Showing posts with label Cancer. Show all posts
Showing posts with label Cancer. Show all posts

Saturday, September 30, 2023

                                                      ਕੈਂਸਰ ਇਲਾਜ ਲਈ 
                                ਵਿਦੇਸ਼ ਜਾਣਾ ਚਾਹੁੰਦੇ ਸਨ ਖਹਿਰਾ
                                                       ਚਰਨਜੀਤ ਭੁੱਲਰ 

ਚੰਡੀਗੜ੍ਹ : ਪੰਜਾਬ ਪੁਲੀਸ ਵੱਲੋਂ ਨਸ਼ਿਆਂ ਦੇ ਪੁਰਾਣੇ ਕੇਸ ਵਿਚ ਵੀਰਵਾਰ ਨੂੰ ਗ੍ਰਿਫ਼ਤਾਰ ਕੀਤੇ ਗਏ ਕਾਂਗਰਸੀ ਵਿਧਾਇਕ ਸੁਖਪਾਲ ਸਿੰਘ ਖਹਿਰਾ ਕੈਂਸਰ ਦੇ ਇਲਾਜ ਲਈ ਅਗਲੇ ਮਹੀਨੇ ਵਿਦੇਸ਼ ਜਾਣਾ ਚਾਹੁੰਦੇ ਸਨ। ਖਹਿਰਾ ਨੇ ਮੁਹਾਲੀ ਦੀ ਵਿਸ਼ੇਸ਼ ਅਦਾਲਤ ਤੋਂ ਕੈਂਸਰ ਦੇ ਇਲਾਜ ਲਈ ਵਿਦੇਸ਼ ਜਾਣ ਦੀ ਇਜਾਜ਼ਤ ਮੰਗੀ ਸੀ। ਦੱਸਿਆ ਜਾ ਰਿਹਾ ਹੈ ਕਿ ਪੁਲੀਸ ਦੀ ਵਿਸ਼ੇਸ਼ ਜਾਂਚ ਟੀਮ ਨੂੰ ਖਹਿਰਾ ਦੇ ਦੇਸ਼ ਛੱਡਣ ਅਤੇ ਵਾਪਸ ਨਾ ਆਉਣ ਦਾ ਡਰ ਸੀ ਜਿਸ ਕਰਕੇ ਉਨ੍ਹਾਂ ਬਿਨਾ ਦੇਰੀ ਕੀਤੇ ਖਹਿਰਾ ਨੂੰ ਗ੍ਰਿਫ਼ਤਾਰ ਕਰ ਲਿਆ। ਚੇਤੇ ਰਹੇ ਕਿ ਖਹਿਰਾ ਦੀ ਗ੍ਰਿਫ਼ਤਾਰੀ ਤੋਂ ਪੰਜਾਬ ਦੀ ਸਿਆਸਤ ਭਖੀ ਹੋਈ ਹੈ ਅਤੇ ਵਿਰੋਧੀ ਧਿਰਾਂ ਨੇ ਖਹਿਰਾ ਦੀ ਗ੍ਰਿਫ਼ਤਾਰੀ ਨੂੰ ਸਿਆਸੀ ਬਦਲਾਖੋਰੀ ਦੱਸਿਆ ਹੈ ਜਦੋਂ ਕਿ ਸੂਬਾ ਸਰਕਾਰ ਦੇ ਉੱਚ ਅਧਿਕਾਰੀ ਕਿਸੇ ਵੀ ਤਰ੍ਹਾਂ ਦੀ ਸਿਆਸੀ ਬਦਲਾਖੋਰੀ ਤੋਂ ਇਨਕਾਰ ਕਰ ਰਹੇ ਹਨ।

        ਅਧਿਕਾਰੀਆਂ ਨੇ ਕਿਹਾ ਕਿ ਜਦੋਂ ਖਹਿਰਾ ਨੇ ਆਪਣੇ ’ਤੇ ਦਰਜ ਮਨੀ ਲਾਂਡਰਿੰਗ ਕੇਸ ਤੋਂ ਛੁਟਕਾਰਾ ਪਾਉਣ ਲਈ ਪੈਰਵੀ ਸ਼ੁਰੂ ਕੀਤੀ ਤਾਂ ਇਸ ਦਾ ਵਿਸ਼ੇਸ਼ ਜਾਂਚ ਟੀਮ ਨੇ ਨੋਟਿਸ ਲਿਆ। ‘ਪੰਜਾਬੀ ਟ੍ਰਿਬਿਊਨ’ ਕੋਲ ਮੌਜੂਦ ਦਸਤਾਵੇਜ਼ਾਂ ਤੋਂ ਤੱਥ ਉੱਭਰੇ ਹਨ ਕਿ ਅਗਸਤ ਵਿਚ ਵਧੀਕ ਸੈਸ਼ਨ ਜੱਜ ਅਵਤਾਰ ਸਿੰਘ ਦੀ ਵਿਸ਼ੇਸ਼ ਅਦਾਲਤ ’ਚ ਖਹਿਰਾ ਨੇ ਕੈਂਸਰ ਦਾ ਇਲਾਜ ਕਰਵਾਉਣ ਲਈ ਤਿੰਨ ਮਹੀਨਿਆਂ ਵਾਸਤੇ ਅਮਰੀਕਾ ਅਤੇ ਕੈਨੇਡਾ ਜਾਣ ਦੀ ਇਜਾਜ਼ਤ ਮੰਗੀ ਸੀ। ਖਹਿਰਾ ਦੇ ਲੜਕੇ ਮਹਿਤਾਬ ਸਿੰਘ ਖਹਿਰਾ ਨੇ ਪੁਸ਼ਟੀ ਕੀਤੀ ਕਿ ਉਨ੍ਹਾਂ ਦੇ ਪਿਤਾ ਨੂੰ ਪ੍ਰੋਸਟੈਟ ਕੈਂਸਰ ਹੈ ਜਿਸ ਦੇ ਇਲਾਜ ਲਈ ਉਹ ਵਿਦੇਸ਼ ਜਾਣਾ ਚਾਹੁੰਦੇ ਸਨ। ਵਿਸ਼ੇਸ਼ ਅਦਾਲਤ ਨੇ ਖਹਿਰਾ ਨੂੰ ਆਪਣੇ ਵਕੀਲ ਰਾਹੀਂ ਵਿਦੇਸ਼ ਯਾਤਰਾ ਅਤੇ ਡਾਕਟਰ ਤੋਂ ਲਈ ਨਿਯੁਕਤੀ ਦੇ ਤੱਥ ਪੇਸ਼ ਕਰਨ ਲਈ ਕਿਹਾ ਸੀ ਜਿੱਥੇ ਉਹ ਆਪਣਾ ਇਲਾਜ ਕਰਾਉਣਾ ਚਾਹੁੰਦੇ ਹਨ। 

       ਅਦਾਲਤ ਨੇ 19 ਅਤੇ 20 ਸਤੰਬਰ ਤੋਂ ਇਲਾਵਾ 25 ਸਤੰਬਰ ਦੀਆਂ ਪੇਸ਼ੀਆਂ ਮੌਕੇ ਵੀ ਖਹਿਰਾ ਨੂੰ ਡਾਕਟਰ ਦੀ ਨਿਯੁਕਤੀ ਆਦਿ ਦਾ ਰਿਕਾਰਡ ਪੇਸ਼ ਕਰਨ ਲਈ ਕਿਹਾ ਸੀ ਅਤੇ ਪਾਸਪੋਰਟ ਤੇ ਵੀਜ਼ਾ ਅਦਾਲਤ ਵਿਚ ਜਮ੍ਹਾਂ ਕਰਾਉਣ ਦੀ ਹਦਾਇਤ ਕੀਤੀ ਸੀ। ਹੁਣ ਸੁਣਵਾਈ ਦੀ ਅਗਲੀ ਤਰੀਕ 30 ਸਤੰਬਰ ਰੱਖੀ ਗਈ ਹੈ। ਹਾਲਾਂਕਿ ਵਿਸ਼ੇਸ਼ ਅਦਾਲਤ ਨੇ ਖਹਿਰਾ ਦੀ ਡਿਸਚਾਰਜ ਦੀ ਅਰਜ਼ੀ 20 ਸਤੰਬਰ ਨੂੰ ਹੀ ਖ਼ਾਰਜ ਕਰ ਦਿੱਤੀ ਸੀ। ਮਹਿਤਾਬ ਸਿੰਘ ਖਹਿਰਾ ਨੇ ਦੱਸਿਆ ਕਿ ਉਨ੍ਹਾਂ ਦੇ ਪਿਤਾ ਨੇ ਤਿੰਨ ਮਹੀਨਿਆਂ ਲਈ ਵਿਦੇਸ਼ ਜਾਣ ਦੀ ਇਜਾਜ਼ਤ ਮੰਗੀ ਸੀ ਪ੍ਰੰਤੂ ਉਨ੍ਹਾਂ ਨੂੰ 18 ਤੋਂ 30 ਅਕਤੂਬਰ ਤੱਕ ਦੀ ਹੀ ਇਜਾਜ਼ਤ ਦਿੱਤੀ ਗਈ। ਉਨ੍ਹਾਂ ਕਿਹਾ ਕਿ ਪਹਿਲਾਂ ਅਗਸਤ ਵਿਚ ਡਾਕਟਰ ਤੋਂ ਸਮਾਂ ਲਿਆ ਸੀ ਪ੍ਰੰਤੂ ਉਹ ਇਸ ਤੋਂ ਖੁੰਝ ਗਏ ਸਨ। ਉਨ੍ਹਾਂ ਦੱਸਿਆ ਕਿ ਅਦਾਲਤ ਵੱਲੋਂ ਮੰਗੇ ਗਏ ਦਸਤਾਵੇਜ਼ 30 ਸਤੰਬਰ ਨੂੰ ਪੇਸ਼ ਕਰਨ ਤੋਂ ਪਹਿਲਾਂ ਹੀ ਖਹਿਰਾ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ।

         ਚੇਤੇ ਰਹੇ ਕਿ ਐੱਨਫੋਰਸਮੈਂਟ ਡਾਇਰੈਕਟੋਰੇਟ ਨੇ ਸੁਖਪਾਲ ਖਹਿਰਾ ਵਿਰੁੱਧ 2021 ਵਿਚ ਮਨੀ ਲਾਂਡਰਿੰਗ ਕੇਸ ਦਰਜ ਕੀਤਾ ਸੀ ਅਤੇ ਨਵੰਬਰ 2021 ਵਿਚ ਖਹਿਰਾ ਨੂੰ ਈਡੀ ਨੇ ਗ੍ਰਿਫ਼ਤਾਰ ਕਰ ਲਿਆ ਸੀ। ਸੁਖਪਾਲ ਖਹਿਰਾ ਨੇ ਇਸੇ ਸਾਲ ਅਪਰੈਲ ਵਿਚ ਅਦਾਲਤ ਦਾ ਰੁਖ਼ ਕੀਤਾ ਸੀ ਅਤੇ ਮਨੀ ਲਾਂਡਰਿੰਗ ਕੇਸ ’ਚ ਡਿਸਚਾਰਜ ਕੀਤੇ ਜਾਣ ਦੀ ਮੰਗ ਕੀਤੀ ਸੀ। ਦੱਸਣਯੋਗ ਹੈ ਕਿ ਵਿਧਾਨ ਸਭਾ ਦੇ ਪਿਛਲੇ ਕਾਰਜਕਾਲ ਵਿਚ ਖਹਿਰਾ ‘ਆਪ’ ਦੇ ਵਿਧਾਇਕ ਸਨ ਅਤੇ ਵਿਰੋਧੀ ਧਿਰ ਦੇ ਨੇਤਾ ਵੀ ਰਹਿ ਚੁੱਕੇ ਹਨ। ਖਹਿਰਾ ਨੇ 2018 ਵਿਚ ‘ਆਪ’ ਵਿਰੁੱਧ ਬਗ਼ਾਵਤ ਕਰ ਦਿੱਤੀ ਸੀ।

Friday, December 23, 2022

                                                     ਕੈਂਸਰ ਦਾ ਕਹਿਰ
                             ਬੱਚੇ ਹੁਣ ਸਕੂਲ ਨਹੀਂ, ਹਸਪਤਾਲ ਜਾਂਦੇ ਨੇ..!
                                                       ਚਰਨਜੀਤ ਭੁੱਲਰ    

ਚੰਡੀਗੜ੍ਹ: ਪੰਜਾਬ ’ਚ ਨਿਆਣੇ ਤੇ ਸਿਆਣੇ ਵੀ ਕੈਂਸਰ ਦੀ ਮਾਰ ਤੋਂ ਨਹੀਂ ਬਚ ਸਕੇ। ਜਿਨ੍ਹਾਂ ਬੱਚਿਆਂ ਨੇ ਬਸਤੇ ਚੁੱਕ ਸਕੂਲਾਂ ’ਚ ਜਾਣਾ ਸੀ, ਉਨ੍ਹਾਂ ਨੂੰ ਇਲਾਜ ਲਈ ਹਸਪਤਾਲਾਂ ’ਚ ਜਾਣਾ ਪੈ ਰਿਹਾ ਹੈ। ਤ੍ਰਾਸਦੀ ਇਹ ਹੈ ਕਿ ਬੱਚਿਆਂ ਦੇ ਇਲਾਜ ’ਚ ਲੱਗੇ ਮਾਪੇ ਉਸ ਤੋਂ ਵੀ ਵੱਡਾ ਦੁੱਖ ਭੋਗ ਰਹੇ ਹਨ। ਸੰਗਰੂਰ ਦੇ ਪਿੰਡ ਰਟੋਲਾ ਦੀ 9 ਸਾਲਾਂ ਦੀ ਬੱਚੀ ਹਰਮਨਦੀਪ ਕੌਰ ਹੁਣ ਸਕੂਲ ਨਹੀਂ ਜਾਂਦੀ। ਉਸ ਨੂੰ ਇਲਾਜ ਲਈ ਫ਼ਰੀਦਕੋਟ ਦੇ ਗੁਰੂ ਗੋਬਿੰਦ ਸਿੰਘ ਮੈਡੀਕਲ ਹਸਪਤਾਲ ’ਚ ਜਾਣਾ ਪੈਂਦਾ ਹੈ। ਪਿਤਾ ਮਿੱਠੂ ਸਿੰਘ ਦੱਸਦੇ ਹਨ ਕਿ ਜਦੋਂ ਕਦੇ ਬੱਚੀ ਠੀਕ ਮਹਿਸੂਸ ਕਰਦੀ ਹੈ ਤਾਂ ਸਕੂਲ ਚਲੀ ਜਾਂਦੀ ਹੈ। ਬਾਕੀ ਦਿਨ ਹਸਪਤਾਲਾਂ ਦੇ ਗੇੜਿਆਂ ’ਚ ਲੰਘਦੇ ਹਨ। ਉਸ ਨੇ ਕਿਹਾ ਕਿ ਲੜਕੀ ਦੇ ਇਲਾਜ ਕਰਕੇ ਵੱਡੇ ਬੇਟੇ ਦੀ ਪੜ੍ਹਾਈ ਵੀ ਦਾਅ ’ਤੇ ਲੱਗ ਗਈ ਹੈ। ਹੁਣ ਤੱਕ ਇਲਾਜ ’ਤੇ 6 ਲੱਖ ਰੁਪਏ ਖ਼ਰਚ ਹੋਏ ਹਨ। ਫ਼ਰੀਦਕੋਟ ਦੀ ਔਰਤ ਪੂਜਾ ਦੀ ਗਿਆਰਾਂ ਸਾਲਾਂ ਦੀ ਬੱਚੀ ਵੀ ਕੈਂਸਰ ਤੋਂ ਪੀੜਤ ਹੈ। ਉਸ ਨੇ ਦੱਸਿਆ ਕਿ ਲੜਕੀ ਦੇ ਸਕੂਲ ਦੀ ਥਾਂ ਹਸਪਤਾਲ ਦੇ ਵਾਰਡ ’ਚ ਦਿਨ ਲੰਘਦੇ ਹਨ। 

         ਵਿਸ਼ਵ ਸਿਹਤ ਸੰਸਥਾ ਦੇ ਅਨੁਸਾਰ ਭਾਰਤ ਵਿੱਚ ਸਾਲਾਨਾ ਕਰੀਬ 75 ਹਜ਼ਾਰ ਬੱਚੇ ਕੈਂਸਰ ਦੀ ਲਪੇਟ ’ਚ ਆਉਂਦੇ ਹਨ। ਭਾਈ ਘਨ੍ਹੱਈਆ ਕੈਂਸਰ ਰੋਕੋ ਸੇਵਾ ਸੁਸਾਇਟੀ ਵੱਲੋਂ ਪ੍ਰਾਪਤ ਆਰਟੀਆਈ ਸੂਚਨਾ ਅਨੁਸਾਰ ਫ਼ਰੀਦਕੋਟ ਦੇ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਵਿੱਚ 2009 ਤੋਂ ਦਸੰਬਰ 2021 ਤੱਕ ਕੈਂਸਰ ਪੀੜਤ 375 ਬੱਚੇ ਇਲਾਜ ਲਈ ਆਏ ਸਨ। ਇੱਕ ਕਾਲਜ ਅਧਿਆਪਕ ਵਿਸ਼ਾਲ ਮੌੜ ਨੇ ਦੱਸਿਆ ਕਿ ਉਸ ਦੀ ਇੱਕ ਸਾਲ ਦੀ ਭਤੀਜੀ ਕੈਂਸਰ ਤੋਂ ਪੀੜਤ ਹੈ ਜਿਸ ਦਾ ਇਲਾਜ ਪੀਜੀਆਈ ਵਿਚ ਚੱਲ ਰਿਹਾ ਹੈ। ਲੁਧਿਆਣਾ ਦੇ ਸੀਐੱਮਸੀ ਹਸਪਤਾਲ ’ਚ ਡੇਢ ਸਾਲ ਵਿੱਚ 11 ਬੱਚੇ ਇਲਾਜ ਲਈ ਆ ਚੁੱਕੇ ਹਨ। ਬਠਿੰਡਾ ’ਚ ਐਡਵਾਂਸਡ ਕੈਂਸਰ ਇੰਸਟੀਚਿਊਟ ਹੈ ਜਿੱਥੇ ਛੇ ਸਾਲਾਂ ਅੰਦਰ ਤਕਰੀਬਨ 2.60 ਲੱਖ ਮਰੀਜ਼ ਇਲਾਜ ਕਰਾ ਚੁੱਕੇ ਹਨ। ਡਾ. ਦੀਪਕ ਅਰੋੜਾ ਨੇ ਦੱਸਿਆ ਕਿ ਕੈਂਸਰ ਦੀ ਮਾਰ ਤੋਂ ਛੋਟੇ ਬੱਚੇ ਵੀ ਨਹੀਂ ਬਚੇ ਹਨ। ਪਹਿਲਾਂ ਜਿਨ੍ਹਾਂ ਮਰੀਜ਼ਾਂ ਨੂੰ ਇਲਾਜ ਲਈ ਬੀਕਾਨੇਰ ਜਾਣਾ ਪੈਂਦਾ ਸੀ, ਉਨ੍ਹਾਂ ਲਈ ਐਡਵਾਂਸਡ ਕੈਂਸਰ ਇੰਸਟੀਚਿਊਟ ਵੱਡਾ ਸਹਾਰਾ ਬਣ ਰਿਹਾ ਹੈ। 

          ਇਸ ਤੋਂ ਇਲਾਵਾ ਗੰਭੀਰ ਬਿਮਾਰੀਆਂ ਦੀ ਚਪੇਟ ’ਚ ਆਉਣ ਕਰਕੇ ਬਠਿੰਡਾ ਹੁਣ ਮੈਡੀਕਲ ਹੱਬ ਵਜੋਂ ਵੀ ਉੱਭਰ ਰਿਹਾ ਹੈ। ਕੇਂਦਰੀ ਸਿਹਤ ਮੰਤਰਾਲੇ ਵੱਲੋਂ ਜਾਰੀ ਤਾਜ਼ਾ ਵੇਰਵਿਆਂ ਅਨੁਸਾਰ ਪੰਜਾਬ ’ਚ ਲੰਘੇ ਚਾਰ ਵਰ੍ਹਿਆਂ ’ਚ ਔਸਤਨ ਰੋਜ਼ਾਨਾ 76 ਮੌਤਾਂ ਕੈਂਸਰ ਨਾਲ ਹੋ ਰਹੀਆਂ ਹਨ ਅਤੇ ਕੈਂਸਰ ਦੇ 107 ਨਵੇਂ ਕੇਸ ਰੋਜ਼ਾਨਾ ਸਾਹਮਣੇ ਆ ਰਹੇ ਹਨ। ਸਾਲ 2022 ਦੌਰਾਨ ਹੁਣ ਤੱਕ ਕੈਂਸਰ ਨਾਲ 23,301 ਮੌਤਾਂ ਹੋ ਚੁੱਕੀਆਂ ਹਨ ਜਦਕਿ ਕੈਂਸਰ ਦੇ 40,435 ਨਵੇਂ ਕੇਸਾਂ ਦੀ ਸ਼ਨਾਖ਼ਤ ਹੋਈ ਹੈ। ਪੰਜਾਬ ਦਾ ਮਾਲਵਾ ਖ਼ਿੱਤਾ ਸਭ ਤੋਂ ਵੱਧ ਕੈਂਸਰ ਦੀ ਮਾਰ ਝੱਲ ਰਿਹਾ ਹੈ। ਸਾਲ 2018 ਤੋਂ 2022 ਤੱਕ ਕੈਂਸਰ ਕਾਰਨ 1.11 ਲੱਖ ਲੋਕਾਂ ਦੀ ਮੌਤ ਹੋਈ ਜਦਕਿ 1.56 ਲੱਖ ਕੇਸ ਸਾਹਮਣੇ ਆਏ। ਸਰਕਾਰੀ ਤੱਥਾਂ ਅਨੁਸਾਰ ਸਾਲ 2022 ’ਚ ਰੋਜ਼ਾਨਾ ਔਸਤਨ 110 ਕੈਂਸਰ ਦੇ ਕੇਸ ਸਾਹਮਣੇ ਆਏ ਹਨ ਜਦਕਿ ਇਸੇ ਵਰ੍ਹੇ ’ਚ ਰੋਜ਼ਾਨਾ ਔਸਤਨ 63 ਮੌਤਾਂ ਕੈਂਸਰ ਕਾਰਨ ਹੋਈਆਂ ਹਨ। ਸਾਲ 2021 ਵਿੱਚ 22,786 ਮੌਤਾਂ, 2020 ਵਿਚ 22,276, ਸਾਲ 2019 ਵਿਚ 21,763 ਅਤੇ ਸਾਲ 2018 ਵਿਚ 21,278 ਮੌਤਾਂ ਕੈਂਸਰ ਕਾਰਨ ਹੋਈਆਂ ਹਨ। 

          ਇਸੇ ਤਰ੍ਹਾਂ ਵਰ੍ਹਾ 2019 ’ਚ 37,744, ਸਾਲ 2020 ’ਚ 38,636, ਸਾਲ 2021 ’ਚ 39,521 ਤੇ ਸਾਲ 2022 ’ਚ 40,435 ਕੈਂਸਰ ਦੇ ਨਵੇਂ ਕੇਸ ਸਾਹਮਣੇ ਆਏ ਹਨ। ਇਹ ਬਿਮਾਰੀ ਛੋਟੇ ਤੇ ਮੱਧ ਵਰਗੀ ਪਰਿਵਾਰਾਂ ਦੀ ਆਰਥਿਕਤਾ ਵੀ ਹਿਲਾ ਰਹੀ ਹੈ।ਪੰਜਾਬ ਸਰਕਾਰ ਵੱਲੋਂ ‘ਮੁੱਖ ਮੰਤਰੀ ਕੈਂਸਰ ਰਾਹਤ ਫੰਡ’ ਤਹਿਤ 2013 ਤੋਂ ਕੈਂਸਰ ਮਰੀਜ਼ਾਂ ਦੇ ਇਲਾਜ ਲਈ ਡੇਢ ਲੱਖ ਰੁਪਏ ਦੀ ਵਿੱਤੀ ਮਦਦ ਦਿੱਤੀ ਜਾ ਰਹੀ ਹੈ। ਹੁਣ ਤੱਕ ਕਰੀਬ 69 ਹਜ਼ਾਰ ਮਰੀਜ਼ਾਂ ਨੂੰ ਇਲਾਜ ਲਈ ਮਾਲੀ ਮਦਦ ਦਿੱਤੀ ਜਾ ਚੁੱਕੀ ਹੈ ਜਿਸ ਦੀ ਵਿੱਤੀ ਰਾਸ਼ੀ 888 ਕਰੋੜ ਰੁਪਏ ਬਣਦੀ ਹੈ। ਮਰੀਜ਼ਾਂ ਨੇ ਮੰਗ ਕੀਤੀ ਕਿ ਵਿੱਤੀ ਮਦਦ ਦੀ ਰਾਸ਼ੀ ਵਿਚ ਵਾਧਾ ਕੀਤਾ ਜਾਵੇ ਕਿਉਂਕਿ ਇਲਾਜ ਤੇ ਬਾਕੀ ਖਰਚਾ ਹੁਣ ਕਾਫ਼ੀ ਮਹਿੰਗਾ ਹੋ ਗਿਆ ਹੈ।

                                 ਮੁਕੰਮਲ ਇਲਾਜ ਮੁਫ਼ਤ ਹੋਵੇ: ਚੰਦਬਾਜਾ

ਭਾਈ ਘਨਈਆ ਕੈਂਸਰ ਰੋਕੋ ਸੇਵਾ ਸੁਸਾਇਟੀ ਦੇ ਪ੍ਰਧਾਨ ਗੁਰਪ੍ਰੀਤ ਸਿੰਘ ਚੰਦਬਾਜਾ ਨੇ ਮੰਗ ਕੀਤੀ ਕਿ ਪੰਜਾਬ ਸਰਕਾਰ ਕੈਂਸਰ ਪੀੜਤਾਂ ਦਾ ਮੁਕੰਮਲ ਇਲਾਜ ਮੁਫ਼ਤ ਕਰਾਏ ਅਤੇ ਟੈਸਟਾਂ ਤੇ ਦਵਾਈਆਂ ਦਾ ਖਰਚਾ ਵੀ ਸਰਕਾਰ ਚੁੱਕੇ ਕਿਉਂਕਿ ਗ਼ਰੀਬ ਪਰਿਵਾਰ ਤਾਂ ਕੈਂਸਰ ਦੇ ਇਲਾਜ ’ਚ ਹੀ ਕਰਜ਼ਾਈ ਹੋ ਗਏ ਹਨ। ਉਨ੍ਹਾਂ ਮੰਗ ਕੀਤੀ ਕਿ ਪੰਜਾਬ ਸਰਕਾਰ ਇਸ ਦੀ ਵਿਸਥਾਰਤ ਖੋਜ ਕਰਾਵੇ।



Thursday, August 25, 2022

                                                        ਸਪੈਸ਼ਲ ਪੈਕੇਜ
                               ਪ੍ਰਧਾਨ ਮੰਤਰੀ ਦੀ ਖ਼ਾਮੋਸ਼ੀ ਤੋਂ ਪੰਜਾਬ ਨਿਰਾਸ਼
                                                         ਚਰਨਜੀਤ ਭੁੱਲਰ    

ਚੰਡੀਗੜ੍ਹ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਪੰਜਾਬ ਦੌਰੇ ਮੌਕੇ ‘ਸਪੈਸ਼ਲ ਪੈਕੇਜ’ ਦੇ ਮਾਮਲੇ ’ਤੇ ਖ਼ਾਮੋਸ਼ ਹੀ ਰਹੇ। ਪ੍ਰਧਾਨ ਮੰਤਰੀ ਦੀ ਚੁੱਪ ਨੇ ਪੰਜਾਬ ਨੂੰ ਨਿਰਾਸ਼ ਕੀਤਾ ਹੈ। ਬੇਸ਼ੱਕ ਪ੍ਰਧਾਨ ਮੰਤਰੀ ਵੱਲੋਂ ਹੋਮੀ ਭਾਬਾ ਕੈਂਸਰ ਹਸਪਤਾਲ ਤੇ ਖੋਜ ਕੇਂਦਰ ਦੀ ਸੌਗਾਤ ਪੰਜਾਬ ਦੀ ਝੋਲੀ ਪਾਈ ਗਈ ਹੈ, ਪਰ ਉਨ੍ਹਾਂ ਪੰਜਾਬ ਦੀ ਕਿਸਾਨੀ ਤੇ ਜਵਾਨੀ ’ਤੇ ਕੋਈ ਚਰਚਾ ਨਹੀਂ ਕੀਤੀ। ਪੰਜਾਬ ਸਰਕਾਰ ਨੇ ਪ੍ਰਧਾਨ ਮੰਤਰੀ ਦੀ ਪ੍ਰਾਹੁਣਚਾਰੀ ਲਈ ਕੋਈ ਕਸਰ ਬਾਕੀ ਨਹੀਂ ਛੱਡੀ, ਪਰ ਉਨ੍ਹਾਂ ਇਸ ਖ਼ਾਤਰਦਾਰੀ ਦਾ ਕੋਈ ਮੁੱਲ ਨਹੀਂ ਪਾਇਆ। ਮੁੱਖ ਮੰਤਰੀ ਭਗਵੰਤ ਮਾਨ ਨੇ ਪੰਜਾਬ ਨੂੰ ਪਈ ਕੈਂਸਰ ਦੀ ਮਾਰ ਪਿੱਛੇ ਹਰੀ ਕ੍ਰਾਂਤੀ ਦੀ ਭੂਮਿਕਾ ਵੀ ਦੱਸੀ। ਉਨ੍ਹਾਂ ਸਰਹੱਦੀ ਸੂਬਾ ਹੋਣ ਕਰਕੇ ਗੁਆਂਢੀ ਮੁਲਕ ਦੀਆਂ ਨਾਪਾਕ ਕੋਸ਼ਿਸ਼ਾਂ ਦਾ ਜ਼ਿਕਰ ਵੀ ਕੀਤਾ। ਮੁੱਖ ਮੰਤਰੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਦਾ ਪੰਜਾਬ ਨਾਲ ਡੂੰਘਾ ਨਾਤਾ ਰਿਹਾ ਹੈ ਜਿਸ ਕਰਕੇ ਪ੍ਰਧਾਨ ਮੰਤਰੀ ਪੰਜਾਬ ਨੂੰ ਜ਼ਰੂਰ ਕਿਸੇ ਤੋਹਫ਼ੇ ਦਾ ਐਲਾਨ ਕਰਨਗੇ। ਪ੍ਰਧਾਨ ਮੰਤਰੀ ਮੋਦੀ ਨੇ ਸਟੇਜ ਤੋਂ ਪੰਜਾਬ ਸਰਕਾਰ ਪ੍ਰਤੀ ਕਿਧਰੇ ਬਹੁਤਾ ਅਪਣੱਤ ਨਹੀਂ ਦਿਖਾਇਆ, ਜਿਸ ਦਾ ਪੰਜਾਬੀਆਂ ਨੇ ਨੋਟਿਸ ਲਿਆ ਹੈ। ਪੰਜਾਬ ਦੀ ਘਾਲਣਾ ’ਤੇ ਕੋਈ ਚਰਚਾ ਨਹੀਂ ਕੀਤੀ। 

         ਪੰਜਾਬ ਸਰਕਾਰ ਨੂੰ ਉਮੀਦ ਸੀ ਕਿ ਵਿੱਤੀ ਸੰਕਟ ਦੇ ਮੱਦੇਨਜ਼ਰ ਪ੍ਰਧਾਨ ਮੰਤਰੀ ਕੋਈ ਨਾ ਕੋਈ ਪੈਕੇਜ ਜ਼ਰੂਰ ਦੇਣਗੇ। ਮੁੱਖ ਮੰਤਰੀ ਨੇ ਪ੍ਰਧਾਨ ਮੰਤਰੀ ਦੀ ਫ਼ਿਰੋਜ਼ਪੁਰ ਰੈਲੀ ਦੇ ਰਸਤੇ ’ਚੋਂ 5 ਜਨਵਰੀ ਨੂੰ ਹੋਈ ਵਾਪਸੀ ’ਤੇ ਅਫ਼ਸੋਸ ਜ਼ਾਹਿਰ ਵੀ ਕੀਤਾ। ਅੱਜ ਦੇ ਸਵਾਗਤ ਲਈ ਪੰਜਾਬ ਸਰਕਾਰ ਨੇ ਪ੍ਰਧਾਨ ਮੰਤਰੀ ਲਈ ਰੈੱਡ ਕਾਰਪੈੱਟ ਵਿਛਾਇਆ। ਪੰਡਾਲ ਵਿਚ ਭਰਵਾਂ ਇਕੱਠ ਕੀਤਾ। ਸੁਰੱਖਿਆ ਦੇ ਮਾਮਲੇ ਵਿਚ ਕੋਈ ਮੋਰੀ ਨਹੀਂ ਛੱਡੀ। ਦੂਜੇ ਬੰਨੇ ਪ੍ਰਧਾਨ ਮੰਤਰੀ ਨੇ ਸਟੇਜ ਤੋਂ ਪੰਜਾਬ ਨਾਲੋਂ ਹਿਮਾਚਲ ਪ੍ਰਦੇਸ਼ ਦੀ ਵੱਧ ਚਰਚਾ ਕੀਤੀ। ਪ੍ਰਧਾਨ ਮੰਤਰੀ ਨੇ ਆਪਣੇ ਭਾਸ਼ਣ ਵਿਚ ਚਾਰ ਦਫ਼ਾ ਹਿਮਾਚਲ ਪ੍ਰਦੇਸ਼ ਦੀ ਗੱਲ ਕੀਤੀ ਜਿਸ ਤੋਂ ਪ੍ਰਧਾਨ ਮੰਤਰੀ ਦੀ ਅੱਜ ਦੀ ਫੇਰੀ ਹਿਮਾਚਲ ਪ੍ਰਦੇਸ਼ ਚੋਣਾਂ ਵੱਲ ਸੇਧਿਤ ਦਿਖੀ। ਪ੍ਰਧਾਨ ਮੰਤਰੀ ਦਾ 2014 ਤੋਂ ਹੁਣ ਤੱਕ ਪੰਜਾਬ ਦਾ ਇਹ ਤੇਰ੍ਹਵਾਂ ਦੌਰਾ ਹੈ। ਉਨ੍ਹਾਂ ਹਰ ਦੌਰੇ ਸਮੇਂ ਪੰਜਾਬ ਦੀ ਕਿਸਾਨੀ ਨੂੰ ਜ਼ਰੂਰ ਛੋਹਿਆ ਪ੍ਰੰਤੂ ਅੱਜ ਪ੍ਰਧਾਨ ਮੰਤਰੀ ਨੇ ਪੂਰੀ ਤਰ੍ਹਾਂ ਕਿਸਾਨੀ ਨੂੰ ਨਜ਼ਰਅੰਦਾਜ਼ ਕੀਤਾ। ‘ਹਰ ਘਰ ਤਿਰੰਗਾ’ ਦੀ ਗੱਲ ਕਰਦਿਆਂ ਪੰਜਾਬ ਦੀ ਜਵਾਨੀ ਦਾ ਧੰਨਵਾਦ ਜ਼ਰੂਰ ਕੀਤਾ।

