Tuesday, June 14, 2011

         ਡੀ.ਸੀ ਦੇ ਘਰ ਸੇਵਾਦਾਰਾਂ ਦੀ ਫੌਜ
                              ਚਰਨਜੀਤ ਭੁੱਲਰ
ਬਠਿੰਡਾ : ਡਿਪਟੀ ਕਮਿਸ਼ਨਰ ਬਠਿੰਡਾ ਕੋਲ 'ਸੇਵਾਦਾਰਾਂ' ਦੀ ਫੌਜ ਹੈ। ਇੱਧਰ ਸਰਕਾਰੀ ਦਫਤਰ ਖਾਲ੍ਹੀ ਖੜਕ ਰਹੇ ਹਨ। ਡਿਪਟੀ ਕਮਿਸ਼ਨਰ ਦੀ ਕੋਠੀ ਅਤੇ ਕੈਂਪ ਆਫਿਸ 'ਚ ਤਾਇਨਾਤ ਦਰਜਾ ਚਾਰ ਮੁਲਾਜ਼ਮਾਂ ਦਾ ਗਿਣਤੀ ਦਸ ਹੈ। ਹਾਲਾਂਕਿ ਕੈਂਪ ਆਫਿਸ ਲਈ ਦਰਜਾ ਚਾਰ ਮੁਲਾਜ਼ਮਾਂ ਦੀਆਂ ਆਸਾਮੀਆਂ ਪ੍ਰਵਾਨ ਨਹੀਂ ਹੈ ਪ੍ਰੰਤੂ ਫਿਰ ਵੀ ਇੱਥੇ ਮੁਲਾਜ਼ਮਾਂ ਦੀ ਤਾਇਨਾਤ ਕੀਤੇ ਗਏ  ਹਨ। ਪੰਜਾਬ ਸਰਕਾਰ ਦੇ ਹੁਕਮ ਸਨ ਕਿ ਡਿਪਟੀ ਕਮਿਸ਼ਨਰ ਡਿਊਟੀ ਸਮੇਂ ਦੌਰਾਨ ਕੈਂਪ ਆਫਿਸ ਨਾ ਬੈਠਣ। ਕੈਂਪ ਆਫਿਸ ਦੇ ਨਾਮ ਹੇਠ ਡਿਪਟੀ ਕਮਿਸ਼ਨਰ ਦੀ ਕੋਠੀ 'ਚ ਮੁਲਾਜ਼ਮ ਤਾਇਨਾਤ ਕੀਤੇ ਹੋਏ ਹਨ। ਜ਼ਿਲ੍ਹਾ ਬਠਿੰਡਾ 'ਚ ਤਿੰਨ ਤਹਿਸੀਲਾਂ ਹਨ ਜਿਨ੍ਹਾਂ 'ਚ ਦਰਜਾ ਚਾਰ ਮੁਲਾਜ਼ਮਾਂ ਦੀ ਭਾਰੀ ਘਾਟ ਹੈ।ਇਸ ਦੇ ਬਾਵਜੂਦ ਡਿਪਟੀ ਕਮਿਸ਼ਨਰ ਨੇ ਹਰ ਤਹਿਸੀਲ 'ਚੋਂ ਆਰਜੀ ਤੌਰ 'ਤੇ ਇੱਕ ਇੱਕ ਦਰਜਾ ਚਾਰ ਮੁਲਾਜ਼ਮ ਆਪਣੇ ਦਫਤਰ ਅਤੇ ਕੈਂਪ ਆਫਿਸ ਵਾਸਤੇ ਲਿਆ ਹੋਇਆ ਹੈ। ਡਿਪਟੀ ਕਮਿਸ਼ਨਰ ਦੀ ਕੋਠੀ 'ਚ 8 ਦਰਜਾ ਚਾਰ ਮੁਲਾਜ਼ਮ ਕੰਮ ਕਰਦੇ ਹਨ ਜਦੋਂ ਕਿ ਦੋ ਕਲਰਕ ਤਾਇਨਾਤ ਹਨ। ਭਾਵੇਂ ਡਿਪਟੀ ਕਮਿਸ਼ਨਰ ਦੀ ਕੋਠੀ 'ਤੇ ਪੱਕੀ ਗਾਰਦ ਲੱਗੀ ਹੋਈ ਹੈ ਪਰ ਫਿਰ ਵੀ ਕੋਠੀ 'ਚ ਦੋ ਚੌਂਕੀਦਾਰ ਸਿਮਰਜੀਤ ਸਿੰਘ ਅਤੇ ਸੁਰਿੰਦਰ ਕੁਮਾਰ ਤਾਇਨਾਤ ਹਨ ਜਿਨ੍ਹਾਂ ਦਾ ਕੰਮ ਕੋਠੀ ਤੇ ਕੈਂਪ ਆਫਿਸ ਦੀ ਰਾਖੀ ਕਰਨਾ ਹੈ।
          ਸੂਚਨਾ ਦੇ ਅਧਿਕਾਰ ਤਹਿਤ ਡਿਪਟੀ ਕਮਿਸ਼ਨਰ ਦਫਤਰ ਵੱਲੋਂ ਦਿੱਤੀ ਗਈ ਸੂਚਨਾ ਮੁਤਾਬਕ ਡਿਪਟੀ ਕਮਿਸ਼ਨਰ ਦੀ ਕੋਠੀ 'ਚ ਇੱਕ ਚੌਂਕੀਦਾਰ ਅਤੇ ਇੱਕ ਸੇਵਾਦਾਰ ਤਾਇਨਾਤ ਹੈ। ਕੈਂਪ ਆਫਿਸ ਦੇ ਨਾਮ ਹੇਠ ਸੇਵਾਦਾਰ ਹਰੀ ਪ੍ਰਸ਼ਾਦ, ਸੇਵਾਦਾਰ ਲੋਕ ਬਹਾਦਰ ਅਤੇ ਸੇਵਾਦਾਰ ਰਵਿੰਦਰ ਸਿੰਘ ਤਾਇਨਾਤ ਕੀਤੇ ਗਏ ਹਨ। ਦਿਲਚਸਪ ਗੱਲ ਇਹ ਹੈ ਕਿ ਹਰੀ ਪ੍ਰਸ਼ਾਦ ਦੀ ਡਿਊਟੀ ਸਵੇਰੇ 9 ਵਜੇ ਤੋਂ ਸ਼ਾਮੀ 5 ਵਜੇ ਤੱਕ ਕੈਂਪ ਆਫਿਸ ਵਿੱਚ 'ਸਾਹਿਬ' ਦੀ ਘੰਟੀ ਸੁਣਨ ਅਤੇ ਆਮ ਲੋਕਾਂ ਨੂੰ ਪਾਣੀ ਪਿਲਾਉਣ ਲਈ ਲਗਾਈ ਗਈ ਹੈ ਜਦੋਂ ਕਿ ਪੰਜਾਬ ਸਰਕਾਰ ਦੇ ਹੁਕਮ ਹਨ ਕਿ ਡਿਪਟੀ ਕਮਿਸ਼ਨਰ ਦਿਨ ਵਕਤ ਕੈਂਪ ਆਫਿਸ ਦੀ ਥਾਂ ਆਪਣੇ ਦਫਤਰ ਬੈਠਣ। ਤਿੰਨ ਸੇਵਾਦਾਰਾਂ ਨੂੰ ਕਾਗਜਾਂ ਵਿੱਚ ਕੇਵਲ ਪਾਣੀ ਪਿਲਾਉਣ ਲਈ ਰੱਖਿਆ ਹੋਇਆ ਹੈ। ਸੂਤਰ ਮੁਤਬਕ ਉਂਝ ਇਹ ਸੇਵਾਦਾਰ ਕੋਠੀ 'ਚ ਹੀ ਕੰਮ ਕਰਦੇ ਹਨ। ਸੇਵਾਦਾਰ ਹਰੀ ਪ੍ਰਸ਼ਾਦ ਦੀ ਤਨਖਾਹ ਤਾਂ ਤਹਿਸੀਲ ਦਫਤਰ ਬਠਿੰਡਾ 'ਚੋਂ ਨਿਕਲਦੀ ਹੈ ਪ੍ਰੰਤੂ ਇਸ ਦੀ ਡਿਊਟੀ ਆਰਜੀ ਤੌਰ 'ਤੇ ਕੈਂਪ ਆਫਿਸ 'ਚ ਲੱਗੀ ਹੋਈ ਹੈ। ਚੌਂਕੀਦਾਰ ਕਮ ਸਵੀਪਰ ਸੁਰਿੰਦਰ ਕੁਮਾਰ ਨੂੰ ਤਨਖਾਹ ਤਾਂ ਤਹਿਸੀਲ ਦਫਤਰ ਰਾਮਪੁਰਾ ਫੂਲ ਤੋਂ ਮਿਲਦੀ ਹੈ ਪ੍ਰੰਤੂ ਉਹ ਵੀ ਡਿਊਟੀ ਡਿਪਟੀ ਕਮਿਸ਼ਨਰ ਕੋਲ ਹੀ ਕਰਦੇ ਹਨ।