ਸ਼ਰਧਾਂਜਲੀ
ਤਾਂ ਜੋ ਹੋਰ ਮਾਂ ਨਾ ਮਰੇ
ਚਰਨਜੀਤ ਭੁੱਲਰ
ਬਠਿੰਡਾ : ਬੀਬੀ ਸੁਰਿੰਦਰ ਕੌਰ ਬਾਦਲ ਦੀ ਯਾਦ 'ਚ ਅੱਜ ਵੱਡਾ ਸੋਗ ਸਮਾਗਮ ਹੋ ਰਿਹਾ ਹੈ। ਬਾਦਲ ਪਰਿਵਾਰ ਲਈ ਇਹ ਦਿਨ ਦੁੱਖ ਭਰੇ ਰਹੇ ਹਨ। ਦੁੱਖ ਸਾਂਝਾ ਕਰਨ ਲਈ ਅੱਜ ਵੱਡੀ ਗਿਣਤੀ 'ਚ ਲੋਕ ਮਲੋਟ ਵਿਖੇ ਪੁੱਜਣੇ ਹਨ। ਸਮੁੱਚੇ ਬਾਦਲ ਪਰਿਵਾਰ ਨੇ ਬੀਬੀ ਸੁਰਿੰਦਰ ਕੌਰ ਬਾਦਲ ਦੇ ਚਲੇ ਜਾਣ ਦੀ ਪੀੜ ਝੱਲੀ ਹੈ। ਦੁੱਖ ਲੋਕਾਂ ਨੇ ਵੀ ਮਹਿਸੂਸ ਕੀਤਾ ਹੈ। ਕੈਂਸਰ ਦੀ ਬਿਮਾਰੀ ਬੀਬੀ ਬਾਦਲ ਲਈ ਜਾਨ ਲੇਵਾ ਹੋ ਨਿੱਬੜੀ। ਅੱਜ ਬੀਬੀ ਬਾਦਲ ਪ੍ਰਤੀ ਸ਼ਖਸੀਅਤਾਂ ਵਲੋਂ ਸ਼ਰਧਾ ਅਰਪਿਤ ਕੀਤੀ ਜਾਣੀ ਹੈ। ਬੀਬੀ ਬਾਦਲ ਦੇ ਕੰਮਾਂ ਤੇ ਯੋਗਦਾਨ ਨੂੰ ਚੇਤੇ ਕੀਤਾ ਜਾਣਾ ਹੈ। ਬੀਬੀ ਸਿਰੰਦਰ ਕੌਰ ਬਾਦਲ ਨੂੰ ਸੱਚੀ ਸ਼ਰਧਾਂਜਲੀ ਇਹੋ ਹੋਵੇਗੀ ਕਿ ਇਸ ਮੌਕੇ ਕੈਂਸਰ ਪ੍ਰਤੀ ਕੋਈ ਠੋਸ ਨੀਤੀ ਐਲਾਨੀ ਜਾਵੇ। ਬਿਮਾਰੀ ਦੀ ਪੀੜ ਤਾਂ ਬਾਦਲ ਪਰਿਵਾਰ ਨੇ ਖੁਦ ਨੇੜਿਓਂ ਝੱਲੀ ਹੈ। ਲੋੜ ਇਸ ਗੱਲ ਦੀ ਹੈ ਕਿ ਇਸ ਬਿਮਾਰੀ ਪ੍ਰਤੀ ਹੁਣ ਕੁਝ ਠੋਸ ਕਦਮ ਚੁੱਕੇ ਜਾਣ। ਤਾਂ ਜੋ ਪੰਜਾਬ ਦੇ ਪਰਿਵਾਰ ਵਸਦਿਆਂ 'ਚ ਰਹਿ ਜਾਣ। ਪੰਜਾਬ 'ਚ 'ਸਿਹਤ ਸਹੂਲਤਾਂ' ਨੂੰ ਮੁੱਖ ਏਜੰਡੇ 'ਤੇ ਰੱਖਣ ਦੀ ਲੋੜ ਹੈ। ਅੱਜ ਢੁਕਵਾਂ ਵੇਲਾ ਹੈ ਪੰਜਾਬ ਸਰਕਾਰ ਲਈ। ਖਾਸ ਕਰਕੇ ਬਾਦਲ ਪਰਿਵਾਰ ਲਈ। ਕਿਉਂ ਨਾ ਅੱਜ ਹੀ ਕੈਂਸਰ ਪ੍ਰਤੀ ਪਾਲਿਸੀ ਦਾ ਐਲਾਨ ਹੋਵੇ। ਇਹੋ ਬੀਬੀ ਬਾਦਲ ਨੂੰ ਸੱਚੀ ਸਰਧਾਂਜਲੀ ਹੋਵੇਗੀ। ਬਾਦਲ ਪਰਿਵਾਰ ਨਿੱਜੀ ਉਪਰਾਲਾ ਵੀ ਕਰ ਸਕਦਾ ਹੈ। ਇਕੱਲਾ ਸਰਕਾਰੀ ਉਪਰਾਲਾ ਕਾਫੀ ਨਹੀਂ ਹੈ। ਮੁੰਬਈ 'ਚ 'ਦੱਤ ਪਰਿਵਾਰ' ਨੇ ਕੈਂਸਰ ਰਿਸਰਚ ਇੰਸਟੀਚੂਟ ਨਰਗਸ ਦੀ ਯਾਦ 'ਚ ਬਣਾਇਆ ਹੋਇਆ ਹੈ। ਨਗਰਸ ਦੀ ਮੌਤ ਵੀ ਕੈਂਸਰ ਨਾਲ ਹੋਈ ਸੀ। ਅਭਿਨੇਤਾ ਅਤੇ ਸਿਆਸਤਦਾਨ ਸੁਨੀਲ ਦੱਤ ਨੇ ਆਪਣੀ ਪਤਨੀ ਨਰਗਸ ਦੀ ਯਾਦ ਤਾਜ਼ਾ ਰੱਖਣ ਲਈ ਆਪਣੇ ਪਰਿਵਾਰ ਤਰਫ਼ੋਂ ਇਹ ਇੰਸਟੀਚੂਟ ਖੜ੍ਹਾ ਕੀਤਾ।
ਆਧਰਾਂ ਪ੍ਰਦੇਸ਼ ਦੇ ਮੁੱਖ ਮੰਤਰੀ ਐਨ.ਟੀ.ਰਾਮਾ ਰਾਓ ਦੀ ਪਤਨੀ ਬਸਾਵਾ ਥਰਕਮ ਦੀ ਮੌਤ ਵੀ ਕੈਂਸਰ ਨਾਲ ਹੋ ਗਈ ਸੀ। ਸ੍ਰੀ ਰਾਮਾ ਰਾਓ ਕਈ ਦਫਾ ਪ੍ਰਦੇਸ਼ ਦੇ ਮੁੱਖ ਮੰਤਰੀ ਰਹੇ ਅਤੇ ਤੇਲਗੂ ਸਿਨੇਮਾ 'ਚ ਵੀ ਛਾਏ ਰਹੇ। ਉਨ੍ਹਾਂ ਦੇ ਪ੍ਰਵਾਰ ਤਰਫੋਂ ਹੈਦਰਾਬਾਦ ਵਿੱਚ 'ਬਸਾਵਾ ਥਰਕਮ ਕੈਂਸਰ ਹਸਪਤਾਲ' ਬਣਾਇਆ ਗਿਆ ਹੈ। ਪਾਕਿਸਤਾਨ ਕ੍ਰਿਕਟ ਟੀਮ ਦੇ ਸਾਬਕਾ ਕਪਤਾਨ ਇਮਰਾਨ ਖਾਨ ਦੀ ਮਾਂ ਸੌਕਤ ਖਾਨਮ ਵੀ ਕੈਂਸਰ ਦੀ ਬਿਮਾਰੀ ਕਾਰਨ ਚਲ ਵਸੀ ਸੀ। ਜਦੋਂ ਪਾਕਿਸਤਾਨ ਨੇ ਸਾਲ 1992 'ਚ ਵਿਸ਼ਵ ਕੱਪ ਜਿੱਤਿਆ ਤਾਂ ਉਦੋਂ ਇਮਰਾਨ ਖਾਨ ਨੇ ਆਪਣੀ ਮਾਂ ਦੀ ਯਾਦ ਵਿੱਚ ਕੈਂਸਰ ਹਸਪਤਾਲ ਬਣਾਉਣ ਦਾ ਐਲਾਨ ਕੀਤਾ। ਉਸ ਨੇ ਦੇਸ ਵਿਦੇਸ਼ ਚੋਂ ਫੰਡ ਇਕੱਠੇ ਕੀਤੇ। ਅੱਜ ਲਾਹੌਰ 'ਚ 'ਸੌਕਤ ਖਾਨਮ ਚੈਰੀਟੇਬਲ ਕੈਂਸਰ ਹਸਪਤਾਲ' ਬਣਿਆ ਹੋਇਆ ਹੈ। ਬਾਦਲ ਪਰਿਵਾਰ ਵੀ ਇਨ੍ਹਾਂ ਪ੍ਰਵਾਰਾਂ ਵਾਂਗ ਮਿਸਾਲ ਕਾਇਮ ਕਰ ਸਕਦਾ ਹੈ। ਮਾਲਵਾ ਇਲਾਕਾ ਤਾਂ ਉਂਝ ਹੀ ਕੈਂਸਰ ਨਾਲ ਭੰਨਿਆ ਪਿਆ ਹੈ। ਬਾਦਲ ਪਰਿਵਾਰ ਏਦਾ ਦਾ ਉਪਰਾਲਾ ਕਰੇਗਾ। ਉਸ ਨਾਲ ਲੋਕਾਂ ਦਾ ਭਲਾ ਹੋਏਗਾ। ਬੀਬੀ ਬਾਦਲ ਦੀ ਯਾਦ ਵੀ ਲੋਕਾਂ ਨੂੰ ਹਮੇਸ਼ਾ ਤਾਜ਼ਾ ਰਹੇਗੀ। ਬਾਦਲ ਪਰਿਵਾਰ ਆਪਣੀ ਤਰਫ਼ੋਂ ਖੁਦ ਆਪਣੇ ਜੱਦੀ ਪਿੰਡ ਬਾਦਲ 'ਚ ਕੋਈ ਕੈਂਸਰ ਰਿਸਰਚ ਇੰਸਟੀਚੂਟ ਤੇ ਹਸਪਤਾਲ ਖੋਲ੍ਹ ਸਕਦਾ ਹੈ। ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਇਹ ਸਤਯੁਗੀ ਕਾਰਜ ਕਰ ਸਕਦੇ ਹਨ। ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਵੀ ਇਮਰਾਨ ਖਾਨ ਵਾਂਗ ਕੋਈ ਵੱਡਾ ਕੈਂਸਰ ਇੰਸਟੀਚੂਟ ਖੋਲ੍ਹ ਸਕਦੇ ਹਨ। ਜੋ ਉਪਰਾਲੇ ਸਰਕਾਰੀ ਤੌਰ 'ਤੇ ਕੀਤੇ ਜਾਣੇ ਹਨ, ਉਹ ਵੱਖਰੇ ਹਨ। ਏਹੋ ਬੀਬੀ ਬਾਦਲ ਨੂੰ ਸੱਚੀ ਸਰਧਾਂਜਲੀ ਹੋਵੇਗੀ। ਜੋ ਸਦੀਵੀ ਰਹੇਗੀ ਤੇ ਲੋਕ ਭਲੇ ਵਾਲੀ ਹੋਵੇਗੀ। ਕੈਂਸਰ ਦੀ ਮਰਜ਼ ਪੈਦਾ ਹੀ ਕਿਉਂ ਹੋਵੇ। ਕੈਂਸਰ ਝੱਲਣ ਵਾਲੇ ਇਲਾਜ ਖੁਣੋ ਕਿਉਂ ਮਰਨ। ਘਰਾਂ ਦੇ ਘਰ ਖਾਲੀ ਕਰਨ ਵਾਲੀ ਇਸ ਬਿਮਾਰੀ 'ਤੇ ਕਾਬੂ ਕਿਵੇਂ ਪਾਇਆ ਜਾਵੇ। ਇਹ ਮੁੱਦੇ ਨਜਿੱਠਣ ਦੀ ਫੌਰੀ ਲੋੜ ਹੈ। ਕੈਂਸਰ ਪ੍ਰਤੀ ਸਰਕਾਰੀ ਪਹੁੰਚ ਹੁਣ ਤੱਕ ਅਵੇਸਲੀ ਰਹੀ ਹੈ। ਵਰ੍ਹਿਆਂ ਤੋਂ ਕੈਂਸਰ ਮੌਤਾਂ ਵੰਡ ਰਿਹਾ ਹੈ। ਮੁਢਲਾ ਮਸਲਾ ਕੈਂਸਰ ਦੇ ਕਾਰਨਾਂ ਦੀ ਖੋਜ ਦਾ ਹੈ। ਪੀ.