         ਪ੍ਰਧਾਨ ਮੰਤਰੀ ਨੇ ਪੰਜਾਬ ਦੀ ਤਾਰੀਫ਼ ਵਿਚ ਸਿਰਫ਼ ਏਨਾ ਹੀ ਕਿਹਾ ਕਿ ਪੰਜਾਬ ਸੁਤੰਤਰਤਾ ਸੈਨਾਨੀਆਂ, ਕਰਾਂਤੀਵੀਰਾਂ ਅਤੇ ਰਾਸ਼ਟਰ ਭਗਤੀ ਵਾਲੀ ਧਰਤੀ ਹੈ। ਭਾਜਪਾ ਦੇ ਕੁਝ ਆਗੂਆਂ ਨੇ ਤਾਂ ਬੰਦੀ ਸਿੰਘਾਂ ਦੀ ਰਿਹਾਈ ਦੇ ਐਲਾਨ ਦੀ ਆਸ ਵੀ ਲਾਈ ਹੋਈ ਸੀ, ਪ੍ਰੰਤੂ ਪ੍ਰਧਾਨ ਮੰਤਰੀ ਨੇ ਸਿੱਖ ਭਾਈਚਾਰੇ ਦਾ ਜ਼ਿਕਰ ਤੱਕ ਨਹੀਂ ਕੀਤਾ ਜਦੋਂ ਕਿ ਪਹਿਲਾਂ ਹਰ ਪੰਜਾਬ ਫੇਰੀ ਦੌਰਾਨ ਉਹ ਆਪਣੇ ਭਾਸ਼ਣ ਵਿਚ ਗੁਰੂਆਂ ਦੀ ਗੱਲ ਜ਼ਰੂਰ ਕਰਦੇ ਰਹੇ ਹਨ। ਪ੍ਰਧਾਨ ਮੰਤਰੀ ਦਾ ਭਾਸ਼ਣ ਸਿਰਫ਼ ਸਿਹਤ ਦੇ ਮੁੱਦੇ ’ਤੇ ਹੀ ਕੇਂਦਰਿਤ ਰਿਹਾ। ਮੁੱਖ ਮੰਤਰੀ ਭਗਵੰਤ ਮਾਨ ਨੇ ਸਟੇਜ ਤੋਂ ਇਹ ਵੀ ਕਿਹਾ ਕਿ ਪ੍ਰਧਾਨ ਮੰਤਰੀ ਦੇ ਸਵਾਗਤ ਲਈ ਲੋਕਾਂ ਨੇ ਅੱਖਾਂ ਵਿਛਾਈਆਂ ਹਨ। ਪ੍ਰਧਾਨ ਮੰਤਰੀ ਅੱਜ ਜ਼ਿਆਦਾ ਗੰਭੀਰ ਤੌਰ ’ਤੇ ਹੀ ਵਿਚਰੇ। ਮੁੱਖ ਸਟੇਜ ਤੋਂ ਪ੍ਰਧਾਨ ਮੰਤਰੀ ਨੇ ਮੁੱਖ ਮੰਤਰੀ ਭਗਵੰਤ ਮਾਨ ਨਾਲ ਗੱਲਬਾਤ ਵੀ ਕੀਤੀ ਪ੍ਰੰਤੂ ਉਨ੍ਹਾਂ ਦਾ ਹਾਵ ਭਾਵ ਗੰਭੀਰ ਹੀ ਰਿਹਾ। ਪ੍ਰਧਾਨ ਮੰਤਰੀ ਨੇ ਸਿਹਤ ਸੈਕਟਰ ਵਿਚ ਕੇਂਦਰ ਸਰਕਾਰ ਵੱਲੋਂ ਉਠਾਏ ਕਦਮਾਂ ਦੀ ਵਿਸਥਾਰਤ ਚਰਚਾ ਕੀਤੀ। ਪ੍ਰਧਾਨ ਮੰਤਰੀ ਵੱਲੋਂ ਅੱਜ ਕੋਈ ਐਲਾਨ ਨਾ ਕੀਤੇ ਜਾਣਾ, ਪੰਜਾਬ ਦੇ ਲੋਕਾਂ ਨੂੰ ਚੁਭ ਰਿਹਾ ਹੈ।

                               ਸਮਾਗਮ ’ਤੇ ਦਿਸਿਆ ਖਿੱਚੋਤਾਣ ਦਾ ਪਰਛਾਵਾਂ

ਭਾਜਪਾ ਦੀ ਕੇਂਦਰੀ ਹਕੂਮਤ ਅਤੇ ‘ਆਪ’ ਦੀ ਹਾਈਕਮਾਨ ਦਰਮਿਆਨ ਖਿੱਚੋਤਾਣ ਦਾ ਪਰਛਾਵਾਂ ਅੱਜ ਇੱਥੇ ਪ੍ਰਧਾਨ ਮੰਤਰੀ ਦੇ ਸਮਾਰੋਹਾਂ ’ਤੇ ਵੀ ਦੇਖਣ ਨੂੰ ਮਿਲਿਆ। ਮਨੀਸ਼ ਸਿਸੋਦੀਆ ਦੇ ਟਿਕਾਣਿਆਂ ’ਤੇ ਸੀਬੀਆਈ ਦੇ ਛਾਪਿਆ ਮਗਰੋਂ ‘ਆਪ’ ਲਗਾਤਾਰ ਭਾਜਪਾ ਸਰਕਾਰ ਨੂੰ ਨਿਸ਼ਾਨੇ ’ਤੇ ਲੈ ਰਹੀ ਹੈ। ਪ੍ਰਧਾਨ ਮੰਤਰੀ ਹਮੇਸ਼ਾ ‘ਸਭ ਦਾ ਸਾਥ ਅਤੇ ਸਭ ਦਾ ਵਿਕਾਸ’ ਦੀ ਗੱਲ ਕਰਦੇ ਹਨ। ਪ੍ਰਧਾਨ ਮੰਤਰੀ ਵੱਲੋਂ ਪੰਜਾਬ ਸਰਕਾਰ ਦੀ ਕਿਸੇ ਗੱਲ ’ਤੇ ਚਰਚਾ ਕਰਨੀ ਤਾਂ ਦੂਰ ਦੀ ਗੱਲ, ਸੂਬਾਈ ਸਰਕਾਰ ਨਾਲ ਅੱਜ ਆਪਸੀ ਤਾਲਮੇਲ ਬਾਰੇ ਵੀ ਕੋਈ ਗੱਲ ਨਹੀਂ ਕੀਤੀ ਗਈ।

                                   ਜਾਖੜ ਨੇ ਜੌੜੇਮਾਜਰਾ ’ਤੇ ਕਸਿਆ ਵਿਅੰਗ

ਭਾਜਪਾ ਆਗੂ ਸੁਨੀਲ ਜਾਖੜ ਨੇ ਅੱਜ ਪ੍ਰਧਾਨ ਮੰਤਰੀ ਦੀ ਫੇਰੀ ਤੋਂ ਪਹਿਲਾਂ ਪੰਜਾਬ ਦੇ ਸਿਹਤ ਮੰਤਰੀ ਚੇਤਨ ਸਿੰਘ ਜੌੜੇਮਾਜਰਾ ’ਤੇ ਵਿਅੰਕ ਕਸਿਆ। ਜਾਖੜ ਨੇ ਮੁੱਖ ਮੰਤਰੀ ਅਤੇ ਪੰਜਾਬ ਸਰਕਾਰ ਨੂੰ ਸਲਾਹ ਦਿੱਤੀ ਕਿ ਉਹ ਅੱਜ ‘ਹੋਮੀ ਭਾਬਾ ਕੈਂਸਰ ਹਸਪਤਾਲ’ ਤੋਂ ਸਿਹਤ ਮੰਤਰੀ ਚੇਤਨ ਸਿੰਘ ਜੌੜੇਮਾਜਰਾ ਨੂੰ ਦੂਰ ਹੀ ਰੱਖਣ। ਜਾਖੜ ਨੇ ਕਿਹਾ ਕਿ ਸਿਹਤ ਮੰਤਰੀ ਦੂਰ ਹੀ ਰਹਿਣ ਕਿਉਂਕਿ ਹਸਪਤਾਲ ਬਣ ਜਾਣਗੇ, ਇਮਾਰਤਾਂ ਬਣ ਜਾਣਗੀਆਂ ਪ੍ਰੰਤੂ ਡਾਕਟਰ ਸਭ ਤੋਂ ਜ਼ਰੂਰੀ ਹਨ। ਉਨ੍ਹਾਂ ਕਿਹਾ ਕਿ ਪੰਜਾਬ ਨੂੰ ਵੱਡੀ ਸੌਗਾਤ ਮਿਲੀ ਹੈ ਅਤੇ ਉਹ ਚਾਹੁੰਦੇ ਹਨ ਕਿ ਕੋਈ ਵਿਵਾਦ ਨਾ ਹੋਵੇ।

                           ਮੁੱਖ ਮੰਤਰੀ ਫ਼ੰਡ: ਮਰੀਜ਼ਾਂ ਦੇ ਦੁੱਖਾਂ ਦਾ ਨਹੀਂ ਬਣ ਰਿਹਾ ਦਾਰੂ !

ਪੰਜਾਬ ਦੇ ਕਰੀਬ 75 ਫ਼ੀਸਦੀ ਮਰੀਜ਼ਾਂ ਲਈ ‘ਮੁੱਖ ਮੰਤਰੀ ਕੈਂਸਰ ਰਾਹਤ ਫ਼ੰਡ’ ਦੁੱਖਾਂ ਦੀ ਦਾਰੂ ਨਹੀਂ ਬਣ ਸਕਿਆ। ਏਨੇ ਵਰ੍ਹਿਆਂ ਮਗਰੋਂ ਅੱਜ ਹੋਮੀ ਭਾਬਾ ਕੈਂਸਰ ਹਸਪਤਾਲ ਤੇ ਖੋਜ ਕੇਂਦਰ ਇਨ੍ਹਾਂ ਮਰੀਜ਼ਾਂ ਨੂੰ ਨਸੀਬ ਹੋ ਸਕਿਆ ਹੈ। ਜਿਹੜੇ ਮਰੀਜ਼ ਇਸ ਜਹਾਨੋਂ ਚਲੇ ਗਏ ਹਨ, ਉਨ੍ਹਾਂ ਦੇ ਵਾਰਸਾਂ ਪੱਲੇ ਸਿਰਫ਼ ਨਿਰਾਸ਼ਾ ਹੀ ਬਚੀ ਹੈ। ਪੰਜਾਬ ਵਿਚ ਮੁੱਖ ਮੰਤਰੀ ਕੈਂਸਰ ਰਾਹਤ ਫ਼ੰਡ ਵਰ੍ਹਾ 2013 ਵਿਚ ਸ਼ੁਰੂ ਕੀਤਾ ਗਿਆ ਸੀ ਜਿਸ ਤਹਿਤ ਮਰੀਜ਼ਾਂ ਨੂੰ ਇਲਾਜ ਲਈ ਡੇਢ ਲੱਖ ਰੁਪਏ ਦੀ ਵਿੱਤੀ ਮਦਦ ਦਿੱਤੀ ਜਾਂਦੀ ਹੈ।  ਵੇਰਵਿਆਂ ਅਨੁਸਾਰ ਵਰ੍ਹਾ 2013 ਤੋਂ ਹੁਣ ਤੱਕ ‘ਮੁੱਖ ਮੰਤਰੀ ਕੈਂਸਰ ਰਾਹਤ ਫ਼ੰਡ’ ਵਿੱਚੋਂ ਸੂਬੇ ਦੇ 69 ਹਜ਼ਾਰ ਕੈਂਸਰ ਮਰੀਜ਼ਾਂ ਨੂੰ ਵਿੱਤੀ ਮਦਦ ਦਿੱਤੀ ਗਈ ਹੈ ਜੋ ਕਿ 888 ਕਰੋੜ ਰੁਪਏ ਬਣਦੀ ਹੈ। ਦੂਜੇ ਪਾਸੇ ਜਨਵਰੀ 2014 ਤੋਂ ਹੁਣ ਤੱਕ ਪੰਜਾਬ ’ਚ ਕੈਂਸਰ ਨੇ 1.50 ਲੱਖ ਕੈਂਸਰ ਮਰੀਜ਼ਾਂ ਦੀ ਮੌਤ ਹੋ ਚੁੱਕੀ ਹੈ ਜਦੋਂਕਿ ਇਨ੍ਹਾਂ ਸਾਲਾਂ ’ਚ 2.72 ਲੱਖ ਕੈਂਸਰ ਦੇ ਨਵੇਂ ਕੇਸ ਸਾਹਮਣੇ ਆਏ ਹਨ।  ਵਰ੍ਹਾ 2018 ਤੋਂ 2020 ਦੌਰਾਨ ਪੰਜਾਬ ਵਿਚ ਕੈਂਸਰ ਨਾਲ 65,317 ਮਰੀਜ਼ਾਂ ਦੀ ਮੌਤ ਹੋ ਚੁੱਕੀ ਹੈ ਜਦੋਂ ਕਿ 1.13 ਲੱਖ ਕੈਂਸਰ ਦੇ ਨਵੇਂ ਕੇਸ ਸਾਹਮਣੇ ਆਏ ਹਨ। 

           2014 ਤੋਂ ਹੁਣ ਤੱਕ ਦੇ ਕੈਂਸਰ ਮਰੀਜ਼ਾਂ ਦੇ ਇਲਾਜ ਦੀ ਗੱਲ ਕਰੀਏ ਤਾਂ ਪ੍ਰਤੀ ਮਰੀਜ਼ ਘੱਟੋ-ਘੱਟ ਡੇਢ ਲੱਖ ਰੁਪਏ ਵੀ ਇਲਾਜ ਖਰਚਾ ਮੰਨ ਲਈਏ ਤਾਂ ਇਨ੍ਹਾਂ ਸਾਲਾਂ ਦੌਰਾਨ ਮਰੀਜ਼ਾਂ ਦੇ ਇਲਾਜ ’ਤੇ 4080 ਕਰੋੜ ਰੁਪਏ ਖ਼ਰਚ ਆਏ ਹਨ ਜਦੋਂਕਿ ਪੰਜਾਬ ਸਰਕਾਰ ਵੱਲੋਂ ਸਿਰਫ਼ 888 ਕਰੋੜ ਦੀ ਵਿੱਤੀ ਮਦਦ ਕੀਤੀ ਗਈ ਹੈ। ਜਿਹੜੇ ਮਰੀਜ਼ ਮੌਤ ਦੇ ਮੂੰਹ ਵਿਚ ਜਾ ਪਏ ਹਨ, ਉਨ੍ਹਾਂ ਦਾ ਅੰਕੜਾ ਇਸ ’ਚ ਸ਼ਾਮਲ ਨਹੀਂ ਕੀਤਾ ਗਿਆ। ਪੰਜਾਬ ’ਚ ਕੈਂਸਰ ਔਸਤਨ ਰੋਜ਼ਾਨਾ 61 ਜਾਨਾਂ ਲੈ ਰਿਹਾ ਹੈ। ਜ਼ਿਲ੍ਹਾ ਮਾਨਸਾ, ਬਠਿੰਡਾ, ਫਾਜ਼ਿਲਕਾ, ਮੁਕਤਸਰ ਤੇ ਬਰਨਾਲਾ ਨੂੰ ਕੈਂਸਰ ਨੇ ਸਭ ਤੋਂ ਵੱਧ ਮਾਰ ਪਾਈ ਹੈ। ਪਿਛਾਂਹ ਨਜ਼ਰ ਮਾਰੀਏ ਤਾਂ ਸਾਲ 2014 ਵਿਚ ਪੰਜਾਬ ਵਿਚ ਕੈਂਸਰ ਨਾਲ ਰੋਜ਼ਾਨਾ ਔਸਤਨ 53 ਮੌਤਾਂ ਹੁੰਦੀਆਂ ਸਨ ਜਦਕਿ 2017 ’ਚ ਇਹ ਗਿਣਤੀ 56 ਹੋ ਗਈ। ਮਾਲਵੇ ’ਚ ਇਸ ਬਿਮਾਰੀ ਦੇ ਵਧ ਰਹੇ ਪ੍ਰਕੋਪ ਦੇ ਮੱਦੇਨਜ਼ਰ ਬਹੁਤ ਸਾਰੇ ਕੈਂਸਰ ਦੇ ਵੱਡੇ ਪ੍ਰਾਈਵੇਟ ਹਸਪਤਾਲ ਵੀ ਬਠਿੰਡਾ, ਮਾਨਸਾ ਵਿੱਚ ਖੁੱਲ੍ਹ ਗਏ ਹਨ।

Wednesday, March 17, 2021

                                                       ਜ਼ਿੰਦਗੀ ’ਤੇ ਹੱਲਾ
                          ਪੰਜਾਬ ’ਚ ਕੈਂਸਰ  ਨਾਲ ਹਰ ਘੰਟੇ ’ਚ ਤਿੰਨ ਮੌਤਾਂ

                                                       ਚਰਨਜੀਤ ਭੁੱਲਰ     


   ਚੰਡੀਗੜ੍ਹ :
  ਪੰਜਾਬ ’ਚ ਕੈਂਸਰ ਦਾ ਹੱਲਾ ਜ਼ਿੰਦਗੀ ਖੋਹਣ ਲੱਗਾ ਹੈ। ਹਾਲਾਤ ਇੱਥੋਂ ਤੱਕ ਬਦਤਰ ਹੋਏ ਹਨ ਕਿ ਪੰਜਾਬ ’ਚ ਹਰ ਘੰਟੇ ਔਸਤਨ ਤਿੰਨ ਜਾਨਾਂ ਕੈਂਸਰ ਲੈਣ ਲੱਗਾ ਹੈ। ਉਂਜ ਇਹ ਵਰਤਾਰਾ ਕੋਈ ਨਵਾਂ ਨਹੀਂ ਹੈ। ਕੇਂਦਰੀ ਸਿਹਤ ਮੰਤਰਾਲੇ ਦੇ ਤਾਜ਼ਾ ਤੱਥ ਸਾਹਮਣੇ ਆਏ ਹਨ ਕਿ ਪੰਜਾਬ ਵਿਚ ਔਸਤਨ ਰੋਜ਼ਾਨਾ 61 ਮੌਤਾਂ ਕੈਂਸਰ ਨਾਲ ਹੋ ਰਹੀਆਂ ਹਨ। ਨਰਮਾ ਪੱਟੀ ਨੂੰ ਸਭ ਤੋਂ ਵੱਡਾ ਸੰਤਾਪ ਭੋਗਣਾ ਪੈ ਰਿਹਾ ਹੈ। ਮਾਨਸਾ, ਬਠਿੰਡਾ, ਫਾਜ਼ਿਲਕਾ, ਮੁਕਤਸਰ ਤੇ ਬਰਨਾਲਾ ਨੂੰ ਕੈਂਸਰ ਨੇ ਸਭ ਤੋਂ ਵੱਧ ਲਪੇਟ ’ਚ ਲਿਆ ਹੈ। ਕੇਂਦਰੀ ਸਿਹਤ ਮੰਤਰਾਲੇ ਦੇ ਵੇਰਵਿਆਂ ਅਨੁਸਾਰ ਪੰਜਾਬ ’ਚ ਵਰ੍ਹਾ 2020 ਦੌਰਾਨ ਕੈਂਸਰ ਨੇ ਕਰੀਬ 22,276 ਜਾਨਾਂ ਲਈਆਂ ਹਨ ਜਦੋਂ ਕਿ ਇਸ ਵਰ੍ਹੇ ਦੌਰਾਨ ਕੈਂਸਰ ਦੇ 38,636 ਨਵੇਂ ਕੇਸ ਸਾਹਮਣੇ ਆਏ ਹਨ। ਇਸ ਲਿਹਾਜ਼ ਨਾਲ ਪੰਜਾਬ ’ਚ ਰੋਜ਼ਾਨਾ ਔਸਤਨ 105 ਕੈਂਸਰ ਦੇ ਕੇਸ ਸਾਹਮਣੇ ਆ ਰਹੇ ਹਨ। ਜਨਵਰੀ 2014 ਤੋਂ 31 ਦਸੰਬਰ 2020 ਤੱਕ ਦੇ ਸੱਤ ਵਰ੍ਹਿਆਂ ਦੌਰਾਨ ਪੰਜਾਬ ’ਚ ਕੈਂਸਰ ਨੇ 1.45 ਲੱਖ ਜਾਨਾਂ ਲੈ ਲਈਆਂ ਹਨ ਜਦੋਂ ਕਿ ਇਨ੍ਹਾਂ ਵਰ੍ਹਿਆਂ ’ਚ 2.52 ਲੱਖ ਕੈਂਸਰ ਦੇ ਕੇਸ ਸਾਹਮਣੇ ਆਏ ਹਨ।

              ਪੰਜਾਬ ਸਰਕਾਰ ਤਰਫੋਂ ‘ਮੁੱਖ ਮੰਤਰੀ ਕੈਂਸਰ ਰਾਹਤ ਫੰਡ’ ਕਾਇਮ ਕੀਤਾ ਹੋਇਆ ਹੈ ਜਿਸ ਲਈ ਐਤਕੀਂ ਬਜਟ ਵਿਚ 150 ਕਰੋੜ ਰੁਪਏ ਦਾ ਉਪਬੰਧ ਕੀਤਾ ਗਿਆ ਹੈ। ਇਸੇ ਤਰ੍ਹਾਂ ਸ਼੍ਰੋਮਣੀ ਕਮੇਟੀ ਵੱਲੋਂ ਵੱਖਰੇ ਫੰਡ ਦੀ ਕੈਂਸਰ ਮਰੀਜ਼ਾਂ ਵਾਸਤੇ ਵਿਵਸਥਾ ਕੀਤੀ ਗਈ ਹੈ। ਕੈਂਸਰ ਦੇ ਮਹਿੰਗੇ ਇਲਾਜ ਅੱਗੇ ਇਹ ਰਾਸ਼ੀ ਨਿਗੂਣੀ ਜਾਪਦੀ ਹੈ। ਪ੍ਰਤੀ ਮਰੀਜ਼ ਕੈਂਸਰ ਦੇ ਇਲਾਜ ’ਤੇ ਔਸਤਨ ਡੇਢ ਲੱਖ ਦਾ ਖਰਚਾ ਵੀ ਲਾਈਏ ਤਾਂ ਲੰਘੇ ਸੱਤ ਸਾਲਾਂ ’ਚ ਕੈਂਸਰ ਦੇ ਇਲਾਜ ’ਤੇ ਲੋਕਾਂ ਦਾ 6000 ਕਰੋੜ ਦਾ ਖਰਚਾ ਆ ਚੁੱਕਾ ਹੈ।ਪੰਜਾਬ ਦੇ ਲੋਕ ਔਸਤਨ ਪ੍ਰਤੀ ਘੰਟਾ 10.41 ਲੱਖ ਰੁਪਏ ਕੈਂਸਰ ਦੇ ਇਲਾਜ ’ਤੇ ਖਰਚ ਕਰ ਰਹੇ ਹਨ ਅਤੇ ਔਸਤਨ ਰੋਜ਼ਾਨਾ ਕਰੀਬ ਢਾਈ ਕਰੋੋੜ ਰੁਪਏ ਕੈਂਸਰ ਦੇ ਇਲਾਜ ’ਤੇ ਖਰਚ ਹੋ ਰਹੇ ਹਨ। ਬੀਕੇਯੂ (ਉਗਰਾਹਾਂ) ਦੇ ਸੀਨੀਅਰ ਆਗੂ ਸ਼ਿੰਗਾਰਾ ਸਿੰਘ ਮਾਨ ਦੱਸਦੇ ਹਨ ਕਿ ਨਰਮਾ ਪੱਟੀ ’ਚ ਤਾਂ ਕਰਜ਼ੇ ਤੋਂ ਮਗਰੋਂ ਵੱਡੀ ਸੱਟ ਕੈਂਸਰ ਦੀ ਬਿਮਾਰੀ ਦੀ ਹੈ, ਜਿਸ ਨੇ ਖਾਸ ਕਰਕੇ ਕਿਸਾਨਾਂ/ਮਜ਼ਦੂਰਾਂ ਤੇ ਗਰੀਬ ਤਬਕੇ ਨੂੰ ਝੰਬ ਹੀ ਦਿੱਤਾ ਹੈ। ਉਨ੍ਹਾਂ ਦੱਸਿਆ ਕਿ ਕਰਜ਼ੇ ਚੁੱਕ ਕੇ ਲੋਕਾਂ ਨੂੰ ਇਲਾਜ ਕਰਾਉਣਾ ਪੈ ਰਿਹਾ ਹੈ। 

                 ਵੇਰਵਿਆਂ ਅਨੁਸਾਰ ਸਾਲ 2014 ਵਿਚ ਪੰਜਾਬ ਵਿਚ ਕੈਂਸਰ ਨਾਲ ਰੋਜ਼ਾਨਾਂ ਔਸਤਨ 53 ਮੌਤਾਂ ਹੁੰਦੀਆਂ ਸਨ ਜਿਨ੍ਹਾਂ ਦੀ ਗਿਣਤੀ ਸਾਲ 2017 ਵਿਚ ਵਧ ਕੇ 56 ਹੋ ਗਈ ਅਤੇ ਹੁਣ ਇਹ ਅੰਕੜਾ 61 ਮੌਤਾਂ ਰੋਜ਼ਾਨਾਂ ’ਤੇ ਪੁੱਜ ਗਿਆ ਹੈ। ਇਵੇਂ ਹੀ ਪੰਜਾਬ ’ਚ ਕੈਂਸਰ ਦੇ ਨਵੇਂ ਮਰੀਜ਼ਾਂ ਦਾ ਅੰਕੜਾ ਔਸਤਨ 92 ਕੇਸਾਂ ਦਾ ਸੀ ਜੋ ਸਾਲ 2017 ਵਿਚ ਵਧ ਕੇ 98 ਹੋ ਗਿਆ ਅਤੇ ਹੁਣ ਇਹ ਗਿਣਤੀ 105 ਕੇਸ ਰੋਜ਼ਾਨਾ ਦੀ ਹੋ ਗਈ ਹੈ। ਇਹ ਅੰਕੜੇ ਡਰਾਉਣ ਵਾਲੇ ਹਨ। ਪੰਜਾਬ ਦੀ ਨਰਮਾ ਪੱਟੀ ਨੂੰ ਇਸ ਅੰਕੜੇ ਨੇ ਵੱਡੀ ਢਾਹ ਲਾਈ ਹੈ। ਪੇਂਡੂ ਆਰਥਿਕਤਾ ਨੂੰ ਬਿਮਾਰੀ ਨੇ ਕਾਫੀ ਪ੍ਰਭਾਵਿਤ ਕੀਤਾ ਹੈ। ਪਿਛਲੇ ਸਮੇਂ ਦੌਰਾਨ ਬਠਿੰਡਾ ਤੇ ਆਸ ਪਾਸ ਦੇ ਖੇਤਰਾਂ ਵਿਚ ਪ੍ਰਾਈਵੇਟ ਕੈਂਸਰ ਹਸਪਤਾਲ ਕਾਫੀ ਖੁੱਲ੍ਹੇ ਹਨ।  ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਦਾ ਕਹਿਣਾ ਸੀ ਕਿ ਪੰਜਾਬ ਸਰਕਾਰ ਤਰਫੋਂ ਕੈਂਸਰ ਮਰੀਜ਼ਾਂ ਦੇ ਇਲਾਜ ਲਈ ‘ਮੁੱਖ ਮੰਤਰੀ ਕੈਂਸਰ ਰਾਹਤ ਫੰਡ’ ’ਚੋਂ ਪ੍ਰਤੀ ਮਰੀਜ਼ ਡੇਢ ਲੱਖ ਰੁਪਏ ਦੀ ਮਦਦ ਦਿੱਤੀ ਜਾਂਦੀ ਹੈ ਅਤੇ ਇਸੇ ਤਰ੍ਹਾਂ ਕੈਂਸਰ ਦੇ ਮਰੀਜ਼ ਪੰਜ ਲੱਖ ਰੁਪਏ ਤੱਕ ਸਰਬੱਤ ਸਿਹਤ ਬੀਮਾ ਯੋਜਨਾ ਵਿਚ ਵੀ ਕਵਰ ਹੁੰਦੇ ਹਨ। ਫਾਜ਼ਿਲਕਾ ਅਤੇ ਹਸ਼ਿਆਰਪੁਰ ’ਚ ਨਵੇਂ ਕੈਂਸਰ ਹਸਪਤਾਲ ਵੀ ਖੋਲ੍ਹੇ ਜਾ ਰਹੇ ਹਨ।  ਉਨ੍ਹਾਂ ਕਿਹਾ ਕਿ ਕੈਂਸਰ ਦਾ ਪਸਾਰ ਵਿਸ਼ਵ ਪੱਧਰ ਦਾ ਹੀ ਵਰਤਾਰਾ ਬਣ ਗਿਆ ਹੈ।

