੂੰ ‘ਇਨਕਲਾਬ’ ਦਾ ਝਉਲਾ ਪਿਆ। ਹੁਣ ਤੁਸੀਂ ਪੁੱਛੋਗੇ ਕਿ ਇਹ ਰੇਰਾ ਕੀ ਬਲਾ ਐ, ਬਈ ! ਪੰਜਾਬ ’ਚ ਜਦੋਂ ਵੀ ਕੋਈ ਨਵੀਂ ਕਲੋਨੀ ਕੱਟੂ, ਉਸ ਨੂੰ ਮਨਜ਼ੂਰੀ ਰੇਰਾ (ਰੀਅਲ ਅਸਟੇਟ ਰੈਗੂਲੇਟਰੀ ਅਥਾਰਿਟੀ) ਦਾ ਚੇਅਰਮੈਨ ਹੀ ਦੇਊ। ਕਿਤੇ ਹੁਣ ਇਹ ਨਾ ਆਖ ਦਿਓ, ਕਿ ਘਿਉ ਪੰਜਾਬ ਦਾ, ਪੰਜੇ ਉਂਗਲਾਂ ਗੋਪਾਲ ਦੀਆਂ।
         ਪੰਜਾਬੀਓ! ਹੁਣ ਸੌ ਜਾਓ ਲੰਮੀਆਂ ਤਾਣ ਕੇ। ਸਤਿਆ ਗੋਪਾਲ ਹੱਥੋਂ ਤੁਹਾਡਾ ਭਲਾ ਲਿਖਿਐ। ਤੁਸੀਂ ਬੋਲੀ ਤਾਂ ਸੁਣੀ ਹੋਣੀ ਐ, ‘ਐਡਾ ਮੇਰਾ ਕਿਹੜਾ ਦਰਦੀ, ਸੁੱਤੀ ਪਈ ਨੂੰ ਪੱਖੀ ਦੀ ਝੱਲ ਮਾਰੇ।’ ਬੱਸ ਬਾਬਿਓ! ਯਕੀਨ ਕਰਿਓ, ਇੱਕ ਪਾਸੇ ਬੈਠ ਦੇਖਣਾ, ਬਦਲਦਾ ਪੰਜਾਬ, ਸਾਡਾ ਰੰਗਲਾ ਪੰਜਾਬ। ਪੰਥ ਰਤਨ ਪ੍ਰਕਾਸ਼ ਸਿੰਘ ਬਾਦਲ ਮਨੋ ਮਨੀ ਸੋਚਦੇ ਪਏ ਹੋਣਗੇ ਕਿ ‘ਆਪ’ ਵਾਲੇ ਇਹ ਅਨਮੋਲ ਰਤਨ ਕਿਥੋਂ ਕੱਢ ਲਿਆਏ। ਇੱਧਰ ਪ੍ਰਤਾਪ ਬਾਜਵੇ ਨੇ ਛੱਤ ਸਿਰ ’ਤੇ ਚੁੱਕੀ ਐ, ਅਖੇ ਬਾਹਰਲਾ ਰਿਟਾ.ਅਫਸਰ ਪੰਜਾਬ ਦੀ ਕੁਰਸੀ ’ਤੇ ਬਿਠਾ’ਤਾ।  
        ਰਾਜਾ ਵੜਿੰਗ ਕਹਿੰਦਾ, ਗੈਰ ਪੰਜਾਬੀ ਸਾਡੇ ’ਤੇ ਥੋਪ’ਤੇ। ਅਕਲਾਂ ਦੇ ਥੋਥਿਓ, ਕੇਜਰੀਵਾਲ ਜੋ ਕਹਿੰਦੈ, ਉਹ ਕਰਦੈ। ਜਨਾਬ ਨੇ ਪੰਜਾਬ ਨੂੰ ਰੰਗਲਾ ਬਣਾਉਣੈ, ਜਿਥੋਂ ਕਿਤੋਂ ਚੰਗਾ ਲਲਾਰੀ ਮਿਲੂ, ਉਹ ਤਾਂ ਲੈ ਕੇ ਆਊ। ਥੋੜਾ ਕਾਹਲੇ ਨਾ ਪਓ, ‘ਸਾਡੇ ਤਾਂ ਗੋਰੇ ਵੀ ਨੌਕਰੀਆਂ ਕਰਨ ਆਉਣਗੇ।’ ਇੰਝ ਲੱਗਦੈ ਕਿ ਜਿਵੇਂ ਹੁਣ ਪੰਜਾਬ ਦਾ ਸ਼ਰਤੀਆ ਇਲਾਜ ਹੋਊ। ਮਸੀਹਾ ਬਣਨਾ ਹੋਵੇ ਤਾਂ ਸਲੀਬ ਖੁਦ ਚੁੱਕਣੀ ਪੈਂਦੀ ਹੈ। ਜਿਵੇਂ ਕੋਲੰਬਸ ਨੇ ਅਮਰੀਕਾ ਲੱਭਿਆ, ਬੱਸ ਉਵੇਂ
ਕੇਜਰੀਵਾਲ ਨੇ ਸਤਿਆ ਗੋਪਾਲ। ‘ਜਿੰਨੇ ਮੂੰਹ, ਉਨ੍ਹੀਆਂ ਗੱਲਾਂ’, ਹੁਣ ਟਿੰਡ ’ਚ ਕਾਨਾ ਲੇਖਕ ਪਾਉਣਗੇ, ਅਖੇ ਸਤਿਆ ਜੀ ਨੂੰ ਤਾਂ ਪੰਜਾਬੀ ਨੀਂ ਆਉਂਦੀ। ‘ਕਾਗ਼ਜ਼ ਦੇ ਘੋੜੇ, ਕਦ ਤੱਕ ਦੌੜੇ।’
         ਸਿਆਣੇ ਆਖਦੇ ਹਨ ਕਿ ਸੱਤਾ ਅਜਿਹਾ ਟੌਨਿਕ ਹੈ ਜੋ ਸਭ ਕਮਜ਼ੋਰੀ ਦੂਰ ਕਰ ਦਿੰਦਾ ਹੈ। ਦੇਖਦੇ ਜਾਇਓ, ਕੁਰਸੀ ’ਤੇ ਬੈਠਣ ਤਾਂ ਦਿਓ, ਸਤਿਆ ਗੋਪਾਲ ਦੀ ਪੰਜਾਬੀ ਵਾਲੀ ਕਮਜ਼ੋਰੀ ਕਿਵੇਂ ਛੂਹ ਮੰਤਰ ਹੁੰਦੀ ਹੈ। ਗੱਲ ਫਿਰ ਵੀ ਨਾ ਬਣੀ ਤਾਂ ਕਿਸੇ ਗਿਆਨੀ ਮਾਸਟਰ ਕੋਲ ਪੰਜਾਬੀ ਦੀ ਟਿਊਸ਼ਨ ਰਖਵਾ ਦਿਆਂਗੇ। ਕਿਧਰੋਂ ਗਾਣੇ ਦੀ ਗੂੰਜ ਪਈ ਐ, ‘ਕਿਹੜਾ ਘੋਲ ਕੇ ਤਵੀਤ ਪਿਲਾਇਆ, ਲੱਗੀ ਤੇਰੇ ਮਗਰ ਫਿਰਾਂ’, ਵੱਡਿਓ ਸਿਆਣਿਓ, ਬੌਸ ਦਾ ਤਿਆਗ ਦੇਖੋ, ਚਾਹੁੰਦੇ ਤਾਂ ਸਤਿਆ ਗੋਪਾਲ ਨੂੰ ਦਿੱਲੀ ਦੀ ਸੇਵਾ ’ਚ ਲਾ ਲੈਂਦੇ ਪਰ ਉਨ੍ਹਾਂ ਦੇ ਦਿਲ ’ਚ ਪੰਜਾਬ ਧੜਕਦੈ।
