Friday, December 16, 2022

                                                      ਦਰਦ-ਏ-ਵਜ਼ਾਰਤ
                         ਵਜ਼ੀਰਾਂ ਕੋਲ ਤਾਂ ਗੱਲਾਂ ਦਾ ਹੀ ਖਜ਼ਾਨਾ ਏ..!
                                                        ਚਰਨਜੀਤ ਭੁੱਲਰ    

ਚੰਡੀਗੜ੍ਹ : ‘ਆਪ’ ਸਰਕਾਰ ਦੇ ਕੈਬਨਿਟ ਵਜ਼ੀਰ ਫੰਡਾਂ ਦੀ ਤੰਗੀ ਨਾਲ ਘੁਲ ਰਹੇ ਹਨ। ਤਾਹੀਓਂ ਇਨ੍ਹਾਂ ਵਜ਼ੀਰਾਂ ਨੂੰ ਗੱਲਾਂ ਦੇ ਖ਼ਜ਼ਾਨੇ ਨਾਲ ਬੁੱਤਾ ਸਾਰਨਾ ਪੈ ਰਿਹਾ ਹੈ। ਚਾਲੂ ਵਿੱਤੀ ਵਰ੍ਹੇ ਦੇ ਸਿਰਫ਼ ਸਾਢੇ ਤਿੰਨ ਮਹੀਨੇ ਬਚੇ ਹਨ ਅਤੇ ਇਨ੍ਹਾਂ ਵਜ਼ੀਰਾਂ ਦਾ ਅਖ਼ਤਿਆਰੀ ਕੋਟੇ ਦਾ ਖ਼ਜ਼ਾਨਾ ਖਾਲੀ ਹੈ। ਉਪਰੋਂ ਪੰਜਾਬ ਸਰਕਾਰ ਹੁਣ ਵਜ਼ੀਰਾਂ ਦੇ ਅਖ਼ਤਿਆਰੀ ਫੰਡਾਂ ’ਤੇ ਕੱਟ ਲਾਉਣ ਦੇ ਰਾਹ ਪੈ ਗਈ ਹੈ। ‘ਆਪ’ ਸਰਕਾਰ ਦੇ ਬਹੁਤੇ ਵਜ਼ੀਰਾਂ ਨੂੰ ਜਨਤਕ ਸਮਾਗਮਾਂ ਵਿਚ ਸ਼ਰਮਿੰਦਗੀ ਝੱਲਣੀ ਪੈ ਰਹੀ ਹੈ ਕਿਉਂਕਿ ਉਨ੍ਹਾਂ ਕੋਲ ਫੰਡ ਦੇਣ ਵਾਲਾ ਬੋਝਾ ਤਾਂ ਖਾਲੀ ਹੈ। ਮੁੱਖ ਮੰਤਰੀ ਭਗਵੰਤ ਮਾਨ ਨੇ ਵੀ ਆਪਣੇ ਅਖ਼ਤਿਆਰੀ ਕੋਟੇ ਦੇ ਫੰਡਾਂ ਦਾ ਮਹੂਰਤ ਨਹੀਂ ਕੀਤਾ ਹੈ। ਇੱਕ ਕੈਬਨਿਟ ਮੰਤਰੀ ਨੇ ਆਪਣਾ ਮਨ ਖੋਲ੍ਹਿਆ ‘ਸਾਡੇ ਕੋਲ ਤਾਂ ਇਸ ਵੇਲੇ ਲੋਕਾਂ ਨੂੰ ਦੇਣ ਲਈ ਸਿਰਫ਼ ਗੱਲਾਂ ਹੀ ਨੇ।’ ਸਰਕਾਰ ਨੇ ਜੇਕਰ ਅਖ਼ਤਿਆਰੀ ਕੋਟੇ ਦੇ ਫੰਡ ਜਾਰੀ ਨਾ ਕੀਤੇ ਤਾਂ ਇਹ 31 ਮਾਰਚ ਨੂੰ ਲੈਪਸ ਹੋ ਜਾਣਗੇ। 