Thursday, July 6, 2017

                                 ਕੇਹੀ ਰੁੱਤ ਆਈ 
              ਚੀਸਾਂ 'ਚ ਗੁਆਚੇ ਬਚਪਨ ਦੇ ਹਾਸੇ
                                 ਚਰਨਜੀਤ ਭੁੱਲਰ
ਬਠਿੰਡਾ : ਬਠਿੰਡਾ ਖ਼ਿੱਤੇ 'ਚ ਬੱਚੇ ਹੁਣ ਕਿਲਕਾਰੀ ਨਹੀਂ ਮਾਰਦੇ। ਸਕੂਲ ਜਾਣ ਦੀ ਥਾਂ ਉਨ•ਾਂ ਨੂੰ ਹੁਣ ਹਸਪਤਾਲ ਜਾਣਾ ਪੈ ਰਿਹਾ ਹੈ। ਕੈਂਸਰ ਦੇ ਹੱਲੇ ਨੇ ਸੈਂਕੜੇ ਬੱਚਿਆਂ ਤੋਂ ਰੀਝਾਂ ਖੋਹ ਲਈਆਂ ਹਨ ਅਤੇ ਮਾਪਿਆਂ ਤੋਂ ਅਰਮਾਨ। ਇਨ•ਾਂ ਬੱਚਿਆਂ ਦੇ ਘਰਾਂ ਨਾਲ ਹਾਸੇ ਰੁੱਸ ਗਏ ਹਨ। ਉਨ•ਾਂ ਨੂੰ ਨਿੱਕੀ ਉਮਰੇ ਹਸਪਤਾਲ ਦੇਖਣੇ ਪੈ ਗਏ ਹਨ। ਮਹਿੰਗੇ ਇਲਾਜ ਕਾਰਨ ਇਨ•ਾਂ ਬੱਚਿਆਂ ਦੇ ਮਾਪੇ ਗਰੀਬੀ ਦੀ ਜਿਲ•ਣ ਵਿਚ ਫਸ ਗਏ ਹਨ। ਬਠਿੰਡਾ ਜ਼ਿਲ•ੇ ਦੇ ਪਿੰਡ ਸਿਵੀਆ ਦੇ ਕਰਨਵੀਰ ਸਿੰਘ ਨੇ ਹਾਲੇ ਜ਼ਿੰਦਗੀ ਦਾ ਇੱਕ ਵਰ•ਾ ਵੀ ਪੂਰਾ ਨਹੀਂ ਕੀਤਾ ਹੈ। ਸੁਰਤ ਸੰਭਲਣ ਤੋਂ ਪਹਿਲਾਂ ਕੈਂਸਰ ਦੀ ਰਿਪੋਰਟ ਮਿਲ ਗਈ। ਪਿਤਾ ਅਵਤਾਰ ਸਿੰਘ ਦਾ ਕਹਿਣਾ ਸੀ ਕਿ 10 ਮਹੀਨੇ ਦੇ ਬੱਚੇ ਨੂੰ ਅੱਠ ਮਹੀਨੇ ਤੋਂ ਹਸਪਤਾਲਾਂ ਵਿਚ ਲਿਜਾ ਰਿਹਾ ਹਾਂ।  ਅਵਤਾਰ ਸਿੰਘ ਆਖਦਾ ਹੈ ਕਿ ਜਦੋਂ ਕਰਨਵੀਰ ਦਾ ਜਨਮ ਹੋਇਆ ਤਾਂ ਚਾਅ ਨਹੀਂ ਚੁੱਕਿਆ ਗਿਆ ਸੀ ਜਦੋਂ ਦੋ ਮਹੀਨੇ ਮਗਰੋਂ ਡਾਕਟਰਾਂ ਨੇ ਕੈਂਸਰ ਦੀ ਪੁਸ਼ਟੀ ਕਰ ਦਿੱਤੀ ਤਾਂ ਪਲਾਂ ਵਿਚ ਸਭ ਸੁਪਨੇ ਖਿੱਲਰ ਗਏ। ਬਾਪ ਅਵਤਾਰ ਸਿੰਘ ਦੱਸਦਾ ਹੈ ਕਿ ਉਸ ਦਾ ਲੜਕਾ ਪੰਜਾਬ 'ਚ ਸਭ ਤੋਂ ਛੋਟੀ ਉਮਰ ਦਾ ਕੈਂਸਰ ਪੀੜਤ ਹੈ ਜਿਸ ਨੂੰ ਦੋ ਮਹੀਨੇ ਦੀ ਉਮਰ ਵਿਚ ਇਸ ਬਿਮਾਰੀ ਨੇ ਜਕੜ ਲਿਆ।
                      ਮੁਕਤਸਰ ਜ਼ਿਲ•ੇ ਦੇ ਪਿੰਡ ਰੁਪਾਣਾ ਦੇ ਧਰਮਿੰਦਰ ਕੁਮਾਰ ਦੀ ਪਹਿਲਾਂ 13 ਵਰਿ•ਆਂ ਦੀ ਬੇਟੀ ਜਸਮੀਨ ਜਹਾਨੋ ਤੁਰ ਗਈ ਅਤੇ ਹੁਣ ਉਸ ਦਾ 6 ਵਰਿ•ਆਂ ਦਾ ਬੱਚਾ ਇਮਾਨ ਕੈਂਸਰ ਨਾਲ ਜੰਗ ਲੜ ਰਿਹਾ ਹੈ। ਪਤਨੀ ਬਿਮਾਰ ਪਈ ਹੈ ਅਤੇ ਧਰਮਿੰਦਰ ਕੁਮਾਰ ਨੂੰ ਮਹਿੰਗੇ ਇਲਾਜ ਨੇ ਹਰਾ ਦਿੱਤਾ ਹੈ। ਹੁਣ ਉਸ ਦੇ ਬੱਚੇ ਦੀ ਡੋਰ ਰੱਬ ਦੇ ਹੱਥ ਹੈ। ਉਹ ਦੱਸਦਾ ਹੈ ਕਿ ਉਹ ਰੋਜ਼ਾਨਾ ਬੱਚੇ ਨੂੰ ਡੇਰੇ ਲਿਜਾ ਕੇ ਅਰਦਾਸ ਕਰਦਾ ਹੈ ਅਤੇ ਹੁਣ ਹੋਰ ਕੋਈ ਚਾਰਾ ਵੀ ਨਹੀਂ ਬਚਿਆ। ਇਲਾਜ ਦੀ ਪਹੁੰਚ ਰਹੀ ਨਹੀਂ। ਛੇ ਵਰਿ•ਆਂ ਦਾ ਇਮਾਨ ਹੁਣ ਸਕੂਲ ਨਹੀਂ ,ਰੋਜ਼ਾਨਾ ਡੇਰੇ ਜਾਂਦਾ ਹੈ ਜਿਥੋਂ ਉਸ ਨੂੰ ਧਰਵਾਸ ਬੱਝਾ ਹੈ। ਮਾਨਸਾ ਜ਼ਿਲ•ੇ ਦੇ ਪਿੰਡ ਕਾਹਨਗੜ• ਦਾ 13 ਵਰਿ•ਆਂ ਦਾ ਹਰਮਨ ਸੱਤਵੀਂ ਕਲਾਸ ਵਿਚ ਪੜ•ਦਾ ਹੈ ਪ੍ਰੰਤੂ ਹੁਣ ਉਹ ਸਕੂਲ ਨਹੀਂ , ਹਸਪਤਾਲ ਜਾਂਦਾ ਹੈ। ਕੈਂਸਰ ਨੇ ਮਾਪਿਆਂ ਵਲੋਂ ਬੱਚੇ ਦੇ ਭਵਿੱਖ ਦੇ ਤਰਾਸ਼ੇ ਨਕਸ਼ਾਂ 'ਤੇ ਕਾਲਖ ਫੇਰ ਦਿੱਤੀ ਹੈ। ਪਿਤਾ ਸੰਦੀਪ ਸਿੰਘ ਆਖਦਾ ਹੈ ਕਿ ਹੁਣ ਤੱਕ ਅੱਠ ਲੱਖ ਰੁਪਏ ਇਲਾਜ ਤੇ ਖਰਚ ਆ ਚੁੱਕਾ ਹੈ ਅਤੇ ਸਭ ਰਿਸ਼ਤੇਦਾਰਾਂ ਤੋਂ ਪੈਸੇ ਫੜ• ਕੇ ਇਲਾਜ ਕਰਾ ਰਿਹਾ ਹਾਂ। ਸਰਕਾਰ ਵਲੋਂ ਜੋ ਇਲਾਜ ਵਾਸਤੇ ਵਿੱਤੀ ਮਦਦ ਦਿੱਤੀ ਜਾਂਦੀ ਹੈ, ਉਹ ਹਾਲੇ ਤੱਕ ਮਿਲੀ ਨਹੀਂ ਹੈ।
                      ਮਾਨਸਾ ਦੇ ਪਿੰਡ ਕੌੜੀਵਾਲਾ ਦੇ ਛੇ ਵਰਿ•ਆਂ ਦੇ ਬੱਚੇ ਜਸ਼ਨਦੀਪ ਦੀ ਵੀ ਇਹੋ ਕਹਾਣੀ ਹੈ। ਬਾਪ ਸਤਪਾਲ ਸਿੰਘ ਮਜ਼ਦੂਰ ਹੈ ਜਿਸ ਦਾ ਕਹਿਣਾ ਹੈ ਕਿ ਉਹ ਫਰੀਦਕੋਟ ਤੋਂ ਇਲਾਜ ਕਰਾ ਰਹੇ ਹਨ ਪ੍ਰੰਤੂ ਸਰਕਾਰ ਨੇ ਕੋਈ ਵਿੱਤੀ ਮਦਦ ਨਹੀਂ ਦਿੱਤੀ। ਵਿਆਜ ਤੇ ਪੈਸੇ ਚੁੱਕ ਕੇ ਇਲਾਜ ਕਰਾ ਰਿਹਾ ਹਾਂ। ਬਠਿੰਡਾ ਦੀ ਮੌੜ ਮੰਡੀ ਦੇ ਬੱਸ ਡਰਾਈਵਰ ਕਾਲਾ ਸਿੰਘ ਦੀ ਢਾਈ ਵਰਿ•ਆਂ ਦੀ ਬੱਚੀ ਲਵਪ੍ਰੀਤ ਨੂੰ ਕੈਂਸਰ ਹੈ। ਉਸ ਦਾ ਤਿੰਨ ਲੱਖ ਦਾ ਖਰਚਾ ਆ ਚੁੱਕਾ ਹੈ। ਕਾਲਾ ਸਿੰਘ ਆਖਦਾ ਹੈ ਕਿ ਬੱਚੀ ਦਾ ਦੁੱਖ ਝੱਲਿਆ ਨਹੀਂ ਜਾਂਦਾ। ਰਾਮਪੁਰਾ ਦੇ ਸੱਤ ਵਰਿ•ਆਂ ਦੇ ਅੰਕੁਸ਼ ਨੂੰ ਵੀ ਬਚਪਨ ਉਮਰੇ ਇਸ ਬਿਮਾਰੀ ਨਾਲ ਲੜਨਾ ਪੈ ਰਿਹਾ ਹੈ। ਜ਼ਿਲ•ਾ ਸੰਗਰੂਰ ਦੇ ਦੇ ਪਿੰਡ ਗੋਬਿੰਦਗੜ• ਜੇਜੀਆਂ ਦੀ ਤਿੰਨ ਵਰਿ•ਆਂ ਦੀ ਬੱਚੀ ਨੂੰ ਕੈਂਸਰ ਹੈ ਜਦੋਂ ਕਿ ਨਿਹਾਲ ਸਿੰਘ ਵਾਲਾ (ਮੋਗਾ) ਦੇ 14 ਵਰਿ•ਆਂ ਦੇ ਬੱਚੇ ਰਾਜਵੀਰ ਦਾ ਇਲਾਜ ਚੱਲ ਰਿਹਾ ਹੈ। ਕੈਂਸਰ ਦਾ ਕਹਿਰ ਮਾਲਵਾ ਖ਼ਿੱਤੇ ਨੂੰ ਝੰਬ ਰਿਹਾ ਹੈ ਪ੍ਰੰਤੂ ਸਰਕਾਰਾਂ ਨੇ ਇਸ ਦੇ ਕਾਰਨਾਂ ਨੂੰ ਜਾਣਨ ਦੀ ਕੋਸ਼ਿਸ਼ ਨਹੀਂ ਕੀਤੀ। ਪੰਜਾਬ ਵਿਚ ਰੋਜ਼ਾਨਾ ਔਸਤਨ 43 ਮੌਤਾਂ ਕੈਂਸਰ ਨਾਲ ਹੁੰਦੀਆਂ ਹਨ ਜਦੋਂ ਕਿ ਕੈਂਸਰ ਦੀ ਲਪੇਟ ਵਿਚ ਰੋਜ਼ਾਨਾ ਔਸਤਨ 85 ਮਨੁੱਖੀ ਜਾਨਾਂ ਆ ਰਹੀਆਂ ਹਨ।
                    ਪੰਜਾਬ ਵਿਚ 1 ਜਨਵਰੀ 2014 ਤੋਂ 31 ਦਸੰਬਰ 2016 ਤੱਕ 47,378 ਮੌਤਾਂ ਕੈਂਸਰ ਨਾਲ ਹੋਈਆਂ ਹਨ। ਮਾਲਵਾ ਇਸ ਬਿਮਾਰੀ ਤੋਂ ਜਿਆਦਾ ਪੀੜਤ ਹੈ। ਪ੍ਰਤੀ ਲੱਖ ਆਬਾਦੀ ਪਿਛੇ ਕੈਂਸਰ ਮਰੀਜ਼ਾਂ ਦੀ ਕੌਮੀ ਔਸਤ 80 ਮਰੀਜ਼ਾਂ ਦੀ ਹੈ ਜਦੋਂ ਕਿ ਪੰਜਾਬ ਵਿਚ ਇਹ ਔਸਤ 90 ਮਰੀਜ਼ਾਂ ਦੀ ਹੈ। ਮਾਲਵਾ ਖ਼ਿੱਤੇ ਵਿਚ ਇਹ ਔਸਤ 135 ਮਰੀਜ਼ਾਂ ਦੀ ਹੈ। ਕੈਂਸਰ ਨੇ ਹੀ  ਨਾਮਵਾਰ ਨਾਟਕਕਾਰ ਪ੍ਰੋ.ਅਜਮੇਰ ਔਲਖ ਨੂੰ ਵੀ ਲੋਕਾਂ ਕੋਲੋਂ ਖੋਹ ਲਿਆ ਹੈ। ਸ਼੍ਰੋਮਣੀ ਕਮੇਟੀ ਤਰਫ਼ੋਂ ਪ੍ਰਤੀ ਮਰੀਜ਼ 20 ਹਜ਼ਾਰ ਰੁਪਏ ਇਲਾਜ ਵਾਸਤੇ ਦਿੱਤੇ ਜਾ ਰਹੇ ਹਨ ਅਤੇ ਹੁਣ ਕੈਪਟਨ ਸਰਕਾਰ ਨੇ ਇਲਾਜ ਵਾਸਤੇ ਵਿੱਤੀ ਮਦਦ ਵਿਚ ਵਾਧਾ ਕੀਤਾ ਹੈ ਪ੍ਰੰਤੂ ਜਿਨ•ਾਂ ਘਰਾਂ ਵਿਚ ਬੱਚੇ ਅਤੇ ਜਵਾਨ ਧੀਆਂ ਨੂੰ ਕੈਂਸਰ ਨੇ ਆਪਣੀ ਜਕੜ ਵਿਚ ਲੈ ਲਿਆ ਹੈ, ਉਨ•ਾਂ ਘਰਾਂ ਦੀ ਚੀਸ ਝੱਲੀ ਨਹੀਂ ਜਾ ਰਹੀ ਹੈ। ਮਾਪੇ ਆਖਦੇ ਹਨ ਕਿ ਸਰਕਾਰ ਇਸ ਦੀ ਜੜ• ਲੱਭੇ ਤਾਂ ਜੋ ਹੋਰ ਘਰਾਂ ਨੂੰ ਬੁਰੇ ਦਿਨ ਨਾ ਵੇਖਣੇ ਪੈਣ।

Tuesday, April 4, 2017

                    ਕੈਪਟਨ ਲਈ ਚੁਣੌਤੀ
      ਪੰਜਾਬ 'ਚ ਕੈਂਸਰ ਨਾਲ ਰੋਜ਼ਾਨਾ 43 ਮੌਤਾਂ
                              ਚਰਨਜੀਤ ਭੁੱਲਰ
ਬਠਿੰਡਾ : ਪੰਜਾਬ ਵਿਚ ਰੋਜ਼ਾਨਾ ਔਸਤਨ 43 ਮੌਤਾਂ ਕੈਂਸਰ ਨਾਲ ਹੁੰਦੀਆਂ ਹਨ ਜਦੋਂ ਕਿ ਔਸਤਨ 85 ਮਨੁੱਖੀ ਜਾਨਾਂ ਨੂੰ ਕੈਂਸਰ ਆਪਣੀ ਲਪੇਟ ਵਿਚ ਲੈ ਰਿਹਾ ਹੈ। ਕੈਪਟਨ ਸਰਕਾਰ ਲਈ ਇਹ ਚੁਣੌਤੀ ਤੋਂ ਘੱਟ ਨਹੀਂ। ਖਾਸ ਕਰਕੇ ਮਾਲਵਾ ਖ਼ਿੱਤੇ ਨੂੰ ਤਾਂ ਕੈਂਸਰ ਨੇ ਮੰਜੇ ਵਿਚ ਪਾ ਦਿੱਤਾ ਹੈ। ਮਹਿੰਗੇ ਇਲਾਜ ਕਰਕੇ ਗਰੀਬ ਮਰੀਜ਼ਾਂ ਕੋਲ ਸਿਵਾਏ ਅਰਦਾਸ ਕਰਨ ਤੋਂ ਕੋਈ ਚਾਰਾ ਨਹੀਂ ਬਚਦਾ ਹੈ। ਕੇਂਦਰੀ ਸਿਹਤ ਮੰਤਰਾਲੇ ਦੇ ਤੱਥ ਪੰਜਾਬ ਨੂੰ ਫਿਕਰਮੰਦ ਕਰਨ ਵਾਲੇ ਹਨ ਅਤੇ ਨਵੀਂ ਸਰਕਾਰ ਨੂੰ ਹਲੂਣਾ ਦੇਣ ਵਾਲੇ ਹਨ। ਪੰਜਾਬ ਚੋਂ ਬਠਿੰਡਾ,ਮਾਨਸਾ ਤੇ ਮੁਕਤਸਰ ਜ਼ਿਲ•ੇ 'ਚ ਇਸ ਅਲਾਮਤ ਨੇ ਸੱਥਰ ਵਿਛਾ ਦਿੱਤੇ ਹਨ। ਬਹੁਤੇ ਬੱਚੇ ਵੀ ਹੁਣ ਸਕੂਲਾਂ ਨਹੀਂ ਜਾਂਦੇ, ਬੀਕਾਨੇਰ ਜਾਂਦੇ ਹਨ। ਕੇਂਦਰੀ ਸਿਹਤ ਮੰਤਰਾਲੇ ਦੇ ਤਾਜ਼ਾ ਵੇਰਵਿਆਂ ਅਨੁਸਾਰ ਪੰਜਾਬ ਵਿਚ 1 ਜਨਵਰੀ 2014 ਤੋਂ 31 ਦਸੰਬਰ 2016 ਤੱਕ 47,378 ਮੌਤਾਂ ਕੈਂਸਰ ਨਾਲ ਹੋਈਆਂ ਹਨ ਅਤੇ ਹਰ ਵਰੇ• ਇਹ ਦਰ ਵੱਧ ਰਹੀ ਹੈ। ਸਾਲ 2014 ਵਿਚ 15,171, ਸਾਲ 2015 ਵਿਚ 15,784 ਅਤੇ ਸਾਲ 2016 ਵਿਚ 16423 ਮੌਤਾਂ ਦਾ ਕਾਰਨ ਕੈਂਸਰ ਬਣਿਆ ਹੈ। ਇਨ•ਾਂ ਤਿੰਨ ਵਰਿ•ਆਂ ਵਿਚ ਕੈਂਸਰ ਨੇ 93,690 ਲੋਕਾਂ ਨੂੰ ਆਪਣੀ ਜਕੜ ਵਿਚ ਲਿਆ ਹੈ।
                              ਕੇਂਦਰ ਸਰਕਾਰ ਨੇ ਅੰਮ੍ਰਿਤਸਰ ਦੇ ਸਰਕਾਰੀ ਮੈਡੀਕਲ ਕਾਲਜ ਵਿਚ ਸਟੇਟ ਕੈਂਸਰ ਇੰਸਟੀਚੂਟ ਖੋਲਿ•ਆ ਹੈ ਜਦੋਂ ਕਿ ਜ਼ਿਲ•ਾ ਹੁਸ਼ਿਆਰਪੁਰ ਅਤੇ ਫਾਜਿਲਕਾ ਦੇ ਜ਼ਿਲ•ਾ ਹਸਪਤਾਲਾਂ ਵਿਚ ਕੈਂਸਰ ਕੇਅਰ ਸੈਂਟਰ ਖੋਲ•ੇ ਹਨ। ਵੇਰਵਿਆਂ ਅਨੁਸਾਰ ਪੰਜਾਬ ਵਿਚ ਔਰਤਾਂ ਨੂੰ ਛਾਤੀ ਦਾ ਕੈਂਸਰ ਵੀ ਹੈ ਜਿਸ ਨਾਲ ਤਿੰਨ ਵਰਿ•ਆਂ ਵਿਚ 3814 ਔਰਤਾਂ ਦੀ ਮੌਤ ਹੋ ਚੁੱਕੀ ਹੈ ਅਤੇ ਇਨ•ਾਂ ਤਿੰਨ ਵਰਿ•ਆਂ ਵਿਚ ਛਾਤੀ ਦੇ ਕੈਂਸਰ ਦੀ 9453 ਔਰਤਾਂ ਤੇ ਮਾਰ ਪਈ ਹੈ। ਪੰਜਾਬ ਵਿਚ ਹਰ ਵਰੇ• ਔਸਤਨ 31 ਹਜ਼ਾਰ ਲੋਕ ਕੈਂਸਰ ਦੀ ਲਪੇਟ ਵਿਚ ਆ ਰਹੇ ਹਨ। ਮਾਲਵਾ ਖ਼ਿੱਤੇ ਨੂੰ ਪਹਿਲਾਂ ਫਸਲਾਂ ਨੇ ਖੁਦਕੁਸ਼ੀ ਦੇ ਰਾਹ ਤੋਰਿਆ ਸੀ ਅਤੇ ਹੁਣ ਕੈਂਸਰ ਦਾ ਕਹਿਰ ਲੋਕਾਂ ਨੂੰ ਕਰਜ਼ਾਈ ਕਰ ਰਿਹਾ ਹੈ। ਇਵੇਂ ਸਰਵਾਈਕਲ ਕੈਂਸਰ ਨੇ ਵੀ ਤਿੰਨ ਵਰਿ•ਆਂ ਵਿਚ 6425 ਲੋਕਾਂ ਤੇ ਹੱਲਾ ਬੋਲਿਆ ਹੈ ਅਤੇ ਇਸ ਨਾਲ 4191 ਲੋਕ ਮੌਤ ਦੇ ਮੂੰਹ ਜਾ ਪਏ ਹਨ। ਪੰਜਾਬ ਸਰਕਾਰ ਵਲੋਂ ਮੁੱਖ ਮੰਤਰੀ ਕੈਂਸਰ ਰਾਹਤ ਫੰਡ ਵੀ ਸਥਾਪਿਤ ਕੀਤਾ ਹੋਇਆ ਹੈ। ਪੰਜਾਬ ਸਰਕਾਰ ਨੇ ਬਠਿੰਡਾ ਵਿਚ ਅਡਵਾਂਸਡ ਕੈਂਸਰ ਡਾਇਗੋਨੈਸਟਿਕ ਟਰੀਟਮੈਂਟ ਅਤੇ ਰਿਸਰਚ ਇੰਸਟੀਚੂਟ ਖੋਲਿ•ਆ ਹੈ ਅਤੇ ਮੈਡੀਕਲ ਕਾਲਜ ਫਰੀਦਕੋਟ ਵਿਚ ਕੈਂਸਰ ਵਿਭਾਗ ਬਣਾਇਆ ਹੈ।
                            ਕੈਂਸਰ ਮਾਹਿਰ ਡਾ.ਮਨਜੀਤ ਜੌੜਾ ਦਾ ਕਹਿਣਾ ਸੀ ਕਿ ਅਸਲ ਵਿਚ ਪੰਜਾਬ ਵਿਚ ਕੈਂਸਰ ਵਾਰੇ ਚੇਤਨਤਾ ਪ੍ਰੋਗਰਾਮ ਨਹੀਂ ਹੈ ਅਤੇ ਖਾਸ ਕਰਕੇ ਮਾਲਵਾ ਵਿਚ ਕੈਂਸਰ ਕੇਸ ਉਦੋਂ ਡਿਟੈਕਟ ਹੁੰਦੇ ਹਨ ਜਦੋਂ ਕਿ ਮਰੀਜ਼ ਤੀਸਰੇ ਜਾਂ ਆਖਰੀ ਪੜਾਅ ਤੇ ਹੁੰਦਾ ਹੈ। ਪ੍ਰਤੀ ਲੱਖ ਆਬਾਦੀ ਪਿਛੇ ਕੈਂਸਰ ਮਰੀਜ਼ਾਂ ਦੀ ਕੌਮੀ ਔਸਤ 80 ਮਰੀਜ਼ਾਂ ਦੀ ਹੈ ਜਦੋਂ ਕਿ ਪੰਜਾਬ ਵਿਚ ਇਹ ਔਸਤ 90 ਮਰੀਜ਼ਾਂ ਦੀ ਹੈ। ਉਨ•ਾਂ ਦੱਸਿਆ ਕਿ ਮਾਲਵਾ ਖ਼ਿੱਤੇ ਵਿਚ ਇਹ ਔਸਤ 135 ਮਰੀਜ਼ਾਂ ਦੀ ਹੈ। ਸ਼੍ਰੋ੍ਰਮਣੀ ਕਮੇਟੀ ਤਰਫ਼ੋਂ ਵੀ ਕੈਂਸਰ ਮਰੀਜ਼ਾਂ ਨੂੰ ਇਲਾਜ ਲਈ ਮਦਦ ਕੀਤੀ ਜਾਂਦੀ ਹੈ ਪ੍ਰੰਤੂ ਇਹ ਮਦਦ ਮਰੀਜ਼ਾਂ ਨੂੰ ਜ਼ਿੰਦਗੀ ਦੇ ਨੇੜੇ ਲਿਜਾਣ ਲਈ ਕਾਫ਼ੀ ਨਹੀਂ ਹੈ। ਨਾਗਰਿਕ ਚੇਤਨਾ ਸੰਸਥਾ ਦੇ ਪ੍ਰਧਾਨ ਐਡਵੋਕੇਟ ਮਨੋਹਰ ਬਾਂਸਲ ਨੇ ਕੈਪਟਨ ਸਰਕਾਰ ਤੋਂ ਮੰਗ ਕੀਤੀ ਹੈ ਕਿ ਮਾਲਵਾ ਖ਼ਿੱਤੇ ਵਿਚ ਕੈਂਸਰ ਦੀ ਜੜ ਲੱਭੀ ਜਾਵੇ ਤਾਂ ਜੋ ਲੋਕ ਇਸ ਬਿਮਾਰੀ ਤੋਂ ਬਚ ਸਕਣ। ਉਨ•ਾਂ ਮੁੱਖ ਮੰਤਰੀ ਪੰਜਾਬ ਨੂੰ ਕੈਂਸਰ ਦੇ ਕਾਰਨ ਦੀ ਵਿਸਥਾਰਤ ਖੋਜ ਕਰਾਉਣ ਵਾਰੇ ਆਖਿਆ ਹੈ। ਦੱਸਣਯੋਗ ਹੈ ਕਿ ਕੈਂਸਰ ਦਾ ਕਹਿਰ ਵੱਧਣ ਕਰਕੇ ਬਠਿੰਡਾ ਵਿਚ ਕੈਂਸਰ ਦੇ ਪ੍ਰਾਈਵੇਟ ਹਸਪਤਾਲ ਵੀ ਵਧਣ ਲੱਗੇ ਹਨ। ਲੋਕ ਨਵੀਂ ਸਰਕਾਰ ਤੋਂ ਨਵੀਂ ਉਮੀਦ ਲਾਈ ਬੈਠੇ ਹਨ। 

Friday, November 14, 2014

                                       ਕੈਂਸਰ ਦੀ ਚੀਸ
                 ਬਚਪਨ ਉਮਰੇ ਹੀ ਰੁੱਸ ਗਏ ਹਾਸੇ...                                                      ਚਰਨਜੀਤ ਭੁੱਲਰ
ਬਠਿੰਡਾ : ਦੱਖਣੀ ਪੰਜਾਬ ਵਿਚ ਕੈਂਸਰ ਨੇ ਬਚਪਨ ਵੀ ਹਾਸੇ ਖੋਹ ਲਏ ਹਨ। ਹੱਸਣ ਖੇਡਣ ਦੀ ਉਮਰੇ ਹੀ ਇਨ•ਾਂ ਬੱਚਿਆਂ ਨਾਲ ਜ਼ਿੰਦਗੀ ਰੁੱਸ ਗਈ ਹੈ। ਭਾਵੇਂ ਇਹ ਬੱਚੇ ਸਕੂਲ ਵੀ ਜਾ ਰਹੇ ਹਨ ਪ੍ਰੰਤੂ ਪ੍ਰੀਖਿਆ ਇਹ ਜ਼ਿੰਦਗੀ ਦੀ ਦੇ ਰਹੇ ਹਨ। ਜਦੋਂ ਨਿੱਕੀ ਉਮਰੇ ਹੀ ਇਨ•ਾਂ ਬੱਚਿਆਂ ਨੂੰ ਕੈਂਸਰ ਦੀ ਬਿਮਾਰੀ ਹੋਣ ਦਾ ਪਤਾ ਲੱਗਾ ਤਾਂ ਮਾਪਿਆਂ ਦੇ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ ਅਤੇ ਇਨ•ਾਂ ਬੱਚਿਆਂ ਦੇ ਹੱਥੋਂ ਸੁਪਨੇ। ਏਦਾ ਦੇ ਬੱਚੇ ਵੀ ਹਨ ਜਿਨ•ਾਂ ਦੀ ਉਮਰ ਤਾਂ ਕਿਲਕਾਰੀ ਮਾਰਨ ਦੀ ਹੈ ਪ੍ਰੰਤੂ ਝੱਲਣੀ ਕੈਂਸਰ ਦੀ ਚੀਸ ਪੈ ਰਹੀ ਹੈ। ਇਨ•ਾਂ ਬੱਚਿਆਂ ਦਾ ਪੀ.ਜੀ.ਆਈ ਅਤੇ ਬੀਕਾਨੇਰ ਹਸਪਤਾਲ ਵਿਚ ਇਲਾਜ ਚੱਲ ਰਿਹਾ ਹੈ। ਇਨ•ਾਂ ਬੱਚਿਆਂ ਲਈ ਕੋਈ ਵੀ ਬਾਲ ਦਿਵਸ ਢਾਰਸ ਨਹੀਂ ਬਣ ਸਕਿਆ ਹੈ। ਜ਼ਿਲ੍ਹੇ ਦੇ ਪਿੰਡ ਗਿੱਲ ਖੁਰਦ ਦੀ 13 ਵਰ੍ਹਿਆਂ ਦੀ ਬੱਚੀ ਰਜ਼ੀਆ ਦਾ ਕੈਂਸਰ ਦਾ ਅਪਰੇਸ਼ਨ ਤਾਂ ਠੀਕ ਹੋ ਗਿਆ ਪਰ ਹੁਣ ਉਹ ਆਪਣੀ ਅੱਖਾਂ ਦੀ ਜੋਤ ਗੁਆ ਬੈਠੀ ਹੈ। ਉਸ ਦਾ ਪਿਤਾ ਬਲਵੀਰ ਸਿੰਘ, ਜੋ ਡਾਕੀਆ ਹੈ, ਆਖਦਾ ਹੈ ਕਿ ਕੈਂਸਰ ਦੇ ਇਲਾਜ ਦੌਰਾਨ ਉਸ ਨੂੰ ਬੱਚੀ ਦੀ ਪੀੜ ਝੱਲੀ ਨਹੀਂ ਸੀ ਜਾਂਦੀ। ਉਸ ਨੇ ਇਲਾਜ ਵਾਸਤੇ 50 ਹਜ਼ਾਰ ਰੁਪਏ ਦਾ ਕਰਜ਼ਾ ਚੁੱਕਿਆ ਅਤੇ ਬਾਕੀ ਪਿੰਡ ਵਾਲਿਆਂ ਨੇ ਮਦਦ ਕਰ ਦਿੱਤੀ। ਕੈਂਸਰ ਕਾਰਨ ਰਜ਼ੀਆ ਨੂੰ ਹੁਣ ਸਕੂਲੋਂ ਵੀ ਪੜ੍ਹਨੋਂ ਹਟਾ ਲਿਆ ਗਿਆ ਹੈ।
                      ਬਠਿੰਡਾ ਦੇ ਜੋਗੀ ਨਗਰ ਦਾ ਬੱਚਾ ਅਦਿੱਤਿਆ ਡੋਗਰਾ ਦੂਜੀ ਕਲਾਸ ਵਿੱਚ ਪੜ੍ਹਦੇ ਸਮੇਂ ਹੀ ਇਸ ਬਿਮਾਰੀ ਦੀ ਲਪੇਟ ਵਿੱਚ ਆ ਗਿਆ। ਅਦਿੱਤਿਆ ਮਾਪਿਆਂ ਦਾ ਇਕਲੌਤਾ ਬੱਚਾ ਹੈ ਜਿਸ ਨੂੰ ਬਲੱਡ ਕੈਂਸਰ ਹੈ। ਉਸਦਾ ਪਿਤਾ ਸੰਜੀਵ ਕੁਮਾਰ ਆਖਦਾ ਹੈ ਕਿ ਜਦੋਂ ਇਲਾਜ ਚੱਲਦਾ ਹੈ ਤਾਂ ਫਿਰ ਦੁੱਖ ਝੱਲਿਆਂ ਨਹੀਂ ਜਾਂਦਾ। ਮਾਂ ਰਜਨੀ ਬਾਲਾ ਨੇ ਆਪਣੇ ਬੱਚੇ ਦੀ ਪਰਵਰਿਸ਼ ਲਈ ਆਪਣੀ ਅਧਿਆਪਕਾ ਦੀ ਨੌਕਰੀ ਤਿਆਗ ਦਿੱਤੀ। ਮਾਨਸਾ ਜ਼ਿਲ੍ਹੇ ਦੇ ਝੁਨੀਰ ਦੇ ਬੱਚੇ ਹਰਸਿਮਰਤ ਦੀ ਸੁਰਤ ਚੰਗੀ ਤਰ੍ਹਾਂ ਸੰਭਲੀ ਨਹੀਂ ਸੀ ਕਿ ਕੈਂਸਰ ਨੇ ਹੱਲਾ ਬੋਲ ਦਿੱਤਾ। ਰਾਮਾਂ ਮੰਡੀ ਦਾ ਚਾਰ ਵਰ੍ਹਿਆਂ ਦਾ ਬੱਚਾ ਅਵੀਨੀਰ ਤਾਂ ਬਚ ਹੀ ਨਹੀਂ ਸਕਿਆ। ਉਸ ਦੇ ਮਾਪੇ ਉਸ ਦਾ ਬੀਕਾਨੇਰ ਤੋਂ ਇਲਾਜ ਕਰਾ ਰਹੇ ਸਨ। ਪੰਜਾਬ ਵਿੱਚ 356 ਬੱਚੇ ਹਨ ਜਿਨ੍ਹਾਂ ਨੂੰ ਕੈਂਸਰ ਦੀ ਬਿਮਾਰੀ ਹੈ ਅਤੇ ਇਨ੍ਹਾਂ ਬੱਚਿਆਂ ਦਾ ਕੌਮੀ ਦਿਹਾਤੀ ਸਿਹਤ ਮਿਸ਼ਨ ਤਹਿਤ ਇਲਾਜ ਚੱਲ ਰਿਹਾ ਹੈ।  ਮਈ 2009 ਤੋਂ ਹੁਣ ਤੱਕ ਇਨ੍ਹਾਂ ਬੱਚਿਆਂ ਦੇ ਇਲਾਜ ਲਈ ਸਰਕਾਰ ਮਦਦ ਕਰ ਰਹੀ ਹੈ। ਹੁਣ ਤਕ 76 ਬੱਚਿਆਂ ਦੀ ਮੌਤ ਹੋ ਚੁੱਕੀ ਹੈ। ਹੁਣ ਬੱਚਿਆਂ ਦੇ ਇਲਾਜ ਲਈ ਮੁੱਖ ਮੰਤਰੀ ਕੈਂਸਰ ਰਾਹਤ ਕੋਸ਼ ਵਿਚੋਂ ਵੀ ਡੇਢ ਲੱਖ ਰੁਪਏ ਦੀ ਰਾਸ਼ੀ ਦਿੱਤੀ ਜਾਣ ਲੱਗੀ ਹੈ। ਜੇ ਡੇਢ ਲੱਖ ਤੋਂ ਜ਼ਿਆਦਾ ਖਰਚ ਆਉਂਦਾ ਹੈ ਤਾਂ ਉਹ ਖਰਚਾ ਸਿਹਤ ਵਿਭਾਗ ਝੱਲਦਾ ਹੈ।
                    ਬਠਿੰਡਾ ਜ਼ਿਲ੍ਹੇ ਦੇ 15 ਬੱਚੇ ਅਤੇ ਮਾਨਸਾ ਦੇ 17 ਬੱਚੇ ਕੈਂਸਰ ਤੋਂ ਪੀੜਤ ਹਨ। ਮੁੱਖ ਮੰਤਰੀ ਪੰਜਾਬ ਦੇ ਜੱਦੀ ਜ਼ਿਲ੍ਹੇ ਮੁਕਤਸਰ ਦੇ 12 ਬੱਚੇ,ਮੋਗਾ ਦੇ 11,ਬਰਨਾਲਾ ਦੇ 4,ਲੁਧਿਆਣਾ ਦੇ 44 ਬੱਚੇ,ਫਿਰੋਜ਼ਪੁਰ ਦੇ 15,ਫਰੀਦਕੋਟ ਦੇ ਪੰਜ,ਪਟਿਆਲਾ ਦੇ 29 ਅਤੇ ਸੰਗਰੂਰ ਦੇ 25 ਬੱਚੇ ਸ਼ਾਮਲ ਹਨ। ਇਲਾਜ ਕਰਾਉਣ ਵਾਲੇ ਸੱਤ ਬੱਚਿਆਂ ਦੇ ਇਲਾਜ ਤੇ ਇਲਾਜ ਖਰਚਾ ਡੇਢ ਲੱਖ ਤੋਂ ਵੱਧ ਆ ਚੁੱਕਾ ਹੈ। ਡਾਇਰੈਕਟਰ ਜਨਰਲ (ਸਕੂਲ ਸਿੱਖਿਆ) ਜੀ.ਕੇ.ਸਿੰਘ ਦਾ ਕਹਿਣਾ ਸੀ ਕਿ ਸਕੂਲੀ ਬੱਚਿਆਂ ਦੇ ਬਕਾਇਦਾ ਹੈਲਥ ਕਾਰਡ ਬਣਾਏ ਗਏ ਹਨ ਅਤੇ ਸਿਹਤ ਵਿਭਾਗ ਵੱਲੋਂ ਬੱਚਿਆਂ ਦੀ ਸਿਹਤ ਦਾ ਰੈਗੂਲਰ ਚੈੱਕਅਪ ਕੀਤਾ ਜਾਂਦਾ ਹੈ। ਉਨ੍ਹਾਂ ਆਖਿਆ ਕਿ ਜੋ ਬੱਚੇ ਕੈਂਸਰ ਤੋਂ ਪੀੜਤ ਹਨ, ਉਨ੍ਹਾਂ ਦਾ ਇਲਾਜ ਸਰਕਾਰੀ ਖਰਚੇ 'ਤੇ ਕਰਾਇਆ ਜਾ ਰਿਹਾ ਹੈ