ਸੇਵਾਦਾਰ ਰਾਜ ਕੁਮਾਰ ਵੀ ਕੈਂਪ ਆਫਿਸ 'ਚ ਤਾਇਨਾਤ ਹੈ। ਸਰਕਾਰੀ ਸੂਚਨਾ 'ਚ ਦੱਸਿਆ ਗਿਆ ਹੈ ਕਿ ਸੇਵਾਦਾਰ ਰਾਜ ਕੁਮਾਰ ਟੈਲੀਫੋਨ ਅਪਰੇਟਰਾਂ ਨੂੰ ਰੈਸਟ ਦਿਵਾਉਂਦਾ ਹੈ। ਕਲਰਕ ਬਲਵੀਰ ਸਿੰਘ ਅਤੇ ਆਜ਼ਾਦ ਕੁਮਾਰ ਵੀ ਕੈਂਪ ਆਫਿਸ 'ਚ ਤਾਇਨਾਤ ਹਨ। ਕੈਂਪ ਆਫਿਸ ਲਈ ਸਰਕਾਰ ਤਰਫੋਂ ਕੋਈ ਵੀ ਆਸਾਮੀ ਸੈਕਸ਼ਨ ਨਹੀਂ ਹੈ।
         ਡਿਪਟੀ ਕਮਿਸ਼ਨਰ ਦਫਤਰ ਦਾ ਮਾਲੀ ਰਜਿੰਦਰ ਕੁਮਾਰ ਵੀ ਕੈਂਪ ਆਫਿਸ ਵਿੱਚ ਤਾਇਨਾਤ ਹੈ। ਦੂਜੇ ਪਾਸੇ ਡਿਪਟੀ ਕਮਿਸ਼ਨਰ ਦੇ ਦਫਤਰ ਵਿੱਚ ਚੌਂਕੀਦਾਰ ਦੀ ਆਸਾਮੀ ਖਾਲ੍ਹੀ ਪਈ ਹੈ। ਇਸ ਤੋਂ ਇਲਾਵਾ 5 ਆਸਾਮੀਆਂ ਸੇਵਾਦਾਰਾਂ ਦੀਆਂ ਖਾਲ੍ਹੀ ਪਈਆਂ ਹਨ। ਤਹਿਸੀਲ ਦਫਤਰ ਤਲਵੰਡੀ ਸਾਬੋ ਤੋਂ ਇੱਕ ਰਵੇਲ ਸਿੰਘ ਨੂੰ ਆਰਜੀ ਤੌਰ 'ਤੇ ਡਿਪਟੀ ਕਮਿਸ਼ਨਰ ਦਫਤਰ 'ਚ ਤਾਇਨਾਤ ਕੀਤਾ ਹੋਇਆ ਹੈ। ਕਾਫੀ ਸਮਾਂ ਪਹਿਲਾਂ ਤਾਂ ਡਿਪਟੀ ਕਮਿਸ਼ਨਰ ਦੀ ਕੋਠੀ ਅਤੇ ਕੈਂਪ ਆਫਿਸ ਵਿੱਚ 18 ਸੇਵਾਦਾਰਾਂ ਤਾਇਨਾਤ ਸਨ। ਉਦੋਂ ਦਰਜਾ ਚਾਰ ਮੁਲਾਜ਼ਮ ਜਥੇਬੰਦੀ ਨੇ ਰੌਲਾ ਰੱਪਾ ਪਾਇਆ ਸੀ ਜਿਸ ਕਰਕੇ ਕੁਝ ਸੇਵਾਦਾਰ ਘਟਾ ਦਿੱਤੇ ਗਏ ਸਨ। ਸੂਤਰਾਂ ਮੁਤਾਬਕ ਨਗਰ ਨਿਗਮ ਵੱਲੋਂ ਵੀ ਆਪਣੇ ਸਫਾਈ ਸੇਵਕ ਅਤੇ ਮੁਲਾਜ਼ਮ ਡਿਪਟੀ ਕਮਿਸ਼ਨਰ ਦੀ ਕੋਠੀ ਭੇਜੇ ਜਾਂਦੇ ਹਨ। ਬਹੁਤੇ ਮੁਲਾਜ਼ਮ ਡਿਪਟੀ ਕਮਿਸ਼ਨਰ ਦੀ ਕੋਠੀ 'ਚ ਹੀ ਕੰਮ ਕਰਦੇ ਹਨ ਜਦੋਂ ਕਿ ਤਾਇਨਾਤੀ ਕੈਂਪ ਆਫਿਸ ਦੇ ਨਾਮ ਹੇਠ ਹੁੰਦੀ ਹੈ। ਦੀ ਕਲਾਸ ਫੋਰ ਗੌਰਮਿੰਟ ਇੰਪਲਾਈਜ਼ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਮਨਜੀਤ ਸਿੰਘ ਦਾ ਕਹਿਣਾ ਸੀ ਕਿ ਸਰਕਾਰੀ ਦਫਤਰਾਂ ਵਿੱਚ ਤਾਂ ਦਰਜਾ ਚਾਰ ਮੁਲਾਜ਼ਮਾਂ ਦੀਆਂ ਆਸਾਮੀਆਂ ਖਾਲ੍ਹੀ ਪਈਆਂ ਹਨ ਜਿਸ ਕਰਕੇ ਦਫਤਰਾਂ ਵਿੱਚ ਕਾਫੀ ਮੁਸ਼ਕਲਾਂ ਆ ਰਹੀਆਂ ਹਨ ਪ੍ਰੰਤੂ ਡਿਪਟੀ ਕਮਿਸ਼ਨਰ ਦੀ ਰਿਹਾਇਸ਼ ਅਤੇ ਕੈਂਪ ਆਫਿਸ ਵਿੱਚ ਲੋੜੋਂ ਵੱਧ ਦਰਜਾ ਚਾਰ ਮੁਲਾਜਮ ਤਾਇਨਾਤ ਕੀਤੇ ਹੋਏ ਹਨ। ਉਨ੍ਹਾਂ ਕਿਹਾ ਕਿ ਸਰਕਾਰੀ ਦਫਤਰਾਂ ਨੁੰ ਤਰਜੀਹ ਮਿਲਣੀ ਚਾਹੀਦੀ ਹੈ।
                                         ਮੇਰੇ ਕੋਲ ਤਾਂ ਇੱਕ ਸੇਵਾਦਾਰ ਹੈ ਡਿਪਟੀ ਕਮਿਸ਼ਨਰ
ਡਿਪਟੀ ਕਮਿਸ਼ਨਰ ਬਠਿੰਡਾ ਡਾ.ਐਸ.ਕੇ.ਰਾਜੂ ਨਾਲ ਜਦੋਂ ਸੰਪਰਕ ਕੀਤਾ ਤਾਂ ਉਨ੍ਹਾਂ ਦਾ ਕਹਿਣਾ ਸੀ ਕਿ ਕੈਂਪ ਆਫਿਸ ਵਿੱਚ ਤਾਂ ਕੇਵਲ ਇੱਕ ਦਰਜਾ ਚਾਰ ਮੁਲਾਜ਼ਮ ਹੀ ਕੰਮ ਕਰ ਰਿਹਾ ਹੈ ਅਤੇ ਇੱਕ ਟੈਲੀਫੋਨ ਅਪਰੇਟਰ ਕੰਮ ਕਰਦਾ ਹੈ। ਉਨ੍ਹਾਂ ਕਿਹਾ ਕਿ ਇਸ ਤੋਂ ਇਲਾਵਾ ਕੋਈ ਮੁਲਾਜ਼ਮ ਨਹੀਂ ਹੈ। ਉਨ੍ਹਾਂ ਕਿਹਾ ਕਿ ਜੋ ਸਰਕਾਰੀ ਦਫਤਰਾਂ ਵਿੱਚ ਦਰਜਾ ਚਾਰ ਮੁਲਾਜ਼ਮਾਂ ਦੀ ਕਮੀ ਹੈ, ਉਹ ਆਸਾਮੀਆਂ ਉਦੋਂ ਹੀ ਭਰੀਆਂ ਜਾਣਗੀਆਂ ਜਦੋਂ ਸਰਕਾਰ ਇਨ੍ਹਾਂ ਨੂੰ ਭਰਨ ਦੀ ਪ੍ਰਵਾਨਗੀ ਦੇਵੇਗੀ।  ਦੱਸਣਯੋਗ ਹੈ ਕਿ ਡਿਪਟੀ ਕਮਿਸ਼ਨਰ ਲਿਖਤੀ ਸੂਚਨਾ 'ਚ ਤਾਂ 10 ਮੁਲਾਜ਼ਮ ਤਾਇਨਾਤ ਦੱਸ ਰਹੇ ਹਨ ਜਦੋਂ ਕਿ ਡਿਪਟੀ ਕਮਿਸ਼ਨਰ ਜ਼ੁਬਾਨੀ ਤੌਰ 'ਤੇ ਇਸ ਗੱਲੋਂ ਇਨਕਾਰ ਕਰ ਰਹ

1 comment:

  1. Galli ashi changiyan acharin Buriaah
    Mano kasudhan kaaliyan,bahro chitviyan.

    ReplyDelete