ਜੀ.ਆਈ ਵਲੋਂ 2003 ਕੈਂਸਰ ਬਾਰੇ ਸਰਵੇ ਰਿਪੋਰਟ ਪੇਸ਼ ਕੀਤੀ ਗਈ ਸੀ। ਰਿਪੋਰਟ 'ਚ ਸਰਕਾਰ ਨੂੰ ਇੱਕ ਉੱਚ ਪੱਧਰੀ ਕੋਆਰਡੀਨੇਸ਼ਨ ਕਮੇਟੀ ਬਣਾਏ ਜਾਣ ਦਾ ਸੁਝਾਓ ਦਿੱਤਾ ਗਿਆ ਸੀ। ਕੈਂਸਰ ਦੇ ਕਾਰਨ ਜਾਣਨ ਲਈ ਇੱਕ ਵਿਸਥਾਰਤ ਖੋਜ ਕਰਾਉਣ ਵਾਸਤੇ ਆਖਿਆ ਗਿਆ। ਉਦੋਂ ਕਾਂਗਰਸ ਸਰਕਾਰ ਸੀ। ਤਤਕਾਲੀ ਮੁੱਖ ਮੰਤਰੀ ਨੇ ਇੱਕ ਮੀਟਿੰਗ ਕੀਤੀ ਸੀ। ਉਸ ਮਗਰੋਂ ਕਦੇ ਕੈਂਸਰ ਦੇ ਕਾਰਨ ਜਾਣਨ ਦੀ ਸਰਕਾਰੀ ਪੱਧਰ 'ਤੇ ਲੋੜ ਨਹੀਂ ਸਮਝੀ ਗਈ।
ਪੰਜਾਬ ਸਰਕਾਰ ਇੱਕ ਉੱਚ ਪੱਧਰੀ ਤਾਲਮੇਲ ਕਮੇਟੀ ਕਾਇਮ ਕਰਕੇ ਮਾਲਵਾ ਖ਼ਿੱਤੇ 'ਚ ਫੈਲ ਰਹੇ ਕੈਂਸਰ ਦੇ ਸਹੀ ਕਾਰਨਾਂ ਨੂੰ ਜਾਣੇ। ਕੈਂਸਰ ਲਈ ਕੋਈ ਧਰਤੀ ਹੇਠਲੇ ਪਾਣੀ ਨੂੰ ਜਿੰਮੇਵਾਰ ਦੱਸ ਰਿਹਾ ਹੈ। ਕੋਈ ਯੂਰੇਨੀਅਮ ਤੇ ਕੋਈ ਕੀਟਨਾਸ਼ਕਾਂ ਨੂੰ ਇਸ ਲਈ ਦੋਸ਼ੀ ਮੰਨ ਰਿਹਾ ਹੈ। ਕੋਈ ਸਾਫ ਗੱਲ ਹਾਲੇ ਤੱਕ ਉਭਰੀ ਨਹੀਂ ਹੈ। ਕਾਰਨ ਜਾਣਨ ਮਗਰੋਂ ਉਸ ਦੀ ਰੋਕਥਾਮ ਲਈ ਕਦਮ ਉਠਾਏ ਜਾਣ। ਤਾਂ ਜੋ ਕੈਂਸਰ ਦੀ ਬਿਮਾਰੀ ਕਿਸੇ ਨੂੰ ਲੱਗੇ ਹੀ ਨਾ। ਜੋ ਕੈਂਸਰ ਦਾ ਦੁੱਖ ਭੋਗ ਰਹੇ ਹਨ, ਉਨ੍ਹਾਂ ਦਾ ਮੁਫ਼ਤ ਜਾਂ ਫਿਰ ਸਸਤੇ ਇਲਾਜ ਦਾ ਪ੍ਰਬੰਧ ਹੋਵੇ। ਆਮ ਆਦਮੀ ਦੀ ਪਹੁੰਚ ਤੋਂ ਇਸ ਬਿਮਾਰੀ ਦਾ ਇਲਾਜ ਬਾਹਰ ਹੈ। ਮਾਲੀ ਤੌਰ 'ਤੇ ਕੈਂਸਰ ਪੀੜਤ ਪਰਿਵਾਰਾਂ ਦੀ ਮਦਦ ਕੀਤੀ ਜਾਵੇ। ਜੋ ਰੈਡ ਕਰਾਸ ਦੇ ਸਟੋਰ ਹਨ, ਉਥੇ ਕੈਂਸਰ ਦੀ ਰੋਕਥਾਮ ਵਾਲੀ ਦਵਾ ਮੁਫ਼ਤ ਜਾਂ ਫਿਰ ਸਸਤੀ ਮੁਹੱਈਆ ਕਰਾਈ ਜਾਵੇ। ਪੰਜਾਬ ਸਰਕਾਰ ਵਲੋਂ ਇਹ ਚੰਗਾ ਉਪਰਾਲਾ ਕੀਤਾ ਗਿਆ ਹੈ ਕਿ ਜੋ 'ਕੈਂਸਰ ਫੰਡ' ਸਥਾਪਿਤ ਕੀਤਾ ਗਿਆ ਹੈ। ਸ਼੍ਰੋਮਣੀ ਕਮੇਟੀ ਵਲੋਂ ਵੀ ਇਸ 'ਚ ਯੋਗਦਾਨ ਪਾਉਣ ਲਈ ਕਦਮ ਉਠਾਏ ਗਏ ਹਨ। ਸਿਹਤ ਮੰਤਰੀ ਆਖਦੇ ਹਨ ਕਿ ਕੈਂਸਰ ਪੀੜਤਾਂ ਨੂੰ ਪ੍ਰਤੀ ਮਰੀਜ਼ 1.50 ਲੱਖ ਰੁਪਏ ਮਿਲਨਗੇ। ਮਰੀਜ਼ਾਂ ਦੀ ਗਿਣਤੀ ਦੇ ਹਿਸਾਬ ਨਾਲ ਬਜਟ ਤਜਵੀਜ ਕੀਤਾ ਜਾਵੇ । ਖੁਦਮੁਖਤਿਆਰ ਬਾਡੀ ਵਲੋਂ ਇਨ੍ਹਾਂ ਫੰਡਾਂ ਦੀ ਵੰਡ ਬਿਨ੍ਹਾਂ ਭੇਦ ਭਾਵ ਦੇ ਲੋੜਬੰਦ ਮਰੀਜ਼ਾਂ ਨੂੰ ਕੀਤੀ ਜਾਵੇ। ਬੇਸ਼ੱਕ ਦੇਰ ਨਾਲ ਇਹ ਉਪਰਾਲਾ ਹੋਇਆ ਹੈ ਪ੍ਰੰਤੂ ਹੁਣ ਇਸ ਰਾਸ਼ੀ ਦੇ ਵੰਡਣ 'ਚ ਦੇਰੀ ਨਹੀਂ ਹੋਣੀ ਚਾਹੀਦੀ। ਦੇਰੀ ਵੀ ਮਰੀਜ਼ਾਂ ਲਈ ਖ਼ਤਰੇ ਤੋਂ ਘੱਟ ਨਹੀਂ ਹੁੰਦੀ ਹੈ।
ਦਾਨੀ ਸੱਜਣਾ ਵਲੋਂ ਵੀ ਕੈਂਸਰ ਮਰੀਜ਼ਾਂ ਦੀ ਬਾਂਹ ਫੜੀ ਜਾਂਦੀ ਹੈ। ਕੇਂਦਰ ਸਰਕਾਰ ਤਰਫ਼ੋਂ ਜੋ ਕੈਂਸਰ ਦੀ ਬਿਮਾਰੀ ਦੀ ਰੋਕਥਾਮ ਲਈ ਪ੍ਰੋਗਰਾਮ ਆਉਂਦੇ ਹਨ,ਉਨ੍ਹਾਂ ਨੂੰ ਫੌਰੀ ਤੌਰ 'ਤੇ ਲਾਗੂ ਕਰਨ ਦੀ ਵੀ ਲੋੜ ਹੈ। ਵੱਧ ਤੋਂ ਵੱਧ ਲਾਹਾ ਲੈਣ ਦੀ ਜਰੂਰਤ ਹੈ। ਸਿਹਤ ਮਹਿਕਮਾ ਨੂੰ ਬਹਾਨਿਆਂ ਵਾਲੀ ਪਹੁੰਚ ਛੱਡਣੀ ਪੈਣੀ ਹੈ। ਇਸ ਮਾਮਲੇ 'ਚ ਵੀ ਸਿਹਤ ਵਿਭਾਗ 'ਤੇ ਇੱਕੋ ਗੱਲ ਭਾਰੂ ਹੈ ਕਿ ਪੰਜਾਬ 'ਚ ਕੈਂਸਰ ਪੀੜਤਾਂ ਦੀ ਜੋ ਔਸਤਨ ਹੈ, ਉਹ ਕੌਮੀ ਔਸਤਨ ਨਾਲੋਂ ਘੱਟ ਹੈ। ਮਹਿਕਮਾ ਇਹ ਕਿਉਂ ਨਹੀਂ ਸੋਚਦਾ ਕਿ ਪੰਜਾਬ 'ਚ ਕੈਂਸਰ ਨਾਲ ਮਰੇ ਹੀ ਕਿਉਂ। ਕੌਮੀ ਔਸਤਨ ਵੱਲ ਦੇਖਣ ਦੀ ਥਾਂ ਕੈਂਸਰ ਮਰੀਜ਼ਾਂ ਦੇ ਘਰਾਂ ਵੱਲ ਦੇਖਣ ਦੀ ਲੋੜ ਹੈ। ਕੈਂਸਰ ਰਜਿਸਟਰੀ ਯਕੀਨੀ ਬਣਾਏ ਜਾਣ ਦੀ ਲੋੜ ਹੈ। ਪੰਜਾਬ ਵਿਧਾਨ ਸਭਾ ਦੇ ਸੈਸ਼ਨ 'ਚ ਤਤਕਾਲੀ ਸਿਹਤ ਮੰਤਰੀ ਲਕਸ਼ਮੀ ਕਾਂਤਾ ਚਾਵਲਾ ਨੇ ਦੱਸਿਆ ਸੀ ਕਿ ਵਿਭਾਗ ਕੋਲ ਸਾਲ 2009 ਤੋਂ ਮਗਰੋਂ ਕੈਂਸਰ ਨਾਲ ਮਰੇ ਪੀੜਤਾਂ ਅਤੇ ਇਲਾਜ ਕਰਾ ਰਹੇ ਕੈਂਸਰ ਮਰੀਜ਼ਾਂ ਦਾ ਕੋਈ ਅੰਕੜਾ ਨਹੀਂ ਹੈ। ਜੋ ਪੀੜਤ ਖੁਦ ਹਸਪਤਾਲਾਂ 'ਚ ਪੁੱਜਦੇ ਹਨ, ਉਹ ਤਾਂ ਗਿਣਤੀ ਮਿਣਤੀ 'ਚ ਆ ਜਾਂਦੇ ਹਨ,ਬਹੁਤੇ ਇਸ ਗਿਣਤੀ ਚੋਂ ਬਾਹਰ ਹੀ ਰਹਿ ਜਾਂਦੇ ਹਨ ਜਿਸ ਲਈ ਕੁਝ ਸਮੇਂ ਮਗਰੋਂ ਡੋਰ ਟੂ ਡੋਰ ਸਰਵੇ ਕਰਾਇਆ ਜਾਣਾ ਚਾਹੀਦਾ ਹੈ ਤਾਂ ਜੋ ਸਹੀ ਤਸਵੀਰ ਦਾ ਪਤਾ ਲੱਗ ਸਕੇ। ਜੋ ਸਰਕਾਰੀ ਹਸਪਤਾਲ ਹਨ, ਉਨ੍ਹਾਂ 'ਚ ਕੈਂਸਰ ਪੀੜਤਾਂ ਨੂੰ ਹਰ ਤਰ੍ਹਾਂ ਦੀ ਸਹੂਲਤ ਦਿੱਤੀ ਜਾਣੀ ਚਾਹੀਦੀ ਹੈ। ਜੋ ਬੱਚੇ ਇਸ ਬਿਮਾਰੀ ਤੋਂ ਪੀੜਤ ਹਨ, ਉਨ੍ਹਾਂ ਲਈ ਵਿਸ਼ੇਸ਼ ਮੌਕੇ ਰੱਖੇ ਜਾਣੇ ਚਾਹੀਦੇ ਹਨ।
ਕੈਂਸਰ ਪ੍ਰਤੀ ਇਨ੍ਹਾਂ ਪ੍ਰੋਗਰਾਮਾਂ ਨੂੰ ਅਮਲੀ ਰੂਪ ਦਿੱਤਾ ਜਾਂਦਾ ਹੈ ਤਾਂ ਲੋਕ ਮਨਾਂ 'ਚ ਬੀਬੀ ਬਾਦਲ ਦੀ ਯਾਦ ਹੋਰ ਵੀ ਗੂੜ੍ਹੀ ਹੋ ਜਾਵੇਗੀ। ਉਨ੍ਹਾਂ ਵਲੋਂ ਜੋ ਯੋਗਦਾਨ ਪਾਇਆ ਗਿਆ ਹੈ, ਉਸ ਦੀ ਚਰਚਾ ਤਾਂ ਪਿਛਲੇ ਦਿਨਾਂ ਤੋਂ ਚੱਲ ਹੀ ਰਹੀ ਹੈ। ਜਿਸ ਤਰ੍ਹਾਂ ਨੇਤਾ ਲੋਕ ਸਿਆਸੀ ਲੀਹਾਂ ਨੂੰ ਟੱਪ ਕੇ ਬਾਦਲ ਪਰਿਵਾਰ ਦੇ ਦੁੱਖ 'ਚ ਪੁੱਜ ਰਹੇ ਹਨ, ਉਸ ਤੋਂ ਸਪੱਸ਼ਟ ਹੈ ਕਿ ਬਾਦਲ ਪਰਿਵਾਰ ਦੇ ਦਰਦ ਨੂੰ ਹਰ ਕਿਸੇ ਨੇ ਆਪਣਾ ਸਮਝਿਆ ਹੈ। ਬਾਦਲ ਪਰਿਵਾਰ ਲਈ ਇਹ ਵੱਡਾ ਧਰਵਾਸ ਵੀ ਹੈ। ਮੁੱਖ ਮੰਤਰੀ ਪੰਜਾਬ ਪ੍ਰਕਾਸ਼ ਸਿੰਘ ਬਾਦਲ ਅੱਜ ਦੇ ਸੋਗ ਸਮਾਗਮਾਂ ਮੌਕੇ ਲੋਕ ਉਮੀਦਾਂ ਮੁਤਾਬਿਕ ਕੋਈ ਏਦਾ ਦਾ ਵੱਡਾ ਐਲਾਨ ਕਰਦੇ ਹਨ ਤਾਂ ਬਾਦਲ ਪਰਿਵਾਰ ਨੂੰ ਪੂਰਾ ਪੰਜਾਬ ਅਸ਼ੀਸ਼ਾ ਦੇਵੇਗਾ । ਚੰਗਾ ਹੋਵੇਗਾ ਕਿ ਜੇ ਸਿਹਤ ਮੰਤਰੀ ਪੰਜਾਬ ਵੀ ਇਸ ਮੌਕੇ 'ਸਿਹਤ ਏਜੰਡੇ' ਨੂੰ ਤਰਜੀਹੀ ਰੱਖਣ ਦਾ ਐਲਾਨ ਕਰਦੇ ਹਨ। ਚੰਗੇ ਸਮਾਜ ਤੇ ਚੰਗੇ ਪੰਜਾਬ ਲਈ ਚੰਗੀ ਸਿਹਤ ਵੀ ਜ਼ਰੂਰੀ ਹੈ। ਜਰੂਰੀ ਹੈ ਕਿ ਅੱਜ ਪੰਜਾਬ ਸਰਕਾਰ ਲੋਕਾਂ ਨੂੰ ਚੰਗੀ ਸਿਹਤ ਦੇਣ ਦਾ ਅਹਿਦ ਲੈ ਕੇ ਬੀਬੀ ਬਾਦਲ ਨੂੰ ਸੱਚੀ ਸ਼ਰਧਾ ਭੇਟ ਕਰੇ। ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਕੈਂਸਰ ਪ੍ਰਤੀ ਏਦਾ ਦੀ ਵਿਉਂਤਬੰਦੀ ਐਲਾਨਣ ਤਾਂ ਜੋ ਪੰਜਾਬ ਦੀ ਕਿਸੇ ਹੋਰ ਪਤਨੀ ਨੂੰ ਇਸ ਬਿਮਾਰੀ ਦਾ ਦੁੱਖ ਨਾ ਭੋਗਣਾ ਪਵੇ। ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਇਸ ਤਰ੍ਹਾਂ ਦਾ ਕਦਮ ਫੌਰੀ ਉਠਾਉਣ ਤਾਂ ਜੋ ਪੰਜਾਬ ਦੀ ਕਿਸੇ ਹੋਰ ਮਾਂ ਨੂੰ ਏਦਾ ਜਹਾਨੋ ਨਾ ਜਾਣਾ ਪਵੇ।
No comments:
Post a Comment