Saturday, July 20, 2013

                               ਕੈਂਸਰ ਮਰੀਜ਼ਾਂ ਦਾ
          ਸਿਗਰਟ ਦੀ ਕਮਾਈ ਨਾਲ ਇਲਾਜ
                               ਚਰਨਜੀਤ ਭੁੱਲਰ
ਬਠਿੰਡਾ : ਪੰਜਾਬ ਸਰਕਾਰ ਵੱਲੋਂ ਸਿਗਰਟ ਦੀ ਕਮਾਈ ਨਾਲ ਕੈਂਸਰ ਦੇ ਮਰੀਜ਼ਾਂ ਦਾ ਇਲਾਜ ਕਰਾਇਆ ਜਾਵੇਗਾ। ਤੰਬਾਕੂ ਨੂੰ ਕੈਂਸਰ ਦਾ ਕਾਰਨ ਮੰਨਿਆ ਜਾਂਦਾ ਹੈ ਪਰ ਪੰਜਾਬ ਸਰਕਾਰ ਇਸੇ ਤੰਬਾਕੂ ਦੀ ਕਮਾਈ ਨਾਲ ਕੈਂਸਰ ਪੀੜਤਾਂ ਦਾ ਇਲਾਜ ਕਰਾਏਗੀ। ਪੰਜਾਬ ਸਰਕਾਰ ਵੱਲੋਂ ਬਕਾਇਦਾ ਨੋਟੀਫਿਕੇਸ਼ਨ ਕੀਤਾ ਗਿਆ ਹੈ ਕਿ ਰਾਜ ਸਰਕਾਰ ਸਿਗਰਟ ਤੋਂ ਕਮਾਈ ਵੀ ਕਰੇਗੀ ਅਤੇ ਨਾਲ ਨਾਲ ਇਸ ਕਮਾਈ ਦਾ 33 ਫੀਸਦੀ ਕੈਂਸਰ ਪੀੜਤਾਂ ਦੇ ਇਲਾਜ 'ਤੇ ਖਰਚ ਕਰੇਗੀ। ਇਕੱਲੇ ਕੈਂਸਰ ਮਰੀਜ਼ਾਂ ਦੇ ਇਲਾਜ 'ਤੇ ਨਹੀਂ ਬਲਕਿ ਲੋਕਾਂ ਨੂੰ ਨਸ਼ਿਆਂ ਤੋਂ ਮੁਕਤ ਕਰਨ ਵਾਸਤੇ ਵੀ ਸਿਗਰਟ ਦੀ ਕਮਾਈ ਦੀ ਵਰਤੋਂ ਕਰੇਗੀ।
ਸਿਹਤ ਅਤੇ ਪਰਿਵਾਰ ਭਲਾਈ ਵਿਭਾਗ (ਸਿਹਤ 4 ਸ਼ਾਖਾ) ਵੱਲੋਂ 30 ਅਪਰੈਲ, 2013 ਨੂੰ ਨੋਟੀਫਿਕੇਸ਼ਨ ਜਾਰੀ ਕੀਤਾ ਹੈ ਕਿ ਸੂਬੇ ਵਿੱਚ ਹੁਣ ਪੰਜਾਬ ਸਟੇਟ ਕੈਂਸਰ ਐਂਡ ਡਰੱਗ ਐਡਿਕਸ਼ਨ ਟਰੀਟਮੈਂਟ ਇਨਫਰਾਸਟਰੱਕਚਰ ਫੰਡ ਐਕਟ 2013 ਦੀ ਧਾਰਾ 6 ਏ ਤੇ 6 ਈ ਅਧੀਨ ਵੱਖ ਵੱਖ ਸੋਮਿਆਂ ਤੋਂ ਫੰਡ ਪ੍ਰਾਪਤ ਕਰਨ ਦੀ ਪ੍ਰਵਾਨਗੀ ਦਿੱਤੀ ਗਈ ਹੈ। ਇਨ੍ਹਾਂ ਸੋਮਿਆਂ ਵਿੱਚ ਸਿਗਰਟ ਦੀ ਕਮਾਈ ਨੂੰ ਵੀ ਸ਼ਾਮਲ ਕੀਤਾ ਗਿਆ ਹੈ। ਇਸ ਨੋਟੀਫਿਕੇਸ਼ਨ ਅਨੁਸਾਰ ਸਿਗਰਟ ਦੇ ਕੁੱਲ ਟੈਕਸ ਦਾ 33 ਫੀਸਦੀ ਹਿੱਸਾ ਕੈਂਸਰ ਪੀੜਤਾਂ ਅਤੇ ਨਸ਼ੇੜੀਆਂ ਦੇ ਇਲਾਜ 'ਤੇ ਖਰਚ ਹੋਵੇਗਾ।
          ਕਰ ਅਤੇ ਆਬਕਾਰੀ ਵਿਭਾਗ ਨੂੰ ਸਿਗਰਟ ਦੀ ਕਮਾਈ ਦੀ 33 ਫੀਸਦੀ ਆਮਦਨ ਜਮ੍ਹਾਂ ਕਰਾਉਣ ਵਾਸਤੇ ਹਦਾਇਤ ਕਰ ਦਿੱਤੀ ਗਈ ਹੈ। ਇਸ ਨੋਟੀਫਿਕੇਸ਼ਨ ਮਗਰੋਂ ਹੀ ਪੰਜਾਬ ਸਰਕਾਰ ਨੇ ਸਿਗਰਟ 'ਤੇ ਟੈਕਸ ਵਧਾ ਦਿੱਤਾ ਹੈ। ਪੰਜਾਬ ਸਰਕਾਰ ਸਿਗਰਟ ਤੋਂ ਸਮੇਤ ਸਰਚਾਰਜ 20.5 ਫੀਸਦੀ ਟੈਕਸ ਵਸੂਲ ਰਹੀ ਸੀ। ਇਹ ਟੈਕਸ ਹੁਣ ਸਮੇਤ ਸਰਚਾਰਜ 55 ਫੀਸਦੀ ਹੋ ਗਏ ਹਨ। ਸਿਗਰਟ ਕੰਪਨੀਆਂ ਦਾ ਇਸ ਵਾਧੇ ਨੇ ਧੂੰਆਂ ਕੱਢ ਦਿੱਤਾ ਹੈ।ਪੰਜਾਬ ਸਰਕਾਰ ਨੂੰ ਸਿਗਰਟ ਅਤੇ ਬੀੜੀ ਤੋਂ ਤਕਰੀਬਨ 100 ਕਰੋੜ ਰੁਪਏ ਦੀ ਸਾਲਾਨਾ ਕਮਾਈ ਹੁੰਦੀ ਹੈ। ਤਕਰੀਬਨ ਅੱਧੀ ਦਰਜਨ ਨਾਮੀ ਕੰਪਨੀਆਂ ਵਿਭਾਗ ਕੋਲ ਰਜਿਸਟਰਡ ਹਨ। ਕਰ ਅਤੇ ਆਬਕਾਰੀ ਵਿਭਾਗ ਨੇ ਕੈਂਸਰ ਪੀੜਤਾਂ ਦੇ ਇਲਾਜ ਵਾਸਤੇ ਰਾਸ਼ੀ ਦੇਣ ਲਈ ਸਿਗਰਟ 'ਤੇ ਟੈਕਸ ਵਧਾ ਦਿੱਤਾ ਹੈ ਪਰ ਹੁਣ ਵਿਭਾਗ ਨੂੰ ਟੈਕਸ ਦਾ ਵਾਧਾ ਪੁੱਠਾ ਪੈਣ ਲੱਗਾ ਹੈ। ਜਾਣਕਾਰੀ ਅਨੁਸਾਰ ਸਿਗਰਟ ਦੀ ਕਮਾਈ 'ਚੋਂ 30 ਤੋਂ 35 ਕਰੋੜ ਰੁਪਏ ਕੈਂਸਰ ਪੀੜਤਾਂ ਅਤੇ ਨਸ਼ੇੜੀਆਂ ਦੇ ਇਲਾਜ ਲਈ ਹਰ ਸਾਲ ਪ੍ਰਾਪਤ ਹੋਣਗੇ। ਆਲ ਇੰਡੀਆ ਇੰਸਟੀਚਿਊਟ ਆਫ ਮੈਡੀਕਲ ਸਾਇੰਸਜ਼ ਦੇ ਔਨਕੌਲਜ਼ੀ ਵਿਭਾਗ ਦੇ ਮੁਖੀ ਡਾਕਟਰ ਪੀ.ਕੇ.ਜੁਲਕਾ ਨੇ ਕਿਹਾ ਕਿ ਦੇਸ਼ ਵਿੱਚ ਜੋ ਕੈਂਸਰ ਦੇ ਨਵੇਂ ਮਰੀਜ਼ ਆ ਰਹੇ ਹਨ,ਉਨ੍ਹਾਂ 'ਚੋਂ ਹਰ 10 ਮਰੀਜ਼ਾਂ 'ਚੋਂ 4 ਨੂੰ ਕੈਂਸਰ ਹੋਣ ਦਾ ਕਾਰਨ ਤੰਬਾਕੂ ਹੈ। ਉਨ੍ਹਾਂ ਦੱਸਿਆ ਕਿ 42 ਫੀਸਦੀ ਪੁਰਸ਼ਾਂ ਨੂੰ ਸਿਗਰਟ ਅਤੇ ਤੰਬਾਕੂ ਕਾਰਨ ਕੈਂਸਰ ਹੋ ਰਿਹਾ ਹੈ।
              ਪੰਜਾਬ ਵਿੱਚ ਅਪਰੈਲ 2005 ਤੱਕ ਤੰਬਾਕੂ 'ਤੇ ਕੋਈ ਟੈਕਸ ਨਹੀਂ ਲਾਇਆ ਗਿਆ ਸੀ ਅਤੇ ਹੁਣ ਤੰਬਾਕੂ 'ਤੇ ਸਾਢੇ 12 ਫੀਸਦੀ ਟੈਕਸ ਲਾਇਆ ਹੋਇਆ ਹੈ। ਸਰਕਾਰ ਨੂੰ ਲੰਘੇ ਪੰਜ ਵਰ੍ਹਿਆਂ ਵਿੱਚ ਇਕੱਲੇ ਤੰਬਾਕੂ ਤੋਂ 365 ਕਰੋੜ ਰੁਪਏ ਦੀ ਕਮਾਈ ਹੋਈ ਹੈ। ਇਨ੍ਹਾਂ ਵਰ੍ਹਿਆਂ ਵਿੱਚ ਤੰਬਾਕੂ ਤੋਂ ਹੋਣ ਵਾਲੀ ਕਮਾਈ ਵਿੱਚ ਤਿੰਨ ਗੁਣਾ ਵਾਧਾ ਹੋਇਆ ਹੈ। ਬੀੜੀ ਬੰਡਲ 'ਤੇ ਸਾਢੇ 12 ਫੀਸਦੀ ਵੈਟ ਹੈ ਅਤੇ 10 ਫੀਸਦੀ ਸਰਚਾਰਜ ਹੈ ਜਦੋਂ ਕਿ ਬੀੜੀ ਲੀਵਜ਼ 'ਤੇ ਸਿਰਫ਼ 5 ਫੀਸਦੀ ਵੈਟ ਹੀ ਲਿਆ ਜਾਂਦਾ ਹੈ ਅਤੇ 10 ਫੀਸਦੀ ਸਰਚਾਰਜ ਲਾਇਆ ਹੋਇਆ ਹੈ। ਇਸੇ ਤਰ੍ਹਾਂ ਖੈਣੀ, ਗੁਟਖਾ ਅਤੇ ਪਾਨ ਮਸਾਲੇ 'ਤੇ ਵੀ ਸਾਢੇ 12 ਫੀਸਦੀ ਵੈਟ ਲਾਇਆ ਗਿਆ ਹੈ। ਰਾਜ ਸਰਕਾਰ ਨੇ ਅਗਸਤ 2012 ਵਿੱਚ ਗੁਟਖੇ ਅਤੇ ਪਾਨ ਮਸਾਲੇ 'ਤੇ ਪੰਜਾਬ ਵਿੱਚ ਪਾਬੰਦੀ ਲਗਾ ਦਿੱਤੀ ਸੀ। ਮੁੱਖ ਮੰਤਰੀ ਪੰਜਾਬ ਨੇ 24 ਅਪਰੈਲ 2013 ਨੂੰ ਮੀਟਿੰਗ ਕਰਕੇ ਕੈਂਸਰ ਪੀੜਤਾਂ ਦੇ ਇਲਾਜ ਵਾਸਤੇ ਇਹ ਫੰਡ ਕਾਇਮ ਕੀਤਾ ਹੈ। ਇਸ ਫੰਡ ਵਿੱਚ ਸਰਕਾਰੀ ਅਤੇ ਅਰਧ ਸਰਕਾਰੀ ਜਾਇਦਾਦ ਦੀ ਨਿਲਾਮੀ ਤੋਂ ਹੋਣ ਵਾਲੀ ਕਮਾਈ ਦਾ 2 ਫੀਸਦੀ ਹਿੱਸਾ ਇਸ ਫੰਡ ਵਿੱਚ ਜਮ੍ਹਾਂ ਹੋਵੇਗਾ। ਰਾਜ ਸਰਕਾਰ ਦੇ ਵਿਭਾਗਾਂ ਵੱਲੋਂ ਸਥਾਪਤ ਸੁਸਾਇਟੀਆਂ ਅਤੇ ਟਰੱਸਟਜ਼ ਦੀ ਆਮਦਨ ਦਾ 2 ਫੀਸਦੀ ਹਿੱਸਾ ਵੀ ਇਸ ਫੰਡ ਵਿੱਚ ਆਵੇਗਾ। ਸੜਕਾਂ, ਪੁਲ ਅਤੇ ਫਲਾਈ ਓਵਰ  ਬਣਾਉਣ ਦੇ ਟੈਂਡਰ ਕੀਮਤ ਦਾ 1 ਫੀਸਦੀ ਹਿੱਸਾ ਇਸ ਫੰਡ ਵਿੱਚ ਜਮ੍ਹਾਂ ਹੋਵੇਗਾ।
                                                      ਸਿਗਰਟ ਤੋਂ ਆਮਦਨ ਨਹੀਂ ਵਧੀ
ਕਰ ਅਤੇ ਆਬਕਾਰੀ ਵਿਭਾਗ ਦੇ ਡਿਪਟੀ ਆਬਕਾਰੀ ਅਤੇ ਕਰ ਕਮਿਸ਼ਨਰ (ਵੈਟ) ਜਸਪਾਲ ਗਰਗ ਨੇ ਦੱਸਿਆ ਕਿ ਕੈਂਸਰ ਪੀੜਤਾਂ ਲਈ ਸਿਗਰਟ ਦੀ ਆਮਦਨ ਦਾ 33 ਫੀਸਦੀ ਹਿੱਸਾ ਦਿੱਤਾ ਜਾਣਾ ਹੈ। ਉਨ੍ਹਾਂ ਦੱਸਿਆ ਕਿ ਸਿਗਰਟ 'ਤੇ ਟੈਕਸ ਸਮੇਤ ਸਰਚਾਰਜ ਹੁਣ 55 ਫੀਸਦੀ ਕੀਤਾ ਗਿਆ ਹੈ ਪਰ ਵਾਧੇ ਮਗਰੋਂ ਸਿਗਰਟ ਤੋਂ ਆਮਦਨ ਵਿੱਚ ਵਾਧਾ ਨਹੀਂ ਹੋ ਰਿਹਾ। ਉਨ੍ਹਾਂ ਦੱਸਿਆ ਕਿ ਪੰਜ ਛੇ ਕੰਪਨੀਆਂ ਵੱਲੋਂ ਹੀ ਸਿਗਰਟ 'ਤੇ ਟੈਕਸ ਦਿੱਤਾ ਜਾ ਰਿਹਾ ਹੈ।

Wednesday, July 11, 2012

                                          ਕੈਂਸਰ ਰਾਹਤ ਫੰਡ
                             ਪ੍ਰਧਾਨ ਜੀ, ਏਦਾ ਨਾ ਕਰੋ !
                                            ਚਰਨਜੀਤ ਭੁੱਲਰ
ਬਠਿੰਡਾ : ਦੱਖਣੀ ਪੰਜਾਬ ਦੇ ਕੈਂਸਰ ਪੀੜਤਾਂ ਦੇ ਜ਼ਖ਼ਮਾਂ 'ਤੇ ਸ਼੍ਰੋਮਣੀ ਕਮੇਟੀ ਦਾ 'ਕੈਂਸਰ ਰਾਹਤ ਫੰਡ' ਮੱਲ੍ਹਮ ਨਹੀਂ ਲਾ ਸਕਿਆ। ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਵੱਲੋਂ ਇਸ ਰਾਹਤ ਫੰਡ ਦੀ ਰਕਮ ਆਪਣੇ ਜ਼ਿਲ੍ਹੇ ਲੁਧਿਆਣਾ 'ਚ ਹੀ ਵੰਡੀ ਜਾ ਰਹੀ ਹੈ ਜਦੋਂ ਕਿ ਬਾਕੀ ਪੰਜਾਬ ਦੇ ਕੈਂਸਰ ਮਰੀਜ਼ ਇਸ ਵਿੱਤੀ ਮਦਦ ਤੋਂ ਵਾਂਝੇ ਹੋ ਗਏ ਹਨ। ਕੈਂਸਰ ਭਾਰਤ ਫੰਡ ਵਿਚੋਂ ਕਰੀਬ ਡੇਢ ਮਹੀਨੇ 'ਚ 140 ਕੈਂਸਰ ਪੀੜਤਾਂ ਨੂੰ ਸਹਾਇਤਾ ਦਿੱਤੀ ਗਈ ਜਿਸ 'ਚੋਂ 72 ਕੈਂਸਰ ਪੀੜਤ ਇਕੱਲੇ ਜ਼ਿਲ੍ਹਾ ਲੁਧਿਆਣਾ ਦੇ ਹਨ। ਸ਼੍ਰੋਮਣੀ ਕਮੇਟੀ ਦੇ ਵੈੱਬਸਾਈਟ ਤੋਂ ਮਿਲੀ ਜਾਣਕਾਰੀ ਮੁਤਾਬਕ 5 ਅਪਰੈਲ ਤੋਂ 16 ਮਈ 2012 ਤਕ 'ਕੈਂਸਰ ਰਾਹਤ ਫੰਡ' 'ਚ ਮਰੀਜ਼ਾਂ ਦੇ ਇਲਾਜ ਵਾਸਤੇ 31.62 ਲੱਖ ਰੁਪਏ ਦੀ ਰਕਮ ਜਾਰੀ ਕੀਤੀ ਗਈ ਜਿਸ 'ਚੋਂ 15.30 ਲੱਖ ਰੁਪਏ ਦੀ ਇਕੱਲੇ ਜ਼ਿਲ੍ਹਾ ਲੁਧਿਆਣਾ ਵਿਚ ਦਿੱਤੇ ਗਏ। ਇਹ ਤੱਥ ਕਿਸੇ ਤੋਂ ਭੁੱਲਿਆ ਨਹੀਂ ਹੈ ਕਿ ਕੈਂਸਰ ਦੀ ਵੱਡੀ ਮਾਰ ਦੱਖਣੀ ਪੰਜਾਬ ਨੂੰ ਝੱਲਣੀ ਪੈ ਰਹੀ ਹੈ। ਬਠਿੰਡਾ, ਮਾਨਸਾ, ਮੁਕਤਸਰ, ਫਰੀਦਕੋਟ ਆਦਿ ਜ਼ਿਲ੍ਹਿਆਂ ਵਿਚ ਕੈਂਸਰ ਦੇ ਮਰੀਜ਼ਾਂ ਦੀ ਗਿਣਤੀ ਸਭ ਤੋਂ ਵੱਧ ਹੈ। ਇਸੇ ਕਰਕੇ ਬੀਕਾਨੇਰ ਜਾਣ ਵਾਲੀ ਰੇਲਗੱਡੀ ਨੂੰ ਕੈਂਸਰ ਐਕਸਪ੍ਰੈਸ ਵਜੋਂ ਜਾਣਿਆ ਜਾਂਦਾ ਹੈ। ਲੁਧਿਆਣਾ ਜ਼ਿਲ੍ਹੇ ਵਿਚ ਇਸ ਲਾਇਲਾਜ ਮਰਜ਼ ਦੇ ਮਰੀਜ਼ ਮੁਕਾਬਲਤਨ ਘੱਟ ਹਨ।
             ਸ਼੍ਰੋਮਣੀ ਕਮੇਟੀ ਵੱਲੋਂ ਕੈਂਸਰ ਮਰੀਜ਼ਾਂ ਦੀ ਮਦਦ ਵਾਸਤੇ ਰਾਹਤ ਫੰਡ ਕੁਝ ਕੁ ਮਹੀਨੇ ਪਹਿਲਾਂ ਸਥਾਪਿਤ ਕੀਤਾ ਗਿਆ। ਇਸ ਫੰਡ ਲਈ ਦੇਸ਼-ਵਿਦੇਸ਼ 'ਚੋਂ ਵਿੱਤੀ ਮਦਦ ਵੀ ਮਿਲ ਰਹੀ ਹੈ। ਇਹੋ ਫੰਡ ਅੱਗੇ ਕੈਂਸਰ ਮਰੀਜ਼ਾਂ ਨੂੰ ਵੰਡਣ ਦਾ ਉਪਰਾਲਾ ਕੀਤਾ ਗਿਆ ਹੈ। ਸ਼੍ਰੋਮਣੀ ਕਮੇਟੀ ਮੈਂਬਰਾਂ ਦੀ ਸਿਫਾਰਸ਼ 'ਤੇ ਪ੍ਰਧਾਨ ਵੱਲੋਂ ਕੈਂਸਰ ਰਾਹਤ ਫੰਡ 'ਚੋਂ ਰਾਸ਼ੀ ਜਾਰੀ ਕੀਤੀ ਜਾਂਦੀ ਹੈ। ਹਰ ਬਿਨੈਕਾਰ ਮਰੀਜ਼ ਨੂੰ 20 ਹਜ਼ਾਰ ਤੋਂ 50 ਹਜ਼ਾਰ ਤਕ ਦੀ ਰਾਸ਼ੀ ਦਿੱਤੀ ਜਾਂਦੀ ਹੈ। ਵੈੱਬਸਾਈਟ ਮੁਤਾਬਕ ਡੇਢ ਮਹੀਨੇ 'ਚ ਵੰਡੇ 31.62  ਲੱਖ ਰੁਪਏ ਵਿਚੋਂ ਹਰਿਆਣਾ ਦੇ ਦੋ, ਹਿਮਾਚਲ ਪ੍ਰਦੇਸ਼ ਦੇ ਇਕ ਅਤੇ ਮੱਧ ਪ੍ਰਦੇਸ਼ ਦੇ ਇਕ ਕੈਂਸਰ ਮਰੀਜ਼ ਨੂੰ ਸਹਾਇਤਾ ਰਾਸ਼ੀ ਜਾਰੀ ਕੀਤੀ ਗਈ ਹੈ। ਬਾਕੀ ਰਕਮ ਪੰਜਾਬ ਵਿਚ ਹੀ ਵੰਡੀ ਗਈ ਪਰ ਜ਼ਿਲ੍ਹਾ ਬਠਿੰਡਾ ਦੇ ਬਲਾਕ ਤਲਵੰਡੀ ਸਾਬੋ ਦੇ ਤਿੰਨ ਕੈਂਸਰ ਮਰੀਜ਼ਾਂ ਨੂੰ 20-20 ਹਜ਼ਾਰ ਰੁਪਏ ਦੀ ਵਿੱਤੀ ਮਦਦ ਮਿਲੀ ਹੈ ਜਦੋਂ ਕਿ ਜ਼ਿਲ੍ਹਾ ਮਾਨਸਾ ਦੇ ਦੋ ਕੈਂਸਰ ਮਰੀਜ਼ਾਂ ਨੂੰ ਇਲਾਜ ਲਈ ਮਦਦ ਜਾਰੀ ਕੀਤੀ ਗਈ। ਜ਼ਿਲ੍ਹਾ ਬਰਨਾਲਾ ਦਾ ਅੰਕੜਾ ਵੀ ਦੋ ਹੈ ਜਦੋਂਕਿ ਮੋਗਾ, ਫਿਰੋਜ਼ਪੁਰ, ਫਾਜ਼ਿਲਕਾ ਅਤੇ ਫਰੀਦਕੋਟ ਜ਼ਿਲ੍ਹਿਆਂ ਦੇ ਇਕ ਇਕ ਕੈਂਸਰ ਮਰੀਜ਼ ਦੇ ਹਿੱਸੇ ਸ਼੍ਰੋਮਣੀ ਕਮੇਟੀ ਦੀ ਵਿੱਤੀ ਮਦਦ ਆਈ ਹੈ।
            ਦੂਜੇ ਸ਼ਬਦਾਂ ਵਿਚ ਕੈਂਸਰ ਦੀ ਮਾਰ ਝੱਲਣ ਵਾਲੇ ਅੱਧੀ ਦਰਜਨ ਜ਼ਿਲ੍ਹਿਆਂ ਦੇ ਸਿਰਫ 11 ਮਰੀਜ਼ਾਂ ਨੂੰ ਹੀ ਸ਼੍ਰੋਮਣੀ ਕਮੇਟੀ ਨੇ ਮਾਲੀ ਮਦਦ ਦਿੱਤੀ। ਦੂਜੇ ਪਾਸੇ ਜ਼ਿਲ੍ਹਾ ਲੁਧਿਆਣਾ ਦੇ ਸ਼ਿਮਲਾਪੁਰੀ ਇਲਾਕੇ ਦੇ ਸਭ ਤੋਂ ਜ਼ਿਆਦਾ ਕੈਂਸਰ ਮਰੀਜ਼ਾਂ ਨੂੰ ਸ਼੍ਰੋਮਣੀ ਕਮੇਟੀ ਨੇ ਵਿੱਤੀ ਮਦਦ ਦਿੱਤੀ ਹੈ।ਇਸ ਸਬੰਧ ਵਿੱਚ ਬਠਿੰਡਾ ਤੋਂ ਸ਼੍ਰੋਮਣੀ ਕਮੇਟੀ ਮੈਂਬਰ ਐਡਵੋਕੇਟ ਸੁਖਦੇਵ ਸਿੰਘ ਬਾਹੀਆ ਦਾ ਕਹਿਣਾ ਹੈ ਕਿ ਉਨ੍ਹਾਂ ਤਕ ਕਿਸੇ ਮਰੀਜ਼ ਨੇ ਹਾਲੇ ਤਕ ਪਹੁੰਚ ਨਹੀਂ ਕੀਤੀ ਕਿਉਂਕਿ ਬਹੁਤੇ ਮਰੀਜ਼ ਸ਼੍ਰੋਮਣੀ ਕਮੇਟੀ ਤਰਫੋਂ ਦਿੱਤੀ ਜਾਣ ਵਾਲੀ ਰਕਮ ਨੂੰ ਥੋੜ੍ਹਾ ਸਮਝਦੇ ਹਨ। ਉਨ੍ਹਾਂ ਦੱਸਿਆ ਕਿ ਸਾਰੇ ਸ਼੍ਰੋਮਣੀ ਕਮੇਟੀ ਮੈਂਬਰ ਆਪਣੇ ਅਖਤਿਆਰੀ ਫੰਡਾਂ 'ਚੋਂ ਕੁਝ ਰਕਮ ਹੁਣ 'ਕੈਂਸਰ ਰਾਹਤ ਫੰਡ' ਵਿਚ ਯੋਗਦਾਨ ਦੇ ਰੂਪ ਵਿਚ ਪਾਉਂਦੇ ਹਨ। ਉਂਜ ਵੀ, ਬਹੁਤੇ ਲੋਕਾਂ ਨੂੰ ਇਸ ਰਾਹਤ ਫੰਡ ਬਾਰੇ ਜਾਣਕਾਰੀ ਨਹੀਂ ਹੈ।
                                                      ਕੋਈ ਵਿਤਕਰਾ ਨਹੀਂ: ਮੱਕੜ
ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਅਵਤਾਰ ਸਿੰਘ ਮੱਕੜ ਦਾ ਕਹਿਣਾ ਸੀ ਕਿ ਕੈਂਸਰ ਰਾਹਤ ਫੰਡ ਵੰਡਣ ਵਿਚ ਕਿਸੇ ਵੀ ਜ਼ਿਲ੍ਹੇ ਜਾਂ ਇਲਾਕੇ ਨਾਲ ਕੋਈ ਵਿਤਕਰਾ ਨਹੀਂ ਕੀਤਾ ਗਿਆ। ਜੋ ਵਿਅਕਤੀ ਵੀ ਅਰਜ਼ੀ ਦਿੰਦਾ ਹੈ, ਉਸ ਨੂੰ ਰਾਹਤ ਫੰਡ 'ਚੋਂ ਵਿੱਤੀ ਮਦਦ ਦਿੱਤੀ ਜਾਂਦੀ ਹੈ ਭਾਵੇਂ ਉਹ ਕਿਸੇ ਵੀ ਧਰਮ ਜਾਂ ਇਲਾਕੇ ਦਾ ਕਿਉਂ ਨਾ ਹੋਵੇ। ਉਨ੍ਹਾਂ ਦੱਸਿਆ ਕਿ ਲੁਧਿਆਣਾ ਸ਼ਹਿਰ ਦੇ ਸ਼ਿਮਲਾਪੁਰੀ ਇਲਾਕੇ ਵਿਚ ਕੈਂਸਰ ਰੋਗੀਆਂ ਦੀ ਬਹੁਤਾਤ ਹੈ, ਜਿਸ ਕਰਕੇ ਉਥੋਂ ਦੇ ਲੋਕ ਵਿੱਤੀ ਮਦਦ ਵਾਸਤੇ ਵੱਧ ਅਪਲਾਈ ਕਰਦੇ ਆਏ ਹਨ। ਬਾਕੀ ਇਲਾਕਿਆਂ ਦੇ ਲੋਕ ਸ਼੍ਰੋਮਣੀ ਕਮੇਟੀ ਕੋਲ ਇਸ ਤਰ੍ਹਾਂ ਪਹੁੰਚ ਨਹੀਂ ਕਰ ਰਹੇ। ਉਨ੍ਹਾਂ ਆਖਿਆ ਕਿ ਸਮਾਜ ਸੇਵਾ ਦੇ ਮਕਸਦ ਨਾਲ ਸ਼੍ਰੋਮਣੀ ਕਮੇਟੀ ਨੇ ਕੈਂਸਰ ਰਾਹਤ ਫੰਡ ਸਥਾਪਤ ਕੀਤਾ ਹੈ। ਮਰੀਜ਼ ਦਰਖਾਸਤ ਸਿੱਧੀ ਵੀ ਸ਼੍ਰੋਮਣੀ ਕਮੇਟੀ ਨੂੰ ਭੇਜ ਸਕਦਾ ਹੈ ਅਤੇ ਸ਼੍ਰੋਮਣੀ ਕਮੇਟੀ ਮੈਂਬਰ ਰਾਹੀਂ ਵੀ। ਮਰੀਜ਼ ਨਾਲ ਧਾਰਮਿਕ ਆਧਾਰ 'ਤੇ ਕੋਈ ਵਿਤਕਰਾ ਨਹੀਂ ਕੀਤਾ ਜਾਂਦਾ। ਇਹ ਫੰਡ ਮਹਿਜ਼ ਸਿੱਖ ਭਾਈਚਾਰੇ ਲਈ ਨਹੀਂ, ਸਾਰੇ ਧਰਮਾਂ ਦੇ ਕੈਂਸਰ ਪੀੜਤਾਂ ਦੀ ਮਦਦ ਲਈ ਹੈ।

Wednesday, June 20, 2012

                             ਉਦਾਸ ਜੱਜਲ
       ਜਦੋਂ ਵਗਿਆ ਦੁੱਖਾਂ ਦਾ ਦਰਿਆ....
                          ਚਰਨਜੀਤ ਭੁੱਲਰ
ਬਠਿੰਡਾ : ਜ਼ਿਲ੍ਹਾ ਬਠਿੰਡਾ ਦੇ ਪਿੰਡ ਜੱਜਲ 'ਚ ਅੱਜ ਦੁੱਖਾਂ ਦਾ ਦਰਿਆ ਵਗਿਆ। ਕੋਈ ਬੱਚਾ ਦੁੱਖ ਰੋ ਰਿਹਾ ਸੀ ਤੇ ਕੋਈ ਬਜ਼ੁਰਗ ਔਰਤ ਦਿਲ ਸੁੱਟੀ ਬੈਠੀ ਸੀ। ਬਹੁਤੇ ਕੈਂਸਰ ਦੇ ਭੰਨੇ ਪਰਿਵਾਰਾਂ ਨੂੰ ਤਾਂ ਅੱਜ ਢਿੱਡ ਫਰੋਲਨ ਦਾ ਮੌਕਾ ਵੀ ਨਸੀਬ ਨਾ ਹੋ ਸਕਿਆ। ਇਸ ਪਿੰਡ ਕੋਲ ਅੱਜ ਮੌਕਾ ਸੀ ਕਿ ਉਹ ਆਪਣੇ ਦਰਦਾਂ ਨਾਲ ਕੇਂਦਰ ਨੂੰ ਹਲੂਣ ਦੇਣ। ਜਦੋਂ ਇਸ ਪਿੰਡ ਦੀ ਜੂਹ 'ਚ ਅੱਜ ਪਾਰਲੀਮੈਂਟ ਦੀ ਸੰਸਦੀ ਕਮੇਟੀ ਦੀ ਟੀਮ ਪੂਰੇ ਅਮਲੇ ਫੈਲੇ ਨਾਲ ਦਾਖਲ ਹੋਈ ਤਾਂ ਕੈਂਸਰ ਗ੍ਰਸਤ ਪਿੰਡ ਨੂੰ ਇੱਕ ਉਮੀਦ ਜਾਗੀ। ਕੈਂਸਰ ਪੀੜਤਾਂ ਨੂੰ ਜ਼ਿੰਦਗੀ ਦੇ ਪਲ ਲੰਮੇ ਹੁੰਦੇ ਜਾਪੇ। ਨੌਜਵਾਨਾਂ ਨੂੰ ਲੱਗਾ ਕਿ ਹੁਣ ਦੁੱਖਾਂ ਦੀ ਵਹਿੰਗੀ ਨਹੀਂ ਚੁੱਕਣੀ ਪਏਗੀ। ਜਦੋਂ ਸੰਸਦੀ ਟੀਮ ਪਿੰਡ 'ਚੋਂ ਵਾਪਸ ਮੁੜ ਗਈ ਤਾਂ ਪਿੰਡ ਦੀ ਸਿਆਣੀ ਉਮਰ ਦੇ ਲੋਕਾਂ ਨੇ ਹਊਕਾ ਭਰ ਕੇ ਆਖਿਆ,'ਹੁਣ ਤਾਂ ਕੋਈ ਕ੍ਰਿਸ਼ਮਾ ਹੀ ਪਿੰਡ ਨੂੰ ਬਚਾ ਸਕੇਗਾ।' ਰਸਾਇਣਾਂ ਦੀ ਵੱਧ ਵਰਤੋਂ ਦੇ ਪ੍ਰਭਾਵਾਂ ਨੂੰ ਜਾਣਨ ਵਾਸਤੇ ਸੰਸਦੀ ਕਮੇਟੀ ਪਿੰਡ ਜੱਜਲ ਪੁੱਜੀ ਸੀ ਤਾਂ ਜੋ ਕੈਂਸਰ ਪੀੜਤ ਪਰਿਵਾਰਾਂ ਦੇ ਜ਼ਖਮਾਂ 'ਤੇ ਮੱਲਮ ਵੀ ਲਾਈ ਜਾ ਸਕੇ। ਸੰਸਦੀ ਕਮੇਟੀ ਦੇ ਐਮ.ਪੀਜ਼ ਜ਼ਿਆਦਾ ਸਮਾਂ ਆਪਣੀ ਗੱਲ ਰੱਖਦੇ ਰਹੇ। ਜਦੋਂ ਲੋਕਾਂ ਨੇ ਆਪਣੇ ਘਰਾਂ ਦੀ ਗੱਲ ਕੀਤੀ ਤਾਂ ਸੰਸਦੀ ਕਮੇਟੀ ਦੇ ਮੈਂਬਰਾਂ ਦੇ ਕੁਝ ਪੱਲੇ ਨਾ ਪੈ ਸਕਿਆ। ਕੋਈ ਐਮ.ਪੀ ਵੀ ਪੰਜਾਬੀ ਨਹੀਂ ਜਾਣਦਾ ਸੀ।
          ਪਿੰਡ ਜੱਜਲ ਦੇ ਡੇਰੇ ਵਿੱਚ ਲੱਗੇ ਟੈਂਟ 'ਚ ਜੋ ਵੀ ਨਿਆਣਾ ਸਿਆਣਾ ਬੈਠਾ ਸੀ, ਉਸ ਨੇ ਕੈਂਸਰ ਦਾ ਸੇਕ ਝੱਲਿਆ ਹੋਇਆ ਸੀ। 14 ਵਰ੍ਹਿਆਂ ਦਾ ਬੱਚਾ ਦਲਜੀਤ ਵੀ ਟੈਂਟ ਵਿੱਚ ਬੈਠਾ ਸੀ ਜਿਸ 'ਤੇ ਬਚਪਨ ਵਿੱਚ ਹੀ ਕੈਂਸਰ ਦਾ ਕਹਿਰ ਝੱਲ ਲਿਆ ਹੈ। ਉਹ ਤਾਂ ਆਪਣੀਆਂ ਦੋਵਾਂ ਅੱਖਾਂ ਦੀ ਰੋਸ਼ਨੀ ਵੀ ਗੁਆ ਚੁੱਕਾ ਹੈ। ਉਸ ਦਾ ਬਾਪ ਸੰਸਦੀ ਕਮੇਟੀ ਨੂੰ ਆਪਣੇ ਬੱਚੇ ਦੀ ਬਿਮਾਰੀ ਬਾਰੇ ਦੱਸ ਰਿਹਾ ਸੀ ਪਰ ਕਮੇਟੀ ਮੈਂਬਰ ਕੁਝ ਸਮਝਣ ਤੋਂ ਬੇਵੱਸ ਸਨ। ਪਿੰਡ ਦੇ ਸੇਵਾਮੁਕਤ ਅਧਿਆਪਕ ਜਰਨੈਲ ਸਿੰਘ ਨੇ ਦੱਸਿਆ ਕਿ ਏਸ ਬਿਮਾਰੀ ਨੇ ਘਰੋਂ ਘਰੀ ਸੱਥਰ ਵਿਛਾ ਦਿੱਤੇ ਹਨ। ਉਸ ਨੇ ਦੱਸਿਆ ਕਿ ਕੈਂਸਰ ਨੇ 41 ਜਾਨਾਂ ਲੈ ਲਈਆਂ ਹਨ। ਦੱਸਣਯੋਗ ਹੈ ਕਿ ਮਾਲਵਾ ਖਿੱਤੇ ਦਾ ਇਹ ਪਹਿਲਾ ਪਿੰਡ ਹੈ ਜਿਥੇ ਸਭ ਤੋਂ ਪਹਿਲਾਂ ਕੈਂਸਰ 'ਤੇ ਹੱਲਾ ਬੋਲਿਆ ਸੀ। ਸੰਸਦੀ ਕਮੇਟੀ ਦੀ ਟੀਮ ਨਾਲ ਗੱਲ ਕਰਦਿਆਂ ਪਿੰਡ ਦੇ ਮੁਖਤਿਆਰ ਸਿੰਘ ਨੇ ਦੱਸਿਆ ਕਿ ਕਦੇ ਇਹ ਪਿੰਡ ਖੁਸ਼ਹਾਲੀ 'ਚ ਖੇਡਦਾ ਹੁੰਦਾ ਸੀ ਤੇ ਹੁਣ ਇਹੋ ਪਿੰਡ ਮੌਤਾਂ ਵੰਡਣ ਲੱਗਾ ਹੈ। ਹੌਲੀ ਹੌਲੀ ਇਸ ਬਿਮਾਰੀ ਨਾਲ ਬਚਪਨ, ਜਵਾਨੀ ਤੇ ਬੁਢਾਪਾ ਮਰ ਰਿਹਾ ਹੈ। ਸੁਖਦੇਵ ਸਿੰਘ ਤੇ ਬਲਵਿੰਦਰ ਸਿੰਘ ਨੇ ਆਪਣੇ ਪਰਿਵਾਰਾਂ 'ਤੇ ਪਈ ਕੈਂਸਰ ਦੀ ਮਾਰ ਦੀ ਤਸਵੀਰ ਵੀ ਕਮੇਟੀ ਨੂੰ ਵਿਖਾਈ। ਔਰਤਾਂ ਵੀ ਸਿਹਤ ਮਹਿਕਮੇ ਦਾ ਰਿਕਾਰਡ ਹੱਥ ਵਿੱਚ ਚੁੱਕੀ ਬੈਠੀਆਂ ਸਨ।
          ਸੰਸਦੀ ਟੀਮ ਦੇ ਮੈਂਬਰ ਰਾਜਪਾਲ ਸੈਣੀ ਨੇ ਲੋਕਾਂ ਦੇ ਦੁੱਖ ਸੁਣ ਕੇ ਆਖਿਆ ਕਿ ਅਫਸੋਸ ਨਾਲ ਕਹਿਣਾ ਪੈ ਰਿਹਾ ਹੈ ਜਿਸ ਕਿਸਾਨ ਨੇ ਅਨਾਜ ਦੇ ਸੰਕਟ ਦੇ ਦਿਨਾਂ ਵਿੱਚ ਪੂਰੇ ਮੁਲਕ ਦਾ ਢਿੱਡ ਭਰਿਆ, ਅੱਜ ਉਸ ਨੂੰ ਅਲਾਮਤਾਂ ਨਾਲ ਲੜਨਾ ਪੈ ਰਿਹਾ ਹੈ। ਪਿੰਡ ਵਾਸੀਆਂ ਨੇ ਆਖਿਆ ਕਿ ਸਰਕਾਰ ਨੇ ਤਾਂ ਇੱਕ ਆਰ.ਓ ਲਾ ਦਿੱਤਾ ਤੇ ਟੀਮਾਂ ਬਣਾ ਕੇ ਸਰਵੇ ਕਰਨ ਤੋਂ ਇਲਾਵਾ ਕੁਝ ਨਹੀਂ ਕੀਤਾ। ਬਜ਼ੁਰਗਾਂ ਨੇ ਆਖਿਆ ਕਿ ਕੈਂਸਰ ਹਸਪਤਾਲ ਜੋ ਖੋਲ੍ਹਿਆ ਹੈ, ਉਹ ਏਨਾ ਮਹਿੰਗਾ ਹੈ ਕਿ ਉਹ ਇਲਾਜ ਕਰਾ ਹੀ ਨਹੀਂ ਸਕਦੇ।
          ਇੱਕ ਬਜ਼ੁਰਗ ਔਰਤ ਕਮੇਟੀ ਕੋਲ ਪੇਸ਼ ਹੋਈ ਜਿਸ ਦੀਆਂ ਦੋ ਨੂੰਹਾਂ ਨੂੰ ਕੈਂਸਰ ਨਿਗਲ ਗਿਆ ਸੀ। ਪਿੰਡ ਦੇ ਡੇਰੇ ਦਾ ਮੁਖੀ ਤਾਂ ਆਪਣੀ ਗੱਲ ਵੀ ਨਾ ਕਹਿ ਸਕਿਆ। ਇਸ ਤਰ੍ਹਾਂ ਦੇ ਬਹੁਤ ਲੋਕ ਸਨ ਜਿਨ੍ਹਾਂ ਨੂੰ ਆਪਣੇ ਦੁੱਖ ਦੱਸਣ ਦਾ ਮੌਕਾ ਨਹੀਂ ਮਿਲ ਸਕਿਆ। ਜਦੋਂ ਸੰਸਦੀ ਕਮੇਟੀ ਬਿਨਾਂ ਕੁਝ ਧਰਵਾਸ ਦਿੱਤੇ ਪਿੰਡ 'ਚੋਂ ਵਾਪਸ ਮੁੜੀ ਤਾਂ ਲੋਕਾਂ ਦੇ ਹੌਸਲੇ ਟੁੱਟ ਗਏ। ਕੈਂਸਰ ਪੀੜਤ ਪਰਿਵਾਰਾਂ ਦਾ ਕਹਿਣਾ ਸੀ ਕਿ ਜੋ ਵੀ ਆਉਂਦਾ ਹੈ, ਉਹ ਗੱਲਬਾਤਾਂ ਕਰਕੇ ਮੁੜ ਜਾਂਦਾ ਹੈ। ਇਹੋ ਵਜ੍ਹਾ ਹੈ ਕਿ ਪਿੰਡ ਦੇ ਲੋਕ ਹੁਣ ਬਾਹਰਲੇ ਕਿਸੇ ਆਦਮੀ ਨਾਲ ਛੇਤੀ ਕਿਤੇ ਕੈਂਸਰ ਦੇ ਮਾਮਲੇ 'ਤੇ ਗੱਲ ਕਰਨ ਨੂੰ ਤਿਆਰ ਨਹੀਂ ਹੁੰਦੇ। ਡਿਪਟੀ ਕਮਿਸ਼ਨਰ ਕੇ.ਕੇ.ਯਾਦਵ ਨੇ ਅੱਜ ਸਰਕਾਰੀ ਪੱਖ ਰੱਖਿਆ। ਇਸ ਮੌਕੇ ਪਿੰਡ ਵਿੱਚ ਐਸ.ਡੀ.ਐਮ ਅਨਿਲ ਗਰਗ ਤੇ ਪਿੰਡ ਦੇ ਸਰਪੰਚ ਨਾਜ਼ਰ ਸਿੰਘ ਆਦਿ ਵੀ ਮੌਜੂਦ ਸਨ।

Monday, May 14, 2012

                                  ਤਰਾਸਦੀ
               ਮਾਂ! ਮੁੜ ਨਾ ਆਈ ਏਸ ਦੇਸ਼
                              ਚਰਨਜੀਤ ਭੁੱਲਰ
ਬਠਿੰਡਾ : ਬਠਿੰਡਾ ਜ਼ਿਲ੍ਹੇ 'ਚ ਮਾਵਾਂ ਤੋਂ ਬਿਨਾਂ ਘਰ ਖਾਲ੍ਹੀ ਹਨ। ਇਨ੍ਹਾਂ ਘਰਾਂ 'ਚ ਹੁਣ ਜ਼ਿੰਦਗੀ ਨਹੀਂ ਧੜਕਦੀ। ਕੈਂਸਰ ਨੇ ਪੁੱਤਾਂ ਕੋਲੋਂ ਮਾਵਾਂ ਖੋਹ ਲਈਆਂ ਹਨ। ਜਦੋਂ ਕਿ ਰੁੱਸ ਗਏ ਖੇਤਾਂ ਨੇ ਮਾਵਾਂ ਕੋਲੋਂ ਪੁੱਤ। ਸੰਤਾਪ ਭੋਗ ਰਹੇ ਇਨ੍ਹਾਂ ਘਰਾਂ 'ਚ ਸੁੰਨ ਪਸਰੀ ਹੋਈ ਹੈ। ਸਿਰਫ ਚੋਣਾਂ ਵੇਲੇ ਇਨ੍ਹਾਂ ਘਰਾਂ ਅੱਗੇ ਹੱਥ ਜੁੜਦੇ ਹਨ। ਮੁੜ ਇਨ੍ਹਾਂ ਘਰਾਂ ਵੱਲ ਕੋਈ ਨਹੀਂ ਝਾਕਦਾ। ਲਖਵਿੰਦਰ ਨੂੰ ਹੁਣ ਘਰ ਖਾਲ੍ਹੀ ਖਾਲ੍ਹੀ ਲੱਗਦਾ ਹੈ। ਸਰਕਾਰੀ ਮਦਦ ਤੋਂ ਪਹਿਲਾਂ ਉਸ ਦੇ ਘਰ ਮੌਤ ਪੁੱਜ ਗਈ। ਹੁਣ ਘਰ ਵਿੱਚ ਮਾਂ ਨਹੀਂ ਹੈ। ਉਸ ਨੂੰ ਕੁਝ ਚੰਗਾ ਨਹੀਂ ਲੱਗਦਾ। ਉਸ ਦੀ ਮਾਂ ਹਰਬੰਸ ਕੌਰ ਨੂੰ ਕੈਂਸਰ ਨੇ ਉਸ ਤੋਂ ਦੂਰ ਕਰ ਦਿੱਤਾ ਹੈ। ਪਿੰਡ ਸੇਖੂ ਦੇ ਨੌਜਵਾਨ ਲਖਵਿੰਦਰ ਸਿੰਘ ਨੂੰ ਮਾਂ ਦਿਵਸ ਚੰਗਾ ਨਹੀਂ ਲੱਗਦਾ। ਇੱਕ ਏਕੜ ਵਾਲੇ ਇਸ ਪਰਿਵਾਰ ਨੇ 80 ਹਜ਼ਾਰ ਰੁਪਏ ਇਲਾਜ 'ਤੇ ਖਰਚ ਦਿੱਤੇ ਪਰ ਫਿਰ ਵੀ ਇਸ ਘਰ ਦੀ ਮਾਂ ਬਚ ਨਹੀਂ ਸਕੀ। ਪਿੰਡ ਜੱਸੀ ਬਾਗ ਦੇ ਰਜਿੰਦਰ ਸਿੰਘ ਦੇ ਮਾਪੇ ਵੀ ਇਹੋ ਦੁੱਖ ਭੋਗ ਰਹੇ ਹਨ। ਮਾਂ-ਬਾਪ ਨੂੰ ਬਚਾਉਣ ਖਾਤਰ ਘਰ ਦੇ ਦੋਵੇਂ ਪੁੱਤਰ ਕੋਈ ਕਸਰ ਨਹੀਂ ਛੱਡ ਰਹੇ। ਇਨ੍ਹਾਂ ਪੁੱਤਾਂ ਨੂੰ ਮਾਪਿਆਂ ਦੇ ਮੰਜੇ 'ਤੇ ਹੋਣ ਕਰਕੇ ਜੱਗ ਚੰਗਾ ਨਹੀਂ ਲੱਗਦਾ।
           ਪਿੰਡ ਸੇਖਪੁਰਾ ਵਾਸੀ ਬੇਅੰਤ ਸਿੰਘ ਆਪਣੀ ਕੈਂਸਰ ਪੀੜਤ ਮਾਂ ਦੀ ਸੁੱਖ ਮੰਗ ਰਿਹਾ ਹੈ। ਉਹ ਮਾਂ ਦੇ ਇਲਾਜ 'ਤੇ ਇੱਕ ਲੱਖ ਰੁਪਏ ਖਰਚ ਚੁੱਕਾ ਹੈ। ਏਦਾ ਦੀ ਕਹਾਣੀ ਤਾਂ ਹੁਣ ਹਰ ਘਰ ਦੀ ਬਣ ਗਈ ਹੈ। ਪਿੰਡ ਮਾੜੀ ਵਾਸੀ ਬਚਨ ਕੌਰ ਦਾ ਜਿਗਰਾ ਵੇਖੋ। ਪੰਜ ਪੁੱਤ ਗੁਆ ਕੇ ਵੀ ਜੀਅ ਰਹੀ ਹੈ। ਖੇਤਾਂ ਨੂੰ ਤੁਰੇ ਪੁੱਤ ਇੱਕ ਇੱਕ ਕਰਕੇ ਖ਼ੁਦਕਸ਼ੀ ਦੇ ਰਾਹ ਪੈ ਗਏ। ਜਦੋਂ ਪਤੀ ਤੁਰ ਗਿਆ ਤਾਂ ਪੁੱਤਾਂ 'ਚੋਂ ਇਸ ਬਿਰਧ ਮਾਂ ਨੇ ਜ਼ਿੰਦਗੀ ਵੇਖੀ। ਖੇਤੀ ਅਰਥਚਾਰੇ ਦੇ ਸੰਕਟ ਨੇ ਇਸ ਬਜ਼ੁਰਗ ਮਾਂ ਤੋਂ ਚਾਰ ਪੁੱਤ ਖੋਹ ਲਏ ਜਦੋਂ ਕਿ ਇੱਕ ਸੜਕ ਹਾਦਸੇ ਦੀ ਭੇਟ ਚੜ੍ਹ ਗਿਆ। ਇਨ੍ਹਾਂ ਘਰਾਂ ਦੇ ਚੁੱਲ੍ਹਿਆਂ 'ਤੇ ਹੁਣ ਘਾਹ ਉਗ ਆਇਆ ਹੈ। ਇਹ ਪਰਿਵਾਰ ਤਾਂ ਮਾਂ ਦਿਵਸ ਤੋਂ ਵੀ ਬੇਖ਼ਬਰ ਹਨ। ਉਹ ਤਾਂ ਏਨਾ ਜਾਣਦੇ ਹਨ ਕਿ ਖੇਤ ਰੁਸ ਜਾਣ ਤਾਂ ਜੱਗ ਵੀ ਬਿਗਾਨਾ ਹੋ ਜਾਂਦਾ ਹੈ। ਇਵੇਂ ਹੀ ਕਰੀਬ 80 ਧੀਆਂ ਨੂੰ ਅੱਜ ਮਾਂ ਦਿਵਸ ਮੌਕੇ ਆਪਣੀ ਮਾਂ ਦੇ ਪੈਰ ਛੂਹਣੇ ਨਸੀਬ ਨਹੀਂ ਹੋਏ। ਮਾਂ ਦਿਵਸ ਮੌਕੇ ਉਨ੍ਹਾਂ ਦੇ ਜਜ਼ਬਾਤ ਡੁੱਲ੍ਹ ਡੁੱਲ੍ਹ ਪੈ ਰਹੇ ਸਨ। ਇਹ ਧੀਆਂ ਬਠਿੰਡਾ ਜੇਲ੍ਹ ਵਿੱਚ ਬੰਦ ਹਨ। ਅੱਜ ਐਤਵਾਰ ਦਾ ਦਿਨ ਹੋਣ ਕਰਕੇ ਜੇਲ੍ਹ ਦੀ ਮੁਲਾਕਾਤ ਵੀ ਬੰਦ ਸੀ। ਮਾਵਾਂ ਆਪਣੀਆਂ ਧੀਆਂ ਦੇ ਸਿਰ 'ਤੇ ਅੱਜ ਮਾਂ ਦਿਵਸ ਮੌਕੇ ਵੀ ਹੱਥ ਨਹੀਂ ਰੱਖ ਸਕੀਆਂ।ਪੰਜਾਬ ਦੇ ਇਨ੍ਹਾਂ ਘਰਾਂ ਨੂੰ ਨਜ਼ਰ ਲੱਗ ਗਈ ਹੈ। ਕੋਈ ਘਰ ਬੇਰੁਜ਼ਗਾਰੀ ਦੀ ਮਾਰ ਝੱਲ ਰਿਹਾ ਹੈ ਅਤੇ ਕੋਈ ਗੁਰਬਤ ਦੀ। ਮਾਵਾਂ ਕੋਲੋਂ ਹੁਣ ਪੜ੍ਹੇ ਲਿਖੇ ਪੁੱਤਾਂ ਦਾ ਦੁੱਖ ਜ਼ਰਿਆ ਨਹੀਂ ਜਾ ਰਿਹਾ। ਬਠਿੰਡਾ ਵਾਸੀ ਨਸੀਬ ਕੌਰ ਨੂੰ ਲੱਗਦਾ ਹੈ ਕਿ ਉਸ ਦੇ ਨਸੀਬ ਰੁੱਸ ਗਏ ਹਨ। ਉਸ ਨੇ ਪੁੱਤ ਨੂੰ ਪੜ੍ਹਾਇਆ-ਲਿਖਾਇਆ ਤਾਂ ਜੋ ਰੁਜ਼ਗਾਰ ਪ੍ਰਾਪਤ ਕਰ ਸਕੇ। ਉਸ ਦਾ ਪੁੱਤ ਨੌਕਰੀ 'ਤੇ ਨਹੀਂ ਬਲਕਿ ਹੱਕ ਲੈਣ ਲਈ ਕਦੇ ਥਾਣੇ ਅਤੇ ਕਦੇ ਜੇਲ੍ਹ ਜਾਂਦਾ ਹੈ।
           ਮੁਕਤਸਰ ਜ਼ਿਲ੍ਹੇ ਦੀ ਇੱਕ ਮਾਂ ਉਹ ਵੀ ਹੈ ਜਿਸ ਦਾ ਪੁੱਤ ਜ਼ਿਲ੍ਹਾ ਸਿੰਘ ਰੁਜ਼ਗਾਰ ਖਾਤਰ ਲੜਦਾ ਹੋਇਆ ਜ਼ਿੰਦਗੀ ਤੋਂ ਹੱਥ ਧੋ ਬੈਠਾ। ਜ਼ਿਲ੍ਹਾ ਸਿੰਘ ਰੁਜ਼ਗਾਰ ਖਾਤਰ ਮਰਨ ਵਰਤ 'ਤੇ ਬੈਠਾ। ਸਰਕਾਰ ਬੇਖ਼ਬਰ ਰਹੀ ਅਤੇ ਆਖਰ ਉਸ ਨੂੰ ਹਸਪਤਾਲ ਭਰਤੀ ਕਰਾਉਣਾ ਪਿਆ ਜਿਥੇ ਉਸ ਦੀ ਮੌਤ ਹੋ ਗਈ। ਜਦੋਂ ਜ਼ਿਲ੍ਹਾ ਸਿੰਘ ਚਲਾ ਗਿਆ ਤਾਂ ਉਸ ਦੇ ਭਰਾ ਨੂੰ ਸਰਕਾਰ ਨੇ ਨੌਕਰੀ ਦੇ ਦਿੱਤੀ। ਜ਼ਿਲ੍ਹਾ ਸਿੰਘ ਦੀ ਮਾਂ ਨੂੰ ਹੁਣ ਇਹ ਸਰਕਾਰੀ ਸੌਦਾ ਹਲੂਣ ਰਿਹਾ ਹੈ। ਫਰੀਦਕੋਟ ਦੀ ਕਿਰਨਜੀਤ ਕੌਰ ਨੇ ਰੁਜ਼ਗਾਰ ਖਾਤਰ ਵਿੱਢੇ ਸੰਘਰਸ਼ ਵਿੱਚ ਆਪਣੇ ਆਪ ਨੂੰ ਖਤਮ ਕਰ ਲਿਆ। ਜਦੋਂ ਉਹ ਇਸ ਦੁਨੀਆ 'ਚੋਂ ਚਲੀ ਗਈ ਤਾਂ ਸਰਕਾਰ ਨੇ ਉਸ ਦੇ ਭਰਾ ਨੂੰ ਨੌਕਰੀ ਦੇ ਦਿੱਤੀ। ਇਨ੍ਹਾਂ ਸੰਘਰਸ਼ੀ ਲੋਕਾਂ ਦੀਆਂ ਮਾਵਾਂ ਕੋਲ ਵੀ ਹੁਣ ਕੋਈ ਚਾਰਾ ਨਹੀਂ ਬਚਿਆ ਹੈ। ਤਾਹੀਓਂ ਤਾਂ ਅੰਮ੍ਰਿਤਸਰ ਵਾਸੀ ਬਿਰਧ ਦਰਸ਼ਨ ਕੌਰ ਆਪਣੀ ਧੀ ਸੰਦੀਪ ਕੌਰ ਨਾਲ ਬਠਿੰਡਾ ਜੇਲ੍ਹ ਵਿੱਚ ਬੈਠੀ ਹੈ।ਪਿੰਡ ਰਾਜਗੜ੍ਹ ਦੇ ਦਸਵੀਂ ਕਲਾਸ 'ਚ ਪੜ੍ਹਦੇ ਸੰਦੀਪ ਸਿੰਘ ਕੋਲ ਨਾ ਮਾਂ ਹੈ ਅਤੇ ਨਾ ਘਰ। ਉਹ ਆਪਣੇ ਬਾਪ ਨਾਲ ਪਿੰਡ ਦੀ ਧਰਮਸ਼ਾਲਾ ਵਿੱਚ ਦਿਨ ਕੱਟ ਰਿਹਾ ਹੈ। ਪਿੰਡ ਦੇ ਕਲੱਬ ਵਾਲੇ ਹੀ ਉਸ ਨੂੰ ਪੜ੍ਹਾਈ ਕਰਾ ਰਹੇ ਹਨ। ਦਿਨਾਂ ਦਾ ਗੇੜ ਹੈ ਕਿ ਉਸ ਦਾ ਘਰ ਵੀ ਵਿਕ ਚੁੱਕਾ ਹੈ। ਇਨ੍ਹਾਂ ਘਰਾਂ ਲਈ ਮਾਂ ਦਿਵਸ ਦਾ ਕੋਈ ਮਾਅਨੇ ਨਹੀਂ ਹਨ। ਜ਼ਿੰਦਗੀ ਦੀ ਜੰਗ ਵਿੱਚ ਡਟੇ ਇਹ ਬੱਚੇ ਇਹੋ ਅਰਦਾਸਾਂ ਕਰ ਰਹੇ ਹਨ ਕਿ ਹੇ ਮਾਂ! ਤੂੰ ਮੁੜ ਇੱਥੇ ਨਾ ਆਈ, ਇਥੇ ਤਾਂ ਹੁਣ ਪੀੜਾਂ ਹੀ ਪੀੜਾਂ ਨੇ।

