Wednesday, June 20, 2012

                             ਉਦਾਸ ਜੱਜਲ
       ਜਦੋਂ ਵਗਿਆ ਦੁੱਖਾਂ ਦਾ ਦਰਿਆ....
                          ਚਰਨਜੀਤ ਭੁੱਲਰ
ਬਠਿੰਡਾ : ਜ਼ਿਲ੍ਹਾ ਬਠਿੰਡਾ ਦੇ ਪਿੰਡ ਜੱਜਲ 'ਚ ਅੱਜ ਦੁੱਖਾਂ ਦਾ ਦਰਿਆ ਵਗਿਆ। ਕੋਈ ਬੱਚਾ ਦੁੱਖ ਰੋ ਰਿਹਾ ਸੀ ਤੇ ਕੋਈ ਬਜ਼ੁਰਗ ਔਰਤ ਦਿਲ ਸੁੱਟੀ ਬੈਠੀ ਸੀ। ਬਹੁਤੇ ਕੈਂਸਰ ਦੇ ਭੰਨੇ ਪਰਿਵਾਰਾਂ ਨੂੰ ਤਾਂ ਅੱਜ ਢਿੱਡ ਫਰੋਲਨ ਦਾ ਮੌਕਾ ਵੀ ਨਸੀਬ ਨਾ ਹੋ ਸਕਿਆ। ਇਸ ਪਿੰਡ ਕੋਲ ਅੱਜ ਮੌਕਾ ਸੀ ਕਿ ਉਹ ਆਪਣੇ ਦਰਦਾਂ ਨਾਲ ਕੇਂਦਰ ਨੂੰ ਹਲੂਣ ਦੇਣ। ਜਦੋਂ ਇਸ ਪਿੰਡ ਦੀ ਜੂਹ 'ਚ ਅੱਜ ਪਾਰਲੀਮੈਂਟ ਦੀ ਸੰਸਦੀ ਕਮੇਟੀ ਦੀ ਟੀਮ ਪੂਰੇ ਅਮਲੇ ਫੈਲੇ ਨਾਲ ਦਾਖਲ ਹੋਈ ਤਾਂ ਕੈਂਸਰ ਗ੍ਰਸਤ ਪਿੰਡ ਨੂੰ ਇੱਕ ਉਮੀਦ ਜਾਗੀ। ਕੈਂਸਰ ਪੀੜਤਾਂ ਨੂੰ ਜ਼ਿੰਦਗੀ ਦੇ ਪਲ ਲੰਮੇ ਹੁੰਦੇ ਜਾਪੇ। ਨੌਜਵਾਨਾਂ ਨੂੰ ਲੱਗਾ ਕਿ ਹੁਣ ਦੁੱਖਾਂ ਦੀ ਵਹਿੰਗੀ ਨਹੀਂ ਚੁੱਕਣੀ ਪਏਗੀ। ਜਦੋਂ ਸੰਸਦੀ ਟੀਮ ਪਿੰਡ 'ਚੋਂ ਵਾਪਸ ਮੁੜ ਗਈ ਤਾਂ ਪਿੰਡ ਦੀ ਸਿਆਣੀ ਉਮਰ ਦੇ ਲੋਕਾਂ ਨੇ ਹਊਕਾ ਭਰ ਕੇ ਆਖਿਆ,'ਹੁਣ ਤਾਂ ਕੋਈ ਕ੍ਰਿਸ਼ਮਾ ਹੀ ਪਿੰਡ ਨੂੰ ਬਚਾ ਸਕੇਗਾ।' ਰਸਾਇਣਾਂ ਦੀ ਵੱਧ ਵਰਤੋਂ ਦੇ ਪ੍ਰਭਾਵਾਂ ਨੂੰ ਜਾਣਨ ਵਾਸਤੇ ਸੰਸਦੀ ਕਮੇਟੀ ਪਿੰਡ ਜੱਜਲ ਪੁੱਜੀ ਸੀ ਤਾਂ ਜੋ ਕੈਂਸਰ ਪੀੜਤ ਪਰਿਵਾਰਾਂ ਦੇ ਜ਼ਖਮਾਂ 'ਤੇ ਮੱਲਮ ਵੀ ਲਾਈ ਜਾ ਸਕੇ। ਸੰਸਦੀ ਕਮੇਟੀ ਦੇ ਐਮ.ਪੀਜ਼ ਜ਼ਿਆਦਾ ਸਮਾਂ ਆਪਣੀ ਗੱਲ ਰੱਖਦੇ ਰਹੇ। ਜਦੋਂ ਲੋਕਾਂ ਨੇ ਆਪਣੇ ਘਰਾਂ ਦੀ ਗੱਲ ਕੀਤੀ ਤਾਂ ਸੰਸਦੀ ਕਮੇਟੀ ਦੇ ਮੈਂਬਰਾਂ ਦੇ ਕੁਝ ਪੱਲੇ ਨਾ ਪੈ ਸਕਿਆ। ਕੋਈ ਐਮ.ਪੀ ਵੀ ਪੰਜਾਬੀ ਨਹੀਂ ਜਾਣਦਾ ਸੀ।