           ਇੱਕ ਵਜ਼ੀਰ ਦਾ ਦਰਦ ਸੀ ਕਿ ਹਾਈਕਮਾਨ ਨੇ ਵਜ਼ੀਰਾਂ ’ਤੇ ਬਿਆਨ ਜਾਰੀ ਕਰਨ ਦੀ ਵੀ ਇੱਕ ਤਰੀਕੇ ਨਾਲ ਪਾਬੰਦੀ ਲਗਾ ਰੱਖੀ ਹੈ ਅਤੇ ਨਾ ਹੀ ਹੁਣ ਉਨ੍ਹਾਂ ਕੋਲ ਸਮਾਗਮਾਂ ਵਿਚ ਵੰਡਣ ਲਈ ਫੰਡ ਹਨ। ਸਿਰਫ਼ ਇੱਕ ਝੰਡੀ ਵਾਲੀ ਕਾਰ ਹੈ ਅਤੇ ਦੂਸਰਾ ਗੰਨਮੈਨ। ਬਹੁਤੇ ਵਜ਼ੀਰ ਇਸ ਗੱਲੋਂ ਔਖ ’ਚ ਹਨ ਕਿ ਉਹ ਕਿਹੜੇ ਮੂੰਹ ਨਾਲ ਸਮਾਗਮਾਂ ਵਿਚ ਜਾਣ। ਸੂਬੇ ’ਚ ਵਜ਼ੀਰਾਂ ਨੂੰ ਅਖ਼ਤਿਆਰੀ ਕੋਟੇ ਤਹਿਤ ਪਹਿਲਾਂ ਤਿੰਨ ਕਰੋੜ ਰੁਪਏ ਸਾਲਾਨਾ ਮਿਲਦੇ ਸਨ ਅਤੇ ਚੰਨੀ ਸਰਕਾਰ ਨੇ ਇਹ ਫੰਡ ਵਧਾ ਕੇ ਪੰਜ ਕਰੋੋੜ ਰੁਪਏ ਸਾਲਾਨਾ ਕਰ ਦਿੱਤੇ ਸਨ। ਜਦੋਂ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਸਨ ਤਾਂ ਉਨ੍ਹਾਂ ਮੁੱਖ ਮੰਤਰੀ ਦਾ ਅਖ਼ਤਿਆਰੀ ਕੋਟਾ 10 ਕਰੋੜ ਤੋਂ ਵਧਾ ਕੇ 50 ਕਰੋੜ ਰੁਪਏ ਸਾਲਾਨਾ ਕਰ ਦਿੱਤਾ ਸੀ। ਜਿਉਂ ਹੀ ਚਰਨਜੀਤ ਚੰਨੀ ਨੇ ਮੁੱਖ ਮੰਤਰੀ ਦਾ ਅਹੁਦਾ ਸੰਭਾਲਿਆ ਤਾਂ ਉਨ੍ਹਾਂ ਪਹਿਲਾਂ ਮੁੱਖ ਮੰਤਰੀ ਦਾ ਅਖ਼ਤਿਆਰੀ ਕੋਟਾ 50 ਕਰੋੜ ਤੋਂ ਵਧਾ ਕੇ 100 ਕਰੋੜ ਅਤੇ ਫਿਰ ਨਵਾਂ ਨੋਟੀਫਿਕੇਸ਼ਨ ਜਾਰੀ ਕਰਕੇ ਇਹ ਕੋਟਾ 150 ਕਰੋੜ ਰੁਪਏ ਸਾਲਾਨਾ ਕਰ ਦਿੱਤਾ ਸੀ। 