Thursday, August 4, 2011

        ਕਾਹਤੋ ਵੰਡਦੇ ਹੋ ਮੌਤਾਂ
           ਪੈਸਾ ਵੰਡਣ ਦੀ ਵਿਹਲ ਨਹੀਂ
               ਚਰਨਜੀਤ ਭੁੱਲਰ
ਬਠਿੰਡਾ : ਮੁੱਖ ਮੰਤਰੀ ਵੱਲੋਂ ਬਠਿੰਡਾ ਜ਼ਿਲ੍ਹੇ ਦੇ ਕੈਂਸਰ ਮਰੀਜ਼ਾਂ ਨੂੰ ਭੇਜੇ ਲੱਖਾਂ ਰੁਪਏ ਅਣਵੰਡੇ ਪਏ ਹਨ। ਕੈਂਸਰ ਮਰੀਜ਼ ਇਲਾਜ ਲਈ ਪਾਈ ਪਾਈ ਨੂੰ ਤਰਸ ਰਹੇ ਹਨ। ਜ਼ਿਲ੍ਹਾ ਪ੍ਰਸ਼ਾਸਨ ਬਠਿੰਡਾ ਕੋਲ ਏਨੀ ਵੀ ਵਿਹਲ ਨਹੀਂ ਹੈ ਕਿ ਇਹ ਰਾਸ਼ੀ ਵੰਡੀ ਜਾ ਸਕੇ। ਡਿਪਟੀ ਕਮਿਸ਼ਨਰ ਬਠਿੰਡਾ ਨੇ ਸੂਚਨਾ ਦੇ ਅਧਿਕਾਰ ਕਾਨੂੰਨ ਤਹਿਤ ਜੋ 1 ਅਗਸਤ 2011 (ਪੱਤਰ ਨੰਬਰ 1462 /ਆਰ.ਟੀ.ਆਈ) ਨੂੰ ਸੂਚਨਾ ਭੇਜੀ ਹੈ, ਉਸ ਤੋਂ ਸਾਫ ਹੈ ਕਿ ਪ੍ਰਸ਼ਾਸਨ ਨੇ ਕੈਂਸਰ ਮਰੀਜ਼ਾਂ ਨੂੰ ਰਾਸ਼ੀ ਵੰਡਣ ਵਿੱਚ ਕੋਈ ਰੁਚੀ ਨਹੀਂ ਦਿਖਾਈ। ਜ਼ਿਲ੍ਹਾ ਪ੍ਰਸ਼ਾਸਨ ਕੋਲ 6 ਮਹੀਨੇ ਤੋਂ ਕੈਂਸਰ ਮਰੀਜ਼ਾਂ ਲਈ 30 ਲੱਖ ਰੁਪਏ ਦੀ ਰਾਸ਼ੀ ਪਈ ਹੈ, ਜਿਸ ਨੂੰ ਏਨੇ ਮਹੀਨਿਆਂ ਮਗਰੋਂ ਵੀ ਵੰਡਿਆ ਨਹੀਂ ਜਾ ਸਕਿਆ ਹੈ। ਨਤੀਜਾ ਇਹ ਨਿਕਲਿਆ ਹੈ ਕਿ ਬਹੁਤੇ ਕੈਂਸਰ ਮਰੀਜ਼ ਮਾਲੀ ਮਦਦ ਉਡੀਕਦੇ ਹੀ ਮੌਤ ਦੇ ਮੂੰਹ ਜਾ ਪਏ ਹਨ।
         ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਵਲੋਂ ਮੁੱਖ ਮੰਤਰੀ ਰਾਹਤ ਫੰਡ ਵਿੱਚੋਂ ਡਿਪਟੀ ਕਮਿਸ਼ਨਰ ਬਠਿੰਡਾ ਨੂੰ ਪੱਤਰ ਨੰਬਰ 449 ਮਿਤੀ 14 ਫਰਵਰੀ 2011 ਨੂੰ 30 ਲੱਖ ਰੁਪਏ ਦੀ ਰਾਸ਼ੀ ਦਾ ਚੈੱਕ ਨੰਬਰ 312752 ਭੇਜਿਆ ਸੀ। ਹਦਾਇਤ ਵੀ ਕੀਤੀ ਸੀ ਕਿ ਇਹ ਰਾਸ਼ੀ ਜਲਦੀ ਵੰਡ ਕੇ ਉਸ ਦੀ ਰਸੀਦ ਤੁਰੰਤ ਮੁੱਖ ਮੰਤਰੀ ਦਫਤਰ ਨੂੰ ਪੁੱਜਦੀ ਕੀਤੀ ਜਾਵੇ। ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਹੁਣ ਤੱਕ ਇਸ ਰਾਸ਼ੀ ਵਿੱਚੋਂ ਕੇਵਲ 3.35 ਲੱਖ ਰੁਪਏ ਹੀ ਵੰਡੇ ਗਏ ਹਨ, ਜਦੋਂ ਕਿ ਬਾਕੀ 26.65 ਲੱਖ ਰੁਪਏ ਅਣਵਰਤੇ ਪਏ ਹਨ। ਪ੍ਰਸ਼ਾਸਨ ਤਰਫੋਂ ਇਸ ਰਾਸ਼ੀ ਵਿੱਚੋਂ ਪਹਿਲੀ ਦਫਾ ਫਰਵਰੀ 2011 ਵਿੱਚ 16 ਕੈਂਸਰ ਮਰੀਜ਼ਾਂ ਨੂੰ ਮਦਦ ਦੇ ਚੈੱਕ ਵੰਡੇ ਸਨ। ਜਦੋਂ ਇਹ ਚੈੱਕ ਪਿੰਡ ਰਾਮ ਨਗਰ ਦੇ ਦਰਸ਼ਨ ਸਿੰਘ ਦੇ ਘਰ ਪੁੱਜਿਆ ਤਾਂ ਉਦੋਂ ਤੱਕ ਉਸ ਦੀ ਕੈਂਸਰ ਪੀੜਤ ਪਤਨੀ ਮਨਜੀਤ ਕੌਰ ਦੀ ਮੌਤ ਹੋ ਚੁੱਕੀ ਸੀ। ਇਹ ਚੈੱਕ ਪ੍ਰਸ਼ਾਸਨ ਕੋਲ ਵਾਪਸ ਆ ਗਿਆ। ਇਹ ਚੈੱਕ 25 ਫਰਵਰੀ 2011 ਨੂੰ ਕੱਟਿਆ ਗਿਆ ਸੀ। ਉਸ ਮਗਰੋਂ ਪ੍ਰਸ਼ਾਸਨ ਨੇ 8 ਮਾਰਚ 2011 ਨੂੰ ਇਕ ਚੈੱਕ ਕੱਟਿਆ ਸੀ। ਇਹ ਚੈੱਕ ਪਿੰਡ ਲਹਿਰਾ ਮੁਹੱਬਤ ਦੀ ਜਸਮੇਲ ਕੌਰ ਪਤਨੀ ਰਾਮ ਰੱਖਾ ਦੀ ਮਦਦ ਵਾਸਤੇ ਭੇਜਿਆ ਗਿਆ ਸੀ। ਸਰਕਾਰੀ ਸਹਾਇਤਾ ਪੁੱਜਣ ਤੋਂ ਪਹਿਲਾਂ ਹੀ ਜਸਮੇਲ ਕੌਰ ਦੀ ਵੀ ਮੌਤ ਹੋ ਚੁੱਕੀ ਸੀ।
ਇਨ੍ਹਾਂ ਮਰੀਜ਼ਾਂ ਦੀ ਮੌਤ ਤੋਂ ਵੀ ਪ੍ਰਸ਼ਾਸਨ ਨੇ ਕੋਈ ਸਬਕ ਨਾ ਸਿੱਖਿਆ। ਪ੍ਰਸ਼ਾਸਨ ਨੇ 16 ਜੂਨ 2011 ਨੂੰ ਦੋ ਹੋਰ ਕੈਂਸਰ ਮਰੀਜ਼ਾਂ ਦੇ ਚੈੱਕ ਕੱਟੇ ਸਨ। ਇਸ ਮਗਰੋਂ ਪ੍ਰਸ਼ਾਸਨ ਨੇ ਇੱਕਾ ਦੁੱਕਾ ਚੈੱਕ ਵੀ ਕੱਟਣੇ ਬੰਦ ਕਰ ਦਿੱਤੇ।
         ਸੂਤਰ ਆਖਦੇ ਹਨ ਕਿ ਇਨ੍ਹਾਂ ਛੇ ਮਹੀਨਿਆਂ ਵਿੱਚ ਦਰਜਨਾਂ ਹੋਰ ਕੈਂਸਰ ਮਰੀਜ਼ ਮੌਤ ਦੇ ਮੂੰਹ ਜਾ ਪਏ ਹੋਣਗੇ, ਜਿਨ੍ਹਾਂ ਦਾ ਅਫਸਰਾਂ ਨੂੰ ਕੋਈ ਦਰਦ ਨਹੀਂ ਹੈ।  ਹਾਲਾਂਕਿ ਪ੍ਰਸ਼ਾਸਨ ਤਰਫੋਂ ਹਰ ਕੈਂਸਰ ਮਰੀਜ਼ ਨੂੰ 15 ਤੋਂ 25 ਹਜ਼ਾਰ ਰੁਪਏ ਤੱਕ ਦੀ ਰਾਸ਼ੀ ਦਿੱਤੀ ਜਾਂਦੀ ਹੈ। ਜ਼ਿਲ੍ਹਾ ਪ੍ਰਸ਼ਾਸਨ ਨੇ ਖ਼ੁਦ ਦੱਸਿਆ ਹੈ ਕਿ ਉਨ੍ਹਾਂ ਕੋਲ 368 ਕੈਂਸਰ ਮਰੀਜ਼ਾਂ ਦੀਆਂ ਦਰਖਾਸਤਾਂ ਬਕਾਇਆ ਪਈਆਂ ਹਨ। ਇਨ੍ਹਾਂ ਦਰਖਾਸਤਾਂ ਦੀ ਹਲਕਾ ਵਾਰ ਕੀਤੀ ਵੰਡ ਅਨੁਸਾਰ ਰਾਮਪੁਰਾ ਹਲਕੇ ਦੇ 34 ਕੈਂਸਰ ਮਰੀਜ਼ਾਂ, ਭੁੱਚੋ ਹਲਕੇ ਦੇ 43 ਮਰੀਜ਼ਾਂ, ਬਠਿੰਡਾ ਸ਼ਹਿਰੀ ਦੇ 40 ਮਰੀਜ਼ਾਂ, ਬਠਿੰਡਾ ਦਿਹਾਤੀ ਦੇ 93 ਮਰੀਜ਼ਾਂ, ਹਲਕਾ ਤਲਵੰਡੀ ਸਾਬੋ ਦੇ 84 ਮਰੀਜ਼ਾਂ ਅਤੇ ਹਲਕਾ ਮੌੜ ਦੇ 74 ਮਰੀਜ਼ਾਂ ਵੱਲੋਂ ਮਾਲੀ ਮਦਦ ਉਡੀਕੀ ਜਾ ਰਹੀ ਹੈ। ਬਠਿੰਡਾ ਦੇ ਪੁਰਾਣੇ ਡਿਪਟੀ ਕਮਿਸ਼ਨਰ ਡਾ. ਐਸ.ਕੇ. ਰਾਜੂ ਨੇ ਤਾਂ ਪ੍ਰੈੱਸ ਕਾਨਫਰੰਸ ਵਿੱਚ ਆਖ ਦਿੱਤਾ ਸੀ ਕਿ ਉਨ੍ਹਾਂ ਨੇ ਸਾਰੀ ਰਾਸ਼ੀ ਵੰਡ ਦਿੱਤੀ ਹੈ, ਜਦੋਂ ਕਿ ਸੱਚ ਕੁਝ ਹੋਰ ਹੈ। ਉਨ੍ਹਾਂ ਆਪਣੇ ਸਮੇਂ ਦੌਰਾਨ ਇਹ ਰਾਸ਼ੀ ਵੰਡਣ ਵਿੱਚ ਕੋਈ ਰੁਚੀ ਨਹੀਂ ਦਿਖਾਈ। ਤਾਜ਼ਾ ਸੂਚਨਾ ਵਿੱਚ ਪ੍ਰਸ਼ਾਸਨ ਨੇ ਰਾਸ਼ੀ ਵੰਡਣ 'ਚ ਹੋਈ ਦੇਰੀ ਦਾ ਤਰਕ ਇਹ ਦਿੱਤਾ ਹੈ ਕਿ ਜੋ ਪ੍ਰਸ਼ਾਸਨ ਕੋਲ 26.65 ਲੱਖ ਰੁਪਏ ਦੀ ਰਾਸ਼ੀ ਬਕਾਇਆ ਪਈ ਹੈ, ਉਸ ਰਾਸ਼ੀ ਨੂੰ ਵੰਡਣ ਸਬੰਧੀ ਕੋਈ ਸਮਾਂ ਸੀਮਾ ਨਿਰਧਾਰਤ ਨਹੀਂ ਕੀਤੀ ਗਈ ਹੈ।
          ਦੱਸਣਯੋਗ ਹੈ ਕਿ ਸੰਸਦ ਮੈਂਬਰ ਬੀਬੀ ਹਰਸਿਮਰਤ ਕੌਰ ਬਾਦਲ ਨੇ ਕਾਫੀ ਦੇਰ ਪਹਿਲਾਂ ਇਹ ਖੁਲਾਸਾ ਕੀਤਾ ਸੀ ਕਿ ਉਹ ਹਾੜੀ ਮਗਰੋਂ ਰਾਸ਼ੀ ਵੰਡਣਗੇ ਪਰ ਰਾਸ਼ੀ ਫਿਰ ਵੀ ਵੰਡੀ ਨਹੀਂ ਗਈ। ਬੀਬੀ ਬਾਦਲ ਕੈਂਸਰ ਮਰੀਜ਼ਾਂ ਨੂੰ ਸੰਗਤ ਦਰਸ਼ਨ ਵਿੱਚ ਖ਼ੁਦ ਚੈੱਕ ਵੰਡਣ ਦੇ ਇੱਛੁਕ ਸਨ ਪਰ ਮਗਰੋਂ ਉਨ੍ਹਾਂ ਸੰਗਤ ਦਰਸ਼ਨਾਂ ਵਿੱਚ ਇਹ ਰਾਸ਼ੀ ਨਹੀਂ ਵੰਡੀ। ਬਠਿੰਡਾ ਤੋਂ ਕਾਂਗਰਸੀ ਵਿਧਾਇਕ ਹਰਮਿੰਦਰ ਸਿੰਘ ਜੱਸੀ ਦਾ ਕਹਿਣਾ ਸੀ ਕਿ ਕੈਂਸਰ ਮਰੀਜ਼ਾਂ ਨੂੰ ਚੈੱਕ ਵੰਡਣ ਵਿੱਚ ਦੇਰੀ ਹੋਣ ਕਾਰਨ ਜਿਨ੍ਹਾਂ ਮਰੀਜ਼ਾਂ ਦੀਆਂ ਮੌਤਾਂ ਹੋ ਚੁੱਕੀਆਂ ਹਨ, ਉਨ੍ਹਾਂ ਲਈ ਸਿੱਧੇ ਤੌਰ 'ਤੇ ਪੰਜਾਬ ਸਰਕਾਰ ਅਤੇ ਖਾਸ ਤੌਰ 'ਤੇ ਜ਼ਿਲ੍ਹਾ ਪ੍ਰਸ਼ਾਸਨ ਜ਼ਿੰਮੇਵਾਰ ਹੈ, ਜਿਸ ਵੱਲੋਂ ਸਮੇਂ ਸਿਰ ਸਹਾਇਤਾ ਰਾਸ਼ੀ ਪੁੱਜਦੀ ਨਹੀਂ ਕੀਤੀ ਗਈ। ਉਨ੍ਹਾਂ ਆਖਿਆ ਕਿ ਪ੍ਰਸ਼ਾਸਨ ਫੌਰੀ ਇਨ੍ਹਾਂ ਫੰਡਾਂ ਦਾ ਨਿਬੇੜਾ ਕਰੇ ਤਾਂ ਜੋ ਕੈਂਸਰ ਮਰੀਜ਼ ਆਪਣਾ ਇਲਾਜ ਕਰਾ ਸਕਣ।

Thursday, June 2, 2011


                              ਸ਼ਰਧਾਂਜਲੀ  
              ਤਾਂ ਜੋ ਹੋਰ ਮਾਂ ਨਾ ਮਰੇ
                        ਚਰਨਜੀਤ ਭੁੱਲਰ
ਬਠਿੰਡਾ : ਬੀਬੀ ਸੁਰਿੰਦਰ ਕੌਰ ਬਾਦਲ ਦੀ ਯਾਦ 'ਚ ਅੱਜ ਵੱਡਾ ਸੋਗ ਸਮਾਗਮ ਹੋ ਰਿਹਾ ਹੈ। ਬਾਦਲ ਪਰਿਵਾਰ ਲਈ ਇਹ ਦਿਨ ਦੁੱਖ ਭਰੇ ਰਹੇ ਹਨ। ਦੁੱਖ ਸਾਂਝਾ ਕਰਨ ਲਈ ਅੱਜ ਵੱਡੀ ਗਿਣਤੀ 'ਚ ਲੋਕ ਮਲੋਟ ਵਿਖੇ ਪੁੱਜਣੇ ਹਨ। ਸਮੁੱਚੇ ਬਾਦਲ ਪਰਿਵਾਰ ਨੇ ਬੀਬੀ ਸੁਰਿੰਦਰ ਕੌਰ ਬਾਦਲ ਦੇ ਚਲੇ ਜਾਣ ਦੀ ਪੀੜ ਝੱਲੀ ਹੈ। ਦੁੱਖ ਲੋਕਾਂ ਨੇ ਵੀ ਮਹਿਸੂਸ ਕੀਤਾ ਹੈ। ਕੈਂਸਰ ਦੀ ਬਿਮਾਰੀ ਬੀਬੀ ਬਾਦਲ ਲਈ ਜਾਨ ਲੇਵਾ ਹੋ ਨਿੱਬੜੀ। ਅੱਜ ਬੀਬੀ ਬਾਦਲ ਪ੍ਰਤੀ ਸ਼ਖਸੀਅਤਾਂ ਵਲੋਂ ਸ਼ਰਧਾ ਅਰਪਿਤ ਕੀਤੀ ਜਾਣੀ ਹੈ। ਬੀਬੀ ਬਾਦਲ ਦੇ ਕੰਮਾਂ ਤੇ ਯੋਗਦਾਨ ਨੂੰ ਚੇਤੇ ਕੀਤਾ ਜਾਣਾ ਹੈ। ਬੀਬੀ ਸਿਰੰਦਰ ਕੌਰ ਬਾਦਲ ਨੂੰ ਸੱਚੀ ਸ਼ਰਧਾਂਜਲੀ ਇਹੋ ਹੋਵੇਗੀ ਕਿ ਇਸ ਮੌਕੇ ਕੈਂਸਰ ਪ੍ਰਤੀ ਕੋਈ ਠੋਸ ਨੀਤੀ ਐਲਾਨੀ ਜਾਵੇ। ਬਿਮਾਰੀ ਦੀ ਪੀੜ ਤਾਂ ਬਾਦਲ ਪਰਿਵਾਰ ਨੇ ਖੁਦ ਨੇੜਿਓਂ ਝੱਲੀ ਹੈ। ਲੋੜ ਇਸ ਗੱਲ ਦੀ ਹੈ ਕਿ ਇਸ ਬਿਮਾਰੀ ਪ੍ਰਤੀ ਹੁਣ ਕੁਝ ਠੋਸ ਕਦਮ ਚੁੱਕੇ ਜਾਣ। ਤਾਂ ਜੋ ਪੰਜਾਬ ਦੇ ਪਰਿਵਾਰ ਵਸਦਿਆਂ 'ਚ ਰਹਿ ਜਾਣ। ਪੰਜਾਬ 'ਚ 'ਸਿਹਤ ਸਹੂਲਤਾਂ' ਨੂੰ ਮੁੱਖ ਏਜੰਡੇ 'ਤੇ ਰੱਖਣ ਦੀ ਲੋੜ ਹੈ। ਅੱਜ ਢੁਕਵਾਂ ਵੇਲਾ ਹੈ ਪੰਜਾਬ ਸਰਕਾਰ ਲਈ। ਖਾਸ ਕਰਕੇ ਬਾਦਲ ਪਰਿਵਾਰ ਲਈ। ਕਿਉਂ ਨਾ ਅੱਜ ਹੀ ਕੈਂਸਰ ਪ੍ਰਤੀ ਪਾਲਿਸੀ ਦਾ ਐਲਾਨ ਹੋਵੇ। ਇਹੋ ਬੀਬੀ ਬਾਦਲ ਨੂੰ ਸੱਚੀ ਸਰਧਾਂਜਲੀ ਹੋਵੇਗੀ। ਬਾਦਲ ਪਰਿਵਾਰ ਨਿੱਜੀ ਉਪਰਾਲਾ ਵੀ ਕਰ ਸਕਦਾ ਹੈ। ਇਕੱਲਾ ਸਰਕਾਰੀ ਉਪਰਾਲਾ ਕਾਫੀ ਨਹੀਂ ਹੈ। ਮੁੰਬਈ 'ਚ 'ਦੱਤ ਪਰਿਵਾਰ' ਨੇ ਕੈਂਸਰ ਰਿਸਰਚ ਇੰਸਟੀਚੂਟ ਨਰਗਸ ਦੀ ਯਾਦ 'ਚ ਬਣਾਇਆ ਹੋਇਆ ਹੈ। ਨਗਰਸ ਦੀ ਮੌਤ ਵੀ ਕੈਂਸਰ ਨਾਲ ਹੋਈ ਸੀ। ਅਭਿਨੇਤਾ ਅਤੇ ਸਿਆਸਤਦਾਨ ਸੁਨੀਲ ਦੱਤ ਨੇ ਆਪਣੀ ਪਤਨੀ ਨਰਗਸ ਦੀ ਯਾਦ ਤਾਜ਼ਾ ਰੱਖਣ ਲਈ ਆਪਣੇ ਪਰਿਵਾਰ ਤਰਫ਼ੋਂ ਇਹ ਇੰਸਟੀਚੂਟ ਖੜ੍ਹਾ ਕੀਤਾ।
         ਆਧਰਾਂ ਪ੍ਰਦੇਸ਼ ਦੇ ਮੁੱਖ ਮੰਤਰੀ ਐਨ.ਟੀ.ਰਾਮਾ ਰਾਓ ਦੀ ਪਤਨੀ ਬਸਾਵਾ ਥਰਕਮ ਦੀ ਮੌਤ ਵੀ ਕੈਂਸਰ ਨਾਲ ਹੋ ਗਈ ਸੀ। ਸ੍ਰੀ ਰਾਮਾ ਰਾਓ ਕਈ ਦਫਾ ਪ੍ਰਦੇਸ਼ ਦੇ ਮੁੱਖ ਮੰਤਰੀ ਰਹੇ ਅਤੇ ਤੇਲਗੂ ਸਿਨੇਮਾ 'ਚ ਵੀ ਛਾਏ ਰਹੇ। ਉਨ੍ਹਾਂ ਦੇ ਪ੍ਰਵਾਰ ਤਰਫੋਂ ਹੈਦਰਾਬਾਦ ਵਿੱਚ 'ਬਸਾਵਾ ਥਰਕਮ ਕੈਂਸਰ ਹਸਪਤਾਲ' ਬਣਾਇਆ ਗਿਆ ਹੈ। ਪਾਕਿਸਤਾਨ ਕ੍ਰਿਕਟ ਟੀਮ ਦੇ ਸਾਬਕਾ ਕਪਤਾਨ ਇਮਰਾਨ ਖਾਨ ਦੀ ਮਾਂ ਸੌਕਤ ਖਾਨਮ ਵੀ ਕੈਂਸਰ ਦੀ ਬਿਮਾਰੀ ਕਾਰਨ ਚਲ ਵਸੀ ਸੀ। ਜਦੋਂ ਪਾਕਿਸਤਾਨ ਨੇ ਸਾਲ 1992 'ਚ ਵਿਸ਼ਵ ਕੱਪ ਜਿੱਤਿਆ ਤਾਂ ਉਦੋਂ ਇਮਰਾਨ ਖਾਨ ਨੇ ਆਪਣੀ ਮਾਂ ਦੀ ਯਾਦ ਵਿੱਚ ਕੈਂਸਰ ਹਸਪਤਾਲ ਬਣਾਉਣ ਦਾ ਐਲਾਨ ਕੀਤਾ। ਉਸ ਨੇ ਦੇਸ ਵਿਦੇਸ਼ ਚੋਂ ਫੰਡ ਇਕੱਠੇ ਕੀਤੇ। ਅੱਜ ਲਾਹੌਰ 'ਚ 'ਸੌਕਤ ਖਾਨਮ ਚੈਰੀਟੇਬਲ ਕੈਂਸਰ ਹਸਪਤਾਲ' ਬਣਿਆ ਹੋਇਆ ਹੈ। ਬਾਦਲ ਪਰਿਵਾਰ ਵੀ ਇਨ੍ਹਾਂ ਪ੍ਰਵਾਰਾਂ ਵਾਂਗ ਮਿਸਾਲ ਕਾਇਮ ਕਰ ਸਕਦਾ ਹੈ। ਮਾਲਵਾ ਇਲਾਕਾ ਤਾਂ ਉਂਝ ਹੀ ਕੈਂਸਰ ਨਾਲ ਭੰਨਿਆ ਪਿਆ ਹੈ। ਬਾਦਲ ਪਰਿਵਾਰ ਏਦਾ ਦਾ ਉਪਰਾਲਾ ਕਰੇਗਾ। ਉਸ ਨਾਲ ਲੋਕਾਂ ਦਾ ਭਲਾ ਹੋਏਗਾ। ਬੀਬੀ ਬਾਦਲ ਦੀ ਯਾਦ ਵੀ ਲੋਕਾਂ ਨੂੰ ਹਮੇਸ਼ਾ ਤਾਜ਼ਾ ਰਹੇਗੀ। ਬਾਦਲ ਪਰਿਵਾਰ ਆਪਣੀ ਤਰਫ਼ੋਂ ਖੁਦ ਆਪਣੇ ਜੱਦੀ ਪਿੰਡ ਬਾਦਲ 'ਚ ਕੋਈ ਕੈਂਸਰ ਰਿਸਰਚ ਇੰਸਟੀਚੂਟ ਤੇ ਹਸਪਤਾਲ ਖੋਲ੍ਹ ਸਕਦਾ ਹੈ। ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਇਹ ਸਤਯੁਗੀ ਕਾਰਜ ਕਰ ਸਕਦੇ ਹਨ। ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਵੀ ਇਮਰਾਨ ਖਾਨ ਵਾਂਗ ਕੋਈ ਵੱਡਾ ਕੈਂਸਰ ਇੰਸਟੀਚੂਟ ਖੋਲ੍ਹ ਸਕਦੇ ਹਨ। ਜੋ ਉਪਰਾਲੇ ਸਰਕਾਰੀ ਤੌਰ 'ਤੇ ਕੀਤੇ ਜਾਣੇ ਹਨ, ਉਹ ਵੱਖਰੇ ਹਨ। ਏਹੋ ਬੀਬੀ ਬਾਦਲ ਨੂੰ ਸੱਚੀ ਸਰਧਾਂਜਲੀ ਹੋਵੇਗੀ। ਜੋ ਸਦੀਵੀ ਰਹੇਗੀ ਤੇ ਲੋਕ ਭਲੇ ਵਾਲੀ ਹੋਵੇਗੀ। ਕੈਂਸਰ ਦੀ ਮਰਜ਼ ਪੈਦਾ ਹੀ ਕਿਉਂ ਹੋਵੇ। ਕੈਂਸਰ ਝੱਲਣ ਵਾਲੇ ਇਲਾਜ ਖੁਣੋ ਕਿਉਂ ਮਰਨ। ਘਰਾਂ ਦੇ ਘਰ ਖਾਲੀ ਕਰਨ ਵਾਲੀ ਇਸ ਬਿਮਾਰੀ 'ਤੇ ਕਾਬੂ ਕਿਵੇਂ ਪਾਇਆ ਜਾਵੇ।  ਇਹ ਮੁੱਦੇ ਨਜਿੱਠਣ ਦੀ ਫੌਰੀ ਲੋੜ ਹੈ। ਕੈਂਸਰ ਪ੍ਰਤੀ ਸਰਕਾਰੀ ਪਹੁੰਚ ਹੁਣ ਤੱਕ ਅਵੇਸਲੀ ਰਹੀ ਹੈ। ਵਰ੍ਹਿਆਂ ਤੋਂ ਕੈਂਸਰ ਮੌਤਾਂ ਵੰਡ ਰਿਹਾ ਹੈ। ਮੁਢਲਾ ਮਸਲਾ ਕੈਂਸਰ ਦੇ ਕਾਰਨਾਂ ਦੀ ਖੋਜ ਦਾ ਹੈ।  ਪੀ.ਜੀ.ਆਈ ਵਲੋਂ 2003 ਕੈਂਸਰ ਬਾਰੇ ਸਰਵੇ ਰਿਪੋਰਟ ਪੇਸ਼ ਕੀਤੀ ਗਈ ਸੀ। ਰਿਪੋਰਟ 'ਚ ਸਰਕਾਰ ਨੂੰ ਇੱਕ ਉੱਚ ਪੱਧਰੀ ਕੋਆਰਡੀਨੇਸ਼ਨ ਕਮੇਟੀ ਬਣਾਏ ਜਾਣ ਦਾ ਸੁਝਾਓ ਦਿੱਤਾ ਗਿਆ ਸੀ। ਕੈਂਸਰ ਦੇ ਕਾਰਨ ਜਾਣਨ ਲਈ ਇੱਕ ਵਿਸਥਾਰਤ ਖੋਜ ਕਰਾਉਣ ਵਾਸਤੇ ਆਖਿਆ ਗਿਆ। ਉਦੋਂ ਕਾਂਗਰਸ ਸਰਕਾਰ ਸੀ। ਤਤਕਾਲੀ ਮੁੱਖ ਮੰਤਰੀ ਨੇ ਇੱਕ ਮੀਟਿੰਗ ਕੀਤੀ ਸੀ। ਉਸ ਮਗਰੋਂ ਕਦੇ ਕੈਂਸਰ ਦੇ ਕਾਰਨ ਜਾਣਨ ਦੀ ਸਰਕਾਰੀ ਪੱਧਰ 'ਤੇ ਲੋੜ ਨਹੀਂ ਸਮਝੀ ਗਈ।
         ਪੰਜਾਬ ਸਰਕਾਰ ਇੱਕ ਉੱਚ ਪੱਧਰੀ ਤਾਲਮੇਲ ਕਮੇਟੀ ਕਾਇਮ ਕਰਕੇ ਮਾਲਵਾ ਖ਼ਿੱਤੇ 'ਚ ਫੈਲ ਰਹੇ ਕੈਂਸਰ ਦੇ ਸਹੀ ਕਾਰਨਾਂ ਨੂੰ ਜਾਣੇ। ਕੈਂਸਰ ਲਈ ਕੋਈ ਧਰਤੀ ਹੇਠਲੇ ਪਾਣੀ ਨੂੰ ਜਿੰਮੇਵਾਰ ਦੱਸ ਰਿਹਾ ਹੈ। ਕੋਈ ਯੂਰੇਨੀਅਮ ਤੇ ਕੋਈ ਕੀਟਨਾਸ਼ਕਾਂ ਨੂੰ ਇਸ ਲਈ ਦੋਸ਼ੀ ਮੰਨ ਰਿਹਾ ਹੈ। ਕੋਈ ਸਾਫ ਗੱਲ ਹਾਲੇ ਤੱਕ ਉਭਰੀ ਨਹੀਂ ਹੈ। ਕਾਰਨ ਜਾਣਨ ਮਗਰੋਂ ਉਸ ਦੀ ਰੋਕਥਾਮ ਲਈ ਕਦਮ ਉਠਾਏ ਜਾਣ। ਤਾਂ ਜੋ ਕੈਂਸਰ ਦੀ ਬਿਮਾਰੀ ਕਿਸੇ ਨੂੰ ਲੱਗੇ ਹੀ ਨਾ। ਜੋ ਕੈਂਸਰ ਦਾ ਦੁੱਖ ਭੋਗ ਰਹੇ ਹਨ, ਉਨ੍ਹਾਂ ਦਾ ਮੁਫ਼ਤ ਜਾਂ ਫਿਰ ਸਸਤੇ ਇਲਾਜ ਦਾ ਪ੍ਰਬੰਧ ਹੋਵੇ। ਆਮ ਆਦਮੀ ਦੀ ਪਹੁੰਚ ਤੋਂ ਇਸ ਬਿਮਾਰੀ ਦਾ ਇਲਾਜ ਬਾਹਰ ਹੈ। ਮਾਲੀ ਤੌਰ 'ਤੇ ਕੈਂਸਰ ਪੀੜਤ ਪਰਿਵਾਰਾਂ ਦੀ ਮਦਦ ਕੀਤੀ ਜਾਵੇ। ਜੋ ਰੈਡ ਕਰਾਸ ਦੇ ਸਟੋਰ ਹਨ, ਉਥੇ ਕੈਂਸਰ ਦੀ ਰੋਕਥਾਮ ਵਾਲੀ ਦਵਾ ਮੁਫ਼ਤ ਜਾਂ ਫਿਰ ਸਸਤੀ ਮੁਹੱਈਆ ਕਰਾਈ ਜਾਵੇ। ਪੰਜਾਬ ਸਰਕਾਰ ਵਲੋਂ ਇਹ ਚੰਗਾ ਉਪਰਾਲਾ ਕੀਤਾ ਗਿਆ ਹੈ ਕਿ ਜੋ 'ਕੈਂਸਰ ਫੰਡ' ਸਥਾਪਿਤ ਕੀਤਾ ਗਿਆ ਹੈ। ਸ਼੍ਰੋਮਣੀ ਕਮੇਟੀ ਵਲੋਂ ਵੀ ਇਸ 'ਚ ਯੋਗਦਾਨ ਪਾਉਣ ਲਈ ਕਦਮ ਉਠਾਏ ਗਏ ਹਨ। ਸਿਹਤ ਮੰਤਰੀ ਆਖਦੇ ਹਨ ਕਿ ਕੈਂਸਰ ਪੀੜਤਾਂ ਨੂੰ ਪ੍ਰਤੀ ਮਰੀਜ਼ 1.50 ਲੱਖ ਰੁਪਏ ਮਿਲਨਗੇ। ਮਰੀਜ਼ਾਂ ਦੀ ਗਿਣਤੀ ਦੇ ਹਿਸਾਬ ਨਾਲ ਬਜਟ ਤਜਵੀਜ ਕੀਤਾ ਜਾਵੇ । ਖੁਦਮੁਖਤਿਆਰ ਬਾਡੀ ਵਲੋਂ ਇਨ੍ਹਾਂ ਫੰਡਾਂ ਦੀ ਵੰਡ ਬਿਨ੍ਹਾਂ ਭੇਦ ਭਾਵ ਦੇ ਲੋੜਬੰਦ ਮਰੀਜ਼ਾਂ ਨੂੰ ਕੀਤੀ ਜਾਵੇ। ਬੇਸ਼ੱਕ ਦੇਰ ਨਾਲ ਇਹ ਉਪਰਾਲਾ ਹੋਇਆ ਹੈ ਪ੍ਰੰਤੂ ਹੁਣ ਇਸ ਰਾਸ਼ੀ ਦੇ ਵੰਡਣ 'ਚ ਦੇਰੀ ਨਹੀਂ ਹੋਣੀ ਚਾਹੀਦੀ। ਦੇਰੀ ਵੀ ਮਰੀਜ਼ਾਂ ਲਈ ਖ਼ਤਰੇ ਤੋਂ ਘੱਟ ਨਹੀਂ ਹੁੰਦੀ ਹੈ।
          ਦਾਨੀ ਸੱਜਣਾ ਵਲੋਂ ਵੀ ਕੈਂਸਰ ਮਰੀਜ਼ਾਂ ਦੀ ਬਾਂਹ ਫੜੀ ਜਾਂਦੀ ਹੈ। ਕੇਂਦਰ ਸਰਕਾਰ ਤਰਫ਼ੋਂ ਜੋ ਕੈਂਸਰ ਦੀ ਬਿਮਾਰੀ ਦੀ ਰੋਕਥਾਮ ਲਈ ਪ੍ਰੋਗਰਾਮ ਆਉਂਦੇ ਹਨ,ਉਨ੍ਹਾਂ ਨੂੰ ਫੌਰੀ ਤੌਰ 'ਤੇ ਲਾਗੂ ਕਰਨ ਦੀ ਵੀ ਲੋੜ ਹੈ। ਵੱਧ ਤੋਂ ਵੱਧ ਲਾਹਾ ਲੈਣ ਦੀ ਜਰੂਰਤ ਹੈ। ਸਿਹਤ ਮਹਿਕਮਾ ਨੂੰ ਬਹਾਨਿਆਂ ਵਾਲੀ ਪਹੁੰਚ ਛੱਡਣੀ ਪੈਣੀ ਹੈ। ਇਸ ਮਾਮਲੇ 'ਚ ਵੀ ਸਿਹਤ ਵਿਭਾਗ 'ਤੇ ਇੱਕੋ ਗੱਲ ਭਾਰੂ ਹੈ ਕਿ ਪੰਜਾਬ 'ਚ ਕੈਂਸਰ ਪੀੜਤਾਂ ਦੀ ਜੋ ਔਸਤਨ ਹੈ, ਉਹ ਕੌਮੀ ਔਸਤਨ ਨਾਲੋਂ ਘੱਟ ਹੈ। ਮਹਿਕਮਾ ਇਹ ਕਿਉਂ ਨਹੀਂ ਸੋਚਦਾ ਕਿ ਪੰਜਾਬ 'ਚ ਕੈਂਸਰ ਨਾਲ ਮਰੇ ਹੀ ਕਿਉਂ। ਕੌਮੀ ਔਸਤਨ ਵੱਲ ਦੇਖਣ ਦੀ ਥਾਂ ਕੈਂਸਰ ਮਰੀਜ਼ਾਂ ਦੇ ਘਰਾਂ ਵੱਲ ਦੇਖਣ ਦੀ ਲੋੜ ਹੈ। ਕੈਂਸਰ ਰਜਿਸਟਰੀ ਯਕੀਨੀ ਬਣਾਏ ਜਾਣ ਦੀ ਲੋੜ ਹੈ। ਪੰਜਾਬ ਵਿਧਾਨ ਸਭਾ ਦੇ ਸੈਸ਼ਨ 'ਚ ਤਤਕਾਲੀ ਸਿਹਤ ਮੰਤਰੀ ਲਕਸ਼ਮੀ ਕਾਂਤਾ ਚਾਵਲਾ ਨੇ ਦੱਸਿਆ ਸੀ ਕਿ ਵਿਭਾਗ ਕੋਲ ਸਾਲ 2009 ਤੋਂ ਮਗਰੋਂ ਕੈਂਸਰ ਨਾਲ ਮਰੇ ਪੀੜਤਾਂ ਅਤੇ ਇਲਾਜ ਕਰਾ ਰਹੇ ਕੈਂਸਰ ਮਰੀਜ਼ਾਂ ਦਾ ਕੋਈ ਅੰਕੜਾ ਨਹੀਂ ਹੈ। ਜੋ ਪੀੜਤ ਖੁਦ ਹਸਪਤਾਲਾਂ 'ਚ ਪੁੱਜਦੇ ਹਨ, ਉਹ ਤਾਂ ਗਿਣਤੀ ਮਿਣਤੀ 'ਚ ਆ ਜਾਂਦੇ ਹਨ,ਬਹੁਤੇ ਇਸ ਗਿਣਤੀ ਚੋਂ ਬਾਹਰ ਹੀ ਰਹਿ ਜਾਂਦੇ ਹਨ ਜਿਸ ਲਈ ਕੁਝ ਸਮੇਂ ਮਗਰੋਂ ਡੋਰ ਟੂ ਡੋਰ ਸਰਵੇ ਕਰਾਇਆ ਜਾਣਾ ਚਾਹੀਦਾ ਹੈ ਤਾਂ ਜੋ ਸਹੀ ਤਸਵੀਰ ਦਾ ਪਤਾ ਲੱਗ ਸਕੇ। ਜੋ ਸਰਕਾਰੀ ਹਸਪਤਾਲ ਹਨ, ਉਨ੍ਹਾਂ 'ਚ ਕੈਂਸਰ ਪੀੜਤਾਂ ਨੂੰ ਹਰ ਤਰ੍ਹਾਂ ਦੀ ਸਹੂਲਤ ਦਿੱਤੀ ਜਾਣੀ ਚਾਹੀਦੀ ਹੈ। ਜੋ ਬੱਚੇ ਇਸ ਬਿਮਾਰੀ ਤੋਂ ਪੀੜਤ ਹਨ, ਉਨ੍ਹਾਂ ਲਈ ਵਿਸ਼ੇਸ਼ ਮੌਕੇ ਰੱਖੇ ਜਾਣੇ ਚਾਹੀਦੇ ਹਨ।
          ਕੈਂਸਰ ਪ੍ਰਤੀ ਇਨ੍ਹਾਂ ਪ੍ਰੋਗਰਾਮਾਂ ਨੂੰ ਅਮਲੀ ਰੂਪ ਦਿੱਤਾ ਜਾਂਦਾ ਹੈ ਤਾਂ ਲੋਕ ਮਨਾਂ 'ਚ ਬੀਬੀ ਬਾਦਲ ਦੀ ਯਾਦ ਹੋਰ ਵੀ ਗੂੜ੍ਹੀ ਹੋ ਜਾਵੇਗੀ। ਉਨ੍ਹਾਂ ਵਲੋਂ ਜੋ ਯੋਗਦਾਨ ਪਾਇਆ ਗਿਆ ਹੈ, ਉਸ ਦੀ ਚਰਚਾ ਤਾਂ ਪਿਛਲੇ ਦਿਨਾਂ ਤੋਂ ਚੱਲ ਹੀ ਰਹੀ ਹੈ। ਜਿਸ ਤਰ੍ਹਾਂ  ਨੇਤਾ ਲੋਕ ਸਿਆਸੀ ਲੀਹਾਂ ਨੂੰ ਟੱਪ ਕੇ ਬਾਦਲ ਪਰਿਵਾਰ ਦੇ ਦੁੱਖ 'ਚ ਪੁੱਜ ਰਹੇ ਹਨ, ਉਸ ਤੋਂ ਸਪੱਸ਼ਟ ਹੈ ਕਿ ਬਾਦਲ ਪਰਿਵਾਰ ਦੇ ਦਰਦ ਨੂੰ ਹਰ ਕਿਸੇ ਨੇ ਆਪਣਾ ਸਮਝਿਆ ਹੈ। ਬਾਦਲ ਪਰਿਵਾਰ ਲਈ ਇਹ ਵੱਡਾ ਧਰਵਾਸ ਵੀ ਹੈ। ਮੁੱਖ ਮੰਤਰੀ ਪੰਜਾਬ ਪ੍ਰਕਾਸ਼ ਸਿੰਘ ਬਾਦਲ ਅੱਜ ਦੇ ਸੋਗ ਸਮਾਗਮਾਂ ਮੌਕੇ ਲੋਕ ਉਮੀਦਾਂ ਮੁਤਾਬਿਕ ਕੋਈ ਏਦਾ ਦਾ ਵੱਡਾ ਐਲਾਨ ਕਰਦੇ ਹਨ ਤਾਂ ਬਾਦਲ ਪਰਿਵਾਰ ਨੂੰ ਪੂਰਾ ਪੰਜਾਬ ਅਸ਼ੀਸ਼ਾ ਦੇਵੇਗਾ । ਚੰਗਾ ਹੋਵੇਗਾ ਕਿ ਜੇ ਸਿਹਤ ਮੰਤਰੀ ਪੰਜਾਬ ਵੀ ਇਸ ਮੌਕੇ 'ਸਿਹਤ ਏਜੰਡੇ' ਨੂੰ ਤਰਜੀਹੀ ਰੱਖਣ ਦਾ ਐਲਾਨ ਕਰਦੇ ਹਨ। ਚੰਗੇ ਸਮਾਜ ਤੇ ਚੰਗੇ ਪੰਜਾਬ ਲਈ ਚੰਗੀ ਸਿਹਤ ਵੀ ਜ਼ਰੂਰੀ ਹੈ। ਜਰੂਰੀ ਹੈ ਕਿ ਅੱਜ ਪੰਜਾਬ ਸਰਕਾਰ ਲੋਕਾਂ ਨੂੰ ਚੰਗੀ ਸਿਹਤ ਦੇਣ ਦਾ ਅਹਿਦ ਲੈ ਕੇ ਬੀਬੀ ਬਾਦਲ ਨੂੰ ਸੱਚੀ ਸ਼ਰਧਾ ਭੇਟ ਕਰੇ। ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਕੈਂਸਰ ਪ੍ਰਤੀ ਏਦਾ ਦੀ ਵਿਉਂਤਬੰਦੀ ਐਲਾਨਣ ਤਾਂ ਜੋ ਪੰਜਾਬ ਦੀ ਕਿਸੇ ਹੋਰ ਪਤਨੀ ਨੂੰ ਇਸ ਬਿਮਾਰੀ ਦਾ ਦੁੱਖ ਨਾ ਭੋਗਣਾ ਪਵੇ। ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਇਸ ਤਰ੍ਹਾਂ ਦਾ ਕਦਮ ਫੌਰੀ ਉਠਾਉਣ ਤਾਂ ਜੋ ਪੰਜਾਬ ਦੀ ਕਿਸੇ ਹੋਰ ਮਾਂ ਨੂੰ ਏਦਾ ਜਹਾਨੋ ਨਾ ਜਾਣਾ ਪਵੇ।
              