          ਪਿੰਡ ਜੱਜਲ ਦੇ ਡੇਰੇ ਵਿੱਚ ਲੱਗੇ ਟੈਂਟ 'ਚ ਜੋ ਵੀ ਨਿਆਣਾ ਸਿਆਣਾ ਬੈਠਾ ਸੀ, ਉਸ ਨੇ ਕੈਂਸਰ ਦਾ ਸੇਕ ਝੱਲਿਆ ਹੋਇਆ ਸੀ। 14 ਵਰ੍ਹਿਆਂ ਦਾ ਬੱਚਾ ਦਲਜੀਤ ਵੀ ਟੈਂਟ ਵਿੱਚ ਬੈਠਾ ਸੀ ਜਿਸ 'ਤੇ ਬਚਪਨ ਵਿੱਚ ਹੀ ਕੈਂਸਰ ਦਾ ਕਹਿਰ ਝੱਲ ਲਿਆ ਹੈ। ਉਹ ਤਾਂ ਆਪਣੀਆਂ ਦੋਵਾਂ ਅੱਖਾਂ ਦੀ ਰੋਸ਼ਨੀ ਵੀ ਗੁਆ ਚੁੱਕਾ ਹੈ। ਉਸ ਦਾ ਬਾਪ ਸੰਸਦੀ ਕਮੇਟੀ ਨੂੰ ਆਪਣੇ ਬੱਚੇ ਦੀ ਬਿਮਾਰੀ ਬਾਰੇ ਦੱਸ ਰਿਹਾ ਸੀ ਪਰ ਕਮੇਟੀ ਮੈਂਬਰ ਕੁਝ ਸਮਝਣ ਤੋਂ ਬੇਵੱਸ ਸਨ। ਪਿੰਡ ਦੇ ਸੇਵਾਮੁਕਤ ਅਧਿਆਪਕ ਜਰਨੈਲ ਸਿੰਘ ਨੇ ਦੱਸਿਆ ਕਿ ਏਸ ਬਿਮਾਰੀ ਨੇ ਘਰੋਂ ਘਰੀ ਸੱਥਰ ਵਿਛਾ ਦਿੱਤੇ ਹਨ। ਉਸ ਨੇ ਦੱਸਿਆ ਕਿ ਕੈਂਸਰ ਨੇ 41 ਜਾਨਾਂ ਲੈ ਲਈਆਂ ਹਨ। ਦੱਸਣਯੋਗ ਹੈ ਕਿ ਮਾਲਵਾ ਖਿੱਤੇ ਦਾ ਇਹ ਪਹਿਲਾ ਪਿੰਡ ਹੈ ਜਿਥੇ ਸਭ ਤੋਂ ਪਹਿਲਾਂ ਕੈਂਸਰ 'ਤੇ ਹੱਲਾ ਬੋਲਿਆ ਸੀ। ਸੰਸਦੀ ਕਮੇਟੀ ਦੀ ਟੀਮ ਨਾਲ ਗੱਲ ਕਰਦਿਆਂ ਪਿੰਡ ਦੇ ਮੁਖਤਿਆਰ ਸਿੰਘ ਨੇ ਦੱਸਿਆ ਕਿ ਕਦੇ ਇਹ ਪਿੰਡ ਖੁਸ਼ਹਾਲੀ 'ਚ ਖੇਡਦਾ ਹੁੰਦਾ ਸੀ ਤੇ ਹੁਣ ਇਹੋ ਪਿੰਡ ਮੌਤਾਂ ਵੰਡਣ ਲੱਗਾ ਹੈ। ਹੌਲੀ ਹੌਲੀ ਇਸ ਬਿਮਾਰੀ ਨਾਲ ਬਚਪਨ, ਜਵਾਨੀ ਤੇ ਬੁਢਾਪਾ ਮਰ ਰਿਹਾ ਹੈ। ਸੁਖਦੇਵ ਸਿੰਘ ਤੇ ਬਲਵਿੰਦਰ ਸਿੰਘ ਨੇ ਆਪਣੇ ਪਰਿਵਾਰਾਂ 'ਤੇ ਪਈ ਕੈਂਸਰ ਦੀ ਮਾਰ ਦੀ ਤਸਵੀਰ ਵੀ ਕਮੇਟੀ ਨੂੰ ਵਿਖਾਈ। ਔਰਤਾਂ ਵੀ ਸਿਹਤ ਮਹਿਕਮੇ ਦਾ ਰਿਕਾਰਡ ਹੱਥ ਵਿੱਚ ਚੁੱਕੀ ਬੈਠੀਆਂ ਸਨ।
          ਸੰਸਦੀ ਟੀਮ ਦੇ ਮੈਂਬਰ ਰਾਜਪਾਲ ਸੈਣੀ ਨੇ ਲੋਕਾਂ ਦੇ ਦੁੱਖ ਸੁਣ ਕੇ ਆਖਿਆ ਕਿ ਅਫਸੋਸ ਨਾਲ ਕਹਿਣਾ ਪੈ ਰਿਹਾ ਹੈ ਜਿਸ ਕਿਸਾਨ ਨੇ ਅਨਾਜ ਦੇ ਸੰਕਟ ਦੇ ਦਿਨਾਂ ਵਿੱਚ ਪੂਰੇ ਮੁਲਕ ਦਾ ਢਿੱਡ ਭਰਿਆ, ਅੱਜ ਉਸ ਨੂੰ ਅਲਾਮਤਾਂ ਨਾਲ ਲੜਨਾ ਪੈ ਰਿਹਾ ਹੈ। ਪਿੰਡ ਵਾਸੀਆਂ ਨੇ ਆਖਿਆ ਕਿ ਸਰਕਾਰ ਨੇ ਤਾਂ ਇੱਕ ਆਰ.ਓ ਲਾ ਦਿੱਤਾ ਤੇ ਟੀਮਾਂ ਬਣਾ ਕੇ ਸਰਵੇ ਕਰਨ ਤੋਂ ਇਲਾਵਾ ਕੁਝ ਨਹੀਂ ਕੀਤਾ। ਬਜ਼ੁਰਗਾਂ ਨੇ ਆਖਿਆ ਕਿ ਕੈਂਸਰ ਹਸਪਤਾਲ ਜੋ ਖੋਲ੍ਹਿਆ ਹੈ, ਉਹ ਏਨਾ ਮਹਿੰਗਾ ਹੈ ਕਿ ਉਹ ਇਲਾਜ ਕਰਾ ਹੀ ਨਹੀਂ ਸਕਦੇ।
          ਇੱਕ ਬਜ਼ੁਰਗ ਔਰਤ ਕਮੇਟੀ ਕੋਲ ਪੇਸ਼ ਹੋਈ ਜਿਸ ਦੀਆਂ ਦੋ ਨੂੰਹਾਂ ਨੂੰ ਕੈਂਸਰ ਨਿਗਲ ਗਿਆ ਸੀ। ਪਿੰਡ ਦੇ ਡੇਰੇ ਦਾ ਮੁਖੀ ਤਾਂ ਆਪਣੀ ਗੱਲ ਵੀ ਨਾ ਕਹਿ ਸਕਿਆ। ਇਸ ਤਰ੍ਹਾਂ ਦੇ ਬਹੁਤ ਲੋਕ ਸਨ ਜਿਨ੍ਹਾਂ ਨੂੰ ਆਪਣੇ ਦੁੱਖ ਦੱਸਣ ਦਾ ਮੌਕਾ ਨਹੀਂ ਮਿਲ ਸਕਿਆ। ਜਦੋਂ ਸੰਸਦੀ ਕਮੇਟੀ ਬਿਨਾਂ ਕੁਝ ਧਰਵਾਸ ਦਿੱਤੇ ਪਿੰਡ 'ਚੋਂ ਵਾਪਸ ਮੁੜੀ ਤਾਂ ਲੋਕਾਂ ਦੇ ਹੌਸਲੇ ਟੁੱਟ ਗਏ। ਕੈਂਸਰ ਪੀੜਤ ਪਰਿਵਾਰਾਂ ਦਾ ਕਹਿਣਾ ਸੀ ਕਿ ਜੋ ਵੀ ਆਉਂਦਾ ਹੈ, ਉਹ ਗੱਲਬਾਤਾਂ ਕਰਕੇ ਮੁੜ ਜਾਂਦਾ ਹੈ। ਇਹੋ ਵਜ੍ਹਾ ਹੈ ਕਿ ਪਿੰਡ ਦੇ ਲੋਕ ਹੁਣ ਬਾਹਰਲੇ ਕਿਸੇ ਆਦਮੀ ਨਾਲ ਛੇਤੀ ਕਿਤੇ ਕੈਂਸਰ ਦੇ ਮਾਮਲੇ 'ਤੇ ਗੱਲ ਕਰਨ ਨੂੰ ਤਿਆਰ ਨਹੀਂ ਹੁੰਦੇ। ਡਿਪਟੀ ਕਮਿਸ਼ਨਰ ਕੇ.ਕੇ.ਯਾਦਵ ਨੇ ਅੱਜ ਸਰਕਾਰੀ ਪੱਖ ਰੱਖਿਆ। ਇਸ ਮੌਕੇ ਪਿੰਡ ਵਿੱਚ ਐਸ.ਡੀ.ਐਮ ਅਨਿਲ ਗਰਗ ਤੇ ਪਿੰਡ ਦੇ ਸਰਪੰਚ ਨਾਜ਼ਰ ਸਿੰਘ ਆਦਿ ਵੀ ਮੌਜੂਦ ਸਨ।

No comments:

Post a Comment