           ਚੋੋਣ ਜ਼ਾਬਤਾ ਲੱਗਣ ਤੋਂ ਪਹਿਲਾਂ ਚੰਨੀ ਨੇ ਇਹ ਕੋਟਾ 150 ਕਰੋੜ ਤੋਂ ਵਧਾ ਕੇ 200 ਕਰੋੜ ਰੁਪਏ ਸਾਲਾਨਾ ਕਰ ਦਿੱਤਾ ਸੀ। ਜਦੋਂ ਵਿਧਾਨ ਸਭਾ ਚੋਣਾਂ ਸਿਰ ’ਤੇ ਸਨ ਤਾਂ ਚੰਨੀ ਨੇ ਆਪਣੇ ਅਖ਼ਤਿਆਰੀ ਕੋਟੇ ’ਚੋਂ 81.51 ਕਰੋੜ ਰੁਪਏ ਦੇ ਫੰਡ ਵੰਡੇ ਸਨ। ਤਤਕਾਲੀ ਵਜ਼ੀਰਾਂ ਵੱਲੋਂ ਵੰਡੇ ਗਏ ਬਹੁਤੇ ਫੰਡ ਚੋਣ ਜ਼ਾਬਤੇ ਦੀ ਭੇਟ ਚੜ੍ਹ ਗਏ ਸਨ। ਸੂਤਰਾਂ ਅਨੁਸਾਰ ‘ਆਪ’ ਸਰਕਾਰ ਵਜ਼ੀਰਾਂ ਅਤੇ ਮੁੱਖ ਮੰਤਰੀ ਦੇ ਅਖ਼ਤਿਆਰੀ ਕੋਟੇ ਵਿਚ ਕਟੌਤੀ ਕਰਨ ਬਾਰੇ ਫੈਸਲੇ ਲੈਣ ਦੇ ਰਾਹ ’ਤੇ ਹੈ। ਇਹ ਫੈਸਲਾ ਸਿਰੇ ਚੜ੍ਹਦਾ ਹੈ ਤਾਂ ਵਜ਼ੀਰਾਂ ਕੋਲ ਸੰਸਥਾਵਾਂ ਨੂੰ ਦੇਣ ਲਈ ਫੰਡਾਂ ਦੀ ਤੋਟ ਪੈ ਜਾਣੀ ਹੈ।ਵਿੱਤ ਮੰਤਰੀ ਐਡਵੋਕੇਟ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਸਰਕਾਰ ਦੇ ਖ਼ਜ਼ਾਨੇ ਵਿਚ ਫੰਡਾਂ ਦੀ ਕੋਈ ਕਮੀ ਨਹੀਂ ਹੈ ਅਤੇ ਸਿਰਫ਼ ਅਖ਼ਤਿਆਰੀ ਕੋਟੇ ਦੇ ਫੰਡਾਂ ਬਾਰੇ ਦਿਸ਼ਾ-ਨਿਰਦੇਸ਼ਾਂ ਨੂੰ ਅੰਤਿਮ ਛੋਹਾਂ ਦਿੱਤੀਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਜਲਦੀ ਇਹ ਫੰਡ ਜਾਰੀ ਹੋ ਜਾਣਗੇ। ਚੀਮਾ ਨੇ ਕਿਹਾ ਕਿ ਅਖ਼ਤਿਆਰੀ ਕੋਟੇ ਦੇ ਫੰਡਾਂ ਵਿਚ ਕਟੌਤੀ ਬਾਰੇ ਉਨ੍ਹਾਂ ਕੋਲ ਹਾਲੇ ਕੋਈ ਜਾਣਕਾਰੀ ਨਹੀਂ ਹੈ।

                                         ਵਿਆਹਾਂ ’ਤੇ ਜਾਣ ਜੋਗੇ ਰਹਿ ਗਏ ਵਜ਼ੀਰ

‘ਆਪ’ ਦੇ ਵਜ਼ੀਰਾਂ ਨੂੰ ਵਿਰੋਧੀ ਟਿੱਚਰਾਂ ਕਰਨ ਲੱਗ ਪਏ ਹਨ ਕਿ ਨਵੇਂ ਵਜ਼ੀਰ ਤਾਂ ਸਿਰਫ਼ ਵਿਆਹਾਂ ਅਤੇ ਭੋਗਾਂ ’ਤੇ ਜਾਣ ਜੋਗੇ ਹੀ ਰਹਿ ਗਏ ਹਨ। ਉਨ੍ਹਾਂ ਕੋਲ ਸਮਾਗਮਾਂ ਵਿਚ ਦੇਣ ਲਈ ਧੇਲਾ ਨਹੀਂ ਹੈ ਜਿਸ ਕਰ ਕੇ ਬਹੁਤੇ ਵਜ਼ੀਰ ਟਾਲ਼ਾ ਵੀ ਵੱਟਣ ਲੱਗ ਪਏ ਹਨ। ਇੰਨਾ ਜ਼ਰੂਰ ਹੈ ਕਿ ਵਜ਼ੀਰ ਪਿਛਲੇ ਦਿਨਾਂ ਤੋਂ ਵਿਆਹਾਂ ਤੇ ਭੋਗਾਂ ਵਿਚ ਆਪਣੀ ਹਾਜ਼ਰੀ ਜ਼ਰੂਰ ਲਵਾਉਣ ਲੱਗ ਪਏ ਹਨ। ਕਈ ਵਜ਼ੀਰ ਕੇਂਦਰੀ ਫੰਡਾਂ ਨਾਲ ਬੁੱਤਾ ਸਾਰ ਰਹੇ ਹਨ।

No comments:

Post a Comment