Friday, April 29, 2011

                                          ਬੱਚੇ ਹੁਣ ਸਕੂਲ ਨਹੀਂ,ਬੀਕਾਨੇਰ ਜਾਂਦੇ ਹਨ
                                                                        ਚਰਨਜੀਤ ਭੁੱਲਰ
ਬਠਿੰਡਾ  : ਦੱਖਣੀ ਪੰਜਾਬ 'ਚ ਏਦਾ ਦੇ ਸੈਂਕੜੇ ਬੱਚੇ ਹਨ ਜੋ ਹੁਣ ਸਕੂਲ ਨਹੀਂ, ਬੀਕਾਨੇਰ ਜਾਂਦੇ ਹਨ। ਇਨ੍ਹਾਂ ਬੱਚਿਆਂ ਨਾਲ ਇਕੱਲੀ ਜ਼ਿੰਦਗੀ ਨਹੀਂ,ਚਾਅ ਮਲਾਰ ਵੀ ਰੁੱਸੇ ਹਨ। ਮਾਪਿਆਂ ਹੱਥੋਂ ਜ਼ਮੀਨ ਖਿਸਕੀ ਹੈ ਤਾਂ ਇਨ੍ਹਾਂ ਬੱਚਿਆਂ ਹੱਥੋਂ ਸੁਪਨੇ। ਪਿੰਡ ਬਰਕੰਦੀ ਦਾ ਬੱਚਾ ਜਸਵਿੰਦਰ ਸਿੰਘ ਹੁਣ ਸਕੂਲ ਨਹੀਂ ਜਾਂਦਾ ਹੈ। ਇਲਾਜ ਲਈ ਬੀਕਾਨੇਰ ਜਾਣਾ ਮਜਬੂਰੀ ਹੈ। ਕੈਂਸਰ ਨੇ ਉਸ ਤੋਂ ਤਿੰਨ ਵਰ੍ਹੇ ਪਹਿਲਾਂ ਸਕੂਲ ਛੁਡਵਾ ਦਿੱਤਾ। ਉਸ ਤੋਂ ਪਹਿਲਾਂ ਉਸ ਦਾ ਬਾਪ ਦਰਸ਼ਨ ਸਿੰਘ ਵੀ ਇਸ ਭੈੜੀ ਬਿਮਾਰੀ ਹੱਥੋਂ ਹਾਰ ਗਿਆ ਸੀ। ਮਾਂ ਹੁਣ ਆਪਣੇ ਬੱਚੇ ਦੀ ਜ਼ਿੰਦਗੀ ਬਚਾਉਣ ਖਾਤਰ ਪਾਪੜ ਵੇਲ ਰਹੀ ਹੈ। ਇਸ ਪਿੰਡ ਦੇ ਵੀਰ ਸਿੰਘ ਦੀ 12 ਵਰ੍ਹਿਆਂ ਦੀ ਧੀ ਰਾਜ ਕੌਰ ਵੀ ਇਸ ਬਿਮਾਰੀ ਕੋਲੋਂ ਨਹੀਂ ਬਚ ਸਕੀ ਹੈ। ਪਿੰਡ ਕੋਟਸ਼ਮੀਰ ਦੀ ਗੁਰਜੀਤ ਕੌਰ ਨੂੰ ਸਕੂਲੋਂ ਹਟਾ ਲਿਆ ਗਿਆ ਹੈ। ਦਾਦੀ ਦੇ ਇਲਾਜ 'ਚ ਜਦੋਂ ਸਾਰੀ ਜ਼ਮੀਨ ਖੁਸ ਗਈ ਤਾਂ ਮਾਪਿਆਂ ਕੋਲ ਉਸ ਨੂੰ ਪੜਾਉਣ ਦੀ ਪਹੁੰਚ ਵੀ ਨਹੀਂ ਬਚੀ ਸੀ। ਪਿੰਡ ਗਹਿਰੀ ਭਾਗੀ ਦਾ ਹਰਜੀਤ ਹੁਣ ਮਾਪਿਆਂ ਦੀ ਦੁੱਖਾਂ ਦੀ ਵਹਿੰਗੀ ਚੁੱਕ ਰਿਹਾ ਹੈ। ਜਦੋਂ ਉਸ ਦੇ ਬਾਪ ਨੂੰ ਕੈਂਸਰ ਹੋ ਗਿਆ ਤਾਂ ਉਸ ਨੂੰ ਸਕੂਲ ਛੱਡਣਾ ਪਿਆ। ਬੀਕਾਨੇਰ ਉਸ ਲਈ ਓਪਰਾ ਨਹੀਂ ਰਿਹਾ ਹੈ। ਬਠਿੰਡਾ ਤੋਂ ਬੀਕਾਨੇਰ ਨੂੰ ਜੋ ਟਰੇਨ ਚੱਲਦੀ ਹੈ,ਉਸ 'ਚ ਕੈਂਸਰ ਮਰੀਜ਼ਾਂ ਦੀ ਕੋਈ ਕਮੀ ਨਹੀਂ ਹੁੰਦੀ। ਸਸਤਾ ਇਲਾਜ ਹੋਣ ਕਰਕੇ ਮਰੀਜ਼ ਬੀਕਾਨੇਰ ਜਾਂਦੇ ਹਨ। 'ਕੈਂਸਰ ਐਕਸਪ੍ਰੈਸ' ਦੇ ਇਨ੍ਹਾਂ ਯਾਤਰੀਆਂ ਦੇ ਦੁੱਖਾਂ ਨੂੰ ਸਰਕਾਰ ਆਪਣਾ ਮੰਨਦੀ ਤਾਂ ਇਨ੍ਹਾਂ ਘਰਾਂ ਨਾਲ ਏਦਾ ਜੱਗੋ ਤੇਹਰਵੀਂ ਨਹੀਂ ਹੋਣੀ ਸੀ।
          ਬੀਕਾਨੇਰ ਬਹੁਤੇ ਖੁਦ ਦੁੱਖ ਭੋਗਣ ਵਾਲੇ ਬੱਚੇ ਜਾਂਦੇ ਹਨ। ਜਾਂ ਫਿਰ ਉਹ ਬੱਚੇ ਜਾਂਦੇ ਹਨ ਜਿਨ੍ਹਾਂ ਦੇ ਮਾਪੇ ਕੈਂਸਰ ਨਾਲ ਲੜ ਰਹੇ ਹਨ। ਪਿੰਡ ਮਾਨਸਾ ਕਲਾਂ ਦੇ ਇੱਕ 15 ਵਰ੍ਹਿਆਂ ਦੇ ਬੱਚੇ ਨੂੰ ਵੀ ਸਕੂਲ ਤੋਂ ਪਹਿਲਾਂ ਬੀਕਾਨੇਰ ਦਾ ਹੀ ਮੂੰਹ ਦੇਖਣਾ ਪਿਆ ਹੈ। ਪਿੰਡ ਸੰਗਤ ਦਾ 12 ਵਰ੍ਹਿਆਂ ਦਾ ਧਰਮਪ੍ਰੀਤ ਵੀ ਕੈਂਸਰ ਦੇ ਦਰਦ ਸਹਿ ਰਿਹਾ ਹੈ। ਪਿੰਡ ਗੰਗਾ ਦਾ 13 ਵਰ੍ਹਿਆਂ ਦਾ ਖੁਸਵਿੰਦਰ ਸਿੰਘ ਤਾਂ ਕੈਂਸਰ ਹੱਥੋਂ ਜਾਨ ਹੀ ਗੁਆ ਬੈਠਾ ਹੈ। ਜਿਨ੍ਹਾਂ ਦੇ ਮਾਪਿਆਂ ਨੂੰ ਕੈਂਸਰ ਹੈ, ਉਨ੍ਹਾਂ ਦੇ ਬੱਚਿਆਂ ਦਾ ਭਵਿੱਖ ਵੀ ਬਿਮਾਰੀ ਦੀ ਭੇਟ ਹੀ ਚੜ ਗਿਆ ਹੈ। ਪਿੰਡ ਗਹਿਰੀ ਭਾਗੀ ਦੇ ਸੰਦੀਪ ਸਿੰਘ ਦੀ ਦਾਦੀ ਅਤੇ ਬਾਪ ਦੀ ਮੌਤ ਕੈਂਸਰ ਨਾਲ ਹੋ ਚੁੱਕੀ ਹੈ। ਹੁਣ ਉਸ ਦੀ ਮਾਂ ਵੀ ਕੈਂਸਰ ਤੋਂ ਪੀੜਤ ਹੈ। ਸੰਦੀਪ ਸਕੂਲੋਂ ਹਟ ਗਿਆ ਹੈ ਅਤੇ ਹੁਣ ਮਾਂ ਨੂੰ ਬਚਾਉਣਾ ਹੀ ਉਸ ਦਾ ਇਮਤਿਹਾਨ ਬਣ ਗਿਆ ਹੈ। ਬਾਪ ਨੂੰੰ ਬਚਾਉਣ ਲਈ ਉਸ ਨੂੰ ਇੱਕ ਏਕੜ ਜ਼ਮੀਨ ਵੀ ਵੇਚਣੀ ਪਈ ਸੀ। ਇਸੇ ਤਰ੍ਹਾਂ ਹੋਰ ਬਹੁਤੇ ਬੱਚੇ ਹਨ ਜਿਨ੍ਹਾਂ ਨੂੰ ਸਕੂਲੋਂ ਹਟਣਾ ਪਿਆ ਹੈ ਕਿਉਂਕਿ ਕੈਂਸਰ ਦੇ ਕਹਿਰ ਨੇ ਉਨ੍ਹਾਂ ਦੇ ਘਰਾਂ ਨੂੰ ਕਿਤੋਂ ਦਾ ਨਹੀਂ ਛੱਡਿਆ ਹੈ। ਨਾਗਰਿਕ ਚੇਤਨਾ ਮੰਚ ਦੇ ਪ੍ਰਧਾਨ ਸ੍ਰੀ ਜਗਮੋਹਨ ਕੌਸ਼ਲ ਦਾ ਕਹਿਣਾ ਸੀ ਕਿ ਪੰਜਾਬ ਸਰਕਾਰ ਕੈਂਸਰ ਮਰੀਜ਼ਾਂ ਦੇ ਇਲਾਜ ਲਈ ਕੋਈ ਦਰਿਆ ਦਿਲੀ ਦਿਖਾਉਂਦੀ ਤਾਂ ਘੱਟੋ ਘੱਟ ਇਨ੍ਹਾਂ ਬੱਚਿਆਂ ਦਾ ਭਵਿੱਖ ਤਾਂ ਖਰਾਬ ਹੋਣੋਂ ਬਚ ਜਾਣਾ ਸੀ। ਉਨ੍ਹਾਂ ਆਖਿਆ ਕਿ ਸਰਕਾਰ ਦਾ ਖ਼ਜ਼ਾਨਾ ਇਨ੍ਹਾਂ ਗਰੀਬ ਮਰੀਜ਼ਾਂ ਦੀ ਵਾਰੀ 'ਤੇ ਕਿਉਂ ਖਾਲੀ ਰਿਹਾ ਹੈ। ਉਨ੍ਹਾਂ ਆਖਿਆ ਕਿ ਇਨ੍ਹਾਂ ਬੱਚਿਆਂ ਦੇ ਚਾਅ ਖੋਹਣ ਲਈ ਸਰਕਾਰਾਂ ਜਿੰਮੇਵਾਰ ਹਨ।
           ਏਡਾ ਵੱਡਾ ਦਰਦ ਹੀ ਨੌਜਵਾਨ ਧੀਆਂ ਦਾ ਹੈ ਜਿਨ੍ਹਾਂ ਦੀ ਡੋਲੀ ਨਾਲ ਹੁਣ ਮਾਪਿਆਂ ਦੇ ਫਿਕਰਾਂ ਦੀ ਪੰਡ ਵੀ ਜਾਂਦੀ ਹੈ। ਕੈਂਸਰ ਨੇ ਇਕੱਲੀ ਜ਼ਿੰਦਗੀ ਨਹੀਂ ਖੋਹੀ,ਇਨ੍ਹਾਂ ਧੀਆਂ ਦੇ ਅਰਮਾਨ ਵੀ ਖੋਹੇ ਹਨ। ਕੈਂਸਰ ਨੇ ਸਭ ਤੋਂ ਵੱਧ ਨਿਸ਼ਾਨਾ ਔਰਤਾਂ ਨੂੰ ਬਣਾਇਆ ਹੈ। ਸਰਕਾਰੀ ਸਰਵੇ ਅਨੁਸਾਰ ਲੰਘੇ 9 ਵਰ੍ਹਿਆਂ 'ਚ ਕੈਂਸਰ ਨਾਲ 818 ਔਰਤਾਂ ਦੀ ਮੌਤ ਹੋਈ ਹੈ ਜਦੋਂ ਕਿ 731 ਪੁਰਸ਼ਾਂ ਦੀ। ਜੋ ਕੈਂਸਰ ਤੋਂ ਪੀੜਤ ਹਨ, ਉਨ੍ਹਾਂ 'ਚ ਵੀ ਔਰਤਾਂ ਦੀ ਗਿਣਤੀ 728 ਹੈ ਜਦਕਿ ਪੁਰਸ਼ਾਂ ਦੀ ਗਿਣਤੀ ਕੇਵਲ 274 ਹੈ। ਔਰਤਾਂ ਨੂੰ ਛਾਤੀ ਦਾ ਕੈਂਸਰ ਆਮ ਹੈ। ਪਿੰਡ ਪੱਕਾ ਕਲਾਂ ਦੀ ਧੀ ਪਰਮਜੀਤ ਕੌਰ ਦੀ ਡੋਲੀ ਤੋਂ ਪਹਿਲਾਂ ਹੀ ਕੈਂਸਰ ਨੇ ਉਸ ਦੇ ਅਰਮਾਨ ਮਧੋਲ ਦਿੱਤੇ ਹਨ। ਚਾਅ ਤਾਂ ਇਹ ਲੜਕੀ ਦੇ ਵੀ ਸਨ ਪ੍ਰੰਤੂ ਇਸ ਬਿਮਾਰੀ ਨੇ ਉਸ ਦੀ ਹਰ ਸੱਧਰ ਨੂੰ ਹੀ ਮਿੱਟੀ 'ਚ ਮਿਲਾ ਦਿੱਤਾ। ਪਿੰਡ ਗੰਗਾ ਅਬਲੂ ਕੀ ਦੀ ਲੜਕੀ ਰਣਜੀਤ ਕੌਰ ਨੂੰ ਤਾਂ ਕੈਂਸਰ ਨੇ 22 ਵਰ੍ਹਿਆਂ ਦੀ ਉਮਰ 'ਚ ਹੀ ਇਸ ਜਹਾਨੋਂ ਤੋਰ ਦਿੱਤਾ ਹੈ। ਸਾਬਕਾ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੇ ਹਲਕਾ ਗਿੱਦੜਬਹਾ ਦੇ ਪਿੰਡ ਹੁਸਨਰ ਦੀ ਅਮਨਦੀਪ ਕੌਰ 16  ਵਰ੍ਹਿਆਂ ਦੀ ਉਮਰ 'ਚ ਹੀ ਮੌਤ ਦੇ ਮੂੰਹ ਜਾ ਪਈ ਜਦੋਂ ਕਿ ਪਿੰਡ ਸੁਖਨਾ ਅਬਲੂ ਦੀ ਸਿਮਰਜੀਤ ਕੌਰ ਦੇ ਹਿੱਸੇ ਕੇਵਲ 17 ਸਾਲ ਦੀ ਉਮਰ ਹੀ ਆਈ। ਦੋਹਾਂ ਲੜਕੀਆਂ ਨੂੰ ਕੈਂਸਰ ਸੀ। ਸੈਂਕੜੇ ਹੋਰ ਕੁੜੀਆਂ ਹਨ ਜਿਨ੍ਹਾਂ ਨੂੰ ਇਸ ਬਿਮਾਰੀ ਨਾਲ ਜੰਗ ਲੜਨੀ ਪੈ ਰਹੀ ਹੈ।
         ਪਿੰਡ ਪੱਕਾ ਕਲਾਂ ਦੀਆਂ ਦੋ ਭੈਣਾਂ ਦੇ ਸੁਪਨੇ ਅਧੂਰੇ ਹੀ ਰਹਿ ਗਏ ਹਨ ਕਿਉਂਕਿ ਉਨ੍ਹਾਂ ਦੀ ਮਾਂ ਨੂੰ ਕੈਂਸਰ ਦੀ ਬਿਮਾਰੀ ਹੈ। ਲੜਕੀ ਹਰਬੀਰ ਕੌਰ ਬੀ.ਏ ਕਰਨ ਮਗਰੋਂ ਘਰ ਬੈਠ ਗਈ ਅਤੇ ਉਸ ਦੀ ਭੈਣ ਕਿਰਨਜੀਤ ਕੌਰ ਐਮ.ਐਸ.ਸੀ ਕਰਨ ਪਿਛੋਂ ਪੜ੍ਹਨੋਂ ਹਟ ਗਈ। ਉਨ੍ਹਾਂ ਦੀ ਮਾਂ ਜਸਵਿੰਦਰ ਕੌਰ ਨੇ ਦੱਸਿਆ ਕਿ ਦੋਹਾਂ ਲੜਕੀਆਂ ਨੂੰ ਮਜਬੂਰਨ ਪੜਾਈ ਛੱਡਣੀ ਪਈ ਹੈ। ਦੇਖਿਆ ਗਿਆ ਹੈ ਕਿ ਜਿਨ੍ਹਾਂ ਪਰਵਾਰਾਂ ਦਾ ਕੋਈ ਨਾ ਕੋਈ ਜੀਅ ਕੈਂਸਰ ਦੇ ਮੂੰਹ ਚਲਾ ਗਿਆ,ਉਨ੍ਹਾਂ ਦੇ ਬਾਕੀ ਬੱਚਿਆਂ ਨੂੰ ਕੋਈ ਰਿਸ਼ਤਾ ਕਰਨ ਨੂੰ ਵੀ ਤਿਆਰ ਨਹੀਂ ਹੈ। ਜਦੋਂ ਪਿੰਡ ਜੱਜਲ ਚੋਂ ਕੈਂਸਰ ਪੀੜਤਾਂ ਵਾਰੇ ਜਾਣਨਾ ਚਾਹਿਆ ਤਾਂ ਪਿੰਡ ਦੇ ਲੋਕਾਂ ਨੇ ਦੁੱਖ ਰੋਇਆ ਕਿ ਉਨ੍ਹਾਂ ਦੇ ਪਿੰਡ 'ਚ ਕੈਂਸਰ ਹੋਣ ਦਾ ਮਾਮਲਾ ਜਦੋਂ ਤੋਂ ਜੱਗ ਜ਼ਾਹਿਰ ਹੋਇਆ ਹੈ,ਉਦੋਂ ਤੋਂ ਉਨ੍ਹਾਂ ਦੇ ਬੱਚਿਆਂ ਨੂੰ ਰਿਸ਼ਤੇ ਕਰਨ ਕਰਾਉਣ ਦੀ ਮੁਸ਼ਕਲ ਬਣ ਗਈ ਹੈ। ਇਵੇਂ ਹੀ ਪਿੰਡ ਗਹਿਰੀ ਭਾਗੀ ਦੇ ਗੁਰਦੇਵ ਸਿੰਘ ਦੇ ਪ੍ਰਵਾਰ ਨੇ ਦੱਸਿਆ ਕਿ ਕੈਂਸਰ ਦਾ ਮਾਮਲਾ ਉੱਠਣ ਤੇ ਸਰਕਾਰ ਤਾਂ ਜਾਗਦੀ ਨਹੀਂ,ਉਲਟਾ ਉਨ੍ਹਾਂ ਦੇ ਚੰਗੇ ਭਲੇ ਬੱਚਿਆਂ ਨੂੰ ਰਿਸ਼ਤੇ ਦੀ ਦਿੱਕਤ ਬਣ ਗਈ ਹੈ। ਪਤਾ ਲੱਗਾ ਹੈ ਕਿ ਜ਼ਿਲ੍ਹਾ ਫਰੀਦਕੋਟ ਦੀ ਇੱਕ ਲੜਕੀ ਨੂੰ ਉਸ ਦੇ ਸਹੁਰਿਆਂ ਨੇ ਇਸ ਕਰਕੇ ਹੀ ਛੱਡ ਦਿੱਤਾ ਹੈ ਕਿ ਉਹ ਕੈਂਸਰ ਪੀੜਤ ਹੈ।  ਦੇਖਿਆ ਜਾਵੇ ਤਾਂ ਪੰਜਾਬ ਦੀ ਸਿਹਤ ਮੰਤਰੀ ਵੀ ਔਰਤ ਹੈ ਅਤੇ ਬਠਿੰਡਾ ਸੰਸਦੀ ਹਲਕੇ ਤੋਂ ਐਮ.ਪੀ ਵੀ ਔਰਤ ਹੀ ਹੈ। ਫਿਰ ਵੀ ਇਨ੍ਹਾਂ ਔਰਤਾਂ ਅਤੇ ਜਵਾਨ ਧੀਆਂ ਦੇ ਦੁੱਖਾਂ ਦਾ ਕੋਈ ਹੱਲ ਨਹੀਂ ਹੋ ਰਿਹਾ ਹੈ। ਸਰਕਾਰ ਤੋਂ ਲੋਕਾਂ ਦਾ ਭਰੋਸਾ ਏਨਾ ਉਠ ਗਿਆ ਹੈ ਕਿ ਹੁਣ ਤਾਂ ਕੈਂਸਰ ਪੀੜਤ ਮਾਲੀ ਮਦਦ ਵਾਸਤੇ ਸਰਕਾਰ ਨੂੰ ਦਰਖਾਸਤ ਦੇਣੋਂ ਹੀ ਹਟ ਗਏ ਹਨ।
ਬਾਕਸ ਲਈ :
                                ਵਾਢੀ ਮਗਰੋਂ ਮਰੀਜ਼ਾਂ ਨੂੰ ਚੈੱਕ ਦਿਆਂਗੇ- ਬੀਬੀ ਬਾਦਲ
   ਬਠਿੰਡਾ ਤੋਂ ਸੰਸਦ ਮੈਂਬਰ ਬੀਬੀ ਹਰਸਿਮਰਤ ਕੌਰ ਬਾਦਲ ਹੁਣ ਆਪਣੇ ਸੰਗਤ ਦਰਸ਼ਨਾਂ 'ਚ ਕੈਂਸਰ ਮਰੀਜ਼ਾਂ ਨੂੰ ਮਾਲੀ ਮਦਦ ਵਾਸਤੇ ਚੈੱਕ ਵੰਡਣ ਲੱਗੇ ਹਨ। ਡਿਪਟੀ ਕਮਿਸ਼ਨਰ ਦਫ਼ਤਰ ਬਠਿੰਡਾ ਨੇ ਪੱਤਰ ਨੰਬਰ 677 ਮਿਤੀ 20 ਅਪ੍ਰੈਲ 2011 ਤਹਿਤ ਦੱਸਿਆ ਹੈ ਕਿ ਕੈਂਸਰ ਪੀੜਤਾਂ ਲਈ ਮੁੱਖ ਮੰਤਰੀ ਪੰਜਾਬ ਵਲੋਂ 14 ਫਰਵਰੀ 2011 ਨੂੰ ਚੈੱਕ ਨੰਬਰ 312752 ਤਹਿਤ 30 ਲੱਖ ਰੁਪਏ ਪ੍ਰਾਪਤ ਹੋਏ ਹਨ। ਇਸ ਚੋਂ ਕੇਵਲ 15 ਮਰੀਜ਼ਾਂ ਨੂੰ 3.05 ਲੱਖ ਰੁਪਏ ਦੀ ਰਾਸ਼ੀ ਵੰਡੀ ਗਈ ਹੈ ਜਿਨ੍ਹਾਂ ਚੋਂ ਦੋ ਚੈੱਕ ਵਾਪਸ ਆ ਗਏ ਕਿਉਂਕਿ ਦੋ ਕੈਂਸਰ ਪੀੜਤ ਚੈੱਕ ਪੁੱਜਣ ਤੋਂ ਪਹਿਲਾਂ ਹੀ ਮਰ ਚੁੱਕੇ ਸਨ। ਜ਼ਿਲ੍ਹਾ ਪ੍ਰਸ਼ਾਸਨ ਢਾਈ ਮਹੀਨੇ ਤੋਂ ਇਹ ਰਾਸ਼ੀ ਆਪਣੇ ਕੋਲ ਰੱਖੀ ਬੈਠਾ ਹੈ ਜਦੋਂ ਕਿ ਕੈਂਸਰ ਮਰੀਜ਼ ਇਲਾਜ ਬਿਨ੍ਹਾਂ ਮੌਤ ਦੇ ਨੇੜੇ ਜਾ ਰਹੇ ਹਨ। ਪਤਾ ਲੱਗਾ ਹੈ ਕਿ ਸਰਕਾਰ ਇਹ ਚੈੱਕ ਵੰਡ ਕੇ ਸਿਆਸੀ ਲਾਹਾ ਲੈਣਾ ਚਾਹੁੰਦੀ ਹੈ। ਜੋ ਚੈੱਕ ਵੰਡੇ ਗਏ ਹਨ, ਉਹ ਵੀ ਆਪਣੇ ਸੰਗਤ ਦਰਸ਼ਨ ਪ੍ਰੋਗਰਾਮਾਂ 'ਚ ਬੀਬੀ ਹਰਸਿਮਰਤ ਕੌਰ ਬਾਦਲ ਨੇ ਹੀ ਵੰਡੇ ਹਨ। ਬਠਿੰਡਾ 'ਚ ਸੰਸਦ ਮੈਂਬਰ ਬੀਬੀ ਹਰਸਿਮਰਤ ਕੌਰ ਬਾਦਲ ਨੂੰ ਲੱਖਾਂ ਰੁਪਏ ਦੀ ਰਾਸ਼ੀ ਦੀ ਵੰਡ ਵਾਰੇ ਪੁੱਛਿਆ ਤਾਂ ਉਨ੍ਹਾਂ ਆਖਿਆ ਕਿ ਜਦੋਂ ਵਾਢੀ ਦਾ ਕੰਮ ਮੁੱਕ ਗਿਆ, ਉਸ ਮਗਰੋਂ ਇਹ ਚੈੱਕ ਕੈਂਸਰ ਮਰੀਜ਼ਾਂ ਨੂੰ ਵੰਡ ਦਿੱਤੇ ਜਾਣਗੇ। ਇੱਧਰ ਕੈਂਸਰ ਮਰੀਜ਼ਾਂ ਦੇ ਪਰਵਾਰ ਆਖਦੇ ਹਨ ਕਿ ਵਾਢੀ ਮੁੱਕਣ ਤੋਂ ਪਹਿਲਾਂ ਉਨ੍ਹਾਂ ਦੇ ਮਰੀਜ਼ ਹੀ ਮੁੱਕ ਗਏ ਤਾਂ ਫਿਰ ਇਨ੍ਹਾਂ ਚੈੱਕਾਂ ਦਾ ਕੀ ਫਾਇਦਾ।
                                       ਖਾਸ ਮਰੀਜ਼ਾਂ ਲਈ ਹੀ ਫੰਡ ਆਮ - ਲੋਕ ਮੋਰਚਾ ਪੰਜਾਬ
 ਲੋਕ ਮੋਰਚਾ ਪੰਜਾਬ ਦੇ ਸਲਾਹਕਾਰ ਅਤੇ ਐਡਵੋਕੇਟ ਸ੍ਰੀ ਐਨ.ਕੇ.ਜੀਤ ਦਾ ਕਹਿਣਾ ਸੀ ਕਿ ਪੰਜਾਬ ਸਰਕਾਰ ਨੇ ਜਿਨ੍ਹਾਂ ਖਰਚਾ ਬੀਬੀ ਸੁਰਿੰਦਰ ਕੌਰ ਬਾਦਲ ਦੇ ਇਲਾਜ 'ਤੇ ਸਰਕਾਰੀ ਖ਼ਜ਼ਾਨੇ ਚੋਂ ਕੀਤਾ ਹੈ, ਉਨ੍ਹੀਂ ਹੀ ਰਾਸ਼ੀ ਨਾਲ ਬਠਿੰਡਾ ਜ਼ਿਲ੍ਹੇ ਦੇ ਸਾਰੇ ਕੈਂਸਰ ਪੀੜਤਾਂ ਨੂੰ ਰਾਹਤ ਮਿਲ ਜਾਣੀ ਸੀ। ਉਨ੍ਹਾਂ ਆਖਿਆ ਕਿ ਅਕਾਲੀ ਸਰਕਾਰ ਦੀ ਤਰਜੀਹ ਆਮ ਲੋਕ ਨਹੀਂ ਹਨ ਜਿਸ ਕਰਕੇ ਖਾਸ ਲੋਕਾਂ ਲਈ ਹੀ ਫੰਡ ਆਮ ਰਹਿੰਦੇ ਹਨ। ਉਨ੍ਹਾਂ ਆਖਿਆ ਕਿ ਜੋ ਰਾਸ਼ੀ ਬਠਿੰਡਾ ਪ੍ਰਸ਼ਾਸਨ ਕੋਲ ਪਈ ਹੈ, ਉਹ ਫੌਰੀ ਵੰਡਣੀ ਚਾਹੀਦੀ ਹੈ। ਜੋ ਦੋ ਮਰੀਜ਼ ਮੌਤ ਦੇ ਮੂੰਹ ਗਏ ਹਨ, ਉਨ੍ਹਾਂ ਲਈ ਪ੍ਰਸ਼ਾਸਨ ਜਿੰਮੇਵਾਰ ਹਨ ਕਿਉਂਕਿ ਉਨ੍ਹਾਂ ਦੇ ਚੈੱਕ ਹੀ ਉਦੋਂ ਭੇਜੇ ਗਏ ਜਦੋਂ ਉਹ ਰੱਬ ਨੂੰ ਪਿਆਰੇ ਹੋ ਗਏ ਸਨ।
       