        ਕੋਈ ਕੁਝ ਆਖੇ, ਅਸਾਂ ਨੇ ਤਾਂ ਸਤਿਆ ਗੋਪਾਲ ਦੇ ਸਵਾਗਤ ’ਚ ਇਹੋ ਕਹਿਣੈ, ‘ਆਪ ਆਏ, ਬਹਾਰ ਆਈ’, ਚਾਹੇ ਬਿਹਾਰ ਤੋਂ ਹੀ ਆਈ। ‘ਹੁਣ ਅੱਗੇ ਤੇਰੇ ਭਾਗ ਲੱਛੀਏ’। ਅਸਲ ’ਚ ਕਰਮ ਤਾਂ ਪੰਜਾਬ ਦੇ ਉਨ੍ਹਾਂ ਅਫਸਰਾਂ ਦੇ ਮਾੜੇ, ਜਿਹੜੇ ਘਰੋਂ ਤੁਰੇ ਤਾਂ ਰੇਰਾ ਦਾ ਚੇਅਰਮੈਨ ਬਣਨ ਸੀ, ਅੱਗਿਓਂ ਕਿਸਮਤ ਦਾ ਧਨੀ ਸਤਿਆ ਗੋਪਾਲ ਟੱਕਰ ਗਿਆ। ਆਖਰ ਇਨ੍ਹਾਂ ਪੰਜਾਬੀ ਅਫਸਰਾਂ ਨੂੰ ਆਪਣੇ ਹੀ ਘਰ ’ਚ ਢਿੱਲਾ ਮੂੰਹ ਲੈ ਕੇ ਵੜਨਾ ਪਿਆ। ਜਿਹੜੇ ਬਦਲਾਅ ਪਿਛੇ ਪੂਛ ਚੁੱਕੀ ਫਿਰਦੇ ਸਨ, ਉਨ੍ਹਾਂ ਨੂੰ ਇੱਕ ਇਲਮ ਤਾਂ ਹੋ ਗਿਆ ਕਿ ਬਈ! ਕੇਜਰੀਵਾਲ ਦੇ ਇਰਾਦੇ ਬੜੇ ‘ਕੱਟੜ’ ਨੇ।
        ਪਾਰਖੂ ਆਖਦੇ ਨੇ ‘ਹੁਕਮ ਚਲਾਉਣਾ ਵੀ ਇੱਕ ਕਲਾ ਹੁੰਦੀ ਹੈ, ਚਾਹੇ ਭੇਡਾਂ ਦੇ ਇੱਜੜ ’ਤੇ ਹੀ ਚਲਾਉਣਾ ਹੋਵੇ।’ ਬੇਸ਼ੱਕ ਸਿਆਸਤ ’ਚ ਕੋਈ ਸਕਾ ਨਹੀਂ ਹੁੰਦਾ ਪਰ ਕੇਜਰੀਵਾਲ ਜ਼ਰੂਰ ਸਤਿਆ ਗੋਪਾਲ ਦਾ ਸਕਾ ਨਿਕਲਿਐ। ਭੋਲਿਆ ਪੰਜਾਬਾ! ਤੇਰਾ ਸਕਾ ਵੀ ਜ਼ਰੂਰ ਲੱਭਾਂਗੇ, ਬੱਸ ਪਹਿਲਾਂ ‘ਬਦਲਾਅ’ ਦੇ ਥੋੜਾ ਵਟਣਾ ਮੱਲ ਦੇਈਏ। ਬੱਸ ਹੁਣ ਇਹੋ ਧਰਵਾਸੈ, ‘ਦੜ ਵੱਟ, ਜ਼ਮਾਨਾ ਕੱਟ, ਭਲੇ ਦਿਨ ਆਵਣਗੇ।’

No comments:

Post a Comment