Wednesday, April 27, 2011

                                 ਦੱਖਣੀ ਪੰਜਾਬ 'ਚ  ਇਲਾਜ ਮਹਿੰਗਾ, ਮੌਤ ਸਸਤੀ
                             
                  ਚਰਨਜੀਤ ਭੁੱਲਰ
ਬਠਿੰਡਾ ਬਠਿੰਡਾ ਪੱਟੀ 'ਚ ਸੈਂਕੜੇ ਬਦਨਸੀਬ  ਮੌਤ ਨੂੰ ਉਡੀਕ ਰਹੇ ਹਨ। ਕੈਂਸਰ ਵਰ੍ਹਿਆਂ ਤੋਂ ਸੱਥਰ ਵਿਛਾ ਰਿਹਾ ਹੈ,ਕੋਈ ਫਿਕਰ ਕਰਨ ਵਾਲਾ ਹੀ ਨਹੀਂ। ਗੁਰਬਤ ਭੰਨੇ ਲੋਕਾਂ ਨੂੰ ਹੁਣ ਮਹਿੰਗੇ ਇਲਾਜ ਨਾਲੋਂ ਮੌਤ ਸਸਤੀ ਲੱਗਦੀ ਹੈ। ਸਰਕਾਰੀ ਖਜ਼ਾਨਾ ਵਸੀਲਾ ਬਣ ਜਾਂਦਾ ਤਾਂ ਇਨ੍ਹਾਂ ਨਾਲ ਇੰਜ ਨਹੀਂ ਹੋਣੀ ਸੀ। ਜਿਨ੍ਹਾਂ ਨੂੰ ਇਲਾਜ ਲਈ ਪਾਈ ਵੀ ਨਹੀਂ ਜੁੜ ਸਕੀ,ਉਹ ਜਹਾਨੋਂ ਚਲੇ ਗਏ।  ਪਿੰਡ ਗਹਿਰੀ ਭਾਗੀ 'ਚ ਕੈਂਸਰ ਦੇ ਕਹਿਰ ਨੇ ਕਈ ਘਰ ਹਿਲਾ ਕੇ ਰੱਖ ਦਿੱਤੇ ਹਨ। ਇਸ ਪਿੰਡ ਦਾ ਬਲਵਿੰਦਰ ਸਿੰਘ 9 ਮਹੀਨੇ ਪਹਿਲਾਂ ਕੈਂਸਰ ਨਾਲ ਮੌਤ ਦੇ ਮੂੰਹ ਜਾ ਪਿਆ। ਉਸ ਮਗਰੋਂ ਉਸਦੀ ਮਾਂ ਸੁਰਜੀਤ ਕੌਰ ਤੋਂ ਵੀ ਕੈਂਸਰ ਨੇ ਜ਼ਿੰਦਗੀ ਖੋਹ ਲਈ। ਹੁਣ ਬਲਵਿੰਦਰ ਸਿੰਘ ਦੀ ਪਤਨੀ ਸਰਬਜੀਤ ਕੌਰ ਕੈਂਸਰ ਦਾ ਦੁੱਖ ਝੱਲ ਰਹੀ ਹੈ। ਉਹ ਦੱਸਦੀ ਹੈ ਕਿ ਇਲਾਜ 'ਚ ਇੱਕ ਏਕੜ ਜ਼ਮੀਨ ਵਿਕ ਗਈ ਹੈ। ਪਿਛੇ ਹੁਣ ਕੋਈ ਸਹਾਰਾ ਨਹੀਂ ਬਚਿਆ। ਇਸ ਅਭਾਗੀ ਔਰਤ ਨੇ ਦੁੱਖ ਦੱਸਿਆ'ਨਾ ਰਿਸ਼ਤੇਦਾਰਾਂ ਨੇ ਬਾਂਹ ਫੜੀ ਤੇ ਨਾ ਹੀ ਸਰਕਾਰ ਨੇ।'
             ਇਸ ਤੋਂ ਵੱਡਾ ਦੁੱਖ ਇਸ ਪਿੰਡ ਦੇ ਹੀ ਗੁਰਦੇਵ ਸਿੰਘ ਦੇ ਪਰਿਵਾਰ ਨੇ ਝੱਲਿਆ ਹੈ। 68 ਵਰ੍ਹਿਆਂ ਦੀ ਉਮਰ ਭੋਗ ਕੇ ਗੁਰਦੇਵ ਸਿੰਘ ਬੀਕਾਨੇਰ ਗੇੜੇ ਲਾਉਂਦਾ ਲਾਉਂਦਾ ਇਸ ਦੁਨੀਆਂ ਚੋਂ ਤੁਰ ਗਿਆ ਹੈ। ਇਸ ਬਜ਼ੁਰਗ ਦੇ ਚਾਰੋਂ ਪੁੱਤਰਾਂ ਦੇ ਘਰਾਂ ਨੂੰ ਕੈਂਸਰ ਨੇ ਕੱਖੋਂ ਹੌਲੇ ਕਰ ਦਿੱਤਾ। ਦੋ ਵਰ੍ਹੇ ਪਹਿਲਾਂ ਉਸ ਦਾ ਪੋਤਾ ਅੰਮ੍ਰਿਤਪਾਲ ਵੀ ਕੈਂਸਰ ਪਾਸੋਂ ਹਾਰ ਗਿਆ। ਬਜ਼ੁਰਗ ਦੇ ਇੱਕ ਲੜਕੇ ਰਾਜ ਸਿੰਘ ਨੂੰ ਅੱਖਾਂ ਦਾ ਕੈਂਸਰ ਹੈ। 12 ਵਰ੍ਹਿਆਂ ਦਾ ਪੋਤਾ ਹਰਮਨਦੀਪ ਵੀ ਕੈਂਸਰ ਦੀ ਪੀੜ ਝੱਲਣੋਂ ਬੇਵੱਸ ਹੈ ਜਦੋਂ ਕਿ 10 ਸਾਲਾਂ ਦੀ ਪੋਤਰੀ ਕਿਰਨਦੀਪ ਨੂੰ ਵੀ ਸੁਰਤ ਸੰਭਲਣ ਤੋਂ ਪਹਿਲਾਂ ਹੀ ਕੈਂਸਰ ਨੇ ਜਕੜ ਲਿਆ।
           9 ਵਰ੍ਹਿਆਂ ਦੀ ਅਮਨਦੀਪ ਕੌਰ ਵੀ ਆਪਣੇ ਬਾਬੇ ਵਾਂਗ ਕੈਂਸਰ ਤੋਂ ਪੀੜਤ ਹੈ। ਇਸ ਪਰਿਵਾਰ  ਦੀ ਔਰਤ ਕੁਲਵੰਤ ਕੌਰ ਦੱਸਦੀ ਹੈ ਕਿ ਕੈਂਸਰ ਕਾਰਨ ਬੱਚਿਆਂ ਦੀ ਇੱਕ ਇੱਕ ਅੱਖ ਹੀ ਕਢਵਾਉਣੀ ਪਈ ਹੈ। ਕਿਧਰੋਂ ਕੋਈ ਢਾਰਸ ਨਹੀਂ ਮਿਲੀ। ਉਹ ਆਖਦੀ ਹੈ 'ਏਸ ਬਿਮਾਰੀ ਨੇ ਤਾਂ ਘਰ ਹੀ ਮੂਧਾ ਮਾਰ ਦਿੱਤਾ ਹੈ।' 'ਕਿਸੇ ਨੇ ਵੀ ਕੋਈ ਸਹਾਰਾ ਨਹੀਂ ਦਿੱਤਾ।' ਇਕੱਲੇ ਇਸ ਇੱਕੋ ਪਿੰਡ 'ਚ ਲੰਘੇ ਨੌਂ ਵਰ੍ਹਿਆਂ 'ਚ 23 ਮਰੀਜ਼ ਕੈਂਸਰ ਦੀ ਲਪੇਟ ਦੌਰਾਨ ਆਏ ਹਨ ਜਿਨ੍ਹਾਂ ਚੋਂ 7 ਮਰੀਜ਼ ਹੁਣ ਇਸ ਦੁਨੀਆਂ 'ਚ ਨਹੀਂ ਰਹੇ। ਸਾਬਕਾ ਪੰਚਾਇਤ ਮੈਂਬਰ ਲੀਲਾ ਸਿੰਘ ਦੀ ਪਤਨੀ ਸੁਖਦੇਵ ਕੌਰ ਕੈਂਸਰ ਤੋਂ ਪੀੜਤ ਸੀ। ਉਸ ਦੇ ਇਲਾਜ ਲਈ ਡੇਢ ਲੱਖ ਰੁਪਏ ਦਾ ਕਰਜ਼ਾ ਸਾਹੂਕਾਰਾਂ ਅਤੇ ਸਹਿਕਾਰੀ ਸਭਾ ਤੋਂ ਚੁੱਕਣਾ ਪਿਆ। ਇਹ ਪਰਿਵਾਰ ਨਾ ਕਰਜ਼ਾ ਮੋੜ ਸਕਿਆ ਹੈ ਅਤੇ ਨਾ ਘਰ ਦੇ ਜੀਅ ਨੂੰ ਬਚਾ ਸਕਿਆ ਹੈ। ਲੀਲਾ ਸਿੰਘ ਦਾ ਭਰਾ ਜਗਰੂਪ ਸਿੰਘ ਅਤੇ ਭੈਣ ਅੰਗਰੇਜ ਕੌਰ ਵੀ ਕੈਂਸਰ ਦੀ ਭੇਂਟ ਚੜ੍ਹ ਚੁੱਕੇ ਹਨ।  ਪਿੰਡ ਕੋਟਸ਼ਮੀਰ ਦੇ ਦੋ ਕਿਸਾਨ ਭਰਾ ਇਕਬਾਲ ਸਿੰਘ ਤੇ ਕਰਮਜੀਤ ਸਿੰਘ ਤਾਂ ਆਪਣੇ ਮਾਂ ਦਲੀਪ ਕੌਰ ਨੂੰ ਕੈਂਸਰ ਤੋਂ ਬਚਾਉਣ ਖਾਤਰ ਚਾਰ ਏਕੜ ਜ਼ਮੀਨ ਹੱਥੋਂ ਗੁਆ ਬੈਠੇ ਹਨ। ਇਕਬਾਲ ਸਿੰਘ ਦੱਸਦਾ ਹੈ ਕਿ ਉਨ੍ਹਾਂ ਨੇ ਮਾਂ ਦੇ ਇਲਾਜ 'ਤੇ ਕਰੀਬ ਸੱਤ ਲੱਖ ਖਰਚ ਦਿੱਤੇ ਹਨ। ਇਲਾਜ ਲਈ ਸਾਹੂਕਾਰਾਂ ਤੋਂ ਕਰਜ਼ਾ ਚੁੱਕਦੇ ਰਹੇ ਤੇ ਜਦੋਂ ਕਰਜ਼ਾ ਮੋੜਿਆ ਨਾ  ਜਾ ਸਕਿਆ ਤਾਂ ਜ਼ਮੀਨ ਹੀ ਗਿਰਵੀ ਕਰਨੀ ਪਈ ਹੈ। ਇਹ ਭਰਾ ਹੁਣ ਸਰਕਾਰੀ ਮੱਦਦ ਉਡੀਕ ਰਹੇ ਹਨ।
            ਪਿੰਡ ਪੱਕਾ ਕਲਾਂ 'ਚ ਤਾਂ ਦਰਦਾਂ ਦਾ ਦਰਿਆ ਹੀ ਵਹਿਦਾ ਹੈ। ਸਰਕਾਰੀ ਰਿਪੋਰਟ ਗਵਾਹ ਹੈ ਕਿ ਇੱਕੋ ਪਿੰਡ 'ਚ 1 ਜਨਵਰੀ 2001 ਤੋਂ 31 ਦਸੰਬਰ 2009 ਤੱਕ 47 ਲੋਕਾਂ ਨੂੰ ਕੈਂਸਰ ਦੀ ਮਾਰ ਝੱਲਣੀ ਪਈ ਹੈ ਜਿਨ੍ਹਾਂ ਚੋਂ 27 ਮਰੀਜ਼ ਤਾਂ ਮੌਤ ਦੇ ਮੂੰਹ ਜਾ ਪਏ। ਬਾਕੀ 20 ਮਰੀਜ਼ ਜ਼ਿੰਦਗੀ ਮੌਤ ਲਈ ਲੜਾਈ ਲੜ ਰਹੇ ਹਨ। ਇਲਾਜ ਲਈ ਬੀਕਾਨੇਰ ਜਾਣਾ ਉਨ੍ਹਾਂ ਦੀ ਮਜ਼ਬੂਰੀ ਹੈ ਕਿਉਂਕਿ ਉਥੇ ਇਲਾਜ ਸਸਤਾ ਹੈ। ਪਿੰਡ ਦਾ 76 ਸਾਲਾ ਬੂਟਾ ਸਿੰਘ ਵੀ ਇਲਾਜ ਲਈ ਬੀਕਾਨੇਰ ਜਾਂਦਾ ਹੈ ਅਤੇ 8 ਵਰ੍ਹਿਆਂ ਦਾ ਇੰਦਰਜੀਤ ਵੀ। ਇੱਕੋ ਗਲੀ 'ਚ ਸੱਤ ਘਰਾਂ 'ਚ ਕੈਂਸਰ ਦੇ ਮਰੀਜ਼ ਹਨ। ਇਸ ਗਲੀ ਦੇ ਵਸਨੀਕ ਕਿਸਾਨ ਬਲਦੇਵ ਸਿੰਘ ਨੂੰ ਆਪਣੀ ਪਤਨੀ ਜਸਵਿੰਦਰ ਕੌਰ ਦਾ ਇਲਾਜ ਕਰਾਉਣ ਵਾਸਤੇ 1.20 ਲੱਖ ਰੁਪਏ ਦਾ ਕਰਜ਼ਾ ਬੈਂਕ ਤੋਂ ਚੁੱਕਣਾ ਪਿਆ ਹੈ। ਉਹ ਦੱਸਦਾ ਹੈ ਕਿ ਉਸ ਨੂੰ ਮਹੀਨੇ 'ਚ ਦੋ ਦਫਾ ਬੀਕਾਨੇਰ ਜਾਣਾ ਪੈਂਦਾ ਹੈ। ਪਰਚੂਨ ਦੀ ਜਿਹੜੀ ਦੁਕਾਨ ਉਹ ਕਰਦਾ ਸੀ, ਉਹ ਵੀ ਹੁਣ ਫੇਲ੍ਹ ਹੋ ਗਈ ਹੈ। ਉਸ ਦਾ ਕਹਿਣਾ ਸੀ ਕਿ ਡੇਢ ਵਰ੍ਹਾ ਪਹਿਲਾਂ ਮਾਲੀ ਮੱਦਦ ਲਈ ਦਰਖਾਸਤ ਦਿੱਤੀ ਸੀ। ਉਹ ਖਫਾ ਸੀ ਤੇ ਆਖ ਰਿਹਾ ਸੀ ਕਿ ' ਜਦੋਂ ਘਰ ਦਾ ਜੀਅ ਹੀ ਨਾ ਰਿਹਾ ਤਾਂ ਮਗਰੋਂ ਮੱਦਦ ਕਿਸ ਕੰਮ ਦੀ।' ਇਸੇ ਤਰ੍ਹਾਂ ਹੀ ਸੰਗਤ ਦੇ ਸੁਖਦੇਵ ਸਿੰਘ ਨੂੰ ਆਪਣੀ ਦੋ ਕਨਾਲ ਜ਼ਮੀਨ ਗਹਿਣੇ ਕਰਨੀ ਪਈ ਹੈ ਤਾਂ ਜੋ ਉਹ ਆਪਣੀ ਪਤਨੀ ਸੁਖਪਾਲ ਕੌਰ ਦੇ ਕੈਂਸਰ ਦਾ ਇਲਾਜ ਕਰਾ ਸਕੇ।
           ਪਿੰਡ ਭੋਖੜਾ ਦੀ ਨੌਜਵਾਨ ਮਹਿਲਾ ਕਰਮਜੀਤ ਕੌਰ ਨੂੰ ਕੈਂਸਰ ਨੇ ਅਪਾਹਜ ਕਰ ਦਿੱਤਾ ਹੈ। ਉਸ ਦੇ ਦਿਉਰ ਮੱਖਣ ਸਿੰਘ ਨੇ ਦੱਸਿਆ ਕਿ ਕੈਂਸਰ ਕਾਰਨ ਉਸ ਦੀ ਭਰਜਾਈ ਦੀ ਲੱਤ ਕੱਟਣੀ ਪਈ ਹੈ। ਉਸ ਨੇ ਦੱਸਿਆ ਕਿ ਕਰੀਬ ਚਾਰ ਲੱਖ ਰੁਪਏ ਇਲਾਜ 'ਤੇ ਖਰਚ ਆ ਚੁੱਕੇ ਹਨ। ਦੱਖਣੀ ਮਾਲਵੇ ਦੇ ਬਹੁਤੇ ਪਿੰਡਾਂ ਦੀ  ਇਹੋ ਕਹਾਣੀ ਹੈ। ਕਰੀਬ ਡੇਢ ਦਹਾਕੇ ਤੋਂ ਕੈਂਸਰ ਪੈਰ ਪਸਾਰ ਰਿਹਾ ਹੈ। ਪੰਜਾਬ ਸਰਕਾਰ ਹਾਲੇ ਤੱਕ ਕੈਂਸਰ ਦੇ ਕਾਰਨ ਹੀ ਨਹੀਂ ਲੱਭ ਸਕੀ ਹੈ। ਜ਼ਿਲ੍ਹਾ ਬਠਿੰਡਾ ਦੇ ਕਰੀਬ 500 ਕੈਂਸਰ ਮਰੀਜ਼ਾਂ ਨੇ ਸਰਕਾਰ ਕੋਲ ਇਲਾਜ ਵਾਸਤੇ ਪਿਛਲੇ ਸਮੇਂ ਦੌਰਾਨ  ਪਹੁੰਚ ਕੀਤੀ ਸੀ। ਇਨ੍ਹਾਂ ਚੋਂ ਕਰੀਬ 200 ਮਰੀਜ਼ ਸਰਕਾਰੀ ਮੱਦਦ ਉਡੀਕਦੇ ਉਡੀਕਦੇ ਹੀ ਰੱਬ ਨੂੰ ਪਿਆਰੇ ਹੋ ਗਏ।16 ਫਰਵਰੀ 2011 ਤੋਂ ਬਠਿੰਡਾ ਪ੍ਰਸ਼ਾਸਨ ਕੋਲ 30 ਲੱਖ ਰੁਪਏ ਮੱਦਦ ਲਈ ਪਏ ਹਨ ਜਿਨ੍ਹਾਂ ਨੂੰ ਸੰਸਦ ਮੈਂਬਰ ਬੀਬੀ ਹਰਸਿਮਰਤ ਕੌਰ ਬਾਦਲ ਖੁਦ ਮਰੀਜ਼ਾਂ ਨੂੰ ਵੰਡਣਾ ਚਾਹੁੰਦੇ ਹਨ। ਕੈਂਸਰ ਮਰੀਜ਼ ਹੁਣ ਬੀਬਾ ਬਾਦਲ ਦੀ ਬਠਿੰਡਾ ਫੇਰੀ ਉਡੀਕ ਰਹੇ ਹਨ। ਇਹੋ ਰਾਸ਼ੀ ਵੇਲੇ ਸਿਰ ਵੰਡੀ ਜਾਂਦੀ ਤਾਂ ਪਿੰਡ ਲਹਿਰਾ ਮੁਹੱਬਤ ਦੀ ਜਸਮੇਲ ਕੌਰ ਦੀ ਸ਼ਾਇਦ ਜਾਨ ਬਚ ਜਾਂਦੀ। ਜਸਮੇਲ ਕੌਰ ਕੋਲ ਤਾਂ ਚੈੱਕ ਪੁੱਜਣ ਤੋਂ ਪਹਿਲਾਂ ਮੌਤ ਪੁੱਜ ਗਈ। ਐਸ.ਡੀ.ਐਮ ਬਠਿੰਡਾ ਨੂੰ ਇਹ ਚੈੱਕ 9 ਮਾਰਚ 2011 ਨੂੰ ਪੱਤਰ ਨੰਬਰ 194 ਤਹਿਤ ਵਾਪਸ ਸਰਕਾਰ ਕੋਲ ਭੇਜਣਾ ਪਿਆ ਹੈ।
                                           ਹਰ ਪੀੜਤ ਦਾ ਦਰਦ ਪਤਾ ਹੈ: ਸੁਖਬੀਰ
ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਦਾ ਕਹਿਣਾ ਸੀ ਕਿ ਪੰਜਾਬ ਸਰਕਾਰ ਵਲੋਂ ਜੋ 'ਕੈਂਸਰ ਫੰਡ' ਕਾਇਮ ਕੀਤਾ ਗਿਆ ਹੈ, ਉਸ ਚੋਂ ਆਮ ਲੋਕਾਂ ਨੂੰ ਇਲਾਜ ਵਾਸਤੇ ਫੰਡ ਜਾਰੀ ਕੀਤੇ ਜਾਣਗੇ। ਇਹ ਫੰਡ 20 ਕਰੋੜ ਰੁਪਏ ਦਾ ਹੈ ਜਿਸ ਚੋਂ ਮੱਦਦ ਲੈਣ ਵਾਸਤੇ ਕੋਈ ਵੀ ਕੈਂਸਰ ਪੀੜਤ ਦਰਖਾਸਤ ਦੇ ਸਕੇਗਾ। ਹਰ ਕੈਂਸਰ ਪੀੜਤ ਦੀ ਮਾਲੀ ਮੱਦਦ ਕੀਤੀ ਜਾਵੇਗੀ। ਮਾਲਵੇ ਖਿੱਤੇ 'ਚ ਤਾਂ ਸਰਕਾਰ ਕੈਂਸਰ ਹਸਪਤਾਲ ਵੀ ਖੋਲ੍ਹ ਰਹੀ ਹੈ।  ਸਰਕਾਰ ਹਰ ਪੀੜਤ ਦੇ ਦਰਦ ਨੂੰ ਸਮਝਦੀ ਹੈ ਅਤੇ ਹਰ ਨਾਗਰਿਕ ਸਰਕਾਰ ਲਈ ਤਰਜੀਹੀ ਹੈ।
                                                    ਬੀਕਾਨੇਰ ਜਾਣ ਦੀ  ਮਜਬੂਰੀ
ਮਾਲਵਾ ਖਿੱਤੇ ਦੇ ਬਲਾਕ ਤਲਵੰਡੀ ਸਾਬੋ, ਸੰਗਤ, ਗਿੱਦੜਬਹਾ 'ਚ ਕੈਂਸਰ ਦੀ ਮਾਰ ਜ਼ਿਆਦਾ ਹੈ। ਕੌਮੀ ਪੱਧਰ 'ਤੇ ਇੱਕ ਲੱਖ ਪਿਛੇ 71 ਮਰੀਜ਼ ਔਸਤਨ ਕੈਂਸਰ ਦੇ ਹਨ ਜਦੋਂ ਕਿ ਮਾਲਵਾ ਖਿੱਤੇ 'ਚ ਇਹ ਦਰ 125 ਮਰੀਜ਼ਾਂ ਦੀ ਹੈ। ਸਰਕਾਰੀ ਸਰਵੇ ਅਨੁਸਾਰ ਸਾਲ 2001 ਤੋਂ 2009 ਤੱਕ ਜ਼ਿਲ੍ਹਾ ਬਠਿੰਡਾ 'ਚ 2551 ਲੋਕਾਂ ਨੂੰ ਕੈਂਸਰ ਦੀ ਮਾਰ ਪਈ ਜਿਨ੍ਹਾਂ ਚੋਂ 1549 ਵਿਅਕਤੀ ਤਾਂ ਮੌਤ ਦੇ ਮੂੰਹ ਜਾ ਪਏ ਹਨ। ਬਠਿੰਡਾ ਜ਼ਿਲ੍ਹੇ ਦੇ ਦੋ ਦਰਜਨ ਪਿੰਡਾਂ 'ਚ ਤਾਂ ਕੈਂਸਰ ਦੀ ਬਿਮਾਰੀ ਨੇ ਵੱਧ ਮਾਰ ਪਾਈ ਹੈ। ਪਿੰਡ ਭਗਵਾਨਗੜ੍ਹ 'ਚ 14 ਮਰੀਜ਼ ਕੈਂਸਰ ਦੇ ਹਨ ਜੋ ਬੀਕਾਨੇਰ ਜਾਂਦੇ ਹਨ। ਪਿੰਡ ਜੰਡੀਆ 'ਚ 25 ਮਰੀਜ਼,ਨੇਹੀਆ ਵਾਲਾ 'ਚ 35, ਕੋਟਗੁਰੂ 'ਚ 21 ਮਰੀਜ਼, ਬਾਜਕ ਪਿੰਡ 'ਚ 22 ਮਰੀਜ਼,ਬਹਿਮਣ ਦੀਵਾਨਾ 'ਚ 23 ਮਰੀਜ਼ ਅਤੇ ਮਲਕਾਣਾ 'ਚ 20 ਮਰੀਜ਼ ਹਨ ਜਿਨ੍ਹਾਂ ਚੋਂ ਕਾਫੀ ਮਰੀਜ਼ ਤਾਂ ਮਰ ਵੀ ਚੁੱਕੇ ਹਨ। ਇਨ੍ਹਾਂ ਮਰੀਜ਼ਾਂ ਲਈ ਤਾਂ ਬੀਕਾਨੇਰ ਹੀ ਮੱਕਾ ਹੈ ਕਿਉਂਕਿ ਇਲਾਜ ਸਸਤਾ ਹੋ ਜਾਂਦਾ ਹੈ
                                     ਦੂਜਿਆਂ ਦੇ ਦੁੱਖ ਵੀ ਸਮਝੇ ਸਰਕਾਰ: ਬੀਬੀ ਭੱਠਲ
ਸਾਬਕਾ ਮੁੱਖ ਮੰਤਰੀ ਅਤੇ ਵਿਰੋਧੀ ਧਿਰ ਦੀ ਨੇਤਾ ਬੀਬੀ ਰਜਿੰਦਰ ਕੌਰ ਭੱਠਲ ਦਾ ਕਹਿਣਾ ਸੀ ਕਿ ਬਾਦਲਾਂ  ਨੂੰ ਕੈਂਸਰ ਪੀੜਤਾਂ ਦੇ ਇਲਾਜ ਦੇ ਮਾਮਲੇ 'ਚ ਕੇਵਲ ਆਪਣੇ ਪਰਿਵਾਰ ਤੱਕ ਹੀ ਨਹੀਂ ਸੀਮਿਤ ਨਹੀਂ ਰਹਿਣਾ ਚਾਹੀਦਾ ਬਲਕਿ ਉਨ੍ਹਾਂ ਨੂੰ ਆਮ ਲੋਕਾਂ ਦੇ ਦੁੱਖ ਵੀ ਸਮਝਣੇ ਚਾਹੀਦੇ ਹਨ। ਪੰਜਾਬ ਸਰਕਾਰ ਨੇ ਆਮ ਪੀੜਤਾਂ ਦੀ ਮਾਲੀ ਮੱਦਦ ਕਰਨ ਤੋਂ ਹੱਥ ਹੀ ਘੁੱਟਿਆ ਹੈ।